ਕੋਰੋਨਾਵਾਇਰਸ: ਪੰਜਾਬ, ਚੰਡੀਗੜ੍ਹ ’ਚ ਕਰਫਿਊ, ਹਰਿਆਣਾ ’ਚ ਬਿਨਾਂ ਟ੍ਰੈਵਲ ਹਿਸਟਰੀ ਦਾ ਕੇਸ

ਕੈਪਟਨ ਅਮਰਿੰਦਰ ਸਿੰਘ Image copyright Getty Images

ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੀ ਕਰਫਿਊ ਐਲਾਨ ਦਿੱਤਾ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫਿਊ ਦਾ ਐਲਾਨ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਹੈ, ''ਘਰਾਂ ਵਿੱਚ ਕੁਆਰੰਟੀਨ ਲੋਕ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਦੀ ਭਲਾਈ ਲਈ ਲਈ ਹਰ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ ਮੈਂ ਖੁਸ਼ ਹਾਂ ਕਿ ਲੋਕ ਸਹਿਯੋਗ ਕਰ ਰਹੇ ਹਨ।''

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਨਾਲ ਗੱਲਬਾਤ ਕੀਤੀ।

ਡੀਸੀ ਮੁਤਾਬਕ, ''ਮੈਡੀਕਲ ਐਮਰਜੈਂਸੀ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਲੋੜ ਲਈ ਬਾਹਰ ਜਾਣ ਵਿੱਚ ਛੋਟ ਨਹੀਂ ਹੋਵੇਗੀ। ਜੇਕਰ ਬਹੁਤਾ ਜ਼ਰੂਰੀ ਹੋਵੇ ਤਾਂ ਹੀ ਬਾਹਰ ਜਾਣ ਦਿੱਤਾ ਜਾਵੇਗਾ ਉਹ ਮਿੱਥੇ ਹੋਏ ਸਮੇਂ ਤੱਕ ਹੀ।''

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਅਤੇ ਪਾਲ ਸਿੰਘ ਨੌਲੀ ਨੇ ਵੀ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਅਤੇ ਜਲੰਧਰ ਵਿੱਚ ਵੀ ਪੂਰੇ ਪੰਜਾਬ ਵਾਂਗ ਤਤਕਾਲ ਪ੍ਰਭਾਵ ਨਾਲ ਹੁਕਮ ਲਾਗੂ ਹੋ ਗਏ ਹਨ।

ਕੀ ਕੋਰੋਨਾਵਾਇਰਸ ਗਰਮੀ ਨਾਲ ਖ਼ਤਮ ਹੋ ਜਾਵੇਗਾ, ਜਾਣਨ ਲਈ ਵੇਖੋ ਇਹ ਵੀਡੀਓ

ਚੰਡੀਗੜ੍ਹ ’ਚ ਵੀ ਕਰਫਿਊ

ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਵੱਲੋਂ ਕਰਫਿਊ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਕਰਫਿਊ 23 ਮਾਰਚ ਰਾਤ 12 ਵਜੇ ਤੋਂ ਲਗਾਇਆ ਗਿਆ ਹੈ। ਇਸਦੇ ਤਹਿਤ ਸਾਰੇ ਚੰਡੀਗੜ੍ਹ ਵਾਸੀਆਂ ਨੂੰ ਘਰ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਹਰਿਆਣਾ ’ਚ ਬਿਨਾਂ ਟ੍ਰੈਵਲ ਹਿਸਟਰੀ ਦਾ ਪਹਿਲਾ ਮਾਮਲਾ

ਪੀਜੀਆਈ ਰੋਹਤਕ ਵਿੱਚ ਸੋਮਵਾਰ ਨੂੰ ਕੋਰੋਨਾਵਾਇਰਸ ਦਾ ਪਹਿਲਾ ਪੌਜ਼ੀਟਿਵ ਕੇਸ ਸਾਹਮਣੇ ਆਇਆ ਹੈ। ਪੌਜ਼ੀਟਿਵ ਕੇਸ ਮਿਲਣ ਨਾਲ ਡਾਕਟਰਾਂ ਵਿੱਚ ਹੜਕੰਪ ਮੱਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਰੋਹਤਕ ਦੀ ਹੀ ਇੱਕ ਕਾਲੌਨੀ ਦੀ ਰਹਿਣ ਵਾਲੀ ਹੈ ਜਦਕਿ ਉਸ ਦੀ ਕੋਈ ਵੀ ਟ੍ਰੈਵਲ ਹਿਸਟਰੀ ਨਹੀਂ ਹੈ।

ਅਜਿਹੇ 'ਚ ਡਾਕਟਰਾਂ ਨੂੰ ਖ਼ਦਸ਼ਾ ਹੈ ਕਿ ਹੁਣ ਵਾਇਰਸ ਕਮਿਉਨਿਟੀ ਵਿੱਚ ਵੀ ਫ਼ੈਲਣ ਲਗਿਆ ਹੈ। ਇਸ ਤੋਂ ਪਹਿਲਾਂ ਪੀਜੀਆਈ ਵਿੱਚ ਕਰੀਬ 50 ਸ਼ੱਕੀ ਮਰੀਜ਼ਾਂ ਦੀ ਜਾਂਚ ਕਰਵਾਈ ਗਈ ਸੀ ਤੇ ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ।

ਸਿਹਤ ਵਿਭਾਗ ਦੇ ਅਧਿਕਾਰੀ ਪੀੜਤ ਔਰਤ ਦੇ ਇਲਾਜ ਵਿੱਚ ਲੱਗੇ ਹੋਏ ਹਨ। ਸਿਵਲ ਸਰਜਨ ਡਾ. ਅਨਿਲ ਬਿਰਲਾ ਨੇ ਦੱਸਿਆ ਇੱਕ ਔਰਤ ਵਿੱਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਹੋਰ ਸ਼ੱਕੀ ਮਰੀਜ਼ਾਂ ਦੇ ਅਹਿਤਿਆਤ ਦੇ ਤੌਰ 'ਤੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।

ਸੀਐੱਮਓ ਰੋਹਤਕ, ਡਾ. ਅਨਿਲ ਬਿਰਲਾ ਅਨੁਸਾਰ ਮਹਿਲਾ ਪਾਣੀਪਤ ਤੋਂ ਹੈ। ਇਹ ਮਹਿਲਾ ਜਿਸ ਕੋਲ ਕੰਮ ਕਰਦੀ ਸੀ, ਉਹ ਵੀ ਕੋਰੋਨਾਵਾਇਰਸ ਤੋਂ ਪੀੜਤ ਮਿਲਿਆ ਹੈ।

ਹਿਮਾਚਲ ਵਿੱਚ ਸ਼ੱਕੀ ਕੋਰੋਨਾ ਪੀੜਤ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ਵਿੱਚ ਡਾਕਟਰ ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਵਿੱਚ ਭਰਤੀ 69 ਸਾਲਾ ਤਿੱਬਤੀ ਦੀ ਮੌਤ ਹੋ ਗਈ ਹੈ।

ਕਾਂਗਰਸ ਦੇ ਡੀਸੀ ਰਾਕੇਸ਼ ਪ੍ਰਜਾਪਤੀ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁਰੂਆਤੀ ਰਿਪੋਰਟ ਵਿੱਚ ਪਤਾ ਲੱਗਿਆ ਹੈ ਕਿ ਉਹ ਕੋਰੋਨਾ ਨਾਲ ਪੀੜਤ ਸੀ। ਮੈਡੀਕਲ ਸੁਪਰੀਟੈਂਡੇਂਟ ਡਾਕਟਰ ਐਸ.ਐਸ ਭਰਦਵਾਜ ਨੇ ਦੱਸਿਆ ਕਿ ਪੁਸ਼ਟੀ ਲਈ ਸੈਂਪਲ ਨੂੰ ਪੁਣੇ ਭੇਜਿਆ ਗਿਆ ਹੈ।

ਉਹ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਇਆ ਸੀ ਅਤੇ ਇਸ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਨਹੀਂ ਦਿੱਤੀ ਸੀ। ਜਿਸ ਨਿੱਜੀ ਹਸਪਤਾਲ ਵਿੱਚ ਉਸ ਨੂੰ ਪਹਿਲਾਂ ਭਰਤੀ ਕੀਤਾ ਗਿਆ ਸੀ ਉਸ ਨੂੰ ਸੀਲ ਕਰਨ ਦੇ ਹੁਕਮ ਜਾਰੀ ਹੋਏ ਹਨ। ਅੱਜ ਸਵੇਰੇ ਹਾਲਤ ਖਰਾਬ ਹੋਣ ਤੇ ਉਸ ਨੂੰ ਮੈਡੀਕਲ ਕਾਲਜ ਲਿਜਾਇਆ ਗਿਆ।

ਹੁਣ ਤੱਕ ਹਿਮਾਚਲ ਵਿੱਚ ਕੋਰੋਨਾਵਾਇਰਸ ਦੇ ਦੋ ਪੌਜੀਟਿਵ ਮਾਮਲੇ ਪਾਏ ਗਏ ਹਨ। ਉਨ੍ਹਾਂ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਉਹ ਦੋਵੇਂ ਕਾਂਗੜ ਜਿਲ੍ਹੇ ਤੋਂ ਹਨ।

ਕਰਫਿਊ ਦੌਰਾਨ ਜੇ ਤੁਹਾਨੂੰ ਐਮਰਜੈਂਸੀ ਪੈ ਜਾਵੇ ਤਾਂ ਕੀ ਕਰੋ:

23 ਮਾਰਚ ਸ਼ਾਮ 6 ਵਜੇ ਤੱਕ ਦੇ ਦੇਸ ਤੋਂ ਅਪਡੇਟ

 • ਕੋਰੋਨਾਵਾਇਰਸ ਦਾ ਅਸਰ ਸ਼ੇਅਰ ਬਾਜ਼ਾਰ ਤੇ ਵੀ ਦਿਖ ਰਿਹਾ ਹੈ। ਦੁਪਹਿਰ ਦੋ ਵਜੇ ਦੇ ਕਰੀਬ ਸ਼ੇਅਰ ਬਾਜ਼ਾਰ ਦੀ ਗਿਰਾਵਟ 3650 ਤੋਂ ਵੱਧ ਸੀ। ਸੈਂਸੇਕਸ ਕਰੀਬ 3659 ਅਤੇ 7590 ਅੰਕ ਹੇਠਾਂ ਆਇਆ।
 • ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੇ ਏਮਜ਼ ਹਸਪਤਾਲ ਦੇ ਓਪੀਡੀ ਵਿਭਾਗ ਸਣੇ ਵਿਸ਼ੇਸ਼ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ
 • ਦਿੱਲੀ ਹਾਈਕੋਰਟ ਨੇ ਕੋਰੋਨਾਵਾਇਰਸ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ 4 ਅਪ੍ਰੈਲ ਤੱਕ ਕੰਮ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਜ਼ਿਲ੍ਹਾ ਅਦਾਲਤਾਂ ਵੀ ਬੰਦ ਰਹਿਣਗੀਆਂ।
 • ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਮਹਾਰਾਸ਼ਟਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
 • ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੋਰੋਨਾਵਾਇਰਸ ਦੇ ਵੱਧ ਰਹੇ ਫੈਲਾਅ ਕਾਰਨ 23 ਮਾਰਚ ਸ਼ਾਮ 6 ਤੋਂ 31 ਮਾਰਚ ਤੱਕ ਅਸਮ ਲੌਕਡਾਊਨ ਰਹੇਗਾ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

