ਅਨਾਥ ਆਸ਼ਰਮ ਤੋਂ ਕ੍ਰਿਕਟ ਦੀ ਬੁਲੰਦੀ ਤੱਕ ਪਹੁੰਚਣ ਵਾਲੀ ਖਿਡਾਰਨ ਨੇ ਜਦੋਂ 600 ਮੁੰਡਿਆਂ ਦੀ ਅਕਦਾਮੀ ’ਚ ਦਾਖਲਾ ਲਿਆ

ਸਟਾਲੇਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਾਬਕਾ ਆਸਟ੍ਰੇਲੀਆਈ ਕਪਤਾਨ ਸਟਾਲੇਕਰ ਨੇ ਆਪਣੇ ਸੁਨਿਹਰੀ ਕਰੀਅਰ ਵਿੱਚ 2005 ਅਤੇ 2013 ਦਾ ਵਿਸ਼ਵ ਕੱਪ ਜਿੱਤਿਆ

ਆਸਟਰੇਲੀਆ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਲੀਜ਼ਾ ਸਟਾਲੇਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਹਾਲ ਆਫ਼ ਫ਼ੇਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

41 ਸਾਲਾ ਸਟਾਲੇਕਰ ਹਾਲ ਆਫ਼ ਫ਼ੇਮ ਵਿੱਚ ਸ਼ਾਮਿਲ ਹੋਣ ਵਾਲੀ ਨੌਂਵੀ ਔਰਤ ਹੈ।

ਸਾਬਕਾ ਆਸਟਰੇਲੀਆਈ ਕਪਤਾਨ ਸਟਾਲੇਕਰ ਨੇ ਆਪਣੇ ਸੁਨਿਹਰੀ ਕਰੀਅਰ ਵਿੱਚ 2005 ਅਤੇ 2013 ਦਾ ਵਿਸ਼ਵ ਕੱਪ ਜਿੱਤਿਆ। ਨਾਲ ਹੀ ਟੈਸਟ ਅਤੇ ਵਨ ਡੇਅ ਵਿੱਚ ਬੱਲੇਬਾਜੀ ਅਤੇ ਗੇਂਦਬਾਜੀ ਦੋਨਾਂ ਵਿੱਚ ਟਾਪ ਰੈਂਕਿੰਗ ਹਾਸਿਲ ਕੀਤੀ।

ਹਾਲ ਆਫ਼ ਫ਼ੇਮ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਉਨ੍ਹਾਂ ਨੇ ਕਿਹਾ, "ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮੈਨੂੰ ਖਿਡਾਰੀਆਂ ਦੇ ਇੰਨੇ ਸ਼ਾਨਦਾਰ ਸਮੂਹ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ।"

ਆਲ ਰਾਊਂਡਰ ਸਟਾਲੇਕਰ 2013 ਵਿੱਚ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰ ਹੋ ਗਏ ਸੀ ਪਰ ਉਹ ਅੱਜ ਵੀ ਨਿਊ ਸਾਊਥ ਵੇਲਸ ਲਈ ਘਰੇਲੂ ਕ੍ਰਿਕਟ ਖੇਡਦੇ ਹਨ। ਉਨ੍ਹਾਂ ਨੇ ਬਾਰ੍ਹਾਂ ਸਾਲ ਕੌਮਾਂਤਰੀ ਕ੍ਰਿਕਟ ਖੇਡਿਆ।

ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਟਾਲੇਕਰ ਦੰਪਤੀ ਨੇ ਛੇ ਸਾਲ ਪਹਿਲਾਂ ਵੀ ਇੱਕ ਬੱਚੀ ਨੂੰ ਗੋਦ ਲਿਆ ਸੀ ਅਤੇ ਉਹ ਆਪਣਾ ਪਰਿਵਾਰ ਪੂਰਾ ਕਰਨ ਲਈ ਇੱਕ ਹੋਰ ਬੱਚੀ ਨੂੰ ਗੋਦ ਲੈਣਾ ਚਾਹੁੰਦੇ ਸਨ

