ਪੰਜਾਬ 'ਚ ਨਸ਼ਾ ਛੁਡਾਊ ਕੇਂਦਰਾਂ ਦੇ ਬਾਹਰ ਲੰਬੀਆਂ ਕਤਾਰਾਂ, ਨਵੀਆਂ ਗਾਇਡਲਾਇਨਜ਼ ਬਣੀਆਂ ਪ੍ਰੇਸ਼ਾਨੀ -ਵਾਇਰਲ ਵੀਡੀਓ ਦਾ ਸੱਚ

  • ਸਰਬਜੀਤ ਸਿੰਘ
  • ਬੀਬੀਸੀ ਪੰਜਾਬੀ ਪੱਤਰਕਾਰ
ਨਸ਼ਾ ਛੁਡਾਊ ਕੇਂਦਰ
ਤਸਵੀਰ ਕੈਪਸ਼ਨ,

ਤਰਨਤਾਰਨ ਵਿਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ-ਛੁਡਾਊ ਪ੍ਰੋਗਰਾਮ ਤਹਿਤ 14 ਓਟ ਕਲੀਨਿਕ ਸਥਾਪਤ ਕੀਤੇ ਗਏ ਹਨ, ਜੋ ਕਿ ਪੂਰੇ ਪੰਜਾਬ ਵਿਚੋਂ ਸਭ ਤੋਂ ਜ਼ਿਆਦਾ ਹਨ।

ਪੰਜਾਬ ਦੇ ਇੱਕ ਨਸ਼ਾ ਛੁਡਾਊ ਕੇਂਦਰ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦੇ ਅੱਗੇ ਭਾਰੀ ਗਿਣਤੀ ਵਿਚ ਨਸ਼ਾ ਪੀੜਤ ਇਕੱਠੇ ਹੋ ਕੇ ਆਪਣਾ ਰੋਸ ਪ੍ਰਗਟਾ ਰਹੇ ਹਨ।

ਇਸ ਦੌਰਾਨ ਇੱਕ ਮਹਿਲਾ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਉਸ ਦਾ ਕਹਿਣਾ ਮੰਨਣ ਲਈ ਤਿਆਰ ਦਿਖਾਈ ਨਹੀਂ ਦੇ ਰਹੇ ਅਤੇ ਦਵਾਈ ਦੀ ਮੰਗ ਕਰ ਰਹੇ ਹਨ।

ਦਰਅਸਲ ਇਹ ਵੀਡੀਓ ਪੰਜਾਬ ਦੇ ਤਰਨਤਾਰਨ ਦੇ ਸਿਵਲ ਹਸਪਤਾਲ ਦੀ ਹੈ ਅਤੇ ਜੋ ਮਹਿਲਾ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਹਨ, ਉਹ ਉੱਥੋਂ ਦੇ ਨਸ਼ਾ ਛੁਡਾਊ ਕੇਂਦਰ ਦੀ ਡਾਕਟਰ ਇਸ਼ਾ ਧਵਨ ਹਨ।

ਇਹ ਵੀ ਪੜ੍ਹੋ

ਪੰਜਾਬ ਦੇ ਨਸ਼ੇ ਨਾਲ ਗ੍ਰਸਤ ਜ਼ਿਲ੍ਹਿਆਂ ਵਿਚੋਂ ਤਰਨਤਾਰਨ ਵੀ ਪ੍ਰਮੁੱਖ ਹੈ। ਇਸ ਜ਼ਿਲ੍ਹੇ ਵਿਚ ਨਸ਼ੇ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ-ਛੁਡਾਊ ਪ੍ਰੋਗਰਾਮ ਤਹਿਤ 14 ਓਟ ਕਲੀਨਿਕ ਸਥਾਪਤ ਕੀਤੇ ਗਏ ਹਨ, ਜੋ ਕਿ ਪੂਰੇ ਪੰਜਾਬ ਵਿਚੋਂ ਸਭ ਤੋਂ ਜ਼ਿਆਦਾ ਹਨ।

ਤਸਵੀਰ ਕੈਪਸ਼ਨ,

ਦਵਾਈ ਮਿਲਣ ਵਿਚ ਦੇਰੀ ਹੋਣ ਕਾਰਨ ਨਸ਼ਾ ਪੀੜਤ ਨਸ਼ਾ ਛੁਡਾਊ ਕੇਂਦਰ ਦੇ ਸਾਹਮਣੇ ਵੱਡੀ ਗਿਣਤੀ ‘ਚ ਇਕੱਠੇ ਹੋ ਗਏ

ਕਿਸ ਗੱਲ ਨੂੰ ਲੈ ਕੇ ਹੈ ਰੌਲਾ?

