ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਮਾਂ ਦੀ ਕਹਾਣੀ ਜਿਸ ਨੇ ਘਰਾਂ 'ਚ ਕੰਮ ਕਰਕੇ ਧੀ ਨੂੰ ਓਲੰਪਿਕ ਪਹੁੰਚਾਇਆ

ਸਿਮਰਨਜੀਤ ਕੌਰ Image copyright Getty Images
ਫੋਟੋ ਕੈਪਸ਼ਨ 2018 AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਇਰਲੈਂਡ ਦੀ ਖਿਡਾਰਣ ਨੂੰ ਹਰਾਉਣ ਤੋਂ ਬਾਅਦ ਜਿੱਤ ਦੀ ਤਸਵੀਰ

ਲੁਧਿਆਣੇ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਚਕਰ ਤੋਂ ਟੋਕੀਓ ਓਲੰਪਿਕ ਤੱਕ ਪਹੁੰਚਣ ਲਈ ਜਿੰਨੀ ਮਿਹਨਤ ਸਿਮਰਨਜੀਤ ਕੌਰ ਨੇ ਕੀਤੀ ਉਸ ਤੋਂ ਜ਼ਿਆਦਾ ਮਿਹਨਤ ਉਨ੍ਹਾਂ ਦੀ ਮਾਂ ਰਾਜਪਾਲ ਕੌਰ ਨੇ ਕੀਤੀ।

ਸਿਮਰਨਜੀਤ ਨੇ ਟੋਕੀਓ ਓਲੰਪਿਕ 2020 ਲਈ 60 ਕਿੱਲੋ ਭਾਰ ਵਰਗ ਵਿੱਚ ਕਜ਼ਾਕਿਸਤਾਨ ਤੇ ਮੰਗੋਲੀਆ ਦੀਆਂ ਮੁੱਕੇਬਾਜ਼ਾਂ ਨੂੰ ਹਰਾ ਕੇ ਆਪਣੀ ਥਾਂ ਪੱਕੀ ਕੀਤੀ ਹੈ।

ਸਿਮਰਨਜੀਤ ਕੌਰ ਦੀ ਮਾਂ ਲਈ ਜੀਵਨ ਸਾਥੀ ਤੋਂ ਬਿਨਾਂ ਆਪਣੀਆਂ ਧੀਆਂ ਨੂੰ ਪਾਲਣਾ ਤੇ ਪੜ੍ਹਾਉਣਾ ਬਿਖੜਾ ਪਹਾੜ ਚੜ੍ਹਨ ਨਾਲੋਂ ਘੱਟ ਨਹੀਂ ਸੀ।

ਪਰ ਰਾਜਪਾਲ ਕੌਰ ਨੇ ਹਿੰਮਤ ਨਹੀਂ ਹਾਰੀ। ਇਸੇ ਦੇ ਸਦਕੇ ਸਿਮਰਨਜੀਤ ਅੱਜ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਹੁਣ ਰਾਜਪਾਲ ਕੌਰ ਦੀ ਇੱਕੋ ਖ਼ਾਹਿਸ਼ ਹੈ ਕਿ ਧੀ ਓਲੰਪਿਕ 'ਚੋਂ ਸੋਨੇ ਦਾ ਮੈਡਲ ਲਿਆ ਕੇ ਉਨ੍ਹਾਂ ਦੇ ਹੱਥ 'ਤੇ ਧਰ ਸਕੇ।

ਇਹ ਵੀ ਪੜ੍ਹੋ:

ਰਾਜਪਾਲ ਕੌਰ ਨੇ ਦੱਸਿਆ, "ਧੀ ਦੀ ਸਿਖਲਾਈ ਤੇ ਖੁਰਾਕ ਲਈ ਜਿੱਥੋਂ ਮਰਜ਼ੀ ਪ੍ਰਬੰਧ ਕਰਨਾ ਪਵੇ, ਕਰਦੀ ਹਾਂ ਪਰ ਮਨ ਦੀ ਤਮੰਨਾ ਹੈ ਕਿ ਮੇਰੀ ਸਿਮਰਨਜੀਤ ਓਲੰਪਿਕ 'ਚ ਗੋਲਡ ਮੈਡਲ ਜਿੱਤ ਕੇ ਲਿਆਵੇ।"