 • ਪੰਜਾਬ ਵਿੱਚ 26 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ 'ਚ ਵੀ 7 ਕੇਸ ਪੌਜ਼ੀਟਿਵ।
 • ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਸੀਲ।
 • ਭਾਰਤ 'ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਤੇ ਦਿੱਲੀ ਵਿੱਚ 9 ਮੌਤਾਂ।
 • ਦੁਨੀਆਂ ਭਰ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 14,500 ਤੋਂ ਪਾਰ।
 • ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਇਟਲੀ ਵਿੱਚ ਐਤਵਾਰ ਨੂੰ 651 ਲੋਕਾਂ ਮੌਤ ਮਗਰੋਂ ਅੰਕੜਾ 5400 ਤੋਂ ਵੱਧ।

ਹਿਮਾਚਲ 'ਚ ਅਣਮਿੱਥੇ ਸਮੇਂ ਲਈ ਲੌਕਡਾਊਨ

ਹਿਮਾਚਲ ਪ੍ਰਦੇਸ਼ ਵਿੱਚ ਵੀ ਲੌਕਡਾਊਨ ਦਾ ਐਲਾਨ ਹਿਮਾਚਲ ਪ੍ਰਦੇਸ਼ ਦੇ CM ਜੈਰਾਮ ਠਾਕੁਰ ਨੇ ਕੀਤਾ ਹੈ।

ਸਥਾਨਕ ਪੱਤਰਕਾਰ ਅਸ਼ਵਨੀ ਸ਼ਰਮਾ ਮੁਤਾਬਕ ਜੈਰਾਮ ਠਾਕੁਰ ਨੇ ਵਿਧਾਨਸਭਾ ਵਿੱਚ ਇਸ ਦਾ ਐਲਾਨ ਕੀਤਾ ਅਤੇ ਸੂਬਾ ਪ੍ਰਸ਼ਾਸਨ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਰਿਹਾ ਹੈ।

ਅਜੇ ਤੱਕ ਹਿਮਾਚਲ ਪ੍ਰਦੇਸ਼ ਚ ਕੋਰੋਨਾਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਹਨ। ਦੋਵੇਂ ਮਾਮਲੇ ਕਾਂਗੜਾ ਜ਼ਿਲ੍ਹੇ ਤੋਂ ਹਨ। ਸਿੰਗਾਪੁਰ ਤੋਂ ਪਰਤਣ ਵਾਲੀ 63 ਸਾਲ ਦੀ ਔਰਤ ਅਤੇ ਦੁਬਈ ਤੋਂ ਆਉਣ ਵਾਲੇ 32 ਸਾਲ ਦੇ ਇੱਕ ਨੌਜਵਾਨ ਨੂੰ ਕੋਰੋਨਾਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ।

Image copyright Getty Images

ਭਾਰਤ ਦੇ ਪ੍ਰਧਾਨ ਮੰਤਰੀ ਨੇ ਲੌਕਡਾਊਨ ਨੂੰ ਲੈ ਕੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਬਾਰੇ ਕਈ ਲੋਕ ਹਾਲੇ ਵੀ ਗੰਭੀਰ ਨਹੀਂ ਹਨ।

ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਬਚਾਓ ਅਤੇ ਨਿਰਦੇਸ਼ਾਂ ਦੀ ਗੰਭੀਰਤਾ ਨਾਲ ਪਾਲਣ ਕਰੋ।

ਭਾਰਤ ਦੇ 22 ਸੂਬਿਆਂ ਦੇ ਘੱਟੋ ਘੱਟ 75 ਜ਼ਿਲ੍ਹਿਆਂ ਵਿੱਚ ਲੌਕਡਾਊਨ ਹੈ। ਇਸ ਦੇ ਤਹਿਤ ਲੋੜੀਂਦੀਆਂ ਵਸਤਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਹੈ।

ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ ਦਾ ਐਲਾਨ, ਸਰਹੱਦਾਂ ਹੋਈਆਂ ਸੀਲ (22 ਮਾਰਚ)

ਕੋਰੋਨਾਵਾਇਰਸ ਕਾਰਨ ਪੰਜਾਬ, ਹਰਿਆਣਾ (7 ਜ਼ਿਲ੍ਹਿਆਂ ’ਚ) ਤੇ ਚੰਡੀਗੜ੍ਹ ਵਿੱਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸੂਬਿਆਂ ਤੇ ਚੰਡੀਗੜ੍ਹ ਨੇ ਆਪਣੀ ਸਰਹੱਦਾਂ ਸੀਲ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ।

ਪੰਜਾਬ ਸਰਕਾਰ ਵੱਲੋਂ ਐਤਵਾਰ ਸਵੇਰੇ ਹੀ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸੀ। ਐਤਵਾਰ ਸ਼ਾਮ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਮਵਾਰ ਸਵੇਰ 6 ਵਜੇ ਤੋਂ 31 ਮਾਰਚ ਤੱਕ ਦਿੱਲੀ ਵਿੱਚ ਲੌਕਡਾਊਨ ਰਹੇਗਾ।

ਕੋਰੋਨਾਵਾਇਰਸ ਲਈ ਕੰਮ ਕਰਨ ਵਾਲੇ ਲੋਕਾਂ ਦੀ ਹੱਲਾਸ਼ੇਰੀ

ਉਨ੍ਹਾਂ ਨੇ ਕਿਹਾ, “ਜੋ ਸਬਕ ਸਾਨੂੰ ਇਟਲੀ ਤੋਂ ਜੋ ਸਬਕ ਮਿਲੇ ਹਨ ਉਨ੍ਹਾਂ ਮੁਤਾਬਕ ਜੇ ਅਸੀਂ ਤੁਰੰਤ ਕਾਰਵਾਈ ਕਰਾਂਗੇ ਤਾਂ ਇਸ ਨੂੰ ਰੋਕਿਆ ਜਾ ਸਕੇਗਾ। ਜਦਕਿ ਜੇ ਇਹੀ ਲੌਕਡਾਊਨ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਕਾਰਗਰ ਨਹੀਂ ਹੋਵੇਗਾ।”

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਬਾਹਰ ਨਿਕਲਣ ਵਾਲੇ ਲੋਕਾਂ 'ਤੇ ਭਰੋਸਾ ਕੀਤਾ ਜਾਵੇਗਾ ਉਨ੍ਹਾਂ ਨੇ ਮੈਡੀਕਲ ਜਮ੍ਹਾਖੋਰੀ ਕਰਨ ਵਾਲਿਆਂ ਨੂੰ ਵੀ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

ਯੂਪੀ ਦੇ 15 ਜ਼ਿਲ੍ਹੇ ਲੌਕਡਾਊਨ ਹੇਠ

ਯੂਪੀ ਦੇ 15 ਜਿਲ੍ਹਿਆਂ ਵਿੱਚ ਭਲਕੇ 20 ਮਾਰਚ ਤੋਂ 25 ਮਾਰਚ ਤੱਕ ਲੌਕਡਾਊਨ ਦੇ ਹੁਕਮ ਦਿੱਤੇ ਹਨ।

ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਕਿਹਾ ਦੱਸਿਆ ਕਿ ਆਗਰਾ, ਲਖਨਊ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਨੌਰਾਬਾਦਾਦ, ਵਾਰਾਨਸੀ, ਲਖੀਮਪੁਰ ਖੀਰੀ, ਬਰੇਲੀ, ਆਜ਼ਮਗੜ੍ਹ, ਕਾਨਪੁਰ, ਮੇਰਠ, ਪ੍ਰਯਾਗਰਾਜ, ਅਲੀਗੜ੍ਹ, ਗੋਰਖਪੁਰ ਤੇ ਸਹਾਰਨਪੁਰ ਜਿਲ੍ਹਿਆਂ ਲੌਕਡਾਊਨ ਵਿੱਚ ਰਹਿਣਗੇ।

ਪੰਜਾਬ ਵਿੱਚ 7 ਨਵੇਂ ਮਾਮਲੇ ਆਏ ਸਾਹਮਣੇ

ਪੰਜਾਬ ਦੇ ਨਵਾਂ ਸ਼ਹਿਰ ਵਿੱਚ 7 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਨਵਾਂ ਸ਼ਹਿਰ ਦੇ ਸਿਵਲ ਸਰਜਨ ਨੇ ਇਨ੍ਹਾਂ 7 ਲੋਕਾਂ ਦੇ ਪੌਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਹੈ।

ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ ਨੂੰ ਇਨ੍ਹਾਂ ਨਵੇਂ ਮਾਮਲਿਆਂ ਦੀ ਪੁਸ਼ਟੀ ਨਵਾਂ ਸ਼ਹਿਰ ਦੇ ਸਿਵਿਲ ਸਰਜਨ ਡਾ. ਰਜਿੰਦਰ ਭਾਟੀਆ ਨੇ ਕੀਤੀ ਹੈ।

ਇਨ੍ਹਾਂ ਨਵੇਂ ਮਾਮਲਿਆਂ ਵਿੱਚ 5 ਮਾਮਲੇ ਪੰਜਾਬ ਵਿੱਚ ਕੋਰੋਨਾਵਾਇਰਸ ਕਰਕੇ ਨਵਾਂ ਸ਼ਹਿਰ ਵਿੱਚ ਹੋਈ ਵਿਅਕਤੀ ਦੇ ਪਰਿਵਾਰ ਤੋਂ ਹੀ ਹਨ।

ਇਸ ਦੇ ਨਾਲ ਹੀ ਮ੍ਰਿਤਕ ਦੇ ਨਾਲ ਇਟਲੀ ਤੋਂ ਪਰਤੇ ਦੋ ਵਿਅਕਤੀ ਵੀ ਇਨ੍ਹਾਂ ਸੱਤ ਲੋਕਾਂ ਵਿੱਚ ਸ਼ਾਮਿਲ ਹਨ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਨਵਾਂ ਸ਼ਹਿਰ ਦੇ ਹੋਰ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ ਤੱਕ ਨਵਾਂ ਸ਼ਹਿਰ ਦੇ ਤਿੰਨ ਪਿੰਡ ਸੀਲ ਕੀਤੇ ਜਾ ਚੁੱਕੇ ਹਨ।

ਜਾਣੋ ਪੰਜਾਬ ਵਿੱਚ ਲੌਕਡਾਊਨ ਦਾ ਮਤਲਬ ਕੀ ਹੈ, ਇਸ ਵੀਡੀਓ ਰਾਹੀਂ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੌਕਡਾਊਨ ਲਈ ਜਾਰੀ ਕੀਤੀਆਂ ਹਦਾਇਤਾਂ

1. ਚੰਡੀਗੜ੍ਹ ਵਿੱਚ ਸਾਰੀਆਂ ਦੁਕਾਨਾਂ, ਦਫ਼ਤਰ, ਫੈਕਟਰੀਆਂ, ਗਡਾਊਨ ਆਦਿ 31 ਮਾਰਚ ਤੱਕ ਬੰਦ ਰਹਿਣਗੇ।

