ਪੰਜਾਬ ਕੋਰੋਨਾ ਸੰਕਟ : ਝੋਨੇ ਦੀ ਲੁਆਈ ਲਈ ਜੇ ਤੁਹਾਨੂੰ ਵੀ ਮਜ਼ਦੂਰ ਨਹੀਂ ਮਿਲ ਰਹੇ ਤਾਂ ਇਹ ਜੁਗਤ ਅਪਣਾਓ

  • ਸਰਬਜੀਤ ਧਾਲੀਵਾਲ
  • ਬੀਬੀਸੀ , ਪੱਤਰਕਾਰ
ਵੀਡੀਓ ਕੈਪਸ਼ਨ,

ਕੋਰੋਨਾਵਾਇਰਸ ਸੰਕਟ: ਕਾਮਿਆਂ ਦੀ ਘਾਟ ਕਾਰਨ ਕਿਸਾਨ ਬਿਜਾਈ ਲਈ ਇਹ ਤਕਨੀਕ ਅਪਣਾ ਰਹੇ ਹਨ

ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਸੀਜ਼ਨ 10 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਕੋਰੋਨਾਵਾਇਰਸ ਕਾਰਨ ਉੱਤਰ-ਪੂਰਬੀ ਸੂਬਿਆਂ ਤੋਂ ਪਰਵਾਸੀ ਕਾਮਿਆਂ ਦੀ ਘਾਟ ਨੇ ਇਸ ਵਾਰ ਕਿਸਾਨਾਂ ਲਈ ਇੱਕ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਘਰੇਲੂ ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਝੋਨੇ ਦੀ ਲਵਾਈ ਦੀ ਵਧੇਰੇ ਕੀਮਤ ਮੰਗਣ ਕਾਰਨ ਕਿਸਾਨਾਂ ਲਈ ਝੋਨਾ ਲਾਉਣਾ ਔਖਾ ਹੋ ਗਿਆ ਹੈ।

ਪੰਜਾਬ ਅਤੇ ਹਰਿਆਣਾ ਵਿੱਚ ਹਰ ਸਾਲ ਝੋਨੇ ਦੀ ਲੁਆਈ ਦੌਰਾਨ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਪੈਂਦੀ। ਪਰ ਇਸ ਵਾਰ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦੌਰਾਨ ਵੱਡੀ ਗਿਣਤੀ ਮਜ਼ਦੂਰ ਇਨ੍ਹਾਂ ਦੋ ਸੂਬਿਆਂ ਵਿੱਚੋਂ ਆਪਣੇ ਪਿੰਡਾਂ ਨੂੰ ਚਲੇ ਗਏ ਸਨ।

ਇਹ ਮਜ਼ਦੂਰ ਹੁਣ ਇੱਥੇ ਵਾਪਸ ਆਉਣਾ ਚਾਹੁੰਦੇ ਹਨ ਪਰ ਉਹ ਪਹੁੰਚ ਨਹੀਂ ਪਾ ਰਹੇ ਹਨ ਜਿਸ ਕਰਕੇ ਝੋਨੇ ਦੀ ਲਵਾਈ ਦਾ ਕਿਸਾਨਾਂ ਲਈ ਵੱਡਾ ਸੰਕਟ ਖੜਾ ਹੋ ਗਿਆ ਹੈ।

ਮਜ਼ਦੂਰਾਂ ਦੀ ਘਾਟ ਦਾ ਬਦਲਵਾਂ ਪ੍ਰਬੰਧ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ(ਡੀਐਸਆਰ ਪ੍ਰਣਾਲੀ) ਰਾਹੀਂ ਕੱਢਿਆ ਹੈ।

ਡੀਐਸਆਰ ਪ੍ਰਣਾਲੀ ਅਤੇ ਰਵਾਇਤੀ ਢੰਗ ਵਿੱਚ ਕੀ ਹੈ ਫ਼ਰਕ

ਝੋਨੇ ਦੀ ਸਿੱਧੀ ਬਿਜਾਈ, ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਨਾਲੋਂ ਵੱਖਰੀ ਹੈ।

ਇਸ ਵਿਧੀ ਰਾਹੀਂ ਕਿਸਾਨ ਆਮ ਫ਼ਸਲਾਂ ਵਾਂਗ ਮਸ਼ੀਨ ਰਾਹੀਂ ਝੋਨੇ ਦਾ ਬੀਜ ਸਿੱਧਾ ਖੇਤ ਵਿੱਚ ਬੀਜਦੇ ਹਨ।

