ਬਿਹਾਰ ਵਿੱਚ ਹੜ੍ਹ ਪੀੜਤ ਔਰਤ: ਸੱਪਾਂ ਤੋਂ ਬੱਚਿਆਂ ਦੀ ਜਾਨ ਨੂੰ ਖ਼ਤਰਾ ਤਾਂ ਹੈ, ਪਰ ਸੱਪ ਵਿਚਾਰੇ ਵੀ ਕਿੱਥੇ ਜਾਣ' -ਗਰਾਊਂਡ ਰਿਪੋਰਟ

  • ਪ੍ਰਿਅੰਕਾ ਦੂਬੇ
  • ਬਿਹਾਰ ਦੇ ਪੱਛਮੀ ਚੰਪਾਰਨ ਤੋਂ
ਬਿਹਾਰ ਵਿੱਚ ਹੜ੍ਹ ਪੀੜਤ

"ਸਾਡੇ ਵਰਗਾ ਮਜਬੂਰ ਤਾਂ ਇੱਥੇ ਕੋਈ ਵੀ ਨਹੀਂ ਹੈ। ਸੱਚ ਕਹਿੰਦੀ ਹਾਂ, ਕੋਈ ਇੱਛਾ ਜਾਂ ਖ਼਼ੁਸ਼ੀ ਨਾਲ ਸੜਕ ਤੇ ਰਹਿਣ ਨਹੀਂ ਆਉਂਦਾ!"

ਇੰਨਾ ਕਹਿੰਦਿਆਂ ਨਗੀਨਾ ਦੇਵੀ (50) ਦੇ ਅੱਥਰੂ ਅਕਾਸ਼ੀ ਪਾਣੀ ਨਾਲ ਮਿਲ ਜਾਂਦੇ ਹਨ।

ਉੱਤਰੀ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਮੰਝੌਲਿਆ ਬਲਾਕ ਦੇ ਹੜ੍ਹ ਮਾਰੇ ਮਟਿਆਰ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰ ਰਹੀ ਹੈ।

'ਬੁੱਢੀ ਗੰਢਕ' ਜਿਸ ਨੂੰ ਸਥਾਨਕ ਲੋਕ ਸਿਕਰਹਨਾ ਨਦੀ ਕਹਿਦੇ ਹਨ। ਪਿਛਲੇ 15 ਦਿਨਾਂ ਤੋਂ ਸਥਾਨਕ ਵਾਸੀ ਹੜ੍ਹਾਂ ਵਿੱਚ ਡੁੱਬੇ ਬੈਠੇ ਹਨ।

ਹਰ ਸਾਲ ਹੜ੍ਹਾਂ ਦੇ ਨਾਲ ਸੱਪ ਵੀ ਆ ਜਾਂਦੇ ਹਨ। ਇਹ ਸੱਪ ਘਰਾਂ ਦੇ ਨਾਲ-ਨਾਲ ਰਾਹਤ ਕੈਂਪਾਂ ਵਿੱਚ ਵੀ ਵੜ ਜਾਂਦੇ ਹਨ।

ਮਟਿਆਰ ਦੇ ਇਸ ਆਰਜੀ ਰਾਹਤ ਕੈਂਪ ਵਿੱਚ 24 ਦਲਿਤ ਅਤੇ 17 ਮੁਸਲਿਮ ਪਰਿਵਾਰ ਹਨ।

ਸੱਪਾਂ ਕਾਰਨ ਮਟਿਆਰ ਦੇ ਲੋਕ ਰਾਤ ਨੂੰ ਸੌਣ ਤੋਂ ਵੀ ਮੁਥਾਜ ਹਨ। ਲੇਕਿਨ ਘਰ ਪਾਣੀ ਵਿੱਚ ਡੁੱਬੇ ਹੋਣ ਕਾਰਨ ਇਸ ਤਰ੍ਹਾਂ ਅਨਿਸ਼ਚਿੱਤ ਸਮੇਂ ਲਈ ਸੜਕ 'ਤੇ ਆ ਜਾਣ ਤੋਂ ਬਾਅਦ ਇਨ੍ਹਾਂ ਦੁਖਦਾਈ ਪਲਾਂ ਵਿੱਚ ਵੀ ਨਗੀਨਾ ਦੇਵੀ ਸੱਪਾਂ ਦਾ ਬਹੁਤ ਦਇਆ ਨਾਲ ਜ਼ਿਕਰ ਕਰਦੀ ਹੈ। ਇਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ।