2. ਬੱਸ ਸਰਵਿਸ, ਟੈਕਸੀ, ਆਟੋ ਵੀ ਨਹੀਂ ਚੱਲਣਗੇ।

3. ਸਿਰਫ਼ ਹਸਪਤਾਲ, ਰੇਲਵੇ ਸਟੇਸ਼ਨ, ਏਅਰਪੋਰਟ, ਬਸ ਸਟੈਂਡ ਲਈ ਹੀ ਗੱਡੀਆਂ ਚੱਲ ਸਕਣਗੀਆਂ ਪਰ ਉਹ ਵੀ ਇੱਕ ਵਿਸ਼ੇਸ਼ ਰੂਟ ਤੇ।

4. ਜਿਹੜੇ 9 ਮਾਰਚ ਤੋਂ ਬਾਅਦ ਭਾਰਤ ਆਏ ਹਨ ਉਨ੍ਹਾਂ ਦੇ ਨਾਲ ਜਿੰਨੇ ਲੋਕ ਵੀ ਸੰਪਰਕ ਵਿੱਚ ਆਏ। ਉਹ ਸਾਰੇ ਸਖਤ ਤੌਰ ਤੇ ਸੈਲਫ ਕੁਆਰੰਟੀਨ ਰਹਿਣਗੇ।

5. ਕੋਈ ਵੀ ਸ਼ਖ਼ਸ ਬਾਹਰੋਂ ਆਇਆ ਹੈ ਤਾਂ ਉਸ ਨੂੰ ਰਜਿਸਟਰਡ ਕਰਕੇ ਸੈਲਫ ਕੁਆਰੰਟੀਨ ਕਰਨਾ ਹੋਵੇਗਾ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

6. ਲੋਕਾਂ ਨੂੰ ਹਦਾਇਤ ਹੈ ਕਿ ਘਰ ਰਹਿਣ, ਬਾਹਰ ਸਿਰਫ਼ ਜ਼ਰੂਰੀ ਚੀਜਾਂ ਲਈ ਹੀ ਨਿਕਲਣ... ਉਹ ਵੀ ਸਿਰਫ਼ ਪਰਿਵਾਰ ਦਾ ਇੱਕ ਸ਼ਖ਼ਸ... ਤੇ ਜਦੋਂ ਵੀ ਬਾਹਰ ਜਾਵੇ ਤਾਂ ਦੂਜੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੇ

7. ਜਨਤਕ ਥਾਵਾਂ ਤੇ ਪੰਜ ਲੋਕਾਂ ਤੋਂ ਜਿਆਦਾ ਦੇ ਇਕੱਠੇ ਹੋਣ ਤੇ ਮਨਾਹੀ ਹੈ।

8. ਚੰਡੀਗੜ੍ਹ ਦੇ ਅੰਦਰ ਚੱਲਣ ਵਾਲੀ ਸਾਰ ਕਮਰਸ਼ੀਅਲ ਟਰਾਂਸਪੋਰਟ ਬੰਦ ਕੀਤੀ ਗਈ ਹੈ।

ਟਰੇਨਾਂ ਤੇ ਦਿੱਲੀ ਮੈਟਰੋ 31 ਮਾਰਚ ਤੱਕ ਰੱਦ

ਭਾਰਤੀ ਰੇਲਵੇ ਵੱਲੋਂ ਸਾਰੀਆਂ ਪੈਸੇਂਜਰ ਰੇਲ ਗੱਡੀਆਂ 31 ਮਾਰਚ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇੰਡੀਅਨ ਰੇਲਵੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਸਿਰਫ਼ ਕਝ ਰੂਟਾਂ 'ਤੇ ਹੀ ਟਰੇਨਾਂ ਰੱਦ ਕੀਤੀਆਂ ਗਈਆਂ ਸਨ। ਮੇਲ, ਐਕਪ੍ਰੈਸ ਤੇ ਪੈਸੇਂਜਰ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ। ਮਾਲ ਗੱਡੀਆਂ ਚਲਦੀਆਂ ਰਹਿਣਗੀਆਂ

ਯਾਤਰੀ 21 ਜੂਨ ਤੱਕ ਟਿਕਟ ਦੇ ਪੈਸੇ ਵਾਪਿਸ ਲੈ ਸਕਦੇ ਹਨ। ਕੋਰੋਨਾਵਾਇਰਸ 'ਤੇ ਹੋਈ ਰੇਲਵੇ ਬੋਰਡ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

ਗੁਰੂ ਘਰ ਦੀਆਂ ਸਰਾਵਾਂ ਨੂੰ ਮਰੀਜ਼ਾਂ ਲਈ ਤਿਆਰ ਕੀਤਾ ਜਾਵੇ - ਅਕਾਲ ਤਖ਼ਤ

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਲਈ ਸੰਗਤਾਂ ਤੇ ਜਥੇਬੰਦੀਆਂ ਵੱਲੋਂ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਘਰਾਂ ਦੀ ਸਰਾਵਾਂ ਨੂੰ ਕੁਆਰੰਟੀਨ ਏਰੀਆ ਵਜੋਂ ਬਣਾਉਣ ਲਈ ਤਿਆਰ ਕੀਤਾ ਜਾਵੇ।

ਹੋਰ ਉਨ੍ਹਾਂ ਨੇ ਕੀ-ਕੀ ਐਲਾਨ ਕੀਤਾ, ਵੇਖੋ ਇਸ ਵੀਡੀਓ ਵਿੱਚ

ਗੁਜਰਾਤ ਵਿੱਚ ਇੱਕ ਮੌਤ ਹੋਈ

ਗੁਜਰਾਤ ਦੇ ਸੂਰਤ ਵਿੱਚ ਕੋਰੋਨਾਵਾਇਰਸ ਕਾਰਨ ਇੱਕ 69 ਸਾਲਾ ਸ਼ਖ਼ਸ ਦੀ ਮੌਤ ਹੋ ਗਈ ਹੈ। ਸੂਰਤ ਹਸਪਤਾਲ ਵਿੱਚ ਉਸਦੀ ਮੌਤ ਹੋਈ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇਸਦੀ ਪੁਸ਼ਟੀ ਕੀਤੀ ਗਈ ਹੈ।

ਵਡੋਦਰਾ ਵਿੱਚ ਵੀ ਇੱਕ 65 ਸਾਲਾ ਔਰਤ ਦੀ ਮੌਤ ਹੀ ਹੈ ਪਰ ਉਸਦੀ ਕੋਰੋਨਾਵਾਇਰਸ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੋਰੋਨਾਵਾਇਰਸ ਕਰਕੇ ਐਤਵਾਰ ਨੂੰ ਦੋ ਮੌਤਾਂ ਹੋਈਆਂ, ਇੱਕ ਮੌਤ ਬਿਹਾਰ ਅਤੇ ਇੱਕ ਮੌਤ ਮਹਾਰਾਸ਼ਟਰ ਵਿੱਚ ਹੋਈ ਹੈ।

ਭਾਰਤ ਵਿੱਚ ਇਸ ਵੇਲੇ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 340 ਤੋਂ ਪਾਰ ਹੋ ਗਈ ਹੈ।

ਬਿਹਾਰ ਦੀ ਰਾਜਧਾਨੀ ਪਟਨਾ ਦੇ ਏਮਜ਼ ਹਸਪਤਾਲ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਇੱਕ ਸ਼ਖ਼ਸ ਦੀ ਮੌਤ ਹੋ ਗਈ ਹੈ।

ਸਥਾਨਕ ਪੱਤਰਕਾਰ ਨੀਰਜ ਸਹਾਇ ਮੁਤਾਬਕ ਇਹ ਸ਼ਖ਼ਸ ਮੁੰਗੇਰ ਦਾ ਰਹਿਣ ਵਾਲਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਕਤਰ ਤੋਂ ਪਰਤਿਆ ਸੀ। ਇਸ ਸ਼ਖ਼ਸ ਦੀ ਮੌਤ ਸ਼ਨੀਵਾਰ ਸਵੇਰੇ 9 ਵਜੇ ਹੋ ਗਈ ਸੀ। ਬਾਅਦ ਵਿੱਚ ਕੋਰੋਨਾਵਾਇਰਸ ਪੌਜੀਟਿਵ ਦੀ ਰਿਪੋਰਟ ਆਈ।

ਸਥਾਨਕ ਪੱਤਰਕਾਰ ਨੀਰਜ ਪ੍ਰਿਆਦਰਸ਼ੀ ਮੁਤਾਬਕ ਬਿਹਾਰ ਵਿੱਚ ਕੋਰੋਨਾਵਾਇਰਸ ਦਾ ਦੂਜਾ ਮਰੀਜ਼ ਐਨਐਮਸੀਐਚ ਦੇ ਆਈਸੋਲੇਸ਼ਨ ਵਾਰਡ ਵਿੱਚ ਹੈ। ਇਹ ਮਰੀਜ਼ ਹਾਲ ਰਹੀ ਵਿੱਚ ਸਕੌਟਲੈਂਡ ਤੋਂ ਪਰਤਿਆ ਸੀ।

ਐਤਵਾਰ ਤੋਂ ਪਹਿਲਾਂ ਤੱਕ ਬਿਹਾਰ ਵਿੱਚ ਕੋਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ।

ਐਤਵਾਰ ਨੂੰ ਮਹਾਰਾਸ਼ਟਰ ਵਿੱਚ 10 ਨਵੇਂ ਮਾਮਲੇ ਸਾਹਮਣੇ ਆ ਹਨ, ਜਿਨ੍ਹਾਂ ਵਿੱਚ 6 ਮੁੰਬਈ ਤੇ ਚਾਰ ਪੁਣੇ ਦੇ ਹਨ। ਜਦਕਿ ਮੁੰਬਈ ਵਿੱਚ ਇੱਕ ਸ਼ਖ਼ਸ ਦੀ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ ਹੈ।

ਪੰਜਾਬ ਵਿੱਚ ਲੌਕਡਾਊਨ ਦੌਰਾਨ ਇਹ ਸੇਵਾਵਾਂ ਜਾਰੀ ਰਹਿਣਗੀਆਂ

ਪੰਜਾਬ 31 ਮਾਰਚ ਤੱਕ ਲੌਕਡਾਊਨ ਰਹੇਗਾ। ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