ਭਾਰਤ ਨਾਲ ਸੰਬੰਧ

ਲੀਜ਼ਾ ਸਟਾਲੇਕਰ ਨੇ 2013 ਵਿੱਚ ਆਸਟਰੇਲੀਆ ਨੂੰ ਵਿਸ਼ਵ ਕੱਪ ਜਿਤਾਇਆ ਸੀ। ਫ਼ਾਈਨਲ ਮੈਚ ਮੁੰਬਈ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਆਸਟਰੇਲੀਆ ਨੇ ਵੈਸਟ ਇੰਡੀਜ਼ ਨੂੰ ਹਰਾਇਆ ਸੀ।

ਲੀਜ਼ਾ ਦੇ ਇੱਕ ਸ਼ਾਨਦਾਰ ਕੈਚ ਦੀ ਬਦੋਲਤ ਹੀ ਆਈਸੀਸੀ ਵਿਮੈਨ ਵਰਲਡ ਕੱਪ 2013 ਆਸਟਰੇਲੀਆ ਦੇ ਨਾਮ ਹੋਇਆ ਸੀ। ਇਸ ਮੈਚ ਵਿੱਚ ਉਨ੍ਹਾਂ ਨੇ ਦੋ ਵੱਡੀਆਂ ਵਿਕਟਾਂ ਲਈਆਂ ਸਨ।

ਇਸ ਸ਼ਾਨਦਾਰ ਮੈਚ ਦੇ ਨਾਲ ਹੀ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

ਉਸ ਸਮੇਂ ਉਨ੍ਹਾਂ ਨੇ ਦੁਨੀਆਂ ਨੂੰ ਦੱਸਿਆ ਕਿ ਭਾਰਤ ਨਾਲ ਜੁੜੀ ਇਹ ਉਨ੍ਹਾਂ ਦੀ ਪਹਿਲੀ ਯਾਦ ਨਹੀਂ ਹੈ, ਬਕਲਿ ਉਨ੍ਹਾਂ ਦੀ ਜ਼ਿੰਦਗੀ ਅੱਜ ਜਿਸ ਮੁਕਾਮ 'ਤੇ ਪਹੁੰਚੀ ਹੈ ਇਸ ਦੀ ਸ਼ੁਰੂਆਤ ਭਾਰਤ ਵਿੱਚ ਹੀ ਹੋਈ ਸੀ।

ਆਈਸੀਸੀ ਦੀ ਵੈੱਬਸਾਈਟ ਅਨੁਸਾਰ ਸਟਾਲੇਕਰ ਦਾ ਜਨਮ 13 ਅਗਸਤ 1979 ਨੂੰ ਹੋਇਆ ਸੀ। ਅਸਲ ਵਿੱਚ ਉਨ੍ਹਾਂ ਨੂੰ ਪੁਣੇ ਦੇ ਕਿਸੇ ਅਨਾਥ ਆਸ਼ਰਮ ਵਿੱਚ ਛੱਡ ਦਿੱਤਾ ਗਿਆ ਸੀ।

ਤਿੰਨ ਮਹੀਨਿਆਂ ਦੀ ਇਸ ਛੋਟੀ ਬੱਚੀ ਨੂੰ ਸਟਾਲੇਕਰ ਪਰਿਵਾਰ ਨੇ ਗੋਦ ਲੈ ਲਿਆ।

cricket.com.au ਦੇ ਅਨੁਸਾਰ ਪੁਣੇ ਵਿੱਚ ਪੈਦੀ ਹੋਈ ਸਟਾਲੇਕਰ ਦਾ ਜਨਮ ਸਮੇਂ ਨਾਮ ਲੈਲਾ ਰੱਖਿਆ ਗਿਆ ਸੀ। ਬੱਚੀ ਦਾ ਪਾਲਣ ਪੋਸ਼ਣ ਕਰਣ ਤੋਂ ਅਸਮਰੱਥ ਉਸ ਦੇ ਅਸਲ ਮਾਪਿਆਂ ਨੇ ਉਸ ਨੂੰ ਸ਼੍ਰੀਵਸਤ ਅਨਾਥ ਆਸ਼ਰਮ ਵਿੱਚ ਛੱਡ ਦਿੱਤਾ।

