ਕੋਰੋਨਾਵਾਇਰਸ: ਡੇਅਰੀ ਫਾਰਮਿੰਗ ਦੇ ਕਾਰੋਬਾਰ 'ਤੇ ਕਿਵੇਂ ਪਈ ਮਾਰ, ਕਿਸਾਨਾਂ ਨੇ ਕਿਹਾ, 'ਜੇ ਕਿਸਾਨ ਡੇਅਰੀ ਦੇ ਖੇਤਰ 'ਚੋਂ ਬਾਹਰ ਹੋ ਗਿਆ ਤਾਂ ਮੁੜ ਵਾਪਸ ਆਉਣਾ ਮੁਸ਼ਕਲ ਹੈ'

  • ਸਰਬਜੀਤ ਸਿੰਘ ਧਾਲੀਵਾਲ
  • ਬੀਬੀਸੀ ਪੱਤਰਕਾਰ
ਡੇਅਰੀ ਫਾਰਮਿੰਗ 'ਤੇ ਕੋਰੋਨਾਵਾਇਰਸ ਦਾ ਅਸਰ

"ਸਾਡੇ ਘਰ ਦਾ ਗੁਜ਼ਾਰਾ ਦੁੱਧ ਵੇਚ ਕੇ ਚਲਦਾ ਹੈ, ਪਰ ਹੁਣ ਦੁੱਧ ਦਾ ਭਾਅ ਘੱਟ ਹੁੰਦਾ ਜਾ ਰਿਹਾ ਹੈ, ਪਸ਼ੂਆਂ ਦੀ ਖੁਰਾਕ ਓਨੀ ਹੀ ਹੈ, ਇਸ ਕਰਕੇ ਖਰਚ ਨੂੰ ਕੰਟਰੋਲ ਕਰਨ ਲਈ ਮੈਂ ਹੁਣ ਆਪਣੀ ਇਕ ਮੱਝ ਵੇਚ ਦਿੱਤੀ ਹੈ", ਇਹ ਸ਼ਬਦ ਹਨ ਜ਼ਿਲ੍ਹਾ ਮੁਹਾਲੀ ਦੇ ਪਿੰਡ ਤੀੜਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ।

ਗੁਰਪ੍ਰੀਤ ਕੌਰ ਕੋਰੋਨਾਵਾਇਰਸ ਤੋ ਬਾਅਦ ਲੱਗੇ ਲੌਕਡਾਊਨ ਕਾਰਨ ਦੁੱਧ ਦੇ ਭਾਅ ਵਿੱਚ ਆਈ ਕਮੀਂ ਉੱਤੇ ਆਪਣੀ ਵਿਥਿਆ ਸੁਣਾ ਰਹੀ ਸੀ। ਮੱਧ ਵਰਗੀ ਕਿਸਾਨੀ ਨਾਲ ਸਬੰਧਿਤ ਗੁਰਪ੍ਰੀਤ ਕੌਰ ਕੋਲ ਛੇ ਮੱਝਾਂ ਸਨ, ਜਿਸ ਦਾ ਦੁੱਧ ਵੇਚ ਕੇ ਉਹ ਘਰ ਦਾ ਖਰਚ ਚਲਾਉਂਦੀ ਸੀ ਪਰ ਕੋਰੋਨਾਵਾਇਰਸ ਦੇ ਕਾਰਨ ਇੱਕ ਦਮ ਦੁੱਧ ਦੀ ਖਰੀਦ ਵਿੱਚ ਕਮੀ ਆ ਗਈ।

ਹੌਲੀ-ਹੌਲੀ ਦੁੱਧ ਦੀ ਖਰੀਦ ਤਾਂ ਡੇਅਰੀ ਵਾਲਿਆਂ ਨੇ ਕਰਨੀ ਸ਼ੁਰੂ ਕਰ ਦਿੱਤੀ ਪਰ ਰੇਟ ਵਿੱਚ ਕਮੀਂ ਕਰ ਦਿੱਤੀ। ਪਸ਼ੂਆਂ ਦੀ ਖੁਰਾਕ ਦਾ ਖਰਚ ਅਤੇ ਦੁੱਧ ਦੀ ਆਮਦਨੀ ਵਿੱਚ ਸੰਤੁਲਨ ਵਿਗੜਦਾ ਵੇਖ ਗੁਰਪ੍ਰੀਤ ਆਖਦੀ ਹੈ ਕਿ ਹੁਣ ਖਰਚੇ ਚੁੱਕਣੇ ਬਹੁਤ ਔਖੇ ਹੋਏ ਪਏ ਹਨ।

