ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

ਦੁਨੀਆਂ ਭਰ ਦੇ 110 ਤੋਂ ਜ਼ਿਆਦਾ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ।

ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਐਲਾਨਿਆ ਹੈ।

ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਉੱਤੇ ਰੋਕ ਲਾ ਦਿੱਤੀ ਹੈ।

1. ਕੋਰੋਨਾਵਾਇਰਸ ਜਾਂ ਕੋਵਿਡ-19 ਕੀ ਹੈ?

ਕੋਰੋਨਾਵਾਇਰਸ ਅਸਲ ਵਿੱਚ ਇੱਕ ਵੱਡੇ ਵਾਇਰਸ ਦੇ ਪਰਿਵਾਰ ਨਾਲ ਸਬੰਧਿਤ ਹੈ ਜੋ ਇਨਸਾਨ ਜਾਂ ਜਾਨਵਰਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਕੋਰੋਨਾਵਾਇਰਸ ਇਨਸਾਨ ਵਿੱਚ ਆਮ ਸਰਦੀ ਜ਼ੁਕਾਮ ਤੋਂ ਲੈ ਕੇ ਜ਼ਿਆਦਾ ਗੰਭੀਰ ਸਾਹ ਦੀ ਬਿਮਾਰੀ 'ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ (ਸਾਰਸ)' ਦਾ ਕਾਰਨ ਮੰਨਿਆ ਜਾਂਦਾ ਹੈ।

ਅੱਜ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਬਿਮਾਰੀ ਨੇ ਦਹਿਸ਼ਤ ਫੈਲਾਈ ਹੋਈ ਹੈ। ਇਹ ਇੱਕ ਲਾਗ ਹੈ ਜੋ ਹਾਲ ਹੀ ਵਿੱਚ ਖੋਜੇ ਗਏ ਕੋਰੋਨਾਵਾਇਰਸ ਕਾਰਨ ਹੁੰਦੀ ਹੈ।

ਵਿਗਿਆਨੀਆਂ ਨੇ ਇਸ ਨੂੰ 'ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ ਕੋਰੋਨਾਵਾਇਰਸ 2' ਜਾਂ 'ਸਾਰਸ-ਸੀਓਵੀ-2' ਦਾ ਨਾਂ ਦਿੱਤਾ ਹੈ।

ਇਹ ਵੀ ਪੜ੍ਹੋ:

2. ਕੋਰੋਨਾਵਾਇਰਸ ਦੇ ਲੱਛਣ ਕੀ ਹਨ?

ਕੋਵਿਡ-19 ਇੱਕ ਬੁਖ਼ਾਰ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਜਿਸਦੇ ਬਾਅਦ ਸੁੱਕੀ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ ਸਾਹ ਦੀ ਤਕਲੀਫ਼ ਹੁੰਦੀ ਹੈ।

ਪਰ ਇਨ੍ਹਾਂ ਲੱਛਣਾਂ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਹ ਬਿਮਾਰੀ ਜ਼ਰੂਰ ਹੋ ਗਈ ਹੈ। ਇਹ ਲੱਛਣ ਹੋਰ ਵਾਇਰਸਾਂ ਵਰਗੇ ਹੀ ਹਨ ਜੋ ਬਹੁਤ ਆਮ ਹਨ।

ਇਨ੍ਹਾਂ ਨਾਲ ਸਰਦੀ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਬੁਖਾਰ ਅਤੇ ਥਕਾਵਟ ਹੋ ਸਕਦੀ ਹੈ। ਕੋਵਿਡ-19 ਦੇ ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਲਾਗ ਨਾਲ ਨਮੂਨੀਆ, ਸਾਹ ਲੈਣ ਵਿੱਚ ਬਹੁਤ ਜ਼ਿਆਦਾ ਤਕਲੀਫ਼, ਗੁਰਦੇ ਫੇਲ੍ਹ ਹੋਣੇ ਅਤੇ ਮੌਤ ਵੀ ਹੋ ਸਕਦੀ ਹੈ। ਬਹੁਤੇ ਲੋਕਾਂ ਵਿੱਚ ਇਹ ਲੱਛਣ ਪੰਜ ਦਿਨਾਂ ਜਾਂ ਇਸਦੇ ਆਸ-ਪਾਸ ਵਿਕਸਤ ਹੁੰਦੇ ਹਨ।

ਫੋਟੋ ਕੈਪਸ਼ਨ ਕੋਰੋਨਾਵਾਇਰਸ: ਕੀ ਕਰਨ ਦੀ ਲੋੜ

ਕੋਰੋਨਾਵਾਇਰਸ ਅਤੇ ਫਲੂ ਦੇ ਲੱਛਣ ਆਪਸ ਵਿੱਚ ਮਿਲਦੇ ਜੁਲਦੇ ਹਨ ਜਿਨ੍ਹਾਂ ਦਾ ਜਾਂਚ ਕੀਤੇ ਬਿਨਾਂ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਬੁਖਾਰ ਅਤੇ ਖਾਂਸੀ ਨਾਲ ਹੀ ਮੁੱਖ ਤੌਰ 'ਤੇ ਕੋਰੋਨਾਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਹਨ। ਫਲੂ ਵਿੱਚ ਅਕਸਰ ਹੋਰ ਲੱਛਣ ਵੀ ਹੁੰਦੇ ਹਨ ਜਿਵੇਂ ਕਿ ਗਲੇ ਵਿੱਚ ਦਰਦ, ਜਦੋਂਕਿ ਕੋਰੋਨਾਵਾਇਰਸ ਤੋਂ ਪੀੜਤਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ।

3. ਕੀ ਕੋਰੋਨਾਵਾਇਰਸ ਜਾਨਲੇਵਾ ਹੋ ਸਕਦਾ ਹੈ?