ਉਡੀਕ ਦੇ ਦਿਨਾਂ ਲਈ ਰਾਜਪਾਲ ਕੌਰ ਨੂੰ ਢਿੱਡ ਬੰਨ੍ਹ ਕੇ ਮਿਹਨਤ ਕਰਨੀ ਪਈ ਹੈ।

ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਉਹ ਦਸਦੇ ਹਨ, "ਪੈਸੇ ਦੀ ਕਮੀ ਨੂੰ ਮੈਂ ਆਪਣੀ ਧੀ ਦੀ ਤਰੱਕੀ 'ਚ ਕਦੇ ਵੀ ਰੋੜਾ ਨਹੀਂ ਬਣਨ ਦਿੱਤਾ। ਮੇਰੇ ਦੋ ਪੁੱਤ ਤੇ ਦੋ ਧੀਆਂ ਹਨ। ਚਾਰੇ ਨਿਆਣੇ ਬਾਕਸਿੰਗ ਕਰਦੇ ਹਨ।"

"ਜਦੋਂ ਹੀ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਿਮਰਨਜੀਤ ਕੌਰ ਓਲੰਪਿਕ ਲਈ ਖੇਡੀਗੀ ਤਾਂ ਖੁਸ਼ੀ ਦੀਆਂ ਸਾਰੀਆਂ ਹੱਦਾ ਪਾਰ ਹੋ ਗਈਆਂ ਤੇ ਅੱਖਾਂ 'ਚੋਂ ਹੰਝੂ ਵਹਿ ਤੁਰੇ।"

ਵੀਡੀਓ: ਅਖਾੜੇ 'ਚ ਕਈਆਂ ਨੂੰ ਮਾਤ ਦਿੰਦੀ ਕੁੜੀ

ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਔਖਾ ਹੋਇਆ

ਦੋ ਸਾਲ ਪਹਿਲਾਂ ਜਦੋਂ ਸਿਮਰਨਜੀਤ ਦੇ ਪਿਤਾ ਦੀ ਮੌਤ ਹੋ ਗਈ ਤਾਂ ਰਾਜਪਾਲ ਕੌਰ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ।

ਇਸ ਦੌਰਾਨ ਸਿਮਰਨਜੀਤ ਨੇ ਵੀ ਖੇਡਣ ਦਾ ਹੌਂਸਲਾ ਛੱਡ ਦਿੱਤਾ, "ਪਤੀ ਦੇ ਚਲਾਣੇ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਤੇ ਸਿਮਰਨਜੀਤ ਦਾ ਵੀ ਖੇਡਣ ਪੱਖੋਂ ਹੌਂਸਲਾ ਟੁੱਟ ਗਿਆ ਸੀ।"

Image copyright Surinder Mann/BBC
ਫੋਟੋ ਕੈਪਸ਼ਨ ਸਿਮਰਨਜੀਤ ਕੌਰ ਦੀ ਮਾਂ ਰਾਜਪਾਲ ਕੌਰ ਦਾ ਕਹਿਣਾ ਹੈ ਕਿ ਪੈਸੇ ਦੀ ਕਮੀ ਨੂੰ ਕਦੇ ਧੀ ਦੀ ਤਰੱਕੀ 'ਚ ਰੋੜਾ ਨਹੀਂ ਬਣਨ ਦਿੱਤਾ

ਰਾਜਪਾਲ ਕੌਰ ਨੂੰ ਦੋ ਡੰਗ ਦੀ ਰੋਟੀ ਜੁਟਾਉਣ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪਿਆ। ਜਿਵੇਂ-ਕਿਵੇਂ ਬੱਚੀਆਂ ਨੂੰ ਪਾਲਿਆ। ਜਦੋਂ ਸਿਮਰਨਜੀਤ ਨੇ ਆਪਣੀ ਵੱਡੀ ਭੈਣ ਨੂੰ ਮੁੱਕੇਬਾਜ਼ੀ ਕਰਦੇ ਦੇਖਿਆ ਤਾਂ ਉਸ ਦੇ ਮਨ ਵਿੱਚ ਚਾਅ ਪੈਦਾ ਹੋਇਆ।

