ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੀ ਸੜਕ ਕਿਨਾਰੇ ਮਦਦ ਦੀ ਗੁਹਾਰ ਲਗਾਉਂਦੇ ਹੋਈ ਮੌਤ

  • ਦੀਪਤੀ ਬਥਿਨੀ
  • ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ
ਤਸਵੀਰ ਕੈਪਸ਼ਨ,

ਜਦੋਂ ਸ੍ਰੀਨਿਵਾਸ ਸੜਕ ਉੱਤੇ ਪਏ ਸਨ ਤਾਂ ਉਨ੍ਹਾਂ ਦੇ ਨਜ਼ਦੀਕ ਕੋਈ ਨਹੀਂ ਜਾ ਰਿਹਾ ਸੀ

"ਕਿਰਪਾ ਕਰਕੇ ਮੇਰੀ ਮਦਦ ਕਰੋ। ਕਿਰਪਾ ਕਰਕੇ ਮੈਨੂੰ ਹਸਪਤਾਲ ਲੈ ਜਾਓ, ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ।'' ਇਹ 60 ਸਾਲਾ ਆਰ ਸ੍ਰੀਨਿਵਾਸ ਦੇ ਆਖਰੀ ਸ਼ਬਦ ਸਨ।

ਸੋਸ਼ਲ ਮੀਡੀਆ ਉੱਤੇ ਸ੍ਰੀਨਿਵਾਸ ਦਾ ਲੋਕਾਂ ਤੋਂ ਮਦਦ ਮੰਗਣ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇੱਕ ਔਰਤ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ ਜੋ ਉਸ ਤੋਂ ਕਈ ਸਵਾਲ ਪੁੱਛ ਰਹੀ ਹੈ। ਵੀਡੀਓ ਵਿੱਚ ਸ੍ਰੀਨਿਵਾਸ ਸਾਹ ਲੈਣ ਵਿੱਚ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ ਤੇ ਵਾਰ-ਵਾਰ ਹਸਪਤਾਲ ਲੈ ਜਾਣ ਦੀ ਗੁਹਾਰ ਕਰ ਰਿਹਾ ਹੈ।

ਤੇਲੰਗਾਨਾ ਦੇ ਮੈਡਕ ਜ਼ਿਲ੍ਹੇ ਵਿੱਚ ਇਹ ਘਟਨਾ ਬੁੱਧਵਾਰ ਨੂੰ ਹੋਈ। ਇਹ ਹੈਦਰਾਬਾਦ ਤੋਂ 70 ਕਿਲੋਮੀਟਰ ਦੂਰ ਹੈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਪਹੁੰਚੀ।

ਉਨ੍ਹਾਂ ਕਿਹਾ, ''ਅਸੀਂ 108 ਉੱਤੇ ਕਾਲ ਕਰਕੇ ਐਂਬੁਲੈਂਸ ਨੂੰ ਸੱਦਿਆ ਸੀ। ਐਂਬੁਲੈਸ ਨੇ ਆਉਣ ਵਿੱਚ ਇੱਕ ਘੰਟਾ ਲਗਾ ਦਿੱਤਾ। ਜਦੋਂ ਐਂਬੂਲੈਂਸ ਇੱਥੇ ਪਹੁੰਚੀ ਤਾਂ ਉਸ ਦੇ ਸਟਾਫ਼ ਨੇ ਕਿਹਾ ਕਿ ਮਰੀਜ਼ ਨੂੰ ਕੋਵਿਡ-19 ਦੇ ਲੱਛਣ ਹਨ ਅਤੇ ਉਨ੍ਹਾਂ ਕੋਲ ਪੀਪੀਈ ਕਿੱਟ ਨਹੀਂ ਹੈ ਇਸ ਲਈ ਦੂਜੀ ਐਂਬੁਲੈਂਸ ਸੱਦੀ ਜਾਵੇ। ਜਦੋਂ ਤੱਕ ਦੂਜੀ ਐਂਬੁਲੈਂਸ ਆਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।''

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 1 ਜੂਨ 2022, 2:54 ਬਾ.ਦੁ. IST