ਪਰ ਇਸ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨਾ ਪੈਂਦਾ ਹੈ ਤਾਂ ਜੋ ਪਾਣੀ ਇੱਕ ਥਾਂ ਉੱਤੇ ਇਕੱਠਾ ਨਾ ਹੋਵੇ। ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੈ।

ਤਸਵੀਰ ਕੈਪਸ਼ਨ,

ਮਜ਼ਦੂਰਾਂ ਦੀ ਘਾਟ ਦਾ ਬਦਲਵਾਂ ਪ੍ਰਬੰਧ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ(ਡੀਐਸਆਰ ਪ੍ਰਣਾਲੀ) ਰਾਹੀਂ ਕੱਢਿਆ ਹੈ

ਜੇਕਰ ਗੱਲ ਹੁਣ ਝੋਨੇ ਦੀ ਲੁਆਈ ਦੇ ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਦੀ ਕਰੀਏ ਤਾਂ ਇਸ ਦੇ ਲਈ ਪਹਿਲਾਂ ਕਿਸਾਨ ਨੂੰ ਝੋਨੇ ਦੀ ਪਨੀਰੀ ਬਿਜਣੀ ਪੈਂਦੀ ਹੈ, ਅਤੇ ਫਿਰ 20 -25 ਦਿਨਾਂ ਬਾਅਦ ਪੈਦਾ ਹੋਈ ਪਨੀਰੀ ਨੂੰ ਵੱਡੇ ਖੇਤ ਵਿੱਚ ਮਜ਼ਦੂਰਾਂ ਵੱਲੋਂ ਲਗਾਇਆ ਜਾਂਦਾ ਹੈ।

ਜਦਕਿ ਡੀਐਸਆਰ ਵਿੱਚ ਅਜਿਹਾ ਕਰਨ ਦੀ ਲੋੜ ਨਹੀਂ ਬਲਕਿ ਸਿੱਧੀ ਖੇਤ ਵਿੱਚ ਝੋਨੇ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ।

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ‘ਲੱਕੀ ਸੀਡ ਡਰਿੱਲ’ ਮਸ਼ੀਨ ਤਿਆਰ ਕੀਤੀ ਗਈ ਹੈ ਜਿਸ ਵਿੱਚ ਬੀਜ ਅਤੇ ਨਦੀਨ ਦਾ ਸਪਰੇਅ ਨਾਲੋਂ ਨਾਲ ਖੇਤ ਵਿੱਚ ਕੀਤਾ ਜਾਂਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਇਸ ਚਾਂਸਲਰ ਬਲਦੇਵ ਸਿੰਘ ਢਿੱਲੋਂ ਨੇ ਵੀ ਆਖਿਆ ਹੈ ਕਿ ਯੂਨੀਵਰਸਿਟੀ ਨੇ ਸਾਲ 2010 ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਕਿਹਾ, “ਕੁਝ ਕਿਸਾਨਾਂ ਨੇ ਇਸ ਨੂੰ ਅਪਣਾਇਆ ਵੀ ਸੀ, ਪਰ ਕਿਸਾਨਾਂ ਦੇ ਸ਼ੰਕਿਆਂ ਦੇ ਕਾਰਨ ਜ਼ਿਆਦਾ ਫਿਰ ਤੋਂ ਕੱਦੂ ਕਰ ਕੇ ਹੀ ਝੋਨਾ ਲਾਉਣਾ ਪਸੰਦ ਕਰਨ ਲੱਗੇ। ਉਸ ਲਈ ਲੇਬਰ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਸੀ ਪਰ ਇਸ ਵਾਰ ਕੋਵਿਡ ਦੇ ਕਾਰਨ ਮਜ਼ਦੂਰਾਂ ਦੀ ਘਾਟ ਦੇ ਕਾਰਨ ਬਹੁਤ ਸਾਰੇ ਕਿਸਾਨ ਹੁਣ ਸਿੱਧੀ ਬਿਜਾਈ ਨੂੰ ਤਰਜੀਹ ਦੇਣ ਲੱਗੇ ਹਨ।”

