ਕੋਰੋਨਾਵਾਇਰਸ ਲੌਕਡਾਊਨ: ਪੁੱਤਰ ਦੀ ਤੇਰਵੀਂ ’ਤੇ ਪਹੁੰਚ ਨਾ ਸਕੇ ਪਿਓ ਦਾ ਦਰਦ, ‘ਕੰਮ ਮਿਲੇ ਨਾ ਮਿਲੇ, ਪਰ ਦਿੱਲੀ ਨਹੀਂ ਜਾਣਾ’

  • ਨੀਰਜ ਪ੍ਰਿਯਾਦਰਸ਼ੀ
  • ਬੀਬੀਸੀ ਪੱਤਰਕਾਰ
ਰਾਮਪੁਕਾਰ-ਹੈਡ ਲਾਈਨ ਇਸੇ ਦੇ ਹਿਸਾਬ ਨਾਲ ਦਿੱਤੀ ਹੈ

ਲੌਕਡਾਊਨ ਕਾਰਨ ਘਰਾਂ ਨੂੰ ਪਰਤ ਰਹੇ ਕਈ ਮਜ਼ਦੂਰਾਂ ਦੀਆਂ ਤਸਵੀਰਾਂ ਸੋਸ਼ਲ-ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।

ਉਨ੍ਹਾਂ ਵਿੱਚੋਂ ਇੱਕ ਤਸਵੀਰ ਬਿਹਾਰ ਦੇ ਬੇਗੂਸਰਾਇ ਦੇ ਰਹਿਣ ਵਾਲੇ ਰਾਮਪੁਕਾਰ ਪੰਡਿਤ ਦੀ ਹੈ ਜਿਸ ਵਿੱਚ ਉਹ ਰੋ ਰਹੇ ਹਨ ਅਤੇ ਫ਼ੋਨ ਉੱਪਰ ਗੱਲ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਾਮਪੁਕਾਰ ਆਪਣੇ ਪੁੱਤਰ ਦੀ ਖ਼ਬਰ ਸੁਣ ਕੇ 11 ਮਈ ਨੂੰ ਪੈਦਨ ਹੀ ਦਿੱਲੀ ਤੋਂ ਬੇਗੂਸਰਾਇ ਲਈ ਨਿਕਲ ਪਏ ਸਨ। ਰਸਤੇ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਯੂਪੀ ਗੇਟ ਦੇ ਕੋਲ ਦਿੱਲੀ-ਯੂਪੀ ਬਾਰਡਰ ਉੱਪਰ ਰੋਕ ਲਿਆ ਸੀ।

ਯੂਪੀ ਪੁਲਿਸ ਉਨ੍ਹਾਂ ਨੂੰ ਪੈਦਲ ਨਹੀਂ ਜਾਣ ਦੇ ਰਹੀ ਸੀ। ਜਦਕਿ ਰਾਮਪੁਕਾਰ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਨਿੱਜੀ ਗੱਡੀ ਬੁੱਕ ਕਰ ਕੇ ਘਰ ਜਾਂਦੇ। ਉਹ ਸਮਾਰਟਫੋਨ ਵੀ ਨਹੀਂ ਵਰਤਦੇ ਸਨ ਕਿ ਆਨਲਾਈਨ ਟਿਕਟ ਬੁੱਕ ਕਰਵਾ ਲੈਂਦੇ ਜਾਂ ਬਿਹਾਰ ਸਰਕਾਰ ਨੂੰ ਮਦਦ ਲਈ ਫਰਿਆਦ ਕਰ ਸਕਦੇ।

ਬਿਨਾਂ ਸਾਧਨ ਅਤੇ ਪੈਸੇ ਦੇ ਰਾਮਪੁਕਾਰ ਤਿੰਨ ਦਿਨਾਂ ਤੱਕ ਦਿੱਲੀ-ਯੂਪੀ ਬਾਰਡਰ ਉੱਪਰ ਫ਼ਸੇ ਰਹੇ। ਅਖ਼ੀਰ ਇੱਕ ਸਮਾਜਿਕ ਕਾਰਕੁਨ ਦੀ ਮਦਦ ਨਾਲ ਉਹ 15 ਮਈ ਨੂੰ ਸ਼੍ਰਮਿਕ ਸਪੈਸ਼ਲ ਟਰੇਨ ਰਾਹੀਂ ਦਰਭੰਗਾ ਵਾਪਸ ਆਏ ਅਤੇ ਉੱਥੋਂ ਉਹ ਆਪਣੇ ਪ੍ਰਖੰਡ ਖੋਦਵਾਨਪੁਰ ਵਿੱਚ ਬਣੇ ਕੁਆਰੰਟੀਨ ਸੈਂਟਰ ਵਿੱਚ ਪਹੁੰਚ ਸਕੇ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਪੁਲਿਸ ਨੇ ਰੋਕਿਆ, ਠੱਗਾਂ ਨੇ ਲੁੱਟਿਆ

ਸੋਮਵਾਰ ਨੂੰ ਬੀਬੀਸੀ ਨਾਲ ਫ਼ੋਨ ਉੱਪਰ ਗੱਲਬਾਤ ਕਰਦਿਆਂ ਰਾਮਪੁਕਾਰ ਉਸ ਤਸਵੀਰ ਬਾਰੇ ਦੱਸਦੇ ਹਨ, “ਪੁੱਤਰ ਚਾਰ ਦਿਨ ਪਹਿਲਾਂ ਮਰਿਆ ਸੀ। ਉਸ ਨੂੰ ਤਾਂ ਆਖ਼ਰੀ ਵਾਰ ਦੇਖ ਵੀ ਨਹੀਂ ਸਕਿਆ। ਇਸ ਲਈ ਚਾਹੁੰਦਾ ਸੀ ਕਿ ਘੱਟੋ-ਘੱਟ ਉਸ ਦੀ ਤੇਹਰਵੀਂ ਵਿੱਚ ਸ਼ਾਮਲ ਹੋਕੇ ਪਿਤਾ ਹੋਣ ਦਾ ਫ਼ਰਜ਼ ਨਿਭਾ ਸਕਾਂ।

"ਪੁਲਿਸ ਨੇ ਰੋਕ ਲਿਆ ਤਾਂ ਮੈਂ ਇੱਧਰ-ਉੱਧਰ ਘੁੰਮ ਕੇ ਮਦਦ ਮੰਗਣ ਲਗ ਪਿਆ। ਉਸੇ ਦੌਰਾਨ ਦੋ ਜਣਿਆਂ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਬਾਰਡਰ ਪਾਰ ਕਰਾ ਦੇਣਗੇ ਅਤੇ ਅੱਗੇ ਲਿਜਾ ਕੇ ਛੱਡ ਦੇਣਗੇ। ਕਾਰ ਵਿੱਚ ਬਿਠਾ ਕੇ ਉਨ੍ਹਾਂ ਨੇ ਮੇਰੇ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਕੋਲ ਜੋ ਥੋੜ੍ਹੇ ਬਹੁਤ ਬਚੇ ਖੁਚੇ ਪੈਸੇ ਸਨ ਉਹ ਵੀ ਖੋਹ ਲਏ।"

ਰਾਮਪੁਕਾਰ ਨੇ ਅੱਗੇ ਦੱਸਿਆ, “ਇੱਕ ਮੈਡਮ ਜੋ ਰਾਤ ਨੂੰ ਖਾਣਾ ਵੰਡਣ ਆਏ ਸਨ। ਉਹ ਆਪਣਾ ਕਾਰਾਡ ਵੀ ਮੈਨੂੰ ਦੇ ਗਏ ਸਨ। ਉਨ੍ਹਾਂ ਨੂੰ ਹੀ ਫ਼ੋਨ ਕਰ ਕੇ ਮੈਂ ਸਾਰਾ ਕੁਝ ਦੱਸ ਰਿਹਾ ਸੀ ਜਦੋਂ ਕਿਸੇ ਨੇ ਮੇਰਾ ਫ਼ੋਟੋ ਲੈ ਲਿਆ।”

ਰਾਮਪੁਕਾਰ ਦੀ ਮੈਡਮਜੀ ਦਾ ਨਾਂਅ ਸਲਮਾ ਫਰਾਂਸਿਸ ਹੈ। ਉਹ ਇੱਕ ਸੋਸ਼ਲ ਵਰਕਰ ਹਨ ਅਤੇ ਦਿੱਲੀ ਦੀ ਇੱਕ ਸੰਸਥਾ ਨਾਲ ਜੁੜੇ ਹੋਏ ਹਨ।

ਸਲਮਾ ਬਾਰੇ ਰਾਮਪੁਕਾਰ ਹੋਰ ਦੱਸਦੇ ਹਨ, " ਉਹ ਮੇਰੇ ਲਈ ਮਾਂ-ਬਾਪ ਤੋਂ ਵਧ ਕੇ ਹਨ। ਜਦੋਂ ਸਾਰਿਆਂ ਨੇ ਮੇਰੇ ਨਾਲ ਧੋਖਾ ਦਿੱਤਾਂ ਉਸ ਸਮੇਂ ਉਨ੍ਹਾਂ ਨੇ ਮੇਰੀ ਮਦਦ ਕੀਤੀ।"

ਰਾਮਪੁਕਾਰ ਘਰ ਕਿਵੇਂ ਪਹੁੰਚੇ?

ਅਸੀਂ ਰਾਮਪੁਕਾਰ ਤੋਂ ਸਲਮਾ ਫਰਾਂਸਿਸ ਦਾ ਫੋਨ ਨੰਬਰ ਲਿਆ ਅਤੇ ਉਨ੍ਹਾਂ ਨਾਲ ਗੱਲ ਕੀਤੀ। ਸਲਮਾ ਦੱਸਦੇ ਹਨ, “ਰਾਮਪੁਕਾਰ ਨੂੰ ਘਰ ਭੇਜਣ ਲਈ ਮੈਂ ਸਪੈਸ਼ਲ ਸੀਪੀ ਸਾਊਥ ਈਸਟ ਦਿੱਲੀ ਤੋਂ ਮਦਦ ਮੰਗੀ।"

ਅਸੀਂ ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ, ਸਾਊਥ ਈਸਟ ਦੇਵੇਸ਼ ਕੁਮਾਰ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

ਇੰਡੀਅਨ ਐੱਕਸਪ੍ਰੈੱਸ ਵਿੱਚ ਛਪੀ ਇੱਕ ਰਿਪੋਰਟ ਵਿੱਚ ਪੂਰਬੀ ਦਿੱਲੀ ਦੇ ਡੀਐੱਮ ਅਰੁਣ ਮਿਸ਼ਰਾ ਦੇ ਹਵਾਲੇ ਨਾਲ ਲਿਖਿਆ ਗਿਆ ਹੈ, “ਸਾਡੀ ਟੀਮ ਹਰ ਸਮੇਂ ਫੀਲਡ ਵਿੱਚ ਹੈ। ਜਦੋਂ ਰਾਮਪੁਕਾਰ ਪੰਡਿਤ ਦੇ ਬਾਰੇ ਵਿੱਚ ਜਾਣਕਾਰੀ ਮਿਲਦਿਆਂ ਤਾਂ ਸਾਡੀ ਟੀਮ ਅਸੀਂ ਉਨ੍ਹਾਂ ਨੂੰ ਬਸ ਵਿੱਚ ਰੇਲਵੇ ਸਟੇਸ਼ਨ ਪਹੁੰਚਾ ਦਿੱਤਾ ਜਿੱਥੋਂ ਉਹ ਸ਼ਾਮ ਵਾਲੀ ਰੇਲ ਨਾਲ ਬਿਹਾਰ ਚਲੇ ਗਏ।"

ਕਾਫ਼ੀ ਧੱਕੇ ਖਾਣ ਤੋਂ ਬਾਅਦ ਰਾਮਪੁਕਾਰ ਆਪਣੇ ਪਿੰਡ ਤਾਂ ਪਹੁੰਚ ਗਏ ਹਨ ਪਰ ਹਾਲੇ ਘਰ ਨਹੀਂ ਪਹੁੰਚ ਸਕੇ। ਨਿਯਮਾਂ ਦੇ ਮੁਤਾਬਕ ਫਿਲਹਾਲ ਉਹ ਕੁਆਰੰਟੀਨ ਸੈਂਟਰ ਵਿੱਚ ਹਨ। ਉਨ੍ਹਾਂ ਦੇ ਪੁੱਤਰ ਦੀ ਤੇਰ੍ਹਵੀਂ ਵੀ ਲੰਘ ਗਈ ਹੈ।

ਪਰਿਵਾਰ ਨਾਲ ਮੁਲਾਕਤਾ ਬਾਰੇ ਉਨ੍ਹਾਂ ਦੱਸਿਆ, “ਕੱਲ ਬੇਟੀ ਅਤੇ ਪਤਨੀ ਆਏ ਸਨ ਮੈਨੂੰ ਮਿਲਣ ਲਈ। ਉਹ ਲੋਕ ਸੱਤੂ ਚੂੜਾ, ਗੁੜ, ਦਾਲਮੋਠ ਅਤੇ ਦਵਾਈ ਲੈ ਕੇ ਆਏ ਸਨ। ਉਨ੍ਹਾਂ ਨਾਲ ਗੱਲ ਵੀ ਨਹੀਂ ਹੋ ਸਕੀ। ਸਾਰਾ ਸਮਾਂ ਰੋਂਦਿਆਂ ਹੀ ਨਿਕਲ ਗਿਆ। ਨਜ਼ਰ ਵਿੱਚ ਹਰ ਸਮੇਂ ਮੇਰੇ ਪੁੱਤਰ ਦਾ ਚਿਹਰਾ ਘੁੰਮ ਰਿਹਾ ਹੈ। ਕੁਝ ਸਮਝ ਨਹੀਂ ਆ ਰਿਹਾ। ਬੱਸ ਇਹੀ ਸੋਚ ਕੇ ਆਪਣਾ ਮਨ ਸਮਝਾਉਂਦਾ ਹਾਂ ਕਿ ਮਰਿਆ ਨਹੀਂ ਹਾਂ। ਪਤਾ ਨਹੀਂ ਹੁਣ ਅੱਗੇ ਕੀ ਹੋਵੇਗਾ!”

ਤਸਵੀਰ ਸਰੋਤ, NEERAJ PRIYADARSHY /BBC

ਤਸਵੀਰ ਕੈਪਸ਼ਨ,

ਰਾਮਪੁਕਾਰ ਸਲਮਾ ਦੇ ਨਾਲ

ਸਹੁੰ ਖਾ ਲਈ ਹੈ, ਵਾਪਸ ਦਿੱਲੀ ਨਹੀਂ ਜਾਵਾਂਗਾ

ਰਾਮਪੁਕਾਰ ਪਹਿਲਾਂ ਘਰੇ ਹੀ ਰਹਿੰਦੇ ਸਨ। ਕੁਝ ਦਿਨਾਂ ਤੱਕ ਉਨ੍ਹਾਂ ਨੇ ਰੇਹੜੀ ਵਾਲੇ ਦਾ ਕੰਮ ਕੀਤਾ। ਬਾਅਦ ਵਿੱਚ ਉਹ ਇੱਟਾਂ ਦੇ ਭੱਠੇ ਉੱਪਰ ਲੱਗ ਗਏ। ਤਿੰਨ ਧੀਆਂ ਪਿੱਛੋਂ ਪਿਛਲੇ ਸਾਲ ਹੀ ਇੱਕ ਪੁੱਤਰ ਦਾ ਜਨਮ ਹੋਇਆ ਸੀ। ਉਸ ਤੋਂ ਬਾਅਦ ਉਹ ਕੰਮ ਦੀ ਭਾਲ ਵਿੱਚ ਦਿੱਲੀ ਆ ਗਏ। ਇਸ ਦੌਰਾਨ ਉਨ੍ਹਾਂ ਦੇ ਛੋਟੇ ਭਰਾ ਨੇ ਘਰੇ ਰਹਿ ਕੇ ਪਰਿਵਾਰ ਸੰਭਾਲਿਆ।

ਰਾਮਪੁਕਾਰ ਹੁਣ ਅੱਗੇ ਕੀ ਕਰਨਗੇ?

ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ, “ਪਹਿਲਾਂ ਕੁਆਰੰਟੀਨ ਸੈਂਟਰ ਤੋਂ ਘਰ ਤਾਂ ਪਹੁੰਚ ਜਾਵਾਂ। ਸਰੀਰ ਜਵਾਬ ਦੇ ਰਿਹਾ ਹੈ। ਬਹੁਤ ਕਮਜ਼ੋਰ ਹੋ ਗਈ ਹੈ। ਜਦੋਂ ਉਠਦਾ ਹਾਂ ਤਾਂ ਚੱਕਰ ਆਉਣ ਲਗਦੇ ਹਨ। ਇੱਥੇ ਲੋਕ ਕਿਸੇ ਕਿਸਮ ਦੀ ਦਵਾਈ ਨਹੀਂ ਦੇ ਰਹੇ ਹਨ। ਕਹਿੰਦੇ ਹਨ ਟੈਸਟ ਰਿਪੋਰਟ ਤੋਂ ਬਾਅਦ ਦੇਵਾਂਗੇ। ਘਰੇ ਪਹੁੰਚ ਕੇ ਵੀ 15-20 ਦਿਨ ਤਾਂ ਘੱਟੋ-ਘੱਟ ਸਿਹਤ ਠੀਕ ਕਰਨ ਵਿੱਚ ਲੱਗਣਗੇ। ਫਿਰ ਕਿਸੇ ਕੰਮ ਬਾਰੇ ਸੋਚ ਸਕਾਂਗਾ।"

ਰਾਮਪੁਰ ਦਿੱਲੀ ਵਿੱਚ ਮਜ਼ਦੂਰ ਸਨ। ਜਦੋਂ ਤੋਂ ਲੌਕਡਾਊਨ ਹੋਇਆ ਹੈ। ਉਸ ਸਮੇਂ ਤੋਂ ਹੀ ਕੰਮ ਬੰਦ ਹੈ।

ਉਹ ਕਹਿੰਦੇ ਹਨ, "ਇਕਲੌਤੇ ਬੇਟੇ ਨੂੰ ਤਾਂ ਗੁਆ ਲਿਆ। ਹੁਣ ਤਿੰਨ ਧੀਆਂ ਹੀ ਬਚੀਆਂ ਹਨ।"

ਫਿਰ ਵੀ ਕੀ ਪੈਸਾ ਕਮਾਉਣ ਅਤੇ ਘਰ ਚਲਾਉਣ ਲਈ ਵਾਪਸ ਦਿੱਲੀ ਜਾਣਗੇ?

ਰਾਮਪੁਕਾਰ ਨੇ ਕਿਹਾ, “ਹੁਣ ਤਾਂ ਚਾਹੇ ਜੋ ਮਰਜ਼ੀ ਹੋ ਜਾਵੇ, ਕੰਮ ਮਿਲੇ ਨਾ ਮਿਲੇ, ਪੈਸੇ ਥੋੜ੍ਹੇ ਹੀ ਕਮਾਵਾਂ। ਲੱਕੜਾਂ ਵੱਢ ਕੇ ਵੇਚ ਲਵਾਂਗਾ। ਮੁੜ ਇੱਟਾਂ ਦੇ ਭੱਠੇ ਉੱਪਰ ਕੰਮ ਕਰ ਲਵਾਂਗਾ। ਕਿਸੇ ਦੇ ਮਜ਼ਦੂਰੀ ਕਰ ਲਵਾਂਗਾ ਪਰ ਮੁੜ ਦਿੱਲੀ ਨਹੀਂ ਜਾਵਾਂਗਾ। ਸਹੁੰ ਖਾ ਲਈ ਹੈ।”

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)