ਕੋਰੋਨਾਵਾਇਰਸ: ਹਰਡ ਕਮਿਊਨਿਟੀ ਤੇ ਕਮਿਊਨਿਟੀ ਸਪਰੈਡ ਕੀ ਹਨ ਤੇ ਇਸ ਨਾਲ ਮਹਾਮਾਰੀ ਕੀ ਰੁਖ ਲਵੇਗੀ

ਭਾਰਤ ਸਰਕਾਰ ਨੇ ਅਜੇ ਤੱਕ ਕਮਿਊਨਿਟੀ ਸਪਰੈਡ ਵਾਲੇ ਪੱਧਰ ਦੇ ਹਾਲਾਤ ਹੋਣਾ ਨਹੀਂ ਮੰਨਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭਾਰਤ ਸਰਕਾਰ ਨੇ ਅਜੇ ਤੱਕ ਕਮਿਊਨਿਟੀ ਸਪਰੈਡ ਵਾਲੇ ਪੱਧਰ ਦੇ ਹਾਲਾਤ ਹੋਣਾ ਨਹੀਂ ਮੰਨਿਆ ਹੈ

ਕੋਰੋਨਾਵਾਇਰਸ ਦੀ ਗਿਣਤੀ ਗਲੋਬਲ ਪੱਧਰ ਉੱਤੇ ਡੇਢ ਕਰੋੜ ਨੇੜੇ ਪਹੁੰਚ ਗਈ ਹੈ ਅਤੇ ਭਾਰਤ ਵਿਚ 11 ਲੱਖ ਤੋਂ ਪਾਰ ਹੋ ਚੁੱਕੀ ਹੈ।

ਭਾਰਤ ਵਿਚ ਹੁਣ ਬਿਮਾਰੀ ਦੇ ਕਈ ਸੂਬਿਆਂ ਵਿਚ ਕਮਿਊਨਿਟੀ ਸਪਰੈਡ ਸ਼ੁਰੂ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ, ਜਿਸ ਤੋਂ ਭਾਰਤ ਪਹਿਲਾਂ ਇਨਕਾਰੀ ਸੀ।

ਇੰਨੀ ਵੱਡੀ ਗਿਣਤੀ ਵਿੱਚ ਬਿਮਾਰੀ ਦੇ ਫੈਲਣ ਤੋਂ ਬਾਅਦ, ਹੁਣ ਸਮਾਜਿਕ ਫੈਲਾਅ (ਕਮਿਊਨਿਟੀ ਸਪਰੈਡ) ਦੇ ਨਾਲ ਨਾਲ ਹਰਡ ਇਮਿਊਨਟੀ ਦੇ ਪ੍ਰਸ਼ਨ ਸਾਹਮਣੇ ਆਉਣ ਲੱਗੇ ਹਨ।

ਹਾਲਾਂਕਿ, ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ ਵਿੱਚ ਅਜੇ ਸਮਾਜਿਕ ਫੈਲਾਅ ਦੇ ਹਾਲਤ ਨਹੀਂ ਆਏ ਹਨ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਸਮਾਜਿਕ ਫੈਲਾਅ ਕੀ ਹੈ?

ਸਮਾਜਿਕ ਫੈਲਾਅ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਲਾਗ ਵਾਲੇ ਮਰੀਜ਼ ਦੇ ਸੰਪਰਕ ਵਿੱਚ ਆਏ ਬਿਨਾਂ ਜਾਂ ਵਾਇਰਸ ਨਾਲ ਪ੍ਰਭਾਵਿਤ ਕਿਸੇ ਦੇਸ਼ ਦੀ ਯਾਤਰਾ ਕੀਤੇ ਬਗੈਰ ਹੀ ਕੋਰੋਨਾ ਦਾ ਸ਼ਿਕਾਰ ਹੋ ਜਾਂਦਾ ਹੈ।

ਇਹ ਲਾਗ ਦਾ ਤੀਜਾ ਪੜਾਅ ਹੁੰਦਾ ਹੈ। ਇਸ ਪੜਾਅ ਤੋਂ ਬਾਅਦ, ਵੱਡੇ ਪੱਧਰ 'ਤੇ ਲਾਗ ਦੇ ਫੈਲਣ ਦੀ ਸੰਭਾਵਨਾ ਬਣ ਜਾਂਦੀ ਹੈ।

ਸਮਾਜਿਕ ਫੈਲਾਅ ਕਿਵੇਂ ਹੁੰਦਾ ਹੈ?