ਫ਼ਿਰ ਉਸ ਛੋਟੀ ਬੱਚੀ ਦੀ ਕਿਸਮਤ ਦੇ ਰਾਹ ਮਿਸ਼ੀਗਨ ਦੇ ਇੱਕ ਦੰਪਤੀ ਨਾਲ ਜਾ ਮਿਲੇ, ਇਨ੍ਹਾਂ ਵਿੱਚੋਂ ਹਰੇਨ ਆਪ ਮੁੰਬਈ ਵਿੱਚ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਪਤਨੀ ਸੋਏ ਸਟਾਲੇਕਰ ਸੀ।

ਸਟਾਲੇਕਰ ਜੋੜੇ ਨੇ ਛੇ ਸਾਲ ਪਹਿਲਾਂ ਵੀ ਇੱਕ ਬੱਚੀ ਨੂੰ ਗੋਦ ਲਿਆ ਸੀ ਅਤੇ ਉਹ ਆਪਣਾ ਪਰਿਵਾਰ ਪੂਰਾ ਕਰਨ ਲਈ ਇੱਕ ਹੋਰ ਬੱਚੀ ਨੂੰ ਗੋਦ ਲੈਣਾ ਚਾਹੁੰਦੇ ਸਨ।

ਉਨ੍ਹਾਂ ਨੇ ਜਦ ਲੈਲਾ (ਲੀਜ਼ਾ) ਨੂੰ ਗੋਦ ਲਿਆ ਤਾਂ ਉਹ ਸਿਰਫ਼ ਤਿੰਨ ਹਫ਼ਤਿਆ ਦੀ ਸੀ। ਫ਼ਿਰ ਉਹ ਆਪਣੇ ਨਵੇਂ ਪਰਿਵਾਰ ਨਾਲ ਅਮਰੀਕਾ ਚਲੀ ਗਈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੱਕ ਇੰਟਰਵਿਊ ਵਿੱਚ ਲੀਜ਼ਾ ਨੇ ਕਿਹਾ ਸੀ ਕਿ ,"ਇੱਕ ਭਾਰਤੀ ਹੋਣ ਦੇ ਨਾਤੇ ਸਭ ਜਾਣਦੇ ਨੇ ਕਿ ਅਸੀਂ ਕ੍ਰਿਕਟ ਲਈ ਪਾਗਲ ਹੁੰਦੇ ਹਾਂ। ਮੈਨੂੰ ਨਿਸ਼ਚਿਤ ਤੌਰ 'ਤੇ ਲੱਗਦਾ ਹੈ ਕਿ ਇਹ ਮੇਰੇ ਖੂਨ ਹੀ ਸੀ।"

'ਖੂਨ ਵਿੱਚ ਕ੍ਰਿਕਟ ਲਈ ਪਿਆਰ'

ਲੀਜ਼ਾ ਸਟਾਲੇਕਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ, "ਮੈ ਭਾਰਤ ਦੇ ਪੁਣੇ ਵਿੱਚ ਪੈਦਾ ਹੋਈ ਸੀ। ਉਥੋਂ ਮੈਨੂੰ ਗੋਦ ਲੈ ਲਿਆ ਗਿਆ। ਉਸਤੋਂ ਬਾਅਦ ਮੈਂ ਦੋ ਸਾਲ ਲਈ ਅਮਰੀਕਾ ਚਲੀ ਗਈ। ਫ਼ਿਰ ਦੋ ਸਾਲ ਕੀਨੀਆ ਵਿੱਚ ਰਹੀ ਅਤੇ ਆਖ਼ੀਰ ਉਹ ਆਸਟ੍ਰੇਲੀਆ ਆ ਕੇ ਵੱਸ ਗਏ। ਮੇਰੇ ਪਿਤਾ ਭਾਰਤੀ ਅਤੇ ਮੇਰੀ ਮਾਂ ਇੰਗਲਿਸ਼ ਸੀ।"

