India China Border: ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਫੌਜੀਆਂ ਦਾ ਮੌਤ ਉੱਤੇ ਕੀ ਬੋਲੇ, ਸੋਨੀਆ ਦੇ ਮੋਦੀ ਨੂੰ 7 ਸਵਾਲ

ਭਾਰਤ-ਚੀਨ

ਤਸਵੀਰ ਸਰੋਤ, Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਚੀਨ ਦੀਆਂ ਫੌਜਾਂ ਵਿਚਾਲੇ ਹੋਈਆਂ ਝੜਪਾਂ ਉੱਤੇ ਪ੍ਰਤੀਕਰਮ ਦਿੰਦਿਆ ਕਿਹਾ, ਅਸੀਂ ਕਿਸੇ ਨੂੰ ਭੜਕਾਉਂਦੇ ਨਹੀਂ ਪਰ ਸਮਾਂ ਪੈਣ ਉੱਤੇ ਢੁਕਵਾਂ ਜਵਾਬ ਦੇਣ ਦੇ ਸਮਰੱਥ ਹਾਂ।

ਕੋਵਿਡ -19 ਬਾਰੇ ਬੁਲਾਈ ਮੁੱਖ ਮੰਤਰੀਆਂ ਦੀ ਵਰਚੂਅਲ ਬੈਠਕ ਦੀ ਸ਼ੁਰੂਆਤ ਵਿਚ ਸਾਰੇ ਨੇ ਮਾਰੇ ਗਏ ਭਾਰਤੀ ਫੌਜੀਆਂ ਨੂੰ ਸ਼ਰਧਾਜ਼ਲੀ ਦਿੱਤੀ। ਇਸ ਮੌਕੇ ਬੋਲਦਿਆਂ ਮੋਦੀ ਨੇ ਕਿਹਾ, ਮੈਂ ਦੇਸ ਦੇ ਲੋਕਾਂ ਨੂੰ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ ਸਾਡੇ ਫੌਜੀਆਂ ਦੀਆਂ ਕੁਰਬਾਨੀਆਂ ਅਜਾਈ ਨਹੀਂ ਜਾਣਗੀਆਂ, ਉਹ ਮਾਰਦੇ ਮਾਰਦੇ ਮਰੇ ਹਨ। ਦੇਸ ਨੂੰ ਉਨ੍ਹਾਂ ਉੱਤੇ ਮਾਣ ਹੈ।

ਪ੍ਰਧਾਨ ਮੰਤਰੀ ਮੋਦੀ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਗੁਆਂਢੀ ਨਾਲ ਮਤਭੇਦਾਂ ਨੂੰ ਵਿਵਾਦ ਨਾ ਬਣਨ ਦੇਣ ਦੀ ਕੋਸ਼ਿਸ਼ ਵਿਚ ਰਹੇ ਹਾਂ। ਸਾਂਤੀ ਤੇ ਅਹਿੰਸਾ ਸਾਡੇ ਸੱਭਿਆਚਾਰ ਦਾ ਅੰਗ ਹੈ, ਪਰ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ ਇਸ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ।

ਭਾਰਤੀ ਫੌਜ ਵਲੋਂ ਜਾਰੀ ਬਿਆਨ ਵਿਚ ਭਾਰਤ ਤੇ ਚੀਨ ਦੀਆਂ ਗਲਵਾਨ ਵਿਚਲੀਆਂ ਫੌਜੀ ਝੜਪਾਂ ਵਿਚ ਭਾਰਤ ਦੇ 20 ਜਵਾਨ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।

ਵੀਡੀਓ ਕੈਪਸ਼ਨ,

ਚੀਨ ਨੇ ਭਾਰਤ ਦੀ ਕਿੰਨੀ ਜ਼ਮੀਨ 'ਤੇ ਕਬਜ਼ਾ ਕੀਤਾ- ਸੋਨੀਆ ਗਾਂਧੀ ਨੇ PM ਮੋਦੀ ਤੋਂ ਪੁੱਛੇ 7 ਸਵਾਲ

ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਨੇ ਫੋਨ 'ਤੇ ਗੱਲਬਾਤ ਕੀਤੀ

ਭਾਰਤ ਅਤੇ ਚੀਨ ਦੀ ਸਰਹੱਦ 'ਤੇ ਮੌਜੂਦਾ ਵਿਵਾਦ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ।

