ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਦੇ ਆਖ਼ਰੀ ਘੰਟਿਆਂ ਦੀ ਕਹਾਣੀ

  • ਮਧੂ ਪਾਲ ਵੋਹਰਾ
  • ਬੀਬੀਸੀ ਲਈ
ਸੁਸ਼ਾਂਤ ਸਿੰਘ ਰਾਜਪੂਤ

ਤਸਵੀਰ ਸਰੋਤ, Getty Images

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਹੁਣ ਸਾਡੇ ਵਿੱਚ ਨਹੀਂ ਰਹੇ, ਇਹ ਖ਼ਬਰ ਸੁਣ ਕੇ ਸਾਰਿਆਂ ਦੀਆਂ ਅੱਖਾਂ ਭਰ ਆਈਆਂ।

ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦਾ ਜਾਦੂ ਦਿਖਾਉਣ ਤੋਂ ਬਾਅਦ ਫਿਲਮਾਂ ਜ਼ਰੀਏ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਾਲੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮ੍ਰਿਤਕ ਦੇਹ ਐਤਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਮਿਲੀ।

ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਦੇ ਉਸੇ ਫਲੈਟ ਤੋਂ ਬਾਹਰ ਲਿਆਂਦਾ ਗਿਆ ਜਿੱਥੇ ਉਹ ਕਿਰਾਏ ’ਤੇ ਰਹਿੰਦੇ ਸੀ।

ਪੁਲਿਸ ਦਾ ਕਹਿਣਾ ਹੈ ਕਿ ਸੁਸ਼ਾਂਤ ਨੇ ਖੁਦਖੁਸ਼ੀ ਕੀਤੀ ਹੈ। ਪਰ ਅਜੇ ਤੱਕ ਇਸ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਡਿਪਰੈਸ਼ਨ ਨਾਲ ਲੜ੍ਹ ਰਹੇ ਸੀ।

ਫਲੈਟ ਦੀ ਇਕੱਲਤਾ

ਸੁਸ਼ਾਂਤ ਸਿੰਘ ਰਾਜਪੂਤ ਦਾ ਮੁੰਬਈ ਵਿੱਚ ਆਪਣਾ ਵੀ ਇੱਕ ਫਲੈਟ ਸੀ, ਪਰ ਉਹ ਇੱਕ ਵੱਡੇ ਘਰ ਵਿੱਚ ਰਹਿਣਾ ਚਾਹੁੰਦੇ ਸੀ। ਇਸ ਲਈ ਉਹ ਅੱਠ ਮਹੀਨੇ ਪਹਿਲਾਂ ਇਸ ਕਿਰਾਏ ਦੇ ਫਲੈਟ ਵਿੱਚ ਰਹਿਣ ਆਏ।

ਉਹ ਇਸ ਫਲੈਟ ਵਿੱਚ ਇਕੱਲਿਆਂ ਨਹੀਂ ਰਹਿੰਦੇ ਸੀ।

ਉਨ੍ਹਾਂ ਦੇ ਨਾਲ ਇੱਕ ਕਰਿਏਟਿਵ ਮੈਨੇਜਰ, ਇੱਕ ਦੋਸਤ ਅਤੇ ਉਨ੍ਹਾਂ ਲਈ ਖਾਣਾ ਬਣਾਉਣ ਵਾਲਾ ਘਰੇਲੂ ਹੈਲਪਰ ਵੀ ਰਹਿੰਦੇ ਸੀ।

ਉਸ ਘਰ ਵਿੱਚ ਰਹਿੰਦੇ ਕਿਸੇ ਵੀ ਮੈਂਬਰ ਨੇ ਇਹ ਨਹੀਂ ਸੋਚਿਆ ਸੀ ਕਿ ਐਤਵਾਰ ਦੀ ਸਵੇਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਸਵੇਰ ਹੋਵੇਗੀ।

