5 ਪੰਜਾਬਣਾਂ ਜਿਨ੍ਹਾਂ ਨੇ ਰੂੜੀਵਾਦੀ ਦਹਿਲੀਜ਼ਾਂ ਨੂੰ ਪਾਰ ਕਰ ਉੱਚੀ ਉਡਾਣ ਭਰੀ

ਤਾਨੀਆ ਸ਼ੇਰਗਿੱਲ, ਹਰਮਨਪ੍ਰੀਤ ਕੌਰ ਅਤੇ ਅਮਨਦੀਪ ਕੌਰ

ਤਸਵੀਰ ਸਰੋਤ, Getty Images

20ਵੀਂ ਸਦੀ ਦੇ ਅੰਤ ਤੱਕ ਅਜਿਹੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਹਨ ਜਿੱਥੇ ਔਰਤਾਂ ਵਿਸ਼ਵ ਵਿੱਚ ਬਦਲਾਅ ਅਤੇ ਵਿਰੋਧ ਦਾ ਚਿਹਰਾ ਬਣ ਕੇ ਮੂਹਰੇ ਆਈਆਂ ਹਨ।

ਫਿਰ ਭਾਵੇਂ ਉਹ ਵਿਸ਼ਵ ਵਿੱਚ ਹੋ ਰਹੇ ਸਿਆਸੀ ਜਾਂ ਸਮਾਜਿਕ ਪ੍ਰਦਰਸ਼ਨ ਹੋਣ, ਵਾਤਾਵਰਨ ਤਬਦੀਲੀ ਦਾ ਮੁੱਦਾ ਹੋਵੇ ਜਾਂ ਹੋਰ ਮੁੱਦੇ ਹੋਣ, ਔਰਤਾਂ ਨੇ ਨਵੇਂ ਅਕਸ ਘੜੇ ਹਨ।

ਭਾਰਤ ਸਣੇ ਪੂਰੇ ਵਿਸ਼ਵ ਵਿੱਚ ਜਿੱਥੇ-ਜਿੱਥੇ ਮਨੁੱਖੀ ਹੱਕ-ਹਕੂਕਾਂ ਨੂੰ ਘਾਣ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਔਰਤਾਂ ਨੇ ਸੜਕਾਂ 'ਤੇ ਉਤਰ ਕੇ ਇਸ ਦੇ ਵਿਰੋਧ ਵਿੱਚ ਨਾ ਸਿਰਫ਼ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੋਰਚਾ ਸਾਂਭਿਆ ਬਲਕਿ ਕਈ ਥਾਵਾਂ 'ਤੇ ਅਗਵਾਈ ਵੀ ਕੀਤੀ।

ਅੱਜ ਅਸੀਂ ਅਜਿਹੀਆਂ ਕੁਝ ਔਰਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਸਮਾਜ ਦੀਆਂ ਰੂੜੀਵਾਦੀ ਦਹਿਲੀਜਾਂ ਨੂੰ ਪਾਰ ਕਰਨ ਦਾ ਨਾ ਸਿਰਫ਼ ਹੌਂਸਲਾ ਕੀਤਾ ਬਲਕਿ ਇੱਕ ਮਿਸਾਲ ਵਜੋਂ ਵੀ ਉਭਰੀਆਂ ਹਨ।

ਇਹ ਵੀ ਪੜ੍ਹੋ-

ਇਨ੍ਹਾਂ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਗਈ

ਅੱਜ ਭਾਵੇਂ ਲੋਕ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਉਸ ਦੀ ਧਾਕੜ ਬੱਲੇਬਾਜ਼ੀ ਲਈ ਜਾਣਦੇ ਹਨ ਪਰ ਜਦੋਂ ਉਹ ਟੀਮ ਵਿੱਚ ਆਈ ਸੀ ਤਾਂ ਪਤਲੀ ਜਿਹੀ ਹਰਮਨਪ੍ਰੀਤ ਨੂੰ ਮੀਡੀਅਮ ਪੇਸ ਗੇਂਦਬਾਜ਼ੀ ਲਈ ਟੀਮ ਵਿੱਚ ਜਗ੍ਹਾ ਮਿਲੀ ਸੀ।

