ਕੋਰੋਨਾਵਾਇਰਸ: ਪਿੰਡਾਂ ’ਚ ਉੱਡੀਆਂ ਅਫ਼ਵਾਹਾਂ ਬਾਰੇ ਇਹ ਹਨ 7 ਜਵਾਬ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਬੁੱਧਵਾਰ ਨੂੰ 106 ਲੋਕਾਂ ਦੀ ਜਾਨ ਗਈ

ਪੰਜਾਬ ਵਿੱਚ ਇਸ ਸਮੇਂ ਕੋਰੋਨਾਵਾਇਰਸ ਗੰਭੀਰ ਹੁੰਦਾ ਜਾ ਰਿਹਾ ਹੈ। ਸਥਿਤੀ ਇਹ ਹੈ ਕਿ ਬੁੱਧਵਾਰ ਨੂੰ 106 ਲੋਕਾਂ ਦੀ ਜਾਨ ਇਸ ਵਾਇਰਸ ਕਾਰਨ ਚਲੀ ਗਈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕਾਂ ਦਾ ਟੈਸਟ ਲਈ ਸਹੀ ਸਮੇਂ ਉੱਤੇ ਅੱਗੇ ਨਾ ਆਉਣ ਕਰਕੇ ਸੂਬੇ ਵਿੱਚ ਮੌਤ ਦਰ ਵਿੱਚ ਇਜਾਫ਼ਾ ਹੋ ਰਿਹਾ ਹੈ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਖਿਲਾਫ਼ ਲੜਾਈ ਲਈ ਲੋਕ ਸਰਕਾਰ ਦਾ ਸਾਥ ਦੇਣ।

ਦੂਜੇ ਪਾਸੇ ਕੋਰੋਨਾਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਇਸ ਦਾ ਅਸਰ ਇਹ ਹੋ ਰਿਹਾ ਕਿ ਪਿੰਡਾਂ ਵਿੱਚ ਲੋਕਾਂ ਨੇ ਟੈੱਸਟ ਨਾ ਕਰਵਾਉਣ ਸਬੰਧੀ ਮਤੇ ਵੀ ਪਾਸ ਕਰ ਕੇ ਹੈਲਥ ਵਰਕਰਾਂ ਦੀ ਐਂਟਰੀ ਉੱਤੇ ਪਾਬੰਦੀ ਲੱਗਾ ਦਿੱਤੀ ਗਈ ਹੈ।

ਦਿੜ੍ਹਬਾ ਵਿੱਚ ਤਾਂ ਪਿਛਲੇ ਦਿਨੀਂ ਹੈਲਥ ਵਰਕਰਾਂ ਅਤੇ ਪੁਲਿਸ ਉੱਤੇ ਬਕਾਇਦਾ ਪੱਥਰਬਾਜੀ ਕੀਤੀ ਗਈ।

ਪਿੰਡਾਂ ਵਿੱਚ ਫੈਲੀਆਂ ਅਫ਼ਵਾਹਾਂ ਦੇ ਸਬੰਧ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮਾਹਰਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ

ਇਹ ਵੀ ਪੜ੍ਹੋ:

ਸਵਾਲ - ਕੀ ਕੋਰੋਨਾ ਦੀ ਆੜ ਵਿੱਚ ਕੋਵਿਡ ਮਰੀਜ਼ਾਂ ਦੇ ਅੰਗ ਕੱਢੇ ਜਾ ਰਹੇ ਹਨ?