ਜਾਂਚ ਵਿੱਚ ਪਤਾ ਲਗਿਆ ਕਿ ਮੌਕੇ ਉੱਤੇ ਪਹੁੰਚੀ ਐਂਬੁਲੈਂਸ ਕੋਲ ਪੀਪੀਈ ਕਿੱਟ ਸੀ ਪਰ ਮਰੀਜ਼ ਨੂੰ ਕੋਵਿਡ ਹੋਣ ਦੇ ਡਰ ਕਾਰਨ ਸਟਾਫ ਵਿੱਚ ਡਰ ਸੀ ਅਤੇ ਉੱਥੇ ਮਰੀਜ਼ ਲਈ ਪੀਪੀਈ ਕਿੱਟ ਨਹੀਂ ਸੀ।

'ਦੇਰੀ ਹੋਣ ਕਰਕੇ ਜਾਨ ਗਈ'

ਮੈਡਕ ਦੇ ਮੈਡੀਕਲ ਐਂਡ ਹੈਲਥ ਅਫ਼ਸਰ ਵੈਂਕਟੇਸ਼ਵਰ ਰਾਓ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਨੇ ਸ੍ਰੀਨਿਵਾਸਨ ਬਾਬੂ ਦੀ ਪਤਨੀ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਹੈਦਰਾਬਾਦ ਵਿੱਚ ਈਸਟ ਮੈਰੇਡਪੱਲੀ ਦੇ ਰਹਿਣ ਵਾਲੇ ਹਨ।

ਤਸਵੀਰ ਕੈਪਸ਼ਨ,

ਸ੍ਰੀਨਿਵਾਸ ਦੀ ਧੀ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਤੇ ਉਸ ਨੂੰ ਤਾਂ ਆਪਣੇ ਪਿਤਾ ਦੀ ਮੌਤ ਬਾਰੇ ਵੀ ਨਹੀਂ ਪਤਾ

ਡਾ. ਵੈਂਕਟੇਸ਼ਵਰ ਰਾਓ ਨੇ ਕਿਹਾ, ''ਅਜਿਹਾ ਲਗਦਾ ਹੈ ਕਿ ਸ੍ਰੀਨਿਵਾਸ ਸਰਕਾਰੀ ਬੱਸ ਵਿੱਚ ਹੈਦਰਾਬਾਦ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਨੂੰ ਬੇਚੈਨੀ ਦੀ ਸ਼ਿਕਾਇਤ ਹੋਈ ਸੀ। ਉਨ੍ਹਾਂ ਨੇ ਖੁਦ ਨੂੰ ਨਜ਼ਦੀਕ ਦੇ ਹਸਪਤਾਲ ਛੱਡਣ ਲਈ ਕਿਹਾ।''

''ਚੇਗੁੰਟਾ ਵਿੱਚ ਬੱਸ ਨੇ ਉਨ੍ਹਾਂ ਨੂੰ ਡਿਸਪੈਂਸਰੀ ਨੇੜੇ ਉਤਾਰ ਦਿੱਤਾ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਨੇ ਐਂਬੁਲੈਂਸ ਨੂੰ ਬੁਲਾ ਲਿਆ।''

''ਉਸ ਤੋਂ ਪਹਿਲਾਂ ਡਿਸਪੈਂਸਰੀ ਵਿੱਚ ਨਰਸ ਨੇ ਉਨ੍ਹਾਂ ਨੂੰ ਇੰਜੈਕਸ਼ਨ ਤੇ ਦਵਾਈਆਂ ਦਿੱਤੀਆਂ ਸਨ। ਐਂਬੁਲੈਂਸ ਨੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਛੱਡਣਾ ਸੀ ਪਰ ਹਸਪਤਾਲ ਵਿੱਚ ਛੱਡਣ ਵਿੱਚ ਦੇਰੀ ਹੋਣ ਕਰਕੇ ਉਨ੍ਹਾਂ ਦੀ ਜਾਨ ਚਲੀ ਗਈ।''

ਤੇਲੰਗਾਨਾ ਵਿੱਚ ਜੀਵੀਕੇ ਈਐੱਮਆਰਆਈ ਦੇ ਨਾਲ ਮਿਲ ਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ 108 ਐਂਬੁਲੈਂਸ ਸੇਵਾ ਚਲਾਈ ਜਾਂਦੀ ਹੈ।

