ਫੇਸਬੁੱਕ ਤੋਂ ਆਏ ਇੱਕ ਫੋਨ ਨਾਲ ਕਿਵੇਂ ਬਚ ਗਈ ਇੱਕ ਬੰਦੇ ਦੀ ਜਾਨ , ਜਾਣੋ ਪੂਰਾ ਮਾਮਲਾ

ਤਸਵੀਰ ਸਰੋਤ, Getty Images
ਦਿੱਲੀ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਮੁੰਬਈ ਦੇ ਇੱਕ 27 ਸਾਲਾ ਸ਼ਖ਼ਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਜਾ ਸਕਿਆ ਅਤੇ ਇਹ ਸਭ ਸੰਭਵ ਹੋਇਆ ਆਇਰਲੈਂਡ ਤੋਂ ਆਏ ਇੱਕ ਫੋਨ ਕਰਕੇ।
ਅਧਿਕਾਰੀਆਂ ਮੁਤਾਬਕ ਇਹ ਸ਼ਖ਼ਸ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਹੋਈ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਪੀਟੀਆਈ ਅਨੁਸਾਰ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਦੇ ਡੀਸੀਪੀ ਅਨਯੇਸ਼ ਰਾਇ ਨੂੰ ਸ਼ਨੀਵਾਰ ਸ਼ਾਮ ਆਇਰਲੈਂਡ ਤੋਂ ਇੱਕ ਫੋਨ ਆਇਆ ਸੀ। ਫੋਨ ਕਰਨ ਵਾਲੇ ਸ਼ਖ਼ਸ ਨੇ ਖ਼ੁਦ ਨੂੰ ਫੇਸਬੁੱਕ ਦਾ ਅਧਿਕਾਰੀ ਦੱਸਿਆ ਸੀ।
ਉਸ ਨੇ ਦਿੱਲੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਦਿੱਲੀ ਦੇ ਰਹਿਣ ਵਾਲੇ ਇੱਕ ਸ਼ਖ਼ਸ ਦੇ ਫੇਸਬੁੱਕ ਅਕਾਊਂਟ ’ਤੇ 'ਸੁਸਾਇਡਲ ਐਕਟੀਵਿਟੀ' ਦੇਖੀ ਹੈ। ਫੇਸਬੁੱਕ ਅਧਿਕਾਰੀ ਨੇ ਡੀਸੀਪੀ ਅਨਯੇਸ਼ ਰਾਇ ਨੂੰ ਵਧੇਰੇ ਡਿਟੇਲ ਲਈ ਆਪਣਾ ਮੇਲ ਚੈੱਕ ਕਰਨ ਲਈ ਕਿਹਾ।
ਇਹ ਵੀ ਪੜ੍ਹੋ:
ਦਿੱਲੀ ਪੁਲਿਸ ਦਾ ਐਕਸ਼ਨ ਪਲਾਨ
ਪੁਲਿਸ ਅਧਿਕਾਰੀ ਨੇ ਤੁਰੰਤ ਆਪਣਾ ਈਮੇਲ ਅਕਾਊਂਟ ਚੈੱਕ ਕੀਤਾ ਜਿਸ ਵਿੱਚ ਫੇਸਬੁੱਕ ਅਧਿਕਾਰੀ ਨੇ ਉਸ ਸ਼ਖ਼ਸ ਦੇ ਫੇਸਬੁੱਕ ਅਕਾਊਂਟ ਅਤੇ ਰਜਿਸਟਰਡ ਮੋਬਾਈਲ ਨੰਬਰ ਦੀ ਡਿਟੇਲ ਦਿੱਤੀ ਹੋਈ ਸੀ।
ਪੁਲਿਸ ਤੁਰੰਤ ਉਸ ਮੋਬਾਈਲ ਨੰਬਰ ਦਾ ਰਜਿਸਟਰਡ ਐਡਰੈੱਸ ਅਤੇ ਲੋਕੇਸ਼ਨ ਪਤਾ ਕਰਦੀ ਹੈ। ਇਹ ਮੋਬਾਈਲ ਨੰਬਰ ਪੂਰਬੀ ਦਿੱਲੀ ਵਿੱਚ ਰਹਿੰਦੀ ਇੱਕ ਮਹਿਲਾ ਦਾ ਸੀ।
ਡੀਸੀਪੀ ਸਾਈਬਰ ਸੈੱਲ ਨੇ ਤੁਰੰਤ ਪੂਰਬੀ ਦਿੱਲੀ ਦੇ ਡੀਸੀਪੀ ਜਸਮੀਤ ਸਿੰਘ ਨੂੰ ਫੋਨ ਕੀਤਾ। ਜਸਮੀਤ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਸਟਾਫ ਨੂੰ ਮਹਿਲਾ ਦੇ ਘਰ ਭੇਜਿਆ।
