ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਹਰਿਆਣਾ ਤੱਕ ਕਿਸਾਨਾਂ ਦਾ ਹੱਲਾ ਬੋਲ

ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਹਰਿਆਣਾ ਤੱਕ ਕਿਸਾਨਾਂ ਦਾ ਹੱਲਾ ਬੋਲ

ਕੇਂਦਰ ਸਰਕਾਰ ਦੇ ਨਵੇਂ ਖ਼ੇਤੀ ਕਾਨੂੰਨ ਖ਼ਿਲਾਫ਼ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਮੁਜ਼ਾਹਰੇ ਜਾਰੀ ਹਨ। ਹਰਿਆਣਾ ਦੇ ਪੀਪਲੀ ’ਚ ਰੈਲੀ ’ਚ ਸ਼ਾਮਲ ਹੋਣ ਜਾ ਰਹੇ ਮਹਿਮ ਦੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਨੂੰ ਪੁਲਿਸ ਨੇ ਕਈ ਕਿਸਾਨਾਂ ਸਣੇ ਰੋਹਤਕ ਵਿੱਚ ਹੀ ਹਿਰਾਸਤ ’ਚ ਲੈ ਲਿਆ।

ਕੁਰੂਕਸ਼ੇਤਰ ਦੇ ਪੀਪਲੀ ਰੈਲੀ ਵਿੱਚ ਸ਼ਾਮਲ ਹੋਣ ਜਾਂਦੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ।

ਦਰਅਸਲ ਕੇਂਦਰ ਸਰਕਾਰ ਨੇ ਫ਼ਸਲਾਂ ਦੀ ਵੇਚ ਖ਼ਰੀਦ ਵਿੱਚ ਮੰਡੀਆਂ ਤੇ ਸੂਬਿਆਂ ਦੀਆਂ ਸਰਹੱਦਾਂ ਨੂੰ ਮੇਟਦਿਆਂ ਸਭ ਫ਼ਸਲਾਂ ਨੂੰ ਜ਼ਰੂਰੀ ਜਿਨਸਾਂ ਦੀ ਲਿਸਟ ’ਚੋਂ ਵੀ ਬਾਹਰ ਕੱਢ ਦਿੱਤਾ ਹੈ।

ਇਸ ਦੇ ਨਾਲ ਹੀ ਕੰਪਨੀਆਂ ਤੇ ਕਿਸਾਨਾਂ ਵਿਚਾਲੇ ਠੇਕੇ ਤੇ ਕਾਸ਼ਤਕਾਰੀ ਦਾ ਰਾਹ ਵੀ ਸੌਖਾ ਕੀਤਾ ਹੈ ਅਤੇ ਸਰਕਾਰ ਮੁਤਾਬਕ ਇਸ ਨਾਲ ਕਿਸਾਨਾਂ ਦਾ ਫ਼ਾਇਦਾ ਹੋਵੇਗਾ

ਪੰਜਾਬ-ਹਰਿਆਣਾ ਦੋਵਾਂ ਸੂਬਿਆਂ ਵਿੱਚ ਥਾਂ-ਥਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਵੀ ਖ਼ਬਰਾਂ ਹਨ।

ਦੱਸ ਦਈਏ ਕਿ ਕਿਸਾਨਾਂ ਦਾ ਮੰਨਣਾ ਹੈ ਕਿ ਨਵੇਂ ਖ਼ੇਤੀ ਕਾਨੂੰਨ ਨਾਲ ਕੁਝ ਠੇਕੇਦਾਰ ਅਤੇ ਵੱਡੀਆਂ ਕੰਪਨੀਆਂ ਤੇ ਵਿਚੋਲੀਆਂ ਦਾ ਫ਼ਾਇਦਾ ਹੋਵੇਗਾ।

ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਜਿਹੜੀ MSP ਯਾਨੀ ਘੱਟੋ-ਘੱਟ ਤੈਅ ਕੀਮਤ ਹੈ ਉਹ ਵੀ ਬੰਦ ਕੀਤੀ ਜਾਵੇਗੀ ਅਤੇ ਖ਼ਰੀਦ ਚ ਸਰਕਾਰੀ ਦਖ਼ਲ ਘਟਣ ਨਾਲ ਬਾਜ਼ਾਰ ਦਾ ਸੁਆਰਥ ਭਾਰੂ ਹੋ ਜਾਵੇਗਾ।

(ਰਿਪੋਰਟ – ਸਤ ਸਿੰਘ, ਪ੍ਰਭੂ ਦਿਆਲ ਅਤੇ ਗੁਰਪ੍ਰੀਤ ਸਿੰਘ ਚਾਵਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)