ਸਿੱਧੂ ਮੂਸੇਵਾਲੇ 'ਤੇ ਫਾਇਰਿੰਗ ਮਾਮਲੇ 'ਚ ਇੱਕ ਮਹੀਨੇ ਬਾਅਦ ਵੀ ਹੱਥ ਪਾਉਣ ਦੀ ਹਿੰਮਤ ਕਿਉਂ ਨਹੀਂ ਕਰ ਰਹੀ ਪੰਜਾਬ ਪੁਲਿਸ

  • ਜਸਪਾਲ ਸਿੰਘ, ਬੀਬੀਸੀ ਪੱਤਰਕਾਰ
  • ਸੁਖਚਰਨ ਪ੍ਰੀਤ, ਬੀਬੀਸੀ ਪੰਜਾਬੀ ਸਹਿਯੋਗੀ
ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Getty Images

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਕਥਿਤ ਤੌਰ 'ਤੇ ਫਾਇਰਿੰਗ ਕਰਦਿਆਂ ਦੀਆਂ ਵੀਡੀਓਜ਼ ਵਾਇਰਲ ਹੋਣ ਦੇ ਇੱਕ ਮਹੀਨੇ ਬਾਅਦ ਵੀ ਪੁਲਿਸ ਨੇ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।

ਉਹ ਗੱਲ ਵੱਖ ਹੈ ਕਿ ਮੂਸੇਵਾਲਾ ਦੀ ਗੱਡੀ ਦਾ 6 ਜੂਨ ਨੂੰ ਪਟਿਆਲਾ ਦੇ ਨਾਭਾ ਵਿੱਚ ਬਕਾਇਦਾ ਚਲਾਨ ਵੀ ਹੋਇਆ ਸੀ ਅਤੇ ਮੂਸੇਵਾਲਾ ਨੂੰ ਜਾਣ ਵੀ ਦਿੱਤਾ ਗਿਆ।

ਸਵਾਲ ਹੈ ਕਿ ਲਗਾਤਾਰ ਸੁਰਖੀਆਂ ਵਿੱਚ ਰਹਿਣ ਵਾਲੇ ਇਸ ਗਾਇਕ 'ਤੇ ਆਪਦਾ ਪ੍ਰਬੰਧਨ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਹਨ ਤਾਂ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ।

ਬੀਬੀਸੀ ਪੰਜਾਬੀ ਨੇ ਕਾਨੂੰਨ ਦੇ ਜਾਣਕਾਰਾਂ ਨਾਲ ਵੀ ਗੱਲ ਕੀਤੀ ਹੈ ਅਤੇ ਪੁਲਿਸ ਤੋਂ ਸਵਾਲ ਵੀ ਪੁੱਛੇ ਹਨ। ਅਸੀਂ ਤੁਹਾਨੂੰ ਪੂਰਾ ਮਾਮਲਾ ਵੀ ਦੱਸਾਂਗੇ।

4 ਮਈ ਨੂੰ ਮੂਸੇਵਾਲਾ 'ਤੇ ਮਾਮਲਾ ਦਰਜ ਹੋਇਆ ਅਤੇ ਇੱਕ ਮਹੀਨੇ ਬਾਅਦ ਵੀ ਕਾਰਵਾਈ ਦੇ ਨਾਂ 'ਤੇ ਜਾਂਚ ਜਾਰੀ ਹੈ ਦਾ ਜਵਾਬ ਮਿਲ ਰਿਹਾ ਹੈ।

ਤੁਹਾਨੂੰ ਦੱਸ ਇਹ ਵੀ ਦੇਈਏ ਕਿ ਮੂਸੇਵਾਲਾ ਲੌਕਡਾਊਨ ਵੇਲੇ ਪੰਜਾਬ ਪੁਲਿਸ ਦੀ ਮੁਹਿੰਮ ਦਾ ਹਿੱਸਾ ਵੀ ਸੀ। ਅਸੀਂ ਮੂਸੇਵਾਲਾ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ।

ਕੀ ਹੈ ਪੂਰਾ ਮਾਮਲਾ?