ਕੋਰੋਨਾਵਾਇਰਸ ਦੇ ਦੌਰ ਵਿਚ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਨਾ ਨਾ ਕਰਦੇ ਹੋਏ ਨੌਜਵਾਨ ਅਤੇ ਬਜ਼ੁਰਗ ਖੜੇ ਹਨ।

ਵੀਡੀਓ ਵਿਚ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਇੱਥੇ ਨਸ਼ਾ ਛੁਡਾਉਣ ਲਈ ਪੰਜਾਬ ਦੇ ਸਿਹਤ ਮਹਿਕਮੇ ਵੱਲੋਂ ਦਿੱਤੀ ਜਾਂਦੀ ਮੁਫ਼ਤ ਦਵਾਈ ਲੈਣ ਲਈ ਆਏ ਹਨ। ਪਰ ਦਵਾਈ ਮਿਲਣ ਵਿਚ ਦੇਰੀ ਹੋਣ ਕਾਰਨ ਕੇਂਦਰ ਦੇ ਸਾਹਮਣੇ 100 ਤੋ ਵੱਧ ਲੋਕਾਂ ਦਾ ਇਕੱਠੇ ਹੋ ਜਾਂਦੇ ਹਨ।

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਉੱਥੇ ਪਹੁੰਚਦੀ ਹੈ ਅਤੇ ਮਰੀਜ਼ਾਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਨਾ ਡੰਡੇ ਨਾਲ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ।

ਹੱਥ ਵਿਚ ਪਰਚੀ ਫੜੀ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੋਰੋਨਾ ਅਤੇ ਪਿਸ਼ਾਬ ਦਾ ਟੈੱਸਟ ਕੀਤਾ ਜਾ ਰਿਹਾ ਹੈ, ਇਸ ਕਰ ਕੇ ਇੱਥੇ ਪ੍ਰਬੰਧ ਪੂਰੇ ਨਹੀਂ ਹਨ।

ਇਸ ਕਾਰਨ ਇੱਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਅਤੇ ਉਨ੍ਹਾਂ ਨੂੰ ਦਵਾਈ ਮਿਲਣ ਵਿਚ ਦੇਰੀ ਹੋ ਰਹੀ ਹੈ। ਕੁਝ ਦਾ ਕਹਿਣਾ ਸੀ ਕਿ ਦਵਾਈ ਲਈ ਪੂਰਾ ਪੂਰਾ ਦਿਨ ਲੱਗ ਜਾਂਦਾ ਹੈ।

ਇਸ ਮੁੱਦੇ ਉੱਤੇ ਬੀਬੀਸੀ ਪੰਜਾਬੀ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਮਹਿਲਾ ਨਾਲ ਰਾਬਤਾ ਕਾਇਮ ਕਰ ਕੇ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੇ ਲੋਕਾਂ ਦੇ ਗ਼ੁੱਸੇ ਦਾ ਅਸਲ ਕਾਰਨ ਜਾਣਨਾ ਦੀ ਕੋਸ਼ਿਸ਼ ਕੀਤੀ।

ਮਹਿਲਾ ਦਾ ਨਾਮ ਡਾਕਟਰ ਇਸ਼ਾ ਧਵਨ ਹੈ ਅਤੇ ਉਹ ਤਰਨਤਾਰਨ ਦੇ ਨਸ਼ਾ ਛੁਡਾਊ ਕੇਂਦਰ ਵਿਚ ਮਨੋਰੋਗ ਅਤੇ ਨਸ਼ਾ ਛੁਡਾਉਣ ਦੇ ਮਾਹਰ ਡਾਕਟਰ ਵਜੋਂ ਤੈਨਾਤ ਹਨ।

