ਫਰੀਦਕੋਟ ਰਿਆਸਤ ਦੀ ਜਾਇਦਾਦ ਦਾ ਵਿਵਾਦ ਕੀ ਹੈ
- ਅਰਵਿੰਦ ਛਾਬੜਾ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਅੰਮ੍ਰਿਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਨਾਲ ਚੰਗੇ ਸਬੰਧ ਸਨ
ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਦੀਆਂ ਜਾਇਦਾਦਾਂ ਨੂੰ ਲੈ ਕੇ ਜਾਰੀ ਵਿਵਾਦ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸਣਾਉਂਦੇ ਹੋਏ ਉਨ੍ਹਾਂ ਦੀ ਵੱਡੀ ਧੀ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਵੀ ਮਹਾਰਾਜਾ ਦੀ ਜਾਇਦਾਦ 'ਚ ਕਾਨੂੰਨੀ ਹਿੱਸਾ ਦੇਣ ਦੇ ਨਿਰਦੇਸ਼ ਦਿੱਤੇ ਹਨ।
ਹਾਈ ਕੋਰਟ ਨੇ ਕਿਹਾ ਕਿ ਮਹਾਰਾਜਾ ਹਰਿੰਦਰ ਸਿੰਘ ਦੀ ਸਾਲ 1982 ਵਿੱਚ ਬਣਾਈ ਵਸੀਅਤ ਖ਼ਾਰਜ ਕੀਤੀ ਜਾਂਦੀ ਹੈ ਕਿਉਂਕਿ ਉਹ ਸ਼ੱਕੀ ਨਜ਼ਰ ਆਉਂਦੀ ਹੈ। ਕੋਰਟ ਨੇ ਇਸ ਵਸੀਅਤ ਦੇ ਆਧਾਰ 'ਤੇ ਬਣਾਏ ਗਏ ਮਹਾਰਾਵਲ ਖੀਵਾਜੀ ਟਰਸਟ ਨੂੰ ਵੀ ਰੱਦ ਕਰ ਦਿੱਤਾ।
ਇਹ ਫੈਸਲਾ ਰਾਜਕੁਮਾਰੀ ਅੰਮ੍ਰਿਤ ਕੌਰ ਤੇ ਹੋਰ ਦਾਅਵੇਦਾਰਾਂ ਦੀਆਂ ਪਟੀਸ਼ਨਾਂ 'ਤੇ ਆਇਆ ਹੈ।
ਇਸ ਤੋਂ ਪਹਿਲਾਂ ਜੁਲਾਈ 2013 ਵਿੱਚ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਿਹਾ ਸੀ ਕਿ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਜਾਅਲੀ ਹੈ।
ਉਨ੍ਹਾਂ ਨੇ ਆਪਣੀ ਦੌਲਤ ਕੁਝ ਨੌਕਰਾਂ ਅਤੇ ਮਹਿਲ ਦੇ ਅਧਿਕਾਰੀਆਂ ਦੁਆਰਾ ਸਥਾਪਤ ਚੈਰੀਟੇਬਲ ਟਰਸਟ ਨੂੰ ਸੌਂਪ ਦਿੱਤੀ ਸੀ।
ਜਾਇਦਾਦ ਵਿੱਚ ਕੀ-ਕੀ ਹੈ
ਇਸ ਟਰਸਟ ਦੀ ਚੇਅਰਪਰਸਨ ਮਹਾਰਾਜਾ ਦੀ ਧੀ ਦੀਪਇੰਦਰ ਕੌਰ ਤੇ ਵਾਇਸ ਚੇਅਰਪਰਸਨ ਮਹਾਦੀਪ ਕੌਰ ਨੂੰ ਬਣਾਇਆ ਗਿਆ ਸੀ।