ਮੌਜੂਦਾ ਸਮੇਂ ਵਿਗਿਆਨੀਆਂ ਨੂੰ ਲੱਗਦਾ ਹੈ ਕਿ 1000 ਵਿੱਚੋਂ ਪੰਜ ਤੋਂ ਲੈ ਕੇ ਚਾਲੀ ਵਿਅਕਤੀਆਂ ਦੀ ਮੌਤ ਹੁੰਦੀ ਹੈ। ਇਸਦਾ ਸਭ ਤੋਂ ਸਟੀਕ ਅਨੁਮਾਨ 1000 ਵਿੱਚੋਂ 9 ਵਿਅਕਤੀ ਜਾਂ ਲਗਪਗ 1% ਮੌਤ ਹੁੰਦੀ ਹੈ।

ਇਹ ਵੀ ਪੜ੍ਹੋ:

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈੱਡਰੋਸ ਅਡਾਨੋਮ ਘੇਬਰੇਸਸ ਨੇ ਇਸ ਮਹੀਨੇ ਕਿਹਾ ਸੀ, ''ਵਿਸ਼ਵ ਪੱਧਰ 'ਤੇ ਕੋਵਿਡ-19 ਨਾਲ 3.4% ਮਾਮਲਿਆਂ ਵਿੱਚ ਮੌਤ ਹੋਈ ਹੈ।''

ਪਰ ਇਹ ਅੰਕੜੇ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹਨ। ਹਜ਼ਾਰਾਂ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ-ਇਸ ਲਈ ਮੌਤ ਦਰ ਜ਼ਿਆਦਾ ਹੋ ਸਕਦੀ ਹੈ।

ਇਹ ਘੱਟ ਵੀ ਹੋ ਸਕਦਾ ਹੈ ਜੇਕਰ ਬਹੁਤ ਛੋਟੇ ਮਾਮਲਿਆਂ ਨੂੰ ਰਿਪੋਰਟ ਨਾ ਕੀਤਾ ਗਿਆ ਹੋਵੇ। ਵਿਸ਼ਵ ਸਿਹਤ ਸੰਗਠਨ ਵੱਲੋਂ 56,000 ਮਰੀਜ਼ਾਂ ਦੇ ਅੰਕੜਿਆਂ ਦੀ ਜਾਂਚ ਤੋਂ ਬਾਅਦ ਸੁਝਾਅ ਦਿੱਤੇ ਗਏ ਹਨ:

  • 6 ਫੀਸਦ ਗੰਭੀਰ ਰੂਪ ਨਾਲ ਬਿਮਾਰ ਹੋ ਸਕਦੇ ਹਨ-ਫੇਫੜੇ ਫੇਲ੍ਹ ਹੋਣੇ, ਸੈਪਟਿਕ ਸ਼ੌਕ, ਅੰਗਾਂ ਦਾ ਕੰਮ ਕਰਨਾ ਬੰਦ ਕਰ ਦੇਣਾ ਅਤੇ ਮੌਤ ਦਾ ਖਤਰਾ।
  • 14 ਫੀਸਦ ਵਿੱਚ ਗੰਭੀਰ ਲੱਛਣ ਵਿਕਸਤ ਹੁੰਦੇ ਹਨ-ਸਾਹ ਲੈਣ ਵਿੱਚ ਮੁਸ਼ਕਲ।
  • 80 ਫੀਸਦ ਵਿੱਚ ਹਲਕੇ ਲੱਛਣ ਵਿਕਸਤ ਹੁੰਦੇ ਹਨ-ਬੁਖਾਰ ਅਤੇ ਖਾਂਸੀ ਅਤੇ ਕੁਝ ਮਾਮਲਿਆਂ ਵਿੱਚ ਨਮੂਨੀਆ ਹੋ ਸਕਦਾ ਹੈ।
  • ਬਜ਼ੁਰਗ ਅਤੇ ਜਿਹੜੇ ਕਾਫ਼ੀ ਸਮੇਂ ਤੋਂ ਬਿਮਾਰ ਹਨ (ਜਿਵੇਂ ਅਸਥਮਾ, ਸ਼ੂਗਰ, ਦਿਲ ਦੀ ਬਿਮਾਰੀ) ਉਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

4. ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ?

ਮੌਜੂਦਾ ਸਮੇਂ ਇਸ ਬਿਮਾਰੀ ਤੋਂ ਬਚਾਅ ਲਈ ਕੋਈ ਵੈਕਸੀਨ ਉਪਲੱਬਧ ਨਹੀਂ ਹੈ।

ਹਾਲਾਂਕਿ ਖੋਜਕਰਤਾਵਾਂ ਨੇ ਵੈਕਸੀਨ ਵਿਕਸਤ ਕੀਤੀ ਹੈ ਅਤੇ ਜਾਨਵਰਾਂ 'ਤੇ ਇਸਦੀ ਪਰਖ ਸ਼ੁਰੂ ਕਰ ਰਹੇ ਹਨ। ਜੇਕਰ ਇਹ ਠੀਕ ਰਿਹਾ ਤਾਂ ਸਾਲ ਦੇ ਬਾਅਦ ਇਸਦੀ ਮਨੁੱਖ 'ਤੇ ਜਾਂਚ ਹੋ ਸਕਦੀ ਹੈ।

ਜੇਕਰ ਵਿਗਿਆਨੀ ਕ੍ਰਿਸਮਸ ਤੋਂ ਪਹਿਲਾਂ ਇਸਦੀ ਵੈਕਸੀਨ ਵਿਕਸਤ ਕਰਨ ਵਿੱਚ ਸਮਰੱਥ ਹੋ ਜਾਂਦੇ ਹਨ ਤਾਂ ਫਿਰ ਵੀ ਇਸਨੂੰ ਵੱਡੇ ਪੱਧਰ 'ਤੇ ਬਣਾਉਣ ਲਈ ਬਹੁਤ ਕੰਮ ਕਰਨ ਦੇ ਸਮਰੱਥ ਹੋਣ ਵਿੱਚ ਸਮਾਂ ਲੱਗੇਗਾ।

ਇਹ ਵੀ ਪੜ੍ਹੋ:

ਕੋਵਿਡ-19 ਇੱਕ ਵਾਇਰਸ ਕਾਰਨ ਹੁੰਦਾ ਹੈ, ਇਸ ਲਈ ਐਂਟੀਬਾਯੋਟਿਕ ਇਸ 'ਤੇ ਕੰਮ ਨਹੀਂ ਕਰਦੇ ਹਨ। ਇਸ ਸਮੇਂ ਬਿਮਾਰੀ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕਾਇਮ ਰੱਖਣਾ ਹੈ।