ਡਾਕਟਰ ਈਸ਼ਾ ਧਵਨ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵਿਚ ਰੋਜ਼ਾਨਾ 200 ਦੇ ਕਰੀਬ ਨਸ਼ਾ ਪੀੜਤ ਦਵਾਈ ਲਈ ਆਉਂਦੇ ਹਨ।

ਇਹ ਵੀ ਪੜ੍ਹੋ

ਉਨ੍ਹਾਂ ਆਖਿਆ ਕਿ ਪਹਿਲਾਂ ਮਰੀਜ਼ ਦਾ ਸਿਰਫ਼ ਕੋਰੋਨਾ ਟੈੱਸਟ ਹੀ ਹੁੰਦਾ ਸੀ, ਪਰ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਦਾ ਪਿਸ਼ਾਬ ਦਾ ਟੈੱਸਟ ਵੀ ਜ਼ਰੂਰੀ ਕਰ ਦਿੱਤਾ ਹੈ, ਜੋ ਕਿ ਫ਼ਿਲਹਾਲ ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹੇ ਦੇ ਮਰੀਜ਼ਾਂ ਦਾ ਹੀ ਕੀਤਾ ਜਾ ਰਿਹਾ ਹੈ।

ਟੈੱਸਟ ਨੂੰ ਲੱਗਦੇ ਟਾਈਮ ਕਾਰਨ ਮਰੀਜ਼ਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਸ਼ਾਬ ਟੈੱਸਟ ਕਰਨ ਦਾ ਐਲਾਨ ਵੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰ ਕੇ ਕੀਤਾ। ਇਸ ਪਿੱਛੇ ਦਲੀਲ ਹੈ ਕਿ ਮਰੀਜ਼ ਕੋਈ ਹੋਰ ਨਸ਼ਾ ਤਾਂ ਨਹੀਂ ਕਰ ਰਿਹਾ, ਇਸ ਦਾ ਪਤਾ ਲਗਾਉਣਾ ਹੈ।

ਡਾਕਟਰ ਇਸ਼ਾ ਮੁਤਾਬਕ ਜਿੰਨੀ ਮਰੀਜ਼ ਨੂੰ ਦਵਾਈ ਦੇਣੀ ਜ਼ਰੂਰੀ ਹੈ ਉੱਨਾ ਹੀ ਜ਼ਰੂਰੀ ਹੈ ਕੋਵਿਡ ਸਬੰਧੀ ਨਿਯਮਾਂ ਦਾ ਪਾਲਨ ਕਰਾਉਣਾ। ਉਨ੍ਹਾਂ ਦੱਸਿਆ ਕਿ ਇਹਨਾਂ ਮਰੀਜ਼ਾ ਵਿਚੋਂ ਕੁਝ ਕੋਰੋਨਾ ਪੌਜ਼ੀਟਿਵ ਵੀ ਪਾਏ ਗਏ ਹਨ, ਇਸ ਕਰ ਕੇ ਜ਼ਿਆਦਾ ਸਾਵਧਾਨੀ ਰੱਖਣੀ ਪੈ ਰਹੀ ਹੈ।

ਪਰ ਮਰੀਜ਼ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਨਾ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਸੋਮਵਾਰ ਦੀ ਹੈ ਜਿਸ ਵਿਚ ਉਹ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕਰ ਰਹੇ ਸਨ, ਪਰ ਲੋਕ ਸਮਝ ਨਹੀਂ ਪਾ ਰਹੇ ਸੀ, ਜਿਸ ਕਾਰਨ ਪੁਲਿਸ ਦੀ ਮਦਦ ਵੀ ਲੈਣੀ ਪਈ।

ਉਨ੍ਹਾਂ ਆਖਿਆ ਕਿ ਗਰਮੀ ਦਾ ਮੌਸਮ ਹੈ, ਲੋਕ ਆਪੇ ਤੋਂ ਬਾਹਰ ਹੋ ਰਹੇ ਹਨ, ਇਸ ਕਰ ਕੇ ਪਰਚੀ ਵਾਲੀ ਖਿੜਕੀ ਕੁਝ ਟਾਈਮ ਲਈ ਬੰਦ ਕਰ ਕੇ ਇਹਨਾਂ ਨੂੰ ਸਮਝਾਉਣਾ ਪੈਂਦਾ ਹੈ।

ਇਸ ਸਬੰਧ ਵਿਚ ਬੀਬੀਸੀ ਪੰਜਾਬੀ ਨੇ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਨਾਲ ਵੀ ਰਾਬਤਾ ਕਾਇਮ ਕੀਤਾ। ਉਨ੍ਹਾਂ ਦੱਸਿਆ ਕਿ ਜੋ ਲੋਕ ਦਵਾਈ ਲੈਣ ਲਈ ਆਉਂਦੇ ਹਨ ਉਨ੍ਹਾਂ ਵਿਚ ਕਈ ਕੋਰੋਨਾ ਪੌਜ਼ੀਟਿਵ ਮਿਲੇ ਹਨ। ਇਸ ਕਰ ਕੇ ਜਿੰਨਾ ਵਿਚ ਕੋਰੋਨਾ ਦੇ ਲੱਛਣ ਪਾਏ ਜਾ ਰਹੇ ਹਨ, ਉਨ੍ਹਾਂ ਦਾ ਟੈੱਸਟ ਕੀਤੇ ਜਾ ਰਿਹਾ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਉਨ੍ਹਾਂ ਆਖਿਆ ਕਿ ਰੋਜ਼ਾਨਾ ਮਰੀਜ਼ ਦਵਾਈ ਲਈ ਆਉਂਦੇ ਹਨ, ਇਸ ਕਰ ਕੇ ਇਲਾਜ ਵਿਚ ਲੱਗੇ ਡਾਕਟਰਾਂ ਨੂੰ ਉਨ੍ਹਾਂ ਨੂੰ ਸਮਝਾਉਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਦਵਾਈ ਮਰੀਜ਼ ਨੂੰ ਉਨ੍ਹਾਂ ਦੀ ਡਰੱਗਜ਼ ਲੈਣ ਦੀ ਆਦਤ ਦੇ ਹਿਸਾਬ ਨਾਲ ਡਾਕਟਰ ਦੀ ਹਿਦਾਇਤ ਨਾਲ ਦਿੱਤੀ ਜਾਂਦੀ ਹੈ।

ਤਸਵੀਰ ਕੈਪਸ਼ਨ,

ਤਰਨਤਾਰਨ ਵਿਚ 14 ਓਟ ਕਲੀਨਿਕ ਚਲਾਏ ਜਾ ਰਹੇ ਹਨ, ਜਿੱਥੇ ਔਸਤਨ ਡੇਢ ਤੋਂ ਦੋ ਸੌ ਮਰੀਜ਼ ਰੋਜ਼ਾਨਾ ਆ ਰਹੇ ਹਨ

ਕੀ ਹੈ ਤਰਨਤਾਰਨ ਦੀ ਸਥਿਤੀ?

ਡਾਕਟਰ ਇਸ਼ਾ ਧਵਨ ਨੇ ਦੱਸਿਆ ਕਿ ਇਸ ਸਮੇਂ ਤਰਨਤਾਰਨ ਵਿਚ 14 ਓਟ ਕਲੀਨਿਕ ਚਲਾਏ ਜਾ ਰਹੇ ਹਨ, ਜਿੱਥੇ ਔਸਤਨ ਡੇਢ ਤੋਂ ਦੋ ਸੌ ਮਰੀਜ਼ ਰੋਜ਼ਾਨਾ ਆ ਰਹੇ ਹਨ।

ਉਨ੍ਹਾਂ ਦੱਸਿਆ ਕਿ 17000 ਦੇ ਕਰੀਬ ਉਹ ਮਰੀਜ਼ ਹਨ, ਜਿੰਨਾ ਨੇ ਆਪਣੇ ਆਪ ਨੂੰ ਇਹਨਾਂ ਓਟ ਕਲੀਨਿਕਾਂ ਵਿਚ ਦਰਜ ਕਰਵਾਇਆ ਹੋਇਆ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡਾਕਟਰ ਦੀ ਹਦਾਇਤ ਉੱਤੇ ਮਰੀਜ਼ ਨੂੰ ਪੰਜ ਤੋਂ ਸੱਤ ਦਿਨ ਦੀ ਦਵਾਈ ਇੱਕ ਵਾਰ ਵਿਚ ਦਿੱਤੀ ਜਾਂਦੀ ਹੈ।

ਕੀ ਹੈ 'ਓਟ' ਕਲੀਨਿਕ?

'ਓਟ' (OOAT -out patient opied assistance treatment) ਉਹ ਥਾਂ ਹੈ, ਜਿੱਥੇ ਮਰੀਜ਼ ਨੂੰ ਨਸ਼ਾ ਛੱਡਣ ਲਈ ਦਵਾਈ ਡਾਕਟਰ ਦੀ ਹਾਜ਼ਰੀ ਵਿਚ ਹੀ ਦਿੱਤੀ ਜਾਂਦੀ ਹੈ। ਸੂਬਾ ਸਰਕਾਰ ਨੇ ਅਕਤੂਬਰ 2017 ਵਿੱਚ ਅਮਰੀਕੀ ਨਸ਼ਾ ਛੁਡਾਊ ਪ੍ਰੋਗਰਾਮ ਦੇ ਆਧਾਰ ਉੱਤੇ ਓਟ ਕਲੀਨਿਕ ਪ੍ਰਣਾਲੀ ਲਾਗੂ ਕੀਤੀ ਸੀ।

ਪੰਜਾਬ ਵਿੱਚ 192 ਸਰਕਾਰੀ ਓਟ ਕੇਂਦਰ ਖੋਲ੍ਹ ਕੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਰਜਿਸਟਰਡ ਕਰ ਕੇ ਕਲੀਨਿਕ ਉੱਤੇ ਹੀ ਗੋਲੀ ਉਨ੍ਹਾਂ ਦੇ ਮੂੰਹ ਵਿੱਚ ਪਾਈ ਜਾਂਦੀ ਹੈ। ਦਵਾਈ ਬਿਲਕੁਲ ਮੁਫ਼ਤ ਮਿਲਦੀ ਹੈ।

'ਓਟ' ਜ਼ਿਲ੍ਹੇ ਦੇ ਸਾਰੇ ਸਬ ਡਵੀਜ਼ਨ ਹਸਪਤਾਲਾਂ ਵਿਚ ਚੱਲ ਰਿਹਾ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ 198 ਓਟ (ਓ.ਓ.ਟੀ.) ਕਲੀਨਿਕ, 35 ਸਰਕਾਰੀ ਨਸ਼ਾ ਛਡਾਊ ਕੇਂਦਰ ਅਤੇ 108 ਲਾਇਸੰਸ ਸ਼ੁਦਾ ਪ੍ਰਾਇਵੇਟ ਨਸ਼ਾ ਛੁਡਾਊ ਕੇਂਦਰ ਇਸ ਸਮੇਂ ਚੱਲ ਰਹੇ ਹਨ।

ਪੰਜਾਬ ਵਿਚ ਨਸ਼ਾ ਪੀੜਤਾਂ ਦੀ ਗਿਣਤੀ

ਪੰਜਾਬ ਸਿਹਤ ਮਹਿਕਮੇ ਦੇ ਜੁਲਾਈ ਮਹੀਨੇ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਸੂਬੇ ਵਿਚ 5.44 ਲੱਖ ਤੋਂ ਵੱਧ ਰਜਿਸਟਰਡ ਨਸ਼ਾ ਪੀੜਤ ਹਨ। ਇਸ ਵਿਚ ਸਭ ਤੋਂ ਵੱਧ ਵਾਧਾ 23 ਮਾਰਚ ਤੋਂ ਬਾਅਦ ਹੋਇਆ ਹੈ।

ਲੌਕਡਾਊਨ ਤੋਂ ਲੈ ਕੇ ਹੁਣ ਤੱਕ 1.29 ਲੱਖ ਨਵੇਂ ਮਰੀਜ਼ਾ ਨੇ ਆਪਣਾ ਨਾਮ ਪੰਜਾਬ ਸਰਕਾਰ ਦੇ ਪੋਰਟਲ ਉੱਤੇ ਰਜਿਸਟਰਡ ਕਰਵਾਇਆ ਹੋਇਆ ਹੈ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)