ਦਾਅਵਾ ਹੈ ਕਿ ਮਹਾਰਾਜਾ ਨੇ ਆਪਣੀ ਤੀਜੀ ਧੀ ਅੰਮ੍ਰਿਤ ਕੌਰ ਨੂੰ ਵਸੀਅਤ ਤੋਂ ਬਾਹਰ ਰੱਖ ਕੇ ਜਾਇਦਾਦ ਤੋਂ ਵਾਂਝੇ ਕਰ ਦਿੱਤਾ ਸੀ ਜਿਸ ਦੀ ਸੱਚਾਈ ਉੱਤੇ ਅਮ੍ਰਿਤ ਕੌਰ ਨੇ ਸਵਾਲ ਖੜ੍ਹੇ ਕੀਤੇ ਸਨ।
ਤਸਵੀਰ ਸਰੋਤ, Getty Images
ਨਵੀਂ ਦਿੱਲੀ ਸਥਿਤ ਫਰੀਦਕੋਟ ਹਾਊਸ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਫਤਰ ਜੋ ਫਰੀਦਕੋਟ ਦੇ ਮਹਾਰਾਜਾ ਦੀ ਜਾਇਦਾਦ ਦਾ ਹਿੱਸਾ ਹੈ
ਜਾਇਦਾਦ ਵਿੱਚ ਇਕ 350 ਸਾਲ ਪੁਰਾਣਾ ਸ਼ਾਹੀ ਕਿਲਾ, ਤਬੇਲੇ ਅਤੇ ਇੱਕ ਨਿੱਜੀ ਹਵਾਈ-ਅੱਡਾ ਸ਼ਾਮਲ ਹਨ।
ਹਾਲਾਂਕਿ ਟਰਸਟ ਨੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ।
ਅਦਾਲਤ ਦਾ ਕੀ ਸੀ ਫੈਸਲਾ
ਸਾਲ 2013 ਵਿੱਚ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਵਸੀਅਤ ਦੇ ਪਹਿਲੇ ਪੰਨੇ ਉੱਤੇ 'ਹੋਲੋਗਰਾਫ' ਸ਼ਬਦ ਦੇ ਸਪੈਲਿੰਗ 'ਹੈਰੋਗਰਾਫ' ਲਿਖੇ ਗਏ ਸਨ ਜੋ ਕਿ ਗਲਤ ਸਨ।
ਹੋਲੋਗਰਾਫ਼ ਇੱਕ ਦਸਤਾਵੇਜ ਹੁੰਦਾ ਹੈ ਜੋ ਕਿ ਉਸ ਸ਼ਖਸ ਨੇ ਖੁਦ ਆਪਣੇ ਹੱਥਾਂ ਨਾਲ ਲਿਖਿਆ ਹੁੰਦਾ ਹੈ ਜਿਸ ਦਾ ਨਾਮ ਇਸ ਦਸਤਾਵੇਜ ਉੱਤੇ ਹੈ।
ਤਸਵੀਰ ਸਰੋਤ, Getty Images
ਅੰਮ੍ਰਿਤ ਕੌਰ ਨੇ ਪੁਲਿਸ ਅਫ਼ਸਰ ਹਰਪਾਲ ਸਿੰਘ ਨਾਲ ਵਿਆਹ ਕਰਵਾ ਲਿਆ ਸੀ
129 ਪੰਨਿਆਂ ਦੀ ਵਸੀਅਤ ਵਿੱਚ ਜੱਜ ਨੇ ਕਿਹਾ ਸੀ ਕਿ ਮਹਾਰਾਜਾ ਕਾਫੀ ਪੜ੍ਹੇ-ਲਿਖੇ ਸਨ ਅਤੇ ਅਜਿਹੀ ਸ਼ਖਸੀਅਤ ਸਨ ਕਿ ਇਹ ਮੁਮਕਿਨ ਹੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਗਲਤੀ ਕਰਨ।