ਇੱਕ ਇੰਟਰਵਿਊ ਵਿੱਚ ਲੀਜ਼ਾ ਨੇ ਕਿਹਾ ਸੀ, "ਇੱਕ ਭਾਰਤੀ ਹੋਣ ਦੇ ਨਾਤੇ ਸਭ ਜਾਣਦੇ ਨੇ ਕਿ ਅਸੀਂ ਕ੍ਰਿਕਟ ਲਈ ਪਾਗਲ ਹੁੰਦੇ ਹਾਂ। ਮੈਨੂੰ ਨਿਸ਼ਚਿਤ ਤੌਰ 'ਤੇ ਲੱਗਦਾ ਹੈ ਕਿ ਇਹ ਮੇਰੇ ਖੂਨ ਹੀ ਸੀ।"

ਉਸ ਦੇ ਪਿਤਾ ਡਾਕਟਰ ਹਰੇਨ ਸਟਾਲੇਕਰ ਨੇ ਦੱਸਿਆ ਸੀ ਕਿ ਨੌਂ ਸਾਲ ਦੀ ਉਮਰ ਵਿੱਚ ਹੀ ਲੀਜ਼ਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਕ੍ਰਿਕਟ ਖੇਡਣਾ ਚਾਹੁੰਦੀ ਹੈ। ਉਸਦੇ ਪਿਤਾ ਯਾਦ ਕਰਦੇ ਹਨ, ਉਹ ਘਰ ਦੇ ਪਿੱਛੇ ਕ੍ਰਿਕਟ ਖੇਡਦੀ ਸੀ ਅਤੇ ਬਹੁਤ ਚੰਗਾ ਖੇਡਦੀ ਹੁੰਦੀ ਸੀ।

ਲੀਜ਼ਾ ਸਟਾਲੇਕਰ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਈਸੀਸੀ ਪੌਡਕਾਸਟ ਨੂੰ ਦੱਸਿਆ ਸੀ ਕਿ ਉਹ ਸਥਾਨਕ ਕਲੱਬ ਵਿੱਚ 600 ਮੁੰਡਿਆਂ ਵਿੱਚ ਦਾਖ਼ਲਾ ਲੈਣ ਵਾਲੀ ਇਕੱਲੀ ਕੁੜੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਈਸੀਸੀ ਦੀ ਵੈੱਬਸਾਈਟ ਮੁਤਾਬਿਕ, ਲੀਜ਼ਾ ਸਟਾਲੇਕਰ ਨੇ 29 ਜੂਨ 2001 ਵਿੱਚ ਆਸਟ੍ਰੇਲੀਆ ਵੱਲੋਂ ਇੰਗਲੈਂਡ ਦੇ ਵਿਰੁੱਧ ਖੇਡਦਿਆਂ ਡੈਬਯੂ ਕੀਤਾ ਸੀ।

ਕ੍ਰਿਕਟ ਕਰੀਅਰ ਦੀ ਸ਼ੁਰੂਆਤ

ਸਟਾਲੇਕਰ ਦੇ ਕਰੀਅਰ ਸ਼ੁਰੂਆਤ ਵੀ ਉਸ ਸਮੇਂ ਦੀਆਂ ਜ਼ਿਆਦਾਤਰ ਕੁੜੀਆਂ ਵਾਂਗ ਮੁੰਡਿਆਂ ਨਾਲ ਖੇਡਕੇ ਹੀ ਹੋਈ, ਇਸ ਗੱਲ ਤੋਂ ਬੇਖ਼ਬਰ ਕਿ ਔਰਤਾਂ ਵੀ ਕੌਮਾਂਤਰੀ ਕ੍ਰਿਕਟ ਖੇਡ ਸਕਦੀਆਂ ਹਨ।

ਪਰ ਜਦੋਂ ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਗਾਰਡਨ ਵਿਮੈਨ ਕ੍ਰਿਕਟ ਕਲੱਬ ਨਾਲ ਜਾਣੂ ਕਰਵਾਇਆ ਗਿਆ। ਉਦੋਂ ਉਨ੍ਹਾਂ ਦੇ ਪਿਤਾ ਨੂੰ ਪਤਾ ਲੱਗਿਆ ਕਿ ਔਰਤਾਂ ਵੀ ਆਪਣੇ ਦੇਸ ਲਈ ਕ੍ਰਿਕਟ ਖੇਡ ਸਕਦੀਆਂ ਹਨ।