ਤਸਵੀਰ ਸਰੋਤ, Getty Images
ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਮਹਿਲਾ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਹ ਦੱਸਦੀ ਹੈ ਕਿ ਉਸਦਾ ਫੇਸਬੁੱਕ ਅਕਾਊਂਟ ਉਹ ਖ਼ੁਦ ਨਹੀਂ ਸਗੋਂ ਉਸਦਾ ਪਤੀ ਇਸਤੇਮਾਲ ਕਰਦਾ ਹੈ ਜੋ ਮੁੰਬਈ ਵਿੱਚ ਇੱਕ ਹੋਟਲ 'ਚ ਕੁੱਕ ਦਾ ਕੰਮ ਕਰਦਾ ਹੈ।
ਕਰੀਬ 15 ਦਿਨ ਪਹਿਲਾਂ ਮਹਿਲਾ ਆਪਣੇ ਪਤੀ ਨਾਲ ਲੜਾਈ ਕਰਕੇ ਦਿੱਲੀ ਆ ਗਈ ਸੀ। ਇਸ ਔਰਤ ਨੇ ਪੁਲਿਸ ਨੂੰ ਦੱਸਿਆ ਉਸਦੇ ਕੋਲ ਸਿਰਫ਼ ਉਸਦੇ ਪਤੀ ਦਾ ਫੋਨ ਨੰਬਰ ਹੈ, ਉਸ ਦਾ ਪਤਾ ਨਹੀਂ ਹੈ।
ਕਿਵੇਂ ਬਚਾਈ ਗਈ ਸ਼ਖ਼ਸ ਦੀ ਜਾਨ
ਇਸ ਤੋਂ ਬਾਅਦ ਡੀਸੀਪੀ ਰਾਇ ਨੇ ਮੁੰਬਈ ਪੁਲਿਸ ਦੀ ਡੀਸੀਪੀ (ਸਾਈਬਰ) ਰਸ਼ਮੀ ਕਰੰਦੀਕਰ ਨਾਲ ਸੰਪਰਕ ਕੀਤਾ ਪਰ ਉਸ ਸ਼ਖ਼ਸ ਦਾ ਫੋਨ 'ਪਹੁੰਚ ਤੋਂ ਬਾਹਰ' ਆਉਂਦਾ ਰਿਹਾ।
ਰਸ਼ਮੀ ਕਰੰਦੀਕਰ ਨੇ ਪੀਟੀਆਈ ਨੂੰ ਦੱਸਿਆ ਕਿ ਸਾਡਾ ਸਭ ਤੋਂ ਵੱਡਾ ਚੈਲੇਂਜ ਉਸ ਸ਼ਖ਼ਸ ਕੋਲ ਪਹੁੰਚਣਾ ਸੀ ਜੋ ਫੇਸਬੁੱਕ ਜ਼ਰੀਏ ਖ਼ੁਦਕੁਸ਼ੀ ਕਰਨ ਦਾ ਸੰਕੇਤ ਦੇ ਰਿਹਾ ਸੀ।
ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਸ਼ਖ਼ਸ ਦੀ ਮਾਂ ਨੂੰ ਵੀਡੀਓ ਕਾਲ ਕਰਨ ਲਈ ਕਿਹਾ ਤਾਂ ਜੋ ਲੋਕੇਸ਼ਨ ਟਰੇਸ ਕੀਤੀ ਜਾ ਸਕੇ ਪਰ ਇੱਕ ਵਾਰ ਘੰਟੀ ਜਾਣ ਤੋਂ ਬਾਅਦ ਫੋਨ ਕੱਟ ਹੋ ਗਿਆ।
ਮੁੰਬਈ ਦੇ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ, "ਕੁਝ ਦੇਰ ਬਾਅਦ ਸ਼ਖ਼ਸ ਨੇ ਕਿਸੇ ਹੋਰ ਨੰਬਰ ਤੋਂ ਆਪਣੀ ਮਾਂ ਨੂੰ ਫੋਨ ਕੀਤਾ ਜਿਸ ਕਾਰਨ ਲੋਕੇਸ਼ਨ ਟਰੇਸ ਹੋ ਸਕੀ। ਕਰੀਬ ਇੱਕ ਘੰਟੇ ਬਾਅਦ ਸਾਡੇ ਇੱਕ ਅਫਸਰ ਦੀ ਫੋਨ 'ਤੇ ਉਸ ਸ਼ਖ਼ਸ ਨਾਲ ਗੱਲਬਾਤ ਹੋ ਸਕੀ ਜਿਨ੍ਹਾਂ ਨੇ ਉਸ ਨੂੰ ਸਮਝਾਇਆ ਕਿ ਉਹ ਅਜਿਹਾ ਕੋਈ ਕਦਮ ਨਾ ਚੁੱਕੇ।" ਰਾਤ ਕਰੀਬ ਡੇਢ ਵਜੇ ਪੁਲਿਸ ਉਸ ਸ਼ਖ਼ਸ ਤੱਕ ਪਹੁੰਚ ਗਈ।