ਉਨ੍ਹਾਂ ਦੱਸਿਆ ਕਿ ਜਿੰਨ੍ਹਾ ਕਿਸਾਨਾਂ ਨੇ ਸ਼ੁਰੂ ਵਿੱਚ ਸਿੱਧੀ ਬਿਜਾਈ ਅਪਣਾਈ ਸੀ ਉਨ੍ਹਾਂ ਨੂੰ ਕੁਝ ਦਿੱਕਤਾਂ ਆਈਆਂ ਸਨ ਜਿਸ ਵਿੱਚ ਸਭ ਤੋਂ ਵੱਡੀ ਦਿੱਕਤ ਨਦੀਨਾਂ ਦੀ ਸੀ, ਜਿਸ ਨੂੰ ਹੁਣ ਹੱਲ ਕਰ ਲਿਆ ਗਿਆ ਹੈ।

“ਹੁਣ ਬਹੁਤ ਸਾਰੀਆਂ ਸਪਰੇਅ ਮੌਜੂਦ ਹਨ ਜਿਸ ਕਾਰਨ ਹੁਣ ਕੋਈ ਦਿੱਕਤ ਨਹੀਂ ਹੈ।”

ਡੀਐਸਆਰ ਦਾ ਫ਼ਾਇਦਾ

ਡੀਐੱਸਆਰ ਤਕਨੀਕ ਰਾਹੀਂ ਜਿੱਥੇ ਲੇਬਰ ਦੀ ਲੋੜ ਘੱਟ ਪੈਂਦੀ ਹੈ ਉੱਥੇ ਹੀ ਪਾਣੀ ਦੀ ਵੀ ਬੱਚਤ ਹੁੰਦੀ ਹੈ।

ਮੁਹਾਲੀ ਜ਼ਿਲ੍ਹੇ ਦੇ ਕਿਸਾਨ ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਪ੍ਰਣਾਲੀ ਦਾ ਸਭ ਤੋਂ ਵੱਡਾ ਫ਼ਾਇਦਾ ਲੇਬਰ ਅਤੇ ਪਾਣੀ ਦੀ ਬੱਚਤ ਹੈ।

ਕਰੀਬ 25 ਏਕੜ ਵਿੱਚ ਖੇਤੀ ਕਰਨ ਵਾਲੇ ਰਾਜਵੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਝੋਨਾ ਰਵਾਇਤੀ ਢੰਗ ਨਾਲ ਹੀ ਲਗਾਉਂਦੇ ਸੀ ਪਰ ਇਸ ਵਾਰ ਕੋਵਿਡ ਦੇ ਕਾਰਨ ਲੇਬਰ ਦੀ ਵੱਡੀ ਘਾਟ ਪੈਦਾ ਹੋ ਗਈ ਹੈ।

ਉਨ੍ਹਾਂ ਕਿਹਾ, “ਇਸ ਕਰਕੇ ਮੈੰ ਇਹ ਸੀਜ਼ਨ ਵਿੱਚ ਦਸ ਏਕੜ ਜ਼ਮੀਨ ਵਿਚ ਸਿੱਧੀ ਬਿਜਾਈ ਰਾਹੀਂ ਝੋਨਾ ਬੀਜ ਰਿਹਾ ਹੈ ਅਤੇ ਬਾਕੀ ਜ਼ਮੀਨ ਵਿੱਚ ਮੈਂ ਰਿਵਾਇਤੀ ਢੰਗ ਨਾਲ ਝੋਨਾ ਲਗਾਵਾਂਗਾ।”

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨ ਸਬਸਿਡੀ ’ਤੇ ਮਿਲੀ ਹੈ ਜਿਸ ਰਾਹੀਂ ਉਸ ਨੇ ਕੁਝ ਸਾਲ ਪਹਿਲਾ ਵੀ ਇਹ ਤਜਰਬਾ ਕੀਤਾ ਸੀ ਪਰ ਨਦੀਨਾਂ ਦੀ ਸਮੱਸਿਆ ਦੇ ਕਾਰਨ ਉਸ ਨੇ ਇਹ ਪ੍ਰਣਾਲੀ ਛੱਡ ਦਿੱਤੀ ਸੀ।

“ਪਰ ਹੁਣ ਮਾਰਕੀਟ ਵਿੱਚ ਚੰਗੇ ਨਦੀਨਨਾਸ਼ਕ ਹਨ ਜਿਸ ਕਾਰਨ ਇਹ ਸਮੱਸਿਆ ਨਹੀਂ ਆਵੇਗੀ।”

ਉਨ੍ਹਾਂ ਦੱਸਿਆ ਕਿ ਆਮ ਤੌਰ ਉੱਤੇ ਏਕੜ ਵਿਚ ਝੋਨਾ ਲਗਾਉਣ ਲਈ ਕਿਸਾਨ ਨੂੰ ਲੇਬਰ ਉੱਤੇ 2500 ਤੋਂ ਤਿੰਨ ਹਜ਼ਾਰ ਰੁਪਏ ਖਰਚਾ ਕਰਨਾ ਪੈਂਦਾ ਹੈ ਪਰ ਇਸ ਵਾਰ ਲੇਬਰ ਦੀ ਘਾਟ ਦੇ ਕਾਰਨ ਇਹ ਖਰਚਾ ਪੰਜ ਤੋਂ ਛੇ ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ।

ਤਸਵੀਰ ਕੈਪਸ਼ਨ,

ਪੰਜਾਬ ਖੇਤੀਬਾੜੀ ਵਿਭਾਗ ਮੁਤਾਬਕ ਇਸ ਸਾਲ ਕਰੀਬ 27 ਲੱਖ ਏਕੜ ਵਿੱਚ ਝੋਨੇ ਲਗਾਇਆ ਜਾਵੇਗਾ

ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਅਸਰ ਕਿਸਾਨ ਦੀ ਜੇਬ ਉੱਤੇ ਪਵੇਗਾ।

“ਪਰ ਸਿੱਧੀ ਬਿਜਾਈ ਵਿਚ ਲੇਬਰ ਦੀ ਲੋੜ ਨਹੀਂ ਹੈ। ਇਸ ਤਕਨੀਕ ਰਾਹੀਂ ਪ੍ਰਤੀ ਏਕੜ 1500 ਤੋਂ ਲੈ ਕੇ ਦੋ ਹਜ਼ਾਰ ਰੁਪਏ ਦਾ ਖਰਚਾ ਹੈ। ਪਰ ਇਸ ਦਾ ਸਭ ਤੋਂ ਵੱਡਾ ਫ਼ਾਇਦਾ ਪਾਣੀ ਦੀ ਬੱਚਤ ਹੈ ਜੋ ਬੇਸ਼ਕੀਮਤੀ ਹੈ।”

ਪਰ ਨਾਲ ਹੀ ਉਨ੍ਹਾਂ ਦੱਸਿਆ ਕੱਦੂ ਰਾਹੀਂ ਲਗਾਏ ਗਏ ਝੋਨੇ ਦੇ ਮੁਕਾਬਲੇ ਸਿੱਧੀ ਬਿਜਾਈ ਰਾਹੀਂ ਬੀਜੀ ਗਈ ਫ਼ਸਲ ਦਾ ਝਾੜ ਚਾਰ ਤੋਂ ਪੰਜ ਕਿੱਲੋ ਘੱਟ ਨਿਕਲਦਾ ਹੈ, ਪਰ ਫਿਰ ਇਹ ਕਿਸਾਨ ਲਈ ਫ਼ਾਇਦੇਮੰਦ ਹੈ ਕਿਉਂਕਿ ਇਸ ਦੀ ਬਿਜਾਈ ਉੱਤੇ ਲਾਗਤ ਘੱਟ ਆਉਂਦੀ ਹੈ।

ਫ਼ਾਇਦੇ ਦੇ ਬਾਵਜੂਦ ਕਿਸਾਨ ਕਿਉਂ ਨਹੀਂ ਅਪਣਾ ਰਹੇ ਇਹ ਪ੍ਰਣਾਲੀ

ਪੰਜਾਬ ਖੇਤੀਬਾੜੀ ਵਿਭਾਗ ਮੁਤਾਬਕ ਇਸ ਸਾਲ ਕਰੀਬ 27 ਲੱਖ ਏਕੜ ਵਿੱਚ ਝੋਨੇ ਲਗਾਇਆ ਜਾਵੇਗਾ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਉਨ੍ਹਾਂ ਦੱਸਿਆ ਕਿ ਇੰਨੇ ਵੱਡੇ ਰਕਬੇ ਵਿੱਚ ਝੋਨਾ ਲਗਾਉਣ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੀ ਲੇਬਰ ਵੱਲੋਂ ਵੱਡਾ ਯੋਗਦਾਨ ਪਾਇਆ ਜਾਂਦਾ ਹੈ।

ਇਸ ਵਾਰ ਖੇਤੀਬਾੜੀ ਵਿਭਾਗ ਨੇ ਡੀਐਸਆਰ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਦਾ ਟੀਚਾ ਛੇ ਲੱਖ ਏਕੜ ਦਾ ਮਿਥਿਆ ਹੈ, ਜਦੋਂਕਿ ਪਿਛਲੇ ਸਾਰੇ ਪੂਰੇ ਪੰਜਾਬ ਵਿੱਚ 60 ਹਜ਼ਾਰ ਏਕੜ ਵਿੱਚ ਡੀਐਸਆਰ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਕੀਤੀ ਗਈ ਸੀ।

ਤਸਵੀਰ ਕੈਪਸ਼ਨ,

ਸਵਤੰਤਰ ਕੁਮਾਰ ਐਰੀ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨਵੀਂ ਤਕਨੀਕ ਨਾਲ ਝੋਨਾ ਲਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੇ ਤਾਂ ਉਹ ਜ਼ਰੂਰ ਇਸ ਨੂੰ ਅਪਣਾਉਣਗੇ

ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਡੀਐਸਆਰ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਉੱਤੇ ਦਿੱਤੀਆਂ ਜਾ ਰਹੀਆਂ ਹਨ।

ਇੱਕ ਮਸ਼ੀਨ ਦੀ ਕੀਮਤ ਕਰੀਬ 65,000 ਰੁਪਏ ਦੀ ਹੈ ਅਤੇ ਇਸ ਉੱਤੇ ਵਿਭਾਗ ਵੱਲੋਂ 40 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਵਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਡੀਐਸਆਰ ਮਸ਼ੀਨਾਂ ਤੋਂ ਇਲਾਵਾ ਹੈਪੀ ਸੀਡਰ ਵਿੱਚ ਕੁਝ ਬਦਲਾਅ ਕਰ ਕੇ ਇਸ ਨੂੰ ਝੋਨੇ ਦੀ ਬਿਜਾਈ ਲਈ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੱਦੂ ਰਾਹੀਂ ਝੋਨਾ ਦੀ ਲਵਾਈ ਵਿੱਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਪੰਜਾਬ ਵਿਚ ਹਰ ਸਾਲ 49 ਸੈਂਟੀਮੀਟਰ ਜ਼ਮੀਨਦੋਜ਼ ਪਾਣੀ ਹੇਠਾਂ ਜਾ ਰਿਹਾ ਹੈ।

ਡਾਇਰੈਕਟਰ ਖੇਤੀਬਾੜੀ ਮੁਤਾਬਕ ਡੀਐਸਆਰ ਤਕਨੀਕ ਰਾਹੀਂ ਪੈਦੇ ਕੀਤੀ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਆਈ ਸੀ ਜਿਸ ਕਾਰਨ ਕਿਸਾਨ ਇਸ ਤੋਂ ਪਿੱਛੇ ਹੱਟ ਗਏ ਸਨ, ਪਰ ਹੁਣ ਮਾਰਕੀਟ ਵਿਚ ਨਦੀਨਨਾਸ਼ਕ ਉਪਲਬਧ ਹਨ ਜਿਸ ਕਾਰਨ ਹੁਣ ਕੋਈ ਦਿੱਕਤ ਨਹੀਂ ਹੈ।

ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਮਜਬੂਰੀ ਕਾਰਨ ਉਹ ਡੀਐਸਆਰ ਪ੍ਰਣਾਲੀ ਅਪਣਾ ਰਹੇ ਹਨ ਪਰ ਫਿਰ ਜ਼ਿਆਦਾਤਰ ਕਿਸਾਨ ਮਜ਼ਦੂਰਾਂ ਰਾਹੀਂ ਹੀ ਝੋਨਾ ਲਗਾਉਣਾ ਪਸੰਦ ਕਰਦੇ ਹਨ ਕਿਉਂਕਿ ਉਸ ਉੱਤੇ ਉਨ੍ਹਾਂ ਨੂੰ ਭਰੋਸਾ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਡੀਐਸਆਰ ਤਕਨੀਕ ਰਾਹੀਂ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰੇ ਤਾਂ ਕਿਸਾਨ ਜ਼ਰੂਰ ਇਸ ਨੂੰ ਅਪਣਾਉਣਗੇ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)