ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ

 • ਜੇਮਜ਼ ਗੈਲਾਘਰ
 • ਸਿਹਤ ਅਤੇ ਵਿਗਿਆਨ ਪੱਤਰਕਾਰ
ਕੋਰੋਨਾਵਾਇਰਸ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਕਰੋੜਾਂ ਲੋਕ ਪੀੜਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

ਮਹਾਂਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।

ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੇ ਲਈ ਕੋਰੋਨਾ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ।

ਕੋਰੋਨਾਵਾਇਰਸ ਦੇ ਤਿੰਨ ਮੁੱਖ ਲੱਛਣ ਹਨ, ਜੇਕਰ ਤੁਹਾਨੂੰ ਇਨ੍ਹਾਂ ’ਚੋਂ ਇੱਕ ਵੀ ਲੱਛਣ ਹੈ ਤਾਂ ਤੁਸੀਂ ਟੈਸਟ ਜ਼ਰੂਰ ਕਰਾਓ।

ਕੋਰੋਨਾਵਾਇਰਸ ਦੇ ਸ਼ੁਰੂਆਤੀ ਲੱਛਣ

 • ਇੱਕ ਨਵੀਂ ਤੇ ਲਗਾਤਾਰ ਆਉਣ ਵਾਲੀ ਖੰਘ: ਜਦੋਂ ਤੁਸੀਂ ਇੱਕ ਘੰਟੇ ਤੋਂ ਵੱਧ ਸਮੇਂ ਲਈ ਬਹੁਤ ਜ਼ਿਆਦਾ ਖੰਘਦੇ ਹੋ, ਜਾਂ 24 ਘੰਟਿਆਂ ਵਿੱਚ ਤਿੰਨ ਜਾਂ ਵਧੇਰੇ ਵਾਰ ਲਗਾਤਾਰ ਖੰਘ ਆਉਂਦੀ ਹੈ।
 • ਬੁਖ਼ਾਰ - ਜਦੋਂ ਤੁਹਾਡਾ ਤਾਪਮਾਨ 37.8C ਤੋਂ ਉੱਪਰ ਹੈ
 • ਗੰਧ ਜਾਂ ਸੁਆਦ ਨੂੰ ਮਹਿਸੂਸ ਨਾ ਕਰ ਪਾਉਣਾ

ਪਬਲਿਕ ਹੈਲਥ ਇੰਗਲੈਂਡ ਦਾ ਕਹਿਣਾ ਹੈ ਕਿ ਕੋਵਿਡ ਦੇ ਮਰੀਜ਼ਾਂ ’ਚ ਘੱਟੋ ਘੱਟ ਇੱਕ ਲੱਛਣ ਤਾਂ ਜ਼ਰੂਰ ਹੁੰਦਾ ਹੈ।

ਕੋਰੋਨਾ ਦੇ ਲੱਛਣ ਪਤਾ ਲੱਗਣ ਉੱਤੇ ਕੀ ਕਰੀਏ

ਜੇ ਤੁਸੀਂ, ਜਾਂ ਕੋਈ ਜਿਸ ਨਾਲ ਤੁਸੀਂ ਰਹਿੰਦੇ ਹੋ, ਇਨ੍ਹਾਂ ਵਿੱਚ ਕੋਈ ਲੱਛਣ ਮਹਿਸੂਸ ਕਰਦੇ ਹੋ ਤਾਂ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਦੂਜਿਆਂ ਨੂੰ ਕੋਰੋਨਾਵਾਇਰਸ ਦੇਣ ਦੇ ਜੋਖ਼ਮ ਨੂੰ ਰੋਕਿਆ ਜਾ ਸਕੇ।

ਜਿਸ ਨਾਲ ਵੀ ਤੁਸੀਂ ਰਹਿੰਦੇ ਹੋ ਜਾਂ ਜੋ ਤੁਹਾਡੇ ‘ਸਪੋਰਟ ਬਬਲ’ ’ਚ ਹੈ, ਉਸ ਨੂੰ ਵੀ ਟੈਸਟ ਦੇ ਨਤੀਜੇ ਆਉਣ ਤੱਕ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ।

