ਕੋਰੋਨਾਵਾਇਰਸ: ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਮੁੱਦੇ 'ਤੇ ਅਕਾਲ ਤਖਤ ਤੋਂ ਲੈ ਕੇ ਪੰਜਾਬ ਦੇ ਮੰਤਰੀ ਤੇ ਅਕਾਲੀ ਦਲ ਕੀ ਕਹਿ ਰਿਹਾ
- ਸਰਬਜੀਤ ਸਿੰਘ ਧਾਲੀਵਾਲ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਪੰਜਾਬ ਦੇ ਕਰੀਬ 3200 ਸ਼ਰਧਾਲੂ ਨਾਂਦੇੜ ਸਾਹਿਬ ਦਰਸ਼ਨਾਂ ਲਈ ਗਏ ਹੋਏ ਸਨ ਜੋ ਹੁਣ ਸਰਕਾਰ ਵੱਲੋਂ ਭੇਜੀਆਂ ਗਈਆਂ 79 ਬੱਸਾਂ ਰਾਹੀਂ ਪੰਜਾਬ ਪਰਤ ਰਹੇ ਹਨ। (ਸੰਕੇਤਕ ਤਸਵੀਰ)
ਪੰਜਾਬ ਵਿੱਚ ਦੂਜੇ ਰਾਜਾਂ ਤੋਂ ਪਿਛਲੇ ਤਿੰਨ ਦਿਨਾਂ ਦੌਰਾਨ ਆਉਣ ਵਾਲੇ ਲੋਕਾਂ, ਖ਼ਾਸ ਤੌਰ ਉੱਤੇ ਸ਼ਰਧਾਲੂਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ।
ਜਿੱਥੇ ਇੱਕ ਪਾਸੇ ਸੂਬਾ ਸਰਕਾਰ ਦੀ ਦਲੀਲ ਹੈ ਕਿ ਮਹਾਰਾਸ਼ਟਰ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਵਿੱਚ ਕੇਸ ਜ਼ਿਆਦਾ ਦਰਜ ਹੋਏ ਹਨ ਉੱਥੇ ਹੀ ਤਖ਼ਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਸ਼ਰਧਾਲੂ ਤੰਦਰੁਸਤ ਰੂਪ ਵਿੱਚ ਪੰਜਾਬ ਰਵਾਨਾ ਕੀਤੇ ਹਨ।
ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕੀਤੇ ਹਨ। ਇਸ ਦੇ ਵਿਚਾਲੇ ਪੰਜਾਬ ਸ਼ੁੱਕਰਵਾਰ ਤੱਕ ਕੋਰੋਨਾ ਪੌਜ਼ੀਟਿਵ ਮਰੀਜ਼ਾ ਦੀ ਗਿਣਤੀ 585 ਹੋ ਗਈ ਹੈ।
ਸ਼ੁੱਕਰਵਾਰ ਨੂੰ 105 ਨਵੇਂ ਕੇਸ ਦਰਜ ਕੀਤੇ ਗਏ ਹਨ ਜਿਸ ਵਿੱਚ ਜ਼ਿਆਦਾਤਰ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕ ਹਨ।
ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਪੱਖ
"ਮੈਨੂੰ ਇਸ ਗੱਲ ਉੱਤੇ ਅਫ਼ਸੋਸ ਅਤੇ ਸਖ਼ਤ ਇਤਰਾਜ਼ ਹੈ ਕਿ ਕੁਝ ਮੀਡੀਆ ਅਦਾਰੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਸ਼ਰਧਾਲੂਆਂ ਨੂੰ ਦਿੱਲੀ ਮਰਕਜ਼ ਨਾਲ ਜੋੜ ਰਹੇ ਹਨ", ਇਹ ਕਹਿਣਾ ਹੈ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਦਾ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਰਵਾਨਾ ਹੋਣ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਦੇ ਡਾਕਟਰੀ ਚੈੱਕਅਪ ਕੀਤਾ ਸੀ ਜਿਸ ਵਿੱਚ ਸਾਰੇ ਤੰਦਰੁਸਤ ਸੀ ਅਤੇ ਇਸ ਤੋਂ ਬਾਅਦ ਉਹ ਰਵਾਨਾ ਹੋਏ ਸੀ।
Sorry, your browser cannot display this map
ਉਨ੍ਹਾਂ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਉਨ੍ਹਾਂ ਕੋਲ ਚਾਰ ਹਜ਼ਾਰ ਦੇ ਕਰੀਬ ਸੰਗਤ ਸੀ। ਉਨ੍ਹਾਂ ਮੁਤਾਬਕ ਸਥਾਨਕ ਪ੍ਰਸ਼ਾਸਨ ਵੱਲੋਂ ਡਾਕਟਰੀ ਅਮਲੇ ਦੇ ਨਾਲ ਤਿੰਨ ਵਾਰ ਸ਼ਰਧਾਲੂਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਕਿਸੇ ਵੀ ਸ਼ਰਧਾਲੂ ਵਿੱਚ ਕੋਰੋਨਾਵਾਇਰਸ ਦਾ ਕੋਈ ਵੀ ਲੱਛਣ ਨਹੀਂ ਸੀ।
ਰਵਿੰਦਰ ਸਿੰਘ ਮੁਤਾਬਕ ਉਹ ਖ਼ੁਦ ਆਪ ਸੰਗਤ ਵਿੱਚ ਵਿਚਰਦੇ ਰਹੇ ਹਨ ਅਤੇ ਉਹ ਬਿਲਕੁਲ ਠੀਕ ਹਨ, ਉਨ੍ਹਾਂ ਨੂੰ ਹੀ ਪਤਾ ਕਿ ਪੰਜਾਬ ਪਹੁੰਚ ਕੇ ਸ਼ਰਧਾਲੂ ਦੇ ਕੇਸ ਪੌਜੀਟਿਵ ਕਿਵੇਂ ਆ ਗਏ।
ਰਵਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਡਾਕਟਰ ਹਰ ਦਸ ਦਿਨ ਦੇ ਬਾਅਦ ਸ਼ਰਧਾਲੂਆਂ ਦੇ ਚੈੱਕਅਪ ਕਰਦੇ ਸਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਆਪਸੀ ਤਾਲਮੇਲ ਤੋਂ ਬਾਅਦ ਸਫ਼ਰ ਦੀ ਰਵਾਨਗੀ ਮਿਲਣ ਤੋਂ ਬਾਅਦ ਹੀ ਸ਼ਰਧਾਲੂ ਪੰਜਾਬ ਪਰਤੇ ਹਨ।
ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਵਿੱਚ ਬੇਸ਼ੱਕ ਕੋਰੋਨਾਵਾਇਰਸ ਦੇ ਕਾਫ਼ੀ ਕੇਸ ਹਨ ਪਰ ਨਾਂਦੇੜ ਜ਼ਿਲ੍ਹੇ ਵਿੱਚ ਕੇਸ ਘੱਟ ਹੋਣ ਕਾਰਨ ਇਹ ਗ੍ਰੀਨ ਜ਼ੋਨ ਵਿਚ ਹੈ। ਉਨ੍ਹਾਂ ਮੁਤਾਬਕ ਪੰਜਾਬ ਪਰਤੇ ਲੋਕਾਂ ਨੂੰ ਹੋ ਸਕਦਾ ਹੈ ਰਸਤੇ ਵਿੱਚੋਂ ਕਿਧਰੇ ਕੋਰੋਨਾ ਦੀ ਲਾਗ ਲੱਗੀ ਹੋਵੇ।
ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਦਾ ਕੋਈ ਵੀ ਸ਼ਰਧਾਲੂ ਹਜ਼ੂਰ ਸਾਹਿਬ ਵਿਖੇ ਨਹੀਂ ਹੈ। ਸਿਰਫ਼ ਦਿੱਲੀ, ਯੂਪੀ ਅਤੇ ਹਰਿਆਣਾ ਦੇ ਸ਼ਰਧਾਲੂ ਫ਼ਿਲਹਾਲ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਸ਼ਰਧਾਲੂ ਕਈ ਰਾਜਾਂ ਵਿੱਚੋਂ ਹੁੰਦੇ ਹੋਏ ਪੰਜਾਬ ਪਹੁੰਚੇ ਹਨ ਅਤੇ ਹੋ ਸਕਦਾ ਹੈ ਰਸਤੇ ਵਿੱਚ ਇਹ ਕਿਸੇ ਪੌਜ਼ਿਟਿਵ ਕੇਸ ਦੇ ਸੰਪਰਕ ਵਿੱਚ ਆਏ ਹੋਣ।
ਤਸਵੀਰ ਸਰੋਤ, Getty Images
ਪੰਜਾਬ ਦਾ ਕੋਈ ਵੀ ਸ਼ਰਧਾਲੂ ਹਜ਼ੂਰ ਸਾਹਿਬ ਵਿਖੇ ਨਹੀਂ ਹੈ। ਸਿਰਫ਼ ਦਿੱਲੀ, ਯੂਪੀ ਅਤੇ ਹਰਿਆਣਾ ਦੇ ਸ਼ਰਧਾਲੂ ਫ਼ਿਲਹਾਲ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹਨ। (ਸੰਕੇਤਕ ਤਸਵੀਰ)
ਪੰਜਾਬ ਸਰਕਾਰ ਦਾ ਪੱਖ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਆਖਿਆ ਹੈ ਕਿ ਸ਼ਰਧਾਲੂਆਂ ਦੇ ਟੈੱਸਟ ਕਰਨ ਦੀ ਜ਼ਿੰਮੇਵਾਰੀ ਮਹਾਰਾਸ਼ਟਰ ਸਰਕਾਰ ਦੀ ਸੀ ਜੋ ਕਿ ਉਨ੍ਹਾਂ ਨੇ ਨਹੀਂ ਨਿਭਾਈ ਅਤੇ ਅਜਿਹਾ ਕਰ ਕੇ ਉਸ ਨੇ ਭਾਰਤ ਸਰਕਾਰ ਵੱਲੋਂ ਕੋਰੋਨਾ ਸਬੰਧੀ ਜਾਰੀ ਕੀਤੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਆਖਿਆ ਹੈ ਕਿ ਜੇਕਰ ਮਹਾਰਾਸ਼ਟਰ ਸਰਕਾਰ ਉਨ੍ਹਾਂ ਨੂੰ ਟੈੱਸਟ ਨਾ ਕੀਤੇ ਜਾਣ ਬਾਰੇ ਅਗਾਊ ਜਾਣਕਾਰੀ ਦਿੰਦੀ ਤਾਂ ਪੰਜਾਬ ਸਰਕਾਰ ਨੇ ਆਪਣੇ ਡਾਕਟਰ ਭੇਜ ਕੇ ਉੱਥੇ ਟੈੱਸਟ ਦਾ ਪ੍ਰਬੰਧ ਕਰ ਲੈਣਾ ਸੀ।
ਬਲਬੀਰ ਸਿੱਧੂ ਨੇ ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ’ਤੇ ਕਿਹਾ ‘ਸਾਨੂੰ ਦੱਸਦੇ ਤਾਂ ਸਹੀ ਕਿ ਟੈਸਟ ਨਹੀਂ ਕੀਤੇ’
ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੁਨੇਹੇ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਪੰਜਾਬ ਸਰਕਾਰ ਨੇ ਲਿਆਉਣ ਲਈ ਪਹਿਲ ਕੀਤੀ ਹੈ।
ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੰਜਾਬ ਸਰਕਾਰ ਸ਼ਰਧਾਲੂਆਂ ਨੂੰ ਪੰਜਾਬ ਲੈ ਕੇ ਆਈ ਹੈ। ਉਨ੍ਹਾਂ ਆਖਿਆ ਕਿ ਮੀਡੀਆ ਇਸ ਮੁੱਦੇ ਨੂੰ ਜ਼ਿਆਦਾ ਉਛਾਲ ਰਿਹਾ ਹੈ ਜਦੋਂਕਿ ਸ਼ਰਧਾਲੂਆਂ ਦੀ ਟੈੱਸਟ ਕਰਨ ਦੀ ਜ਼ਿੰਮੇਵਾਰੀ ਮਹਾਰਾਸ਼ਟਰ ਸਰਕਾਰ ਦੀ ਸੀ।
ਅਕਾਲੀ ਦਲ ਨੇ ਸਰਕਾਰ ਉੱਤੇ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ 'ਚ ਕੋਤਾਹੀ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਿਹਤ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਨਾ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਹੈ, ਜਿਸ ਕਰ ਕੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਕੋਵਿਡ ਪੌਜ਼ਿਟਿਵ ਪਾਈ ਗਈ ਹੈ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੀ ਬੇਕਦਰੀ ਕੀਤੀ ਹੈ, ਉਸ ਤੋਂ ਪਤਾ ਚੱਲ ਦਾ ਹੈ ਕਿ ਜਦੋਂ ਤੋਂ ਸੂਬੇ ਅੰਦਰ ਕਰਫ਼ਿਊ ਲੱਗਿਆ ਹੈ, ਇਸ ਨੇ ਸਮਾਜ ਦੇ ਹਰ ਵਰਗ ਨਾਲ ਇਸੇ ਤਰ੍ਹਾਂ ਬਦਸਲੂਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਨੂੰ ਲਿਆਉਣ ਸਮੇਂ ਯਾਤਰਾ ਦੌਰਾਨ ਸਿਹਤ ਸੁਰੱਖਿਆ ਸੰਬੰਧੀ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਨਾ ਨਹੀਂ ਕੀਤੀ।
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕੁਆਰੰਟੀਨ ਅਤੇ ਟੈੱਸਟ ਕਰ ਕੇ ਅੱਗੇ ਭੇਜਣ ਤੋਂ ਪਹਿਲਾਂ ਇੱਕ ਥਾਂ ਉੱਤੇ ਇਕੱਠੇ ਨਹੀਂ ਕੀਤਾ ਗਿਆ, ਇਸ ਦੀ ਬਜਾਇ ਸਾਰੇ ਨਿਯਮਾਂ ਦੀ ਉਲੰਘਣਾ ਕਰਦਿਆਂ ਵੱਖ ਵੱਖ ਥਾਵਾਂ ਉੱਤੇ ਉਤਾਰ ਦਿੱਤਾ ਗਿਆ।
ਉਨ੍ਹਾਂ ਆਖਿਆ ਕਿ ਪਹਿਲਾਂ 24 ਅਤੇ 25 ਅਪ੍ਰੈਲ ਨੂੰ ਸ਼ਰਧਾਲੂਆਂ ਨੂੰ ਆਪਣੇ ਘਰ ਜਾਣ ਦੀ ਆਗਿਆ ਦੇ ਦਿੱਤੀ ਅਤੇ ਫਿਰ 27 ਅਪ੍ਰੈਲ ਨੂੰ ਕੁਆਰੰਟੀਨ ਕੀਤੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ।
ਕੀ ਕਹਿਣਾ ਹੈ ਅਕਾਲ ਤਖ਼ਤ ਦਾ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਰਧਾਲੂਆਂ ਦੇ ਮੁੱਦੇ ਉੱਤੇ ਸਵਾਲ ਚੁੱਕੇ ਹਨ।
ਉਨ੍ਹਾਂ ਆਖਿਆ ਹਜ਼ੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਇੱਕ ਵੀ ਕੋਰੋਨਾ ਦਾ ਮਰੀਜ ਹੁਣ ਤੱਕ ਰਿਪੋਰਟ ਨਹੀਂ ਹੋਇਆ ਪਰ ਪੰਜਾਬ ਪਹੁੰਚ ਕੇ ਸ਼ਰਧਾਲੂ ਕੋਰੋਨਾ ਪੌਜ਼ਿਟਿਵ ਕਿਵੇਂ ਹੋ ਗਏ, ਇਹ ਹੈਰਾਨੀ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਤਬਲੀਗੀਆਂ ਦੇ ਨਾਮ ਉੱਤੇ ਇੱਕ ਭਾਈਚਾਰੇ ਨੂੰ ਬਦਨਾਮ ਕਰਨ ਦੀ ਹੋੜ ਚੱਲੀ ਸੀ ਉਸੀ ਤਰੀਕੇ ਨਾਲ ਹੁਣ ਇੰਝ ਜਾਪ ਰਿਹਾ ਹੈ ਕਿ ਯਾਤਰਾ ਤੋਂ ਵਾਪਸ ਆਏ ਸ਼ਰਧਾਲੂ ਕੋਰੋਨਾ ਲੈ ਕੇ ਪੰਜਾਬ ਵਿੱਚ ਆਏ ਹਨ। ਉਨ੍ਹਾਂ ਇਸ ਨੂੰ ਇੱਕ ਸਾਜ਼ਿਸ਼ ਕਰਾਰ ਦਿੰਦਿਆਂ ਸਰਕਾਰ ਨੂੰ ਕੋਰੋਨਾ ਟੈੱਸਟ ਦੀ ਭਰੋਸੇਯੋਗਤਾ ਸਪਸ਼ਟ ਕਰਨ ਲਈ ਆਖਿਆ ਹੈ।
ਉਨ੍ਹਾਂ ਆਖਿਆ ਸ਼ਰਧਾਲੂਆਂ ਨੂੰ ਇੱਕ ਡੇਰੇ ਵਿੱਚ ਰੱਖਣ ਉੱਤੇ ਵੀ ਸਵਾਲ ਚੁੱਕੇ ਹਨ। ਐਸਜੀਪੀਸੀ ਦੀਆਂ ਸਰਾਵਾਂ ਇਕਾਂਤਵਾਸ ਲਈ ਖ਼ਾਲੀ ਪਈਆਂ ਉੱਥੇ ਸ਼ਰਧਾਲੂਆਂ ਨੂੰ ਰੱਖਿਆ ਜਾ ਸਕਦਾ ਹੈ। ਇਸ ਸਬੰਧੀ ਉਨ੍ਹਾਂ ਐਸਜੀਪੀਸੀ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਹੈ।
ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿੱਚ ਸ਼ੁੱਕਰਵਾਰ ਤੱਕ ਕੋਰੋਨਾ ਪੌਜ਼ਿਟਿਵ ਦੀ ਗਿਣਤੀ 585 ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਅੱਜ 105 ਕੇਸ ਪੌਜ਼ਿਟਿਵ ਦਰਜ ਕੀਤੇ ਗਏ ਜਿਸ ਵਿੱਚ ਜ਼ਿਆਦਾਤਰ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆਉਣ ਵਾਲੇ ਲੋਕ ਹਨ।
ਇਸ ਵਿੱਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹਨ, ਇੱਥੇ 48 ਕੇਸ ਅਜਿਹੇ ਹਨ ਜੋ ਦੂਜਿਆਂ ਸੂਬਿਆਂ ਤੋਂ ਇੱਥੇ ਹਨ, ਸੁਭਾਵਿਕ ਇਸ ਵਿੱਚ ਜ਼ਿਆਦਾਤਰ ਸ਼ਰਧਾਲੂ ਹਨ।
ਉਂਝ ਇਸ ਜ਼ਿਲ੍ਹੇ ਵਿੱਚ ਕੁਲ 90 ਕੋਰੋਨਾ ਪੌਜ਼ਿਟਿਵ ਕੇਸ ਹਨ ਜਿਸ ਵਿੱਚ 80 ਇਲਾਜ ਅਧੀਨ ਹਨ, ਅੱਠ ਠੀਕ ਹੋ ਕੇ ਘਰ ਜਾ ਚੁੱਕੇ ਹਨ ਦੋ ਦੀ ਮੌਤ ਹੋ ਚੁੱਕੀ ਹੈ।
ਪਟਿਆਲਾ ਵਿੱਚ 24 ਪੌਜ਼ਿਟਿਵ ਕੇਸ ਦਰਜ ਕੀਤੇ ਗਏ ਹਨ ਜਿੰਨਾ ਦਾ ਸਬੰਧ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਆਏ ਲੋਕਾਂ ਨਾਲ ਹੈ। ਇਸੀ ਤਰੀਕੇ ਨਾਲ ਮੁਹਾਲੀ ਵਿੱਚ ਸ਼ੁੱਕਰਵਾਰ ਨੂੰ ਪੰਜ ਹੋਰ ਕੇਸ ਪੌਜ਼ਿਟਿਵ ਹੋਣ ਦੀ ਰਿਪੋਰਟ ਆਈ ਹੈ ਜੋ ਕਿ ਦੂਜੇ ਰਾਜਾਂ ਤੋਂ ਪੰਜਾਬ ਵਿਚ ਆਏ ਸਨ।
ਕੀ ਹੈ ਪੰਜਾਬ 'ਚ ਬਾਹਰੋਂ ਆਉਣ ਵਾਲਿਆਂ ਦਾ ਅੰਕੜਾ
ਪਿਛਲੇ ਚਾਰ ਦਿਨਾਂ ਵਿੱਚ ਹੁਣ ਤੱਕ ਨਾਂਦੇੜ ਸਾਹਿਬ (ਮਹਾਰਾਸ਼ਟਰ) ਤੋਂ 3525 ਸ਼ਰਧਾਲੂ, ਕੋਟਾ (ਰਾਜਸਥਾਨ) ਤੋਂ 153 ਵਿਦਿਆਰਥੀ ਆਏ ਹਨ।
ਇਸ ਤੋਂ ਇਲਾਵਾ ਫ਼ਾਜ਼ਿਲਕਾ-ਰਾਜਸਥਾਨ ਸਰਹੱਦ ਰਾਹੀਂ 3085 ਮਜ਼ਦੂਰ ਆਏ ਹਨ। ਇਹ ਮਜ਼ਦੂਰ ਉਹ ਹਨ ਜੋ ਰਾਜਸਥਾਨ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਰੋਜ਼ਗਾਰ ਦੀ ਭਾਲ ਵਿੱਚ ਗਏ ਹੋਏ ਸਨ ਪਰ ਲੌਕਡਾਊਨ ਕਾਰਨ ਉਹ ਉੱਥੇ ਹੀ ਫਸ ਗਏ ਸਨ।
ਹੁਣ ਇਹਨਾਂ ਨੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਬੱਸਾਂ ਰਾਹੀਂ ਪੰਜਾਬ ਵਿੱਚ ਵਾਪਸੀ ਕੀਤੀ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿੱਚ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਨੂੰ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ।
ਤਸਵੀਰ ਸਰੋਤ, MoHFW_INDIA