 • ਰਾਸ਼ਨ, ਖਾਣ-ਪੀਣ ਦੀਆਂ ਵਸਤਾਂ, ਤਾਜ਼ੇ ਫਲ ਤੇ ਸਬਜ਼ੀਆਂ
 • ਮਿਲਕ ਪਲਾਂਟ, ਡੇਅਰੀ ਯੂਨਿਟ, ਚਾਰਾ ਬਣਾਉਣ ਵਾਲੇ ਯੂਨਿਟ
 • ਪੈਟਰੋਲ ਪੰਪ, CNG ਦੀਆਂ ਸੇਵਾਵਾਂ ਤੇ ਗੈਸ ਸਿਲੰਡਰ (ਘਰੇਲੂ ਤੇ ਕਮਰਸ਼ਿਅਲ)
 • ਸਿਹਤ ਸੇਵਾਵਾਂ, ਮੈਡੀਕਲ ਤੇ ਸਿਹਤ ਉਪਕਰਣ ਅਤੇ ਦਵਾਈਆਂ ਦੀਆਂ ਦੁਕਾਨਾਂ
 • ਬੈਂਕ, ATM, ਪੋਸਟ ਆਫ਼ਿਸ ਤੇ ਬੀਮਾ ਕੰਪਨੀਆਂ
 • ਸੰਚਾਰ ਸੇਵਾਵਾਂ ਯਕੀਨੀ ਬਣਾਈਆ ਜਾਣਗੀਆਂ
 • ਰਾਇਸ ਮਿਲਾਂ, ਝੋਨੇ ਤੇ ਕਣਕ ਦੀ ਢੋਆ-ਢੋਆਈ
Image copyright Ravinder singh robin/bbc
ਫੋਟੋ ਕੈਪਸ਼ਨ ਕੋਰੋਨਾਵਾਇਰਸ ਕਾਰਨ ਲੱਗੇ ਜਨਤਾ ਕਰਫਿਊ ਮਗਰੋਂ ਹਰਿਮੰਦਿਰ ਸਾਹਿਬ ਦੇ ਅੰਦਰ ਦਾ ਦ੍ਰਿਸ਼

ਕੋਰੋਨਾਵਾਇਰਸ: ਭਾਰਤ ਵਿੱਚ ਜਨਤਾ ਕਰਫਿਊ

ਕੋਰੋਨਾਵਾਇਰਸ ਤੋਂ ਬਚਾਅ ਲਈ ਪੂਰੇ ਭਾਰਤ ਵਿੱਚ ਜਨਤਾ ਕਰਫਿਊ ਲਾਗੂ ਹੋ ਗਿਆ ਹੈ। ਜਨਤਾ ਕਰਫਿਊ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਇਹ ਕਰਫਿਊ ਜਾਰੀ ਰਹੇਗਾ।

ਰਾਸ਼ਨ ਅਤੇ ਦਵਾਈ ਦੇ ਦੁਕਾਨਾਂ ਵਰਗੀਆਂ ਮੁੱਢਲੀਆਂ ਸਹੂਲਤਾ ਤੋਂ ਇਲਾਵਾ ਟਰੇਨਾਂ, ਬੱਸਾਂ ਮੈਟਰੋ ਸਭ ਕੁਝ ਬੰਦ ਰਹੇਗਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ
Image copyright Ravinder singh robin/bbc
ਫੋਟੋ ਕੈਪਸ਼ਨ ਅੰਮ੍ਰਿਤਸਰ ਦਾ ਹੈਰੀਟੇਜ ਵਾਕ ਦਾ ਇਲਾਕਾ ਅਕਸਰ ਭਰਿਆ ਰਹਿੰਦਾ ਹੈ ਪਰ ਹੁਣ ਪੂਰੀ ਤਰ੍ਹਾਂ ਸੁੰਨਸਾਨ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਮਾਰਚ ਨੂੰ ਜਨਤਾ ਕਰਫਿਊ ਦੀ ਅਪੀਲ ਕੀਤੀ ਸੀ। ਜਨਤਾ ਕਰਫਿਊ ਦੇ ਸ਼ੁਰੂਆਤ ਤੋਂ ਕੁਝ ਸਮਾਂ ਪਹਿਲ ਪੀਐੱਮ ਨੇ ਕੋਰੋਨਾਵਾਇਰਸ ਤੋਂ ਲੜਨ ਦੇ ਅਹਿਦ ਨੂੰ ਦੁਹਰਾਇਆ।

ਉਨ੍ਹਾਂ ਕਿਹਾ, ''ਆਓ ਅਸੀਂ ਸਾਰੇ ਇਸ ਕਰਫਿਊ ਦਾ ਹਿੱਸਾ ਬਣੀਏ ਜੋ ਕੋਰੋਨਾਵਾਇਰਸ ਨਾਲ ਲੜਨ ਵਿੱਚ ਤਾਕਤ ਦੇਵੇਗਾ। ਜੋ ਕਦਮ ਹੁਣ ਚੁੱਕਾਂਗੇ ਉਹ ਆਉਣ ਵਾਲੇ ਸਮੇਂ ਵਿੱਚ ਮਦਦ ਕਰੇਗਾ।''

Image copyright Sukhcharanpreet/bbc
ਫੋਟੋ ਕੈਪਸ਼ਨ ਬਰਨਾਲਾ ਵਿੱਚ ਵੀ ਸੁੰਨ ਪਸਰੀ ਹੋਈ ਹੈ

ਪੰਜਾਬ ਵਿੱਚ ਵੀ ਜਨਤਾ ਕਰਫਿਊ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ ਤੇ ਪੁਲਿਸ ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਗਰੂਕ ਵੀ ਕਰਦੀ ਨਜ਼ਰ ਆਈ।

ਸੰਗਰੂਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜ਼ਿਲ੍ਹਾ ਸੰਗਰੂਰ ਵਿੱਚ 25 ਮਾਰਚ ਤੱਕ ਬਜ਼ਾਰ, ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਕੋਰੋਨਾਵਾਇਰਸ: ਹਰਿਆਣਾ ਵਿੱਚ ਵੀ ਜਨਤਾ ਕਰਫਿਊ

Image copyright Sat singh/bbc
ਫੋਟੋ ਕੈਪਸ਼ਨ ਹਰਿਆਣਾ ਦੇ ਸਾਰੇ ਸ਼ਹਿਰਾਂ ਵਿੱਚ ਵੀ ਕਰਫਿਊ ਦਾ ਅਸਰ

ਹਰਿਆਣਾ ਵਿੱਚ ਵੀ ਕੋਰੋਨਾਵਾਇਰਸ ਕਰਕੇ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ। ਸਿਰਸਾ ਤੋਂ ਲੈ ਕੇ ਝੱਜਰ ਅਤੇ ਅੰਬਾਲਾ ਤੋਂ ਲੈ ਕੇ ਸੋਨੀਪਤ ਸਭ ਕੁਝ ਬੰਦ ਨਜ਼ਰ ਆ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਰਜਿਸਰਡ ਕੰਸਟਰੱਕਸ਼ਨ ਵਰਕਰਾਂ ਲਈ 3 ਹਜ਼ਾਰ ਦੀ ਮਦਦ ਦਾ ਐਲਾਨ (21 ਮਾਰਚ)

Image copyright Getty Images

ਪੰਜਾਬ ਸਰਕਾਰ ਨੇ ਫੌਰੀ ਰਾਹਤ ਲਈ ਹਰ ਰਜਿਸਟਰਡ ਕੰਸਟਰੱਕਸ਼ਨ ਮਜ਼ਦੂਰਾਂ ਲਈ ਪ੍ਰਤੀ ਮਜ਼ਦੂਰ 3000 ਰੁਪਏ ਦੇਣ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਮਹਿਕਮੇ ਨੂੰ 296 ਕਰੋੜ ਰੁਪਏ ਪੈਨਸ਼ਨ ਲਈ ਜਾਰੀ ਕਰਨ ਦੇ ਹੁਕਮ ਦਿੱਤੇ ਹਨ।

ਮੋਦੀ ਨੇ ਯਾਤਰਾ ਨਾ ਕਰਨ ਦੀ ਕੀਤੀ ਅਪੀਲ

ਜਨਤਾ ਕਰਫ਼ਿਊ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ।

ਉਨ੍ਹਾਂ ਨੇ ਟਵੀਟ ਕੀਤਾ, "ਮੇਰੀ ਸਾਰਿਆਂ ਤੋਂ ਬੇਨਤੀ ਹੈ ਕਿ ਤੁਸੀਂ ਜਿਸ ਸ਼ਹਿਰ ਵਿੱਚ ਹੋ, ਕਿਰਪਾ ਕਰਕੇ ਕੁਝ ਦਿਨ ਉੱਥੇ ਰਹੋ। ਇਸ ਵਿੱਚ ਅਸੀਂ ਸਾਰੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ।"

"ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ 'ਤੇ ਭੀੜ ਲਗਾ ਕੇ, ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਕਿਰਪਾ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਚਿੰਤਾ ਕਰੋ, ਜ਼ਰੂਰੀ ਨਾ ਹੋਵੇ ਤਾਂ ਆਪਣੇ ਘਰੋਂ ਬਾਹਰ ਨਾ ਨਿਕਲੋ।"

"ਕੋਰੋਨਾ ਦੇ ਡਰ ਕਰਕੇ ਮੇਰੇ ਬਹੁਤ ਭੈਣ-ਭਰਾ ਜਿੱਥੇ ਰੋਜ਼ੀ-ਰੋਟੀ ਕਮਾਉਂਦੇ ਹਨ, ਉਨ੍ਹਾਂ ਸ਼ਹਿਰਾਂ ਨੂੰ ਛੱਡ ਕੇ ਉਹ ਆਪਣੇ ਪਿੰਡਾਂ ਵੱਲ ਪਰਤ ਰਹੇ ਹਨ।"

"ਭੀੜਭਾੜ ਵਿੱਚ ਯਾਤਰਾ ਕਰਨ ਨਾਲ ਇਸ ਦੇ ਫ਼ੈਲਣ ਦਾ ਖ਼ਤਰਾ ਵਧਦਾ ਹੈ। ਤੁਸੀਂ ਜਿੱਥੇ ਜਾ ਰਹੇ ਹੋ, ਉੱਥੇ ਵੀ ਇਹ ਲੋਕਾਂ ਲਈ ਖ਼ਤਰਾ ਬਣੇਗਾ। ਤੁਹਾਡੇ ਆਪਣੇ ਅਤੇ ਪਰਿਵਾਰ ਦੀਆਂ ਮੁਸ਼ਕਿਲਾਂ ਵੀ ਵਧਾਇਗਾ।"

ਪੰਜਾਬ ਵਿੱਚ ਕੋਰੋਨਾਵਾਇਰਸ ਦੇ 13 ਮਾਮਲੇ

ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 13 ਕੇਸ ਸਾਹਮਣੇ ਆਏ ਹਨ ਇੱਕ ਹੋਰ ਕੇਸ ਸਾਹਮਣੇ ਆਇਆ ਹੈ।

ਇਸ ਵਿੱਚ ਇੱਕ ਕੇਸ ਇਟਲੀ ਦੇ ਨਾਗਰਿਕ ਦਾ ਹੈ ਜੋ ਅੰਮ੍ਰਿਤਸਰ ਵਿੱਚ ਦਾਖਲ ਹੈ।

ਦੂਜਾ ਕੇਸ 70 ਸਾਲ ਦਾ ਨਵਾਸ਼ਹਿਰ ਦਾ ਸ਼ਖ਼ਸ ਸੀ ਜਿਸ ਦੀ ਮੌਤ ਹੋ ਗਈ ਹੈ। ਉਹ 7 ਮਾਰਚ ਨੂੰ ਇਟਲੀ ਦੇ ਰਸਤੇ ਜਰਮਨੀ ਤੋਂ ਆਇਆ ਸੀ।