ਵੀਡੀਓ ਕੈਪਸ਼ਨ,

ਕੋਰੋਨਾ ਲੌਕਡਾਊਨ ਕਾਰਨ ਡੇਅਰੀ ਕਿੱਤੇ ਨੂੰ ਹੋਇਆ ਕਿੰਨਾ ਨੁਕਸਾਨ

ਗੁਰਪ੍ਰੀਤ ਕੌਰ ਦੱਸਦੀ ਹੈ ਕਿ ਪਹਿਲਾਂ ਦੁੱਧ ਵਿੱਚ ਮੁਨਾਫਾ ਹੋਣ ਕਾਰਨ ਉਸ ਦੀ ਪਲੈਨਿੰਗ ਵੱਡਾ ਡੇਅਰੀ ਫਾਰਮ ਬਣਾਉਣ ਦੀ ਸੀ, ਇਸ ਲਈ ਉਸ ਨੇ ਥਾਂ ਵੀ ਖਰੀਦ ਲਈ ਸੀ, ਪਰ 22 ਮਾਰਚ ਤੋਂ ਬਾਅਦ ਸਭ ਕੁਝ ਬਦਲ ਗਿਆ।

ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਲੌਕਡਾਊਨ ਤੋਂ ਵੱਧ ਦੁੱਧ ਦੀ ਮੰਗ ਬਾਜ਼ਾਰ ਵਿੱਚ ਇੱਕ ਦਮ ਥੱਲੇ ਆ ਗਈ। ਦੁੱਧ ਦੀ ਖਪਤ ਘੱਟ ਹੋਣ ਦਾ ਮਤਲਬ ਇਸ ਕਿੱਤੇ ਨਾਲ ਜੁੜੇ ਲੋਕਾਂ ਦੀ ਆਮਦਨ ਦਾ ਘਟਣਾ, ਇਸ ਗੱਲ ਦੀ ਚਿੰਤਾ ਗੁਰਪ੍ਰੀਤ ਕੌਰ ਨੂੰ ਹੈ, ਜੋ ਉਸ ਨੇ ਬੀਬੀਸੀ ਪੰਜਾਬੀ ਦੀ ਟੀਮ ਨਾਲ ਸਾਂਝੀ ਕੀਤੀ।

ਤਸਵੀਰ ਕੈਪਸ਼ਨ,

ਪੰਜਾਬ ਵਿੱਚ ਜ਼ਿਆਦਾਤਰ ਦੁੱਧ ਗੈਰ ਸੰਗਠਿਤ ਢਾਂਚਾ, ਜਿਸ ਵਿੱਚ ਦੋਧੀ, ਦੁੱਧ ਦੇ ਠੇਕੇਦਾਰ, ਹਲਵਾਈ, ਸ਼ਹਿਰਾਂ ਵਿੱਚ ਛੋਟੇ-ਛੋਟੇ ਡੇਅਰੀ ਚਲਾਉਣ ਵਾਲਿਆਂ ਵੱਲੋਂ ਚੁੱਕਿਆ ਜਾਂਦਾ ਹੈ ਜਦਕਿ ਬਾਕੀ 30 ਫੀਸਦ ਦੁੱਧ ਸੰਗਠਿਤ ਢਾਂਚੇ ਵੱਲੋਂ ਖਰੀਦਿਆ ਜਾਂਦਾ ਹੈ।

ਗੁਰਪ੍ਰੀਤ ਕੌਰ ਦੀ ਚਿੰਤਾ

ਪੰਜਾਬ ਵਿੱਚ 70 ਫੀਸਦ ਦੁੱਧ ਛੋਟੀ ਕਿਸਾਨੀ ਨਾਲ ਸਬੰਧਿਤ ਕਿਸਾਨਾਂ ਵੱਲੋ ਪੈਦਾ ਕੀਤਾ ਜਾਂਦਾ ਹੈ ਜਿਸ ਦੀ ਕਮਾਈ ਨਾਲ ਉਨ੍ਹਾਂ ਦੇ ਘਰਾਂ ਦੇ ਖਰਚੇ ਚਲਦੇ ਹਨ।