ਸੋਨੀਆ ਦੇ ਮੋਦੀ ਨੂੰ 7 ਸਵਾਲ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਚੀਨ ਸਰਹੱਦ ਉੱਤੇ ਮਾਰੇ ਗਏ ਫੌਜੀਆਂ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ। ਪਰ ਉਨ੍ਹਾਂ ਭਾਰਤ ਸਰਕਾਰ ਤੋਂ ਕੁਝ ਸਵਾਲ ਵੀ ਪੁੱਛੇ ਹਨ ।

  • ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਪੁੱਛਿਆ
  • ਚੀਨ ਨੇ ਸਾਡੀ ਜ਼ਮੀਨ ਉੱਤੇ ਕਬਜ਼ਾ ਕਿਵੇਂ ਕੀਤਾ?
  • 20 ਜਵਾਨਾਂ ਦੀ ਮੌਤ ਕਿਵੇਂ ਹੋਈ ?
  • ਮੌਕੇ ਉੱਤੇ ਹਾਲਾਤ ਕੀ ਹਨ?
  • ਕੀ ਸਾਡੇ ਫੌਜੀ ਅਧਿਕਾਰੀ ਲਾਪਤਾ ਹਨ?
  • ਸਾਡੇ ਕਿੰਨੇ ਫੌਜੀ ਅਫ਼ਸਰ ਤੇ ਜਵਾਨ ਜਖ਼ਮੀ ਹਨ?
  • ਚੀਨ ਨੇ ਸਾਡੇ ਕਿੰਨੇ ਹਿੱਸੇ ਉੱਤੇ ਕਿੱਥੇ ਕਬਜ਼ਾ ਕੀਤਾ ਹੋਇਆ ਹੈ?
  • ਇਸ ਹਾਲਾਤ ਨਾਲ ਸੋਚਣ ਲਈ ਭਾਰਤ ਸਰਕਾਰ ਕੀ ਸੋਚ ਰਹੀ ਹੈ?

ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਨੂੰ ਦੇਸ ਸਾਹਮਣੇ ਰੱਖਣ ਤੇ ਮੌਜੂਦਾ ਹਾਲਾਤ ਉੱਤੇ ਭਰੋਸਾ ਦੁਆਉਣ

ਝੜਪ ਕਦੋ ਤੇ ਕਿੱਥੇ ਹੋਈ ਸੀ

15 ਅਤੇ 16 ਜੂਨ ਦੀ ਰਾਤ ਨੂੰ ਹੋਈਆਂ ਝੜਪਾਂ ਵਿਚ ਪਹਿਲਾਂ ਇੱਕ ਕਰਨਲ ਰੈਂਕ ਦੇ ਅਫ਼ਸਰ ਸਣੇ 3 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ।

ਪਰ ਮੰਗਲਵਾਰ ਦੇਰ ਸ਼ਾਮ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਝੜਪਾਂ ਵਿਚ 17 ਜਣੇ ਗੰਭੀਰ ਜ਼ਖ਼ਮੀ ਵੀ ਹੋਏ ਸਨ, ਜਿੰਨ੍ਹਾਂ ਦੀ ਮੌਤ ਨਾਲ ਇਹ ਅੰਕੜਾ ਵਧ ਕੇ 20 ਹੋ ਗਿਆ ਹੈ।

ਚੀਨ ਦੀ ਫੌਜ ਨੇ ਵੀ ਜਾਨੀ ਨੁਕਸਾਨ ਦੀ ਗੱਲ ਨੂੰ ਕਬੂਲਿਆ ਪਰ ਇਸ ਦੇ ਅੰਕੜਾ ਨਹੀਂ ਦਿੱਤਾ ਗਿਆ। ਭਾਵੇਂ ਕਿ ਸੂਤਰਾਂ ਦੇ ਹਵਾਲੇ ਨਾਲ ਕਈ ਅੰਕੜੇ ਸਾਹਮਣੇ ਆ ਰਹੇ ਹਨ, ਪਰ ਇਨ੍ਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਵੀਡੀਓ ਕੈਪਸ਼ਨ,

ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਝੜਪ ਬਾਰੇ ਕੀ ਕਹਿੰਦੇ ਲੇਹ ਦੇ ਕੌਂਸਲਰ

ਇਨ੍ਹਾਂ ਝੜਪਾਂ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਸਰਕਾਰਾਂ ਨੇ ਇੱਕ ਦੂਜੇ ਦੀ ਫੌਜ ਉੱਤੇ ਸਰਹੱਦ ਦੀ ਉਲੰਘਣਾ ਦਾ ਇਲਜ਼ਾਮ ਲਾਇਆ ਹੈ ਅਤੇ ਹਾਲਾਤ ਭੜਕਾਉਣ ਦਾ ਵਿਰੋਧੀ ਮੁਲਕ ਨੂੰ ਜ਼ਿੰਮੇਵਾਰ ਦੱਸਿਆ ਹੈ।

ਦੋਵਾਂ ਮੁਲਕਾਂ ਵਲੋਂ ਆਪੋ-ਆਪਣੇ ਅਧਿਕਾਰਤ ਬਿਆਨਾਂ ਵਿਚ ਮਸਲੇ ਨੂੰ ਗੱਲਬਾਤ ਰਾਹੀ ਨਿਬੇੜਨ ਦਾ ਵੀ ਵਾਅਦਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਗਲਵਾਨ ਵਿਚ ਕੀ ਹੋਇਆ

ਭਾਰਤ ਫੌਜ ਵਲੋਂ ਜਾਰੀ ਬਿਆਨ ਮੁਤਾਬਕ ਲੱਦਾਖ ਖੇਤਰ ਦੀ ਗਲਵਾਨ ਵੈਲੀ ਵਿੱਚ ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਸਰਹੱਦ 'ਤੇ ਇਹ ਝੜਪ ਹੋਈ ਹੈ।

ਬਿਆਨ ਵਿਚ ਕਿਹਾ ਗਿਆ ਸੀ ਕਿ ਗਲਵਾਨ ਵੈਲੀ ਸਰਹੱਦ 'ਤੇ ਫੌਜਾਂ ਦੇ ਪਿੱਛੇ ਹਟਣ ਦੌਰਾਨ ਸੋਮਵਾਰ ਰਾਤ ਹਿੰਸਕ ਝੜਪ ਹੋਈ ਹੈ। ਜਿਸ ਵਿਚ ਦੋਵਾਂ ਧਿਰਾਂ ਨੂੰ ਜਾਨੀ ਨੁਕਸਾਨ ਹੋਇਆ ਹੈ।

ਚੀਨ ਦੀ ਫੌਜ ਦੇ ਬੁਲਾਰੇ ਨੇ ਇਲਜ਼ਾਮ ਲਾਇਆ ਸੀ ਕਿ ਭਾਰਤੀ ਫੌਜੀਆਂ ਦੇ ਆਪਣਾ ਵਾਅਦਾ ਤੋੜਦਿਆਂ ਇੱਕ ਵਾਰ ਫੇਰ ਗਲਵਾਨ ਘਾਟੀ ਵਿਚ ਅਸਲ ਕੰਟਰੋਲ ਰੇਖਾ ਪਾਰ ਕੀਤੀ ਹੈ।

ਗਲੋਬਲ ਟਾਇਮਜ਼ ਵਿਚ ਪ੍ਰਕਾਸ਼ਿਤ ਚੀਨੀ ਫੌਜ ਦੇ ਬਿਆਨ ਮੁਤਾਬਕ ਸੋਮਵਾਰ ਸ਼ਾਮ ਨੂੰ ਭਾਰਤੀ ਫੌਜ ਨੇ ਜਾਣਬੁੱਝ ਕੇ ਭੜਕਾਹਟ ਪੈਦਾ ਕਰਨ ਲਈ ਹਮਲੇ ਕੀਤੇ, ਜਿਸ ਨਾਲ ਝੜਪਾਂ ਦੌਰਾਨ ਕਈ ਮੌਤਾਂ ਹੋਈਆਂ।