ਇਸ ਵਿਅਕਤੀ ਦੇ ਪਰਿਵਾਰ ਦੇ 6 ਮੈਂਬਰਾਂ ਦੇ ਟੈਸਟ ਪੌਜ਼ੀਟਿਵ ਆਏ ਹਨ। ਇਸ ਵਿੱਚ ਉਸ ਦੇ ਦੋ ਬੇਟੇ, ਦੋ ਨੂੰਹਾਂ, ਬੇਟੀ ਤੇ ਪੋਤੀ ਸ਼ਾਮਲ ਹਨ।

ਇਸ ਤੋਂ ਪਹਿਲਾਂ, ਮੋਹਾਲੀ ਦਾ ਰਹਿਣ ਵਾਲਾ 42 ਸਾਲ ਦਾ ਸ਼ਖ਼ਸ ਜੋ 12 ਮਾਰਚ ਨੂੰ ਯੂਕੇ ਦੀ ਯਾਤਰਾ ਤੋਂ ਪਰਤਿਆ ਸੀ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ। ਉਹ ਫਿਲਹਾਲ ਚੰਡੀਗੜ੍ਹ ਦੇ ਸੈਕਟਰ-16 ਦੇ ਹਸਪਤਾਲ ਵਿੱਚ ਦਾਖਲ ਹੈ।

ਮੋਹਾਲੀ ਦੀ ਇੱਕ 69 ਸਾਲ ਦੀ ਔਰਤ ਜੋ 18 ਮਾਰਚ ਨੂੰ ਯੂਕੇ ਤੋਂ ਵਾਪਸ ਆਈ ਸੀ ਤੇ ਉਸ ਦੀ 74 ਸਾਲਾ ਭੈਣ ਵੀ ਪੌਜ਼ੀਟਿਵ ਹੈ।

ਅੰਮ੍ਰਿਤਸਰ ਵਿੱਚ ਸਰਕਾਰ ਦੀ ਕੁਆਰੰਟੀਨ ਫੈਸਿਲਿਟੀ ਵਿੱਚ 48 ਯਾਤਰੀ ਦਾਖਲ ਹਨ।

ਹਰਿਆਣਾ ਵਿੱਚ 8 ਤੇ ਚੰਡੀਗੜ੍ਹ ਵਿੱਚ 5 ਪੌਜ਼ੀਟਿਵ ਕੇਸ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸ਼ਨੀਵਾਰ ਸਵੇਰੇ ਤੱਕ ਭਾਰਤ ਦੇ ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕੇਸਾਂ ਦਾ ਅੰਕੜਾ 282 ਦੱਸਿਆ ਹੈ।

ਦਿੱਲੀ ਸਰਕਾਰ ਨੇ ਪੈਨਸ਼ਨ ਵਧਾਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ 4000-5000 ਰੁਪਏ ਪੈਨਸ਼ਨ 8.5 ਲੱਖ ਲੋਕਾਂ ਨੂੰ ਦਿੱਤੀ ਜਾਵੇਗੀ। 72 ਲੱਖ ਲੋਕਾਂ ਨੂੰ ਆਮ ਤੋਂ 50 ਫੀਸਦ ਵੱਧ ਰਾਸ਼ਨ ਦਿੱਤਾ ਜਾਵੇਗਾ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਨਾਈਟ ਸ਼ੈਲਟਰਜ਼ ਵਿੱਚ ਦੁਪਹਿਰੇ ਤੇ ਰਾਤੀ ਮੁਫਤ ਖਾਣਾ ਖਵਾਇਆ ਜਾਵੇਗਾ।

ਦਿੱਲੀ ਦੇ ਵਪਾਰੀਆਂ ਨੇ ਫੈਸਲਾ ਲਿਆ ਹੈ ਕਿ 21 ਮਾਰਚ ਤੋਂ 23 ਮਾਰਚ ਤੱਕ ਬਜ਼ਾਰ ਬੰਦ ਰਹਿਣਗੇ।

ਦਵਾਈਆਂ ਦੀਆਂ ਦੁਕਾਨਾਂ ਤੇ ਰਾਸ਼ਨ ਦੀਆਂ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ।

ਅਫਵਾਹਾਂ ਫੈਲਾਉਣ ਵਾਲਿਆਂ 'ਤੇ ਕਾਰਵਾਈ

ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਵਾਲਿਆਂ ਤੇ ਜੁਰਮਾਨਾ ਲਗਾਇਆ ਜਾਵੇਗਾ ।

ਕੋਰੋਨਾਵਾਇਰਸ: ਸ਼ਨੀਵਾਰ ਰਾਤੀ ਤੋਂ ਐਤਵਾਰ ਰਾਤ ਤੱਕ ਕੋਈ ਯਾਤਰੀ ਰੇਲਗੱਡੀ ਨਹੀਂ (20 ਮਾਰਚ)

ਭਾਰਤ ਵਿੱਚ ਪੌਜ਼ੀਵਿਟ ਕੇਸਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਾ ਕਰਫ਼ਿਊ ਕਾਰਨ ਰੇਲਵੇ ਨੇ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਰਾਤ 10 ਵਜੇ ਤੱਕ ਰੇਲਗੱਡੀਆਂ ਨਾ ਚਲਾਉਣ ਦਾ ਫ਼ੈਸਲਾ ਲਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਨਤਾ ਕਰਫਿਊ ਦੇ ਮੱਦੇਨਜ਼ਰ ਸ਼ਨੀਵਾਰ ਰਾਤੀ 12 ਵਜੇ ਤੋਂ ਐਤਵਾਰ ਰਾਤੀ 10 ਵਜੇ ਤੱਕ ਕੋਈ ਯਾਤਰੀ ਰੇਲਗੱਡੀਆਂ ਨਹੀਂ ਚੱਲਣਗੀਆਂ। ਸਾਰੀਆਂ ਮੇਲ ਤੇ ਐਕਸਪ੍ਰੈੱਸ ਗੱਡੀਆਂ ਆਪੋ-ਆਪਣੇ ਸਟੇਸ਼ਨਾਂ 'ਤੇ ਖੜ੍ਹ ਜਾਣਗੀਆਂ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੰਜਾਬ-ਹਰਿਆਣਾ ਵਿੱਚ ਸ਼ੁੱਕਰਵਾਰ ਤੱਕ ਕੋਰੋਨਾਵਾਇਰਸ ਕਾਰਨ ਕੀ ਰਿਹਾ ਘਟਨਾਕ੍ਰਮ

ਪੰਜਾਬ 'ਚ ਬੱਸਾਂ ਦਾ ਚੱਕਾ ਜਾਮ ਪਰ 50 ਰੂਟਾਂ ਤੋਂ ਛੂਟ

ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ 21 ਮਾਰਚ ਤੋਂ ਜਨਤਕ ਟਰਾਂਸਪੋਰਟ 'ਤੇ ਲਾਈ ਰੋਕ ਵਿੱਚ ਮੁੜ ਵਿਚਾਰ ਮਗਰੋਂ 50 ਰੂਟਾਂ 'ਤੇ ਢਿੱਲ ਦਿੱਤੀ ਹੈ।

ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਸੂਬੇ ਵਿੱਚ ਜ਼ਰੂਰੀ ਵਸਤਾਂ ਦੀ ਪੂਰਤੀ ਬਰਕਾਰ ਰੱਖੀ ਜਾ ਸਕੇ ਅਤੇ ਸੇਵਾਵਾਂ ਚਲਦੀਆਂ ਰਹਿ ਸਕਣ।

ਇਹ ਰੂਟ ਸਿਰਫ਼ ਸਰਕਾਰੀ ਬੱਸਾਂ ਲਈ ਖੋਲ੍ਹੇ ਗਏ ਹਨ ਜੋ ਆਪਣੀ ਸਮਰੱਥਾ ਤੋਂ ਅੱਧੀਆਂ ਸਵਾਰੀਆਂ ਹੀ ਢੋਣਗੀਆਂ।

ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਪਣੇ ਅਖ਼ਤਿਆਰ ਨਾਲ ਹੋਰ ਪਬਲਿਕ ਕੈਰੀਅਰ ਵਾਹਨਾਂ ਨੂੰ ਵੀ ਇਹ ਛੋਟ ਦੇ ਸਕਣਗੇ।

ਪੰਜਾਬ ਦੇ ਸਿਹਤ ਮੰਤਰਾਲੇ ਨੇ ਮੋਹਾਲੀ ਵਿੱਚ ਕੋਰੋਨਾਵਾਇਰਸ ਦਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿਚ ਵੀ ਪੰਜਵੇਂ ਕੇਸ ਦੀ ਪੁਸ਼ਟੀ ਕੀਤੀ ਗਈ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੋਰੋਨਾਵਾਇਰਸ ਦੀ ਪਰਵਾਹ ਕੀਤੇ ਬਿਨਾਂ ਜਦੋਂ ਸਰੋਵਰ ਦੀ ਸਫਾਈ ਲਈ ਹੋਇਆ ਵੱਡਾ ਇਕੱਠ

ਪੰਜਾਬ ਅਤੇ ਚੰਡੀਗੜ੍ਹ ਦੇ ਅਧਿਕਾਰਤ ਸੂਤਰਾਂ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਦੋਵਾਂ ਥਾਂਵਾਂ ਉੱਤੇ ਕੁੱਲ 8 ਕੇਸਾਂ ਦੀ ਪੁਸ਼ਟੀ ਕੀਤੀ ਹੈ।

ਮਹਾਰਾਸ਼ਟਰ ਸਰਕਾਰ ਨੇ ਚਾਰ ਸ਼ਹਿਰਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸ਼ਹਿਰਾਂ ਦੇ ਨਾਂ ਮੁੰਬਈ, ਨਾਗਪੁਰ, ਪੁਣੇ ਤੇ ਪਿੰਪੜੀ ਚਿੰਚਵਾੜ ਸ਼ਾਮਿਲ ਹਨ।

ਇਨ੍ਹਾਂ ਸ਼ਹਿਰਾਂ ਵਿੱਚ ਕੇਵਲ ਦਵਾਈਆਂ, ਸਬਜ਼ੀਆਂ ਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ।

ਦਿੱਲੀ ਵਿੱਚ ਵੀ ਸਾਰੇ ਮਾਲ ਬੰਦ ਕਰ ਦਿੱਤੇ ਗਏ ਹਨ।

ਇਨ੍ਹਾਂ ਰੂਟਾਂ ਤੇ ਬਹਾਲ ਕੀਤੀਆਂ ਸਰਕਾਰੀ ਬੱਸਾਂ

ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ 21 ਮਾਰਚ ਤੋਂ ਜਨਤਕ ਟਰਾਂਸਪੋਰਟ 'ਤੇ ਲਾਈ ਰੋਕ ਵਿੱਚ ਮੁੜ ਵਿਚਾਰ ਮਗਰੋਂ ਹੇਠ ਲਿਖੇ ਰੂਟਾਂ 'ਤੇ ਢਿੱਲ ਦਿੱਤੀ ਹੈ:

Image copyright PUNJAB GOVT.
ਫੋਟੋ ਕੈਪਸ਼ਨ ਪੰਜਾਬ ਸਰਕਾਰ ਵੱਲੋਂ ਉਪਰੋਕਤ ਰੂਟਾਂ ’ਤੇ ਛੋਟ ਦਿੱਤੀ ਗਈ ਹੈ