ਪੰਜਾਬ ਵਿੱਚ ਜ਼ਿਆਦਾਤਰ ਦੁੱਧ ਗੈਰ ਸੰਗਠਿਤ ਢਾਂਚਾ, ਜਿਸ ਵਿੱਚ ਦੋਧੀ, ਦੁੱਧ ਦੇ ਠੇਕੇਦਾਰ, ਹਲਵਾਈ, ਸ਼ਹਿਰਾਂ ਵਿੱਚ ਛੋਟੇ-ਛੋਟੇ ਡੇਅਰੀ ਚਲਾਉਣ ਵਾਲਿਆਂ ਵੱਲੋਂ ਚੁੱਕਿਆ ਜਾਂਦਾ ਹੈ ਜਦਕਿ ਬਾਕੀ 30 ਫੀਸਦ ਦੁੱਧ ਸੰਗਠਿਤ ਢਾਂਚੇ ਵੱਲੋਂ ਖਰੀਦਿਆ ਜਾਂਦਾ ਹੈ।

ਇਸ ਵਿੱਚ ਕਾਪਰੇਟਿਵ ਡੇਅਰੀ ਅਤੇ ਨਿੱਜੀ ਮਿਲਕ ਪਲਾਂਟ ਸ਼ਾਮਲ ਹਨ। ਜਿਸ ਸਮੇਂ ਦੇਸ਼ ਵਿੱਚ ਲੌਕਡਾਊਨ ਹੋਇਆ ਤਾਂ ਇਹਨਾਂ ਸਾਰਿਆਂ ਨੇ ਕਿਸਾਨਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ। ਦੂਜੇ ਪਾਸੇ ਦੁੱਧ ਦੀ ਪੈਦਾਵਾਰ ਉੰਨੀ ਹੀ ਰਹੀ, ਜਦੋਂ ਕਿਸਾਨਾਂ ਦਾ ਦੁੱਧ ਨਾ ਵਿਕਿਆ ਤਾਂ ਇਸ ਦਾ ਸਿੱਧਾ ਅਸਰ ਉਹਨਾਂ ਦੀ ਕਮਾਈ ਉਤੇ ਪੈਣ ਲੱਗਾ।

ਇੱਕ ਤਾਂ ਕਿਸਾਨ ਦੀ ਦੁੱਧ ਦੀ ਆਮਦਨ ਘੱਟ ਹੋ ਗਈ ਦੂਜੇ ਪਾਸੇ ਪਸ਼ੂਆਂ ਦੀ ਖੁਰਾਕ ਦਾ ਖਰਚਾ ਕਿਸਾਨ ਸਿਰ ਉੰਨਾ ਹੀ ਰਿਹਾ, ਜਿਸ ਕਾਰਨ ਪੇਂਡੂ ਅਰਥ ਵਿਵਸਥਾ ਉਤੇ ਇਸ ਦਾ ਮਾੜਾ ਪ੍ਰਭਾਵ ਹੁਣ ਦਿਸਣ ਲੱਗਾ ਹੈ।

Sorry, your browser cannot display this map

ਮੁਹਾਲੀ ਵਿੱਚ ਦੁੱਧ ਦੀ ਡੇਅਰੀ ਚਲਾਉਣ ਵਾਲੇ ਨੌਜਵਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਕੁਝ ਕਰਫਿਊ ਦੇ ਕਾਰਨ ਡੇਅਰੀ ਬੰਦ ਰੱਖਣੀ ਪਈ ਪਰ ਫਿਰ ਉਹਨਾਂ ਨੂੰ ਖੋਲਣ ਦੀ ਆਗਿਆ ਮਿਲ ਗਈ। ਨਰਿੰਦਰ ਸਿੰਘ ਦੱਸਦਾ ਹੈ ਕਿ ਉਹ ਕਿਸਾਨਾਂ ਤੋਂ ਦੁੱਧ ਇਕੱਠਾ ਕਰਕੇ ਵੇਰਕਾ ਨੂੰ ਸਪਲਾਈ ਕਰਦਾ ਹੈ।