8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਜੰਮੀ ਹਰਮਨ ਬਚਪਨ ਤੋਂ ਹੀ ਕ੍ਰਿਕਟ ਦੀ ਸ਼ੌਂਕੀਨ ਸੀ। ਹਰਮਨ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਕ੍ਰਿਕਟ ਖੇਡਦੇ ਸਨ ਅਤੇ ਉਹ ਆਪਣੇ ਪਿਤਾ ਨੂੰ ਚੌਕੇ ਅਤੇ ਛੱਕੇ ਮਾਰਦੇ ਹੋਏ ਵੇਖਦੀ ਹੁੰਦੀ ਸੀ। ਉਥੋਂ ਹੀ, ਉਸ ਨੂੰ ਇੱਕ ਬਾਊਂਡਰੀ ਲਾਉਣ ਦਾ ਚਸਕਾ ਪਿਆ।

ਜਦੋਂ ਕੋਚ ਕਮਲਦੀਪ ਸਿੰਘ ਸੋਢੀ ਨੇ ਹਰਮਨ ਨੂੰ ਮੋਗਾ ਵਿੱਚ ਮੁੰਡਿਆਂ ਨਾਲ ਖੇਡਦੇ ਵੇਖਿਆ ਅਤੇ ਉਸ ਨੂੰ ਗੇਂਦਬਾਜ਼ਾਂ ਦੀ ਧੁਨਾਈ ਕਰਦੇ ਦੇਖਿਆ ਤਾਂ ਉਹ ਦਸਵੀਂ ਤੋਂ ਬਾਅਦ ਹਰਮਨ ਨੂੰ ਆਪਣੇ ਸਕੂਲ ਲੈ ਗਏ।

ਤਸਵੀਰ ਸਰੋਤ, Reuters

ਪੰਜਾਬ ਅਤੇ ਰੇਲਵੇ ਲਈ ਖੇਡਣ ਤੋਂ ਬਾਅਦ ਹਰਮਨ ਨੇ ਆਪਣੇ ਵਨਡੇ ਮੈਚ ਦੀ ਸ਼ੁਰੂਆਤ ਸਾਲ 2009 ਵਿੱਚ 19 ਸਾਲ ਦੀ ਉਮਰ ਵਿੱਚ ਪਾਕਿਸਤਾਨ ਖਿਲਾਫ਼ ਕੀਤੀ ਸੀ।

ਹਰਮਨਪ੍ਰੀਤ ਨੇ 115 ਗੇਂਦਾਂ ਵਿੱਚ ਨਾਬਾਦ 171 ਦੌੜਾਂ ਬਣਾਈਆਂ ਜਿਸ ਵਿੱਚ ਸੱਤ ਛੱਕੇ ਅਤੇ 20 ਚੌਕੇ ਸ਼ਾਮਲ ਸਨ। ਲੋਕਾਂ ਨੇ ਉਸ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਅਤੇ ਹਰਮਨ ਰਾਤੋਂ-ਰਾਤ ਸਟਾਰ ਬਣ ਗਈ।

ਜਲਦੀ ਹੀ ਉਹ ਆਪਣੇ ਮਨਪਸੰਦ ਕ੍ਰਿਕਟਰ ਵਰਿੰਦਰ ਸਹਿਵਾਗ ਵਾਂਗ ਭਾਰਤੀ ਬੱਲੇਬਾਜ਼ੀ ਦੀ ਰੀੜ੍ਹ ਦੀ ਹੱਡੀ ਬਣ ਗਈ। ਸਾਲ 2016 ਵਿੱਚ ਹਰਮਨ ਨੂੰ ਟੀ -20 ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਗਣਤੰਤਰ ਦਿਵਸ 'ਚ ਪਰੇਡ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਫੌਜੀ ਅਫ਼ਸਰ

