ਨਕਲੀ ਸ਼ਰਾਬ ਕਾਂਡ ਨੇ ਕੈਪਟਨ ਅਮਰਿੰਦਰ ਲਈ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, PUNJAB GOVERNMENT

ਤਸਵੀਰ ਕੈਪਸ਼ਨ,

ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਇਲਜਾਮਾਂ ਦਾ ਜਵਾਬ ਦੇ ਰਹੇ ਸਨ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਵਿਚੋਂ ਹੱਲ੍ਹਾ ਵਿਰੋਧੀਆਂ ਨਾਲੋਂ ਵੀ ਤਿੱਖਾ ਹੋਇਆ ਹੈ।

ਪੰਜਾਬ ਵਿਚ ਨਕਲ਼ੀ ਸ਼ਰਾਬ ਨਾਲ 121 ਤੋਂ ਵੱਧ ਮੌਤਾਂ ਤੋਂ ਬਾਅਦ ਸੂਬੇ ਵਿਚ ਸਿਆਸੀ ਤੁਫਾਨ ਖੜ੍ਹਾ ਹੋ ਗਿਆ ਹੈ। ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਮੁਜਾਹਰੇ ਅਤੇ ਘੇਰਾਓ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਇਲਜਾਮਾਂ ਦਾ ਜਵਾਬ ਦੇ ਰਹੇ ਸਨ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਵਿਚੋਂ ਹੱਲ੍ਹਾ ਵਿਰੋਧੀਆਂ ਨਾਲੋਂ ਵੀ ਤਿੱਖਾ ਹੋਇਆ ਹੈ।

ਕੈਪਟਨ ਅਮਰਿੰਦਰ ਸਿੰਘ ਮਸਲਾ ਭਖਣ ਤੋਂ ਕਈ ਦਿਨ ਬਾਅਦ ਪੀੜ੍ਹਤ ਪਰਿਵਾਰਾਂ ਨੂੰ ਮਿਲ਼ਣ ਗਏ। ਉਨ੍ਹਾਂ ਮੁਆਵਜੇ ਦੀ ਰਕਮ 2 ਤੋਂ ਵਧਾ ਕੇ 5 ਲੱਖ ਕਰ ਦਿੱਤੀ ਅਤੇ ਹੋਰ ਕਈ ਤਰ੍ਹਾਂ ਦੇ ਰਾਹਤ ਦਾ ਐਲਾਨ ਕੀਤਾ।

ਇਸ ਮਾਮਲੇ ਦੀ ਜਾਂਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਤੋਂ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ।

ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਚੁੱਕੇ ਹਨ ਕਿ ਜਾਂਚ ਵਿਚ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਪਰ ਵਿਰੋਧੀ ਧਿਰ ਤਾਂ ਕੀ ਉਨ੍ਹਾਂ ਦੀ ਆਪਣੀ ਹੀ ਪਾਰਟੀ ਉਨ੍ਹਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ।

ਇਹ ਵੀ ਪੜ੍ਹੋ

ਜਾਂਚ ਦੇ ਐਲਾਨ ਉੱਤੇ ਸੰਤੁਸ਼ਟੀ ਕਿਉਂ ਨਹੀਂ

ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਲੋਂ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਹੋ ਰਹੀ ਹੈ।

ਇੱਥੋਂ ਤੱਕ ਕਿ ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਮੇਰ ਸਿੰਘ ਦੂਲੋ ਨੇ ਵੀ ਸੀਬੀਆਈ ਦੀ ਮੰਗ ਕੀਤੀ ਹੈ।