ਉਸ ਸਮੇਂ ਬਾਰੇ ਰਾਜਪਾਲ ਕੌਰ ਨੇ ਦੱਸਿਆ, "ਮੇਰੀ ਵੱਡੀ ਧੀ ਅਮਨਦੀਪ ਕੌਰ ਨੇ ਜਦੋਂ ਕੌਮੀ ਪੱਧਰ 'ਤੇ ਮੁੱਕੇਬਾਜ਼ੀ ਦੇ ਮੁਕਾਬਲਿਆਂ 'ਚ ਹਿੱਸਾ ਲਿਆ ਤਾਂ ਸਿਮਰਨਜੀਤ ਵੀ ਬਾਕਸਿੰਗ ਲਈ ਜਿੱਦ ਕਰਨ ਲੱਗੀ।"

ਉਸ ਸਮੇਂ ਪਿੰਡ ਦੇ ਹੀ ਪਰਵਾਸੀ ਭਾਰਤੀ ਅਜਮੇਰ ਸਿੰਘ ਸਿੱਧੂ ਨੇ ਪਿੰਡ ਦੇ ਮੁੰਡੇ-ਕੁੜੀਆਂ ਨੂੰ ਮੁੱਕੇਬਾਜ਼ੀ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਸੀ।

ਧੀ ਦੀ ਜਿੱਦ ਨੂੰ ਦੇਖਦਿਆਂ ਰਾਜਪਾਲ ਕੌਰ ਉਨ੍ਹਾਂ ਨੂੰ ਸਾਲ 2008 ਵਿੱਚ ਅਕੈਡਮੀ ਵਿੱਚ ਲੈ ਗਏ।

Image copyright Surinder Mann/BBC
ਫੋਟੋ ਕੈਪਸ਼ਨ ਪਿੰਡ ਚਕਰ ਦੇ ਸਰਪੰਚ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ, "ਸਿਮਰਨਜੀਤ ਕੌਰ ਨੇ ਇੱਕ ਗਰੀਬ ਘਰ 'ਚ ਜਨਮ ਲੈ ਕੇ ਆਪਣੇ ਦ੍ਰਿੜ ਇਰਾਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।"

ਰਾਜਪਾਲ ਕੌਰ ਦੱਸਦੇ ਹਨ, "ਆਖਰਕਾਰ ਮੈਂ ਇੱਕ ਦਿਨ ਸਿਮਰਨਜੀਤ ਨੂੰ ਅਕੈਡਮੀ 'ਚ ਲੈ ਗਈ ਤੇ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਦੀ ਲਗਨ ਤੇ ਮਿਹਨਤ ਦੇ ਮੂਹਰੇ ਘਰ ਦੀ ਗਰੀਬੀ ਵੀ ਭੁੱਲ ਜਾਂਦੀ ਸੀ।"

ਹੁਣ ਤਾਂ ਬਸ ਰਾਜਪਾਲ ਕੌਰ ਨੂੰ ਉਸ "ਸੁਭਾਗੇ ਦਿਨ ਦੀ ਉਡੀਕ ਹੈ ਜਦੋਂ ਸਿਮਰਨਜੀਤ ਜਿੱਤ ਦੇ ਝੰਡੇ ਗੱਡ ਕੇ ਪਿੰਡ ਆਊਗੀ"।

ਵੀਡੀਓ: ਮੁੰਬਈ ਦੀ ਮੈਰੀ ਡਿਸੂਜ਼ਾ ਭਾਰਤ ਲਈ ਓਲੰਪਿਕ 'ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਖਿਡਾਰਨ ਸੀ

'ਕਰਜ਼ਾ ਕਿਵੇਂ ਉਤਰੇਗਾ?'