26 ਜਨਵਰੀ 2020 ਵਿੱਚ ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਰਾਜਪਥ ਉੱਤੇ ਹੋਏ ਵਿਸ਼ਾਲ ਸਮਾਗਮ ਦੌਰਾਨ ਸਿਗਨਲ ਕੋਰ ਦੀ ਅਗਵਾਈ ਕੈਪਟਨ ਤਾਨੀਆ ਸ਼ੇਰਗਿੱਲ ਨੇ ਕੀਤੀ।

ਇਹ ਅਜਿਹਾ ਪਹਿਲਾਂ ਮੌਕਾ ਸੀ ਜਦੋਂ ਕਿਸੇ ਮਹਿਲਾ ਅਧਿਕਾਰੀ ਨੇ ਪਰੇਡ ਵਿੱਚ ਸਿਗਨਲ ਕੋਰ ਦੀ ਅਗਵਾਈ ਕੀਤੀ ਹੋਵੇ।

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਤਾਨੀਆ ਸ਼ੇਰਗਿੱਲ ਸੈਨਾ ਵਿੱਚ ਪਰਿਵਾਰ ਦੀ ਚੌਥੀ ਪੀੜ੍ਹੀ ਦੀ ਮੈਂਬਰ ਹਨ। ਯਾਨਿ ਕਿ ਉਨ੍ਹਾਂ ਦੇ ਪਿਤਾ, ਦਾਦਾ ਅਤੇ ਪੜਦਾਦਾ ਵੀ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਕਿਹਾ ਜਾ ਸਕਦਾ ਹੈ ਕਿ ਤਾਨੀਆ ਨੂੰ ਹੌਂਸਲਾ ਅਤੇ ਅਨੁਸ਼ਾਸਨ ਵਿਰਾਸਤ ਵਿੱਚ ਹੀ ਮਿਲਿਆ ਹੈ।

ਤਸਵੀਰ ਸਰੋਤ, Getty Images

ਦਿੱਲੀ ਵਿੱਚ ਪੈਦਾ ਹੋਈ ਤਾਨੀਆ ਨੇ ਬੀਟੈੱਕ ਦੀ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਦੀ ਸ਼ੁਰੂਆਤੀ ਟ੍ਰੇਨਿੰਗ ਔਫੀਸਰ ਟ੍ਰੇਨਿੰਗ ਅਕਾਦਮੀ ਚੇਨੱਈ ਤੋਂ ਹੋਈ ਹੈ।

ਤਾਨੀਆ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਜਦੋਂ ਵਰਦੀ ਵਿੱਚ ਦੇਖਦੀ ਸੀ। ਉਨ੍ਹਾਂ ਦੇ ਮਨ ਵਿੱਚ ਚਾਅ ਪੈਦਾ ਹੁੰਦਾ ਸੀ ਕਿ ਇਹੀ ਵਰਦੀ ਕਮਾਉਣੀ ਹੈ। ਹਾਲਾਂਕਿ ਉਨ੍ਹਾਂ ਦੇ ਭਰਾ ਹੋਟਲ ਮੈਨੇਜਮੈਂਟ ਲਾਈਨ ਵਿੱਚ ਹਨ।

ਤਾਨੀਆ ਦਾ ਕਹਿਣਾ ਹੈ ਕਿ ਫੌਜ ਵਿੱਚ ਆਉਣ ਲਈ ਭਾਵੇਂ ਔਰਤ ਹੋਵੇ ਜਾਂ ਮਰਦ ਦੋਵਾਂ ਨੂੰ ਮਾਨਸਿਕ ਅਤੇ ਸਰੀਰਕ ਪੱਕੋਂ ਮਜ਼ਬੂਤ ਹੋਣਾ ਪੈਂਦਾ ਹੈ।