ਜਵਾਬ (ਬਲਬੀਰ ਸਿੰਘ ਸਿੱਧੂ) -  ਇਹ ਅਫ਼ਵਾਹ ਹੈ ਜਿਸ ਵਿੱਚ ਰਤਾ ਭਰ ਵੀ ਸੱਚਾਈ ਨਹੀਂ ਹੈ। ਕਿਉਂਕਿ ਜਿਸ ਵਿਅਕਤੀ ਦੀ ਮੌਤ ਕੋਵਿਡ ਨਾਲ ਹੋ ਜਾਂਦੀ ਹੈ ਉਸ ਨੂੰ ਤਾਂ ਹੱਥ ਤੱਕ ਨਹੀਂ ਲਾਇਆ ਜਾ ਸਕਦਾ। ਉਸ ਦੇ ਸਰੀਰ ਨੂੰ ਚੰਗੀ ਤਰਾਂ ਲਪੇਟ ਕੇ ਸਿੱਧਾ ਸ਼ਮਸ਼ਾਨਘਾਟ ਵਿੱਚ ਲੈ ਜਾ ਕੇ ਸਸਕਾਰ ਕਰ ਦਿੱਤਾ ਜਾਂਦਾ ਹੈ। ਅੰਗ ਕੱਢੇ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਤਸਵੀਰ ਸਰੋਤ, mlabalbirsidhu/FB

ਤਸਵੀਰ ਕੈਪਸ਼ਨ,

ਬਲਬੀਰ ਸਿੱਧੂ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਅੰਗ ਕੱਢੇ ਜਾਣ ਦੀ ਗੱਲ ਨੂੰ ਅਫ਼ਵਾਹ ਕਿਹਾ

ਇਸ ਮੁੱਦੇ ਉੱਤੇ ਕੋਵਿਡ ਬਾਰੇ ਪੰਜਾਬ ਸਰਕਾਰ ਦੇ ਸਲਾਹਕਾਰ ਡਾਕਟਰ ਕੇਕੇ ਤਲਵਾੜ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਕੋਈ ਸਚਾਈ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਤਾਂ ਲੋਕ ਪਹਿਲਾਂ ਹੀ ਬਿਮਾਰੀ ਕਾਰਨ ਤੰਗ ਆਏ ਹੋਏ ਹਨ ਦੂਜਾ ਅਜਿਹੀਆਂ ਅਫ਼ਵਾਹਾਂ ਕਾਰਨ ਲੋਕਾਂ ਵਿੱਚ ਭੈਅ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਅਜਿਹੀਆਂ ਅਫ਼ਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ।

ਸਵਾਲ - ਕੀ ਕੋਵਿਡ ਪੌਜ਼ਿਟਿਵ ਆਉਣ ਉੱਤੇ ਸਰਕਾਰ ਨੂੰ ਕਿਸੇ ਏਜੰਸੀ ਤੋਂ ਪੈਸੇ ਮਿਲਦੇ ਹਨ?

ਜਵਾਬ (ਬਲਬੀਰ ਸਿੰਘ ਸਿੱਧੂ) - ਮੈਂ ਇਸ ਦਾਅਵੇ ਨੂੰ ਸਿਰੇ ਤੋਂ ਖ਼ਾਰਜ ਕਰਦਾ ਹਾਂ। ਸਰਕਾਰ ਨੂੰ ਕਿਸੇ ਵੀ ਏਜੰਸੀ ਤੋਂ ਪੈਸੇ ਨਹੀਂ ਮਿਲਦੇ। ਜੇਕਰ ਅਜਿਹਾ ਹੁੰਦਾ ਤਾਂ ਕੋਵਿਡ ਨਾਲ ਹੈਲਥ ਵਰਕਰ, ਡਾਕਟਰ ਅਤੇ ਪੁਲਿਸ ਵਾਲਿਆਂ ਦੀ ਮੌਤ ਕਿਉਂ ਹੁੰਦੀ।

ਜੋ ਲੋਕ ਅਜਿਹੀਆਂ ਅਫ਼ਵਾਹਾਂ ਫੈਲਾਅ ਰਹੇ ਹਨ ਉਹ ਅਸਲ ਵਿੱਚ ਸਮਾਜ ਦੇ ਦੁਸ਼ਮਣ ਹਨ।

ਇਸ ਮੁੱਦੇ ਉੱਤੇ ਪੰਜਾਬ ਦੇ ਸਿਹਤ ਮਹਿਕਮੇ ਦੇ ਡਿਪਟੀ ਡਾਇਰੈਕਟਰ ਅਰਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਤਾਂ ਆਪ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ਵਿੱਚ ਪੈਸੇ ਦੇਣ ਦੀ ਗੱਲ ਮਹਿਜ਼ ਅਫ਼ਵਾਹ ਤੋਂ ਇਲਾਵਾ ਕੁਝ ਨਹੀਂ ਹੈ।