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਪੱਛਮੀ ਥਿਏਟਰ ਕਮਾਂਡ ਦੇ ਬੁਲਾਰੇ ਕਰਨਲ ਜ਼ੁਆਂਗ ਸ਼ੁਇਲੀ ਨੇ ਕਿਹਾ, ''ਗਲਵਾਨ ਖੇਤਰ ਉੱਤੇ ਚੀਨ ਦੀ ਪ੍ਰਭੂਸੱਤਾ ਹੈ ਅਤੇ ਭਾਰਤੀ ਫੌਜੀਆਂ ਨੇ ਦੋਵਾਂ ਮੁਲਕਾਂ ਦੇ ਉੱਚ ਕਮਾਂਡਰਾਂ ਵਿਚਾਲੇ ਹੋਏ ਸਮਝੌਤਿਆਂ ਨੂੰ ਤੋੜਿਆ ਹੈ।

ਕਰਨਲ ਜੁਆਗ ਨੇ ਭਾਰਤੀ ਫੌਜ ਨੂੰ ਭੜਕਾਊ ਕਾਰਵਾਈਆਂ ਬੰਦ ਕਰਨ ਲਈ ਕਿਹਾ ।

ਮਸਲਾ ਸੁਲਝਾਉਣ ਦੀਆਂ ਕੋਸ਼ਿਸ਼ਾਂ

ਫੌਜ ਅਨੁਸਾਰ ਦੋਵਾਂ ਦੇਸਾਂ ਦੇ ਸੀਨੀਅਰ ਫੌਜ ਅਧਿਕਾਰੀ ਮਾਮਲੇ ਨੂੰ ਸੁਲਝਾਉਣ ਲਈ ਘਟਨਾ ਵਾਲੀ ਥਾਂ 'ਤੇ ਬੈਠਕ ਕਰ ਰਹੇ ਹਨ।

ਹਾਲਾਂਕਿ ਚੀਨ ਦੇ ਕਿੰਨੇ ਜਵਾਨਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਹੋਏ ਹਨ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਗਲਵਾਨ ਵੈਲੀ ਭਾਰਤ-ਚੀਨ ਦੀ ਲੱਦਾਖ ਬਾਰਡਰ ਲਾਈਨ ਦਾ ਖੇਤਰ ਹੈ।

ਚੀਨੀ ਫੌਜੀਆਂ ਦੀਆਂ ਮੌਤਾਂ ਦੀ ਗਿਣਤੀ ਬਾਰੇ ਟਵਿੱਟਰ 'ਤੇ ਦੁਬਿਧਾ

ਭਾਰਤੀ ਫੌਜ ਦੇ ਅਧਿਕਾਰਤ ਬਿਆਨ ਮੁਤਾਬਕ ਦੋਵਾਂ ਪਾਸਿਆਂ ਦਾ ਜਾਨੀ ਨੁਕਸਾਨ ਹੋਇਆ ਹੈ, ਪਰ ਚੀਨੀ ਫੌਜੀਆਂ ਦੀਆਂ ਮੌਤਾਂ ਦੀ ਗਿਣਤੀ ਬਾਰੇ ਪੱਕੀ ਜਾਣਕਾਰੀ ਨਹੀਂ ਹੈ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਭਾਰਤੀ ਮੀਡੀਆ ਨੇ ਚੀਨ ਦੇ ਸਰਕਾਰੀ ਅਖ਼ਬਾਰ ''ਗਲੋਬਲ ਟਾਇਮਜ਼'' ਦੇ ਹਵਾਲੇ ਨਾਲ ਇਹ ਖ਼ਬਰ ਚਲਾ ਰਹੇ ਸਨ ਕਿ ਚੀਨੀ ਫੌਜ ਦੇ ਵੀ 5 ਜਵਾਨਾਂ ਦੀ ਮੌਤ ਹੋਈ ਹੈ ਅਤੇ 11 ਜਵਾਨ ਜਖ਼ਮੀ ਹੋਏ ਹਨ।

ਇਸ ਉੱਤੇ ਗਲੋਬਲ ਟਾਇਮਜ਼ ਨੇ ਟਵੀਟ ਕੀਤਾ ਕਿ ਚੀਨੀ ਧਿਰ ਵਲੋਂ ਮੌਤਾਂ ਜਾਂ ਜਖ਼ਮੀਆਂ ਦੀ ਗਿਣਤੀ ਸਬੰਧੀ ਗਲੋਬਲ ਟਾਇਮਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੋਈ ਨਹੀਂ ਦਿੱਤੀ ਹੈ।