ਜਦੋਂ ਤੁਹਾਨੂੰ ਲਾਗ ਲੱਗਦੀ ਹੈ ਤਾਂ ਔਸਤਨ ਪੰਜ ਦਿਨ ਲੱਛਣ ਮਹਿਸੂਸ ਕਰਨ ਨੂੰ ਲੱਗਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਲੱਛਣ ਸਾਹਮਣੇ ਆਉਣ ਵਿੱਚ 14 ਦਿਨ ਵੀ ਲੱਗ ਸਕਦੇ ਹਨ।

ਜੇਕਰ ਤੁਹਾਡਾ ਟੈਸਟ ਪੌਜ਼ੀਟਿਵ ਆਉਂਦਾ ਹੈ ਤਾਂ ਤੁਹਾਡੇ ਨਾਲ ਰਹਿੰਦੇ ਸਾਰੇ ਲੋਕਾਂ ਨੂੰ ਖ਼ੁਦ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਕੀ ਕੋਵਿਡ ਸਭ ਲਈ ਇੱਕੋ ਜਿਹਾ ਹੁੰਦਾ ਹੈ?

ਨਹੀਂ। ਕੋਵਿਡ ਕਿਸੇ ਦੇ ਬਹੁਤ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੁਝ ਲੋਕਾਂ ਵਿੱਚ ਬਹੁਤ ਘੱਟ ਲੱਛਣ ਵੇਖਣ ਨੂੰ ਮਿਲਦੇ ਹਨ।

ਚਾਰ ਮਿਲੀਅਨ (40 ਲੱਖ) ਲੋਕਾਂ ਦੇ ਸਿਹਤ ਡਾਟਾ ਦੇ ਆਧਾਰ ’ਤੇ ਵਿਗਿਆਨੀ ਕਹਿੰਦੇ ਹਨ ਕਿ ਕੋਵਿਡ ਦੀਆਂ ਛੇ ਕਿਸਮਾਂ ਹੋ ਸਕਦੀਆਂ ਹਨ।

ਇਨ੍ਹਾਂ ਵਿੱਚ ਹੇਠਾਂ ਲਿਖੇ ਲੱਛਣ ਆਉਂਦੇ ਹਨ -

 • ਫਲੂ ਵਰਗਾ ਪਰ ਬੁਖ਼ਾਰ ਨਹੀਂ - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਮਾਸਪੇਸ਼ੀਆਂ ’ਚ ਦਰਦ, ਖੰਘ, ਗਲੇ ਦੀ ਸੋਜਿਸ਼, ਛਾਤੀ ’ਚ ਦਰਦ, ਬੁਖ਼ਾਰ ਨਹੀਂ।
 • ਫਲੂ ਵਰਗਾ ਅਤੇ ਬੁਖ਼ਾਰ ਵੀ - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਖੰਘ, ਗਲੇ ਦੀ ਸੋਜਿਸ਼, ਬੁਖ਼ਾਰ, ਆਵਾਜ਼ ’ਚ ਖੋਰ, ਭੁੱਖ ਨਾ ਲੱਗਣੀ
 • ਗੈਸਟਰੋਇੰਟੇਸਟਾਈਨਲ (ਢਿੱਡ ਅਤੇ ਅੰਤੜੀਆਂ) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਡਾਈਰੀਆ, ਛਾਤੀ ਦਾ ਦਰਦ, ਖੰਘ ਨਹੀਂ
 • ਥਕਾਵਟ (ਲੈਵਲ-1) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਬੁਖ਼ਾਰ, ਛਾਤੀ ਦਾ ਦਰਦ, ਆਵਾਜ਼ ’ਚ ਖੋਰ, ਖੰਘ, ਥਕਾਵਟ
 • ਕਨਫਿਊਜ਼ਨ (ਲੈਵਲ-2) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਛਾਤੀ ਦਾ ਦਰਦ, ਖੰਘ, ਬੁਖ਼ਾਰ, ਥਕਾਵਟ, ਆਵਾਜ਼ ’ਚ ਖੋਰ, ਕਨਫਿਊਜ਼ਨ, ਮਾਸਪੇਸ਼ੀਆਂ ’ਚ ਦਰਦ
 • ਅਬਡੋਮੀਨਲ ਅਤੇ ਰੈਸਪਰੇਟੀਰੀ (ਲੈਵਲ-3) - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਛਾਤੀ ਦਾ ਦਰਦ, ਖੰਘ, ਬੁਖ਼ਾਰ, ਥਕਾਵਟ, ਕਨਫਿਊਜ਼ਨ, ਮਾਸਪੇਸ਼ੀਆਂ ’ਚ ਦਰਦ, ਡਾਈਰੀਆ, ਢਿੱਡ ’ਚ ਦਰਦ, ਸਾਹ ’ਚ ਦਿੱਕਤ, ਆਵਾਜ਼ ’ਚ ਖੋਰ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਉਲਟੀ ਆਉਣਾ, ਦਸਤ ਲੱਗਣਾ ਅਤੇ ਢਿੱਡ ’ਚ ਪੀੜ ਹੋਣੀ ਕੋਰੋਨਾਵਾਇਰਸ ਦੇ ਲੱਛਣ ਹੋ ਸਕਦੇ ਹਨ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 14 ਜੂਨ 2021, 12:49 ਬਾ.ਦੁ. IST

