ਕੋਰੋਨਾਵਾਇਰਸ: 17 ਲੋਕਾਂ ਦਾ ਟੱਬਰ ਜਦੋਂ ਅਚਾਨਕ ਕੋਰੋਨਾ ਕਲੱਸਟਰ ਬਣ ਗਿਆ

  • ਕ੍ਰਤਿਕਾ ਪਥੀ
  • ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ

ਤਸਵੀਰ ਸਰੋਤ, MUKUL GARG

ਬੀਤੀ 24 ਅਪ੍ਰੈਲ ਨੂੰ ਜਦੋਂ ਮੁਕੁਲ ਗਰਗ ਦੇ 57 ਸਾਲਾ ਚਾਚੇ ਨੂੰ ਬੁਖਾਰ ਹੋਇਆ ਤਾਂ ਉਨ੍ਹਾਂ ਨੂੰ ਕੋਈ ਖਾਸ ਚਿੰਤਾ ਨਹੀਂ ਹੋਈ।

ਇਸ ਦੇ 48 ਘੰਟਿਆਂ ਅੰਦਰ 17 ਲੋਕਾਂ ਵਾਲੇ ਇਸ ਪਰਿਵਾਰ ਵਿੱਚ ਦੋ ਹੋਰ ਲੋਕ ਵੀ ਬਿਮਾਰ ਪੈ ਗਏ।

ਕੁਝ ਸਮੇਂ ਬਾਅਦ ਬਿਮਾਰ ਲੋਕਾਂ ਦੇ ਸਰੀਰ ਦਾ ਤਾਪਮਾਨ ਵਧਣ ਲੱਗਾ ਤੇ ਗਲੇ ਵਿੱਚ ਖਰਾਸ਼ ਵਰਗੇ ਲੱਛਣ ਸਾਹਮਣੇ ਆਉਣ ਲੱਗੇ।

ਮੁਕੁਲ ਗਰਗ ਨੇ ਸ਼ੁਰੂਆਤ ਵਿੱਚ ਸੋਚਿਆ ਕਿ ਇਹ ਮੌਸਮੀ ਬੁਖਾਰ ਹੋ ਸਕਦਾ ਹੈ ਕਿਉਂਕਿ ਉਹ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਇਹ ਕੋਰੋਨਾਵਾਇਰਸ ਹੋ ਸਕਦਾ ਹੈ।

ਗਰਗ ਨੇ ਸੋਚਿਆ ਕਿ "ਘਰ ਵਿੱਚ ਇੱਕੋ ਵੇਲੇ 5-6 ਬਿਮਾਰ ਪੈ ਜਾਂਦੇ ਹਨ, ਅਜਿਹੇ ਵਿੱਚ ਪਰੇਸ਼ਾਨ ਨਹੀਂ ਹੋਣਾ ਚਾਹੀਦਾ।"

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਇਸ ਤੋਂ ਕੁਝ ਸਮੇਂ ਬਾਅਦ ਘਰ ਦੇ 5 ਹੋਰ ਮੈਂਬਰਾਂ ਵਿੱਚ ਵੀ ਕੋਵਿਡ-19 ਵਰਗੇ ਲੱਛਣ ਨਜ਼ਰ ਆਉਣ ਲੱਗੇ ਅਤੇ ਹੌਲੀ-ਹੌਲੀ ਗਰਗ ਦੇ ਮਨ ਵਿੱਚ ਇੱਕ ਡਰ ਉਭਰਨ ਲੱਗਾ।

ਕੁਝ ਦਿਨ ਬਾਅਦ 17 ਲੋਕਾਂ ਦਾ ਇਹ ਪਰਿਵਾਰ ਕੋਰੋਨਾਵਾਇਰਸ ਕਲੱਸਟਰ ਵਿੱਚ ਤਬਦੀਲ ਹੋ ਗਿਆ ਕਿਉਂਕਿ ਪਰਿਵਾਰ ਦੇ 11ਲੋਕਾਂ ਵਿੱਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ।