ਉਨ੍ਹਾਂ ਨੇ ਇੱਕ ਵੈੱਬਸਾਈਟ ਨੂੰ ਕਿਹਾ ਸੀ, " ਉਸ ਸਮੇਂ ਔਰਤਾਂ ਦਾ ਕ੍ਰਿਕਟ ਟੀਵੀ 'ਤੇ ਦਿਖਾਈ ਨਹੀਂ ਸੀ ਦਿੰਦਾ। ਉਸ ਬਾਰੇ ਕੋਈ ਲੇਖ ਨਹੀਂ ਸੀ ਛਪਦਾ। ਬਸ ਖਿਡਾਰੀਆਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਹੀ ਔਰਤਾਂ ਦੇ ਕ੍ਰਿਕਟ ਬਾਰੇ ਪਤਾ ਹੁੰਦਾ ਸੀ।"

ਆਈਸੀਸੀ ਦੀ ਵੈੱਬਸਾਈਟ ਮੁਤਾਬਿਕ, ਲੀਜ਼ਾ ਸਟਾਲੇਕਰ ਨੇ 29 ਜੂਨ 2001 ਵਿੱਚ ਆਸਟਰੇਲੀਆ ਵੱਲੋਂ ਇੰਗਲੈਂਡ ਦੇ ਵਿਰੁੱਧ ਖੇਡਦਿਆਂ ਡੈਬਯੂ ਕੀਤਾ ਸੀ।

ਉਹ ਸੱਜੇ ਹੱਥ ਨਾਲ ਬੱਲੇਬਾਜੀ ਕਰਦੀ ਸੀ ਅਤੇ ਖੱਬੇ ਹੱਥ ਨਾਲ ਸਪਿਨ ਗੇਂਦਬਾਜੀ ਕਰਦੀ ਸੀ।

ਸਟਾਲੇਕਰ ਨੇ ਰਿਟਾਇਰ ਹੋਣ ਤੋਂ ਪਹਿਲਾਂ 125 ਵਨ ਡੇਅ ਮੈਚ ਖੇਡੇ ਜੋ ਕਿ ਕਿਸੇ ਵੀ ਆਸਟ੍ਰੇਲੀਆਈ ਮਹਿਲਾ ਖਿਡਾਰੀ ਦੁਆਰਾ ਖੇਡੇ ਗਏ ਦੂਸਰੇ ਸਭ ਤੋਂ ਵੱਧ ਮੈਚ ਹਨ।

ਇਸਤੋਂ ਇਲਾਵਾ ਉਨ੍ਹਾਂ ਨੇ ਅੱਠ ਟੈਸਟ ਅਤੇ 54 ਟੀ20 ਮੈਚ ਵੀ ਖੇਡੇ।

ਉਹ ਚਾਰ ਸਫ਼ਲ ਵਿਮੈਨ ਵਰਲਡ ਕੱਪ ਚੈਂਮਪਿਅਨਸ ਵਿੱਚ ਵੀ ਸ਼ਾਮਿਲ ਰਹੀ- ਦੋ ਵਨ ਡੇਅ ਅਤੇ ਦੋ ਟੀ20 ਵਿੱਚ। ਉਨ੍ਹਾਂ ਤਿੰਨ ਕੌਮਾਂਤਰੀ ਸੈਂਕੜੇ ਆਪਣੇ ਨਾਮ ਕੀਤੇ ਸੀ।

2008-09 ਵਿੱਚ ਜਦੋਂ ਆਈਸੀਸੀ ਰੈਂਕਿੰਗ ਹੋਈ ਤਾਂ ਲੀਜ਼ਾ ਸਟਾਲੇਕਰ ਨੂੰ ਉਸ ਵਿੱਚ ਦੁਨੀਆ ਦੀ ਲੀਡਿੰਗ ਆਲ ਰਾਉਂਡਰ ਦੋ ਤੌਰ 'ਤੇ ਰੇਟ ਕੀਤਾ ਗਿਆ।

