ISWOTY: ਪੀਵੀ ਸਿੰਧੂ ਬਣੀ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ 2019

ਸਿੰਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੀਵੀ ਸਿੰਧੂ ਚੁਣੀ ਗਈ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ 2019

2019 ਵਿੱਚ ਪੀਵੀ ਸਿੰਧੂ ਸਵਿਟਜ਼ਰਲੈਂਡ ਸਥਿੱਤ ਬੇਸਲ ਵਿੱਚ ਹੋਈ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਸੋਨੇ ਤਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।

ਐਵਾਰਡ ਜਿੱਤਣ ਤੋਂ ਬਾਅਦ ਸਿੰਧੂ ਨੇ ਕਿਹਾ, "ਮੈਂ ਬੀਬੀਸੀ ਸਪੋਰਟਸ ਵੂਮਨ ਆਫ ਦਿ ਇਅਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਨੂੰ ਇਹ ਐਵਾਰਡ ਜਿੱਤ ਕੇ ਬਹੁਤ ਖ਼ੁਸ਼ੀ ਹੋਈ ਹੈ। ਮੈਂ ਬੀਬੀਸੀ ਇੰਡੀਆ ਦਾ ਤੇ ਆਪਣੇ ਫੈਨਜ਼ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।"

ਸਿੰਧੂ ਨੇ ਹੁਣ ਤੱਕ ਪੰਜ ਵਰਲਡ ਚੈਂਪੀਅਨਸ਼ਿਪ ਮੈਡਲ ਜਿੱਤੇ ਹਨ। ਬੈਡਮਿੰਟਨ ਵਿੱਚ ਸਿੰਗਲਜ਼ ਈਵੈਂਟ ਵਿੱਚ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਹੈ।

ਇਹ ਵੀ ਪੜ੍ਹੋ:

ਸੁਣੋ ਸਿੰਧੂ ਨੇ ਐਵਾਰਡ ਜਿੱਤਣ ਮਗਰੋਂ ਕੀ ਕਿਹਾ?

ਹੋਰ ਖਿਡਾਰਨਾਂ ਨੂੰ ਮਿਲੇਗੀ ਪ੍ਰੇਰਨਾ

ਸਿੰਧੂ ਨੇ ਕਿਹਾ, "ਮੈਂ ਇਹ ਐਵਾਰਡ ਆਪਣੇ ਸਮਰਥਕਾਂ ਤੇ ਫੈਨਜ਼ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਤੇ ਮੇਰੇ ਲਈ ਵੋਟ ਕੀਤਾ।"

"ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ ਵਰਗੇ ਐਵਾਰਡ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਦੇ ਹਨ।"

"ਨੌਜਵਾਨ ਖਿਡਾਰਨਾਂ ਨੂੰ ਮੇਰਾ ਇਹ ਸੰਦੇਸ਼ ਹੈ ਕਿ ਸਾਨੂੰ ਆਪਣੇ 'ਤੇ ਭਰੋਸਾ ਕਰਨਾ ਚਾਹੀਦਾ ਹੈ। ਮਿਹਨਤ ਕਰਨ ਨਾਲ ਹੀ ਸਫਲਤਾ ਮਿਲਦੀ ਹੈ। ਮੈਨੂੰ ਉਮੀਦ ਹੈ ਕਿ ਹੋਰ ਭਾਰਤੀ ਖਿਡਾਰਨਾਂ ਦੇਸ ਲਈ ਮੈਡਲ ਜਿੱਤਣਗੀਆਂ।"

ਤਸਵੀਰ ਕੈਪਸ਼ਨ,

ਦਿੱਲੀ ਵਿੱਚ ਹੋਏ ਸਮਾਗਮ ਦੌਰਾ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਵੀ ਪਹੁੰਚੇ