ਪੰਜਾਬ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰਨ ਵਾਲੀ ਅਧਿਆਪਕਾ

ਅੰਮ੍ਰਿਤਸਰ ਦੇ ਛੱਜਲਵੱਡੀ ਦੀ ਅਧਿਆਪਕਾ ਕੰਵਲਜੀਤ ਕੌਰ ਉਨ੍ਹਾਂ 2781 ਅਧਿਆਪਕਾਂ ਵਿਚੋਂ ਸਨ ਜਿਨ੍ਹਾਂ ਨੂੰ ਵਿੱਦਿਅਕ ਵਰ੍ਹੇ 2018-19 ਦੌਰਾਨ 100 ਫੀਸਦ ਨਤੀਜੇ ਲਿਆਉਣ ਲਈ ਪੰਜਾਬ ਸਰਕਾਰ ਨੇ ਸਨਮਾਨ ਸਮਾਗਮ ਕਰਵਾਇਆ।

ਵੀਡੀਓ ਕੈਪਸ਼ਨ,

ਪੰਜਾਬ ਸਰਕਾਰ ਦੇ ਸਨਮਾਨ ਨੂੰ ਨਾਂਹ ਕਰਨ ਵਾਲੀ ਅਧਿਆਪਿਕਾ ਕੰਵਲਜੀਤ ਕੌਰ: ‘ਟੀਚਰ ਤੇ ਬੱਚੇ, ਦੋਵੇਂ ਦੁਖੀ’

ਪਰ ਉਨ੍ਹਾਂ ਨੇ ਇਹ ਕਹਿ ਕੇ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਪ੍ਰਾਯੋਜਿਤ ਐਵਾਰਡ ਵੰਡ ਸਮਾਗਮ 'ਚ ਜਾਣ ਨਾਲੋਂ ਬਿਹਤਰ ਆਪਣੇ ਸਕੂਲ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਠੀਕ ਸਮਝਦੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਕੰਵਲਜੀਤ ਨੇ ਕਿਹਾ ਸੀ, "ਮੈਂ ਸਿੱਖਿਆ 'ਚ ਦਿਖਾਵੇ ਤੋਂ ਪਰੇਸ਼ਾਨ ਹੋ ਗਈ ਹਾਂ, ਨਿੱਤ ਦਿਨ ਦਿਖਾਵਾ ਹੁੰਦਾ ਹੈ, ਸਕੂਲ 'ਚ ਛੋਟਾ ਮੋਟਾ ਕੰਮ ਹੁੰਦਾ ਹੈ ਫੋਟੋ ਖਿੱਚ ਕੇ ਪਾ ਦਿਓ ਵੱਟਸਐਪ ਉੱਤੇ। ਉਸ ਦੇ ਉੱਤੇ ਸਾਡੀ ਯੋਗਤਾ ਤੈਅ ਹੁੰਦੀ ਹੈ ਕਿ ਅਸੀਂ ਕੀ ਕੀਤਾ, ਕੀ ਨਹੀਂ ਕੀਤਾ।"

ਦਰਅਸਲ ਕੰਵਲਜੀਤ ਕੌਰ ਪੰਜਾਬ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ, ਰਮਸਾ ਅਤੇ ਪੰਜਾਬ ਦੇ ਆਦਰਸ਼ ਅਤੇ ਮਾਡਲ ਸਕੂਲਾਂ ਵਿੱਚ ਠੇਕੇ 'ਤੇ ਭਰਤੀ ਕੀਤੇ ਗਏ 8886 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆ ਕੇ ਪੱਕਾ ਕਰਨ ਦੇ ਫ਼ੈਸਲੇ ਕਰਕੇ ਹੋਏ ਫੇਰ-ਬਦਲ ਤੋਂ ਕਾਫੀ ਨਿਰਾਸ਼ ਸਨ।

