ਨਰਿੰਦਰ ਮੋਦੀ ਦੇ ਉਹ ਇੰਟਰਵਿਊ ਜੋ ਉਨ੍ਹਾਂ ਨੇ ਵਿਚਾਲੇ ਹੀ ਛੱਡ ਦਿੱਤੇ

  • ਆਸ਼ੀਸ਼ ਦੀਕਸ਼ਤ
  • ਸੰਪਾਦਕ, ਬੀਬੀਸੀ ਨਿਊਜ਼, ਮਰਾਠੀ
ਨਰਿੰਦਰ ਮੋਦੀ

ਤਸਵੀਰ ਸਰੋਤ, PIB

ਤਸਵੀਰ ਕੈਪਸ਼ਨ,

ਨਰਿੰਦਰ ਮੋਦੀ ਹੁਣ 70 ਸਾਲ ਦੇ ਹੋ ਗਏ ਹਨ, ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀਆਂ ਇੰਟਰਵਿਊਜ਼ ਬਹੁਤ ਘੱਟ ਆਈਆਂ ਹਨ

ਨਰਿੰਦਰ ਮੋਦੀ ਦੀ ਇੰਟਰਵਿਊ ਕਰਨ ਵਾਲੇ ਜ਼ਿਆਦਾਤਰ ਲੋਕ ਘੱਟ ਤੋਂ ਘੱਟ ਇੱਕ ਬਿੰਦੂ 'ਤੇ ਸਹਿਮਤ ਹਨ ਕਿ ਉਹ ਗੱਲਬਾਤ ਕਰਨ ਵਿੱਚ ਚੰਗੇ ਹਨ, ਪਰ ਉਨ੍ਹਾਂ ਦੀ ਗੱਲਬਾਤ ਅਸਲ ਵਿੱਚ ਕਿਵੇਂ ਦੀ ਹੈ?

ਕੀ ਉਹ ਹਰ ਪ੍ਰਕਾਰ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹਨ, ਮੁਸ਼ਕਿਲ ਅਤੇ ਪ੍ਰਸੰਗਿਕ ਅਤੇ ਹੋਰ ਪ੍ਰਕਾਰ ਦੇ? ਜਾਂ ਉਹ ਬਸ ਉਹੀ ਕਹਿੰਦੇ ਹਨ ਜੋ ਉਹ ਕਹਿਣਾ ਚਾਹੁੰਦੇ ਹਨ?

ਨਰਿੰਦਰ ਮੋਦੀ ਹੁਣ 70 ਸਾਲ ਦੇ ਹੋ ਗਏ ਹਨ, ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀਆਂ ਇੰਟਰਵਿਊਜ਼ ਬਹੁਤ ਘੱਟ ਆਈਆਂ ਹਨ। ਹਾਲ ਹੀ ਵਿੱਚ ਉਨ੍ਹਾਂ ਦੀਆਂ ਕੁਝ ਮੀਡੀਆ ਇੰਟਰਵਿਊਜ਼ ਦੀ ਜ਼ਿਆਦਾ ਗਹਿਰਾਈ ਨਾਲ ਗੱਲਬਾਤ ਨਾ ਕਰਨ 'ਤੇ ਕਾਫ਼ੀ ਆਲੋਚਨਾ ਕੀਤੀ ਗਈ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਪਿਛਲੇ 6 ਸਾਲਾਂ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇੱਕ ਵੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਨਹੀਂ ਕੀਤਾ ਹੈ, ਜਿਸ ਲਈ ਆਲੋਚਕਾਂ ਵੱਲੋਂ ਉਨ੍ਹਾਂ ਦੀ ਬੇਹੱਦ ਆਲੋਚਨਾ ਕੀਤੀ ਜਾ ਰਹੀ ਹੈ।

ਇਸ ਲਈ ਅਸੀਂ ਕੁਝ ਦਿੱਗਜ ਪੱਤਰਕਾਰਾਂ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਨਰਿੰਦਰ ਮੋਦੀ ਦੀ ਇੰਟਰਵਿਊ ਕਰਨ ਦੇ ਮੌਕੇ ਮਿਲੇ ਹਨ।

ਇਸ ਲਈ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ। ਸਮਿਤਾ ਪ੍ਰਕਾਸ਼, ਵਿਜੇ ਤ੍ਰਿਵੇਦੀ, ਰਾਜਦੀਪ ਸਰਦੇਸਾਈ ਅਤੇ ਨਵਦੀਪ ਧਾਰੀਵਾਲ ਨੇ ਮੋਦੀ ਨਾਲ ਗੱਲਬਾਤ ਦੇ ਆਪਣੇ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ।

ਸਮਿਤਾ ਪ੍ਰਕਾਸ਼

(ਏਐੱਨਆਈ ਨਿਊਜ਼ ਏਜੰਸੀ)

ਮੈਂ ਨਰਿੰਦਰ ਮੋਦੀ ਦੀਆਂ ਦੋ ਇੰਟਰਵਿਊਜ਼ ਕੀਤੀਆਂ ਹਨ। ਇੱਕ 2014 ਵਿੱਚ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਦੂਜੀ 2019 ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪੰਜ ਮਹੀਨੇ ਪਹਿਲਾਂ।