ਸਿੱਧੂ ਮੂਸੇਵਾਲਾ ਦੇ ਫਾਇਰਿੰਗ ਕਰਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ ਵਿੱਚ ਕਥਿਤ ਤੌਰ 'ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਨਜ਼ਰ ਆਏ ਸੀ।

ਸਿੱਧੂ ਮੂਸੇਵਾਲਾ ਸਣੇ 9 ਲੋਕਾਂ ਖ਼ਿਲਾਫ ਸੰਗਰੂਰ ਤੇ ਬਰਨਾਲਾ ਵਿੱਚ 4 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ।

ਮੁਲਜ਼ਮਾਂ ਦੇ ਨਾਵਾਂ ਵਿੱਚ ਇੱਕ ਡੀਐੱਸਪੀ ਦਲਜੀਤ ਸਿੰਘ ਵਿਰਕ ਤੇ ਉਨ੍ਹਾਂ ਪੁੱਤਰ ਵੀ ਸ਼ਾਮਿਲ ਹੈ।

ਇਸ ਵੀਡੀਓ ਵਿੱਚ ਕੁਝ ਪੁਲਿਸ ਵਾਲੇ ਵੀ ਨਜ਼ਰ ਆਏ ਸਨ, ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਦੂਜੀ ਇੱਕ ਹੋਰ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਸੰਗਰੂਰ ਦੀ ਲੱਡਾ ਕੋਠੀ ਰੇਂਜ ਵਿੱਚ ਇੱਕ ਪਿਸਟਲ ਨਾਲ ਫਾਇਰਿੰਗ ਕਰਦੇ ਵੇਖੇ ਗਏ ਸੀ।

ਇਹ ਦੋਵੇਂ ਵੀਡੀਓ ਲੌਕਡਾਊਨ ਵੇਲੇ ਦੇ ਹਨ। ਪੁਲਿਸ ਨੇ ਪਹਿਲਾਂ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

18 ਮਈ ਨੂੰ ਪੁਲਿਸ ਨੇ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਆਰਮਜ਼ ਐਕਟ ਵੀ ਜੋੜਿਆ ਸੀ।

2 ਜੂਨ ਨੂੰ ਬਰਨਾਲਾ ਦੀ ਅਦਾਲਤ ਨੇ ਇਸੇ ਮਾਮਲੇ ਦੇ 6 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।

ਹਾਲਾਂਕਿ ਡੀਐੱਪੀ ਵਿਰਕ ਦੇ ਪੁੱਤਰ ਨੂੰ ਪੰਜਾਬ ਹਰਿਆਣਾ ਹਾਈ ਕੋਰਟਰ ਤੋਂ ਅਗਾਊਂ ਜ਼ਮਾਨਤ ਮਿਲ ਗਈ ਹੈ।

ਇਸ ਤੋਂ ਪਹਿਲਾਂ ਸੰਗਰੂਰ ਦੀ ਅਦਾਲਤ ਨੇ 27 ਮਈ ਨੂੰ 5 ਮੁਲਜ਼ਮਾਂ ਤੇ ਫਿਰ 30 ਮਈ ਨੂੰ ਤਿੰਨ ਹੋਰ ਮੁਲਜ਼ਮਾਂ ਦੀ ਜ਼ਮਾਨਤ ਅਰਜੀ ਪ੍ਰਵਾਨ ਕਰ ਲਈ ਸੀ।

ਇੱਥੇ ਇਹ ਦੱਸਣਯੋਗ ਹੈ ਕਿ ਦੋਵੇਂ ਮਾਮਲਿਆਂ ਵਿੱਚ ਸਿੱਧੂ ਮੂਸੇਵਾਲਾ ਨੇ ਅਜੇ ਤੱਕ (7 ਜੂਨ) ਕੋਈ ਜ਼ਮਾਨਤ ਦੀ ਅਰਜ਼ੀ ਨਹੀਂ ਪਾਈ ਹੈ।

ਤਸਵੀਰ ਸਰੋਤ, Tik-tok

ਤਸਵੀਰ ਕੈਪਸ਼ਨ,

ਸਿੱਧੂ ਮੂਸੇਵਾਲਾ ਦੀ ਰਾਇਫਲ ਚਲਾਉਣ ਦੀ ਕਥਿਤ ਵੀਡੀਓ ਦਾ ਗਰੈਬ

ਪੁਲਿਸ ਦਾ ਕੀ ਕਹਿਣਾ ਹੈ?