ਤਸਵੀਰ ਸਰੋਤ, Ravinder Singh Robin/BBC

ਉਹ ਹਰ ਕੰਮ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪੁਆਉਣ, ਕੁਝ ਅਧਿਆਪਕਾਂ ਦੀਆਂ ਤਨਖ਼ਾਹਾਂ 45-50 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਕਰਨ, 10-10 ਹਜ਼ਾਰ ਤਨਖ਼ਾਹ ਵਾਲੇ ਅਧਿਆਪਕਾਂ ਨੂੰ ਘਰਾਂ ਤੋਂ 200-250 ਕਿਲੋਮੀਟਰ ਭੇਜਣ ਅਤੇ ਪਟਿਆਲਾ ਸੰਘਰਸ਼ ਦੌਰਾਨ ਹੋਏ ਲਾਠੀਚਾਰਜ ਦੀ ਘਟਨਾ ਤੋਂ ਕੰਵਲਜੀਤ ਕੌਰ ਡਾਢੀ ਦੁਖੀ ਕੀਤਾ ਹੋਇਆ ਸੀ।

ਉਸ ਵੇਲੇ ਉਨ੍ਹਾਂ ਨੇ ਕਿਹਾ ਸੀ, "ਸਿੱਖਿਆ ਦੇ ਮਾੜੇ ਹਾਲਾਤ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਬਹੁਗਿਣਤੀ ਅਧਿਆਪਕ ਬਹੁਤ ਮਿਹਨਤ ਕਰ ਰਹੇ ਹਨ, ਪਰ ਅਧਿਆਪਕ ਨੂੰ ਬੱਚਿਆ ਦੇ ਨੇੜੇ ਆਉਣ ਦਾ ਟਾਈਮ ਨਹੀਂ ਦਿੱਤਾ ਜਾ ਰਿਹਾ।"

ਖੇਤੀਬਾੜੀ ਲਈ ਕੈਨੇਡਾ ਜਾਣ ਦਾ ਸੁਪਨਾ ਤਿਆਗਿਆ

ਸੰਗਰੂਰ ਦੇ ਕਨੌਈ ਪਿੰਡ ਦੀ ਰਹਿਣ ਵਾਲੀ 20 ਸਾਲਾਂ ਅਮਨਦੀਪ ਕੌਰ ਆਪਣੇ ਪਿਤਾ ਨਾਲ ਖੇਤੀ ਕਰਦੀ ਹੈ।

ਅਮਨਦੀਪ ਕੌਰ ਨੇ ਦੱਸਿਆ, "ਮੈਂ ਬਚਪਨ ਤੋਂ ਹੀ ਪਾਪਾ ਨਾਲ ਖੇਤੀ ਕਰਨ ਜਾਂਦੀ ਸੀ। ਹੌਲੀ-ਹੌਲੀ ਖੇਤੀ ਦਾ ਸ਼ੌਕ ਪੈ ਗਿਆ। ਮੈਂ ਟਰੈਕਟਰ ਚਲਾਉਣ ਸਮੇਤ ਖੇਤੀ ਦੇ ਸਾਰੇ ਕੰਮ ਸਿੱਖ ਲਏ।"

ਤਸਵੀਰ ਸਰੋਤ, Amandeep Kaur

ਤਸਵੀਰ ਕੈਪਸ਼ਨ,

ਅਮਨਦੀਪ ਕੌਰ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਖੇਤਾਂ ਵਿੱਚ ਜਾਂਦੀ ਹੈ

ਉਹ ਆਪਣੇ ਪਿਤਾ ਨਾਲ ਮਿਲ ਕੇ ਲਗਭਗ 35 ਏਕੜ ਵਿੱਚ ਖੇਤੀ ਕਰਦੀ ਹੈ। ਉਹ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਾਏ ਹੀ ਖੇਤੀ ਕਰ ਰਹੀ ਹੈ।

ਉਹ ਪਿਛਲੇ ਕੁਝ ਸਾਲਾਂ ਤੋਂ ਬਿਨਾਂ ਅੱਗ ਲਗਾਏ ਹੈਪੀ ਸੀਡਰ ਨਾਲ ਹੀ ਬਿਜਾਈ ਕਰ ਰਹੇ ਹਾਂ। ਉਨ੍ਹਾਂ ਮੁਤਾਬਕ ਇਸ ਨਾਲ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਸਗੋਂ ਹੋਰ ਜੀਵ ਜੰਤੂ ਵੀ ਸੁਰੱਖਿਅਤ ਰਹਿੰਦੇ ਹਨ

ਪਰਾਲੀ ਨੂੰ ਅੱਗ ਨਾ ਲਗਾਉਣ ਦੇ ਹੱਕ ਵਿੱਚ ਭੁਗਤਣ ਵਾਲੀ ਅਮਨਦੀਪ ਕਹਿੰਦੀ ਹੈ, "ਅੱਗ ਲਾਉਣ ਨਾਲੋਂ ਇਸ ਤਰੀਕੇ ਨਾਲ ਮਿਹਨਤ ਵੱਧ ਹੁੰਦੀ ਹੈ, ਤੇਲ ਦਾ ਖਰਚਾ ਵੀ ਹੁੰਦਾ ਹੈ ਪਰ ਸਮੁੱਚੇ ਰੂਪ ਵਿੱਚ ਇਹ ਮਹਿੰਗਾ ਨਹੀਂ ਪੈਂਦਾ। ਇਹ ਰਹਿੰਦ-ਖੂੰਹਦ ਧਰਤੀ ਵਿੱਚ ਡੀ ਕੰਪੋਜ਼ ਹੋ ਕੇ ਖਾਦ ਬਣ ਜਾਂਦੀ ਹੈ।"

ਅਮਨਦੀਪ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਈਲੈੱਟਸ ਦਾ ਟੈਸਟ ਵੀ ਕਲੀਅਰ ਕੀਤਾ ਸੀ ਅਤੇ ਬਾਹਰ ਜਾਣ ਦੀ ਤਿਆਰੀ ਵਿੱਚ ਪਰ ਬਾਅਦ ਵਿੱਚ ਖੇਤੀ ਨੂੰ ਕਿੱਤਾ ਬਣਾਉਣ ਦਾ ਫ਼ੈਸਲਾ ਕਰ ਲਿਆ।

ਅਮਨਦੀਪ ਬੀ ਵੋਕੇਸ਼ਨਲ ਫੂਡ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ, ਬੈਚਲਰ ਡਿਗਰੀ ਲਈ ਪੜ੍ਹਾਈ ਕਰ ਰਹੀ ਹੈ।

ਉਸ ਦਾ ਸੁਪਨਾ ਕੈਮੀਕਲ ਮੁਕਤ ਕੁਦਰਤੀ ਖਾਦ ਤਿਆਰ ਕਰਕੇ ਆਪਣਾ ਬਿਜ਼ਨਸ ਸਥਾਪਿਤ ਕਰਨਾ ਉਸ ਦਾ ਸੁਪਨਾ ਹੈ।

ਧੀ ਦੀ 'ਖਾਮੋਸ਼ੀ' ਕਾਰਨ ਇੱਕ ਮਾਂ ਬਣੀ ਕਈ ਬੱਚਿਆਂ ਦੀ 'ਆਵਾਜ਼'

