ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ 2019: ਕੁਝ ਦੇਰ ’ਚ ਜੇਤੂ ਦਾ ਐਲਾਨ

ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ
ਤਸਵੀਰ ਕੈਪਸ਼ਨ,

ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਦੀਆਂ ਨਾਮਜ਼ਦ ਖਿਡਾਰਨਾਂ

ਆਖ਼ਰਕਾਰ ਪ੍ਰਸ਼ੰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਣ ਵਾਲੀਆਂ ਹਨ ਕਿਉਂਕਿ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਫਾਰ 2019 ਦੇ ਨਾਮ ਦਾ ਐਲਾਨ ਅੱਜ ਹੋ ਜਾਵੇਗਾ।

ਦੂਤੀ ਚੰਦ, ਮਾਨਸੀ ਜੋਸ਼ੀ, ਮੈਰੀ ਕੋਮ, ਪੀਵੀ ਸਿੰਧੂ ਅਤੇ ਵਿਨੇਸ਼ ਫੌਗਾਟ ਇਸ ਐਵਾਰਡ ਲਈ ਨਾਮਜ਼ਦ ਖਿਡਾਰਨਾਂ ਹਨ।

ਜੇਤੂ ਦਾ ਐਲਾਨ ਨਵੀਂ ਦਿੱਲੀ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਕੀਤਾ ਜਾਵੇਗਾ।

ਇਸ ਦੌਰਾਨ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਵੀ ਇਸ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਖੇਡ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਇਸ ਵਿੱਚ ਸ਼ਮੂਲੀਅਤ ਕਰਨਗੀਆਂ।

ਤੁਸੀਂ ਇਸ ਸਮਾਗਮ ਦੀ ਲਾਈਵ ਕਵਰੇਜ਼ ਬੀਬੀਸੀ ਦੀਆਂ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਵੈਬਸਾਈਟ 'ਤੇ ਦੇਖ ਸਕਦੇ ਹੋ।

ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਰਸੂਖ਼ਦਾਰ ਖਿਡਾਰਨ ਨੂੰ ਖੇਡਾਂ ਵਿੱਚ ਆਪਣੇ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਵਾਜਿਆ ਜਾਵੇਗਾ।

ਇਹ ਵੀ ਪੜ੍ਹੋ-

ਜੇਤੂ ਦੀ ਕਿਵੇਂ ਹੋਵੇਗੀ ਚੋਣ?

ਬੀਬੀਸੀ ਵੱਲੋਂ ਚੁਣੀ ਗਈ ਜਿਊਰੀ ਨੇ ਭਾਰਤੀ ਖਿਡਾਰਨਾਂ ਦੀ ਇੱਕ ਸੂਚੀ ਤਿਆਰ ਕੀਤੀ ਸੀ। ਇਸ ਜਿਊਰੀ ਵਿੱਚ ਪੂਰੇ ਭਾਰਤ ਤੋਂ ਉੱਘੇ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਲ ਸਨ।

ਜਿਊਰੀ ਮੈਂਬਰਾਂ ਵੱਲੋਂ ਸਭ ਤੋਂ ਵੱਧ ਅੰਕ ਹਾਸਿਲ ਕਰਨ ਵਾਲੀਆਂ 5 ਖਿਡਾਰਨਾਂ ਨੂੰ ਆਨਲਾਈਨ ਵੋਟਿੰਗ ਲਈ ਨਾਮਜ਼ਦ ਕੀਤਾ ਗਿਆ ਸੀ ਤੇ 3 ਫਰਵਰੀ ਤੋਂ 24 ਫਰਵਰੀ ਤੱਕ ਵੋਟਿੰਗ ਲਾਈਨ ਖੋਲ੍ਹੀ ਗਈ ਸੀ।

ਦਾਅਵੇਦਾਰ

1. ਦੂਤੀ ਚੰਦ

ਉਮਰ: 23, ਖੇਡ: ਐਥਲੀਟ

ਦੂਤੀ ਚੰਦ ਮੌਜੂਦਾ ਦੌਰ 'ਚ ਔਰਤ ਵਰਗ 'ਚ 100 ਮੀਟਰ ਦੇ ਮੁਕਾਬਲੇ ਲਈ ਭਾਰਤ ਦੀ ਨੈਸ਼ਨਲ ਚੈਂਪੀਅਨ ਹੈ।

ਉਹ ਸਾਲ 2016 ਵਿੱਚ ਗਰਮੀਆਂ ਦੇ ਓਲੰਪਿਕ ਵਿੱਚ ਔਰਤਾਂ ਦੇ 100 ਮੀਟਰ ਮੁਕਾਬਲੇ ਵਿੱਚ ਕੁਆਲੀਫਾਈ ਕਰਨ ਵਾਲੀ ਕੇਵਲ ਤੀਸਰੀ ਭਾਰਤੀ ਮਹਿਲਾ ਬਣੀ ਹੈ।

ਦੂਤੀ ਚੰਦ ਨੇ ਸਾਲ 2018 ਵਿੱਚ ਜਕਾਰਤਾ ਏਸ਼ੀਅਨ ਗੇਮਸ ਵਿੱਚ ਵੀ 100 ਮੀਟਰ ਮੁਕਾਬਲੇ ਦੌਰਾਨ ਸਿਲਵਰ ਮੈਡਲ ਜਿੱਤਿਆ ਸੀ। 1998 ਤੋਂ ਬਾਅਦ ਇਸ ਮੁਕਾਬਲੇ ਦੌਰਾਨ ਭਾਰਤ ਦੇ ਹਿੱਸੇ ਆਉਣ ਵਾਲਾ ਇਹ ਪਹਿਲਾ ਮੈਡਲ ਸੀ।

ਆਪਣੇ ਕਰੀਅਰ ਵਿੱਚ ਕਈ ਵਿਵਾਦਾਂ ਦਾ ਸਾਹਮਣਾ ਕਰਦਿਆਂ ਦੂਤੀ ਚੰਦ ਭਾਰਤ ਦੀਆਂ ਸਭ ਤੋਂ ਹੋਣਹਾਰ ਖਿਡਾਰਨਾਂ ਵਿੱਚੋਂ ਇੱਕ ਹੈ।

2. ਮਾਨਸੀ ਜੋਸ਼ੀ

ਉਮਰ: 30, ਖੇਡ: ਪੈਰਾ ਬੈਡਮਿੰਟਨ

ਮਾਨਸੀ ਜੋਸ਼ੀ ਨੇ ਬੇਸਲ, ਸਵਿਟਜ਼ਰਲੈਂਡ ਵਿਖੇ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ, 2019 ਵਿੱਚ ਗੋਲਡ ਮੈਡਲ ਜਿੱਤਿਆ।

ਉਹ ਇਸ ਸਮੇਂ ਦੁਨੀਆਂ ਦੀਆਂ ਚੋਟੀ ਦੀਆਂ ਪੈਰਾ-ਬੈਡਮਿੰਟਨ ਖਿਡਾਰਨਾਂ ਵਿੱਚ ਸ਼ਾਮਲ ਹੈ।

2018 ਵਿੱਚ ਮਾਨਸੀ ਜੋਸ਼ੀ ਨੇ ਜਕਾਰਤਾ ਵਿੱਚ ਏਸ਼ੀਅਨ ਪੈਰਾ ਗੇਮਜ਼ ਵਿੱਚ ਕਾਂਸੀ ਦਾ ਮੈਡਲ ਜਿੱਤਿਆ।

2011 ਵਿੱਚ ਇੱਕ ਸੜਕ ਦੁਰਘਟਨਾ ਦੌਰਾਨ ਉਨ੍ਹਾਂ ਨੂੰ ਆਪਣੀ ਖੱਬੀ ਲੱਤ ਗੁਆਉਣੀ ਪਈ, ਪਰ ਇਹ ਦੁਰਘਟਨਾ ਉਸ ਦੀ ਦੁਨੀਆਂ ਦੀਆਂ ਸਰਵੋਤਮ ਬੈਡਮਿੰਟਨ ਖਿਡਾਰਨਾਂ ਵਿੱਚ ਆਉਣ ਦੀ ਇੱਛਾ ਨੂੰ ਨਹੀਂ ਰੋਕ ਸਕੀ।

3. ਮੈਰੀ ਕੋਮ

ਉਮਰ : 36, ਖੇਡ : ਮੁੱਕੇਬਾਜ਼ੀ (ਫਲਾਈਵੇਟ ਕੈਟੇਗਰੀ)

ਮੈਂਗ ਚੁੰਗਨੀਜੈਂਗ ਜਿਸਨੂੰ ਮੈਰੀ ਕੋਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅੱਠ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਇਕਲੌਤੀ ਮੁੱਕੇਬਾਜ਼ (ਪੁਰਸ਼ ਜਾਂ ਮਹਿਲਾ) ਹੈ। ਉਸ ਨੇ ਆਪਣੀਆਂ ਪਹਿਲੀਆਂ ਸੱਤ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਹਰੇਕ ਵਿੱਚ ਮੈਡਲ ਜਿੱਤਿਆ ਹੈ।

ਉਹ ਰਿਕਾਰਡ ਛੇ ਵਾਰ ਵਰਲਡ ਐਮੇਚਿਓਰ ਬਾਕਸਿੰਗ ਚੈਂਪੀਅਨ ਬਣਨ ਵਾਲੀ ਇਕਲੌਤੀ ਮਹਿਲਾ ਹੈ। ਮੈਰੀ ਕੋਮ ਓਲੰਪਿਕ ਮੈਡਲ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਮੁੱਕੇਬਾਜ਼ ਵੀ ਹੈ।

ਭਾਰਤ ਦੇ ਉਪਰਲੇ ਸਦਨ ਰਾਜ ਸਭਾ ਦੀ ਨਾਮਜ਼ਦ ਮੈਂਬਰ ਮੈਰੀ ਕੋਮ ਨੂੰ ਵਿਸ਼ਵ ਓਲੰਪਿਅਨ ਐਸੋਸੀਏਸ਼ਨ (ਡਬਲਯੂਓਏ) ਵੱਲੋਂ ਆਪਣੇ ਨਾਂ ਨਾਲ 'ਓਐੱਲਵਾਈ' ਲਗਾਉਣ ਦੀ ਮਾਣ ਵੀ ਦਿੱਤਾ ਗਿਆ ਹੈ।

4. ਪੀਵੀ ਸਿੰਧੂ

ਉਮਰ : 24, ਖੇਡ : ਬੈਡਮਿੰਟਨ

ਪਿਛਲੇ ਸਾਲ ਪੀਵੀ ਸਿੰਧੂ (ਪੁਸਰਲਾ ਵੈਂਕਟ ਸਿੰਧੂ) ਬੇਸਲ, ਸਵਿਟਜ਼ਰਲੈਂਡ ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਸਿੰਧੂ ਦੇ ਨਾਂ ਕੁੱਲ ਪੰਜ ਵਿਸ਼ਵ ਚੈਂਪੀਅਨਸ਼ਿਪ ਮੈਡਲ ਹਨ।

ਉਹ ਸਿੰਗਲਜ਼ ਬੈਡਮਿੰਟਨ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ।

ਸਿੰਧੂ ਸਿਰਫ਼ 17 ਸਾਲ ਦੀ ਉਮਰ ਵਿੱਚ ਸਤੰਬਰ, 2012 ਵਿੱਚ ਬੀਐੱਫਡਬਲਯੂ ਵਿਸ਼ਵ ਰੈਂਕਿੰਗ ਦੇ ਚੋਟੀ ਦੇ 20 ਖਿਡਾਰੀਆਂ ਵਿੱਚ ਸ਼ਾਮਲ ਹੋਈ।

ਉਹ ਪਿਛਲੇ 4 ਸਾਲਾਂ ਤੋਂ ਚੋਟੀ ਦੇ 10 ਖਿਡਾਰੀਆਂ ਵਿੱਚ ਬਣੀ ਹੋਈ ਹੈ। ਉਸਦੇ ਲੰਬੀਆਂ ਬਾਹਾਂ ਦੇ ਸਮੈਸ਼ ਨਾਲ ਉਸਦੇ ਭਾਰਤੀ ਪ੍ਰਸ਼ੰਸਕਾਂ ਨੂੰ ਟੋਕੀਓ ਓਲੰਪਿਕਸ ਵਿੱਚ ਉਸਤੋਂ ਬਹੁਤ ਉਮੀਦਾਂ ਹਨ।

5. ਵਿਨੇਸ਼ ਫੋਗਾਟ

ਉਮਰ : 25, ਖੇਡ : ਫਰੀਸਟਾਈਲ ਰੈਸਲਿੰਗ

ਅੰਤਰਰਾਸ਼ਟਰੀ ਮਹਿਲਾ ਪਹਿਲਵਾਨਾਂ ਦੇ ਉੱਘੇ ਪਰਿਵਾਰ ਨਾਲ ਸਬੰਧਿਤ ਵਿਨੇਸ਼ ਫੋਗਾਟ 2018 ਵਿੱਚ ਜਕਾਰਤਾ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ।

ਫੋਗਾਟ ਦੇ ਨਾਂ ਦੋ ਰਾਸ਼ਟਰਮੰਡਲ ਖੇਡ ਮੈਡਲ ਵੀ ਹਨ। 2019 ਵਿੱਚ ਉਨ੍ਹਾਂ ਨੇ ਕਾਂਸੀ ਦਾ ਮੈਡਲ ਜਿੱਤ ਕੇ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਿਆ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)