ਉਹ ਵਨ ਡੇਅ ਮੈਚਾਂ ਵਿੱਚ 1000 ਰਨ ਅਤੇ 100 ਵਿਕੇਟਾਂ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਰਹੀ ਹੈ।

ਕੌਮਾਂਤਰੀ ਕ੍ਰਿਕਟ ਵਿੱਚ ਉਨ੍ਹਾਂ ਨੇ 3,913 ਰਨ ਬਣਾਏ ਅਤੇ 229 ਵਿਕੇਟ ਲਏ।

ਜਦੋਂ ਉਹ ਰਿਟਾਇਰ ਹੋਏ ਤਾਂ ਮਹਿਲਾ ਇੱਕ ਦਿਨਾਂ ਮੈਚਾਂ ਵਿੱਚ 10ਵੇਂ ਨੰਬਰ ਦੀ ਸਭ ਤੋਂ ਵੱਧ ਰਨ ਬਣਾਉਣ ਵਾਲੀ ਖਿਡਾਰਣ ਸੀ ਅਤੇ ਆਸਟ੍ਰੇਲੀਆ ਦੀ ਤੀਜੇ ਨੰਬਰ ਦੀ ਸਭ ਤੋਂ ਵੱਧ ਰਨ ਬਣਾਉਣ ਵਾਲੀ ਖਿਡਾਰਣ।

ਉਨ੍ਹਾਂ ਨੇ ਵਨ ਡੇਅ ਮੈਚਾਂ ਵਿੱਚ 146ਵਿਕਟ ਲਏ ਉਸ ਸਮੇਂ ਇਹ ਤੀਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਸੀ ਅਤੇ ਹੁਣ ਤੱਕ ਟੌਪ10 ਵਿੱਚ ਹੈ।

ਜਦੋਂ ਉਹ ਰਿਟਾਇਰ ਹੋਈ ਤਾਂ ਉਨ੍ਹਾਂ ਦੇ ਟੀ20 ਮੈਚਾਂ ਵਿੱਚ ਲਏ ਗਏ 60ਵਿਕਟ ਦੂਸਰੇ ਨੰਬਰ 'ਤੇ ਸਭ ਤੋਂ ਵੱਧ ਸਨ।

ਰਿਟਾਇਰ ਹੋਣ ਤੋਂ ਬਾਅਦ ਲੀਜ਼ਾ ਸਟਾਲੇਕਰ ਨੇ ਇੱਕ ਕ੍ਰਿਕਟ ਕਮੈਂਟੇਟਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।

ਹਾਲ ਆਫ਼ ਫ਼ੇਮ ਵਿੱਚ ਲੀਜ਼ਾ ਸਟਾਲੇਕਰ ਦੇ ਨਾਲ ਦੋ ਪੁਰਸ਼ ਖਿਡਾਰੀਆਂ ਦੇ ਨਾਮ ਸ਼ਾਮਿਲ ਹਨ-ਜ਼ਹੀਰ ਅਬ਼ਾਸ ਅਤੇ ਜਾਕ ਕਾਲਿਸ।

ਮਾਸਟਰ ਬਲਾਸਟਰ ਸਚਿਨ ਤੈਂਦੂਲਕਰ ਨੇ ਤਿੰਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, "ਖੇਡ...ਹੱਦਾਂ ਤੋਂ ਪਾਰ ਦੁਨੀਆ ਨੂੰ ਇੱਕਜੁੱਟ ਕਰ ਸਕਦਾ ਹੈ ਅਤੇ ਤੁਸੀਂ ਸਭ ਨੇ ਇਸ ਵਿੱਚ ਹਿੱਸਾ ਦਿੱਤਾ ਹੈ।"

ਇਸ ਮੌਕੇ ਆਸਟ੍ਰੇਲੀਆ ਦੀ ਵਿਮੈਨ ਕ੍ਰਿਕਟ ਟੀਮ ਨੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)