ਰਾਜਪਾਲ ਕੌਰ ਨੂੰ ਇਸ ਗੱਲ ਦਾ ਮਲਾਲ ਜ਼ਰੂਰ ਹੈ ਕਿ ਇੰਨੀ ਬੁਲੰਦੀ ਹਾਸਲ ਕਰਨ ਦੇ ਬਾਵਜੂਦ ਕਦੇ ਵੀ ਕਿਸੇ ਸਰਕਾਰ ਨੇ ਸਿਮਰਨਜੀਤ ਦੀ ਮਾਲੀ ਮਦਦ ਨਹੀਂ ਕੀਤੀ। ਬਸ ਰੱਬ ਤੇ ਡੋਰਾਂ ਰੱਖ ਕੇ ਤੁਰੇ ਜਾ ਰਹੇ ਹਨ।

Image copyright Surinder Mann/BBC

"ਮੇਰੀ ਧੀ ਕੌਮੀ ਪੱਧਰ 'ਤੇ ਜਿੱਤਾਂ ਦਰਜ ਕਰਦੀ ਰਹੀ ਹੈ ਤੇ ਨਾਲ ਹੀ ਸਰਕਾਰ ਮੂਹਰੇ ਰੁਜ਼ਗਾਰ ਲਈ ਅਰਜੋਈਆਂ ਕਰਦੀ ਆ ਰਹੀ ਹੈ। ਨੀਲੀ ਛਤਰੀ ਵਾਲੇ 'ਤੇ ਪੂਰਾ ਭਰੋਸਾ ਹੈ ਕਿ ਸਿਮਰਨਜੀਤ ਦੀ ਮਿਹਨਤ ਹਰ ਹਾਲਤ 'ਚ ਰੰਗ ਲਿਆਏਗੀ ਤੇ ਭਾਰਤ ਦਾ ਝੰਡਾ ਦੁਨੀਆਂ 'ਚ ਲਹਿਰਾਏਗੀ।"

ਪੰਜਾਬ ਸਰਕਾਰ ਨੇ 1.5 ਲੱਖ ਰੁਪਏ ਦੀ ਮਦਦ ਭੇਜੀ ਹੈ ਤੇ ਅਕਾਲੀ ਦਲ ਵੱਲੋਂ ਕੁਝ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਰਾਜਪਾਲ ਕੌਰ ਨੂੰ ਫਿਕਰ ਹੈ ਕਿ ਇਸ ਰਾਸ਼ੀ ਨਾਲ ਤਾਂ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਵੀ ਨਹੀਂ ਉਤਰੇਗਾ।

Image copyright Surinder Mann/BBC
ਫੋਟੋ ਕੈਪਸ਼ਨ ਸਿਮਰਨਜੀਤ ਕੌਰ ਦੀ ਮਾਂ ਦਾ ਕਹਿਣਾ ਹੈ ਕਿ ਜਿੰਨੀ ਸਰਕਾਰੀ ਮਦਦ ਮਿਲੀ ਹੈ ਉਸ ਨਾਲ ਤਾਂ ਕਰਜ਼ਾ ਵੀ ਨਹੀਂ ਉਤਰਨਾ

"ਹਾਂ, ਇਹ ਗੱਲ ਜ਼ਰੂਰ ਹੈ ਕਿ ਦੋ ਕੁ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਸਿਮਰਨਜੀਤ ਕੌਰ ਨੂੰ ਡੇਢ ਲੱਖ ਰੁਪਏ ਭੇਜੇ ਸਨ ਤੇ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਇੱਕ ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਕੀ ਦੱਸਾਂ, ਮੇਰੇ ਪਰਿਵਾਰ ਦੇ ਸਿਰ ਕਰਜ਼ੇ ਦੀ ਭਾਰੀ ਪੰਡ ਹੈ। ਇੰਨੇ ਕੁ ਪੈਸੇ ਨਾਲ ਤਾਂ ਸਾਰਾ ਕਰਜ਼ਾ ਵੀ ਨਹੀਂ ਉੱਤਰਨਾ।"

ਵੀਡੀਓ: ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਦੇ ਮੁਸ਼ਕਲ ਭਰੇ ਖੇਡ ਸਫ਼ਰ ਦੀ ਕਹਾਣੀ

'ਦ੍ਰਿੜ ਇਰਾਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ'