ਉਹਨਾਂ ਕਿਹਾ ਕਿ ਹੈਲਥ ਵਰਕਰ ਦਿਨ-ਰਾਤ ਇੱਕ ਕਰਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਅਜਿਹੀਆਂ ਅਫ਼ਵਾਹਾਂ ਦੇ ਨਾਲ ਉਹਨਾਂ ਦੇ ਮਨੋਬਲ ਉਤੇ ਅਸਰ ਪੈਂਦਾ ਹੈ।

ਉਹਨਾਂ ਕਿਹਾ ਕਿ ਪੂਰੀ ਦੁਨੀਆਂ ਇਸ ਬਿਮਾਰੀ ਨਾਲ ਜੂਝ ਰਹੀ ਹੈ। ਦੁਨੀਆਂ ਦੇ ਤਾਕਤਵਰ ਮੁਲਕ ਅਮਰੀਕਾ ਦਾ ਹਾਲ ਸਭ ਦੇ ਸਾਹਮਣੇ ਹੈ। ਲੱਖਾਂ ਇਸ ਬਿਮਾਰੀ ਨਾਲ ਮਰ ਚੁੱਕੇ ਹਨ, ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਨੂੰ ਹੋਰ ਨੁਕਸਾਨ ਹੋਵੇ। ਉਹਨਾਂ ਕਿਹਾ ਕਿ ਲੋਕ ਸਰਕਾਰ ਦਾ ਕੋਰੋਨਾ ਖਿਲਾਫ਼ ਲੜਾਈ ਵਿੱਚ ਸਾਥ ਦੇਣ।

ਸਵਾਲ - ਪਿੰਡਾਂ ਵਿੱਚ ਟੈੱਸਟ ਨਾ ਕਰਵਾਉਣ ਦੇ ਪੰਚਾਇਤੀ ਮਤੇ ਪਾਸ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਕਿਉਂ ਲੋਕਾਂ ਦਾ ਵਿਸ਼ਵਾਸ ਗੁਆ ਰਹੀ ਹੈ, ਇਸ ਦਾ ਕਾਰਨ ਕੀ ਹੈ?

ਜਵਾਬ - ਦੇਖੋ ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਪਿੰਡਾਂ ਵਿੱਚ ਕੁਝ ਸ਼ਰਾਰਤੀ ਅਨਸਰ ਅਤੇ ਕੁਝ ਲੋਕ ਸਿਆਸੀ ਮੁਫ਼ਾਦ ਲਈ ਉਹਨਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਬਿਨਾ ਸੋਚੇ ਸਮਝੇ ਇਹ ਮਤੇ ਪਾਏ ਜਾ ਰਹੇ ਹਨ। ਜੇਕਰ ਕੋਵਿਡ ਦੇ ਟੈਸਟ ਨਹੀਂ ਹੋਣਗੇ ਤਾਂ ਸਥਿਤੀ ਬਹੁਤ ਗੰਭੀਰ ਬਣ ਜਾਵੇਗੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਲਬੀਰ ਸਿੰਘ ਸਿੱਧੂ ਮੁਤਾਬਕ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਕੋਵਿਡ ਦੇ ਨਾਲ ਚੰਗੇ ਤਰੀਕੇ ਨਾਲ ਲੜ ਰਿਹਾ ਹੈ

ਇਸ ਲਈ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਣਾ ਪਵੇਗਾ। ਹੈਲਥ ਵਰਕਰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਪਿੰਡਾਂ ਵਿੱਚ ਜਾ ਕੇ ਲੋਕਾਂ ਦਾ ਇਲਾਜ ਕਰ ਰਹੇ ਹਨ।

ਜੇਕਰ ਉਨ੍ਹਾਂ ਉੱਤੇ ਪੱਥਰਬਾਜ਼ੀ ਕੀਤੀ ਜਾਵੇਗੀ ਜਾਂ ਫਿਰ ਉਨ੍ਹਾਂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਸਥਿਤੀ ਆਉਣ ਵਾਲੇ ਸਮੇਂ ਵਿੱਚ ਵਿਗੜ ਸਕਦੀ ਹੈ। ਇਸ ਕਰ ਕੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਅਜਿਹੇ ਪੰਚਾਇਤੀ ਮਤੇ ਵਾਪਸ ਲੈਣੇ ਚਾਹੀਦੇ ਹਨ।