ਗਰਗ ਨੇ ਆਪਣੇ ਬਲਾਗ ਵਿੱਚ ਲਿਖਿਆ, "ਅਸੀਂ ਕਿਸੇ ਬਾਹਰੀ ਵਿਅਕਤੀ ਨਾਲ ਨਹੀਂ ਮਿਲੇ ਤੇ ਕੋਈ ਵੀ ਸਾਡੇ ਘਰ ਨਹੀਂ ਆਇਆ। ਪਰ ਇਸ ਦੇ ਬਾਵਜੂਦ ਸਾਡੇ ਘਰ ਇੱਕ ਤੋਂ ਬਾਅਦ ਦੂਜਾ ਵਿਅਕਤੀ ਕੋਰੋਨਾਵਾਇਰਸ ਨਾਲ ਪੀੜਤ ਹੋ ਗਿਆ।"

ਗਰਗ ਵੱਲੋਂ ਲਿਖਿਆ ਗਿਆ ਇਹ ਬਲਾਗ ਦੱਸਦਾ ਹੈ ਕਿ ਕੋਰੋਨਾ ਖਿਲਾਫ ਜੰਗ ਵਿੱਚ ਸਾਂਝੇ ਪਰਿਵਾਰ ਇੱਕ ਖਾਸ ਤਰ੍ਹਾਂ ਦੀ ਚੁਣੌਤੀ ਪੇਸ਼ ਕਰ ਰਹੇ ਹਨ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜੋ ਲੌਕਡਾਊਨ ਲਗਾਇਆ ਗਿਆ ਹੈ 25 ਮਾਰਚ ਤੋਂ ਸ਼ੁਰੂ ਹੋ ਕੇ ਪਿਛਲੇ ਹਫ਼ਤੇ ਤੱਕ ਚੱਲਦਾ ਰਿਹਾ। ਇਸ ਦਾ ਉਦੇਸ਼ ਲੋਕਾਂ ਨੂੰ ਘਰਾਂ ਅੰਦਰ ਰੱਖ ਕੇ ਭੀੜ ਭਰੀਆਂ ਸੜਕਾਂ ਤੇ ਜਨਤਕ ਥਾਵਾਂ ਤੋਂ ਦੂਰ ਰੱਖਣਾ ਸੀ।

ਪਰ ਭਾਰਤ ਵਿੱਚ 40 ਫੀਸਦ ਘਰਾਂ ਵਿੱਚ ਕਈ ਪੀੜੀਆਂ ਇਕੱਠੀਆਂ ਰਹਿੰਦੀਆਂ ਹਨ (ਅਜਿਹੇ ਵਿੱਚ 3-4 ਲੋਕ ਇੱਕੋ ਵੇਲੇ ਹੀ ਇੱਕ ਹੀ ਛੱਤ ਹੇਠਾਂ ਰਹਿੰਦੇ ਹਨ)। ਅਜਿਹੇ ਵਿੱਚ ਘਰ ਵੀ ਇੱਕ ਭੀੜ-ਭੀੜ ਵਾਲੀ ਥਾਂ ਹੈ।

ਇਹ ਜੋਖ਼ਮ ਭਰਪੂਰ ਹੈ ਕਿਉਂਕਿ ਅਧਿਐਨ ਦੱਸਦਾ ਹੈ ਕਿ ਵਾਇਰਸ ਦਾ ਘਰ ਅੰਦਰ ਫੈਲਣ ਦਾ ਖਦਸ਼ਾ ਵਧੇਰੇ ਹੁੰਦਾ ਹੈ।

ਲਾਗ ਵਾਲੇ ਰੋਗਾਂ ਦੇ ਮਾਹਰ ਡਾ. ਜੈਕਬ ਜੌਨ ਕਹਿੰਦੇ ਹਨ, "ਲੌਕਡਾਊਨ ਦੌਰਾਨ ਕਿਸੇ ਵੀ ਇੱਕ ਵਿਅਕਤੀ ਦੇ ਲਾਗ ਨਾਲ ਪੀੜਤ ਹੋਣ ’ਤੇ ਉਸ ਦਾ ਪਰਿਵਾਰ ਕਲੱਸਟਰ ਵਾਂਗ ਬਣ ਜਾਂਦਾ ਹੈ ਕਿਉਂਕਿ ਇੱਕ ਵਿਅਕਤੀ ਦੇ ਪੀੜਤ ਹੋਣ ਤੋਂ ਬਾਅਦ ਲਗਭਗ ਸਾਰੇ ਲੋਕਾਂ ਦੇ ਪੀੜਤ ਹੋਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ।"

ਗਰਗ ਪਰਿਵਾਰ ਵਜੋਂ ਜੋ ਸਾਹਮਣੇ ਆਇਆ ਉਹ ਇਹ ਹੈ ਕਿ ਸਾਂਝੇ ਪਰਿਵਾਰਾਂ ਵਿੱਚ ਸਮਾਜਿਕ ਦੂਰੀ ਸੰਭਵ ਨਹੀਂ ਹੈ, ਖਾਸ ਕਰਕੇ ਜਦੋਂ ਲੌਕਡਾਊਨ ਕਾਰਨ ਘਰ ਦੇ ਸਾਰੇ ਮੈਂਬਰ ਘਰੇ ਹੀ ਮੌਜੂਦ ਹੋਣ।

ʻਅਸੀਂ ਕਾਫੀ ਇਕੱਲਾਪਨ ਝੱਲਿਆ’

ਮੁਕੁਲ ਗਰਗ ਦਾ ਪਰਿਵਾਰ ਦਿੱਲੀ ਦੇ ਉੱਤਰੀ-ਪੱਛਮੀ ਹਿੱਸੇ ਵਿੱਚ ਬਣੇ ਇੱਕ ਤਿੰਨ ਮੰਜ਼ਿਲਾਂ ਘਰ ਵਿੱਚ ਰਹਿੰਦਾ ਹੈ।

33 ਸਾਲਾ ਗਰਗ ਆਪਣੀ 30 ਸਾਲਾ ਪਤਨੀ ਅਤੇ ਦੋ ਸਾਲ ਦੇ ਦੋ ਬੱਚਿਆਂ ਨਾਲ ਟੌਪ ਫਲੋਰ ’ਤੇ ਰਹਿੰਦੇ ਹਨ। ਗਰਗ ਦੇ ਨਾਲ ਉਨ੍ਹਾਂ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਵੀ ਰਹਿੰਦੇ ਹਨ।

ਪਹਿਲੀਆਂ ਦੋ ਮੰਜ਼ਿਲਾਂ ’ਤੇ ਗਰਗ ਦੇ ਚਾਚਾ ਅਤੇ ਉਨ੍ਹਾਂ ਦੇ ਪਰਿਵਾਰ ਰਹਿੰਦੇ ਹਨ। ਪਰਿਵਾਰ ਦੇ ਮੈਂਬਰਾਂ ਵਿੱਚ 90 ਸਾਲ ਦੇ ਬਜ਼ੁਰਗ ਤੋਂ ਲੈ ਕੇ 4 ਮਹੀਨੇ ਦਾ ਬੱਚਾ ਸ਼ਾਮਲ ਹੈ।

ਆਮ ਸਾਂਝੇ ਪਰਿਵਾਰਾਂ ਵਿੱਚ ਕਈ ਲੋਕ ਇੱਕ ਹੀ ਕਮਰੇ ਵਿੱਚ ਬਾਥਰੂਮ ਦੀ ਵਰਤੋਂ ਕਰਦੇ ਹਨ।

ਪਰ ਗਰਗ ਪਰਿਵਾਰ ਦਾ ਘਰ ਕਾਫੀ ਥਾਂ ਵਿੱਚ ਬਣਿਆ ਹੋਇਆ ਹੈ। 250 ਵਰਗ ਮੀਟਰ ਵਿੱਚ ਬਣੇ ਇਸ ਘਰ ਵਿੱਚ ਹਰ ਮੰਜ਼ਿਲ ’ਤੇ ਤਿੰਨ ਬੈੱਡਰੂਮ ਹਨ, ਜਿਨ੍ਹਾਂ ਵਿੱਚ ਅਟੈਚ ਬਾਥਰੂਮ ਹੈ, ਇਸ ਦੇ ਨਾਲ ਹੀ ਇੱਕ ਰਸੋਈ ਵੀ ਹੈ।

ਪਰ ਇੰਨੀ ਥਾਂ ਹੋਣ ਦੇ ਬਾਵਜੂਦ ਵਾਇਰਸ ਇੱਕ ਮੰਜ਼ਿਲ ਤੋਂ ਹੁੰਦਾ ਹੋਇਆ ਦੂਜੀ ਮੰਜ਼ਿਲ ਦੇ ਲੋਕਾਂ ਨੂੰ ਲਗਦਾ ਗਿਆ।

ਤਸਵੀਰ ਸਰੋਤ, getty image

ਇਸ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਲਾਗ ਦੇ ਸ਼ਿਕਾਰ ਹੋਣ ਵਾਲੇ ਸ਼ਖ਼ਸ ਮੁਕੁਲ ਗਰਗ ਸਨ ਪਰ ਪਰਿਵਾਰ ਨੂੰ ਹੁਣ ਤੱਕ ਨਹੀਂ ਪਤਾ ਹੈ ਕਿ ਉਨ੍ਹਾਂ ਨੂੰ ਕਿੱਥੋਂ ਲਾਗ ਲੱਗੀ।

ਗਰਗ ਕਹਿੰਦੇ ਹਨ, "ਸਾਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਸਬਜ਼ੀ ਵਾਲੇ ਤੋਂ ਲਾਗ ਲੱਗੀ ਹੋਵੇਗੀ ਕਿਉਂਕਿ ਉਹੀ ਪਹਿਲਾਂ ਮੌਕਾ ਸੀ ਜਦੋਂ ਘਰ ਤੋਂ ਕੋਈ ਬਾਹਰ ਗਿਆ ਸੀ।"

ਇਸ ਪਰਿਵਾਰ ਵਿੱਚ ਵਾਇਰਸ ਹੌਲੀ-ਹੌਲੀ ਫੈਲ ਰਿਹਾ ਸੀ ਪਰ ਡਰ ਤੇ ਸ਼ਰਮ ਕਾਰਨ ਕਿਸੇ ਨੇ ਟੈਸਟ ਕਰਵਾਉਣਾ ਉਚਿਤ ਨਹੀਂ ਸਮਝਿਆ।

ਗਰਗ ਕਹਿੰਦੇ ਹਨ, "ਅਸੀਂ 17 ਲੋਕ ਇਕੱਠੇ ਸੀ ਪਰ ਅਸੀਂ ਕਾਫੀ ਇਕੱਲਾਪਨ ਮਹਿਸੂਸ ਕਰ ਰਹੇ ਸੀ। ਅਸੀਂ ਚਿੰਤਤ ਸੀ ਕਿ ਜੇਕਰ ਸਾਨੂੰ ਕੁਝ ਹੋ ਗਿਆ ਤਾਂ ਕੀ ਕੋਈ ਕੋਰੋਨਾਵਾਇਰਸ ਨਾਲ ਜੁੜੇ ਦਾਗ ਯਾਨਿ ਸ਼ਰਮ ਕਾਰਨ ਸਾਡੇ ਅੰਤਮ ਸਸਕਾਰ ਵਿੱਚ ਕੌਣ ਸ਼ਾਮਿਲ ਹੋਵੇਗਾ?"

ਮਈ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਉਨ੍ਹਾਂ ਦੀ 54 ਸਾਲਾ ਚਾਚੀ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਤਾਂ ਪਰਿਵਾਰ ਉਨ੍ਹਾਂ ਨੂੰ ਲੈ ਕੇ ਹਸਪਤਾਲ ਪਹੁੰਚਿਆ।

ਗਰਗ ਕਹਿੰਦੇ ਹਨ ਕਿ ਇਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਟੈਸਟਿੰਗ ਹੋਈ।

ʻਬਿਮਾਰੀ ਦਾ ਮਹੀਨਾ’

ਮਈ ਦਾ ਪੂਰਾ ਮਹੀਨਾ ਵਾਇਰਸ ਨਾਲ ਲੜਨ ਵਿੱਚ ਬੀਤ ਗਿਆ। ਗਰਗ ਕਹਿੰਦੇ ਹਨ ਕਿ ਉਹ ਘੰਟਿਆਂ ਬੱਧੀ ਡਾਕਟਰਾਂ ਨਾਲ ਗੱਲ ਕਰਦੇ ਰਹਿੰਦੇ ਅਤੇ ਪਰਿਵਾਰ ਦੇ ਦੂਜੇ ਲੋਕ ਵਟਸਐਪ ’ਤੇ ਇੱਕ-ਦੂਜੇ ਦਾ ਹਾਲ ਪੁੱਛਦੇ ਸਨ।

ਗਰਗ ਕਹਿੰਦੇ ਹਨ, "ਅਸੀਂ ਲੱਛਣਾਂ ਦੇ ਆਧਾਰ ’ਤੇ ਪਰਿਵਾਰਕ ਮੈਂਬਰਾਂ ਦੀ ਥਾਂ ਵੀ ਬਦਲਦੇ ਰਹੇ ਤਾਂ ਜੋ ਜ਼ਿਆਦਾ ਬੁਖਾਰ ਵਾਲੇ ਦੋ ਲੋਕ ਇਕੱਠੇ ਇੱਕ ਥਾਂ ਮੌਜੂਦ ਨਾ ਹੋਣ।"

ਲਾਗ ਨਾਲ ਪੀੜਤ 11 ਲੋਕਾਂ ਵਿੱਚੋਂ 6 ਲੋਕਾਂ ਦੀ ਕੋ-ਮੌਰਬਿਡਿਟੀ ਵਾਲੀ ਹਾਲਤ ਸੀ। ਇਨ੍ਹਾਂ ਲੋਕਾਂ ਨੂੰ ਡਾਇਬਟੀਜ਼, ਦਿਲ ਦੀ ਬਿਮਾਰੀ ਅਤੇ ਹਾਇਪਰਟੈਂਸ਼ਨ ਸੀ, ਜਿਸ ਕਾਰਨ ਇਨ੍ਹਾਂ ਦੀ ਹਾਲਤ ਵਧੇਰੇ ਜੋਖ਼ਮ ਵਾਲੀ ਸੀ।

ਗਰਗ ਕਹਿੰਦੇ ਹਨ, "ਰਾਤੋ-ਰਾਤ, ਸਾਡਾ ਪਰਿਵਾਰ ਕੋਵਿਡ-19 ਹੈਲਥ ਕੇਅਰ ਸੈਂਟਰ ਬਣ ਗਿਆ, ਜਿੱਥੇ ਅਸੀਂ ਇੱਕ-ਇੱਕ ਕਰਕੇ ਨਰਸ ਦੀ ਭੂਮਿਕਾ ਨਿਭਾ ਰਹੇ ਸੀ।"

ਲਾਗ ਰੋਗਾਂ ਦੇ ਮਾਹਰ ਕਹਿੰਦੇ ਹਨ ਕਿ ਵੱਡੇ ਪਰਿਵਾਰ ਕਿਸੇ ਹੋਰ ਭੀੜ ਵਾਲੀਆਂ ਥਾਵਾਂ ਵਰਗੇ ਹੀ ਹੁੰਦੇ ਹਨ, ਬੱਸ ਲੋਕਾਂ ਦੀ ਉਮਰ ਵਿੱਚ ਵੱਡੀ ਅੰਤਰ ਹੁੰਦਾ ਹੈ।

ਤਸਵੀਰ ਸਰੋਤ, getty images

ਅਜਿਹੇ ਹੀ ਇੱਕ ਮਾਹਰ ਡਾ. ਪਾਰਥੋ ਸਾਰੋਥੀ ਕਹਿੰਦੇ ਹਨ, "ਜਦੋਂ ਕਈ ਉਮਰ ਵਰਗ ਦੇ ਲੋਕ ਇੱਕ ਹੀ ਥਾਂ ਰਹਿੰਦੇ ਹਨ ਤਾਂ ਸਾਰੇ ਲੋਕਾਂ ਨੂੰ ਵੱਖ-ਵੱਖ ’ਤੇ ਜੋਖ਼ਮ ਹੁੰਦਾ ਹੈ। ਇਨ੍ਹਾਂ ਵਿੱਚੋਂ ਬਜ਼ੁਰਗਾਂ ਨੂੰ ਸਭ ਤੋਂ ਵੱਧ ਜੋਖ਼ਮ ਹੁੰਦਾ ਹੈ।"

ਗਰਗ ਲਈ ਇਹ ਗੱਲ ਇੱਕ ਵੱਡੀ ਚੁਣੌਤੀ ਦਾ ਵਿਸ਼ਾ ਸੀ ਕਿਉਂਕਿ ਉਹ 90 ਸਾਲ ਦੀ ਉਮਰ ਵਾਲੇ ਆਪਣੇ ਬਾਬਾ ਨੂੰ ਲੈ ਕੇ ਕਾਫੀ ਚਿੰਤਤ ਸਨ।

ਪਰ ਦੁਨੀਆਂ ਭਰ ਵਿੱਚ ਵਿਗਿਆਨੀਆਂ ਨੂੰ ਹੈਰਨੀ ਵਿੱਚ ਪਾਉਣ ਵਾਲੇ ਇਸ ਵਾਇਰਸ ਨੇ ਗਰਗ ਪਰਿਵਾਰ ਨੂੰ ਵੀ ਹੈਰਾਨ ਕਰ ਦਿੱਤਾ।

ਇਹ ਕੀ ਹੈਰਾਨੀ ਦੀ ਗੱਲ ਨਹੀਂ ਸੀ ਕਿ ਗਰਗ ਤੇ ਉਨ੍ਹਾਂ ਦੀ ਪਤਨੀ, ਜਿਨ੍ਹਾਂ ਦੀ ਉਮਰ 40 ਤੋਂ ਘੱਟ ਹੈ, ਵਿੱਚ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਦਿਖੇ। ਪਰ ਇਹ ਹੈਰਾਨੀ ਵਾਲੀ ਗੱਲ ਸੀ ਕਿ ਉਨ੍ਹਾਂ ਦੇ 90 ਸਾਲਾ ਬਾਬਾ ਵਿੱਚ ਵੀ ਕੋਈ ਲੱਛਣ ਨਹੀਂ ਦਿਖੇ।

ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿੱਚ ਵੀ ਆਮ ਲੱਛਣ ਦੇਖਣ ਨੂੰ ਮਿਲੇ।

ਗਰਗ ਦੱਸਦੇ ਹਨ ਕਿ ਉਨ੍ਹਾਂ ਬਲਾਗ ਇਸ ਲਈ ਲਿਖਿਆ ਤਾਂ ਜੋ ਉਹ ਉਨ੍ਹਾਂ ਲੋਕਾਂ ਤੱਕ ਪਹੁੰਚ ਸਕਣ ਜੋ ਕਿ ਮਦਦ ਚਾਹੁੰਦੇ ਸਨ।

ਉਹ ਲਿਖਦੇ ਹਨ, "ਸ਼ੁਰੂਆਤ ਵਿੱਚ ਅਸੀਂ ਇਸ ਬਾਰੇ ਕਾਫੀ ਸੋਚਿਆ ਕਿ ਲੋਕ ਕੀ ਸੋਚਣਗੇ। ਪਰ ਸਾਨੂੰ ਕਮੈਂਟਸ ਵਿੱਚ ਲੋਕਾਂ ਦੀ ਪ੍ਰਤੀਕਿਰਿਆ ਕਾਫੀ ਸਕਾਰਾਤਮਕ ਦਿਖੀ। ਕਮੈਂਟਸ ਵਿੱਚ ਸੀ ਕਿ ਜੇਕਰ ਕੋਰੋਨਾਵਾਇਰਸ ਹੋ ਗਿਆ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈ। ਇਹ ਕੋਈ ਅਜਿਹੀ ਗੱਲ ਨਹੀਂ ਹੈ ਕਿ ਜਿਸ ਲਈ ਤੁਹਾਨੂੰ ਸ਼ਰਮਿੰਦਾ ਹੋਣਾ ਪਏ।"

ਮਈ ਮਹੀਨੇ ਦੇ ਦੂਜੇ ਹਫ਼ਤੇ ਵਿੱਚ ਲੱਛਣ ਦਿਸਣਾ ਬੰਦ ਹੋ ਗਏ ਅਤੇ ਇੱਕ ਤੋਂ ਬਾਅਦ ਇੱਕ ਪਰਿਵਾਰ ਦੇ ਮੈਂਬਰਾਂ ਦੀ ਕੋਰੋਨਾਵਾਇਰਸ ਲਾਗ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਸ ਵੇਲੇ ਪਰਿਵਾਰ ਨੂੰ ਲੱਗਾ ਕਿ ਮਾੜੇ ਵੇਲਾ ਲੰਘ ਗਿਆ।

ਪਰ ਮਈ ਮਹੀਨੇ, ਜਿਸ ਨੂੰ ਗਰਗ ’ਬਿਮਾਰੀ ਦਾ ਮਹੀਨਾ’ ਕਹਿੰਦੇ ਹਨ ਦੇ ਅਖੀਰ ਤੱਕ ਪਰਿਵਾਰ ਦੇ ਸਿਰਫ਼ 3 ਮੈਂਬਰ ਕੋਰੋਨਾਵਾਇਰਸ ਲਾਗ ਵਿੱਚ ਰਹਿ ਗਏ। ਇਨ੍ਹਾਂ ਵਿੱਚ ਗਰਗ ਆਪ ਵੀ ਸ਼ਾਮਿਲ ਸਨ।

1 ਜੂਨ ਨੂੰ ਤੀਜੀ ਵਾਰ ਟੈਸਟਿੰਗ ਵਿੱਚ ਉਹ ਕੋਰੋਨਾ ਲਾਗ ਤੋਂ ਮੁਕਤ ਹੋ ਗਏ।

ʻਸਭ ਤੋਂ ਚੰਗਾ ਤੇ ਮਾੜਾ ਦੌਰ’

ਭਾਰਤ ਦੇ ਸਾਂਝੇ ਪਰਿਵਾਰਾਂ ਵਿੱਚ ਸਮਰਥਨ ਅਤੇ ਦੇਖਭਾਲ ਹਾਸਲ ਕੀਤਾ ਜਾ ਸਕਦਾ ਹੈ ਪਰ ਵਿਰੋਧ ਤੇ ਜਾਇਦਾਦ ਵਿਵਾਦ ਵੀ ਦੇਖਣ ਨੂੰ ਮਿਲ ਸਕਦੇ ਹਨ। ਪਰ ਅਜਿਹੇ ਵੇਲੇ ਪਰਿਵਾਰ ਦੇ ਲੋਕ ਹੀ ਤੁਹਾਡੀ ਮਦਦ ਲਈ ਪਹਿਲ ਕਰ ਸਕਦੇ ਹਨ।

ਡਾ. ਜੌਨ ਕਹਿੰਦੇ ਹਨ, "ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਬਜ਼ੁਰਗ ਵਿਅਕਤੀ ਕੁਆਰੰਟੀਨ ਵਿੱਚ ਇਕੱਲਾ ਰਹੇ ਜਿੱਥੇ ਉਸ ਦੀ ਮਦਦ ਲਈ ਕੋਈ ਮੌਜੂਦ ਨਾ ਹੋਵੇ? ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸਾਂਝੇ ਪਰਿਵਾਰ ਵਿੱਚ ਇੱਕ ਫਾਇਦਾ ਇਹ ਹੁੰਦਾ ਹੈ ਕਿ ਨੌਜਵਾਨ ਵਰਗ ਬਜ਼ੁਰਗਾਂ ਲਈ ਮੌਜੂਦ ਹੁੰਦਾ ਹੈ।"

ਭਾਰਤ ਵਿੱਚ ਕੋਰੋਨਾਵਾਇਰਸ ਨਾਲ ਜੁੜੇ ਮਾਮਲੇ 3 ਲੱਖ ਤੋਂ ਪਾਰ ਚਲੇ ਗਏ ਹਨ। ਅਜਿਹੇ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਹੋਈ ਹੈ ਕਿ ਕੀ ਇਹ ਮਹਾਂਮਾਰੀ ਸਾਂਝੇ ਪਰਿਵਾਰਾ ਲਈ ਜੋਖਮ ਭਰੀ ਸਾਬਤ ਹੋ ਸਕਦੀ ਹੈ ਕਿਉੰਕਿ ਨੌਜਵਾਨ ਲੋਕ ਇਸ ਬਾਰੇ ਚਿੰਤਤ ਹਨ ਕਿ ਕਿਤੇ ਉਹ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਤੱਕ ਵਾਇਰਸ ਨੂੰ ਨਾ ਪਹੁੰਚਾ ਦੇਣ।