ਉਹ ਇੱਟਾਂ ਦੇ ਚੁੱਲ੍ਹੇ ’ਤੇ ਛੇ ਜਣਿਆਂ ਦੇ ਆਪਣੇ ਪਰਿਵਾਰ ਲਈ ਖਾਣਾ ਬਣਾਉਂਦਿਆਂ ਕਹਿੰਦੀ ਹੈ, "ਸਾਨੂੰ ਸਾਰੀ ਰਾਤ ਕੁਰਸੀਆਂ 'ਤੇ ਬੈਹਿ ਕੇ ਲੰਘਾਉਣੀ ਪੈਂਦੀ ਹੈ ਕਿਉਂਕਿ ਸੱਪਾਂ ਦਾ ਕੁਝ ਪਤਾ ਨਹੀਂ ਲਗਦਾ। ਜੇ ਟੈਂਟ ਵਿੱਚ ਸੌਣ ਜਾਈਏ ਤਾਂ ਉਹ ਉੱਥੇ ਵੜ ਜਾਂਦੇ ਹਨ। ਕਦੇ ਸਿਰਾਹਣੇ ਆ ਜਾਂਦੇ ਹਨ ਤਾਂ ਕਦੇ ਪੈਰਾਂ ਵੱਲ ਰੇਂਗਣ ਲਗਦੇ ਹਨ। ਅਜਿਹੇ ਵਿੱਚ ਬੱਚਿਆਂ ਦੀ ਜਾਨ ਦਾ ਖ਼ਤਰਾ ਹੈ। ਪਰ ਸੱਪ ਵੀ ਵਿਚਾਰੇ ਕਿੱਥੇ ਜਾਣ? ਇਨ੍ਹਾਂ ਹੜ੍ਹਾਂ ਵਿੱਚ ਜਿੰਨੇ ਬੇਆਸਰਾ ਅਸੀਂ ਹਾਂ, ਓਨੇਂ ਹੀ ਬੇਆਸਰੇ ਸੱਪ ਹਨ।"

ਇਹ ਵੀ ਪੜ੍ਹੋ:

ਤਸਵੀਰ ਕੈਪਸ਼ਨ,

ਨਗੀਨਾ ਦੇਵੀ ਇੱਟਾਂ ਦੇ ਚੁੱਲ੍ਹੇ ’ਤੇ ਛੇ ਜਣਿਆਂ ਦੇ ਆਪਣੇ ਪਰਿਵਾਰ ਲਈ ਖਾਣਾ ਬਣਾ ਰਹੀ ਸੀ

ਦਰਿਆ ਵਿੱਚੋਂ ਕੱਢ ਕੇ ਛੱਪੜ ਵਿੱਚ ਸੁੱਟ ਦਿੱਤਾ

ਮੰਝੌਲੀਆ ਬਲਾਕ ਦੇ ਰਾਮਪੁਰ ਮਹਾਨਵਾ ਪਿੰਡ ਪੰਚਾਇਤ ਵਿੱਚ ਆਉਣ ਵਾਲੇ ਮਟਿਆਰ ਪਿੰਡ ਦੀ ਇਹ ਕਹਾਣੀ ਜੁੜਦੀ ਹੈ ਤਕਰੀਬਨ 3000 ਵੋਟਰਾਂ ਅਤੇ 4500 ਦੀ ਅਬਾਦੀ ਵਾਲੇ ਇਸੇ ਪਿੰਡ ਪੰਚਾਇਤ ਦੇ ਬੜੀਆਰ ਟੋਲਾ ਪਿੰਡ ਨਾਲ।