ਪੰਜਾਬ ਦੇ ਬਟਾਲਾ ਦੀ ਰਹਿਣ ਵਾਲੀ ਰਮਨਦੀਪ ਕੌਰ ਦੇ ਘਰ ਕਰੀਬ 13 ਸਾਲ ਪਹਿਲਾਂ ਇਕ ਧੀ ਨੇ ਜਨਮ ਲਿਆ ਸੀ ਅਤੇ ਜਦ ਬੱਚੀ ਜੈਸਮਨ 3 ਮਹੀਨੇ ਦੀ ਸੀ ਤਾਂ ਦੋਵੇਂ ਪਤੀ ਪਤਨੀ ਬੱਚੀ ਸਮੇਤ ਆਸਟ੍ਰੇਲੀਆ ਚਲੇ ਗਏ।

ਕੁਛ ਸਮੇਂ ਬਾਅਦ ਉੱਥੇ ਜਾ ਕੇ ਪਤਾ ਲਗਾ ਕਿ ਉਨ੍ਹਾਂ ਦੀ ਬੱਚੀ ਗੂੰਗੀ-ਬੋਲੀ ਹੈ ਅਤੇ ਡਾਕਟਰਾਂ ਨੇ ਆਖਿਆ ਕਿ ਇਸ ਦਾ ਇਲਾਜ਼ ਵੀ ਪੂਰੀ ਤਰ੍ਹਾਂ ਨਹੀਂ ਹੋ ਸਕਦਾ।

ਪਰਿਵਾਰ 6 ਸਾਲ ਉਥੇ ਰਿਹਾ ਅਤੇ ਵੱਡੇ ਹੋਣ 'ਤੇ ਬੱਚੀ ਨੂੰ ਇਕ ਸਪੈਸ਼ਲ ਸਕੂਲ ਭੇਜਿਆ ਜਾਣ ਲਗਾ। ਉਸ ਦੇ ਨਾਲ ਹੀ ਮਾਂ ਰਮਨਦੀਪ ਨੇ ਵੀ ਆਪਣੀ ਬੱਚੀ ਦੇ ਨਾਲ ਸਾਥ ਦੇਣ ਲਈ ਆਸਟਰੇਲੀਅਨ ਸੰਕੇਤਕ ਭਾਸ਼ਾ ਵੀ ਸਿੱਖੀ।

ਵੀਡੀਓ ਕੈਪਸ਼ਨ,

ਆਪਣੀ ਗੂੰਗੀ-ਬੋਲੀ ਬੱਚੀ ਲਈ ਮਾਂ ਨੇ ਖੋਲ੍ਹਿਆ ਸਕੂਲ

ਜਦੋਂ ਕਰੀਬ 6 ਸਾਲ ਉੱਥੇ ਰਹਿਣ ਤੋਂ ਬਾਅਦ ਰਮਨਦੀਪ ਭਾਰਤ ਵਾਪਸ ਆਈ ਤਾਂ ਬਟਾਲੇ ਵਿੱਚ ਬੱਚੀ ਨੂੰ ਪੜਾਈ ਕਰਵਾਉਣ ਲਈ ਕੋਈ ਸਕੂਲ ਨਹੀਂ ਮਿਲਿਆ।

ਰਮਨਦੀਪ ਨੇ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਟਰੱਸਟ ਵੱਲੋਂ ਚਲਾਏ ਜਾ ਰਹੇ ਸਕੂਲ 'ਚ ਆਪਣੀ ਬੱਚੀ ਨੂੰ ਦਾਖ਼ਲ ਕਰਵਾਇਆ ਅਤੇ ਆਪ ਵੀ ਉੱਥੇ ਭਾਰਤੀ ਸੰਕੇਤਕ ਭਾਸ਼ਾ ਸਿੱਖਣ ਲਈ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਉੱਥੇ ਅਧਿਆਪਕਾਂ ਵਜੋਂ ਪੜਾਇਆ ਵੀ।