ਜੱਜ ਨੇ ਕਿਹਾ ਕਿ ਇਸ ਵਿੱਚ ਗਲਤੀਆਂ ਦਰਸਾਉਂਦੀਆਂ ਹਨ ਕਿ ਇਹ "ਕਦੇ ਵੀ ਚੰਗੇ ਸਮਝਦਾਰ ਸ਼ਖਸ ਵੱਲੋਂ ਨਹੀਂ ਲਿਖੀ ਗਈ।"
ਜੱਜ ਨੇ ਇਹ ਵੀ ਕਿਹਾ ਸੀ-
ਵਸੀਅਤ ਲਿਖਣ ਵਾਲੇ ਸ਼ਖ਼ਸ ਅਤੇ ਗਵਾਹਾਂ ਵੱਲੋਂ ਦਸਤਖਤ ਵੇਲੇ ਵੱਖ-ਵੱਖ ਸਿਆਹੀ ਦੀ ਵਰਤੋਂ ਕੀਤੀ- ਜੱਜ ਨੇ ਕਿਹਾ ਕਿ ਵਸੀਅਤ ਲਿਖਣ ਵਾਲੇ ਨੇ ਹਲਕੇ ਰੰਗ ਦੀ ਸਿਆਹੀ ਵਾਲੇ ਪੈੱਨ ਨਾਲ ਦਸਤਖਤ ਕੀਤੇ ਹਨ ਜਦੋਂਕਿ ਗਵਾਹਾਂ ਨੇ ਗੂੜ੍ਹੇ ਰੰਗ ਦੀ ਸਿਆਹੀ ਵਾਲੇ ਪੈੱਨ ਨਾਲ ਦਸਤਖਤ ਕੀਤੇ ਹਨ।
ਉਨ੍ਹਾਂ ਕਿਹਾ, "ਇਹ ਗੰਭੀਰ ਸ਼ੱਕ ਪੈਦਾ ਕਰਦਾ ਹੈ।"
ਵਸੀਅਤ ਦੇ ਜਨਤਕ ਹੋਣ ਵਿੱਚ ਦੇਰੀ ਹੋਣਾ। ਮਹਾਰਾਜਾ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ ਸੀ। 26 ਅਕਤੂਬਰ 1989 ਨੂੰ ਜਦੋਂ ਲੋਕ ਮਹਾਰਾਜਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਠੇ ਹੋਏ ਤਾਂ ਵਸੀਅਤ ਬਾਰੇ ਪਤਾ ਲੱਗਿਆ।
ਵਸੀਅਤ ਵਿੱਚ ਕਿਹਾ ਗਿਆ ਕਿ ਮਹਾਰਾਜਾ ਦੀ ਜਾਇਦਾਦ ਇੱਕ ਚੈਰੀਟੇਬਲ ਟਰਸਟ ਨੂੰ ਦਿੱਤੀ ਜਾਵੇਗੀ। ਕੋਰਟ ਨੇ ਟਰੱਸਟ ਨੂੰ 'ਗੈਰ-ਕਾਨੂੰਨੀ' ਕਰਾਰ ਦਿੱਤਾ।
ਆਪਣੇ ਬਚਾਅ ਵਿੱਚ ਟਰੱਸਟ ਨੂੰ ਚਲਾਉਣ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਮਹਾਰਾਜਾ ਆਪਣੀ ਧੀ ਅੰਮ੍ਰਿਤ ਕੌਰ ਨਾਲ ਗੁੱਸੇ ਸਨ ਕਿਉਂਕਿ ਉਸ ਨੇ ਇੱਕ ਪੁਲਿਸ ਅਫ਼ਸਰ ਨਾਲ ਵਿਆਹ ਕਰਵਾਇਆ ਸੀ।
"ਇਸ ਲਈ ਉਨ੍ਹਾਂ ਨੂੰ ਵਸੀਅਤ ਵਿੱਚੋਂ ਬਾਹਰ ਰੱਖਿਆ ਗਿਆ ਸੀ।"
ਮਹਾਰਾਜਾ ਦੀ ਧੀ ਅੰਮ੍ਰਿਤ ਕੌਰ ਨੇ ਇਹ ਸਾਬਿਤ ਕਰਨ ਲਈ ਕਿ ਉਨ੍ਹਾਂ ਦੇ ਪਿਤਾ ਨਾਲ 'ਚੰਗੇ ਸਬੰਧ' ਸਨ ਅਦਾਲਤ ਵਿੱਚ ਪਿਤਾ ਅਤੇ ਆਪਣੇ ਉਹ ਪੱਤਰ ਪੇਸ਼ ਕੀਤੇ ਜੋ ਕਿ ਉਹ ਇੱਕ-ਦੂਜੇ ਨੂੰ ਲਿਖਦੇ ਸਨ।
ਇਹ ਵੀਡੀਓ ਵੀ ਦੇਖੋ