ਮਟਿਆਰ ਤੋਂ ਲਗਭਗ ਪੰਜ ਕਿੱਲੋਮੀਟਰ ਦੂਰ ਵਸੇ ਬੜੀਆਰ ਟੋਲਾ ਨੂੰ ਆਪਸ ਵਿੱਚ ਜੋੜਦਾ ਹੈ ਸਿਕਰਹਨਾ ਨਦੀ ਦੇ ਹੜ੍ਹ ਦਾ ਧਾਗਾ।

ਮਟਿਆਰ ਵਾਸੀ ਅਮਾਨਉੱਲ੍ਹਾ ਮੀਆਂ ਦਸਦੇ ਹਨ, "ਮਟਿਆਰ ਵਿੱਚ ਰਹਿਣ ਵਾਲੇ ਸਾਰੇ 41 ਪਰਿਵਾਰ ਪਹਿਲਾਂ ਬੜੀਆਰ ਟੋਲਾ ਵਿੱਚ ਹੀ ਰਹਿੰਦੇ ਸਨ। ਲੇਕਿਨ 2003 ਦੇ ਹੜ੍ਹਾਂ ਨੇ ਸਾਡਾ ਘਰ-ਬਾਰ ਢਾਹ ਦਿੱਤਾ। ਫਿਰ ਸ਼ਰਣਾਰਥੀਆਂ ਵਾਂਗ ਰਹਿੰਦਿਆਂ ਕਈ ਸਾਲ ਗੁਜ਼ਰ ਗਏ। ਲੇਕਿਨ ਇੱਕ ਦਿਨ ਮੈਂ ਬੇਤਿਹਾ ਰੇਲਵੇ ਸਟੇਸ਼ਨ ਉੱਪਰ ਕਿਸੇ ਨੂੰ ਅਖ਼ਬਾਰ ਵਿੱਚ ਪੜ੍ਹਦਿਆਂ ਸੁਣਿਆ ਕਿ ਹੜ੍ਹ ਦੇ ਉਜਾੜਿਆਂ ਨੂੰ ਘਰ ਬਣਾ ਕੇ ਰਹਿਣ ਲਈ ਜ਼ਮੀਨ ਦਿੱਤੇ ਜਾਣ ਦੀ ਪ੍ਰਵਧਾਨ ਹੈ। ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ।"

ਇਹ ਸੁਣ ਕੇ ਅਮਾਨਉੱਲ੍ਹਾ ਨੂੰ ਜਾਪਿਆ ਜਿਵੇਂ ਹੁਣ ਉਨ੍ਹਾਂ ਦੇ ਦਿਨ ਫਿਰ ਜਾਣਗੇ ਪਰ ਅਜਿਹਾ ਹੋ ਨਾ ਸਕਿਆ ਅਤੇ ਹੜ੍ਹ ਨੇ ਉਨ੍ਹਾਂ ਦੀ ਪੈੜ ਨਾ ਛੱਡੀ।

ਉਹ ਦੱਸਦੇ ਹਨ, "ਪਤਾ ਲਗਦਿਆਂ ਹੀ ਅਸੀਂ ਖ਼ੂਬ ਭੱਜ-ਦੌੜ ਕੀਤੀ। ਕਾਗਜ਼-ਪੱਤਰ, ਲਿਖਾ-ਪੜ੍ਹੀ ਹੋਈ। ਫਿਰ ਸਾਲ 2010 ਵਿੱਚ ਇੱਕ ਵਧੀਆ ਕਲੈਕਟਰ ਆਏ ਜਿਨ੍ਹਾਂ ਨੇ ਸਾਨੂੰ ਜ਼ਮੀਨ ਦੇਣ ਦਾ ਹੁਕਮ ਦਿੱਤਾ।”