ਆਪਣੇ ਹੱਥਾਂ ਨੂੰ ਬਾਰ-ਬਾਰ ਸਾਫ਼ ਕਰੋ, ਖਾਂਸੀ ਆਉਣ 'ਤੇ ਮੂੰਹ ਨੂੰ ਆਪਣੀ ਕੂਹਣੀ ਜਾਂ ਟਿਸ਼ੂ ਨਾਲ ਢਕੋ। ਖਾਂਸੀ ਕਰਨ ਜਾਂ ਛਿੱਕਣ ਵਾਲੇ ਵਿਅਕਤੀਆਂ ਤੋਂ ਘੱਟ ਤੋਂ ਘੱਟ 1 ਮੀਟਰ (3 ਫੁੱਟ) ਦੀ ਦੂਰੀ ਬਣਾ ਕੇ ਰੱਖੋ।

ਵੀਡੀਓ: ਕੋਰੋਨਾਵਾਇਰਸ ਤੋਂ ਮੌਤ ਦੀ ਸੰਭਾਵਨਾ ਤੇ ਮੌਤ ਦਾ ਸੱਚ

5. ਕੋਰੋਨਾਵਾਇਰਸ ਦੀ ਉਤਪਤੀ ਕਿੱਥੇ ਹੋਈ?

ਮੰਨਿਆ ਜਾ ਰਿਹਾ ਹੈ ਕਿ ਸਾਰਸ-ਸੀਓਵੀ-2 ਵਾਇਰਸ ਦੀ ਉਤਪਤੀ ਜੰਗਲੀ ਜੀਵਾਂ ਵਿੱਚ ਹੋਈ ਅਤੇ ਪਿਛਲੇ ਦਸੰਬਰ ਵਿੱਚ ਵੂਹਾਨ, ਚੀਨ ਦੇ ਜੀਵਤ ਪਸ਼ੂਆਂ ਦੇ ਬਾਜ਼ਾਰ ਤੋਂ ਇਸਦੀ ਲਾਗ ਮਨੁੱਖ ਨੂੰ ਲੱਗੀ।

ਵਿਗਿਆਨੀਆਂ ਨੇ ਅਜੇ ਇਸ ਵਾਇਰਸ ਦੇ ਪਸ਼ੂ ਸਰੋਤ ਦੀ ਪਛਾਣ ਕਰਨੀ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਮੂਲ ਰੂਪ ਨਾਲ ਇਸ ਵਾਇਰਸ ਦਾ ਵਾਹਕ ਚਮਗਿੱਦੜ ਸਨ।

ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

ਫੋਟੋ ਕੈਪਸ਼ਨ ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

6. ਕੋਰੋਨਵਾਇਰਸ ਕਿਵੇਂ ਫੈਲਦਾ ਹੈ?

ਕੋਵਿਡ-19 ਤੋਂ ਪੀੜਤ ਵਿਅਕਤੀ ਵੱਲੋਂ ਕੀਤੀ ਖਾਂਸੀ ਜਾਂ ਛਿੱਕ ਰਾਹੀਂ ਨਿਕਲਣ ਵਾਲੀਆਂ ਥੁੱਕ ਦੀਆਂ ਬੂੰਦਾਂ ਨਾਲ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦਾ ਹੈ।

ਇੱਕ ਵਿਅਕਤੀ ਦੇ ਦੂਜੇ ਵਿਅਕਤੀ ਨਾਲ ਹੱਥ ਮਿਲਾਉਣ, ਪੀੜਤ ਵਿਅਕਤੀ ਤੋਂ ਲਾਗ ਲੱਗੀ ਵਸਤੂ ਜਾਂ ਸਤ੍ਹਾ ਨੂੰ ਛੂਹਣ ਅਤੇ ਫਿਰ ਇਸ ਨਾਲ ਮੂੰਹ, ਨੱਕ ਜਾਂ ਅੱਖਾਂ ਨੂੰ ਛੂਹਣ ਨਾਲ ਇਹ ਵਾਇਰਸ ਫੈਲ ਸਕਦਾ ਹੈ।

WHO ਅਨੁਸਾਰ ਪੀੜਤ ਵਿਅਕਤੀ ਦੇ ਮਲ ਤੋਂ ਕੋਵਿਡ-19 ਦੀ ਲਾਗ ਫੈਲਣ ਦਾ ਖਤਰਾ ਘੱਟ ਹੈ।

ਵੀਡੀਓ: ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ

7. ਤੁਸੀਂ ਆਪਣੇ ਆਪ ਨੂੰ ਕੋਰੋਨਾਵਾਇਰਸ ਤੋਂ ਕਿਵੇਂ ਬਚਾ ਸਕਦੇ ਹੋ?

ਆਪਣੇ ਹੱਥਾਂ ਨੂੰ ਘੱਟ ਤੋਂ ਘੱਟ 20 ਸੈਕਿੰਡ ਲਈ ਧੋਵੋ। ਸਾਫ਼ ਕਰਦੇ ਹੋਏ ਹੱਥਾਂ ਦੇ ਸਾਰੇ ਹਿੱਸਿਆਂ ਨੂੰ ਚੰਗੀ ਤਰ੍ਹਾਂ ਧੋਵੋ। ਸਾਬਣ ਅਤੇ ਪਾਣੀ ਜਾਂ ਅਲਕੋਹਲ ਮਿਲੇ ਹੈਂਡਸੋਪ ਦੀ ਵਰਤੋਂ ਕਰੋ।

ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ ਕਿਉਂਕਿ ਇੱਥੋਂ ਵਾਇਰਸ ਤੁਹਾਡੇ ਸਰੀਰ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਜਦੋਂ ਤੁਸੀਂ ਛਿੱਕਦੇ ਹੋ ਤਾਂ ਨੱਕ ਨੂੰ ਡਿਸਪੋਜੇਬਲ ਟਿਸ਼ੂ ਨਾਲ ਕਵਰ ਕਰੋ, ਫਿਰ ਇਸਨੂੰ ਕੂੜੇਦਾਨ ਵਿੱਚ ਸੁੱਟੋ ਅਤੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਵੋ।