ਗਾਇਕਾ ਕਨਿਕਾ ਕਪੂਰ ਨੂੰ ਕੋਰੋਨਾਵਾਇਰਸ

ਬੌਲੀਵੁੱਡ ਗਾਇਕਾ ਕਨਿਕਾ ਕਪੂਰ ਕੋਰੋਨਾਵਾਇਰਸ ਤੋਂ ਪੀੜਤ ਹੋ ਗਏ ਹਨ। ਕਨਿਕਾ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਰਾਹੀਂ ਖ਼ੁਦ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ ਹੈ, "ਪਿਛਲੇ ਚਾਰ ਦਿਨਾਂ ਤੋਂ ਮੇਰੇ ਵਿੱਚ ਫ਼ਲੂ ਦੇ ਲੱਛਣ ਦਿਖੇ ਰਹੇ ਸਨ। ਮੈਂ ਆਪਣੀ ਜਾਂਚ ਕਰਵਾਈ ਤਾਂ ਮੈਨੂੰ ਕੋਵਿਡ-19 ਨਾਲ ਸੰਕ੍ਰਮਿਤ ਪਾਇਆ ਗਿਆ।"

Image copyright Kanika Kapoor/Instagram
ਫੋਟੋ ਕੈਪਸ਼ਨ ਸਥਾਨਕ ਮੀਡੀਆ ਮੁਤਾਬਕ ਕਨਿਕਾ ਲਖਨਊ ਵਿੱਚ ਲਗਭਗ 100 ਜਣਿਆਂ ਦੀ ਇੱਕ ਦਾਅਵਤ ਵਿੱਚ ਸ਼ਾਮਲ ਹੋਏ ਸਨ

"ਮੈਂ 10 ਦਿਨ ਪਹਿਲਾਂ ਹੀ ਘਰ ਵਾਪਸ ਆਈ ਸੀ। ਇਸ ਦੌਰਾਨ ਮੇਰੀ ਏਅਰਪੋਰਟ ’ਤੇ ਜਾਂਚ ਵੀ ਕੀਤੀ ਗਈ ਸੀ। ਹਾਲਾਂਕਿ ਉਸ ਸਮੇਂ ਲੱਛਣ ਦਿਖਾਈ ਨਹੀਂ ਦੇ ਰਹੇ ਸਨ।"

ਸਥਾਨਕ ਮੀਡੀਆ ਮੁਤਾਬਕ ਕਨਿਕਾ ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਲਖਨਊ ਵਿੱਚ ਲਗਭਗ 100 ਜਣਿਆਂ ਦੀ ਇੱਕ ਦਾਅਵਤ ਲਈ ਇੱਕ ਹੋਟਲ ਵਿੱਚ ਰਹੇ ਸਨ।

ਕਨਿਕਾ ਨੇ ਇੰਸਟਾਗ੍ਰਾਮ ’ਤੇ ਲਿਖਿਆ," ਮੇਰਾ ਪਰਿਵਾਰ ਤੇ ਮੈਂ ਪੂਰੀ ਸਾਵਧਾਨੀ ਵਰਤ ਰਹੇ ਹਾਂ। ਵੱਖੋ-ਵੱਖ ਹਾਂ। ਡਾਕਟਰਾਂ ਦੀ ਸਲਾਹ ਲੈ ਰਹੇ ਹਾਂ। ਮੈਂ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਸੀ, ਉਨ੍ਹਾਂ ਦੀ ਵੀ ਜਾਂਚ ਹੋ ਰਹੀ ਹੈ।"

ਹਾਲਾਂਕਿ ਸੋਸ਼ਲ ਮੀਡੀਆ ’ਤੇ ਕਨਿਕਾ ਨੂੰ ਗ਼ੈਰ-ਜਿੰਮੇਵਾਰ ਦੱਸਿਆ ਜਾ ਰਿਹਾ ਹੈ।

ਪੰਜਾਬ ਚ ਤੀਜੇ ਕੇਸ ਦੀ ਪੁਸ਼ਟੀ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਧ ਸਿੱਧੂ ਨੇ ਮੁਹਾਲੀ ਵਿੱਚ ਮਿਲੇ ਤੀਜੇ ਕੇਸ ਬਾਰੇ ਗੱਲ ਕਰਦਿਆਂ ਦੱਸਿਆ ਸੀ ਕਿ ਮੁਹਾਲੀ 'ਚ ਰਹਿਣ ਵਾਲੀ ਔਰਤ ਦਾ ਜਦੋਂ ਟੈਸਟ ਪਾਜ਼ੀਟਿਵ ਆਇਆ ਤਾਂ ਉਨ੍ਹਾਂ ਦੀ ਬੇਟੀ ਤੇ ਹੋਰ ਉਨ੍ਹਾਂ ਦੇ ਨਾਲ ਸਨ, ਉਨ੍ਹਾਂ ਸਾਰਿਆਂ ਨੂੰ ਕੁਆਰੰਟਾਇਨ 'ਚ ਭੇਜ ਦਿੱਤਾ ਗਿਆ ਹੈ।

ਇਹ ਔਰਤ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਗਈ ਸੀ ਜਿੱਥੇ ਕੋਰੋਨਾਵਾਇਰ ਦੇ ਲੱਛਣ ਮਿਲਣ ਕਾਰਨ ਉਸ ਦਾ ਸੈਂਪਲ ਲਿਆ ਗਿਆ ਸੀ ਪਰ ਉਸ ਨੂੰ ਛੁੱਟੀ ਦਿੱਤੀ ਗਈ ਸੀ।

ਜਦੋਂ ਉਸ ਵਿੱਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਪੁਲਿਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਲੈ ਕੇ ਗਏ। ਹੁਣ ਉਸ ਨੂੰ ਅਤੇ ਪਰਿਵਾਰ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਹਨ?

ਬਲਬੀਰ ਸਿੰਧ ਸਿੱਧੂ ਨੇ ਕਿਹਾ "ਹਾਲਾਂਕਿ ਉਨ੍ਹਾਂ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਅਸੀਂ ਉਨ੍ਹਾਂ ਕਿਹਾ ਕਿ ਇਹ ਸਮਾਜ ਤੇ ਦੇਸ ਦੀ ਭਲਾਈ ਵਾਸਤੇ ਹੈ। ਫਿਰ ਸਮਝਾਉਣ 'ਤੇ ਉਹ ਮਨ ਗਏ ਤੇ ਹੁਣ ਜਾ ਰਹੇ ਹਨ।"

ਪੰਜਾਬ ’ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ (ਮਾਰਚ 19)

ਪੰਜਾਬ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਣ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਕੀਤੀ ਗਈ ਹੈ। ਮ੍ਰਿਤਕ ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਲਾਗੇ ਪੈਂਦੇ ਪਿੰਡ ਪਠਲਾਵਾ ਦਾ ਰਹਿਣ ਵਾਲਾ ਸੀ।

ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਇਹ 70 ਸਾਲਾ ਬਲਦੇਵ ਸਿੰਘ ਵਿਅਕਤੀ ਜਰਮਨੀ ਤੋਂ ਵਾਇਆ ਇਟਲੀ 7 ਮਾਰਚ ਨੂੰ ਦਿੱਲੀ ਏਅਰਪੋਰਟ ਉੱਤੇ ਪਹੁੰਚਿਆ ਸੀ।

ਉਸੇ ਦਿਨ ਉਹ ਪੰਜਾਬ ਆ ਗਿਆ ਸੀ, ਉਹ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਰੋਗੀ ਸੀ ਅਤੇ ਉਸ ਦਾ ਟੈਸਟ ਸ਼ੱਕੀ ਕੋਰੋਨਾਵਾਇਰਸ ਮਰੀਜ਼ ਹੋਣ ਕਾਰਨ ਕਰਵਾਇਆ ਗਿਆ ਸੀ ਅਤੇ ਬੁੱਧਵਾਰ ਨੂੰ ਇਹ ਪਾਜੇਟਿਵ ਪਾਇਆ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਟੈਸਟਿੰਗ ਲਈ ਨਿੱਜੀ ਹਸਪਤਾਲਾਂ ਅਤੇ ਲੈਬਜ਼ ਵਿੱਚ ਪ੍ਰਬੰਧ ਕੀਤਾ ਜਾਵੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੋਰੋਨਾਵਾਇਰਸ: ਪਾਕਿਸਤਾਨ ਦੇ ਲੋਕ ਬਾਰਡਰ ਸੀਲ ਹੋਣ ਕਾਰਨ ਭਾਰਤ ਵਿੱਚ ਫਸੇ

ਸਰਕਾਰੀ ਤੇ ਨਿੱਜੀ ਬੱਸਾਂ ਬੰਦ

ਪੰਜਾਬ ਵਿੱਚ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਪਬਲਿਕ ਟਰਾਂਸਪੋਰਟ ਬੰਦ ਕਰ ਦਿੱਤਾ ਜਾਵੇਗਾ। ਸਾਰੀਆਂ ਬੱਸਾਂ, ਟੈਂਪੋ, ਆਟੋ ਰਿਕਸ਼ਾ ਸਭ ਬੰਦ ਕਰ ਦਿੱਤਾ ਜਾਵੇਗਾ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹੰਮ ਮੋਹਿੰਦਰਾ ਨੇ ਇਹ ਜਾਣਕਾਰੀ ਦਿੱਤੀ ਹੈ।

ਸਰਕਾਰ ਨੇ ਹਾਲਾਤ ਦਾ ਜ਼ਾਇਜਾ ਲੈਣ ਤੋਂ ਬਾਅਦ ਸੂਬੇ ਵਿਚ ਕਿਸੇ ਵੀ ਥਾਂ 20 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉੱਤੇ ਪਾਬੰਦੀ ਲਾ ਦਿੱਤੀ ਹੈ। ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।

ਪੰਜਾਬ ਵਿੱਚਕੀ-ਕੀ ਬੰਦ

 • 20 ਲੋਕਾਂ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਪਹਿਲਾਂ ਇਹ ਗਿਣਤੀ 50 ਸੀ।
 • ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ, ਬੈਨਕੁਐਟ ਹਾਲ, ਇਨਡੋਰ ਡਾਈਨਿੰਗ ਸਭ ਬੰਦ ਕਰ ਦਿੱਤੇ ਗਏ ਹਨ ਪਰ ਹੋਮ ਡਿਲੀਵਰੀ ਅਤੇ ਟੇਕ-ਅਵੇ ਜਾਰੀ ਰਹਿਣਗੇ।
 • ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ।
 • ਪੰਜਾਬ ਵਿੱਚ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕੀਤੀਆਂ। ਸਾਰਾ ਕੁੱਝ ਸੀਬੀਐੱਸਈ ਦੇ ਪੈਟਰਨ ਵਾਂਗ ਹੀ ਫੋਲੋ ਹੋਵੇਗਾ।
 • ਹੋਮ ਕੁਆਰੰਟਾਈਨ ਨੂੰ ਸਖ਼ਤ ਕਰ ਰਹੇ ਹਾਂ। ਜਿੱਥੇ ਸਟੈਂਪ ਦੀ ਲੋੜ ਹੈ, ਉੱਥੇ ਸਟੈਂਪ ਲਾਈ ਜਾਵੇਗੀ।
 • ਸਾਰੇ ਡਿਪਟੀ ਕਮਿਸ਼ਨਰ, ਕਮਿਸ਼ਨਰ, ਐੱਸਐੱਸਪੀ ਨੂੰ ਕਿਹਾ ਗਿਆ ਹੈ ਕਿ ਕਿਸੇ ਨੇ ਵੀ ਆਪਣੇ ਸਟੇਸ਼ਨ ਨਹੀਂ ਛੱਡਣੇ।
 • ਆਈਸੋਲੇਸ਼ਨ ਵਾਰਡ ਦੀ ਤਿਆਰੀ ਵੀ ਹੋ ਰਹੀ ਹੈ।
 • ਐੱਨਆਰਆਈ ਪੰਜਾਬ ਵਿੱਚ ਬਹੁਤ ਆਏ ਹੋਏ ਹਨ, ਉਨ੍ਹਾਂ ਤੋਂ ਕੁੱਝ ਵੀ ਦਿੱਕਤਾਂ ਆ ਸਕਦੀਆਂ ਹਨ। ਪਰ ਅਸੀਂ ਤਿਆਰ ਹਾਂ।
Image copyright PMO