“ਸਾਲ 2014 ਤੋਂ ਅਸੀਂ 41 ਪਰਿਵਾਰਾਂ ਦੇ ਤਕਰੀਬਨ 250 ਜਣੇ ਇੱਥੇ ਮਟਿਆਰ ਵਿੱਚ ਆ ਵਸੇ। ਹੜ੍ਹਾਂ ਨੇ ਇੱਥੇ ਵੀ ਸਾਡਾ ਪਿੱਛਾ ਨਾ ਛੱਡਿਆ। ਪਾਣੀ ਭਰ ਜਾਣ ਨਾਲ ਸਾਲ ਵਿੱਚ ਪੰਜ ਮਹੀਨੇ ਸੜਕਾਂ 'ਤੇ ਅਤੇ ਬਾਕੀ ਮਹੀਨੇ ਘਰਾਂ ਵਿੱਚ ਰਹਿੰਦੇ ਹਾਂ। ਹਰ ਸਾਲ ਪਾਣੀ ਲੱਗਣ ਨਾਲ ਘਰ ਕਮਜ਼ੋਰ ਹੋ ਗਏ ਹਨ ਪਤਾ ਨਹੀਂ ਕਿੰਨੀ ਦੇਰ ਟਿਕਣਗੇ। ਇੰਝ ਲਗਦਾ ਹੈ ਜਿਵੇਂ ਦਰਿਆ ਚੋਂ ਕੱਢ ਕੇ ਛਪੱੜ ’ਚ ਸੁੱਟ ਦਿੱਤਾ ਗਿਆ ਹੈ।"

ਤਸਵੀਰ ਕੈਪਸ਼ਨ,

ਜ਼ਮੀਨ ਮਿਲਣ ਬਾਰੇ ਸੁਣ ਕੇ ਅਮਾਨਉੱਲ੍ਹਾ ਨੂੰ ਜਾਪਿਆ ਜਿਵੇਂ ਹੁਣ ਉਨ੍ਹਾਂ ਦੇ ਦਿਨ ਫਿਰ ਜਾਣਗੇ ਪਰ ਅਜਿਹਾ ਹੋ ਨਾ ਸਕਿਆ

ਰਾਤ ਭਰ ਬੱਤੀ ਜਗਾ ਕੇ ਬੰਨ੍ਹ ਬੰਨ੍ਹਦੇ ਰਹੇ

ਗੱਲਬਾਤ ਤੋਂ ਬਾਅਦ ਅਮਾਨਉੱਲ੍ਹਾ ਸਾਨੂੰ ਆਪਣੇ ਮੂਲ ਪਿੰਡ ਬਟਿਆਰ ਟੋਲਾ ਲੈ ਗਏ। ਇਹ ਪਿੰਡ ਲਗਭਗ ਇੱਕ ਹਫ਼ਤੇ ਤੋਂ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਪਿਛਲੇ ਕੁਝ ਦਿਨਾਂ ਵਿੱਚ ਪਾਣੀ ਕੁਝ ਉਤਰਿਆ ਤਾਂ ਪਿੰਡ ਵਾਲਿਆਂ ਨੇ ਪਾਣੀ ਕੱਢ ਕੇ ਆਉਣ-ਜਾਣ ਦਾ ਲਾਂਘਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ।

ਕਾਹਲੇ ਕਦਮੀਆਂ ਤੁਰਦਿਆਂ ਆਪਣੇ ਪਾਣੀ ਵਿੱਚ ਡੁੱਬੇ ਘਰ ਦੇ ਨਿਸ਼ਾਨ ਦਿਖਾਉਂਦੇ ਪਿੰਡ ਵਾਸੀਆਂ ਦਾ ਦਰਦ ਮੇਰੇ ਦਿਲ ਵਿੱਚ ਵੀ ਇੱਕ ਟੀਸ ਪੈਦਾ ਕਰ ਰਿਹਾ ਸੀ।

ਇਹ ਵੀ ਪੜ੍ਹੋ:

ਨੇਪਾਲ ਵਿੱਚ ਲੱਕੜ ਦਾ ਕੰਮ ਕਰਨ ਵਾਲੇ ਪਿੰਡ ਵਾਸੀ ਫਕੀਰ-ਉਦ-ਦੀਨ ਦਸਦੇ ਹਨ,"ਜ਼ਿਆਦਾਤਰ ਪਿੰਡ ਵਾਸੀ ਨੇਪਾਲ ਵਿੱਚ ਲੱਕੜ ਦਾ ਕੰਮ ਕਰਦੇ ਹਨ ਪਰ ਕੋਰੋਨਾ ਕਾਰਨ ਫਿਲਹਾਲ ਘਰਾਂ ਵਿੱਚ ਬੰਦ ਹਨ। ਨਾ ਕੰਮ ਹੈ, ਨਾ ਰੁਜ਼ਗਾਰ ਤੇ ਨਾ ਪੈਸਾ। ਬਾਕੀ ਹੜ੍ਹ ਤਾਂ ਕਈ ਸਾਲਾਂ ਤੋਂ ਇੱਥੇ ਹਨ। ਸਰਕਾਰ ਵੱਲੋਂ ਵੀ ਹਾਲੇ ਤੱਕ ਕੋਈ ਲਾਭ ਨਹੀਂ ਮਿਲਿਆ ਤੇ ਸਾਡੀ ਹਾਲਤ ਬਹੁਤ ਖ਼ਰਾਬ ਹੈ।"

ਕੋਲ ਖੜ੍ਹੇ ਨਮੀਰ ਅਸੂਲ ਫਕੀਰ-ਉਦ-ਦੀਨ ਨੇ ਵੀ ਹਾਂ ਵਿੱਚ ਹਾਂ ਮਿਲਾਈ ਤੇ ਕਿਹਾ, "28 ਜੁਲਾਈ ਨੂੰ ਜਦੋਂ ਸਾਡੇ ਪਿੰਡ ਵਿੱਚ ਪਾਣੀ ਆਇਆ ਤਾਂ ਮੁਹਾਣੇ 'ਤੇ ਬਣਿਆਂ ਬੰਨ੍ਹ ਟੁੱਟ ਗਿਆ ਸੀ। ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿਚਕਾਰ ਰਾਬਤਾ ਟੁੱਟ ਗਿਆ। ਫਿਰ ਕੋਈ ਰਾਹ ਨਾ ਦੇਖ਼ ਕੇ ਸਾਰੀ ਰਾਤ ਆਪ ਖੜ੍ਹੇ ਹੋ ਕੇ ਅਸੀਂ ਬੰਨ੍ਹ ਬਣਾਇਆ। ਫਿਰ ਜਾ ਕੇ ਕਿਤੇ ਪਾਣੀ ਰੁਕਿਆ ਪਰ ਜੇ ਥੋੜ੍ਹਾ ਜਿੰਨਾਂ ਵੀ ਮੀਂਹ ਪਿਆ ਤਾਂ ਉਹ ਫਿਰ ਟੁੱਟ ਸਕਦਾ ਹੈ।"

ਮਾਮੂਲੀ ਰਾਸ਼ਨ ਤੇ ਇੱਕ ਤਰਪਾਲ

ਦੋ ਕਿੱਲੋ ਚੂੜਾ, ਅੱਧਾ ਕਿੱਲੋ ਛੋਲੇ ਅਤੇ ਤਰਪਾਨ ਤੋਂ ਸਿਵਾ ਮਟਿਆਰ ਦੇ ਲੋਕਾਂ ਨੂੰ ਕੋਈ ਰਾਹਤ ਸਮੱਗਰੀ ਨਹੀ ਪਹੁੰਚੀ। ਬੜਿਆਰ ਟੋਲਾ ਵਾਲਿਆਂ ਨੂੰ ਤਾਂ ਇਹ ਤਰਪਾਲ ਤੇ ਅਨਾਜ ਵੀ ਨਸੀਬ ਨਹੀਂ ਹੋਇਆ।

ਬਿਹਾਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਦਿੱਤੇ ਜਾ ਰਹੇ ਛੇ ਹਜ਼ਾਰ ਰੁਪਏ ਦੀ ਮਦਦ ਵੀ ਹਾਲੇ ਤੱਕ ਇੱਥੇ ਕਿਸੇ ਨੂੰ ਨਹੀਂ ਮਿਲੀ।