ਗਲੋਬਲ ਟਾਇਮਜ਼ ਨੇ ਟਵੀਟ ਵਿਚ ਲਿਖਿਆ ਹੈ ਉਹ ਇਸ ਸਮੇਂ ਵੀ ਚੀਨ ਦੇ ਮਾਰੇ ਗਏ ਜਾਂ ਜਖ਼ਮੀ ਫੌਜੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਸੇ ਦੌਰਾਨ ਗੋਲਬਲ ਟਾਇਮਜ਼ ਅਖ਼ਬਾਰ ਨੇ ਚੀਨੀ ਅਤੇ ਅੰਗਰੇਜ਼ੀ ਐਡੀਸ਼ਨ ਦੇ ਮੁੱਖ ਸੰਪਾਦਕ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਹਿੰਸਕ ਝੜਪ ਵਿਚ ਚੀਨੀ ਧਿਰ ਨੂੰ ਨੁਕਸਾਨ ਹੋਇਆ ਹੈ। ਪਰ ਉਨ੍ਹਾਂ ਇਸ ਨੁਕਸਾਨ ਦਾ ਵਿਸਥਾਰ ਨਹੀਂ ਦਿੱਤਾ ।

ਚੀਨ ਨੇ ਕੀ ਕਿਹਾ ਸੀ?

ਇਸ ਤੋਂ ਪਹਿਲਾਂ ਖ਼ਬਰ ਏਜੰਸੀ ਏਐਫ਼ਪੀ ਅਨੁਸਾਰ ਬੀਜਿੰਗ ਨੇ ਇਸ ਘਟਨਾ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਭਾਰਤੀ ਫੌਜ ਨੇ ਸਰਹੱਦ ਪਾਰ ਕਰਕੇ ਚੀਨੀ ਫੌਜ ਉੱਤੇ ਹਮਲਾ ਕੀਤਾ ਸੀ।

ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੂੰ ਇੱਕਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ। ਇਸ ਨਾਲ ਮੁਸ਼ਕਿਲ ਵਧੇਗੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਭਾਰਤੀ ਫੌਜ ਨੇ ਸੋਮਵਾਰ ਨੂੰ ਦੋ ਵਾਰ ਸਰਹੱਦ ਰੇਖਾ ਪਾਰ ਕੀਤੀ।

ਤਸਵੀਰ ਸਰੋਤ, Getty Images

ਗਲੋਬਲ ਟਾਈਮਜ਼ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਚੀਨ ਨੇ ਭਾਰਤ ਨਾਲ ਗੰਭੀਰ ਪ੍ਰਤੀਨਿਧਤਾ ਦਰਜ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਫਰੰਟ ਲਾਈਨ ਫੌਜਾਂ ਨੂੰ ਸਰਹੱਦ ਪਾਰ ਕਰਨ ਜਾਂ ਕਿਸੇ ਇੱਕਪਾਸੜ ਕਾਰਵਾਈ ਨੂੰ ਸਖਤੀ ਨਾਲ ਰੋਕਣ। ਇਸ ਕਾਰਨ ਬਾਰਡਰ 'ਤੇ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।

ਝਾਓ ਨੇ ਕਿਹਾ, "ਚੀਨ ਅਤੇ ਭਾਰਤ ਦੁਵੱਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਸਹਿਮਤ ਹੋਏ ਹਨ ਤਾਂ ਕਿ ਸਰਹੱਦ ਤੇ ਹਾਲਾਤ ਬਿਹਤਰ ਹੋ ਸਕਣ ਅਤੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਣਾ ਸਕੀਏ।"

"ਇਸ ਤਰ੍ਹਾਂ ਉਨ੍ਹਾਂ ਨੇ ਚੀਨੀ ਫ਼ੌਜ ਜਵਾਨਾਂ ਨੂੰ ਭੜਕਾਇਆ ਅਤੇ ਹਮਲਾ ਕੀਤਾ। ਨਤੀਜੇ ਵਜੋਂ ਦੋਹਾਂ ਪਾਸਿਆਂ ਤੋਂ ਸਰਹੱਦੀ ਬਲਾਂ ਦਰਮਿਆਨ ਗੰਭੀਰ ਟਕਰਾਅ ਹੋਇਆ।"