ਰੁਮਾਲਾਂ ਦੀ ਬਜਾਏ ਡਿਸਪੋਜੇਬਲ ਟਿਸ਼ੂ ਠੀਕ ਰਹਿੰਦੇ ਹਨ। ਜੇਕਰ ਤੁਹਾਡੇ ਕੋਲ ਟਿਸ਼ੂ ਨਹੀਂ ਹਨ ਤਾਂ ਤੁਸੀਂ ਆਪਣੀ ਕੂਹਣੀ ਦੀ ਆੜ ਵਿੱਚ ਛਿੱਕੋ ਜਾਂ ਖਾਂਸੀ ਕਰੋ।

ਜ਼ਿਆਦਾ ਲੋਕਾਂ ਵੱਲੋਂ ਛੂਹੀਆਂ ਗਈਆਂ ਵਸਤਾਂ, ਹੈਂਡਟਰੇਲਜ਼, ਲਿਫਟ ਬਟਣ ਅਤੇ ਹੋਰ ਚੀਜ਼ਾਂ ਨੂੰ ਛੂਹਣ ਤੋਂ ਬਚੋ। ਬੁਖਾਰ, ਖਾਂਸੀ ਅਤੇ ਸਾਹ ਦੀ ਤਕਲੀਫ਼, ਮਾਸਪੇਸ਼ੀਆਂ ਵਿੱਚ ਦਰਦ ਆਦਿ ਲੱਛਣ ਦਿਖਾਈ ਦੇਣ ਵਾਲੇ ਵਿਅਕਤੀਆਂ ਤੋਂ ਦੂਰ ਰਹੋ।

ਵੀਡੀਓ: ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ

ਬੁਖਾਰ, ਖਾਂਸੀ ਅਤੇ ਸਾਹ ਦੀ ਤਕਲੀਫ਼ ਹੋਣ 'ਤੇ ਘਰ ਵਿੱਚ ਹੀ ਰਹੋ, ਡਾਕਟਰ ਨਾਲ ਸੰਪਰਕ ਕਰੋ। ਯਾਤਰਾ 'ਤੇ ਜਾਣ ਤੋਂ ਪਹਿਲਾਂ ਹੈਲਥ ਅਡਵਾਇਜ਼ਰੀ ਚੈੱਕ ਕਰੋ, ਵਿਸ਼ੇਸ਼ ਤੌਰ 'ਤੇ ਉੱਥੇ ਜਿੱਥੇ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ।

ਯੂਵੀ ਲਾਈਟ, ਐਂਟੀਬਾਯੋਟਿਕ ਦਵਾਈਆਂ, ਲਸਣ, ਖਾਰਾ ਸਲਿਊਸ਼ਨ ਸਾਰਸ-ਸੀਓਵੀ-2 ਵਾਇਰਸ ਨੂੰ ਨਹੀਂ ਰੋਕ ਸਕਦੇ। ਰੋਗੀਆਂ ਦੇ ਨਜ਼ਦੀਕੀ ਸੰਪਰਕ ਵਿੱਚ ਹੋਣ 'ਤੇ ਮਾਸਕ ਪਾਉਣੇ ਮਹੱਤਵਪੂਰਨ ਹਨ। ਪਰ ਇਸ ਗੱਲ ਦੇ ਬਹੁਤ ਘੱਟ ਪ੍ਰਮਾਣ ਹਨ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਮਾਸਕ ਸਹਾਇਕ ਹੁੰਦੇ ਹਨ।

Image copyright Getty Images

8. ਜੇਕਰ ਮੈਨੂੰ ਲੱਗਦਾ ਹੈ ਕਿ ਮੈਨੂੰ ਕੋਰੋਨਾਵਾਇਰਸ ਹੈ ਤਾਂ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਸੀਂ ਹਾਲ ਹੀ ਵਿੱਚ ਕੋਰੋਨਾਵਾਇਰਸ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕੀਤੀ ਹੈ ਜਾਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜੋ ਹਾਲ ਹੀ ਵਿੱਚ ਅਜਿਹੇ ਥਾਵਾਂ 'ਤੇ ਗਿਆ ਹੋਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਘਰ ਦੇ ਅੰਦਰ ਰਹੋ ਅਤੇ ਦੂਜੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਵਿਸ਼ੇਸ਼ ਤੌਰ 'ਤੇ ਉਦੋਂ ਜਦੋਂ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਹੋ, ਇੱਥੋਂ ਤੱਕ ਕਿ ਹਲਕੇ ਲੱਛਣਾਂ ਜਿਵੇਂ ਸਿਰਦਰਦ, ਘੱਟ ਪੱਧਰ ਵੱਲ ਬੁਖਾਰ (37.3 ਸੈਲਸੀਅਸ ਜਾਂ ਜ਼ਿਆਦਾ) ਅਤੇ ਮਾਮੂਲੀ ਵਹਿੰਦਾ ਨੱਕ। ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ, ਇਸਦਾ ਪਾਲਣ ਕਰੋ। ਦੂਜੇ ਲੋਕਾਂ ਨੂੰ ਲਾਗ ਲੱਗਣ ਤੋਂ ਬਚਣ ਲਈ ਮਾਸਕ ਜ਼ਰੂਰ ਪਹਿਨੋ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਤੋਂ ਪੀੜਤ ਹੋ ਸਕਦੇ ਹੋ ਤਾਂ ਨਿਰੰਤਰ ਡਾਕਟਰ ਕੋਲ ਜਾਣ ਨਾਲ ਇਸਦੀ ਪੁਸ਼ਟੀ ਨਹੀਂ ਹੋ ਸਕਦੀ। ਅਜਿਹਾ ਇਸ ਲਈ ਕਿਉਂਕਿ ਇਸ ਵਾਇਰਸ ਦੇ ਪ੍ਰਫੁੱਲਿਤ ਹੋਣ ਦਾ ਸਮਾਂ 14 ਦਿਨਾਂ ਤੱਕ ਹੋ ਸਕਦਾ ਹੈ। ਪ੍ਰਫੁੱਲਿਤ ਹੋਣ ਦੇ ਸਮੇਂ ਦਾ ਅਰਥ ਹੈ ਕਿ ਵਾਇਰਸ ਦੇ ਵਧਣ ਫੁੱਲਣ ਅਤੇ ਇਸ ਬਿਮਾਰੀ ਦੇ ਲੱਛਣਾਂ ਦੀ ਸ਼ੁਰੂਆਤ ਦੇ ਵਿਚਕਾਰ ਦਾ ਸਮਾਂ।