ਪੀਐੱਮ ਮੋਦੀ ਦਾ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾਵਾਇਰਸ ਦੇ ਮਾਮਲੇ ਉੱਤੇ ਵੀਰਵਾਰ ਰਾਤੀ 8 ਵਜੇ ਦੇਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮਾਰਚ 22 ਨੂੰ ਜਨਤਾ ਕਰਫੀਊ ਦੀ ਅਪੀਲ ਕੀਤੀ ਤੇ ਕਿਹਾ ਕਿ ਇਸ ਦਿਨ ਕੋਈ ਵੀ ਬਾਹਰ ਨਾ ਨਿਕਲੇ।

ਕੇਂਦਰੀ ਮਨੁੱਖੀ ਸਰੋਤਾਂ ਬਾਰੇ ਮੰਤਰਾਲੇ ਨੇ ਕੇਂਦਰੀ ਸੈਕੰਡਰੀ ਐਜ਼ੂਕੇਸ਼ਨ ਬੋਰਡ (ਸੀਬੀਐੱਸਈ) ਨੂੰ 31 ਮਾਰਚ ਤੱਕ ਸਾਰੇ ਇਮਤਿਹਾਨ 31 ਮਾਰਚ ਤੱਕ ਮੁਲਤਵੀ ਕਰਨ ਦੇ ਹੁਕਮ ਦਿੱਤੇ ਹਨ।

ਸੀਬੀਐੱਸਈ ਨੇ ਇਮਤਿਹਾਨ 24 ਫਰਬਰੀ ਤੋਂ ਸ਼ੁਰੂ ਹੋਏ ਸਨ ਅਤੇ 14 ਅਪ੍ਰੈਲ ਤੱਕ ਹੋਣੇ ਹਨ। ਇਸ ਤੋਂ ਪਹਿਲਾਂ ਭਾਵੇਂ ਸਾਰੇ ਸਕੂਲਾਂ ਕਾਲਜਾਂ ਵਿਚ ਛੁੱਟੀਆਂ ਕਰ ਦਿੱਤੀਆਂ ਸਨ ਪਰ ਇਮਤਿਹਾਨ ਜਾਰੀ ਹਨ।

ਸ਼ੱਕੀ ਮਰੀਜ਼ ਨੇ ਕੀਤੀ ਖੁਦਕੁਸ਼ੀ

ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਇੱਕ ਸ਼ੱਕੀ ਮਰੀਜ਼ ਨੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ ਸੀ। ਉਹ ਭਾਰਤ ਵਿੱਚ ਆਸਟਰੇਲੀਆ ਤੋਂ ਆਇਆ ਸੀ। ਬੁੱਧਵਾਰ ਰਾਤ ਨੂੰ ਆਈਸੋਲੇਸ਼ਨ ਵਾਰਡ ਦਾ ਬੂਹਾ ਜਬਰਨ ਖੋਲ੍ਹ ਕੇ ਉਸ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਲਈ ਸੀ।

ਚੰਡੀਗੜ੍ਹ ਵਿੱਚ ਪਹਿਲਾ ਪੌਜ਼ੀਟਿਵ ਮਾਮਲਾ ਆਇਆ

ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਿਰਦੇਸ਼ਕ ਡਾ. ਬੀਐੱਸ ਚਵਨ ਨੇ ਬੀਬੀਸੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ।

ਡਾ. ਚਵਨ ਮੁਤਾਬਕ ਲੜਕੀ ਦੀਆਂ ਰਿਪੋਰਟਾਂ ਕੱਲ੍ਹ ਹੀ ਆਈਆਂ ਹਨ। ਇਹ ਬ੍ਰਿਟੇਨ ਤੋਂ ਪਰਤੀ ਸੀ।

ਹਰਿਆਣਾ ਦੇ ਗੁਰੂਗਰਾਮ ਵਿੱਚ ਕੋਰੋਨਾਵਾਇਰਸ ਦੇ ਚੌਥੇ ਮਰੀਜ਼ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਜਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਲੌਕਡਾਊਨ ਦਾ ਫ਼ੈਸਲਾ ਲਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜੰਮੂ ਕਸ਼ਮੀਰ ਵਿੱਚ ਵੀ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ।

ਰਾਜਸਥਾਨ ਦੇ ਜੁੰਨਝੂਨੂ ਵਿੱਚ ਤਿੰਨ ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਵਾਇਰਸ ਦਾ ਫੈਲਾਅ ਰੋਕਣ ਲਈ ਦਫ਼ਾ 144 ਲਾਈ ਗਈ ਹੈ।

ਤੇਲੰਗਾਨਾ ਵਿੱਚ ਸੱਤ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਇੰਡੋਨੇਸ਼ੀਆ ਦੇ ਵਾਸੀ ਹਨ। ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਪੰਜਾਬ ਦਾ 5800 ਕੈਦੀਆਂ ਦੀ ਰਿਹਾਈ ਦਾ ਸੁਝਾਅ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਕੋਰੋਨਾਵਾਇਰਸ ਦੇ 116 ਸ਼ੱਕੀ ਕੇਸ ਸਾਹਮਣੇ ਆਏ ਹਨ, ਜਿੰਨ੍ਹਾਂ ਵਿੱਚੋਂ ਸਿਰਫ਼ ਇੱਕ ਕੇਸ ਪਾਜੇਟਿਵ ਪਾਇਆ ਗਿਆ ਹੈ।

ਚੰਡੀਗੜ੍ਹ ਵਿੱਚ ਮੰਤਰੀਆਂ ਤੇ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਪਰ ਬਚਾਅ ਲਈ ਕਈ ਕਦਮ ਚੁੱਕੇ ਜਾ ਰਹੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 5800 ਕੈਦੀਆਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕਿਉਂ
Image copyright Getty Images
ਫੋਟੋ ਕੈਪਸ਼ਨ 19 ਮਾਰਚ ਤੋਂ 31 ਮਾਰਚ ਤੱਕ ਯੂਰਪ ਅਤੇ ਯੂਕੇ ਜਾਣ ਵਾਲੀਆਂ ਸਾਰੀਆਂ ਉਡਾਨਾ ਮੁਲਤਵੀ

ਯੂਰਪ ਦੀਆਂ ਉਡਾਨਾਂ ਬੰਦ (17 ਮਾਰਚ)

ਕੋਰੋਨਾਵਾਇਰਸ ਕਾਰਨ ਏਅਰ ਇੰਡੀਆ ਨੇ ਯੂਰਪੀ ਯੂਨੀਅਨ ਤੇ ਯੂਕੇ ਲਈ ਉਡਾਨਾਂ ਬੰਦ ਕਰ ਦਿੱਤੀਆਂ ਹਨ।

ਮੰਗਲਵਾਰ ਨੂੰ ਐਲਾਨ ਕੀਤਾ ਗਿਆ ਕਿ 19 ਮਾਰਚ ਤੋਂ 31 ਮਾਰਚ ਤੱਕ ਯੂਰਪ ਅਤੇ ਯੂਕੇ ਜਾਣ ਵਾਲੀਆਂ ਸਾਰੀਆਂ ਉਡਾਨਾ ਮੁਲਤਵੀ ਕੀਤੀਆਂ ਜਾ ਰਹੀਆਂ ਹਨ।

ਗੋ ਏਅਰ ਨੇ ਕੌਮਾਂਤਰੀ ਉਡਾਨਾ ਬੰਦ ਕਰ ਦਿੱਤੀਆਂ ਹਨ। ਘੱਟ ਉਡਾਨਾਂ ਕਰਕੇ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਛੁੱਟੀ ਤੇ ਭੇਜਣ ਦਾ ਫੈਸਲਾ ਕੀਤਾ ਹੈ।

ਭਾਰਤੀ ਰੇਲਵੇ ਨੇ ਵੱਡੀ ਫੈਸਲਾ ਲਿਆ ਹੈ ਕਿ ਲੋਕਾਂ ਦੀ ਭੀੜ ਘਟਾਉਣ ਲਈ ਪਲੈਟਫਾਰਮ ਟਿਕਟ 50 ਰੁਪਏ ਦੀ ਕਰ ਦਿੱਤੀ ਗਈ ਹੈ।

ਸੈਂਟਰਲ ਰੇਲਵੇ ਨੇ ਕੋਰੋਨਾਵਾਇਰਸ ਦੇ ਖ਼ਤਰਿਆਂ ਨੂੰ ਦੇਖਦੇ ਹੋਏ ਰਾਜਧਾਨੀ ਅਤੇ ਦੁਰੰਤੋ ਸਣੇ 23 ਟਰੇਨਾਂ ਰੱਦ ਕਰ ਦਿੱਤੀਆਂ ਹਨ।

ਕੋਰੋਨਾਵਾਇਰਸ ਕਾਰਨ ਇਤਿਹਾਸਕ ਇਮਾਰਤ ਤਾਜ ਮਹਿਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਸੱਭਿਆਚਾਰਕ ਮੰਤਰਾਲੇ ਨੇ ਕਿਹਾ ਹੈ ਕਿ ਹਰ ਰੋਜ਼ 10 ਹਜ਼ਾਰ ਤੋਂ ਵੱਧ ਲੋਕ ਤਾਜ ਮਹਿਲ ਦੇਖਣ ਆਉਂਦੇ ਹਨ ਇਸ ਲਈ ਇਸ ਨੂੰ 'ਬੰਦ ਕਰਨਾ ਜ਼ਰੂਰੀ ਸੀ।'

ਭਾਰਤ ਦੇ ਪੁਰਾਤੱਤਵ ਵਿਭਾਗ ਨੇ ਆਪਣੀਆਂ ਸਾਰੀਆਂ 143 ਸਮਾਰਕਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਕਰਨਾਟਕ ਦੇ ਕਲਬੁਰਗੀ 'ਚ ਹੋਈ ਸੀ। 76 ਸਾਲਾ ਇਹ ਸ਼ਖ਼ਸ ਸਾਊਦੀ ਅਰਬ ਤੋਂ ਭਾਰਤ ਪਰਤਿਆ ਸੀ।

ਕੋਰੋਨਾਵਾਇਰਸ ਨਾਲ ਭਾਰਤ 'ਚ ਦੂਸਰੀ ਮੌਤ 68 ਸਾਲ ਦੀ ਔਰਤ ਦੀ ਦਿੱਲੀ ਦੇ ਆਰਐਮਐਲ ਹਸਪਤਾਲ 'ਚ ਹੋਈ ਸੀ।

ਸਰਕਾਰ ਦਾ ਕਹਿਣਾ ਹੈ ਕਿ ਇਸ ਔਰਤ ਦਾ ਬੇਟਾ 5 ਫ਼ਰਵਰੀ ਤੋਂ 22 ਫ਼ਰਵਰੀ ਤੱਕ ਵਿਦੇਸ਼ 'ਚ ਸੀ। 23 ਫ਼ਰਵਰੀ ਨੂੰ ਸਵਿਜ਼ਰਲੈਂਡ ਅਤੇ ਇਟਲੀ ਤੋਂ ਹੁੰਦੇ ਹੋਏ ਭਾਰਤ ਪਰਤਿਆ ਸੀ।

ਭਾਰਤ 'ਚ ਹੁਣ ਤੱਕ ਵਾਇਰਸ ਦੀ ਲਾਗ ਦੇ 125 ਕੇਸ ਸਾਹਮਣੇ ਆ ਚੁੱਕੇ ਹਨ।

ਕੋਰੋਨਾਵਾਇਰਸ 'ਤੇ ਭਾਰਤ ਵਿੱਚ ਜੋ ਕੁਝ ਹੋਇਆ (16 ਮਾਰਚ)

ਪੰਜਾਬ 'ਚ ਹੁਣ ਤੱਕ ਕਿਹੜੇ ਲਏ ਗਏ ਫੈਸਲੇ?