ਦੋਸਤ ਨੂੰ ਕੀਤਾ ਆਖ਼ਰੀ ਫੋਨ

ਸੁਸ਼ਾਂਤ ਸਿੰਘ ਰਾਜਪੂਤ ਦੇ ਘਰੇਲੂ ਹੈਲਪਰ ਨੇ ਪੁਲਿਸ ਨੂੰ ਦੱਸਿਆ, "ਸਵੇਰ ਤੱਕ ਸਭ ਕੁਝ ਠੀਕ ਸੀ। ਸਵੇਰੇ 6.30 ਵਜੇ ਸੁਸ਼ਾਂਤ ਸਿੰਘ ਸੋਂ ਕੇ ਉੱਠੇ ਸਨ। ਘਰ ਦੇ ਨੌਕਰ ਨੇ ਉਨ੍ਹਾਂ ਨੂੰ ਸਵੇਰੇ 9 ਵਜੇ ਅਨਾਰ ਦਾ ਜੂਸ ਦਿੱਤਾ ਅਤੇ ਉਨ੍ਹਾਂ ਨੇ ਉਹ ਪੀਤਾ ਵੀ।

“ਇਸ ਤੋਂ ਬਾਅਦ, ਸੁਸ਼ਾਂਤ ਨੇ 9 ਵਜੇ ਆਪਣੀ ਭੈਣ ਨਾਲ ਵੀ ਗੱਲ ਕੀਤੀ। ਆਪਣੀ ਭੈਣ ਨਾਲ ਗੱਲ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਦੋਸਤ ਮਹੇਸ਼ ਸ਼ੈੱਟੀ ਨਾਲ ਗੱਲ ਕੀਤੀ ਜੋ ਇੱਕ ਅਦਾਕਾਰ ਹਨ। ਉਨ੍ਹਾਂ ਨਾਲ ਹੀ ਸੁਸ਼ਾਂਤ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।”

“ਇਹ ਦੋਵੇਂ ਏਕਤਾ ਕਪੂਰ ਦੇ ਸ਼ੋਅ ‘ਕਿਸ ਦੇਸ਼ ਮੇਂ ਹੋਗਾ ਮੇਰਾ ਦਿਲ’ ਵਿੱਚ ਇਕੱਠੇ ਦੇਖੇ ਗਏ ਸਨ। ਦੋਵੇਂ ਬਹੁਤ ਚੰਗੇ ਦੋਸਤ ਸਨ ਅਤੇ ਸੁਸ਼ਾਂਤ ਨੇ ਉਨ੍ਹਾਂ ਨੂੰ ਆਖ਼ਰੀ ਫੋਨ ਕੀਤਾ।"

ਉਨ੍ਹਾਂ ਦੱਸਿਆ, "ਇਸ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਜਦੋਂ 10 ਵਜੇ ਨੌਕਰ ਭੋਜਨ ਬਾਰੇ ਸੁਸ਼ਾਂਤ ਨੂੰ ਪੁੱਛਣ ਗਿਆ ਤਾਂ ਉਨ੍ਹਾਂ ਨੇ ਬੂਹਾ ਨਹੀਂ ਖੋਲ੍ਹਿਆ।”

ਜਦੋਂ ਸੁਸ਼ਾਂਤ ਦੀ ਭੈਣ ਨੂੰ ਬੁਲਾਉਣਾ ਪਿਆ

ਫਿਰ ਦੋ-ਤਿੰਨ ਘੰਟਿਆਂ ਬਾਅਦ, ਮੈਨੇਜਰ ਨੇ ਸੁਸ਼ਾਂਤ ਦੀ ਭੈਣ ਨੂੰ ਫ਼ੋਨ ਕੀਤਾ।

ਜਦੋਂ ਉਨ੍ਹਾਂ ਦੀ ਭੈਣ ਆਈ ਤਾਂ ਤਾਲੇ-ਚਾਬੀ ਵਾਲੇ ਨੂੰ ਬੁਲਾ ਕੇ ਦਰਵਾਜ਼ਾ ਖੋਲ੍ਹਿਆ ਗਿਆ। ਦਰਵਾਜ਼ਾ ਖੋਲ੍ਹਦਿਆਂ ਹੀ ਜੋ ਦਿਖਿਆ, ਉਸ ਨੇ ਸਾਰਿਆਂ ਨੂੰ ਸਦਮੇ ਵਿੱਚ ਪਾ ਦਿੱਤਾ।

ਪੁਲਿਸ ਅਨੁਸਾਰ ਸੁਸ਼ਾਂਤ ਦੀ ਮੌਤ ਸਵੇਰੇ 10 ਵਜੇ ਤੋਂ 1 ਵਜੇ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਸੁਸ਼ਾਂਤ ਦੀ ਭੈਣ ਅਤੇ ਬਾਕੀ ਲੋਕਾਂ ਨੇ ਸੁਸ਼ਾਂਤ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖੀ, ਉਸ ਤੋਂ ਬਾਅਦ ਘਰੇਲੂ ਹੈਲਪਰ ਨੇ ਪੁਲਿਸ ਨੂੰ ਫ਼ੋਨ ਕੀਤਾ।

2 ਵਜੇ ਆ ਗਈ ਮੌਤ ਦੀ ਖ਼ਬਰ

ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 2 ਵਜੇ ਸੁਸ਼ਾਂਤ ਦੀ ਮੌਤ ਦੀ ਖ਼ਬਰ ਮਿਲੀ ਅਤੇ ਉਹ 2.30 ਵਜੇ ਤੱਕ ਉਨ੍ਹਾਂ ਦੇ ਫਲੈਟ 'ਤੇ ਪਹੁੰਚ ਗਏ।

ਮੁੰਬਈ ਪੁਲਿਸ ਨੇ ਦੁਪਹਿਰ 2.30 ਵਜੇ ਤੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਅਜੇ ਤੱਕ ਫਲੈਟ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਸੁਸ਼ਾਂਤ ਦੇ ਮ੍ਰਿਤਕ ਸਰੀਰ ਨੂੰ ਸ਼ਾਮ 5.30 ਵਜੇ ਡਾ.ਆਰ ਐਨ ਕਪੂਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਹੋਇਆ।

ਸ਼ਾਮ ਕਰੀਬ 6.45 ਵਜੇ ਮੁੰਬਈ ਦੇ ਜ਼ੋਨ-9 ਦੇ ਡੀਸੀਪੀ ਅਭਿਸ਼ੇਕ ਤ੍ਰਿਮੁਖੇ ਨੇ ਮੀਡੀਆ ਨੂੰ ਦੱਸਿਆ, “ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਫਾਹਾ ਲੈਣ ਕਰਕੇ ਹੋਈ ਹੈ, ਪਰ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਪੁਲਿਸ ਉਨ੍ਹਾਂ ਦੀ ਮੌਤ ਦੇ ਸਹੀ ਕਾਰਨ ਦੱਸ ਸਕਦੀ ਹੈ। ਹਾਂ, ਸਾਨੂੰ ਅਜੇ ਤੱਕ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ।”

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 34 ਸਾਲ ਦੇ ਸਨ ਅਤੇ ਉਨ੍ਹਾਂ ਨੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ।

ਐਤਵਾਰ ਸ਼ਾਮ 7 ਵਜੇ ਖ਼ਬਰ ਆਈ ਕਿ ਸੁਸ਼ਾਂਤ ਦੇ ਪਿਤਾ ਅਤੇ ਪੂਰਾ ਪਰਿਵਾਰ ਬਿਹਾਰ ਤੋਂ ਮੁੰਬਈ ਪਹੁੰਚ ਰਹੇ ਹਨ ਅਤੇ ਸੋਮਵਾਰ ਨੂੰ ਉਨ੍ਹਾਂ ਦਾ ਸੰਸਕਾਰ ਕੀਤਾ ਜਾਵੇਗਾ

ਰਿਸਕ ਲੈਣ ਤੋਂ ਨਹੀਂ ਡਰਦੇ ਸੀ

ਪਿਛਲੇ 10 ਸਾਲਾਂ ਵਿੱਚ ਜੇ ਮੈਂ ਦੋ-ਤਿੰਨ ਸੀਰੀਅਲ ਦੇਖੇ ਹਨ ਤਾਂ ਇਨ੍ਹਾਂ ਵਿੱਚੋਂ ਇੱਕ ਸੀ ਪਵਿੱਤਰ ਰਿਸ਼ਤਾ-ਵਜ੍ਹਾ ਸੀ ਸੁਸ਼ਾਂਤ ਸਿੰਘ (ਮਾਨਵ) ਅਤੇ ਅੰਕਿਤਾ ਲੋਖੰਡੇ (ਅਰਚਨਾ) ਦੀ ਐਕਟਿੰਗ ਅਤੇ ਜੋੜੀ ਜੋ ਉਸ ਸਮੇਂ ਅਸਲ ਵਿੱਚ ਵੀ ਰਿਸ਼ਤੇ ਵਿੱਚ ਸਨ।

ਤਸਵੀਰ ਸਰੋਤ, fb/sushant singh rajput

ਸੁਸ਼ਾਂਤ ਦੀ ਇੱਕ ਵੱਡੀ ਖੂਬੀ ਸੀ ਰਿਸਕ ਲੈਣ ਦੀ ਉਨ੍ਹਾਂ ਦੀ ਕਾਬਲੀਅਤ ਅਤੇ ਜਿਗਰਾ। ਜਦੋਂ ਹੱਥ ਵਿੱਚ ਕੁਝ ਨਹੀਂ ਸੀ ਤਾਂ ਉਹ ਇੰਜੀਨੀਅਰਿੰਗ ਛੱਡ ਕੇ ਐਕਟਿੰਗ ਵਿੱਚ ਆ ਕੁੱਦੇ ਅਤੇ ਮੁੰਬਈ ਵਿੱਚ ਨਾਦਿਰਾ ਬੱਬਰ ਦੇ ਥਿਏਟਰ ਗਰੁੱਪ ਵਿੱਚ ਆ ਗਏ।

ਜਦੋਂ ਦੂਸਰੇ ਹੀ ਟੀਵੀ ਸੀਰੀਅਲ ਨੂੰ ਵੱਡੀ ਸਫ਼ਲਤਾ ਮਿਲੀ ਤਾਂ 2011 ਵਿੱਚ ਪਵਿੱਤਰ ਰਿਸ਼ਤਾ ਵਿੱਚ ਮੇਨ ਰੋਲ ਛੱਡ ਕੇ ਉਨ੍ਹਾਂ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਕਦੇ ਨਾ ਘਬਰਾਉਣ ਵਾਲੇ ਸੁਸ਼ਾਂਤ

ਫਿਰ ਵੀ ਉਨ੍ਹਾਂ ਵਿੱਚ ਇੱਕ ਗਜ਼ਬ ਦਾ ਆਤਮ-ਵਿਸ਼ਵਾਸ਼ ਸੀ।

ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ,"ਮੈਨੂੰ ਫ਼ਿਲਮਾਂ ਨਹੀਂ ਮਿਲਣਗੀਆਂ ਤਾਂ ਮੈਂ ਟੀਵੀ ਕਰਨਾ ਸ਼ੁਰੂ ਕਰ ਦਿਆਂਗਾ ਜੇ ਟੀਵੀ ਨਾ ਮਿਲਿਆ ਤਾਂ ਮੈਂ ਥਿਏਟਰ ਵੱਲ ਮੁੜ ਜਾਵਾਂਗਾ। ਥਿਏਟਰ ਵਿੱਚ ਮੈਂ 250 ਰੁਪਏ ਵਿੱਚ ਸ਼ੋਅ ਕਰਦਾ ਸੀ। ਮੈਂ ਉਸ ਸਮੇਂ ਵੀ ਖ਼ੁਸ਼ ਸੀ ਕਿਉਂਕਿ ਮੈਨੂੰ ਅਦਾਕਾਰੀ ਪਸੰਦ ਹੈ। ਅਜਿਹੇ ਵਿੱਚ ਅਸਫ਼ਲ ਹੋਣ ਦਾ ਮੈਨੂੰ ਡਰ ਨਹੀਂ ਹੈ।"

ਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਵੈ-ਭਰੋਸੇ ਨਾਲ ਭਰਿਆ ਇੱਕ ਨੌਜਵਾਨ ਜਿਸ ਨੂੰ ਅਸਫ਼ਲਤਾ ਤੋਂ ਡਰ ਨਹੀਂ ਸੀ ਲਗਦਾ, ਸਫ਼ਲਤਾ ਜਿਸ ਦੇ ਪੈਰ ਚੁੰਮ ਰਹੀ ਸੀ, ਜਿਸ ਅੱਗੇ ਸਾਰੀ ਜ਼ਿੰਦਗੀ ਪਈ ਸੀ, ਅਜਿਹਾ ਕੀ ਹੋਇਆ ਹੋਵੇਗਾ ਜੋ ਉਸਨੇ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲਈ ਜਿਵੇਂ ਕਿ ਪੁਲਿਸ ਦਾ ਦਾਅਵਾ ਹੈ। ਹਾਲਾਂਕਿ ਉਹ ਹਾਲੇ ਇਸ ਦੀ ਜਾਂਚ ਕਰ ਰਹੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦਾ ਪਹਿਲਾ ਸੀਰੀਅਲ ਸੀ ਕਿਸ ਦੇਸ਼ ਮੇਂ ਹੈ ਮੇਰਾ ਦਿਲ। ਜਿਸ ਦੇ ਸ਼ੁਰੂ ਵਿੱਚ ਹੀ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, fb/sushant singh rajput

ਲੇਕਿਨ ਛੋਟੇ ਜਿਹੇ ਰੋਲ ਵਿੱਚ ਹੀ ਉਹ ਇੰਨੇ ਪ੍ਰਸਿੱਧ ਹੋਏ ਗਏ ਸਨ ਕਿ ਸੀਰੀਅਲ ਦੇ ਆਖ਼ਰ ਵਿੱਚ ਉਨ੍ਹਾਂ ਨੂੰ ਪਰੇਤ-ਆਤਮਾ ਬਣਾ ਕੇ ਸੀਰੀਅਲ ਵਿੱਚ ਵਾਪਸ ਲਿਆਂਦਾ ਗਿਆ।

ਉਹ ਕਲਪਨਾ ਦੀ ਦੁਨੀਆਂ ਸੀ ਅਤੇ ਇਹ ਸੱਚਾਈ ਜਿੱਥੇ ਸੁਸ਼ਾਂਤ ਕਦੇ ਵਾਪਸ ਨਹੀਂ ਮੁੜ ਸਕਣਗੇ।

ਸੋਨਚਿੜੀਆ ਦਾ ਉਹ ਡਾਇਲੌਗ ਯਾਦ ਆ ਰਿਹਾ ਹੈ ਜਦੋਂ ਮਨੋਜ ਵਾਜਪਾਈ ਸੁਸ਼ਾਂਤ ਨੂੰ ਪੁੱਛਦੇ ਹਨ ਕੀ ਉਨ੍ਹਾਂ ਨੂੰ ਮਰਨ ਤੋਂ ਡਰ ਲਗਦਾ ਹੈ ਤਾਂ ਲਾਖਨ ਬਣੇ ਸੁਸ਼ਾਂਤ ਕਹਿੰਦੇ ਹਨ,"ਇੱਕ ਜਨਮ ਨਿਕਲ ਗਿਆ ਇਨ੍ਹਾਂ ਬੀਹੜਾਂ ਵਿੱਚ ਦਾਦਾ, ਹੁਣ ਮਰਨ ਤੋਂ ਕਿਉਂ ਡਰਾਂਗੇ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