ਇੱਕ ਅਧਿਕਾਰੀ ਮੁਤਾਬਕ,'' ਉਸ ਸ਼ਖ਼ਸ ਨੇ ਦੱਸਿਆ ਕਿ ਲੌਕਡਾਊਨ ਕਰਕੇ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ ਅਤੇ ਪਤਨੀ ਨਾਲ ਹੋਈ ਲੜਾਈ ਕਰਕੇ ਪਰੇਸ਼ਾਨ ਸੀ। ਉਹ ਬਹੁਤ ਚਿੰਤਾ ਵਿੱਚ ਸੀ ਕਿ ਕਿਵੇਂ ਨਵ-ਜੰਮ ਬੱਚੇ ਦੀ ਪਰਵਰਿਸ਼ ਕਰੇਗਾ, ਇਸੇ ਕਰਕੇ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਬਾਰੇ ਸੋਚਿਆ।''
ਫੇਸਬੁੱਕ ਦੀ ਪ੍ਰਤੀਕਿਰਿਆ
ਫੇਸਬੁੱਕ ਦੇ ਇੱਕ ਨੁਮਾਇੰਦੇ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਫੇਸਬੁੱਕ ਅਜਿਹਾ ਪਲੇਟਫਾਰਮ ਹੋਵੇ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ। ਜਦੋਂ ਛੇਤੀ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਹੁੰਦਾ ਹੈ ਤਾਂ ਅਸੀਂ ਐਮਰਜੈਂਸੀ ਰਿਸਪੋਂਸ ਦੇਣ ਵਾਲਿਆਂ ਨਾਲ ਕੰਮ ਕਰਦੇ ਹਾਂ ਜੋ ਮਦਦ ਕਰ ਸਕਦੇ ਹਨ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਮਦਦ ਮੁਹੱਈਆ ਕਰਵਾਉਂਦੇ ਹਾਂ ਜੋ ਖੁਦਕੁਸ਼ੀ ਦੇ ਵਿਚਾਰ ਪ੍ਰਗਟ ਕਰਦੇ ਹਨ ਜਾਂ ਫਿਰ ਅਜਿਹੇ ਰੁਝਾਨਾਂ ਵਾਲੇ ਦੋਸਤਾਂ ਲਈ ਚਿੰਤਤ ਹਨ।''
ਮਾਹਰਾਂ ਦਾ ਕਹਿਣਾ ਹੈ ਕਿ ਖੁਦਕੁਸ਼ੀ ਨੂੰ ਰੋਕਣ ਵਿੱਚ ਮਦਦ ਕਰਨ ਦਾ ਸਭ ਤੋਂ ਚੰਗਾ ਤਰੀਕਾ ਮੁਸ਼ਕਿਲ ਵਿੱਚ ਪਏ ਲੋਕਾਂ ਦੀ ਗੱਲ ਉਹ ਸੁਣਨ ਜੋ ਉਨ੍ਹਾਂ ਦੀ ਪਰਵਾਹ ਕਰਦੇ ਹਨ।
iCALL ਸਾਈਕੋਸੋਸ਼ਲ ਹੈਲਪਲਾਈਨ (ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼) ਸਮਰੀਤਨਸ ਮੁੰਬਈ ਸੰਗਠਨ ਦੀ ਫੇਸਬੁੱਕ ਨਾਲ ਮਿਲ ਕੇ ਕੰਮ ਕਰਦੇ ਹਨ। ਲੀਵ, ਲਵ, ਲਾਫ ਫਾਊਂਡੇਸ਼ਨ ਦਿਮਾਗੀ ਸਿਹਤ ਹੈਲਪਲਾਈਨਜ਼ ਅਤੇ ਸਰੋਤ ਮੁਹੱਈਆ ਕਰਵਾਉਂਦੇ ਹਨ। ਇਹ ਸੰਸਥਾਵਾਂ ਇਕੱਲੇਪਣ, ਫਿਕਰ ਅਤੇ ਹੋਰ ਦਿਮਾਗੀ ਬਿਮਾਰੀਆਂ ਨਾਲ ਲੜ ਰਹੇ ਲੋਕਾਂ ਨੂੰ ਮਦਦ ਮੁਹੱਈਆ ਕਰਵਾਉਂਦੇ ਹਨ।
ਇਹ ਵੀ ਦੇਖੋ: