ਕੋਰੋਨਾਵਾਇਰਸ : ਪੰਜਾਬ 2.8 ਕਰੋੜ ਦੀ ਆਬਾਦੀ ਲਈ ਕੀ 1900 ICU ਬੈੱਡ ਕਾਫੀ ਹਨ
- ਅਰਵਿੰਦ ਛਾਬੜਾ
- ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ: ਕੀ ਪੰਜਾਬ ਦੀ 2.8 ਕਰੋੜ ਦੀ ਆਬਾਦੀ ਲਈ 1900 ਬੈੱਡ ਕਾਫੀ ਹਨ?
2 ਕਰੋੜ 80 ਲੱਖ ਦੀ ਆਬਾਦੀ ਲਈ ਕੁਲ 1916 ਬੈੱਡ ਅਤੇ 197 ਵੈਂਟੀਲੇਟਰ, ਇਹ ਹਨ ਪੰਜਾਬ ਦੇ ਹਾਲਾਤ।
ਕੀ ਪੰਜਾਬ ਵਿਚ ਰਹਿਣ ਵਾਲੇ ਲੋਕ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਸਿਹਤ ਸਹੂਲਤਾਂ ਪੱਖੋਂ ਮਹਿਫ਼ੂਜ਼ ਹਨ?
ਇਸ ਸਵਾਲ 'ਤੇ ਆਉਣ ਤੋਂ ਪਹਿਲਾਂ ਕੁਝ ਅਹਿਮ ਅੰਕੜੇ ਵੇਖ ਲੈਂਦੇ ਹਾਂ।
ਇੱਥੇ ਜਿਹੜੇ 1916 ਬੈੱਡਾਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਉਨ੍ਹਾਂ ਹਸਪਤਾਲਾਂ ਵਿਚ ਹਨ, ਜਿੱਥੇ ਕੋਵਿਡ-19 ਜਾਂ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ, ਯਾਨਿ ਆਈਸੀਯੂ ਬੈੱਡ, ਦਰਅਸਲ ਸੂਬਾ ਸਰਕਾਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਵਾਸਤੇ ਹਸਪਤਾਲਾਂ ਤੇ ਕੇਂਦਰਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੈ।
ਤਿੰਨ ਸ਼੍ਰੇਣੀਆਂ
- ਪਹਿਲੀ ਸ਼੍ਰੇਣੀ ਉਨ੍ਹਾਂ ਮਰੀਜਾਂ ਦੀ ਹੈ, ਜਿੱਥੇ ਉਹ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ। ਇਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਵਿਚ 27,700 ਬੈੱਡਾਂ ਦੀ ਸੁਵਿਧਾ ਹੈ ਤੇ 12,000 ਬੈੱਡ ਤਿਆਰ ਪਏ ਹਨ।
- ਦੂਜੀ ਸ਼੍ਰੇਣੀ ਵਿਚ ਉਹ ਕੇਂਦਰ ਆਉਂਦੇ ਹਨ, ਜਿੱਥੇ ਅਜਿਹੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਥੋੜੇ ਬਹੁਤ ਲੱਛਣ ਹਨ।ਇੱਥੇ 3190 ਬੈੱਡ ਹਨ,
- ਤੀਜੀ ਸ਼੍ਰੇਣੀ ਉਨ੍ਹਾਂ ਵਾਸਤੇ ਹੈ ਜਿਨ੍ਹਾਂ ਨੂੰ ਕੋਵਿਡ ਦੇ ਲੱਛਣ ਸਾਫ਼ ਨਜ਼ਰ ਆਉਂਦੇ ਹਨ ਤੇ ਜਿਨ੍ਹਾਂ ਦੀ ਹਾਲਤ ਕਾਫ਼ੀ ਖ਼ਰਾਬ ਹੈ। ਇੱਥੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੇ ਬੈੱਡ ਮਿਲਾ ਤੇ ਕੁੱਲ 1916 ਬੈੱਡ ਹਨ, 1006 ਸਰਕਾਰੀ ਵਿਚ ਤੇ 910 ਪ੍ਰਾਈਵੇਟ ਵਿਚ।
'ਕੀ ਕਾਫ਼ੀ ਹਨ ਇੰਨੇ ਬੈੱਡ'
ਪੰਜਾਬ ਸਰਕਾਰ ਦੇ ਸਿਹਤ ਮਾਮਲਿਆਂ ਦੇ ਸਲਾਹਕਾਰ ਡਾਕਟਰ ਕੇਕੇ ਤਲਵਾਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਬੈੱਡਾਂ ਦੀ ਇਹ ਗਿਣਤੀ ਕਾਫ਼ੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਵੀ ਸੰਭਵ ਹੈ ਕਿ ਜੂਨ ਮਹੀਨੇ ਦੇ ਅੰਤ ਤੱਕ ਹੋ ਸਕਦਾ ਹੈ ਕਿ ਇਨ੍ਹਾਂ ਬੈੱਡਾਂ ਦੀ ਵੀ ਲੋੜ ਨਾ ਪਵੇ।
ਪੀਜੀਆਈ ਚੰਡੀਗੜ੍ਹ ਦੇ ਨਿਰਦੇਸ਼ਕ ਵਜੋਂ ਰਿਟਾਇਰ ਹੋਏ ਡਾਕਟਰ ਤਲਵਾਰ ਨੇ ਕਿਹਾ ਕਿ ਦਰਅਸਲ ਸੂਬਾ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਥਿਤੀ ਤੱਕ ਮਰੀਜ਼ ਨੂੰ ਜਾਣ ਤੋਂ ਰੋਕਿਆ ਜਾਵੇ ਕਿਉਂਕਿ ਵੈਂਟੀਲੇਟਰ ਦੀ ਸਥਿਤੀ ਤੋਂ ਵਾਪਸ ਬਾਹਰ ਆਉਣਾ ਸੌਖਾ ਨਹੀਂ ਹੁੰਦਾ। "ਇਸ ਲਈ ਸਾਡੀ ਕੋਸ਼ਿਸ਼ ਦੂਜੀ ਸ਼੍ਰੇਣੀ ਦੇ ਮਰੀਜ਼ਾਂ 'ਤੇ ਹੈ।"
ਕੀ ਕਹਿੰਦੇ ਹਨ ਨਿਰਪੱਖ ਜਾਣਕਾਰ?
ਅਸੀਂ ਇਸ ਬਾਰੇ ਨਿਰਪੱਖ ਰਾਇ ਜਾਣਨ ਲਈ ਪੀਜੀਆਈ ਤੇ ਸਾਬਕਾ ਡਾਇਰੈਕਟਰ ਯੋਗੇਸ਼ ਚਾਵਲਾ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਵੀ ਕਹਿਣਾ ਸੀ ਕਿ ਆਈਸੀਯੂ ਬੈੱਡਾਂ ਦੀ ਗਿਣਤੀ ਕਾਫ਼ੀ ਨਜ਼ਰ ਆ ਰਹੀ ਹੈ।
ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, "1900 ਬੈੱਡ ਤਾਂ ਠੀਕ ਹਨ। ਹਾਂ,ਵੈਂਟੀਲੇਟਰ ਜ਼ਰੂਰ ਹੋਰ ਹੋਣੇ ਚਾਹੀਦੇ ਹਨ। ਜੇ ਕੌਮੀ ਪੱਧਰ ਦੇ ਅਸੀਂ ਬੈੱਡਾਂ ਦੀ ਔਸਤ ਵੇਖੀਏ ਤਾਂ 1900 ਬੈੱਡ ਕਾਫ਼ੀ ਹੋਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਘੱਟ ਤੋਂ ਘੱਟ 500 ਵੈਂਟੀਲੇਟਰ ਦਾ ਸਰਕਾਰ ਨੂੰ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ ਹੈ।
ਡਾਕਟਰ ਯੋਗੇਸ਼ ਚਾਵਲਾ ਨੇ ਕਿਹਾ ਕਿ ਇਹ ਵੀ ਵੇਖਿਆ ਗਿਆ ਹੈ ਕਿ ਕਰੋਨਾਵਾਇਰਸ ਦੇ ਮਰੀਜ਼ ਘੱਟ ਹੀ ਉਸ ਸਥਿਤੀ ਤੱਕ ਪੁੱਜਦੇ ਹਨ ਜਿੱਥੇ ਆਈਸੀਯੂ ਬੈੱਡ ਦੀ ਲੋੜ ਪੈਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਜੇ ਇਕਦਮ ਬਹੁਤ ਸਾਰੇ ਮਰੀਜ਼ ਸਾਡੇ ਕੋਲ ਆ ਜਾਂਦੇ ਹਨ ਤਾਂ ਸਾਡੇ ਕੋਲ ਇੰਨੇ ਵੈਂਟੀਲੇਟਰ ਜ਼ਰੂਰ ਹੋਣੇ ਚਾਹੀਦੇ ਹਨ।
ਕੋਰੋਨਾਵਾਇਰਸ ਦੀ ਕੌਮੀ ਪੱਧਰ 'ਤੇ ਦਰ ਵੇਖੀਏ ਤਾਂ 5 ਪ੍ਰਤੀਸ਼ਤ ਲੋਕਾਂ ਨੂੰ ਆਈਸੀਯੂ ਬੈੱਡ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਦਰ 3 ਪ੍ਰਤੀਸ਼ਤ ਹੁੰਦੀ ਹੈ।
ਡਾਕਟਰ ਯੋਗੇਸ਼ ਚਾਵਲਾ ਨੇ ਕਿਹਾ ਕਿ ਬਿਨਾ ਲੱਛਣ ਵਾਲੇ ਕੈਰੀਅਰ ਬਹੁਤ ਸਾਰੇ ਹੁੰਦੇ ਹਨ ਤੇ ਇਵੇਂ ਹੀ ਘੱਟ ਲੱਛਣ ਵਾਲੇ ਵੀ ਬਹੁਤ ਸਾਰੇ ਲੋਕ ਹੁੰਦੇ ਹਨ ਜਿੰਨਾ ਵਿਚੋਂ ਕਾਫ਼ੀ ਮਰੀਜ਼ ਠੀਕ ਹੋ ਜਾਂਦੇ ਹਨ।
ਇਸ ਲਈ ਆਈਸੀਯੂ ਬੈੱਡ ਤੇ ਵੈਂਟੀਲੇਟਰ ਦੀ ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਨਹੀਂ ਪਏਗੀ। ਜੇ 1900 ਬੈੱਡ ਤੇ 500 ਵੈਂਟੀਲੇਟਰ ਹੋ ਜਾਣ ਤਾਂ ਪੰਜਾਬ ਵਾਸਤੇ ਕਾਫ਼ੀ ਹੋ ਸਕਦੇ ਹਨ।
10 ਜੂਨ ਤਕ ਪੰਜਾਬ ਵਿਚ 518 ਐਕਟਿਵ ਮਰੀਜ਼ ਹਨ ਤੇ ਉਨ੍ਹਾਂ ਵਿਚੋਂ 7 ਆਕਸੀਜਨ ਸਪੋਰਟ ਤੇ ਹਨ, ਚਾਰ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ਸਪੋਰਟ ਤੇ ਹਨ।
ਪੀਜੀਆਈ ਚੰਡੀਗੜ੍ਹ ਤੋਂ ਰਿਟਾਇਰ ਹੋਏ ਡਾਕਟਰ ਤਲਵਾਰ ਨੇ ਕਿਹਾ ਕਿ ਸੂਬਾ ਸਰਕਾਰ ਅਗਲੇ ਚਾਰ ਹਫ਼ਤਿਆਂ ਵਿਚ 500 ਵੈਂਟੀਲੇਟਰ ਹੋਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਅੱਗੇ ਦੀ ਤਿਆਰੀ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਹਾਲਤ ਕਾਬੂ ਵਿਚ ਨਜ਼ਰ ਆ ਰਹੇ ਹਨ।
ਉਨ੍ਹਾਂ ਮੁਤਾਬਕ ਤਿੰਨ ਚਾਰ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਵਿਚ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਜਿਵੇਂ ਕਿ ਲੁਧਿਆਣਾ, ਅਮ੍ਰਿਤਸਰ ਤੇ ਜਲੰਧਰ ਜਿੱਥੇ ਕੋਰੋਨਾ ਦੇ ਜ਼ਿਆਦਾ ਫੈਲਣ ਦੇ ਅਸਾਰ ਹਨ।
ਪਰ ਜੇ ਇੱਥੇ ਅਸੀਂ ਠੀਕ ਤਰੀਕੇ ਨਾਲ ਕਾਬੂ ਪਾ ਲਿਆ ਤਾਂ ਸਥਿਤੀ ਕਾਫ਼ੀ ਠੀਕ ਰਹੇਗੀ।
ਤਸਵੀਰ ਸਰੋਤ, Getty Images
ਲੇਵਲ 1
- ਕੋਵਿਡ ਕੇਅਰ ਸੈਂਟਰ
- ਬਿਨਾਂ ਜਾਂ ਥੋੜ੍ਹੇ ਲੱਛਣਾਂ ਵਾਲੇ ਕੇਸ
- ਸਾਰੇ ਜ਼ਿਲ੍ਹਿਆਂ 'ਚ 27,700 ਬੈੱਡ
- 12,000 ਬੈੱਡਾਂ ਦੀ ਤਿਆਰੀ
ਲੇਵਲ 2
- ਕੋਵਿਡ ਹੈਲਥ ਸੈਂਟਰ
- ਥੋੜ੍ਹੇ ਅਤੇ ਥੋੜ੍ਹੇ ਤੋਂ ਵੱਧ ਲੱਛਣਾਂ ਵਾਲੇ ਕੇਸ
- 54 ਥਾਵਾਂ 'ਤੇ 3,190 ਬੈੱਡ ਵਰਤੋਂ 'ਚ ਹਨ
ਆਕਸੀਜਨ ਸਪਲਾਈ ਨਾਲ ਹਸਪਤਾਲ ਬੈੱਡ
- ਅੰਮ੍ਰਿਤਸਰ 35
- ਬਰਨਾਲਾ 80
- ਬਠਿੰਡਾ 100
- ਫਰੀਦਕੋਟ 85
- ਫਤਿਹਗੜ ਸਾਹਿਬ 112
- ਫਾਜ਼ਿਲਕਾ 150
- ਫਿਰੋਜ਼ਪੁਰ 120
- ਗੁਰਦਾਸਪੁਰ 140
- ਹੁਸ਼ਿਆਰਪੁਰ 5 5
- ਕਪੂਰਥਲਾ 150
- ਲੁਧਿਆਣਾ 350
- ਮਾਨਸਾ 40
- ਮੋਗਾ 80
- ਮੁਕਤਸਰ 100
- ਪਠਾਨਕੋਟ 550
- ਪਟਿਆਲਾ 150
- ਰੂਪਨਗਰ 155
- ਐਸਏਐਸ ਨਗਰ 520
- ਸੰਗਰੂਰ 124
- ਐਸਬੀਐਸ ਨਗਰ 150
- ਤਰਨ ਤਾਰਨ 250
ਲੇਵਲ 3
- ਕੋਵਿਡ ਹਸਪਤਾਲ
- ਗੰਭੀਰ ਲੱਛਣ ਅਤੇ ਗੰਭੀਰ ਹਾਲਤ ਵਾਲੇ ਮਰੀਜ਼
- ਕੋਵਿਡ ਆਈਸੀਯੂ ਬੈੱਡ, 1,916 (ਸਰਕਾਰੀ 1,006 ਤੇ ਪ੍ਰਾਈਵੇਟ 910)
- ਸਰਕਾਰੀ ਮੈਡੀਕਲ ਕਾਲਜ ਦੇ ਬੈੱਡ 942 ਅਤੇ 64 ਵੈਂਟੀਲੇਟਰ
- ਪ੍ਰਾਈਵੇਟ ਮੈਡੀਕਲ ਕਾਲਜ ਦੇ ਬੈੱਡ 501 ਤੇ 45 ਵੈਂਟੀਲੇਟਰ
- ਪ੍ਰਾਈਵੇਟ ਹਸਪਤਾਲ ਦੇ ਬੈੱਡ 276 ਤੇ 88 ਵੈਂਟੀਲੇਟਰ
ਇਹ ਵੀਡੀਓ ਵੀ ਦੇਖੋ