ਕਾਨਪੁਰ ਦੀ ਸੀਐੱਸਜੇਐੱਮ ਯੂਨੀਵਰਸਿਟੀ ਵਿੱਚ ਸਮਾਜਸ਼ਾਸਤਰ ਦੀ ਪ੍ਰੋਫੈਸਰ ਕਿਰਨ ਲਾਂਬਾ ਝਾ ਦੱਸਦੀ ਹੈ, "ਸਾਂਝੇ ਪਰਿਵਾਰ ਇੱਕ ਅਜਿਹੇ ਤੰਤਰ ਹਨ ਜੋ ਪੱਛਮੀ ਕਦਰਾਂ-ਕੀਮਤਾਂ ਅਤੇ ਬਸਤੀਵਾਦ ਦੇ ਅਸਰ ਦੇ ਬਾਵਜੂਦ ਜ਼ਿੰਦਾ ਰਿਹਾ ਹੈ ਤੇ ਕੋਰੋਨਾਵਾਇਰਸ ਇਸ ਨੂੰ ਖ਼ਤਮ ਕਰਨ ਜਾ ਰਿਹਾ ਹੈ।"

ਗਰਗ ਪਰਿਵਾਰ ਇਸ ਨਾਲ ਸਹਿਮਤ ਹੋਵੇਗਾ।

ਗਰਗ ਕਹਿੰਦੇ ਹਨ ਵਾਇਰਸ ਨਾਲ ਲਾਗ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਖੁਸ਼ਹਾਲ ਸੀ ਜੋ ਕਿ 90ਵਿਆਂ ਦੇ ਦੌਰ ਦੀ ਕਿਸੇ ਫਿਲਮ ਦੀ ਯਾਦ ਦਿਵਾਉਂਦਾ ਹੈ।

ਉਹ ਕਹਿੰਦੇ ਹਨ, "ਇੱਕ ਪਰਿਵਾਰ ਦੇ ਰੂਪ ਵਿੱਚ, ਅਸੀਂ ਕਦੇ ਵੀ ਇਕੱਠਿਆਂ ਇੰਨਾ ਸਮਾਂ ਬਤੀਤ ਕੀਤਾ, ਜਿਨ੍ਹਾਂ ਅਸੀਂ ਲੌਕਡਾਊਨ ਦੇ ਪਹਿਲੇ ਮਹੀਨੇ ਵਿੱਚ ਕੀਤਾ ਤੇ ਇਹ ਸਾਡੇ ਪਰਿਵਾਰ ਦੇ ਸਭ ਤੋਂ ਸੁਖੀ ਪਲਾਂ ਵਿੱਚੋਂ ਇੱਕ ਸਨ।"

ਹਾਲਾਂਕਿ, ਇੱਕ ਤੋਂ ਬਾਅਦ ਦੂਜੇ ਵਿਅਕਤੀ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੁੰਦੇ ਦੇਖਣਾ ਪਰੇਸ਼ਾਨ ਕਰਨ ਵਾਲਾ ਸੀ

"ਅਸੀਂ ਇੱਕ-ਦੂਜੇ ਨੂੰ ਉਨ੍ਹਾਂ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਮਾੜੇ ਪਲਾਂ ਵਿੱਚੋਂ ਲੰਘਦੇ ਦੇਖਿਆ ਪਰ ਅਸੀਂ ਇਸ ਨਾਲ ਮਜ਼ਬੂਤ ਹੋ ਕੇ ਬਾਹਰ ਨਿਕਲੇ ਹਾਂ। ਅਸੀਂ ਅਜੇ ਵੀ ਮੁੜ ਕੋਰੋਨਾਵਾਇਰਸ ਦੀ ਲਾਗ ਨੂੰ ਲੈ ਕੇ ਸੁਚੇਤ ਹਾਂ ਪਰ ਅਸੀਂ ਇਸ ਗੱਲ ਨੂੰ ਲੈ ਕੇ ਖੁਸ਼ ਹਾਂ ਕਿ ਅਸੀਂ ਇਸ ਵਾਇਰਸ ਨੂੰ ਹਰਾਉਣ ਵਿੱਚ ਸਫ਼ਲ ਰਹੇ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)