ਭਾਰਤ ਵਿੱਚ ਬੈਠਕ

ਪੂਰਬੀ ਲੱਦਾਖ਼ ਵਿਚ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਚ ਪੱਧਰੀ ਬੈਠਕ ਕੀਤੀ ਹੈ। ਭਾਰਤੀ ਫੌਜ ਦੇ ਇੱਕ ਬਿਆਨ ਮੁਤਾਬਕ ਚੀਫ਼ ਡਿਫੈਂਸ ਆਫ਼ ਸਟਾਫ ਅਤੇ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਨਾਲ ਰੱਖਿਆ ਮੰਤਰੀ ਨੇ ਬੈਠਕ ਕਰਕੇ ਹਾਲਾਤ ਦਾ ਜਾਇਜ਼ ਲਿਆ। ਇਸ ਬੈਠਕ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੌਜੂਦ ਸਨ।

ਭਾਰਤ ਅਤੇ ਚੀਨ ਦੇ ਮੇਜਰ ਜਨਰਲ ਕੱਲ੍ਹ ਰਾਤ ਹੋਈ ਹਿੰਸਕ ਝੜਪ ਤੋਂ ਬਾਅਦ ਲੱਦਾਖ ਦੀ ਗਲਵਾਨ ਘਾਟੀ ਅਤੇ ਹੋਰਨਾਂ ਖੇਤਰਾਂ ਵਿੱਚ ਹਾਲਾਤ ਨੂੰ ਸ਼ਾਂਤ ਕਰਨ ਲਈ ਗੱਲਬਾਤ ਕਰ ਰਹੇ ਹਨ।

ਭਾਰਤ-ਚੀਨ ਵਿਵਾਦ 'ਤੇ ਕੈਟਪਨ ਨੇ ਕੀ ਕਿਹਾ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਚੀਨ ਸਰਹੱਦ ਦੇ ਮਾਮਲੇ ਬਾਰੇ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ।

ਉਨ੍ਹਾਂ ਕਿਹਾ, "ਇਹ ਗਲਵਾਨ ਘਾਟੀ ਵਿੱਚ ਵਾਪਰ ਰਿਹਾ ਹੈ। ਚੀਨ ਦੁਆਰਾ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਦਾ ਹਿੱਸਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ ਇਨ੍ਹਾਂ ਹਮਲਿਆਂ ਖਿਲਾਫ਼ ਖੜ੍ਹਾ ਹੋਵੇ। ਸਾਡੇ ਜਵਾਨ ਕੋਈ ਖੇਡ ਨਹੀਂ ਹਨ ਜੋ ਹਰ ਦਿਨ ਸਾਡੀ ਸਰਹੱਦ ਦਾ ਬਚਾਅ ਕਰਨ ਵਾਲੇ ਅਧਿਕਾਰੀ ਅਤੇ ਵਿਅਕਤੀ ਮਾਰੇ ਜਾ ਰਹੇ ਹਨ ਅਤੇ ਜ਼ਖਮੀ ਹੋ ਰਹੇ ਹਨ।"

ਤਸਵੀਰ ਸਰੋਤ, Getty Images

"ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਕੁਝ ਸਖ਼ਤ ਕਦਮ ਚੁੱਕੇ। ਸਾਡੇ ਹਿੱਸੇ ਵਿਚ ਕਮਜ਼ੋਰੀ ਦਾ ਹਰੇਕ ਸੰਕੇਤ ਚੀਨੀ ਪ੍ਰਤੀਕਰਮ ਨੂੰ ਹੋਰ ਸੰਘਰਸ਼ਸ਼ੀਲ ਬਣਾਉਦਾ ਹੈ। ਮੈਂ ਆਪਣੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਦੇਸ ਨਾਲ ਹਾਂ। ਦੇਸ ਤੁਹਾਡੀ ਸੋਗ ਦੀ ਘੜੀ ਵਿੱਚ ਤੁਹਾਡੇ ਨਾਲ ਖੜ੍ਹਾ ਹੈ।"

ਕ੍ਰਿਕਟਰ ਹਰਭਜਨ ਸਿੰਘ ਨੇ ਵਿਰੋਧ ਜਤਾਇਆ

ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਟਵੀਟ ਕਰਕੇ ਚੀਨ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਨ ਲਈ ਕਿਹਾ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)