ਡਾਕਟਰ ਵੈਂਕਟੇਸ਼ਵਰ ਰਾਓ ਕਹਿੰਦੇ ਹਨ, ''ਕੇਵਲ ਮੈਂਡਕ ਜ਼ਿਲ੍ਹੇ ਵਿੱਚ ਅੱਠ 108 ਐਂਬੁਲੈਂਸ ਹਨ। ਅਸੀਂ ਦੋ ਐਂਬੁਲੈਂਸ ਕੋਵਿਡ-19 ਲਈ ਰੱਖੀਆਂ ਹਨ। ਬਾਕੀ ਦੀ 6 ਰੈਗੁਲਰ ਐਮਰਜੈਂਸੀ ਲਈ ਹਨ। ਇਹ ਜੀਵੀਕੇ ਈਐੱਮਆਰਆਈ ਦੀ ਜ਼ਿੰਮੇਵਾਰੀ ਹੈ ਕਿ ਉਹ 108 ਦੇ ਸਟਾਫ ਨੂੰ ਪੀਪੀਈ ਕਿਟ ਮੁਹੱਈਆ ਕਰਵਾਏ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ 100 ਕਿੱਟਾਂ ਦਿੱਤੀਆਂ ਹਨ।''

''108 ਦੀ ਡਿਊਟੀ ਹੈ ਕਿ ਉਹ ਮੁੱਢਲਾ ਇਲਾਜ ਮੁਹੱਈਆ ਕਰਵਾਏ ਅਤੇ ਕੀਮਤੀ ਵਕਤ ਖਰਾਬ ਨਾ ਕਰਦੇ ਹੋਏ ਹਸਪਤਾਲ ਲੈ ਜਾਣ। ਮੈਨੂੰ ਨਹੀਂ ਪਤਾ ਕਿ ਐਂਬੁਲੈਂਸ ਕੋਲ ਪੀਪੀਈ ਕਿੱਟ ਕਿਉਂ ਨਹੀਂ ਸੀ। ਮਰੀਜ਼ ਨੂੰ ਲੈਣ ਜਾਣ ਤੋਂ ਮਨਾ ਕਰਨ ਵਾਲੇ 108 ਦੇ ਡਰਾਈਵਰ ਅਤੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਨੂੰ ਮੈਂ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਹਨ।''

'ਕਲਿਆਣੀ ਸਭ ਕੁਝ ਖ਼ਤਮ ਹੋ ਗਿਆ'

ਬੀਬੀਸੀ ਨੇ ਐਂਬੁਲੈਂਸ ਦੇ ਡਰਾਇਵਰ ਅਤੇ ਟੈਕਨੀਸ਼ੀਅਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਦੋ ਪੀਪੀਈ ਕਿੱਟਾਂ ਸਨ।

ਉਨ੍ਹਾਂ ਨੇ ਕਿਹਾ, ''ਅਸੀਂ ਘਟਨਾ ਵਾਲੀ ਥਾਂ ਉੱਤੇ 30 ਮਿੰਟਾਂ ਵਿੱਚ ਪਹੁੰਚ ਗਏ ਸੀ। ਜਦੋਂ ਅਸੀਂ ਪਹੁੰਚੇ ਤਾਂ ਉੱਥੇ ਪੁਲਿਸ, ਡਿਸਪੈਂਸਰੀ ਦੀ ਨਰਸ ਅਤੇ ਹੋਰ ਸਟਾਫ਼ ਸੀ। ਜਦੋਂ ਅਸੀਂ ਨਰਸ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਰੀਜ਼ ਕੋਵਿਡ-19 ਦਾ ਮਰੀਜ਼ ਲਗ ਰਿਹਾ ਹੈ।''

ਤਸਵੀਰ ਕੈਪਸ਼ਨ,

ਸ੍ਰੀਨਿਵਾਸ ਦੀ ਪਤਨੀ ਅਨੁਸਾਰ ਹੁਣ ਪਤੀ ਤੋਂ ਬਿਨਾਂ ਜ਼ਿੰਦਗੀ ਵਿੱਚ ਕਈ ਚੁਣੌਤੀਆਂ ਹਨ

''ਕੋਈ ਵੀ ਉਨ੍ਹਾਂ ਦੇ ਕੋਲ ਨਹੀਂ ਜਾ ਰਿਹਾ ਸੀ। ਉਨ੍ਹਾਂ ਕੋਲ ਮਾਸਕ ਤੇ ਗਲੱਬਸ ਸਨ। ਅਸੀਂ ਵੀ ਡਰੇ ਹੋਏ ਸੀ ਕਿਉਂਕਿ ਅਸੀਂ ਵੀ ਕੋਰੋਨਾ ਦਾ ਕੋਈ ਵੀ ਮਾਮਲਾ ਨਹੀਂ ਦੇਖਿਆ ਸੀ। ਸਾਡੇ ਕੋਲ ਦੋ ਪੀਪੀਈ ਕਿੱਟਾਂ ਸਨ।''