ਲੇਕਿਨ ਪੱਛਮੀ ਚੰਪਾਰਨ ਦੇ ਕਲੈਕਟਰ ਕੁੰਦਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਸ਼ਾਸਨ ਉਸ ਦਿਨ ਤੋਂ ਹੜ੍ਹ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ ਜਿਸ ਦਿਨ ਗੰਢਕ ਅਤੇ ਸਿਕਰਹਨਾ ਵਿੱਚ ਹੜ੍ਹ ਦਾ ਪਹਿਲਾ ਸ਼ੱਕ ਜਤਾਇਆ ਗਿਆ ਸੀ।

"ਸੰਪੂਰਣ ਅਤੇ ਆਂਸ਼ਿਕ ਨੁਕਸਾਨ ਨੂੰ ਮਿਲਾ ਕੇ ਦੇਖੀਏ ਤਾਂ ਪੱਛਮੀ ਚੰਪਾਰਨ ਵਿੱਚ ਲਗਭਗ 1.43 ਲੱਖ ਲੋਕ ਹੜ੍ਹ ਪੀੜਤ ਹਨ। ਅਸੀਂ ਹੜ੍ਹ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਰੱਖ ਰਹੇ ਹਾਂ।”

“ਇੰਜੀਨੀਅਰ, ਹੋਮ ਗਾਰਡ ਅਤੇ ਸਥਾਨਕ ਇੰਤਜ਼ਾਮੀਆ ਦੀਆਂ ਟੀਮਾਂ ਨੇ ਪੀਪੀ ਬੰਨ੍ਹ 187 ਅਤੇ ਚੰਪਾਰਨ ਬੰਨ੍ਹ ਨੂੰ 55 ਥਾਵਾਂ ਤੋਂ ਠੀਕ ਕੀਤਾ ਹੈ। ਪਾੜ ਜੇ ਭਰੇ ਨਾ ਜਾਂਦੇ ਤਾਂ ਭਿਆਨਕ ਰੂਪ ਲੈ ਸਕਦੇ ਸਨ। ਇਹ ਸਾਡੀ ਵੱਡੀ ਸਫ਼ਲਤਾ ਹੈ। ਸਿਕਰਨਾ ਤੋਂ ਪ੍ਰਭਾਵਿਤ ਪੰਚਾਇਤਾਂ ਲਈ ਸਮੁਦਾਇਕ ਰਸੋਈ, ਕੋਵਿਡ ਕੇਅਰ ਸੈਂਟਰ ਅਤੇ ਹੋਰ ਸਹੂਲਤਾਂ ਦਾ ਬੰਦੋਬਸਤ ਕੀਤਾ ਗਿਆ।"

ਜਦਕਿ ਮਟਿਆਰ ਦੀ ਰਹਿਣ ਵਾਲੀ ਰਾਮਵਤੀ ਦੇਵੀ ਦੀ ਆਪਬੀਤੀ ਇੰਤਜ਼ਾਮੀਆ ਦੇ ਸਾਰੇ ਦਾਅਵਿਆਂ ਉੱਪਰ ਸਵਾਲੀਆ ਨਿਸ਼ਾਨ ਲਾਉਂਦੀ ਹੈ। ਅੱਠ ਮਹਿਨਿਆਂ ਦੀ ਗਰਭਵਤੀ ਰਾਮਵਤੀ ਜਾਂਚ ਪੜਤਾਲ ਕਰਨ ਅੱਜ ਤੱਕ ਕੋਈ ਵੀ ਆਸ਼ਾ ਵਰਕਰ ਨਹੀਂ ਆਈ ਹੈ। ਉਹ ਕਹਿੰਦੀ ਹੈ,"ਤਬੀਅਤ ਠੀਕ ਨਹੀਂ ਰਹਿੰਦੀ, ਜੀ ਚੰਗਾ ਨਹੀਂ ਰਹਿੰਦਾ। ਲੇਕਿਨ ਕਿਸ ਨੂੰ ਕਹਾਂ? ਆਸ਼ਾ ਤਾਂ ਕਦੇ ਆਈ ਹੀ ਨਹੀਂ ਅਤੇ ਹੁਣ ਤਾਂ ਇੱਥੇ ਵੈਸੇ ਵੀ ਹੜ੍ਹ ਆਏ ਹੋਏ ਹਨ।"