ਵੀਡੀਓ: Coronavirus: ਜੇ ਤੁਸੀਂ ਕੋਰੋਨਾਵਾਇਰਸ ਦੀ ਚਪੇਟ 'ਚ ਆ ਜਾਓ ਤਾਂ ਕੀ ਕਰਨਾ ਚਾਹੀਦਾ ਹੈ

ਦਿੱਲੀ ਵਿੱਚ ਕੋਰੋਨਾਵਾਇਰਸ ਹੈਲਪ ਲਾਈਨ ਨੰਬਰ : +91-11-23978046 ਹੈ ਜਾਂ ncov20190gmail.com 'ਤੇ ਈ-ਮੇਲ ਕਰੋ ਅਤੇ ਅਧਿਕਾਰੀਆਂ ਨੂੰ ਸੂਚਿਤ ਕਰੋ।

ਸਿਹਤ ਅਧਿਕਾਰੀ ਤੁਹਾਡੇ ਨਮੂਨੇ ਜਾਂਚ ਲਈ ਭੇਜਣਗੇ। ਭਾਰਤ ਵਿੱਚ ਇਸ ਵਾਇਰਸ ਦੀ ਜਾਂਚ 15 ਲਬੌਟਰੀਆਂ ਵਿੱਚ ਕਰਵਾ ਸਕਦੇ ਹਾਂ। ਸਰਕਾਰ ਅਨੁਸਾਰ 19 ਹੋਰ ਲੈਬੌਰਟਰੀਆਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ।

ਜੇਕਰ ਟੈਸਟ ਪਾਜ਼ੇਟਿਵ ਹਨ ਤਾਂ ਤੁਹਾਡਾ ਸਬੰਧਿਤ ਖੇਤਰ ਦੇ ਇਸ ਲਈ ਅਧਿਕਾਰਤ ਕੀਤੇ ਗਏ ਹਸਪਤਾਲਾਂ ਦੇ ਅਲਹਿਦਾ ਵਾਰਡਾਂ ਵਿੱਚ 28 ਦਿਨਾਂ ਤੱਕ ਇਲਾਜ ਕੀਤਾ ਜਾਵੇਗਾ। (ਇੱਥੇ ਅਧਿਕਾਰਤ ਕੀਤੇ ਹਸਪਤਾਲਾਂ ਦੇ ਨਾਂ ਜੋੜੇ ਜਾ ਸਕਦੇ ਹਨ)।

ਜਿਸ ਵੀ ਪੀੜਤ ਵਿੱਚ 12 ਦਿਨਾਂ ਬਾਅਦ ਇਹ ਲੱਛਣ ਖਤਮ ਹੋ ਜਾਂਦੇ ਹਨ, ਉਸਦੀ ਮੁੜ ਇਨ੍ਹਾਂ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ, ਪਰ ਉਹ ਅਜੇ ਵੀ ਇਸਦੀ ਲਾਗ ਦੇ ਵਾਹਕ ਹੋ ਸਕਦੇ ਹਨ।

ਖੋਜਕਰਤਾਵਾਂ ਨੇ ਅਜਿਹੇ ਵਿਅਕਤੀਆਂ ਨੂੰ ਸਲਾਹ ਦਿੱਤੀ ਹੈ ਜਿਨ੍ਹਾਂ ਨੂੰ ਲਾਗ ਲੱਗ ਸਕਦੀ ਹੈ, ਜੇਕਰ ਉਨ੍ਹਾਂ ਵਿੱਚ ਇਸਦੇ ਲੱਛਣ ਹਨ ਜਾਂ ਨਹੀਂ-ਉਹ ਖੁਦ ਨੂੰ 14 ਦਿਨਾਂ ਤੱਕ ਹੋਰਾਂ ਤੋਂ ਅਲਹਿਦਾ ਰੱਖਣ ਤਾਂ ਕਿ ਉਹ ਇਸਨੂੰ ਦੂਜਿਆਂ ਵਿੱਚ ਨਾ ਫੈਲਾਉਣ।

Image copyright EPA

9. ਕੋਰੋਨਾਵਾਇਰਸ ਮਹਾਂਮਾਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਐਲਾਨ ਦਿੱਤਾ ਹੈ।

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਰੌਪੀਕਲ ਮੈਡੀਸਨ ਦੇ ਡੇਵਿਡ ਹੇਮਨ ਕਹਿੰਦੇ ਹਨ, ''ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਨੂੰ ਮਿਆਰੀ ਪ੍ਰਕਿਰਿਆਵਾਂ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਲਾਗ ਪੀੜਤ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਅਲਹਿਦਾ ਰੱਖਣਾ ਸ਼ਾਮਲ ਹੈ।"

"ਉਨ੍ਹਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦਾ ਪਤਾ ਲਗਾਉਣਾ ਅਤੇ ਇਹ ਯਕੀਨੀ ਬਣਾ ਕੇ ਕੰਟਰੋਲ ਦੇ ਹੋਰ ਸਾਰੇ ਸਾਧਨਾਂ ਨੂੰ ਅਪਣਾਇਆ ਜਾ ਸਕਦਾ ਹੈ। ਕਦੇ ਕਦੇ ਇਸ ਵਿੱਚ ਲੋਕਾਂ ਨੂੰ ਯਾਤਰਾ ਕਰਨ ਤੋਂ ਮਨ੍ਹਾ ਕਰਨਾ ਜਾਂ ਯਾਤਰਾ ਨੂੰ ਮੁਲਤਵੀ ਕਰਨ ਲਈ ਕਹਿਣ ਦੀ ਵੀ ਲੋੜ ਹੁੰਦੀ ਹੈ।''