''ਜੇ ਅਸੀਂ ਉਨ੍ਹਾਂ ਨੂੰ ਲੈ ਜਾਂਦੇ ਤਾਂ ਸਾਡੇ ਕੋਲ ਐਂਬੁਲੈਂਸ ਨੂੰ ਸੈਨੀਟਾਈਜ਼ ਕਰਨ ਵਾਸਤੇ ਸੈਨੀਟਾਈਜ਼ਰ ਵੀ ਨਹੀਂ ਸੀ ਇਸ ਲਈ ਅਸੀਂ ਆਪਣੇ ਸੀਨੀਅਰ ਅਫ਼ਸਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕੋਵਿਡ ਵਾਲੀ ਐਂਬੁਲੈਂਸ ਭੇਜਣ ਲਈ ਕਿਹਾ ਅਤੇ ਅਸੀਂ ਉੱਥੋਂ ਚੱਲੇ ਗਏ।''

ਸ੍ਰੀਨਿਵਾਸਨ ਬਾਬੂ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੈਦਰਾਬਾਦ ਵਿੱਚ ਉਨ੍ਹਾਂ ਦਾ ਪਰਿਵਾਰ ਸਦਮੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਹਨ। 26 ਸਾਲਾ ਸ਼ਵੇਤਾ ਮਾਨਸਿਕ ਰੂਪ ਨਾਲ ਕਮਜ਼ੋਰ ਹੈ।

ਉਨ੍ਹਾਂ ਦੀ ਪਤਨੀ ਦੁਪਹਿਰ ਨੂੰ ਆਏ ਫੋਨ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, ''ਕਲਿਆਣੀ ਸਭ ਕੁਝ ਖ਼ਤਮ ਹੋ ਗਿਆ। ਮੈਨੂੰ ਲਗਦਾ ਹੈ ਕਿ ਮੇਰੇ ਕੋਲ ਕੇਵਲ ਪੰਜ ਮਿੰਟ ਹਨ। ਐਂਬੁਲੈਂਸ ਨਹੀਂ ਆਵੇਗੀ। ਤੁਸੀਂ ਮੇਰੇ ਤੋਂ ਬਹੁਤ ਦੂਰ ਹੋ। ਮੇਰੇ ਪਿਤਾ ਤੇ ਬੱਚਿਆਂ ਦਾ ਧਿਆਨ ਰੱਖਣਾ। ਹੁਣ ਸਭ ਕੁਝ ਖ਼ਤਮ ਹੋ ਗਿਆ ਹੈ।''

ਤਸਵੀਰ ਸਰੋਤ, ugc video

ਇਹ ਕਹਿੰਦੇ ਹੋਏ ਕਲਿਆਣੀ ਰੋ ਦਿੰਦੀ ਹੈ ਅਤੇ ਸਵਾਲ ਕਰਦੀ ਹੈ, ''ਮੇਰੀ ਧੀ ਆਪਣੇ ਪਿਤਾ ਦੇ ਬਿਨਾਂ ਨਹੀਂ ਸੌਂਦੀ ਹੈ। ਉਹ ਅਜਿਹੀ ਹਾਲਾਤ ਵਿੱਚ ਹੈ ਜਿੱਥੇ ਉਸ ਨੂੰ ਪਤਾ ਨਹੀਂ ਕਿ ਉਸ ਦੇ ਪਿਤਾ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ। ਹੁਣ ਮੈਂ ਇਕੱਲੀ ਇਸ ਦਾ ਖ਼ਿਆਲ ਕਿਵੇਂ ਰੱਖਾਂਗੀ?''