ਆਈਸੀਐਮਆਰ ਦੇ ਅਨੁਸਾਰ, ਕੋਰੋਨਾਵਾਇਰਸ ਫੈਲਣ ਦੇ ਚਾਰ ਪੜਾਅ ਹਨ।

ਪਹਿਲੇ ਪੜਾਅ ਵਿੱਚ, ਉਹ ਲੋਕ ਕੋਰੋਨਾਵਾਇਰਸ ਨਾਲ ਪੀੜਤ ਪਾਏ ਗਏ, ਜੋ ਕਿਸੇ ਹੋਰ ਦੇਸ਼ ਤੋਂ ਲਾਗ ਲੱਗਣ ਮਗਰੋਂ ਭਾਰਤ ਆਏ ਸਨ। ਇਹ ਪੜਾਅ ਭਾਰਤ ਪਾਰ ਕਰ ਚੁੱਕਿਆ ਹੈ ਕਿਉਂਕਿ ਅਜਿਹੇ ਲੋਕਾਂ ਕਰਕੇ ਭਾਰਤ ਵਿੱਚ ਹੁਣ ਸਥਾਨਕ ਤੌਰ 'ਤੇ ਲਾਗ ਫੈਲ ਚੁੱਕਿਆ ਹੈ।

ਦੂਜੇ ਪੜਾਅ ਵਿੱਚ, ਲਾਗ ਸਥਾਨਕ ਪੱਧਰ 'ਤੇ ਫੈਲਦਾ ਹੈ, ਪਰ ਇਹ ਉਹ ਲੋਕ ਹਨ ਜੋ ਕਿਸੇ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਣ ਜੋ ਵਿਦੇਸ਼ ਯਾਤਰਾ ਕਰਕੇ ਪਰਤਿਆ ਹੋਵੇ।

ਤੀਸਰਾ ਪੜਾਅ ਸਮਾਜਿਕ ਫੈਲਾਅ ਦਾ ਹੁੰਦਾ ਹੈ। ਇਸ ਪੜਾਅ ਵਿੱਚ ਬਿਮਾਰੀ ਦੇ ਸਰੋਤ ਦਾ ਲੱਭਣਾ ਮੁਸ਼ਕਲ ਹੋ ਜਾਂਦਾ ਹੈ।

ਬਿਮਾਰੀ ਦਾ ਚੌਥਾ ਪੜਾਅ ਵੀ ਹੁੰਦਾ ਹੈ, ਜਦੋਂ ਲਾਗ ਸਥਾਨਕ ਤੌਰ 'ਤੇ ਮਹਾਂਮਾਰੀ ਦਾ ਰੂਪ ਲੈ ਲੈਂਦਾ ਹੈ।

ਤਸਵੀਰ ਸਰੋਤ, Getty Images

ਹਰਡ ਇਮਿਊਨਟੀ ਕੀ ਹੁੰਦੀ ਹੈ?

ਜਦੋਂ ਕੋਈ ਬਿਮਾਰੀ ਆਬਾਦੀ ਦੇ ਵੱਡੇ ਹਿੱਸੇ ਵਿੱਚ ਫੈਲ ਜਾਂਦੀ ਹੈ ਅਤੇ ਮਨੁੱਖ ਦੀ ਰੋਗ ਪ੍ਰਤੀਰੋਧਕ ਸ਼ਕਤੀ ਉਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰਦੀ ਹੈ। ਜੋ ਲੋਕ ਬਿਮਾਰੀ ਨਾਲ ਲੜਦੇ ਹਨ ਅਤੇ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਉਹ ਇਸ ਬਿਮਾਰੀ ਤੋਂ 'ਇਮਿਊਨ' ਹੋ ਜਾਂਦੇ ਹਨ।

ਭਾਵ, ਉਨ੍ਹਾਂ ਵਿੱਚ ਬਿਮਾਰੀ ਨਾਲ ਲੜਨ ਦੀ ਸਮਰਥਾ ਬਣ ਜਾਂਦੀ ਹੈ। ਉਨ੍ਹਾਂ ਵਿੱਚ ਵਾਇਰਸ ਦਾ ਮੁਕਾਬਲਾ ਕਰਨ ਲਈ ਸਮਰੱਥ ਐਂਟੀਬਾਡੀਜ਼ ਬਣ ਜਾਂਦੇ ਹਨ।

ਕਿਵੇਂ ਹੁੰਦੀ ਹੈ ਹਰਡ ਇਮਿਊਨਟੀ?