ਇਸ ਪਿੱਛੇ ਦਲੀਲ ਦਿੱਤੀ ਗਈ ਕਿ ਕੈਪਟਨ ਦੇ ਰਾਜ ਦੌਰਾਨ ਦੋ ਵੱਡੀਆਂ ਘਟਨਾਵਾਂ ਪਹਿਲਾਂ ਹੋ ਚੁੱਕੀਆਂ ਹਨ। ਇੱਕ ਘਟਨਾ ਅੰਮ੍ਰਿਤਸਰ ਵਿਚ ਦੁਸ਼ਹਿਰੇ ਨੂੰ ਰੇਲ ਗੱਡੀ ਹਾਦਸੇ ਦੇ ਰੂਪ ਵਿਤ ਹੋਈ ਜਿਸ ਵਿਚ 60 ਮੌਤਾਂ ਹੋਈਆਂ ਸਨ । ਦੂਜੀ ਘਟਨਾ ਪਿਛਲੇ ਸਾਲ ਬਟਾਲਾ ਵਿਚ ਹੋਈ ਸੀ। ਜਿੱਥੇ ਪਟਾਕਿਆਂ ਦੀ ਫੈਕਟਰੀ ਵਿਚ ਧਮਾਕੇ ਨਾਲ 23 ਜਣਿਆਂ ਦੀ ਮੌਤ ਹੋਈ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮਾਂ ਦੀ ਗਠਨ ਕੀਤਾ ਪਰ ਉਨ੍ਹਾਂ ਉੱਤੇ ਕੀ ਕਾਰਵਾਈ ਕੀਤੀ ਗਈ, ਇਸ਼ ਬਾਰੇ ਜਨਤਕ ਤੌਰ ਉੱਤੇ ਕੁਝ ਵੀ ਨਹੀਂ ਦੱਸਿਆ ਗਿਆ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਇਕਾਂ ਉੱਤੇ ਮਾਮਲੇ ਦਰਜ ਕਰਨ ਅਤੇ ਸੀਬੀਆਈ ਜਾਂ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰ ਰਹੇ ਹਨ।