Image copyright Getty Images

ਡਾ. ਟੈੱਡਰੋਸ ਅਨੁਸਾਰ 'ਸਰਕਾਰਾਂ ਨੂੰ ਸਿਹਤ ਸੁਰੱਖਿਆ, ਰੁਕਾਵਟਾਂ ਨੂੰ ਘੱਟ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਵਿਚਕਾਰ ਇੱਕ ਚੰਗਾ ਸੰਤੁਲਨ ਬਣਾਉਣਾ ਚਾਹੀਦਾ ਹੈ।''

ਬਿਮਾਰੀ ਦੇ ਪਾਸਾਰ ਨੂੰ ਰੋਕਣ ਅਤੇ ਇਸਦਾ ਢੁਕਵਾਂ ਇਲਾਜ ਖੋਜਣ ਲਈ ਸਰਕਾਰਾਂ ਅਤੇ ਏਜੰਸੀਆਂ ਵਿਚਕਾਰ ਵਿਆਪਕ ਸਹਿਯੋਗ ਦੀ ਵੀ ਲੋੜ ਹੈ।

ਅਜਿਹੇ ਪ੍ਰਕੋਪਾਂ ਨਾਲ ਨਜਿੱਠਣ ਦੀ ਸਮਰੱਥਾ ਵਿਕਸਤ ਕਰਨ ਲਈ ਫੰਡਾਂ ਦੀ ਵੀ ਘਾਟ ਰਹਿੰਦੀ ਹੈ। ਆਲਮੀ ਆਗੂਆਂ ਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਇਸ ਬਿਮਾਰੀ ਨਾਲ ਨਿਪਟਣ ਲਈ ਪੈਸਾ ਕਿੱਥੋਂ ਆਉਣਾ ਚਾਹੀਦਾ ਹੈ।

Image copyright EPA
ਫੋਟੋ ਕੈਪਸ਼ਨ ਈਰਾਨ ਵਿੱਚ ਵੀ ਕਾਲਜ, ਯੂਨੀਵਰਸਿਟੀਆਂ ਬੰਦ

10. ਕੀ ਭਾਰਤ ਕੋਰੋਨਾਵਾਇਰਸ ਪ੍ਰਕੋਪ ਨਾਲ ਨਜਿੱਠਣ ਲਈ ਤਿਆਰ ਹੈ?

ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਵਿੱਚ ਸੁਧਾਰ ਦੀ ਬਹੁਤ ਗੁੰਜਾਇਸ਼ ਹੈ। ਫਿਰ ਵੀ ਸਵਾਈਨ ਫਲੂ ਅਤੇ ਨਿਪਾਹ ਵਾਇਰਸ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਵਿੱਚ ਭਾਰਤ ਦਾ ਰਿਕਾਰਡ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਭਾਰਤ ਦੁਨੀਆਂ ਦੇ ਅਜਿਹੇ ਪਹਿਲੇ ਦੇਸਾਂ ਵਿੱਚ ਸ਼ਾਮਲ ਹੈ ਜੋ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਤਿਆਰ ਹਨ।

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਾ ਦਾਅਵਾ ਹੈ ਕਿ ਸਿਹਤ ਕਰਮਚਾਰੀਆਂ ਨੂੰ ਸੰਭਾਵਿਤ ਪ੍ਰਕੋਪ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਰਾਜਾਂ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਇਸਦੇ ਮਰੀਜ਼ਾਂ ਲਈ ਅਲਹਿਦਾ ਵਾਰਡ ਬਣਾਏ ਜਾ ਰਹੇ ਹਨ।

ਸ੍ਰੀ ਹਰਸ਼ਵਰਧਨ ਕਹਿੰਦੇ ਹਨ, ''ਭਾਰਤ ਕਿਸੇ ਵੀ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਪੂਰੀ ਤਰ੍ਹਾਂ ਸੁਚੇਤ ਹਾਂ।''

ਹਾਲਾਂਕਿ ਆਬਾਦੀ ਪੱਖੋਂ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ ਭਾਰਤ ਕੋਵਿਡ-19 ਖਿਲਾਫ਼ ਲੜਾਈ ਲੜਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਪਹਿਲਾ, ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ 'ਤੇ ਜਾਂਚ ਦੇ ਬਾਵਜੂਦ ਲਾਗ ਦੇ ਪਾਸਾਰ ਦੀ ਅਸਲ ਸੀਮਾ ਸਪੱਸ਼ਟ ਨਹੀਂ ਹੋ ਸਕਦੀ। ਵਾਇਰਸ ਦੇ ਪ੍ਰਫੁੱਲਿਤ ਹੋਣ ਦਾ ਸਮਾਂ ਅਤੇ ਕਿਸੇ ਵੀ ਲੱਛਣ ਨੂੰ ਦਿਖਾਉਣ ਦਾ ਸਮਾਂ 14 ਦਿਨਾਂ ਤੱਕ ਹੈ।

ਕੁਝ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ 24 ਦਿਨਾਂ ਤੱਕ ਵੀ ਹੋ ਸਕਦਾ ਹੈ। ਇਸਦਾ ਮਤਲਬ ਇਹ ਹੋਇਆ ਕਿ ਕਈ ਲੋਕਾਂ ਜਿਨ੍ਹਾਂ ਦੀ ਜਾਂਚ ਹਵਾਈ ਅੱਡਿਆਂ ਅਤੇ ਬੰਦਰਗਾਹਾਂ 'ਤੇ ਨੈਗੇਟਿਵ ਆਈ ਹੈ, ਉਹ ਲਾਗ ਨੂੰ ਭਾਰਤ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੈ ਕੇ ਜਾ ਸਕਦੇ ਹਨ।

ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਦੀ ਗੁਣਵੱਤਾ ਬਹੁਤ ਅਸਮਾਨ ਹੈ। ਮੌਜੂਦਾ ਹਸਪਤਾਲ ਇਕਦਮ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਚਰਮਰਾ ਸਕਦੇ ਹਨ।