ਸਮੇਂ ਦੇ ਨਾਲ ਜਿਵੇਂ ਜ਼ਿਆਦਾ ਲੋਕ ਇਮਿਊਨ ਹੋ ਜਾਂਦੇ ਹਨ, ਉਸ ਨਾਲ ਲਾਗ ਫੈਲਣ ਦਾ ਜੋਖ਼ਮ ਘੱਟ ਜਾਂਦਾ ਹੈ। ਇਹ ਅਸਿੱਧੇ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਨਾ ਤਾਂ ਪੀੜਤ ਹੁੰਦੇ ਹਨ ਅਤੇ ਨਾ ਹੀ ਉਸ ਬਿਮਾਰੀ ਲਈ ਉਨ੍ਹਾਂ ਵਿੱਚ 'ਇਮਿਊਨ' ਹੁੰਦਾ ਹਨ।

ਅਮਰੀਕਨ ਹਾਰਟ ਐਸੋਸੀਏਸ਼ਨ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਐਡੁਆਰਡੋ ਸਨਚੇਜ਼ ਨੇ ਆਪਣੇ ਬਲਾਗ ਵਿਚ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।

ਉਹ ਲਿਖਦੇ, "ਜੇ ਮਨੁੱਖਾਂ ਦਾ ਝੁੰਡ (ਅੰਗਰੇਜ਼ੀ ਵਿੱਚ ਹਰਡ) ਦੇ ਜ਼ਿਆਦਾਤਰ ਲੋਕ ਵਾਇਰਸ ਤੋਂ ਇਮਿਊਨ ਹੋ ਜਾਂਦੇ ਹਨ, ਤਾਂ ਵਾਇਰਸ ਲਈ ਝੁੰਡ ਦੇ ਵਿੱਚ ਮੌਜੂਦ ਹੋਰ ਲੋਕਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਇੱਕ ਪੁਆਇੰਟ ਦੇ ਮਗਰੋਂ ਇਸ ਦਾ ਫੈਲਣਾ ਰੁਕ ਜਾਂਦਾ ਹੈ।"

"ਪਰ ਇਸ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ। ਨਾਲੇ ਹਰਡ ਇਮਿਊਨਟੀ ਦਾ ਵਿਚਾਰ ਆਮ ਤੌਰ 'ਤੇ ਉਦੋਂ ਆਉਂਦਾ ਹੈ ਜਦੋਂ ਟੀਕਾਕਰਨ ਪ੍ਰੋਗਰਾਮ ਦੀ ਸਹਾਇਤਾ ਨਾਲ ਕਮਜ਼ੋਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਲਿਆ ਜਾਂਦਾ ਹੈ।"

ਤਸਵੀਰ ਸਰੋਤ, Getty Images

ਇੱਕ ਅਨੁਮਾਨ ਦੇ ਮੁਤਾਬਕ ਕਿਸੇ ਭਾਈਚਾਰੇ ਵਿੱਚ ਕੋਵਿਡ -19 ਦੇ ਵਿਰੁੱਧ 'ਹਰਡ ਇਮਿਊਨਟੀ' ਉਦੋਂ ਹੀ ਵਿਕਸਤ ਹੋ ਸਕਦੀ ਹੈ ਜਦੋਂ ਲਗਭਗ 60% ਵਸੋਂ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੀ ਹੋਵੇ ਅਤੇ ਉਹ ਇਸ ਨਾਲ ਲੜ੍ਹ ਕੇ ਇਮਿਊਨ ਹੋ ਵੀ ਚੁੱਕੇ ਹੋਣ।

ਪਰ ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਹਰਡ ਇਮਿਊਨਟੀ ਦੇ ਪੱਧਰ 'ਤੇ ਪਹੁੰਚਣ ਲਈ ਲਗਭਗ 80% ਆਬਾਦੀ ਦੇ ਇਮਿਊਨ ਹੋਣ ਦੀ ਜ਼ਰੂਰਤ ਹੁੰਦੀ ਹੈ। ਜੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੇ ਬਾਅਦ ਵੀ ਹਰ ਪੰਜ ਵਿੱਚੋਂ ਚਾਰ ਵਿਅਕਤੀ ਪੀੜਤ ਨਹੀਂ ਹੁੰਦੇ ਹਨ, ਤਾਂ ਲਾਗ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।