ਪਿੰਡ ਚਕਰ ਦੇ ਸਰਪੰਚ ਸੁਖਦੇਵ ਸਿੰਘ ਸਿੱਧੂ, ਜਿਹੜੇ ਪਿੰਡ ਦੀ ਖੇਡ ਅਕੈਡਮੀ ਦੀ ਸੰਚਾਲਕ ਵੀ ਹਨ, ਨੇ ਦੱਸਿਆ,"ਸਿਮਰਨਜੀਤ ਕੌਰ ਨੇ ਇੱਕ ਗਰੀਬ ਘਰ 'ਚ ਜਨਮ ਲੈ ਕੇ ਆਪਣੇ ਦ੍ਰਿੜ ਇਰਾਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।"

Image copyright Getty Images
ਫੋਟੋ ਕੈਪਸ਼ਨ 2018 AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਚੀਨ ਦੀ ਖਿਡਾਰਨ ਡੈਨ ਡੁਓ ਨਾਲ ਮੁਕਾਬਲੇ ਦੀ ਤਸਵੀਰ

"ਪਿੰਡ ਦੇ ਪਰਵਾਸੀ ਪੰਜਾਬੀਆਂ ਤੋਂ ਇਲਾਵਾ ਹਰ ਪਿੰਡ ਵਾਸੀ ਨੇ ਸਿਮਰਨਜੀਤ ਦੀ ਜਿੱਤ ਲਈ ਦੁਆਵਾਂ ਕੀਤੀਆਂ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿਮਰਨਜੀਤ ਦੀ ਮਾਤਾ ਨੇ ਆਰਥਿਕ ਤੰਗ ਦੇ ਦੁੱਖੜੇ ਸਹਿਣ ਕਰਦਿਆਂ ਆਪਣੀ ਧੀ ਨੂੰ ਹਮੇਸ਼ਾ ਲਈ ਅਗਾਂਹ ਵਧਣ ਦੀ ਹੱਲਾਸ਼ੇਰੀ ਦਿੱਤੀ। ਪਿੰਡ ਵਾਸੀਆਂ ਨੂੰ ਭਰੋਸਾ ਹੈ ਕੇ ਸਿਮਰਨਜੀਤ ਪਿੰਡ ਚਕਰ ਦਾ ਨਾਂ ਜ਼ਰੂਰ ਰੌਸ਼ਨ ਕਰੇਗੀ।"

ਸਰਪੰਚ ਸੁਖਦੇਵ ਸਿੰਘ ਸਿੱਧੂ ਕਹਿੰਦੇ ਹਨ ਕਿ ਪਿੰਡ ਦੀ ਖੇਡ ਅਕੈਡਮੀ 'ਚ 300 ਦੇ ਕਰੀਬ ਮੁੰਡੇ-ਕੁੜੀਆਂ ਮੁੱਕੇਬਾਜ਼ੀ ਦੀ ਸਿਖਲਾਈ ਲੈ ਚੁੱਕੇ ਹਨ।

ਇਹ ਵੀ ਪੜ੍ਹੋ:

ਜਨਵਰੀ ਮਹੀਨੇ ਵਿੱਚ ਜਦੋਂ ਸਿਮਰਨਜੀਤ ਕੌਰ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦਾ ਨੋਟਿਸ ਲਿਆ।

ਉਨ੍ਹਾਂ ਨੇ ਟਵੀਟ ਕਰਕੇ ਖਿਡਾਰਨ ਨੂੰ ਭਰੋਸਾ ਦੁਆਇਆ ਕਿ ਉਹ ਕਿਸੇ ਗੱਲ ਦਾ ਫ਼ਿਕਰ ਨਾ ਕਰੇ ਅਤੇ ਬਸ ਆਉਣ ਵਾਲੇ ਓਲੰਪਿਕ 'ਤੇ ਧਿਆਨ ਟਿਕਾਈ ਰੱਖੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੇਡ ਮਹਿਕਮੇ ਦੇ ਸਕੱਤਰ ਨੂੰ ਇਸ ਬਾਰੇ ਬਣਦੀ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)