ਚੀਨ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਆਪਣੇ ਲੋਕਾਂ ਨੂੰ ਕੁਆਰੰਟੀਨ ਕਰਨ ਲਈ ਮਜਬੂਰ ਕਰਨਾ ਅਤੇ ਹਸਪਤਾਲਾਂ ਵਿੱਚ ਦਾਖਲਾ ਕਰਨਾ ਅਸੰਭਵ ਹੋ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਪੈਰਿਸ ਫ਼ੈਸ਼ਨ ਵੀਕ ਵਿੱਚ ਪੋਸ਼ਾਕ ਨਾ ਮੇਲ ਖਾਂਦੇ ਮਾਸਕ ਪਾ ਕੇ ਤੁਰਦੇ ਮਾਡਲ

ਇਸਦੀ ਬਜਾਏ ਅਸੀਂ 'ਭਾਰਤੀ ਹੱਲ' ਦੀ ਗੱਲ ਕਰਦੇ ਹਾਂ ਜਿੱਥੇ ਜਲਦੀ ਪਤਾ ਲਗਾਉਣ ਅਤੇ ਪ੍ਰਭਾਈ ਇਲਾਜ ਯਕੀਨੀ ਬਣਾਉਂਦੇ ਹਨ ਜਿੱਥੇ ਘਰ ਵਿੱਚ ਹੀ ਲਾਗ ਪੀੜਤ ਦਾ ਧਿਆਨ ਰੱਖਿਆ ਜਾਂਦਾ ਹੈ।

ਹਸਪਤਾਲਾਂ ਵਿੱਚ ਉਨ੍ਹਾਂ ਮਰੀਜ਼ਾਂ ਨੂੰ ਹੀ ਦਾਖਲ ਕੀਤਾ ਜਾਂਦਾ ਹੈ ਜਿਹੜੇ ਗੰਭੀਰ ਹਨ। ਕਮਜ਼ੋਰ ਸਿਹਤ ਪ੍ਰਣਾਲੀ ਵਾਲੇ ਰਾਜਾਂ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਕੇਂਦਰ ਅਤੇ ਰਾਜ ਪੱਧਰ 'ਤੇ ਐਮਰਜੈਂਸੀ ਸੰਚਾਲਨ ਕੇਂਦਰ ਬਣਾਉਣ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਦੇਸ ਦੇ ਉਪਲੱਬਧ ਬਹੁਤ ਘੱਟ ਸਿਹਤ ਅੰਕੜਿਆਂ ਬਾਰੇ ਵੀ ਚਿੰਤਾਵਾਂ ਹਨ।

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

Sorry, your browser cannot display this map

ਫਲੂ ਨਾਲ ਸਬੰਧਿਤ ਮੌਤਾਂ ਲਈ ਤਾਂ ਬਹੁਤ ਘੱਟ ਅੰਕੜੇ ਹਨ। ਸੋਸ਼ਲ ਮੀਡੀਆ ਜ਼ਰੀਏ ਫੈਲਾਈਆਂ ਗਈਆਂ ਅਫ਼ਵਾਹਾਂ, ਮਿਥਾਂ ਅਤੇ ਗਲਤ ਧਾਰਨਾਵਾਂ ਵੀ ਲਾਗ ਸਬੰਧੀ ਪ੍ਰਭਾਵੀ ਪ੍ਰਕਿਰਿਆ ਦੇਣ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ।

Image copyright AFP
ਫੋਟੋ ਕੈਪਸ਼ਨ ਦੱਖਣੀ ਕੋਰੀਆ ਦੇ ਡਾਇਗੁ ਸ਼ਹਿਰ ਵਿੱਚ ਵਾਇਰਸ ਦਾ ਸਭ ਤੋਂ ਵੱਧ ਅਸਰ ਹੈ

11. ਭਾਰਤ ਸਰਕਾਰ ਵੱਲੋਂ ਐਲਾਨੀਆਂ ਗਈਆਂ ਯਾਤਰਾ ਪਾਬੰਦੀਆਂ ਕੀ ਹਨ?

ਭਾਰਤ ਸਰਕਾਰ ਨੇ 15 ਅਪ੍ਰੈਲ, 2020 ਤੱਕ ਰਾਜਨੀਤਕ, ਅਧਿਕਾਰਤ, ਯੂਐੱਨ/ਅੰਤਰਰਾਸ਼ਟਰੀ ਸੰਗਠਨਾਂ, ਰੁਜ਼ਗਾਰ ਅਤੇ ਪ੍ਰਾਜੈਕਟਾਂ ਨੂੰ ਛੱਡ ਕੇ ਬਾਕੀ ਸਾਰੇ ਮੌਜੂਦਾ ਵੀਜ਼ੇ ਮੁਲਤਵੀ ਕਰ ਦਿੱਤੇ ਹਨ।

ਓਸੀਆਈ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਵੀਜ਼ਾ ਮੁਕਤ ਯਾਤਰਾ ਸੁਵਿਧਾ ਨੂੰ 15 ਅਪ੍ਰੈਲ, 2020 ਤੱਕ ਟਾਲ ਦਿੱਤਾ ਗਿਆ ਹੈ। ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਜੋ ਮਜਬੂਰੀ ਵਸ ਭਾਰਤ ਦੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਨਜ਼ਦੀਕੀ ਭਾਰਤੀ ਮਿਸ਼ਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

Image copyright EPA
ਫੋਟੋ ਕੈਪਸ਼ਨ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 35 ਨਾਲੋਂ ਜ਼ਿਆਦਾ ਹੋ ਗਈ ਹੈ

ਸਾਰੇ ਯਾਤਰੀਆਂ ਜਿਨ੍ਹਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਨੇ 15 ਫਰਵਰੀ, 2020 ਤੋਂ ਬਾਅਦ ਚੀਨ, ਇਟਲੀ, ਇਰਾਨ, ਕੋਰੀਆ ਗਣਰਾਜ, ਫਰਾਂਸ, ਸਪੇਨ ਅਤੇ ਜਰਮਨੀ ਦੀ ਯਾਤਰਾ ਕੀਤੀ ਹੈ, ਉਨ੍ਹਾਂ ਨੂੰ ਘੱਟ ਤੋਂ ਘੱਟ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ।

ਆਉਣ ਵਾਲੇ ਯਾਤਰੀਆਂ ਜਿਨ੍ਹਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ, ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਉਨ੍ਹਾਂ ਨੂੰ ਭਾਰਤ ਆਉਣ 'ਤੇ ਘੱਟ ਤੋਂ ਘੱਟ 14 ਦਿਨਾਂ ਲਈ ਅਲੱਗ ਰਹਿਣਾ ਹੋਵੇਗਾ। ਇਸਦੇ ਇਲਾਵਾ ਜ਼ਮੀਨੀਂ ਸਰਹੱਦਾਂ ਰਾਹੀਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਨੂੰ ਜਾਂਚ ਸਹੂਲਤਾਂ ਵਾਲੀਆਂ ਅਧਿਕਾਰਤ ਚੈੱਕ ਪੋਸਟਾਂ ਤੱਕ ਸੀਮਤ ਕੀਤਾ ਗਿਆ ਹੈ।

Image copyright Getty Images

12. ਕੀ ਮਾਸਕ ਪਹਿਨਣ ਨਾਲ ਵਾਇਰਸ ਦਾ ਪਾਸਾਰ ਰੋਕਿਆ ਜਾ ਸਕਦਾ ਹੈ?

ਵਿਸ਼ਾਣੂ ਵਿਗਿਆਨੀ ਹਵਾ ਵਿੱਚ ਪੈਦਾ ਹੋਣ ਵਾਲੇ ਵਾਇਰਸਾਂ ਦੀ ਪ੍ਰਭਾਵਸ਼ੀਲਤਾ 'ਤੇ ਸ਼ੱਕ ਕਰਦੇ ਹਨ। ਪਰ ਇਹ ਸੁਝਾਅ ਦੇਣ ਲਈ ਕਾਫ਼ੀ ਸਬੂਤ ਹਨ ਕਿ ਮਾਸਕ ਹੱਥ ਤੋਂ ਮੂੰਹ ਤੱਕ ਦੀ ਲਾਗ ਨੂੰ ਫੈਲਣ ਤੋਂ ਬਚਾਅ ਕਰਨ ਵਿੱਚ ਮਦਦ ਕਰ ਸਕਦੇ ਹਨ।

ਸੇਂਟ ਜੌਰਜ, ਲੰਡਨ ਯੂਨੀਵਰਸਿਟੀ ਦੇ ਡਾਕਟਰ ਡੇਵਿਡ ਕੈਰਿੰਗਟਨ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, ''ਆਮ ਵਰਤੋਂ ਵਿੱਚ ਆਉਣ ਵਾਲੇ ਮਾਸਕ ਹਵਾ ਵਿੱਚ ਮੌਜੂਦ ਵਾਇਰਸਾਂ ਅਤੇ ਬੈਕਟੀਰੀਆ ਤੋਂ ਸੁਰੱਖਿਆ ਦੇਣ ਵਿੱਚ ਪ੍ਰਭਾਵਸ਼ਾਲੀ ਨਹੀਂ ਹਨ'' ਕਿਉਂਕਿ ਜ਼ਿਆਦਾਤਰ ਵਾਇਰਸਾਂ ਦਾ ਪਾਸਾਰ ਹੋ ਜਾਂਦਾ ਹੈ।

ਮਾਸਕ ਬਹੁਤ ਢਿੱਲੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਹਵਾ ਫਿਲਟਰ ਨਹੀਂ ਹੁੰਦਾ ਅਤੇ ਅੱਖਾਂ ਇਨ੍ਹਾਂ ਤੋਂ ਬਾਹਰ ਹੀ ਰਹਿੰਦੀਆਂ ਹਨ। ਪਰ ਇਹ ਛਿੱਕ ਜਾਂ ਖਾਂਸੀ ਨਾਲ ਨਿਕਲਣ ਵਾਲੇ ਥੁੱਕ ਨਾਲ ਵਾਇਰਸਾਂ ਨੂੰ ਫੈਲਣ ਦੇ ਖਤਰੇ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ। ਹੱਥ ਤੋਂ ਮੂੰਹ ਤੱਕ ਪਾਸਾਰ ਹੋਣ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ।

Image copyright EPA
ਫੋਟੋ ਕੈਪਸ਼ਨ ਕੋਰੋਨਾਵਾਇਰਸ ਨਾਲ ਹੁਣ ਤੱਕ ਕਈ ਹਜ਼ਾਰਾਂ ਲੋਕਾਂ ਦੀ ਮੌਤ

13. ਸਵੈ ਅਲਹਿਦਗੀ ਵਿੱਚ ਕੀ ਸ਼ਾਮਲ ਹੁੰਦਾ ਹੈ?

ਸਵੈ ਅਲਹਿਦਗੀ ਦਾ ਅਰਥ ਹੈ 14 ਦਿਨਾਂ ਤੱਕ ਘਰ 'ਤੇ ਰਹਿਣਾ, ਕੰਮ ਦੀ ਥਾਂ, ਸਕੂਲ ਜਾਂ ਹੋਰ ਜਨਤਕ ਸਥਾਨਾਂ 'ਤੇ ਨਾ ਜਾਣਾ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਅਤੇ ਟੈਕਸੀਆਂ ਵਿੱਚ ਸਫਰ ਕਰਨ ਤੋਂ ਬਚਣਾ। ਤੁਸੀਂ ਆਪਣੇ ਘਰ ਵਿੱਚ ਹੋਰ ਵਿਅਕਤੀਆਂ ਤੋਂ ਅਲੱਗ ਰਹਿ ਸਕਦੇ ਹੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਚੀਨ ਨੇ ਇੰਝ ਬਣਾਇਆ 10 ਦਿਨਾਂ ’ਚ 1000 ਬਿਸਤਰਿਆਂ ਦਾ ਹਸਪਤਾਲ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)