ਸ੍ਰੀਨਿਵਾਸ ਬਾਬੂ ਦੇ ਪੁੱਤਰ ਭਾਨੁ ਚੰਦ ਕਹਿੰਦੇ ਹਨ, ''ਵੀਡੀਓ ਵੇਖਣ ਮਗਰੋਂ ਮੈਨੂੰ ਕਿਸ ਨੂੰ ਦੋਸ਼ ਦੇਣਾ ਚਾਹੀਦਾ ਹੈ?ਅਜਿਹਾ ਲਗਦਾ ਹੈ ਕਿ ਹੁਣ ਕਿਸੇ ਵਿੱਚ ਕੋਈ ਕਦਰਾਂ ਕੀਮਤਾਂ ਨਹੀਂ ਬਚੀਆਂ ਹਨ। ਜਦੋਂ ਮਹਾਂਮਾਰੀ ਵਿਚਾਲੇ ਇੱਕ ਐਂਬੁਲੈਂਸ ਸੱਦੀ ਜਾਂਦੀ ਹੈ ਤਾਂ ਉਸ ਕੋਲ ਪੀਪੀਈ ਕਿੱਟ ਨਹੀਂ ਹੁੰਦੀ ਹੈ। ਕੀ ਇਹ ਮਜ਼ਾਕ ਹੈ, ਸਾਰੀਆਂ 'ਤਿਆਰੀਆਂ' ਆਖਿਰ ਕਿੱਥੇ ਗਈਆਂ?''

ਅਸੀਂ ਜੀਵੀਕੇ ਈਐੱਮਆਰਆਈ ਦੇ ਸੀਓਓ ਪੀ ਬ੍ਰਹਮਾਨੰਦ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਅਧੀਨ 108 ਐਂਬੁਲੈਂਸ ਆਉਂਦੀ ਹੈ।

ਉਨ੍ਹਾਂ ਨੇ ਕਿਹਾ, 'ਸੂਬੇ ਵਿੱਚ 351 ਐਂਬੁਲੈਂਸ ਹਨ ਜਿਨ੍ਹਾਂ ਵਿੱਚ 92 ਨੂੰ ਕੋਵਿਡ-19 ਲਈ ਸੇਵਾ ਵਿੱਚ ਲਗਾਇਆ ਹੋਇਆ ਹੈ। ਇਨ੍ਹਾਂ ਵਿੱਚ 30 ਗ੍ਰੇਟਰ ਹੈਦਰਾਬਾਦ ਅਤੇ ਬਾਕੀ 62 ਹੋਰ ਜ਼ਿਲ੍ਹਿਆਂ ਵਿੱਚ ਹਨ।''

''ਇਨ੍ਹਾਂ ਐਂਬੁਲੈਂਸਾਂ ਵਿੱਚ 10 ਪੀਪੀਈ ਅਤੇ ਸੈਨੀਟਾਈਜ਼ਰ ਦਿੱਤੇ ਗਏ ਹਨ। ਬਾਕੀ ਦੀ ਐਂਬੁਲੈਂਸ ਰੇਗੁਲਰ ਐਮਰਜੈਂਸੀ ਲਈ ਹਨ ਜਿਨ੍ਹਾਂ ਵਿੱਚ ਚਾਰ ਪੀਪੀਈ ਕਿੱਟਾਂ ਹਨ।''

ਤਸਵੀਰ ਕੈਪਸ਼ਨ,

ਸ੍ਰੀਨਿਵਾਸ ਦੇ ਪੁੱਤਰ ਨੂੰ ਲਗਦਾ ਹੈ ਕਿ ਹੁਣ ਸਮਾਜ ਵਿੱਚ ਕਦਰਾਂ ਕੀਮਤਾਂ ਨਹੀਂ ਬਚੀਆਂ ਹਨ

ਉਨ੍ਹਾਂ ਨੇ ਕਿਹਾ, ''ਸਾਨੂੰ ਨਹੀਂ ਪਤਾ ਕਿ ਸਟਾਫ ਨੇ ਪੀਪੀਈ ਕਿੱਟ ਦਾ ਇਸਤੇਮਾਲ ਕਿਉਂ ਨਹੀਂ ਕੀਤਾ। ਸਾਹ ਨਾਲ ਜੁੜੀਆਂ ਸਾਰੀਆਂ ਦਿੱਕਤਾਂ ਕੋਵਿਡ ਹੋਣ ਇਹ ਜ਼ਰੂਰੀ ਨਹੀਂ ਹੈ। ਕੋਵਿਡ ਮਰੀਜ਼ ਸਮਝ ਕੇ ਉਸ ਨੂੰ ਸ਼ਿਫਟ ਨਹੀਂ ਕਰਨਾ ਗ਼ਲਤੀ ਹੈ।''