ਹਾਲਾਂਕਿ, ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਬਿਮਾਰੀ ਕਿੰਨੀ ਤੇਜ਼ੀ ਨਾਲ ਫੈਲਣ ਵਾਲੀ ਹੈ। ਆਮ ਤੌਰ 'ਤੇ 70 ਤੋਂ 90% ਆਬਾਦੀ ਦਾ ਹਰਡ ਇਮਿਊਨਟੀ ਦੇ ਪੱਧਰ ਤੱਕ ਪਹੁੰਚਣ ਲਈ ਇਮਿਊਨ ਹੋਣਾ ਜ਼ਰੂਰੀ ਹੈ।

ਖਸਰਾ, ਪੋਲੀਓ ਅਤੇ ਚਿਕਨ ਪੋਕਸ ਕੁਝ ਛੂਤ ਵਾਲੀਆਂ ਬਿਮਾਰੀਆਂ ਹਨ ਜੋ ਪਹਿਲਾਂ ਬਹੁਤ ਆਮ ਹੁੰਦੀਆਂ ਸਨ। ਪਰ ਹੁਣ ਅਮਰੀਕਾ ਵਰਗੀਆਂ ਥਾਵਾਂ 'ਤੇ ਇਹ ਬਹੁਤ ਘੱਟ ਮਿਲਦੀਆਂ ਹਨ ਕਿਉਂਕਿ ਵੈਕਸੀਨ ਦੀ ਸਹਾਇਤਾ ਨਾਲ ਹਰਡ ਇਮਿਊਨਟੀ ਦੇ ਪੱਧਰ 'ਤੇ ਪਹੁੰਚਣ ਵਿੱਚ ਸਹਾਇਤਾ ਮਿਲੀ ਹੈ।

ਤਸਵੀਰ ਸਰੋਤ, Getty Images

ਜੇ ਕੋਈ ਛੂਤ ਵਾਲੀ ਬਿਮਾਰੀ ਹੈ ਜਿਸ ਦੀ ਟੀਕਾ ਤਿਆਰ ਨਹੀਂ ਹੋਇਆ ਹੈ, ਪਰ ਬਾਲਗਾਂ ਵਿੱਚ ਇਸ ਬਿਮਾਰੀ ਨੂੰ ਲੈਕੇ ਪਹਿਲਾਂ ਹੀ ਇਮਿਊਨਟੀ ਬਣੀ ਹੋਈ ਹੈ, ਤਾਂ ਵੀ ਇਹ ਬਿਮਾਰੀ ਬੱਚਿਆਂ ਜਾਂ ਕਮਜ਼ੋਰ ਪ੍ਰਤੀਰੋਧੀ ਪ੍ਰਣਾਲੀ ਵਾਲੇ ਲੋਕਾਂ ਨੂੰ ਪੀੜਤ ਕਰ ਸਕਦੀ ਹੈ।

ਉੱਪਰ ਦੱਸੀਆਂ ਕਈ ਬਿਮਾਰੀਆਂ ਦੇ ਮਾਮਲਿਆਂ ਵਿੱਚ, ਇਹ ਵੈਕਸੀਨ ਬਣਾਉਣ ਤੋਂ ਪਹਿਲਾਂ ਦੇਖਿਆ ਜਾ ਚੁੱਕਿਆ ਹੈ।

ਕੁਝ ਹੋਰ ਵਾਇਰਸ ਜਿਵੇਂ ਫਲੂ ਵਾਇਰਸ ਸਮੇਂ ਦੇ ਨਾਲ ਬਦਲ ਜਾਂਦੇ ਹਨ, ਇਸ ਲਈ ਪੁਰਾਣੇ ਐਂਟੀਬਾਡੀਜ਼ ਜੋ ਮਨੁੱਖੀ ਸਰੀਰ ਵਿੱਚ ਤਿਆਰ ਹੁੰਦੀਆਂ ਹਨ ਕੰਮ ਨਹੀਂ ਕਰਦੀਆਂ ਅਤੇ ਵਿਅਕਤੀ ਦੁਬਾਰਾ ਲਾਗ ਦਾ ਸ਼ਿਕਾਰ ਹੋ ਜਾਂਦਾ ਹੈ।

ਫਲੂ ਦੇ ਮਾਮਲੇ ਵਿੱਚ, ਇਹ ਤਬਦੀਲੀ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਵਾਪਰਦੀ ਹੈ।

ਜੇ ਕੋਵਿਡ -19 ਲਈ ਜ਼ਿੰਮੇਵਾਰ ਸਾਰਸ-ਕੋਵੀ-2 ਦੂਜੇ ਕੋਰੋਨਾ ਵਾਇਰਸਾਂ ਦੀ ਤਰ੍ਹਾਂ ਹੈ, ਤਾਂ ਇਸ ਨਾਲ ਇਮਿਊਨ ਹੋਣ ਵਾਲੇ ਲੋਕਾਂ ਨੂੰ ਕੁਝ ਮਹੀਨਿਆਂ ਜਾਂ ਸਾਲਾਂ ਲਈ ਦੁਬਾਰਾ ਪੀੜਤ ਨਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ, ਪਰ ਪੂਰੀ ਜ਼ਿੰਦਗੀ ਦੇ ਲਈ ਨਹੀਂ।

ਭਾਰਤ ਸਰਕਾਰ ਸਮਾਜਿਕ ਫ਼ਲੈਅ ਤੋਂ ਇਨਕਾਰੀ?

ਭਾਰਤ ਅਧਿਕਾਰਤ ਤੌਰ ’ਤੇ ਇਹ ਨਹੀਂ ਮੰਨ ਰਿਹਾ ਸੀ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦਾ ਸਮਾਜਿਕ ਫ਼ੈਲਾਅ ਹੋ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਵੀ ਸਮਾਜਿਕ ਫ਼ੈਲਾਅ ਨੂੰ ਸੰਭਾਲਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਪਰ ਉਨ੍ਹਾਂ ਦੀ ਪਰਿਭਾਸ਼ਾ ਬਹੁਤ ਮੋਕਲੀ ਅਤੇ ਧੁੰਦਲੀ ਹੈ।

ਡ਼ਾ ਜੈਕਬ ਜੌਹਨ ਇੱਕ ਉੱਘੇ ਵਿਸ਼ਾਣੂ-ਵਿਗਿਆਨੀ (ਵਾਇਰੌਲੋਜਿਸਟ) ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਰਕਾਰ ਦੇ ਡੇਟਾ ਮੁਤਾਬਕ ਭਾਰਤ ਦੀ ਵਸੋਂ ਵਿੱਚੋਂ ਲਗਭਗ 0.3 ਜਾਂ 0.4% ਲੋਕਾਂ ਦੇ ਹੀ ਟੈਸਟ ਹੋਏ ਹਨ।

ਮੇਰੇ ਵਿਚਾਰ ਮੁਤਾਬਕ ਇਸ ਸਮੇਂ ਭਾਰਤ ਵਿੱਚ ਇਸ ਸਮੇਂ ਦੋ ਦੇਸ਼ ਹਨ—ਚਾਲੀ ਲੱਖ ਜਾਂ 0.4% ਜਿਨ੍ਹਾਂ ਦੇ ਟੈਸਟ ਹੋਏ ਹਨ ਅਤੇ ਬਾਕੀ (ਜਿਨਾਂ ਦੇ ਟੈਸਟ ਨਹੀਂ ਹੋਏ)। ਇਸ ਤਰ੍ਹਾਂ ਇੱਕ ਤਰੀਕੇ ਨਾਲ ਸਰਕਾਰ ਕਹਿ ਰਹੀ ਹੈ ਕਿ ਦੇਸ਼ ਦੇ 99.6%, ਲੋਕ ਬੇਲਾਗ ਹਨ— ਜਿਸ ਦਾ ਮਤਲਬ ਹੈ ਕਿ ਦੇਸ਼ ਵਿੱਚ ਪਸਾਰ ਬਹੁਤ ਘੱਟ ਹੈ।”

“ਅਤੇ ਇਸ ਥੋੜ੍ਹੀ ਦਰ ਕਾਰਨ, ਸਮਾਜਿਕ ਫੈਲਾਅ ਨਹੀਂ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਸਮਾਜਿਕ ਫੈਲਾਅ ਦੇ ਸਪਸ਼ਟ ਸੰਕੇਤ ਹਨ ਪਰ ਅਧਿਕਾਰੀ ਕੇਂਦਰ ਸਰਕਾਰ ਦੀ ਸਹਿਮਤੀ ਤੋਂ ਬਿਨਾਂ, ਇਹ ਨਹੀਂ ਕਹਿਣਗੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੰਨ ਚੁੱਕੇ ਹਨ ਕਿ ਸੂਬੇ ਵਿੱਚ ਬੀਮਾਰੀ ਅੰਦਰੇ-ਅੰਦਰ ਫ਼ੈਲ ਰਹੀ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਗਜ਼ਟਡ ਛੁੱਟੀਆਂ ਵਾਲੇ ਦਿਨਾਂ ਵਿੱਚ ਲੌਕਡਾਊਨ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ ਹੈ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਕਹਿ ਚੁੱਕੇ ਹਨ ਕਿ ਦਿੱਲੀ ਵਿੱਚ ਸਮਾਜਿਕ ਫੈਲਾਅ ਹੋਇਆ ਹੈ ਪਰ ਉਨ੍ਹਾਂ ਨੇ ਕਿਹਾ ਕਿ ਇਸ ਦਾ ਐਲਾਨ ਕਰਨਾ ਕੇਂਦਰ ਸਰਕਾਰ ਦੇ ਹੱਥ-ਵੱਸ ਹੈ।