ਉਸ ਮੁਤਾਬਕ ਵੇਰਕਾ ਨੇ ਰੇਟ ਵਿੱਚ ਕਟੌਤੀ ਕੀਤੀ ਹੈ। ਉਸ ਨੇ ਦੱਸਿਆ ਕਿ ਰੇਟ ਘੱਟ ਹੋਣ ਉਤੇ ਕਿਸਾਨ ਉਸ ਤੋਂ ਸਵਾਲ ਕਰਦੇ ਹਨ ਕਿਉਂਕਿ ਉਹਨਾਂ ਦੇ ਖਰਚੇ ਓਨੇ ਹੀ ਹਨ। ਨਰਿੰਦਰ ਮੁਤਾਬਕ ਵੇਰਕਾ ਵਿੱਚ ਦੁੱਧ ਦੀ ਸਪਲਾਈ ਪਹਿਲਾਂ ਨਾਲੋਂ ਜ਼ਿਆਦਾ ਹੈ ਜਦੋਂਕਿ ਖਪਤ ਘੱਟ ਗਈ ਹੈ।

ਪ੍ਰੋਗਰੈੱਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੇਕਰ ਇਸ ਸਮੇਂ ਸਰਕਾਰ ਨੇ ਬਾਂਹ ਨਾ ਫੜੀ ਤਾਂ ਬਹੁਤ ਦਿੱਕਤ ਹੋ ਜਾਵੇਗੀ।

ਉਹਨਾਂ ਆਖਿਆ ਕਿ ਇਸ ਸੰਕਟ ਵਿੱਚ ਜੇ ਕਿਸਾਨਾਂ ਦਾ ਇੱਕ ਹਿੱਸਾ ਮਜਬੂਰੀ ਵਿੱਚ ਡੇਅਰੀ ਦੇ ਖੇਤਰ ਵਿੱਚੋਂ ਬਾਹਰ ਹੋ ਗਿਆ ਤਾਂ ਉਸ ਦਾ ਮੁੜ ਵਾਪਸ ਆਉਣਾ ਮੁਸ਼ਕਲ ਹੈ।

2017 ਵਿੱਚ ਦੁੱਧ ਦੇ ਭਾਅ ਵਿੱਚ ਵੱਡੀ ਗਿਰਾਵਟ ਕਾਰਨ 30 ਫ਼ੀਸਦ ਕਿਸਾਨ ਇਸ ਧੰਦੇ ਨੂੰ ਛੱਡਣ ਲਈ ਮਜਬੂਰ ਹੋ ਗਏ ਸਨ। ਜੇਕਰ ਹੁਣ ਵੀ ਅਜਿਹਾ ਹੋਇਆ ਤਾਂ ਫਿਰ ਇਹ ਕਿੱਤਾ ਮੁੜ ਲੀਹਾਂ ਉਤੇ ਨਹੀਂ ਆ ਸਕਦਾ।

ਉਹਨਾਂ ਦੱਸਿਆ ਕਿ ਪੰਜਾਬ ਦੇਸ਼ ਦਾ ਅਜਿਹਾ ਸੂਬਾ ਹੈ ਜਿਥੇ ਕਮਰਸ਼ਲ ਡੇਅਰੀ ਨੂੰ ਸਭ ਤੋਂ ਵੱਧ ਉਤਸ਼ਾਹ ਮਿਲਿਆ ਅਤੇ ਪਿੰਡਾਂ ਵਿੱਚ ਵੱਡੇ ਪੱਧਰ ਉਤੇ ਲੋਕਾਂ ਨੇ ਇਸ ਨੂੰ ਅਪਣਾਇਆ। ਪਰ ਹੁਣ ਸੰਕਟ ਕਾਰਨ ਜੇਕਰ ਪਸ਼ੂਆਂ ਦਾ ਖਰਚਾ ਹੀ ਪੂਰਾ ਨਹੀਂ ਹੋਵੇਗਾ ਤਾਂ ਫਿਰ ਇਸ ਨੂੰ ਅੱਗੇ ਲੈ ਕੇ ਜਾਣਾ ਬਹੁਤ ਔਖਾ ਹੈ।