 • ਪੰਜਾਬ 'ਚ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਹੁਕਮ ਹਨ। ਹਾਲਾਂਕਿ ਪ੍ਰੀਖਿਆਵਾਂ ਜਾਰੀ ਰਹਿਣਗੀਆਂ।
 • ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਵਲੋਂ ਹੁਕਮ ਦਿੱਤੇ ਗਏ ਹਨ। ਚੰਡੀਗੜ੍ਹ ਦਾ ਇਲਾਂਤੇ ਸ਼ੌਪਿੰਗ ਮਾਲ ਵੀ ਬੰਦ ਹੋਇਆ।
 • ਜਿੰਮ ਅਤੇ ਸਵੀਮਿੰਗ ਪੂਲ ਬੰਦ ਕਰਨ ਦੇ ਹੁਕਮ ਹਨ। ਸਾਰੇ ਚਿੜੀਆਘਰ ਵੀ ਬੰਦ ਰਹਿਣਗੇ।
 • ਸੂਬਾ ਸਰਕਾਰ ਵਲੋਂ ਵੱਡੇ ਇਕੱਠਾਂ 'ਚ ਜਾਣ ਦੀ ਮਨਾਹੀ ਹੈ।
 • ਸਿਹਤ ਪੱਖੋਂ ਕਿਸੇ ਵੀ ਤਰ੍ਹਾਂ ਦੀ ਦਿਕੱਤ ਜਾਂ ਖ਼ਦਸ਼ਾ ਹੋਣ 'ਤੇ 104 ਨੰਬਰ ਹੈਲਪਲਾਈਨ ਜਾਰੀ ਕੀਤੀ ਗਈ ਹੈ।
 • ਖੇਡ ਸੰਮੇਲਨ, ਕਾਨਫਰੰਸਾਂ, ਮੇਲੇ, ਪ੍ਰਦਰਸ਼ਨੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ।
 • ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰਾ ਜਾਣ ਦੀ ਮਨਾਹੀ ਹੈ।
 • ਵਿਰਾਸਤ-ਏ-ਖ਼ਾਲਸਾ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।

ਭਾਰਤ 'ਚ ਕੀ-ਕੀ ਹੋ ਰਿਹਾ ਹੈ?

 • ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ਾ ਰੋਕ ਦਿੱਤੇ ਹਨ। ਡਿਪਲੋਮੈਟਿਕ, ਅਧਿਕਾਰਤ, ਕੌਮਾਂਤਰੀ ਸੰਸਥਾਵਾਂ, ਰੁਜ਼ਗਾਰ ਅਤੇ ਪ੍ਰੋਜੈਕਟ ਵੀਜ਼ਾ ਨੂੰ ਛੋਟ ਦਿੱਤੀ ਗਈ ਹੈ। ਵੀਜ਼ਾ 'ਤੇ ਇਹ ਪਾਬੰਦੀ 13 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ।
 • ਇਸ ਦੇ ਨਾਲ ਹੀ ਓਸੀਆਈ ਖਾਤਾਧਾਰਕਾਂ ਨੂੰ ਦਿੱਤੀ ਗਈ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਜੋ ਵਿਦੇਸ਼ੀ ਭਾਰਤ ਵਿੱਚ ਮੌਜੂਦ ਹਨ ਉਨ੍ਹਾਂ ਦੇ ਵੀਜ਼ਾ ਜਾਇਜ਼ ਰਹਿਣਗੇ।
 • ਮਾਸਕ ਅਤੇ ਹੈਂਡ-ਸੈਨੇਟਾਈਜ਼ਰ ਦੀ ਕਾਲਾ-ਬਾਜ਼ਾਰੀ ਨੂੰ ਰੋਕਣ ਲਈ ਇਨ੍ਹਾਂ ਨੂੰ ਅਸੈਂਸ਼ੀਅਲ ਕੋਮੋਡਿਟੀ ਐਕਟ ਦੇ ਤਹਿਤ ਲਿਆਂਦਾ ਗਿਆ ਹੈ ਤਾਂਕਿ ਇਨ੍ਹਾਂ ਨੂੰ ਮਹਿੰਗਾ ਕਰਕੇ ਨਾ ਵੇਚਿਆ ਜਾਵੇ।
 • ਭਾਰਤੀ ਰੇਲ ਵੱਲੋਂ ਏਸੀ ਕੋਚ 'ਚ ਕੰਬਲ ਨਹੀਂ ਦਿੱਤੇ ਜਾਣਗੇ। ਏਸੀ ਕੋਚਾਂ ਦੇ ਤਾਪਮਾਨ ਵੀ 25-26 ਡਿਗ੍ਰੀ ਤੱਕ ਸੀਮਿਤ ਰੱਖਣ ਦੇ ਹੁਕਮ ਹਨ।
 • ਟਰੇਨਾਂ, ਲਾਬੀ, ਟਿਕਟ ਰੂਮ, ਪੈਸੇਂਜਰ ਰੂਮ ਆਦਿ 'ਚ ਸੈਨੇਟਾਈਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
 • ਭੀੜ-ਭਾੜ ਵਾਲੀਆਂ ਜਨਤਕ ਥਾਵਾਂ 'ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ।
 • ਪ੍ਰਮੁੱਖ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਵੀ ਨਾ ਜਾਣ ਲਈ ਹਿਦਾਇਤਾਂ ਜਾਰੀ ਕੀਤੀਆ ਹਨ।
 • ਬੀਸੀਸੀਆਈ ਨੇ ਸਾਰੇ ਘਰੇਲੂ ਮੈਚਾਂ 'ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਹੈ।
 • ਬੀਸੀਸੀਆਈ ਪ੍ਰੇਜ਼ੀਡੇਂਟ ਸੌਰਵ ਗਾਂਗੁਲੀ ਨੇ ਕਿਹਾ ਕਿ ਇਰਾਨੀ ਕੱਪ, ਸੀਨਿਅਰ ਵੁਮਨ ਵਨ-ਡੇ ਨੌਕ-ਆਉਟ, ਵਿਜ਼ੀ ਟਰਾਫ਼ੀ ਸਣੇ ਸਾਰੇ ਮੈਚ ਫ਼ਿਲਹਾਲ ਲਈ ਰੋਕ ਦਿੱਤੇ ਗਏ ਹਨ।
 • ਇਸ ਤੋਂ ਇਲਾਵਾ ਵਨ-ਡੇ ਇੰਟਰਨੇਸ਼ਨਲ ਸੀਰੀਜ਼, ਆਸਟ੍ਰੇਲੀਆ-ਨਿਉਜ਼ੀਲੈਂਡ ਦਾ ਟੀ-20 ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਹੈ।
 • ਦਿੱਲੀ ਵਿੱਚ 50 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ।
 • ਭਾਰਤ ਨੇ ਯੂਰਪ, ਯੂਕੇ ਅਤੇ ਤੁਰਕੀ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਾਈ।
 • ਜਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਦੇ ਜਿਨ੍ਹਾਂ ਲੋਕਾਂ ਨੂੰ ਭਾਰਤ ਆਉਣ ਲਈ ਤਿੰਨ ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਸੀ ਉਹ ਜੇਕਰ ਭਾਰਤ ਨਹੀਂ ਆਏ ਹਨ ਤਾਂ ਉਨ੍ਹਾਂ ਦਾ ਵੀਜ਼ਾ ਰੱਦ

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

Sorry, your browser cannot display this map

ਵਿਦੇਸ਼ ਤੋਂ ਆਉਣ ਅਤੇ ਜਾਣ ਸਬੰਧੀ ਪਾਬੰਦੀਆਂ

ਭਾਰਤ ਸਰਕਾਰ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ, ਫਿਲੀਪੀਨਸ ਅਤੇ ਮਲੇਸ਼ਿਆ ਤੋਂ ਆਉਣ ਵਾਲੇ ਯਾਤਰੀਆਂ ’ਤੇ ਰੋਕ ਲਗਾਈ ਹੈ।

ਭਾਰਤੀ ਨਾਗਰਿਕਾਂ ਨੂੰ ਵੀ ਗੈਰ-ਜ਼ਰੂਰੀ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ। ਵੀਜ਼ਾ ਵੀ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਗਏ ਹਨ।

ਵੀਜ਼ਾ ਪਾਬੰਦੀ ਕਿਸ ਕਿਸ ਉੱਤੇ ਲਾਗੂ ਹੋਵੇਗੀ?

ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ਾ ਰੋਕ ਦਿੱਤੇ ਹਨ। ਡਿਪਲੋਮੈਟਿਕ, ਅਧਿਕਾਰਤ, ਕੌਮਾਂਤਰੀ ਸੰਸਥਾਵਾਂ, ਰੁਜ਼ਗਾਰ ਅਤੇ ਪ੍ਰੋਜੈਕਟ ਵੀਜ਼ਾ ਨੂੰ ਛੋਟ ਦਿੱਤੀ ਗਈ ਹੈ। ਵੀਜ਼ਾ 'ਤੇ ਇਹ ਪਾਬੰਦੀ 13 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ।

ਇਸ ਦੇ ਨਾਲ ਹੀ ਓਸੀਆਈ ਖਾਤਾਧਾਰਕਾਂ ਨੂੰ ਦਿੱਤੀ ਗਈ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਜੋ ਵਿਦੇਸ਼ੀ ਭਾਰਤ ਵਿੱਚ ਮੌਜੂਦ ਹਨ ਉਨ੍ਹਾਂ ਦੇ ਵੀਜ਼ਾ ਜਾਇਜ਼ ਰਹਿਣਗੇ। ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ।

Image copyright MoHFW_INDIA

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)