ਰਮਨਦੀਪ ਕੌਰ ਨੇ ਇਕ ਸੁਫ਼ਨਾ ਸੰਜੋਇਆ ਕਿ ਕਿਉਂ ਨਾ ਉਹ ਆਪਣੀ ਬੱਚੀ ਵਾਂਗ ਹੋਰਾਂ ਦੇ ਅਜਿਹੇ ਬੱਚਿਆਂ ਲਈ ਕੁਝ ਖ਼ਾਸ ਕਰੇ ਅਤੇ ਇਹੀ ਸੋਚ ਲੈ ਕੇ ਆਪਣੇ ਘਰ 'ਚ ਹੀ ਇੱਕ ਛੋਟੀ ਜਿਹੀ ਸ਼ੁਰੂਆਤ ਕਰਦੇ ਹੋਏ ਗੂੰਗੇ ਬੋਲੇ ਬੱਚਿਆਂ ਲਈ ਵਿਸ਼ੇਸ ਸਕੂਲ ਸ਼ੁਰੂ ਕੀਤਾ।

ਰਮਨਦੀਪ ਕੌਰ ਆਪ ਵੀ ਖੁਦ ਐੱਮਏ, ਐੱਮਐੱਡ (MA, M.ED) ਹੈ ਅਤੇ ਕੁਝ ਸਾਲ ਪਹਿਲਾਂ ਜਦੋਂ ਉਸ ਨੇ ਵਕੀਲ ਪਤੀ ਅਤੇ ਪਰਿਵਾਰ ਦੀ ਮਦਦ ਨਾਲ ਸਕੂਲ ਸ਼ੁਰੂ ਕੀਤਾ ਤਾਂ ਉਦੋਂ ਸਿਰਫ਼ 4 ਬੱਚੇ ਸਨ।

ਤਸਵੀਰ ਸਰੋਤ, Gurpreet Chawla/bbc

ਮਕਾਨ ਦੇ ਹੇਠਲੀ ਮੰਜ਼ਿਲ ਵਿੱਚ 4 ਕਮਰਿਆਂ ਦੇ ਇਸ ਸਕੂਲ ਵਿੱਚ ਦੋ ਮਹਿਲਾ ਅਧਿਆਪਕ ਵੀ ਰੱਖੇ ਗਏ ਹਨ ਜਿਨ੍ਹਾਂ ਨੂੰ ਰਮਨਦੀਪ ਵਲੋਂ ਹੀ ਸੰਕੇਤਕ ਭਾਸ਼ਾ ਦੀ ਟ੍ਰੇਨਿੰਗ ਦਿੱਤੀ ਗਈ ਹੈ।

ਇਸ ਸਕੂਲ 'ਚ ਗਰੀਬ ਬੱਚੀਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਜੇਕਰ ਕੋਈ ਚੰਗੇ ਪਰਿਵਾਰ ਤੋਂ ਹੈ ਤਾਂ ਉਸ ਕੋਲੋਂ ਮਾਮੂਲੀ ਜਿਹੀ ਫੀਸ ਲਈ ਜਾ ਰਹੀ ਹੈ ਉਹ ਵੀ ਸਕੂਲ ਦੇ ਖਰਚ ਜੁਟਾਉਣ ਲਈ।

ਰਮਨਦੀਪ ਕੌਰ ਦਾ ਕਹਿਣਾ ਹੈ ਦੀ ਉਸਦਾ ਇਹੀ ਸੁਫ਼ਨਾ ਹੈ ਕਿ ਇਹ ਬੱਚੇ ਜੋ ਸਿੱਖਿਆ ਲੈ ਰਹੇ ਹੈ ਇਹ ਅੱਗੇ ਚੱਲ ਕੇ ਕਾਮਯਾਬ ਹੋਣ ਅਤੇ ਕਿਸੇ ਉੱਤੇ ਨਿਰਭਰ ਨਾ ਰਹਿਣ ਅਤੇ ਆਪਣੇ ਪੈਰਾਂ ਉੱਤੇ ਖੜੇ ਹੋਣ।

ਇਹ ਵੀ ਪੜ੍ਹੋ:

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)