''ਅਸੀਂ ਆਪਣੇ ਸਟਾਫ ਨੂੰ ਪੀਪੀਈ ਕਿੱਟ ਦਾ ਇਸਤੇਮਾਲ ਕਰਨ ਅਤੇ ਉਸ ਨੂੰ ਡਿਸਪੋਜ਼ ਕਰਨ ਦੀ ਟਰੇਨਿੰਗ ਦਿੱਤੀ ਹੈ।''

''ਅਸੀਂ ਡਰਾਈਵਰ ਤੇ ਟੈਕਨੀਸ਼ੀਅਨ ਦੇ ਖਿਲਾਫ਼ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦਾ ਹੈਦਰਾਬਾਦ ਟਰਾਂਸਫਰ ਕਰ ਦਿੱਤਾ ਹੈ।''

ਮ੍ਰਿਤਕਾਂ ਦਾ ਨਹੀਂ ਹੁੰਦਾ ਟੈਸਟ

ਉੱਧਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਾਫੀ ਪੀਪੀਈ ਕਿੱਟਾਂ ਹਨ। ਹਾਈ ਕੋਰਟ ਵਿੱਚ ਪਬਲਿਕ ਹੈਲਥ ਦੇ ਡਾਇਰੈਕਟਰ ਨੇ ਰਿਪੋਰਟ ਫਾਇਲ ਕੀਤੀ ਸੀ ਕਿ 2 ਜੂਨ ਤੱਕ ਉਨ੍ਹਾਂ ਕੋਲ 7 ਲੱਖ ਪੀਪੀਈ ਕਿੱਟਾਂ ਸਨ।

ਹਾਲਾਂਕਿ ਕੋਰਟ ਨੇ ਕਿਹਾ ਸੀ ਕਿ ਪੀਪੀਈ ਦਾ ਸਟਾਕ ਕਿੰਨਾ ਹੈ ਇਹ ਜਾਣਨਾ ਜ਼ਰੂਰੀ ਨਹੀਂ ਹੈ।

ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਲਈ ਸ੍ਰੀਨਿਵਾਸ ਦਾ ਕੋਈ ਸੈਂਪਲ ਨਹੀਂ ਲਿਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮ੍ਰਿਤ ਲੋਕਾਂ ਦਾ ਕੋਰੋਨਾ ਟੈਸਟ ਨਹੀਂ ਕਰ ਰਹੇ ਹਨ।

ਹਾਲਾਂਕਿ ਤੇਲੰਗਾਨਾ ਹਾਈ ਕੋਰਟ ਨੇ ਮ੍ਰਿਤ ਲੋਕਾਂ ਦਾ ਕੋਵਿਡ -19 ਟੈਸਟ ਕਰਵਾਉਣ ਦਾ ਹੁਕਮ ਦਿੱਤਾ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਹਾਈ ਕੋਰਟ ਦਾ ਅਜਿਹਾ ਹੁਕਮ ਲਾਗੂ ਕਰਵਾਉਣਾ ਕਾਫੀ ਮੁਸ਼ਕਿਲ ਹੈ।

ਉਨ੍ਹਾਂ ਅਨੁਸਾਰ ਸੂਬੇ ਵਿੱਚ ਲੋਕ ਵੱਖ-ਵੱਖ ਕਾਰਨਾਂ ਕਰਕੇ 900 ਤੋਂ 1000 ਲੋਕ ਮਰਦੇ ਹਨ। ਇਹ ਸੰਭਵ ਨਹੀਂ ਹੈ ਕਿ ਸਾਰਿਆਂ ਦਾ ਟੈਸਟ ਕੀਤਾ ਜਾਵੇ।

ਸੂਬਾ ਸਰਕਾਰ ਨੇ ਹਾਈ ਕੋਰਟ ਦੇ ਆਦੇਸ਼ਨ ਉੱਤੇ ਰੋਕ ਰੋਕ ਲਗਾਉਣ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ।

ਸ੍ਰੀਨਿਵਾਸ ਦੀ ਮੌਤ ਕੋਵਿਡ-19 ਨਾਲ ਹੋਈ ਹੈ ਜਾਂ ਕਿਸੇ ਸਾਹ ਦੀ ਬਿਮਾਰੀ ਕਰਕੇ, ਇਸ ਬਾਰੇ ਪਤਾ ਨਹੀਂ ਲਗ ਸਕਿਆ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)