ਸੰਗਰੂਰ ਜਿੱਥੋਂ ਦੀ ਸਿੱਧੂ ਮੂਸੇਵਾਲਾ ਦੀ ਪਿਸਟਲ ਨਾਲ ਫਾਇਰ ਕਰਨ ਦੀ ਵੀਡੀਓ ਆਈ ਸੀ, ਉਥੋਂ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਲੋੜ ਪੈਣ 'ਤੇ ਮੂਸੇਵਾਲਾ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ, "ਜਿਨ੍ਹਾਂ ਲੋਕਾਂ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਨੇ ਇੱਕ ਨਿੱਜੀ ਹਥਿਆਰ ਨਾਲ ਫਾਇਰ ਕੀਤਾ ਸੀ। ਅਸੀਂ ਪੂਰੇ ਮਾਮਲੇ ਨੂੰ ਕਾਨੂੰਨੀ ਤੌਰ 'ਤੇ ਵੀ ਵੇਖ ਰਹੇ ਹਾਂ। ਅਸੀਂ ਪੂਰੇ ਮਾਮਲੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ।"

ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ ਨੇ ਸਾਡਾ ਫੋਨ ਨਹੀਂ ਚੁੱਕਿਆ।

ਸਿੱਧੂ ਮੂਸੇਵਾਲਾ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਸਾਨੂੰ ਜਿਵੇਂ ਹੀ ਉ੍ਹਨ੍ਹਾਂ ਦਾ ਪੱਖ ਮਿਲੇਗਾ, ਅਸੀਂ ਉਸ ਨੂੰ ਖ਼ਬਰ ਵਿੱਚ ਸ਼ਾਮਿਲ ਕਰਾਂਗੇ।

ਨਾਭਾ ਵਿੱਚ ਪੁਲਿਸ ਨੇ ਮੂਸੇਵਾਲਾ ਨੂੰ ਜਾਣ ਦਿੱਤਾ

6 ਜੂਨ 2020 ਦੀ ਦੁਪਹਿਰ ਨੂੰ ਨਾਭਾ ਵਿੱਚ ਇੱਕ ਨਾਕੇ 'ਤੇ ਸਿੱਧੂ ਮੂਸੇਵਾਲਾ ਦੀ ਦੋ ਗੱਡੀਆਂ ਨੂੰ ਰੋਕਿਆ ਗਿਆ ਸੀ।

ਦੋਵੇਂ ਗੱਡੀਆਂ ਦੇ ਕਾਲੇ ਸ਼ੀਸ਼ੇ ਸਨ ਜਿਨ੍ਹਾਂ ਦਾ ਪੁਲਿਸ ਨੇ ਚਾਲਾਨ ਵੀ ਕੀਤਾ।

ਇੱਥੇ ਵੀ ਪੁਲਿਸ ਉਸ ਨੂੰ ਕਾਬੂ ਕਰ ਸਕਦੀ ਸੀ ਪਰ ਚਾਲਾਨ ਕੱਟ ਕੇ ਸਿੱਧੂ ਮੂਸੇਲਵਾਲਾ ਨੂੰ ਜਾਣ ਦਿੱਤਾ ਗਿਆ।

ਹਾਈ ਕੋਰਟ ਵਿੱਚ ਪਟੀਸ਼ਨ ਵੀ ਹੋਈ ਸੀ ਦਾਇਰ

ਪਹਿਲਾਂ ਬਰਨਾਲਾ ਅਤੇ ਸੰਗਰੂਰ ਪੁਲਿਸ ਨੇ ਲੌਕਡਾਊਨ ਤੋੜਨ ਦੇ ਇਲਜ਼ਾਮਾਂ ਤਹਿਤ 9 ਮੁਲਜ਼ਮਾਂ 'ਤੇ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।

ਚੰਡੀਗੜ੍ਹ ਵਿੱਚ ਵਕੀਲ ਰਵੀ ਜੋਸ਼ੀ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "12 ਮਈ ਨੂੰ ਇਸ ਮਾਮਲੇ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਉਸੇ ਪਟੀਸ਼ਨ ਦੀ ਸੁਣਵਾਈ ਵਿੱਚ 18 ਮਈ ਨੂੰ ਹਲਫ਼ਨਾਮੇ ਰਾਹੀਂ ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਜਾਂਚ ਕਰਦਿਆਂ ਬਰਨਾਲਾ ਤੇ ਸੰਗਰੂਰ ਵਿੱਚ ਦਰਜ ਹੋਏ ਮਾਮਲਿਆਂ ਵਿੱਚ ਪੁਲਿਸ ਨੇ ਆਰਮਜ਼ ਐਕਟ ਜੋੜ ਲਿਆ ਹੈ।"

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਇਸ ਤੋਂ ਪਹਿਲਾਂ 14 ਮਈ ਨੂੰ ਦਾਇਰ ਇੱਕ ਹਲਫ਼ਨਾਮੇ ਵਿੱਚ ਆਈਜੀ ਜਤਿੰਦਰ ਸਿੰਘ ਔਲਖ ਨੇ ਕਿਹਾ ਸੀ, "ਬਰਨਾਲਾ ਦੇ ਪੁਲਿਸ ਅਫ਼ਸਰਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਸਿੱਧੂ ਮੂਸੇਵਾਲਾ ਸਣੇ ਹੋਰ ਮੁਲਜ਼ਮਾਂ ਨੇ ਲੌਕਡਾਊਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਪਿੰਡ ਬਡਬਰ ਵਿੱਚ ਗੋਲੀਆਂ ਵੀ ਚਲਾਈਆਂ ਹਨ।"

"ਇਸ ਲਈ ਅਸੀਂ ਆਪਦਾ ਪ੍ਰਬੰਧਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।"

14 ਮਈ ਨੂੰ ਜਤਿੰਦਰ ਸਿੰਘ ਔਲਖ ਵੱਲੋਂ ਦਾਇਰ ਪਹਿਲੇ ਹਲਫ਼ਨਾਮੇ ਤੱਕ ਆਰਮਜ਼ ਐਕਟ ਲਗਾਇਆ ਨਹੀਂ ਗਿਆ ਸੀ।

ਇਨ੍ਹਾਂ ਹਲਫ਼ਨਾਮਿਆਂ ਦੀਆਂ ਕਾਪੀਆਂ ਬੀਬੀਸੀ ਪੰਜਾਬੀ ਕੋਲ ਮੌਜੂਦ ਹੈ।

ਜਦੋਂ ਅਸੀਂ ਪਟਿਆਲਾ ਦੇ ਆਈਜੀ ਜਤਿੰਦਰ ਸਿੰਘ ਔਲਖ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਾਂਚ ਐੱਸਐੱਸਪੀ ਸੰਗਰੂਰ ਤੇ ਬਰਨਾਲਾ ਨੂੰ ਸੌਂਪੀ ਹੈ ਤੇ ਉਹੀ ਇਸ ਮਾਮਲੇ ਬਾਰੇ ਦੱਸ ਸਕਦੇ ਹਨ।

ਆਰਮਜ਼ ਐਕਟ ਤਹਿਤ ਗ੍ਰਿਫ਼ਤਾਰੀ ਦਾ ਕੀ ਨਿਯਮ ਹੈ?

ਮੂਸੇਵਾਲਾ 'ਤੇ ਆਰਮਜ਼ ਐਕਟ ਦੀਆਂ ਧਾਰਾਵਾਂ 25 ਅਤੇ 30 ਦੇ ਤਹਿਤ ਮਾਮਲਾ ਦਰਜ ਹੈ।

ਚੰਡੀਗੜ੍ਹ ਵਿੱਚ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ 'ਤੇ ਲੱਗੇ ਇਲਜ਼ਾਮ ਗ਼ੈਰ-ਜ਼ਮਾਨਤੀ ਹਨ ਇਸ ਲਈ ਜਾਂ ਤਾਂ ਪੁਲਿਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਨਾ ਪਵੇਗਾ ਜਾਂ ਮੂਸੇਵਾਲਾ ਨੂੰ ਅੰਤਰਿਮ ਜ਼ਮਾਨਤ ਲੈਣੀ ਪਵੇਗੀ।

ਉਨ੍ਹਾਂ ਕਿਹਾ, "ਇਹ ਬਹੁਤ ਹੀ ਗੰਭੀਰ ਜੁਰਮ ਹੈ..। ਇੱਕ ਪਾਬੰਦੀਸ਼ੁਦਾ ਹਥਿਆਰ ਦੀ ਵਰਤੋਂ ਇੱਕ ਵਿਅਕਤੀ ਵੱਲੋਂ ਕੀਤੀ ਗਈ ਹੈ। ਇਨ੍ਹਾਂ 'ਤੇ ਆਰਮਜ਼ ਐਕਟ ਦਾ ਸੈਕਸ਼ਨ 27 ਦਾ ਕਲੌਜ਼ 2 ਦਾ ਮਾਮਲਾ ਵੀ ਬਣਦਾ ਹੈ। ਦੋਸ਼ੀ ਪਾਏ ਜਾਣ 'ਤੇ ਘੱਟੋ-ਘੱਟ 7 ਸਾਲ ਦੀ ਸਜ਼ਾ ਹੈ ਤੇ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ।"

''ਪੁਲਿਸ ਨੇ ਜੋ ਆਰਮਜ਼ ਐਕਟ ਦੀਆਂ ਧਾਰਾਵਾਂ ਲਗਾਈਆਂ ਹਨ, ਉਸ ਤਹਿਤ ਵੀ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਤਾਂ ਹੈ।''

"ਵੀਡੀਓ ਵੀ ਹੈ ਕਿ ਉਹ ਏਕੇ-47 ਦਾ ਇਸਤੇਮਾਲ ਕਰ ਰਿਹਾ ਹੈ। ਪੁਲਿਸ ਮੂਸੇਵਾਲਾ ਦੀ ਕਿਤੇ ਨਾ ਕਿਤੇ ਮਦਦ ਕਰ ਰਹੀ ਹੈ।"

"ਇਨ੍ਹਾਂ ਤਾਂ ਤੈਅ ਹੈ ਕਿ ਜੇ ਸਿੱਧੂ ਮੂਸੇਵਾਲ ਅੰਤਰਿਮ ਜ਼ਮਾਨਤ ਲਈ ਅਰਜ਼ੀ ਨਹੀਂ ਪਾਉਂਦਾ ਤਾਂ ਪੁਲਿਸ ਨੂੰ ਕਦੇ ਨਾ ਤਾਂ ਕਦੇ ਉਸ ਨੂੰ ਗ੍ਰਿਫ਼ਤਾਰ ਕਰਨਾ ਹੀ ਪੈਣਾ ਹੈ।"

ਮੂਸੇਵਾਲਾ ਲੌਕਡਾਊਨ ਦੌਰਾਨ ਪੁਲਿਸ ਦੀ ਮੁਹਿੰਮ ਦਾ ਹਿੱਸਾ ਰਹੇ

ਲੌਕਡਾਊਨ ਦੌਰਾਨ ਸਿੱਧੂ ਮੂਸੇਵਾਲਾ ਨੇ ਪੰਜਾਬ ਪੁਲਿਸ ਦੀ ਡਾਕਟਰਾਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਦਾ ਹਿੱਸਾ ਵੀ ਰਹੇ ਸਨ।

ਅਪ੍ਰੈਲ ਵਿੱਚ ਉਨ੍ਹਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਮਾਨਸਾ ਦੇ ਇੱਕ ਡਾਕਟਰ ਦਾ ਜਨਮ ਦਿਨ ਮਨਾਇਆ ਸੀ।

ਉਸ ਦੇ ਲਈ ਬਕਾਇਦਾ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਘਰ ਗਏ ਤੇ ਸਨਮਾਨ ਵਿੱਚ ਗੀਤ ਵੀ ਗਾਏ ਸਨ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)