ਸਵਾਲ - ਲੋਕ ਕਹਿ ਰਹੇ ਹਨ ਕਿ ਜੇਕਰ ਮਰੀਜ਼ ਇੱਕ ਵਾਰ ਘਰੋ ਗਿਆ ਤਾਂ ਉਹ ਵਾਪਸ ਜ਼ਿੰਦਾ ਨਹੀਂ ਪਰਤੇਗਾ, ਸਰਕਾਰੀ ਹਸਪਤਾਲਾਂ ਦਾ ਹਾਲ ਬੁਰਾ ਹੈ ਖ਼ਾਸ ਤੌਰ ਉੱਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾ

ਜਵਾਬ (ਬਲਬੀਰ ਸਿੰਘ ਸਿੱਧੂ) - ਦੇਖੋ ਅਜਿਹਾ ਨਹੀਂ ਹੈ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਕੋਵਿਡ ਦੇ ਨਾਲ ਚੰਗੇ ਤਰੀਕੇ ਨਾਲ ਲੜ ਰਿਹਾ ਹੈ। ਇਸ ਕਰਕੇ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਦੀ ਤਾਰੀਫ਼ ਕਰ ਚੁੱਕੀ ਹੈ।

ਜਿੱਥੋਂ ਤੱਕ ਰਾਜਿੰਦਰਾ ਹਸਪਤਾਲ ਦੀ ਗੱਲ ਹੈ ਤਾਂ ਉੱਥੇ ਵੀ ਪੂਰੀਆਂ ਸਹੂਲਤਾਂ ਹਨ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜੋ ਇਲਾਜ ਸਰਕਾਰੀ ਹਸਪਤਾਲ ਵਿੱਚ ਹੈ ਉਸ ਤਰ੍ਹਾਂ ਦਾ ਇਲਾਜ ਨਿੱਜੀ ਹਸਪਤਾਲਾਂ ਵਿੱਚ ਹੈ।

ਕਿਸੇ ਵੀ ਥਾਂ ਉੱਤੇ ਕੋਈ ਫ਼ਰਕ ਨਹੀਂ ਹੈ। ਕੋਵਿਡ ਦਾ ਫ਼ਿਲਹਾਲ ਇਲਾਜ ਇਕਾਂਤਵਾਸ ਹੈ ਇਸ ਕਰਕੇ ਇਕੱਲਾ ਰਹਿਣ ਕਾਰਨ ਕਈ ਵਾਰ ਮਰੀਜ਼ ਮਾਨਸਿਕ ਤੌਰ ਉੱਤੇ ਹੌਂਸਲਾ ਛੱਡ ਜਾਂਦਾ ਹੈ।

ਇਸ ਕਰਕੇ ਸ਼ਰਾਰਤੀ ਲੋਕ ਅਜਿਹੇ ਲੋਕਾਂ ਦੀਆਂ ਵੀਡੀਓ ਬਣਾ ਕੇ ਗ਼ਲਤ ਪ੍ਰਚਾਰ ਕਰ ਰਹੇ ਹਨ ਜਿੰਨਾ ਖ਼ਿਲਾਫ਼ ਹੁਣ ਕਾਰਵਾਈ ਹੋ ਰਹੀ ਹੈ।

ਤਸਵੀਰ ਸਰੋਤ, Getty Images

ਕੋਵਿਡ ਬਾਰੇ ਪੰਜਾਬ ਸਰਕਾਰ ਦੇ ਸਲਾਹਕਾਰ ਡਾ. ਕੇਕੇ ਤਲਵਾੜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਸ ਬਿਮਾਰੀ ਨਾਲ ਨਿੱਜਠਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਹ ਹਰ ਸਹੂਲਤ ਹੈ ਜੋ ਇੱਕ ਹਸਪਤਾਲ ਵਿੱਚ ਹੋਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਕੁਝ ਥਾਵਾਂ ਉੱਤੇ ਖਾਣਾ ਸਹੀ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਉਸ ਨੂੰ ਹੁਣ ਦਰੁਸਤ ਕਰ ਦਿੱਤਾ ਗਿਆ ਹੈ।

ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਮਰੀਜ਼ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਲਈ ਹਰ ਹਸਪਤਾਲ ਵਿੱਚ ਵੈੱਲਕਮ ਕਾਊਂਟਰ ਬਣਾਏ ਗਏ ਹਨ ਜਿੱਥੇ ਮਰੀਜ਼ ਬਾਰੇ ਜਾਣਕਾਰੀ ਉਹਨਾਂ ਦੇ ਸਕੇ ਸਬੰਧੀਆਂ ਨੂੰ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਮਰੀਜ਼ ਟੈਲੀਫੋਨ ਰਾਹੀਂ ਵੀ ਰਾਬਤਾ ਕਾਇਮ ਕਰ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਅਤੇ ਮੈਡੀਕਲ ਅਮਲੇ ਉੱਤੇ ਇਸ ਸਮੇਂ ਭਰੋਸਾ ਰੱਖਣ ਦੀ ਸਭ ਤੋਂ ਵੱਧ ਲੋੜ ਹੈ।

ਸਵਾਲ - ਲੋਕਾਂ ਦਾ ਸਵਾਲ ਹੈ ਕਿ ਜ਼ੇਕਰ ਸਭ ਕੁਝ ਠੀਕ ਹੁੰਦਾ ਤਾਂ ਵਿਧਾਇਕ ਅਤੇ ਮੰਤਰੀ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਕਿਉਂ ਕਰਵਾ ਰਹੇ ਹਨ?

ਜਵਾਬ (ਬਲਬੀਰ ਸਿੰਘ ਸਿੱਧੂ) - ਦੇਖੋ ਜੇਕਰ ਸਰਕਾਰੀ ਹਸਪਤਾਲ ਵਿੱਚ ਵੀਆਈਪੀ ਲੋਕ ਇਲਾਜ ਲਈ ਜਾਣਗੇ ਤਾਂ ਉੱਥੇ ਇਲਾਜ ਕਰਵਾ ਰਹੇ ਆਪਣੇ ਲੋਕ ਅਤੇ ਡਾਕਟਰੀ ਅਮਲਾ ਪਰੇਸ਼ਾਨ ਹੋਵੇਗਾ। ਇਸ ਕਰਕੇ ਉਹ ਨਿੱਜੀ ਹਸਪਤਾਲਾਂ ਵਿੱਚ ਜਾ ਰਹੇ ਹਨ। ਪਰ ਫਿਰ ਤੋਂ ਸਪਸ਼ਟ ਕਰਦਾ ਹਾਂ ਇਲਾਜ ਵਿੱਚ ਕੋਈ ਫ਼ਰਕ ਨਹੀਂ ਹੈ।

ਤਸਵੀਰ ਸਰੋਤ, Getty Images

ਸਵਾਲ - ਅਫ਼ਵਾਹਾਂ ਫੈਲਾਉਣ ਵਾਲਿਆਂ ਦੇ ਖ਼ਿਲਾਫ਼ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ

ਜਵਾਬ (ਬਲਬੀਰ ਸਿੰਘ ਸਿੱਧੂ) - ਮੈਂ ਖ਼ੁਦ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਇਸ ਪਿੱਛੇ ਕੌਣ ਹੈ। ਇਸ ਕਰਕੇ ਹੁਣ ਤੱਕ ਪਟਿਆਲਾ ਅਤੇ ਮੁਹਾਲੀ ਵਿੱਚ ਅਫ਼ਵਾਹਾਂ ਫੈਲਾਉਣ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸਵਾਲ - ਕੋਵਿਡ ਟੈਸਟ ਦੀਆਂ ਰਿਪੋਰਟਾਂ ਨੂੰ ਲੈ ਕੇ ਵੀ ਲੋਕਾਂ ਵਿੱਚ ਬਹੁਤ ਭਰਮ ਹਨ