ਪੰਜਾਬ ਸਰਕਾਰ ਦੀ ਦੁੱਧ ਉਤਪਾਦਕਾਂ ਲਈ ਵਿਆਪਕ ਯੋਜਨਾ

  • ਸਕੂਲੀ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਲੋਕ ਵੰਡ ਪ੍ਰਣਾਲੀ ਰਾਹੀਂ ਵੰਡੀਆਂ ਜਾਣ ਵਾਲੀਆਂ ਵਸਤਾਂ ਵਿਚ ਸੁੱਕਾ ਦੁੱਧ ਸ਼ਾਮਲ ਕੀਤੇ ਜਾਣ ਦੇ ਮਾਮਲੇ ਨੂੰ ਸਬੰਧਤ ਮਹਿਕਮਿਆਂ ਕੋਲ ਉਠਾਇਆ ਜਾਵੇਗਾ
  • ਮਿਲਕਫੈਡ ਨੂੰ ਅਕਤੂਬਰ ਵਿਚ ਦੁੱਧ ਦੀ ਵਧੀ ਹੋਈ ਪੈਦਾਵਾਰ ਨੂੰ ਸੰਭਾਲਣ ਦੇ ਸਮਰੱਥ ਬਣਾਉਣ ਲਈ ਲੋਂੜੀਦੀ ਆਰਥਿਕ ਸਹਾਇਤਾ ਸਬੰਧੀ ਤਜ਼ਵੀਜ ਤਿਆਰ ਕਰਨ ਨੂੰ ਕਿਹਾ।
  • ਪੰਜਾਬ ਵਿਚ ਇਸ ਵੇਲੇ ਤਕਰੀਬਨ ਤਿੰਨ ਲੱਖ ਲਿਟਰ ਦੁੱਧ ਪੈਦਾ ਹੁੰਦਾ ਹੈ ਜਿਸ ਵਿਚੋਂ ਤਕਰੀਬਨ ਅੱਧਾ ਦੁੱਧ ਘਰਾਂ ਵਿਚ ਵਰਤਿਆ ਜਾਂਦਾ ਹੈ।
  • ਵਿਕਣ ਵਾਲੇ ਡੇਢ ਲੱਖ ਲਿਟਰ ਦੁੱਧ ਵਿਚੋਂ ਤਕਰੀਬਨ 30 ਹਜ਼ਾਰ ਲਿਟਰ ਮਿਲਕਫੈਡ ਅਤੇ 70 ਹਜ਼ਾਰ ਲਿਟਰ ਦੁੱਧ ਨਿੱਜੀ ਮਿਲਕ ਪਲਾਂਟ ਖ੍ਰੁੀਦਦੇ ਹਨ।
  • ਹੋਟਲ, ਰੈਸਟੋਰੈਂਟ ਅਤੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ 50 ਹਜ਼ਾਰ ਲਿਟਰ ਦੁੱਧ ਬਚ ਜਾਂਦਾ ਹੈ ਜੋ ਦੁੱਧ ਉਤਪਾਦਕਾਂ ਲਈ ਘਾਟੇ ਦਾ ਕਾਰਨ ਬਣ ਰਿਹਾ ਹੈ।
ਤਸਵੀਰ ਕੈਪਸ਼ਨ,