ਜਣੇਪੇ ਤੋਂ ਸਿਰਫ਼ ਇੱਕ ਮਹੀਨਾ ਦੂਰ ਰਾਮਵਤੀ ਅੱਜ ਤੱਕ ਇੱਕ ਵਾਰ ਵੀ ਜਾਂਚ ਲਈ ਹਸਪਤਾਲ ਨਹੀਂ ਗਈ ਅਤੇ ਨਾ ਹੀ ਉਸ ਨੇ ਮਟਿਆਰ ਵਿੱਚ ਕੋਈ ਸਿਹਤ ਵਰਕਰ ਦੇਖਿਆ ਹੈ।

ਇੰਤਜ਼ਾਮੀਆ ਦੀ ਯਾਦ ਨੇ ਨਾਂਅ ਤੇ ਮਟਿਆਰ ਵਾਸੀ ਸੁਧੀ ਰਾਮ ਨੂੰ ਸਿਰਫ਼ ਚੂੜਾ ਅਤੇ ਤਰਪਾਲ ਵੰਡਣ ਆਏ ਅਫ਼ਸਰ ਤੋਂ ਪਾਣੀ ਦੀ ਮੰਗ ਕਰਨਾ ਯਾਦ ਹੈ।

"ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਕੋਲ ਪੀਣ ਦਾ ਪਾਣੀ ਨਹੀਂ ਹੈ। ਜੇ ਜ਼ਿਆਦਾ ਕੁਝ ਨਾ ਹੋ ਸਕੇ ਤਾਂ ਇੱਥੇ ਇੱਥੇ ਥੋੜ੍ਹੀ ਉਚਾਈ ਉੱਪਰ ਇੱਕ ਨਲਕਾ ਲਵਾ ਦਿਓ ਤਾਂ ਕਿ ਸਾਡਾ ਗੁਜ਼ਾਰਾ ਹੋ ਸਕੇ ਪਰ ਉਨ੍ਹਾਂ ਨੇ ਨਹੀਂ ਲਵਾਇਆ। ਦੋ ਹਫ਼ਤੇ ਪਹਿਲਾਂ ਤੋਂ ਅਸੀਂ ਪਾਣੀ ਉਬਾਲ ਕੇ ਅਤੇ ਠੰਡਾ ਕਰ ਕੇ ਪੀਣ ਨੂੰ ਮਜਬੂਰ ਹਾਂ। ਸਿਹਤ ਵੀ ਠੀਕ ਨਹੀਂ ਰਹਿੰਦੀ।"

ਬਿਹਾਰ ਵਿੱਚ ਹੜ੍ਹ ਅਤੇ ਕੋਰੋਨਾ ਦੀ ਸਥਿਤੀ ਦੀ ਪੜਤਾਲ ਕਰਦੀ ਬੀਬੀਸੀ ਦੀ ਇਸ ਖ਼ਾਸ ਕਵਰੇਜ ਦਾ ਪਹਿਲਾ ਪੜਾਅ ਮਟਿਆਰ ਹੈ।

ਰਾਹ ਭਰ ਪਾਣੀ ਵਿੱਚ ਡੁੱਬੇ ਝੋਨੇ ਦੇ ਵੱਡੇ-ਵੱਡੇ ਬਰਬਾਦ ਖੇਤ ਅਤੇ ਸੁੱਕੇ ਗੰਨਿਆਂ ਦੀ ਨਾੜ ਦਿਖਾਈ ਦਿੰਦੀ ਰਹੀ। ਸ਼ਾਮ ਢਲੇ ਮਟਿਆਰ ਤੋਂ ਵਾਪਸੀ 'ਤੇ ਮੈਂ ਦੇਖਿਆ ਕਿ ਪਿੰਡ ਦੇ ਨੌਜਵਾਨ ਇੱਕ ਦੂਜੇ ਨੂੰ ਫ਼ੋਨ 'ਤੇ ਮਾਰੇ ਗਏ ਸੱਪਾਂ ਦੀਆਂ ਫੋਟੋਆਂ ਦਿਖਾ ਰਹੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)