ਜੇਕਰ ਮੈਨੂੰ ਖੰਘ ਆਉਂਦੀ ਹੈ, ਇਸ ਦਾ ਮਤਲਬ ਇਹ ਕੋਵਿਡ ਹੈ?

ਕੋਵਿਡ ਵਰਗੇ ਲੱਛਣ ਹੋਰ ਵੀ ਕਈ ਵਾਇਰਸਾਂ ’ਚ ਹੁੰਦੇ ਹਨ, ਜਿਸ ਵਿੱਚ ਫਲੂ ਅਤੇ ਹੋਰ ਇਨਫੈਕਸ਼ਨ ਵੀ ਸ਼ਾਮਲ ਹੈ। ਠੰਡ ਦੇ ਵਿੱਚ ਇਸ ਦੀ ਦਿੱਕਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ।

ਪਬਲਿਕ ਹੈਲਥ ਇੰਗਲੈਂਡ ਦਾ ਕਹਿਣਾ ਹੈ ਕਿ ਲਗਭਗ ਅੱਧੇ ਲੋਕ ਜਿੰਨ੍ਹਾਂ ’ਚ ਕੋਵਿਡ ਦੇ ਤਿੰਨ ਮੁੱਖ ਲੱਛਣਾਂ ’ਚੋਂ ਕੋਈ ਲੱਛਣ ਹੈ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਵਿਡ ਨਾ ਹੋਵੇ।

ਹਾਲਾਂਕਿ, ਇਸ ਦੇ ਬਾਵਜੂਦ ਉਨ੍ਹਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਮੈਂ ਕੀ ਕਰਾਂ ਜੇਕਰ ਮੈਨੂੰ ਕੋਵਿਡ ਹੈ?

ਜੇਕਰ ਤੁਹਾਡਾ ਕੋਵਿਡ ਟੈਸਟ ਪੌਜ਼ੀਟਿਵ ਆਉਂਦਾ ਹੈ ਤਾਂ ਤੁਹਾਨੂੰ ਲੱਛਣ ਦਿਖਣ ਤੋਂ 10 ਦਿਨਾਂ ਤੱਕ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ।

ਘਰ ਦੇ ਬਾਕੀ ਮੈਂਬਰਾਂ ਨੂੰ ਵੀ ਘੱਟੋ-ਘੱਟ 14 ਦਿਨਾਂ ਲਈ ਆਪਣੇ-ਆਪ ਨੂੰ ਵੱਖ ਕਰ ਲੈਣਾ ਚਾਹੀਦਾ ਹੈ।