ਨੈਸਲੇ, ਅਮੂਲ, ਮੈਟਰੋ ਡੇਅਰੀ ਆਦਿ ਕੰਪਨੀਆਂ ਵੀ ਪੰਜਾਬ ਵਿੱਚ ਦੁੱਧ ਦੀ ਖਰੀਦ ਕਰਦੀਆਂ ਹਨ

ਦੇਸ਼ ਦੇ ਦੁੱਧ ਖੇਤਰ ਵਿੱਚ ਪੰਜਾਬ ਦਾ ਯੋਗਦਾਨ

ਦੇਸ਼ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵਿੱਚ ਪੰਜਾਬ ਮੋਹਰੀ ਹੈ। ਭਾਰਤ ਦੇ ਕੁਲ ਦੁੱਧ ਉਤਪਾਦਨ ਵਿੱਚ ਪੰਜਾਬ ਦਾ ਯੋਗਦਾਨ ਲਗਭਗ 6.7 ਫੀਸਦੀ ਹੈ। ਪੰਜਾਬ ਵਿੱਚ ਨਿੱਜੀ ਮਿਲਕ ਪਲਾਂਟ ਤੋਂ ਇਲਾਵਾ ਮਿਲਕਫੈੱਡ ਵੱਲੋਂ ਵੀ ਦੁੱਧ ਦੀ ਖਰੀਦਦਾਰੀ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਨੈਸਲੇ, ਅਮੂਲ, ਮੈਟਰੋ ਡੇਅਰੀ ਆਦਿ ਕੰਪਨੀਆਂ ਵੀ ਪੰਜਾਬ ਵਿੱਚ ਦੁੱਧ ਦੀ ਖਰੀਦ ਕਰਦੀਆਂ ਹਨ। ਮਿਲਕਫੈੱਡ ਦੇ ਐਮਡੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਕੋਵਿਡ-19 ਦਾ ਅਸਰ ਡੇਅਰੀ ਸੈਕਟਰ ਉਤੇ ਆਉਣ ਵਾਲੇ ਸਮੇਂ ਵਿੱਚ ਕਾਫੀ ਹੋਵੇਗਾ।

ਉਹਨਾਂ ਦੱਸਿਆ ਕਿ ਵੇਰਕਾ ਵੱਲੋਂ ਦੁੱਧ ਵਿਆਪਕ ਪੱਧਰ ਉਤੇ ਜ਼ਰੂਰ ਖਰੀਦਿਆ ਜਾ ਰਿਹਾ ਹੈ, ਜਿਸ ਦਾ ਕਿਸਾਨਾਂ ਨੂੰ ਫਾਇਦਾ ਵੀ ਹੋ ਰਿਹਾ ਹੈ ਪਰ ਵੇਰਕਾ ਦੀ ਸੇਲ ਉਤੇ ਕਾਫੀ ਅਸਰ ਪਿਆ ਹੈ, ਕਿਉਂਕਿ ਦੂਜੇ ਰਾਜਾਂ ਵਿੱਚ ਜਾਣ ਵਾਲਾ ਸਮਾਨ ਨਹੀਂ ਜਾ ਪਾ ਰਿਹਾ ਹੈ।

ਉਹਨਾਂ ਦੱਸਿਆ ਕਿ ਉਹ ਸਥਿਤੀ ਨੂੰ ਸੰਭਾਲਨ ਵਿੱਚ ਲੱਗੇ ਹੋਏ ਪਏ ਹਨ ਤਾਂ ਜੋ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ। ਉਹਨਾਂ ਦੱਸਿਆ ਕਿ ਸਰਦੀਆਂ ਵਿੱਚ ਜੋ ਦੁੱਧ ਦੇ ਭਾਅ ਵਿੱਚ ਉਹਨਾਂ ਨੇ ਵਾਧਾ ਕੀਤਾ ਸੀ, ਸਿਰਫ ਉਸ ਵਿੱਚ ਸਥਿਤੀ ਨੂੰ ਦੇਖਦੇ ਹੋਏ ਥੋੜੀ ਕੌਟਤੀ ਕੀਤੀ ਗਈ ਹੈ।

ਉਹਨਾਂ ਦੱਸਿਆ ਕਿਸਾਨਾਂ ਨੂੰ ਦੁੱਧ ਦੀ ਪੇਮੈਂਟ 10ਵੇਂ ਦਿਨ ਕੀਤੀ ਜਾਂਦੀ ਹੈ। ਸੰਘਾ ਮੁਤਾਬਕ ਮਿਲਕਫੈੱਡ ਨੇ ਕਿਸਾਨਾਂ ਤੋਂ ਵੱਧ ਤੋਂ ਵੱਧ ਦੁੱਧ ਖਰੀਦਣ ਦੀ ਕੋਸ਼ਿਸ ਕੀਤੀ ਹੈ। ਮਾਰਕਿਟ ਵਿੱਚ ਦੁੱਧ ਵਿਕਣ ਤੋਂ ਬਾਅਦ ਵੀ ਜੋ ਦੁੱਧ ਬਚਦਾ ਸੀ ਉਸ ਤੋਂ ਸਕਿਮਡ ਪਾਊਡਰ ਅਤੇ ਘਿਓ ਬਣਾਇਆ ਗਿਆ ਪਰ ਅੰਤਰਰਾਜੀ ਅਵਾਜਾਈ ਬੰਦ ਹੋਣ ਕਾਰਨ ਤਿਆਰ ਸਮਾਨ ਬਾਹਰ ਨਹੀਂ ਜਾ ਸਕਿਆ ਜਿਸ ਕਾਰਨ ਕਾਫੀ ਸਟਾਕ ਕਾਫੀ ਜਮ੍ਹਾਂ ਹੋ ਗਿਆ।