ਜਵਾਬ (ਬਲਬੀਰ ਸਿੰਘ ਸਿੱਧੂ) - ਪੰਜਾਬ ਵਿੱਚ ਟੈਸਟਿੰਗ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੈ। ਇੱਕ ਸਮਾਂ ਸੀ ਅਸੀਂ 1500 ਰੋਜ਼ਾਨਾ ਟੈਸਟ ਕਰਦੇ ਸੀ।

ਹੁਣ ਅਸੀਂ 30 ਹਜ਼ਾਰ ਲੋਕਾਂ ਦੇ ਰੋਜ਼ਾਨਾ ਟੈਸਟ ਕਰਨ ਦੀ ਸਥਿਤੀ ਵਿੱਚ ਪਹੁੰਚ ਗਏ ਹਾਂ। ਸੂਬੇ ਵਿੱਚ ਟੈਸਟਿੰਗ ਸਹੀ ਹੋ ਰਹੀ ਹੈ। ਇਸ ਵਿੱਚ ਸਭ ਤੋਂ ਪ੍ਰਮਾਇਰੀ ਟੈਸਟ ਆਈਟੀ- ਪੀਸੀਆਰ ਹੈ ਜਿਸ ਦੀ ਰਿਪੋਰਟ ਆਉਣ ਨੂੰ ਦੋ ਤੋਂ ਤਿੰਨ ਦਿਨ ਲੱਗ ਜਾਂਦੇ ਹਨ।

ਇਸ ਤੋਂ ਇਲਾਵਾ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਦੇ ਨਤੀਜੇ ਵੀ ਸਹੀ ਹਨ। ਇਹ ਟੈਸਟ ਐਮਰਜੈਂਸੀ ਸਥਿਤੀ ਵਿੱਚ ਕੀਤਾ ਜਾਂਦਾ ਹੈ।

ਟੈਸਟਿੰਗ ਸਹੀ ਹੋ ਰਹੀ ਹੈ ਇਸ ਕਰਕੇ ਸੂਬੇ ਵਿੱਚ ਜ਼ਿਆਦਾ ਕੇਸ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਆਈਸੀਐੱਮਆਰ ਵੱਲੋਂ ਮਨਜ਼ੂਰਸ਼ੁਦਾ 45 ਨਿੱਜੀ ਲੈਬ ਟੈੱਸਟ ਕਰ ਰਹੀਆਂ ਹਨ ਜਦੋਂਕਿ ਸੂਬੇ ਦੇ 600 ਸਰਕਾਰੀ ਹਸਪਤਾਲਾਂ ਵਿੱਚ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ।

ਕੁਝ ਮਾਮਲਿਆਂ ਵਿੱਚ ਕਿਸੇ ਵਿਅਕਤੀ ਦੀ ਰਿਪੋਰਟ ਪਹਿਲਾਂ ਨੈਗੇਟਿਵ ਆਈ ਅਤੇ ਦੋ ਦਿਨਾਂ ਬਾਅਦ ਉਹ ਵਿਅਕਤੀ ਪੌਜ਼ਿਟਿਵ ਆ ਗਿਆ।

ਇਸ ਸਬੰਧ ਵਿੱਚ ਕੋਵਿਡ ਬਾਰੇ ਪੰਜਾਬ ਸਰਕਾਰ ਦੇ ਸਲਾਹਕਾਰ ਡਾਕਟਰ ਕੇਕੇ ਤਲਵਾੜ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਸੈਂਪਲਿੰਗ ਕਿਸ ਤਰੀਕੇ ਨਾਲ ਕੀਤੀ ਗਈ ਹੈ ਇਹ ਬਹੁਤ ਅਹਿਮੀਅਤ ਰੱਖਦੀ ਹੈ।

ਇਹ ਵੀ ਪੜ੍ਹੋ:

ਜੇਕਰ ਸੈਂਪਲ ਸਹੀ ਨਹੀਂ ਲਿਆ ਗਿਆ ਤਾਂ ਨਤੀਜਾ ਬਦਲ ਸਕਦਾ ਹੈ। ਇਸ ਕਰਕੇ ਸੈਂਪਲਿੰਗ ਬਹੁਤ ਹੀ ਧਿਆਨ ਨਾਲ ਹੋਣੀ ਜ਼ਰੂਰੀ ਹੈ।

