ਕੋਰੋਨਾਵਾਇਰਸ ਦੇ ਦੌਰ ਵਿੱਚ ਪੰਜਾਬ ਦੇ ਖੇਤਾਂ ਵਿਚ ਲੇਜ਼ਰ ਕਰਾਹ ਦੀ ਵਰਤੋਂ ਵਧੀ

  • ਦਲਜੀਤ ਅਮੀ
  • ਬੀਬੀਸੀ ਪੰਜਾਬੀ
ਖੇਤੀਬਾੜੀ, ਕਿਸਾਨ, ਪੰਜਾਬ

"ਸਾਡਾ ਲੇਜ਼ਰ ਕਰਾਹ ਇਸ ਸਾਲ ਡੇਢ ਸੌ ਤੋਂ ਦੋ ਸੌ ਘੰਟੇ ਜ਼ਿਆਦਾ ਚੱਲੇਗਾ।"

"ਸਿੱਧੀ ਬਿਜਾਈ ਕਰਨ ਲਈ ਲੇਜ਼ਰ ਕਰਾਹ ਲਗਵਾਉਣਾ ਸਾਡੀ ਮਜਬੂਰੀ ਹੈ।"

ਮੋਹਾਲੀ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਚੰਗਰ ਦੇ ਖੇਤਾਂ ਵਿੱਚ ਕੰਮ ਕਰ ਰਹੇ ਅਮਨਿੰਦਰ ਸਿੰਘ ਟਿੰਕੂ ਅਤੇ ਪਰਮਜੀਤ ਸਿੰਘ ਮਾਵੀ ਇਹ ਫ਼ਿਰਕੇ ਆਪਣੀ ਗੱਲਬਾਤ ਦੌਰਾਨ ਬੋਲਦੇ ਹਨ।

ਇਨ੍ਹਾਂ ਫ਼ਿਕਰਿਆਂ ਦੇ ਵਿਚਕਾਰ ਕੋਰੋਨਾਵਾਇਰਸ ਕਾਰਨ ਬਣੇ ਹਾਲਾਤ ਅਤੇ ਪੰਜਾਬ ਦੇ ਖੇਤਾਂ ਵਿੱਚ ਝੋਨੇ ਦੀ ਚਲਦੀ ਫ਼ਸਲ ਦੀ ਤਿਆਰੀ ਦਾ ਜ਼ਿਕਰ ਹੁੰਦਾ ਹੈ।

ਕੰਡੀ ਇਲਾਕੇ ਦੇ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਜ਼ਿਆਦਾ ਚੌੜੀਆਂ ਹਨ ਅਤੇ ਇੱਕ ਖੇਤ ਦਾ ਦੂਜੇ ਖੇਤ ਨਾਲੋਂ ਪੱਧਰ ਉੱਚਾ-ਨੀਵਾਂ ਹੈ। ਇਨ੍ਹਾਂ ਖੇਤਾਂ ਵਿੱਚ ਲੇਜ਼ਰ ਕਰਾਹ ਚੱਲ ਰਿਹਾ ਹੈ ਜੋ ਹਰ ਖੇਤ ਦਾ ਪੱਧਰ ਇੱਕਸਾਰ ਕਰ ਰਿਹਾ ਹੈ।

ਅਮਨਿੰਦਰ ਸਿੰਘ ਟਿੰਕੂ ਨੇ ਪਿਛਲੇ ਸਾਲ ਲੇਜ਼ਰ ਕਰਾਹ ਖ਼ਰੀਦਿਆ ਸੀ ਜੋ ਰਵਾਇਤੀ ਕਰਾਹ ਅਤੇ ਨਵੀਂ ਤਕਨੀਕ ਦਾ ਮਿਲਗੋਭਾ ਹੈ। ਇੱਕ ਥਾਂ ਉੱਤੇ ਤਿੰਨ-ਟੰਗੇ ਉੱਤੇ ਪੀਲੇ ਰੰਗ ਦਾ ਯੰਤਰ ਲੱਗਿਆ ਹੈ ਜਿਸ ਦੀਆਂ ਤਾਰਾਂ ਹੇਠਾਂ ਪਈ ਬੈਟਰੀ ਨਾਲ ਜੁੜੀਆਂ ਹੋਈਆਂ ਹਨ।

ਵੀਡੀਓ ਕੈਪਸ਼ਨ,

ਕੋਰੋਨਾ ਤੇ ਲੇਬਰ ਦੀ ਘਾਟ ਕਾਰਨ ਕਰਾਹ ਦੀ ਵਰਤੋਂ ਵਧੀ

ਦੂਜੇ ਪਾਸੇ ਟਰੈਕਟਰ ਦੇ ਪਿੱਛੇ ਚਾਰ ਟਾਇਰਾਂ ਵਾਲਾ ਯੰਤਰ ਕਸਿਆ ਹੋਇਆ ਹੈ ਜਿਸ ਦੇ ਉੱਤੇ ਤਿੰਨ-ਟੰਗੇ ਉੱਤੇ ਲੱਗੇ ਯੰਤਰ ਵਰਗਾ ਹੀ ਕੁਝ ਕਸਿਆ ਹੋਇਆ ਹੈ। ਇਸ ਦੀਆਂ ਤਾਰਾਂ ਇੱਕ ਪਾਸੇ ਹੇਠਾਂ ਬੈਟਰੀ ਨਾਲ ਅਤੇ ਦੂਜੇ ਪਾਸੇ ਟਰੈਕਟਰ ਉੱਤੇ ਡਰਾਇਵਰ ਦੀ ਸੱਜੇ ਹੱਥ ਦੀ ਪਹੁੰਚ ਤੱਕ ਜਾਂਦੀਆਂ ਹਨ।

ਇਨ੍ਹਾਂ ਦੋਵਾਂ ਯੰਤਰਾਂ ਦਾ ਆਪਸ ਵਿੱਚ ਲੇਜ਼ਰ ਰਾਹੀਂ ਤਾਲਮੇਲ ਹੈ ਜਿਸ ਨੇ ਖੇਤ ਦੀ ਉੱਚੇ ਪਾਸੇ ਦੀ ਮਿੱਟੀ ਨੂੰ ਨੀਵੇਂ ਪਾਸੇ ਲਿਜਾਣ ਦੀਆਂ ਗਿਣਤੀਆਂ-ਮਿਣਤੀਆਂ ਕਰਨੀਆਂ ਹਨ। ਟਰੈਕਟਰ ਨੇ ਖੇਤ ਵਿੱਚ ਇਨ੍ਹਾਂ ਗਿਣਤੀਆਂ-ਮਿਣਤੀਆਂ ਦਾ ਤਰਜਮਾ ਕਰ ਦੇਣਾ ਹੈ।

ਟਰੈਕਟਰ, ਕਰਾਹ ਅਤੇ ਲੇਜ਼ਰ ਤਾਂ ਤਕਨੀਕ ਦੀ ਵਿਉਂਤਬੰਦੀ ਨੂੰ ਉਘਾੜਦੇ ਹਨ ਪਰ ਇਸ ਦੇ ਨਫ਼ੇ-ਨੁਕਸਾਨ ਜਾਂ ਮਜਬੂਰੀਆਂ ਦਾ ਲੇਖਾ-ਜੋਖਾ, ਇਸ ਵੇਲੇ ਕਈ ਸੂਬਿਆਂ ਵਿੱਚ ਫੈਲਿਆ ਹੋਇਆ ਹੈ; ਅਜ਼ਮਾਇਸ਼ ਵਜੋਂ ਦਸ ਸਾਲ ਦੇ ਤਜਰਬੇ ਨਾਲ ਜੁੜਿਆ ਹੋਇਆ ਹੈ ਅਤੇ ਸਰਕਾਰੀ ਮਹਿਕਮਿਆਂ ਦੀ ਕਾਰਗੁਜ਼ਾਰੀ ਨਾਲ ਜੁੜਿਆ ਹੋਇਆ ਹੈ।

ਪੰਜਾਬ ਵਿੱਚ ਲੇਜ਼ਰ ਕਰਾਹ

ਅਮਨਿੰਦਰ ਸਿੰਘ ਦੱਸਦੇ ਹਨ ਕਿ ਪਿਛਲੇ ਸਾਲ ਉਨ੍ਹਾਂ ਨੂੰ ਲੇਜ਼ਰ ਕਰਾਹ ਚਲਾਉਣ ਦਾ ਤਜਰਬਾ ਨਹੀਂ ਸੀ। ਇਸ ਵਾਰ ਉਨ੍ਹਾਂ ਨੇ ਡਰਾਈਵਰ ਰੱਖਿਆ ਹੈ ਅਤੇ ਦੋਵੇਂ ਵਾਰੀ ਬਦਲ ਕੇ ਰੋਜ਼ਾਨਾ 15 ਤੋਂ 18 ਘੰਟੇ ਲੇਜ਼ਰ ਚਲਾਉਂਦੇ ਹਨ। ਉਹ ਆਪ ਹੀ ਦੱਸਦੇ ਹਨ ਕਿ ਕਣਕ ਵੱਢਣ ਅਤੇ ਝੋਨਾ ਲਗਾਉਣ ਦੇ ਵਿਚਕਾਰ ਹੀ ਲੇਜ਼ਰ ਦਾ ਕੰਮ ਹੁੰਦਾ ਹੈ। ਸੁੱਕੇ ਅਤੇ ਵਿਹਲੇ ਖੇਤਾਂ ਵਿੱਚ ਕਿਸਾਨ ਲੇਜ਼ਰ ਕਰਾਹ ਲਗਵਾਉਂਦੇ ਹਨ।

ਮੀਆਂਪੁਰ ਚੰਗਰ ਵਿੱਚ ਜੋ ਗੱਲਬਾਤ ਅਮਨਿੰਦਰ ਸਿੰਘ ਟਿੰਕੂ ਕਰ ਰਹੇ ਹਨ ਉਸ ਨੂੰ ਪੰਜਾਬ ਨਾਲ ਜ਼ਰਬ ਦੇਣ ਦਾ ਕੰਮ ਸੂਬੇ ਦੇ ਖੇਤੀ ਸਕੱਤਰ ਕਾਹਨ ਸਿੰਘ ਪੰਨੂ ਕਰ ਦਿੰਦੇ ਹਨ।

ਉਨ੍ਹਾਂ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਤਕਰੀਬਨ ਅੱਠ ਤੋਂ ਦਸ ਹਜ਼ਾਰ ਲੇਜ਼ਰ ਕਰਾਹ ਹਨ। ਪੰਜਾਬ ਵਿੱਚ ਲੇਜ਼ਰ ਕਰਾਹ ਦੀ ਆਮਦ 2009-10 ਵਿੱਚ ਹੋਈ ਸੀ ਜਦੋਂ 300-350 ਕਰਾਹ ਇਟਲੀ ਦੀ ਬਲੈਕ ਸਟੈਲੀਅਨ ਨਾਮ ਦੀ ਕੰਪਨੀ ਤੋਂ ਖ਼ਰੀਦੇ ਗਏ ਸਨ। ਉਸ ਵੇਲੇ ਪੰਜਾਬ ਸਰਕਾਰ ਨੇ ਲੇਜ਼ਰ ਕਰਾਹ ਖ਼ਰੀਦਣ ਵਾਲਿਆਂ ਨੂੰ 50 ਫ਼ੀਸਦੀ ਸਬਸਿਡੀ ਦਿੱਤੀ ਸੀ।

ਸਬਸਿਡੀ ਦਾ ਕਾਰਨ ਸੀ ਕਿ ਪੰਜਾਬ ਵਿੱਚ ਝੋਨਾ ਲਗਾਉਣ ਵਾਲੀਆਂ ਵਿਦੇਸ਼ੀ ਮਸ਼ੀਨਾਂ ਕਾਮਯਾਬ ਨਹੀਂ ਹੋਈਆਂ ਸਨ। ਉਨ੍ਹਾਂ ਦੀ ਨਾਕਾਮਯਾਬੀ ਦਾ ਇੱਕ ਕਾਰਨ ਪੰਜਾਬ ਦੇ ਖੇਤਾਂ ਦਾ ਪੱਧਰ ਇੱਕਸਾਰ ਨਾ ਹੋਣਾ ਸੀ। ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਖੇਤਾਂ ਵਿੱਚ ਲੇਜ਼ਰ ਕਰਾਹ ਫਿਰ ਚੁੱਕਿਆ ਹੈ ਅਤੇ ਕਿਸਾਨ ਚਾਰ-ਪੰਜ ਸਾਲ ਬਾਅਦ ਇਹ ਕਰਾਹ ਲਗਵਾ ਲੈਂਦੇ ਹਨ।

ਮੀਆਂਪੁਰ ਚੰਗਰ ਦੇ ਪਰਮਜੀਤ ਸਿੰਘ ਮਾਵੀ ਦੱਸਦੇ ਹਨ ਕਿ ਇਸ ਸਾਲ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਜਿਸ ਕਾਰਨ ਲੇਜ਼ਰ ਕਰਾਹ ਲਾਜ਼ਮੀ ਹੋ ਗਿਆ ਹੈ। ਪਰਮਜੀਤ ਸਿੰਘ ਦੀ ਗੱਲ ਵਿੱਚ ਲੇਜ਼ਰ ਕਰਾਹ ਨਾਲ ਜੁੜੇ ਫ਼ਾਇਦੇ ਅਤੇ ਮੌਜੂਦਾ ਹਾਲਾਤ ਵਿੱਚੋਂ ਨਿਕਲੀ ਮਜਬੂਰੀ ਰਲ਼ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੇ ਸਿੱਧੀ ਬਿਜਾਈ ਕਰਨੀ ਹੈ ਜਿਸ ਕਾਰਨ ਲੇਜ਼ਰ ਕਰਾਹ ਦੀ ਮੰਗ ਵਧ ਗਈ ਹੈ।

ਮੀਆਂਪੁਰ ਚੰਗਰ ਦੀਆਂ ਗੱਲਾਂ ਨੂੰ ਪੰਜਾਬ ਦੇ ਨਕਸ਼ੇ ਉੱਤੇ ਵੀ ਦੇਖਿਆ ਜਾ ਸਕਦਾ ਹੈ। ਕੋਰੋਨਾਵਾਇਰਸ ਦਾ ਅਸਰ ਪੰਜਾਬ ਦੇ ਖੇਤਾਂ ਵਿੱਚ ਕਰਾਹ ਨਾਲ ਵੀ ਪੱਧਰ ਕੀਤਾ ਜਾ ਰਿਹਾ ਹੈ।

ਕੋਰੋਨਾਵਾਇਰਸ ਦਾ ਖੇਤੀ 'ਤੇ ਅਸਰ

ਖੇਤੀ ਵਿੱਚ ਝੋਨੇ ਦੀ ਬਿਜਾਈ ਸਿਰ ਉੱਤੇ ਹੈ ਤਾਂ ਕਿਸਾਨਾਂ ਦੀ ਚਿੰਤਾ ਮਜ਼ਦੂਰਾਂ ਦੀ ਕਿੱਲਤ ਨਾਲ ਜੁੜੀ ਹੋਈ ਹੈ। ਹੋਲੀ ਤੋਂ ਬਾਅਦ ਖੇਤ ਮਜ਼ਦੂਰ ਹਾੜੀ ਦੀ ਫ਼ਸਲ ਵੱਢਣ ਵੀ ਨਹੀਂ ਆ ਸਕੇ ਸਨ ਅਤੇ ਪਿਛਲੇ ਦਿਨਾਂ ਵਿੱਚ ਬਹੁਤ ਸਾਰੇ ਮਜ਼ਦੂਰ ਆਪਣੇ ਸੂਬਿਆਂ ਨੂੰ ਚਲੇ ਗਏ ਹਨ।

ਪੰਜਾਬ ਵਿੱਚ ਪਿਛਲੇ ਸਾਲ 29 ਲੱਖ ਹੈਕਟੇਅਰ ਝੋਨਾ ਲੱਗਿਆ ਸੀ। ਪੰਜਾਬ ਸਰਕਾਰ ਦੀਆਂ ਫ਼ਸਲੀ ਚੱਕਰ ਬਦਲਣ ਦੀਆਂ ਮੁਹਿੰਮਾਂ ਅਤੇ ਪਾਣੀ ਦੇ ਡਿੱਗਦੇ ਪੱਧਰ ਕਾਰਨ ਇਸ ਰਕਬੇ ਵਿੱਚ ਕੁਝ ਕਮੀ ਆਉਣ ਦਾ ਅੰਦਾਜ਼ਾ ਤਾਂ ਪਹਿਲਾਂ ਤੋਂ ਸੀ ਪਰ ਕੋਰੋਨਾਵਾਇਰਸ ਨੇ ਸਾਰੇ ਅੰਦਾਜ਼ੇ ਬਦਲ ਦਿੱਤੇ ਹਨ।

ਕਾਹਨ ਸਿੰਘ ਪੰਨੂ ਪੰਜਾਬ ਵਿੱਚ ਝੋਨੇ ਦੀ ਸਿੱਧੀ ਅਤੇ ਮਸ਼ੀਨ ਰਾਹੀਂ ਬਿਜਾਈ ਦੀ ਲਗਾਤਾਰ ਵਕਾਲਤ ਕਰਦੇ ਰਹੇ ਹਨ। ਇਸ ਵਾਰ ਮਜ਼ਦੂਰਾਂ ਦੀ ਕਿੱਲਤ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਰਾਹ ਉੱਤੇ ਤੋਰਨਾ ਹੈ ਤਾਂ ਉਹ ਆਪ ਬੋਚ-ਬੋਚ ਪੱਬ ਰੱਖ ਰਹੇ ਹਨ। ਉਹ ਦੱਸਦੇ ਹਨ ਕਿ ਪੰਜਾਬ ਵਿੱਚ ਝੋਨਾ ਲਗਾਉਣ ਵਾਲੀਆਂ ਤਕਰੀਬਨ 1400 ਮਸ਼ੀਨਾਂ ਹਨ ਅਤੇ ਇਸ ਸਾਲ 1600 ਨਵੀਂਆਂ ਮਸ਼ੀਨਾਂ ਦੇ ਆਉਣ ਦੀ ਆਸ ਸੀ।

ਕੋਰੋਨਾਵਾਇਰਸ ਦੀਆਂ ਪਾਬੰਦੀਆਂ ਕਾਰਨ ਸਿਰਫ਼ 800 ਨਵੀਂਆਂ ਮਸ਼ੀਨਾਂ ਹੀ ਆ ਸਕੀਆਂ ਹਨ। ਇਹ ਉਹ ਮਸ਼ੀਨਾਂ ਹਨ ਜੋ ਕੱਦੂ ਕੀਤੇ ਖੇਤਾਂ ਵਿੱਚ ਪਨੀਰੀ ਲਗਾ ਕੇ ਝੋਨੇ ਦੀ ਬਿਜਾਈ ਕਰਦੀਆਂ ਹਨ।

ਮੌਜੂਦਾ ਵਿੱਚ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਦੀ ਮੰਗ ਵਧ ਗਈ ਹੈ ਕਿਉਂਕਿ ਕੁਝ ਤਰਮੀਮਾਂ ਨਾਲ ਇਹ ਕੰਮ ਕਣਕ ਬੀਜਣ ਵਾਲੀ ਮਸ਼ੀਨ ਵੀ ਕਰ ਦਿੰਦੀ ਹੈ। ਕਾਹਨ ਸਿੰਘ ਪੰਨੂ ਦੱਸਦੇ ਹਨ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਪੰਜ ਲੱਖ ਹੈਕਟੇਅਰ ਰਕਬੇ ਵਿੱਚ ਮਸ਼ੀਨਾਂ ਰਾਹੀਂ ਬਿਜਾਈ ਕਰਨ ਦਾ ਟੀਚਾ ਰੱਖਿਆ ਸੀ ਜਿਨ੍ਹਾਂ ਰਾਹੀਂ ਸਿੱਧੀ ਅਤੇ ਪਨੀਰੀ ਵਾਲੀ ਬਿਜਾਈ ਹੋਣੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਸੱਤ ਲੱਖ ਹੈਕਟੇਅਰ ਰਕਬੇ ਵਿੱਚ ਸਿੱਧੀ ਬਿਜਾਈ ਰਾਹੀਂ ਝੋਨਾ ਲੱਗ ਚੁੱਕਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਸਾਰਾ ਝੋਨਾ ਸਿੱਧੀ ਬਿਜਾਈ ਰਾਹੀਂ ਨਾ ਲਗਾਉਣ ਕਿਉਂਕਿ ਇਹ ਉਨ੍ਹਾਂ ਲਈ ਨਵਾਂ ਤਜਰਬਾ ਹੈ।

ਕਾਹਨ ਸਿੰਘ ਪੰਨੂ ਦੀ ਸਲਾਹ ਦਾ ਦੂਜਾ ਸਿਰਾ ਵੀ ਮੀਆਂਪੁਰ ਚੰਗਰ ਦੇ ਪਰਮਜੀਤ ਸਿੰਘ ਸਮਝਾਉਂਦੇ ਹਨ। ਉਹ ਕਹਿੰਦੇ ਹਨ, "ਅਸੀਂ ਪਨੀਰੀ ਬੀਜੀ ਹੋਈ ਹੈ। ਜੇ ਮਜ਼ਦੂਰ ਮਿਲ ਗਏ ਤਾਂ ਕੱਦੂ ਕਰ ਕੇ ਝੋਨਾ ਲਗਾਵਾਂਗੇ ਪਰ ਜੇ ਨਾ ਮਿਲੇ ਤਾਂ ਸਿੱਧੀ ਬਿਜਾਈ ਕਰਾਂਗੇ।"

ਕਾਹਨ ਸਿੰਘ ਪੰਨੂ ਦਾ ਅੰਦਾਜ਼ਾ ਹੈ ਕਿ ਪੰਜਾਬ ਦੇ ਖੇਤੀ ਹੇਠਲੇ ਰਕਬੇ ਦਾ ਵੀਹ ਫ਼ੀਸਦ ਹਰ ਸਾਲ ਕਰਾਹ ਹੇਠੋਂ ਨਿਕਲਦਾ ਹੈ। ਅਮਨਿੰਦਰ ਸਿੰਘ ਦਾ ਲੇਜ਼ਰ ਇਸ ਸਾਲ ਤਕਰੀਬਨ ਦੁਗਣੀ ਕਮਾਈ ਕਰਨ ਵਾਲਾ ਹੈ। ਇਨ੍ਹਾਂ ਹਾਲਾਤ ਵਿੱਚ ਲੱਗਦਾ ਇਹੋ ਹੈ ਕਿ ਕਾਹਨ ਸਿੰਘ ਪੰਨੂ ਦੀ ਸਿਰਦਰਦੀ ਦਾ ਝੋਨੇ ਦੀ ਫ਼ਸਲ ਨਾਲ ਜੁੜਿਆ ਕਾਰਨ ਬਦਲਣ ਵਾਲਾ ਹੈ।

ਪਹਿਲਾਂ ਉਹ ਸਿੱਧੀ ਬਿਜਾਈ ਦੀ ਸਲਾਹ ਦਿੰਦੇ ਸਨ ਅਤੇ ਇਸ ਵਾਰ ਜ਼ਿਆਦਾ ਝੋਨਾ ਸਿੱਧੀ ਬਿਜਾਈ ਰਾਹੀਂ ਨਾ ਲਗਾਉਣ ਦੀ ਬੇਨਤੀ ਕਰ ਰਹੇ ਹਨ। ਇਸ ਬਦਲੇ ਤਵਾਜ਼ਨ ਦੇ ਮੋੜ ਉੱਤੇ ਕੋਰੋਨਾਵਾਇਰਸ ਦੀ ਮਹਾਂਮਾਰੀ ਖੜ੍ਹੀ ਹੈ ਜੋ ਨਾ ਕਾਹਨ ਸਿੰਘ ਪੰਨੂ ਦੇ ਹੱਥ ਵਿੱਚ ਹੈ ਅਤੇ ਨਾ ਹੀ ਪਰਮਜੀਤ ਸਿੰਘ ਮਾਵੀ ਦੇ ਹੱਥ ਵਿੱਚ ਹੈ।

ਇਨ੍ਹਾਂ ਅਜ਼ਮਾਇਸ਼ਾਂ ਅਤੇ ਮਜਬੂਰੀਆਂ ਦੀ ਫ਼ਸਲ ਪੰਜਾਬ ਦੇ ਖੇਤਾਂ ਵਿੱਚ ਬੀਜੀ ਜਾ ਰਹੀ ਹੈ। ਇਸ ਦੌਰ ਵਿੱਚ ਪੰਜਾਬ ਨੂੰ ਪਾਸ਼ ਦੀ ਕਵਿਤਾ 'ਮੈਂ ਤਾਂ ਘਾਹ ਹਾਂ ...' ਵੀ ਯਾਦ ਆ ਸਕਦੀ ਹੈ ਅਤੇ ਕਰਤਾਰ ਸਿੰਘ ਦੁੱਗਲ ਦੀ ਕਹਾਣੀ 'ਖੱਬਲ' ਵੀ ਯਾਦ ਆ ਸਕਦੀ ਹੈ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)