ਕੁਝ ਲੋਕਾਂ ਵਿੱਚ ਬਹੁਤ ਹਲਕੇ ਲੱਛਣ ਹੁੰਦੇ ਹਨ ਜੋ ਕਿ ਦਰਦ ਦੀ ਦਵਾਈ (ਜਿਵੇਂ ਪੈਰਾਸੀਟਾਮੋਲ), ਆਰਾਮ ਅਤੇ ਜ਼ਿਆਦਾ ਮਾਤਰਾ ’ਚ ਤਰਲ ਲੈਕੇ ਠੀਕ ਹੋ ਸਕਦੇ ਹਨ।

ਤੁਹਾਨੂੰ ਜੀਪੀ ਸਰਜਰੀ, ਫਾਰਮੇਸੀ ਅਤੇ ਹਸਪਤਾਲ ਜਾਣ ਦੀ ਵੀ ਲੋੜ ਨਹੀਂ ਹੁੰਦੀ।

ਹਸਪਤਾਲ ਜਾਣ ਦੀ ਲੋੜ ਕਦੋਂ?

ਜੇਕਰ ਤੁਸੀਂ ਸੱਚਮੁੱਚ ਬਹੁਤ ਬੀਮਾਰ ਹੋ ਤਾਂ ਅਤੇ ਤੁਹਾਨੂੰ ਮੇਡੀਕਲ ਐਮਰਜੈਂਸੀ ਮਹਿਸੂਸ ਹੋ ਰਹੀ ਹੈ ਯਾਨੀ ਸਾਹ ਲੈਣ ’ਚ ਦਿੱਕਤ ਹੋਵੇ ਅਤੇ ਤੁਸੀਂ ਕੁਝ ਬੋਲ ਨਾ ਪਾਵੋ ਤਾਂ ਤੁਰੰਤ ਹਸਪਤਾਲ ਜਾਵੋ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਤਾਂ NHS 111 website ਇੰਗਲੈਂਡ, NHS Inform ਸਕੌਟਲੈਂਡ ਜਾਂ ਵੇਲਸ ਅਤੇ ਨੌਰਦਨ ਆਈਰਲੈਂਡ ਦੀ ਵੈੱਬਸਾਈਟ ਦਾ ਸਹਾਰਾ ਲਵੋ।

ਅਸਲ ਵਿੱਚ ਹਸਪਤਾਲ ਦੀ ਲੋੜ ਮਰੀਜ਼ ਨੂੰ ਉਦੋਂ ਹੁੰਦੀ ਹੈ, ਜਦੋਂ ਉਸ ਨੂੰ ਸਾਹ ਲੈਣ ਵਿਚ ਸਮੱਸਿਆ ਆਉਂਦੀ ਹੋਵੇ।

ਡਾਕਟਰ ਮਰੀਜ਼ ਦੇ ਫੇਫ਼ੜਿਆਂ ਦੀ ਸਕੈਨਿੰਗ ਕਰਕੇ ਪਤਾ ਲਗਾਉਂਦੇ ਹਨ ਕਿ ਫੇਫੜਿਆਂ ਵਿਚ ਕਿੰਨੀ ਇੰਨਫੈਕਸ਼ਨ ਹੋਈ ਹੈ ਅਤੇ ਜੇ ਜ਼ਰੂਰਤ ਹੋਵੇ ਤਾਂ ਆਕਸੀਜਨ ਮਾਸਕ ਜਾਂ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਬਜ਼ੁਰਗ ਲੋਕ ਜਿੰਨ੍ਹਾਂ ਨੂੰ ਪਹਿਲਾਂ ਹੀ ਕਈ ਤਰ੍ਹਾਂ ਦੇ ਰੋਗ (ਅਸਥਮਾ, ਸ਼ੂਗਰ, ਦਿਲ ਦੀ ਬੀਮਾਰੀਆਂ ਜਾਂ ਹਾਈ ਬਲੱਡ ਪ੍ਰੈਸ਼ਰ) ਹੈ ਤਾਂ ਉਹ ਜ਼ਿਆਦਾ ਬੀਮਾਰ ਹੋ ਸਕਦੇ ਹਨ। ਇਸ ਵਾਇਰਸ ਨਾਲ ਔਰਤਾਂ ਨਾਲੋਂ ਜ਼ਿਆਦਾ ਮਰਨ ਦਾ ਖ਼ਤਰਾ ਮਰਦਾਂ ਨੂੰ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਮੈਂ ਆਪਣਾ ਬਚਾਅ ਕਿਵੇਂ ਕਰਾਂ?

ਸਭ ਤੋਂ ਵਧੀਆ ਹੈ ਕਿ ਅਸੀਂ ਲਗਾਤਾਰ ਸਾਬਣ ਤੇ ਪਾਣੀ ਨਾਲ ਆਪਣੇ ਹੱਥ ਧੋਈਏ

ਕੋਰੋਨਾਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਕੋਰੋਨਾ ਮਰਜ਼ੀ ਖੰਘਦਾ ਜਾਂ ਛਿੱਕਦਾ ਹੈ - ਵਾਇਰਸ ਦੀਆਂ ਬੂੰਦਾਂ ਇਸ ’ਚੋਂ ਨਿਕਲਦੀਆਂ ਹਨ - ਅਤੇ ਹਵਾ ਵਿੱਚ ਜਾਂਦੀਆਂ ਹਨ।

ਇਸ ਨੂੰ ਸਾਹ ਨਾਲ ਅੰਦਰ ਲਿਆ ਜਾ ਸਕਦਾ ਹੈ ਜਾਂ ਫਿਰ ਜਿਸ ਸਤਿਹ ’ਤੇ ਬੂੰਦਾਂ ਡਿੱਗਦੀਆਂ ਹਨ, ਉਹ ਤੁਹਾਡੀਆਂ ਅੱਖਾਂ, ਨੱਕ ਜਾਂ ਮੂੰਹ ਰਾਹੀਂ ਅੰਦਰ ਜਾ ਸਕਦਾ ਹੈ।

ਜੇਕਰ ਤੁਸੀਂ ਖੰਘਣ ਜਾਂ ਛਿੱਕਣ ਸਮੇਂ ਟੀਸ਼ੂ ਦਾ ਵਰਤੋ ਕਰਦੇ ਹੋ ਤਾਂ ਹੱਥ ਧੋਤੇ ਬਿਨਾਂ ਮੂੰਹ ’ਤੇ ਹੱਥ ਨਾ ਲਗਾਓ। ਲਾਗ ਵਾਲੇ ਲੋਕਾਂ ਤੋਂ ਦੂਰੀ ਬਨਾਉਣਾ ਸਭ ਤੋਂ ਅਹਿਮ ਹੈ।

ਜਿਨ੍ਹਾਂ ਮਰੀਜ਼ਾਂ ’ਚ ਲੱਛਣ ਵਿਖਦੇ ਹਨ ਉਨ੍ਹਾਂ ਤੋਂ ਤਾਂ ਲਾਗ ਦਾ ਡਰ ਰਹਿੰਦਾ ਹੀ ਹੈ। ਪਰ ਜਿਨ੍ਹਾਂ ਵਿੱਚ ਲੱਛਣ ਨਹੀਂ ਹਨ ਉਹ ਵੀ ਵਾਇਰਸ ਫੈਲਾ ਸਕਦੇ ਹਨ।

ਮਾਸਕ ਨਾਲ ਮੁੰਹ ਢੱਕਣਾ ਬੰਦ ਕਮਰਿਆਂ ’ਚ ਬਹੁਤ ਜ਼ਿਆਦਾ ਜ਼ਰੂਰੀ ਹੈ।

ਵੀਡੀਓ: ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ

ਵੀਡੀਓ ਕੈਪਸ਼ਨ,

ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ

ਇਹ ਵੀ ਪੜ੍ਹੋ:

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)