ਦੂਜਾ ਜੇਕਰ ਕਿਸੇ ਪੌਜ਼ਿਟਿਵ ਵਿਅਕਤੀ ਦੇ ਸੰਪਰਕ ਵਿੱਚ ਕੋਈ ਵਿਅਕਤੀ ਆਉਂਦਾ ਹੈ ਤਾਂ ਉਸ ਵਿੱਚ ਵਾਇਰਸ ਗਤੀਸ਼ੀਲ ਹੋਣ ਲਈ ਕੁਝ ਦਿਨ ਲੈਂਦਾ ਹੈ। ਇਸ ਕਰਕੇ ਅਜਿਹੇ ਮਾਮਲਿਆਂ ਵਿੱਚ ਜੇਕਰ ਉਹ ਵਿਅਕਤੀ ਤੁਰੰਤ ਟੈਸਟ ਕਰਵਾਏਗਾ ਤਾਂ ਉਸ ਦੀ ਰਿਪੋਰਟ ਨੈਗੇਟਿਵ ਆਵੇਗੀ ਕਿਉਂਕਿ ਵਾਇਰਸ ਗਤੀਸ਼ੀਲ ਹੋਣ ਲਈ ਕੁਝ ਦਿਨ ਲੈਂਦਾ ਹੈ। ਜੇਕਰ ਟੈਸਟ ਪੰਜ ਦਿਨ ਬਾਅਦ ਕਰਵਾਇਆ ਜਾਵੇਗਾ ਤਾਂ ਉਸ ਟੈਸਟ ਦਾ ਨਤੀਜਾ ਅਹਿਮ ਹੋ ਸਕਦਾ ਹੈ।

ਸਵਾਲ - ਕੋਵਿਡ ਦੀ ਸਥਿਤੀ ਪੰਜਾਬ ਵਿੱਚ ਕੀ ਹੈ?

ਜਵਾਬ (ਬਲਬੀਰ ਸਿੰਘ ਸਿੱਧੂ) - ਪੰਜਾਬ ਵਿੱਚ ਸਭ ਤੋਂ ਜ਼ਿਆਦਾ ਕੇਸ ਪੰਜ ਜ਼ਿਲਿਆਂ ਪਟਿਆਲਾ, ਮੁਹਾਲੀ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਆ ਰਹੇ ਹਨ। 80 ਫ਼ੀਸਦ ਕੇਸ ਇੱਥੋਂ ਰਿਪੋਰਟ ਹੋ ਰਹੇ ਹਨ।

ਦੂਜਾ ਇਸ ਸਮੇਂ ਲੋਕਾਂ ਨੂੰ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਬਿਮਾਰੀ ਹੁਣ ਜ਼ਿਆਦਾ ਫੈਲ ਰਹੀ ਹੈ। ਇਸ ਕਰਕੇ ਸਾਨੂੰ ਜ਼ਿਆਦਾ ਇਤਿਹਾਦ ਵਰਤਣਾ ਚਾਹੀਦਾ ਹੈ।

ਕੁਝ ਹੋਰ ਵੀਡੀਓਜ਼ ਜੋ ਤੁਸੀਂ ਦੇਖ ਸਕਦੇ ਹੋ

ਰੂਸ 'ਚ ਪੁਤਿਨ ਦੇ ਵਿਰੋਧੀ ਐਲੇਕਸੀ ਨਵਾਲਨੀ ਨੂੰ ਦਿੱਤਾ ਗਿਆ ਜ਼ਹਿਰ ਕਿੰਨਾ ਖ਼ਤਰਨਾਕ

ਸੈਕਸ ਵਰਕਰਾਂ ਦੀ ਜ਼ਿੰਦਗੀ ਲੌਕਡਾਊਨ ਨੇ ਇੰਝ ਬਦਲ ਕੇ ਰੱਖ ਦਿੱਤੀ

ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਕੇਜਰੀਵਾਲ ਦਾ ਪਲਾਨ ਕੀ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)