ਅਸੀਂ ਇੱਕ ਦੂਜੇ ਨੂੰ ਲਾਗ ਲਾ ਰਹੇ ਹਾਂ

ਡਾ਼ ਜੌਹਨ ਮੁਤਾਬਕ ਸਮਾਜਿਕ ਫਲੈਅ ਦੀ ਸਹੀ ਪਰਿਭਾਸ਼ਾ ਇਹੀ ਹੈ ਕਿ ਅਸੀਂ ਇੱਕ ਦੂਜੇ ਨੂੰ ਲਾਗ ਲਾ ਰਹੇ ਹਾਂ। ਇਹ ਇੱਕ ਘਰੇਲੂ ਮਹਾਮਾਰੀ ਹੈ। ਇਹ ਭਾਈਚਾਰੇ ਵਿੱਚ ਫ਼ੈਲ ਰਹੀ ਹੈ ਇਸ ਲਈ ਮੇਰੇ ਮੁਤਾਬਕ ਇਹ ਸਮਾਜਿਕ ਫੈਲਾਅ ਹੈ।

ਡ਼ਾ ਜੌਹਨ ਦਾ ਕਹਿਣਾ ਹੈ ਕਿ ਆਈਸੀਐੱਮਆਰ ਦੇ ਡਾਟੇ ਮੁਤਾਬਕ 83 ਜ਼ਿਲ੍ਹਿਆਂ ਵਿੱਚ ਪਾਏ ਗਏ ਕੇਸਾਂ ਵਿੱਚੋਂ ਇੱਕ ਫ਼ੀਸਦੀ ਤੋਂ ਵੀ ਘੱਟ (0.73%) ਲੋਕ ਕਿਸੇ ਪੁਸ਼ਟ ਮਰੀਜ਼ ਦੇ ਸੰਪਰਕ ਵਿੱਚ ਆਏ ਸਨ। ਹੁਣ ਜੇ ਇਹ ਸਮਾਜਿਕ ਫੈਲਾਅ ਨਹੀਂ ਹੈ ਤਾਂ “ਉਨ੍ਹਾਂ ਨੂੰ ਹੋਰ ਕਿਸ ਤਰ੍ਹਾਂ ਲਾਗ ਲੱਗੀ?”

“ਇਸ ਦਾ ਮਤਲਬ ਹੈ ਕਿ ਸਮਾਜਿਕ ਫੈਲਾਅ ਇਸ ਦੇ ਸ਼ੁਰੂਆਤੀ ਪੜਾਅ ’ਤੇ ਹੈ। ਉਨ੍ਹਾਂ ਨੇ ਬਿਨਾਂ ਨਾਂਅ ਲਏ ਇਹ ਮੰਨ ਲਿਆ ਹੈ।”

ਦੂਜਿਆਂ ਦਾ ਕਹਿਣਾ ਹੈ ਕਿ ਇਸ ਇਨਕਾਰ ਦੇ ਖ਼ਤਰਨਾਕ ਸਿੱਟੇ ਨਿਕਲਣਗੇ।

ਸੀਨੀਅਰ ਸਿਹਤ ਪੱਤਰਕਾਰ ਵਿਦਿਆ ਕ੍ਰਿਸ਼ਨਨ ਨੇ ਟਵੀਟ ਕੀਤਾ,“ਸਾਡੇ ਕੋਲ ਲਗਭਗ 3,00,000 ਕੇਸ ਹਨ ਅਤੇ 10, 000 ਤੋਂ ਵਧੇਰੇ ਮੌਤਾਂ। ਇਨ੍ਹਾਂ ਝੂਠਾਂ ਦਾ ਮੁੱਲ ਜਾਨਾਂ ਦੇ ਰੂਪ ਵਿੱਚ ਚੁਕਾਉਣਾ ਪੈਂਦਾ ਹੈ।”

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)