ਕੈਪਟਨ ਦੀਆਂ 5 ਚੁਣੌਤੀਆਂ

  • ਅਕਾਲੀ ਰਾਜ ਦੌਰਾਨ ਸਰਗਰਮ ਕਥਿਤ ਨਸ਼ਾ ਮਾਫੀਆਂ ਨੂੰ 4 ਹਫ਼ਤਿਆਂ ਵਿਚ ਨੱਥ ਪਾਉਣ ਦੀ ਕਸਮ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਲਈ ਨਕਲੀ ਸ਼ਰਾਬ ਕਾਂਡ ਵਿਚ 100 ਤੋਂ ਵੱਧ ਮੌਤਾਂ ਹੋਣ ਤੋਂ ਬਾਅਦ ਆਪਣੀ ਨਿੱਜੀ ਸਿਆਸੀ ਤੇ ਸਰਕਾਰ ਦੀ ਸਾਖ਼ ਬਚਾਉਣਾ ਅਹਿਮ ਮਸਲਾ ਬਣ ਗਿਆ ਹੈ।
  • ਨਕਲੀ ਸ਼ਰਾਬ ਕਾਂਡ ਤੋਂ ਬਾਅਦ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕੈਪਟਨ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਧਿਰਾਂ ਨੇ ਇਹ ਪ੍ਰਚਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਾਂਗ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਜਵਾਬ ਦੇਣ ਲਈ ਕੈਪਟਨ ਨੂੰ ਖੁਦ ਮਹਿਲ ਤੋਂ ਬਾਹਰ ਨਿਕਲਣਾ ਪਿਆ ਹੈ।
  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿਚੋਂ ਉੱਠ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਇਹ ਇਕੱਲੀਆਂ ਇਕੱਲ਼ੀਆਂ ਸੁਰਾਂ ਲੱਗਦੀਆਂ ਹਨ। ਭਾਵੇਂ ਉਹ ਨਵਜੋਤ ਸਿੱਧੂ ਨੇ ਰੂਪ ਵਿਚ ਹੋਵੇ, ਪ੍ਰਤਾਪ ਬਾਜਵਾ ਜਾਂ ਸਮਸ਼ੇਰ ਸਿੰਘ ਦੂਲੋ, ਪਰ ਕੈਪਟਨ ਦੇ 3 ਸਾਲ ਦੇ ਰਾਜ ਦੌਰਾਨ ਬਾਜਵਾ ਤੇ ਦੂਲੋ, ਰਵਨੀਟ ਬਿੱਟੂ ਵਰਗੇ ਟਕਸਾਲੀ ਕਾਂਗਰਸੀਆਂ ਦੀ ਇਕਸੁਰਤਾ ਕੈਪਟਨ ਲਈ ਖ਼ਤਰੇ ਦੀ ਘੰਟੀ ਹੋ ਸਕਦੀ ਹੈ।
  • ਨਕਲੀ ਸ਼ਰਾਬ ਕਾਂਡ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਸੁਨੀਲ ਜਾਖ਼ੜ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਤਾਪ ਬਾਜਵਾ ਨੂੰ ਕੈਪਟਨ ਨਾਲ ਮਿਲਕੇ ਉਨ੍ਹਾਂ ਦੀ ਲੋਕ ਸਭਾ ਸੀਟ ਉੱਤ ਕਬਜਾ ਜਮਾਉਣ ਵਾਲੇ ਸੁਨੀਲ ਜਾਖ਼ੜ ਨਾਲ ਹਿਸਾਬ ਪੂਰਾ ਕਰਨ ਦਾ ਮੌਕਾ ਮਿਲ ਗਿਆ ਹੈ। ਜਿਸ ਤਰ੍ਹਾਂ ਦੀ ਬਿਆਨਬਾਜੀ ਬਾਜਵਾ ਤੇ ਦੂਲੋ ਵਲੋਂ ਕੀਤੀ ਜਾ ਰਹੀ ਹੈ, ਉਸ ਤੋਂ ਲੱਗਦਾ ਕਿ ਪੰਜਾਬ ਕਾਂਗਰਸ ਵਿਚ ਖਾਨਾਜੰਗੀ ਉੱਭਰ ਕੇ ਸਾਹਮਣੇ ਆ ਗਈ ਹੈ। ਇਸ ਖਾਨਾਜੰਗੀ ਵਿਚੋਂ ਕਾਂਗਰਸ ਨੂੰ ਬਾਹਰ ਕੱਢਣਾ ਵੀ ਕੈਪਟਨ ਅਮਰਿੰਦਰ ਲਈ ਸੁਖਾਲਾ ਕੰਮ ਨਹੀਂ ਹੋਵੇਗਾ।
  • ਨਵਜੋਤ ਸਿੰਘ ਸਿੱਧੂ ਨੇ ਦਿੱਲੀ ਹਾਈਕਮਾਂਡ ਕੋਲ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਪਹਿਲਾਂ ਹੀ ਮੋਰਚਾ ਖੋਲ੍ਹਿਆ ਹੋਇਆ ਹੈ, ਹੁਣ ਤੱਕ ਕੈਪਟਨ , ਨਵਜੋਤ ਸਿੱਧੂ ਨਾਲ ਹੋਰ ਕਿਸੇ ਕਾਂਗਰਸੀ ਦੇ ਨਾ ਹੋਣ ਕਾਰਨ ਖ਼ਤਰਾ ਮਹਿਸੂਸ ਨਹੀਂ ਕਰ ਰਹੇ ਸਨ। ਪਰ ਹੁਣ ਬਾਜਵਾ , ਦੂਲੋ ਵਰਗੇ ਟਕਸਾਲੀਆਂ ਦੀਆਂ ਹਾਈਕਮਾਂਡ ਕੋਲ ਰਿਪੋਰਟਾਂ ਕੈਪਟਨ ਲਈ ਮੁਸ਼ਕਲ ਖੜ੍ਹੀ ਕਰ ਸਕਦੀਆਂ ਹਨ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)