ਤਸਵੀਰ ਕੈਪਸ਼ਨ,

ਸਾਲ 2018-2019 ਡੇਅਰੀ ਸੈਕਟਰ ਲਈ ਤਰੱਕੀ ਵਾਲਾ ਨਹੀਂ ਸੀ, ਇਸ ਕਰਕੇ 2019-20 ਤੋਂ ਕਾਫੀ ਉਮੀਦਾਂ ਸਨ, ਪਰ ਕੋਰੋਨਾਵਾਇਰਸ ਦੇ ਕਾਰਨ ਹੁਣ ਫਿਰ ਤੋਂ ਉਮੀਦਾਂ ਉਤੇ ਪਾਣੀ ਫਿਰ ਗਿਆ ਹੈ

ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਲ 2018-2019 ਡੇਅਰੀ ਸੈਕਟਰ ਲਈ ਤਰੱਕੀ ਵਾਲਾ ਨਹੀਂ ਸੀ, ਇਸ ਕਰਕੇ 2019-20 ਤੋਂ ਕਾਫੀ ਉਮੀਦਾਂ ਸਨ, ਪਰ ਕੋਰੋਨਾਵਾਇਰਸ ਦੇ ਕਾਰਨ ਹੁਣ ਫਿਰ ਤੋਂ ਉਮੀਦਾਂ ਉਤੇ ਪਾਣੀ ਫਿਰ ਗਿਆ ਹੈ।

ਉਹਨਾਂ ਦੱਸਿਆ ਕਿ ਉਹਨਾਂ ਵੀ ਕੁਝ ਥਾਵਾਂ ਉਤੇ ਖਰਚੇ ਕੰਟਰੋਲ ਕਰਨ ਦੇ ਲਈ ਪਸ਼ੂ ਪਾਲਕਾਂ ਵੱਲੋਂ ਪਸ਼ੂ ਵੇਚਣ ਦੀਆਂ ਰਿਪੋਰਟਾਂ ਮਿਲੀਆਂ ਹਨ, ਜੋ ਠੀਕ ਸੰਕੇਤ ਨਹੀਂ ਹੈ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਦੇ ਖਰਚੇ ਪਸ਼ੂਆਂ ਦੇ ਦੁੱਧ ਦੀ ਸੇਲ ਨਾਲ ਚਲਦੇ ਹਨ।

ਆੜਤੀਆਂ ਅਤੇ ਬੈਂਕਾਂ ਦੇ ਕਰਜੇ ਤੋਂ ਕਿਸਾਨਾਂ ਨੂੰ ਦੂਰ ਰੱਖਣ ਲਈ ਇੱਕ ਅਜਿਹਾ ਕਿੱਤਾ ਹੈ ਜਿੱਥੋਂ ਉਸ ਨੂੰ ਰੋਜਾਨਾ ਆਮਦਨ ਹੁੰਦੀ ਹੈ ਪਰ ਕੋਰੋਨਾਵਾਇਰਸ ਨੇ ਹੁਣ ਇਸ ਆਮਦਨ ਨੂੰ ਘਟਾ ਦਿੱਤਾ ਹੈ।

ਉਹਨਾਂ ਦੱਸਿਆ ਕਿ ਜੇਕਰ ਸਰਕਾਰ ਨੇ ਦੁੱਧ ਉਤਪਾਦਕਾ ਦੀ ਬਾਂਹ ਨਾ ਫੜੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਕਿੱਤਾ ਹੋਰ ਸੰਕਟ ਵਿੱਚ ਘਿਰ ਸਕਦਾ ਹੈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)