ਸਤੰਬਰ 2012 ਵਿੱਚ 17 ਸਾਲ ਦੀ ਉਮਰ ਵਿੱਚ ਹੀ ਪੀਵੀ ਸਿੰਧੂ ਬੀਡਬਲੀਊਐਫ ਵਰਲਡ ਰੈਂਕਿੰਗ ਵਿੱਚ ਟਾਪ 20 ਵਿੱਚ ਸੀ। ਉਹ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਟਾਪ 10 ਵਿੱਚ ਰਹੀ ਹੈ। ਭਾਰਤੀ ਫੈਨਜ਼ ਨੂੰ ਉਸ ਤੋਂ ਟੋਕੀਓ ਓਲੰਪਿਕਸ ਵਿੱਚ ਜੇਤੂ ਹੋਣ ਦੀਆਂ ਬਹੁਤ ਉਮੀਦਾਂ ਹਨ।

ਬੀਬੀਸੀ ਦੀ ਐਵਾਰਡ ਸੈਰੇਮਨੀ ਦਿੱਲੀ ਵਿੱਚ ਕੀਤੀ ਗਈ। ਇਸ ਵਿੱਚ ਖੇਡ ਰਾਜ ਮੰਤਰੀ ਕਿਰਨ ਰਿਜਿਜੂ, ਉੱਘੇ ਖਿਡਾਰੀਆਂ, ਖੇਡ ਲੇਖਕਾਂ, ਪੱਤਰਕਾਰਾਂ ਸਣੇ ਕਈ ਹੋਰਾਂ ਨੇ ਹਿੱਸਾ ਲਿਆ।

ਸਾਬਕਾ ਐਥਲੀਟ ਪੀਟੀ ਊਸ਼ਾ ਨੂੰ ਭਾਰਤੀ ਸਪੋਰਟਸ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਾਈਫਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ।

ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੀਟੀ ਊਸ਼ਾ ਨੇ 100 ਤੋਂ ਜ਼ਿਆਦਾ ਕੌਮਾਂਤਰੀ ਪੱਧਰ ਦੇ ਮੈਡਲ ਤੇ ਐਵਾਰਡ ਜਿੱਤੇ।

ਵੀਡੀਓ ਕੈਪਸ਼ਨ,

BBCISWOTY: ਪੀਵੀ ਸਿੰਧੂ ਬਣੀ ਪਹਿਲੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019

ਭਾਰਤੀ ਓਲੰਪਿਕਸ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਬੈਸਟ ਸਪੋਰਟਸ ਵੂਮਨ ਆਫ ਦਿ ਸੈਂਚੁਰੀ ਕਿਹਾ ਹੈ। ਸਾਲ 1984 'ਚ ਲਾਸ ਐਂਜਲਿਸ ਵਿੱਚ ਹੋਏ ਓਲੰਪਿਕਸ ਵਿੱਚ ਉਹ ਚੌਥੇ ਨੰਬਰ 'ਤੇ ਆਏ ਸਨ।

ਫਰਵਰੀ 2020 ਵਿੱਚ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਲਈ ਪੰਜ ਖਿਡਾਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉਹ ਸਨ ਦੌੜਾਕ ਦੂਤੀ ਚੰਦ, ਮੁੱਕੇਬਾਜ਼ ਮੈਰੀ ਕੌਮ, ਰੈਸਲਰ ਵਿਨੇਸ਼ ਫੋਗਾਟ,ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਪੈਰਾ-ਬੈਡਮਿੰਟਨ ਖਿਡਾਰਨ ਮਾਨਸੀ ਜੋਸ਼ੀ।

ਇਨ੍ਹਾਂ ਖਿਡਾਰਨਾਂ ਦੀ ਚੋਣ ਜੂਰੀ ਦੇ ਇੱਕ ਉੱਘੇ ਪੈਨਲ ਵੱਲੋਂ ਕੀਤੀ ਗਈ ਸੀ। ਵੋਟਿੰਗ 3 ਫਰਵਰੀ 2020 ਨੂੰ ਸ਼ੁਰੂ ਹੋਈ ਅਤੇ 24 ਫਰਵਰੀ 2020 ਨੂੰ ਬੰਦ ਹੋ ਗਈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)