ਤਸਵੀਰ ਸਰੋਤ, Youtube

ਤਸਵੀਰ ਕੈਪਸ਼ਨ,

ਸਮਿਤਾ ਪ੍ਰਕਾਸ਼ ਨੇ ਨਰਿੰਦਰ ਮੋਦੀ ਦੀਆਂ ਦੋ ਇੰਟਰਵਿਊਜ਼ ਕੀਤੀਆਂ ਹਨ

ਮੈਂ ਕਹਾਂਗੀ ਕਿ ਪਹਿਲੀ ਇੰਟਰਵਿਊ ਚੰਗੀ ਸੀ ਕਿਉਂਕਿ 2014 ਤੋਂ ਕੁਝ ਸਾਲ ਪਹਿਲਾਂ ਮੈਂ ਗੁਜਰਾਤ ਗਈ ਸੀ ਅਤੇ ਮੈਂ ਉਨ੍ਹਾਂ ਦੀ ਇੰਟਰਵਿਊ ਕਰਨੀ ਚਾਹੁੰਦੀ ਸੀ। ਪਰ ਇਹ ਸਬੱਬ ਨਹੀਂ ਬਣਿਆ। ਇਸ ਲਈ ਮੈਨੂੰ ਨਹੀਂ ਪਤਾ ਸੀ ਕਿ 2014 ਵਿੱਚ ਕੀ ਹੋਵੇਗਾ।

ਮੈਂ ਇਹ ਵੀ ਸੁਣਿਆ ਸੀ ਕਿ ਉਨ੍ਹਾਂ ਵਿੱਚ ਪੱਤਰਕਾਰਾਂ ਪ੍ਰਤੀ ਡਰ ਸੀ।

ਪਰ ਉਹ ਮਿਲਣਸਾਰ ਸ਼ਖ਼ਸ ਅਤੇ ਪ੍ਰਤਿਭਾਸ਼ਾਲੀ ਵਿਅਕਤੀ ਦੇ ਰੂਪ ਵਿੱਚ ਸਾਹਮਣੇ ਆਏ। ਉਨ੍ਹਾਂ ਨੇ ਮੈਨੂੰ ਇਹ ਨਹੀਂ ਕਿਹਾ-'ਮੈਨੂੰ ਇਹ ਨਾ ਪੁੱਛੋ, ਮੈਨੂੰ ਉਹ ਨਾ ਪੁੱਛੋ।'

ਮੈਂ ਉਸ ਸਮੇਂ ਸਿੰਗਾਪੁਰ ਦੇ ਚੈਨਲ ਨਿਊਜ਼ ਏਸ਼ੀਆ ਨਾਲ ਕੰਮ ਕਰ ਰਹੀ ਸੀ ਅਤੇ ਮੈਂ ਉਸ ਚੈਨਲ ਲਈ ਕੁਝ ਵਧੀਆ ਗੱਲਬਾਤ ਚਾਹੁੰਦੀ ਸੀ।

ਮੈਨੂੰ ਖੁਸ਼ੀ ਦੇ ਨਾਲ ਨਾਲ ਹੈਰਾਨੀ ਹੋਈ ਕਿ ਮੋਦੀ ਵਿਦੇਸ਼ ਨੀਤੀ ਬਾਰੇ ਕਾਫ਼ੀ ਕੁਝ ਜਾਣਦੇ ਸਨ। ਲੋਕਾਂ ਨੇ ਸੋਚਿਆ ਸੀ ਕਿ ਉਹ ਪੀਐੱਮ ਬਣਨ ਤੋਂ ਪਹਿਲਾਂ ਵਿਦੇਸ਼ ਨੀਤੀ ਬਾਰੇ ਅਣਜਾਣ ਹਨ।

ਉਨ੍ਹਾਂ ਨੇ ਸਿੰਗਾਪੁਰ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਲ ਕੀਤੀ ਅਤੇ ਇਸ ਨੂੰ ਉੱਥੇ ਚੰਗੀ ਤਰ੍ਹਾਂ ਸੁਣਿਆ ਗਿਆ।

ਮੇਰੇ ਲਈ ਇੰਟਰਵਿਊ ਕਰਨਾ ਰੇਟਿੰਗ ਲਈ ਨਹੀਂ ਹੈ, ਇਹ ਸਾਰੇ ਸਬਸਕਰਾਈਬਰਾਂ ਲਈ ਹੈ। ਇਸ ਲਈ ਇਸਨੂੰ ਸਾਰਿਆਂ ਲਈ ਪ੍ਰਸੰਗਿਕ ਹੋਣਾ ਚਾਹੀਦਾ ਹੈ।

ਮੇਰੀ ਇੰਟਰਵਿਊ ਕਰਨ ਥਾਪਰ ਦੀ ਤਰ੍ਹਾਂ ਨਹੀਂ ਹੋਵੇਗੀ। ਇੱਕ ਏਜੰਸੀ ਦੇ ਰੂਪ ਵਿੱਚ ਮੈਨੂੰ ਲੰਬੀਆਂ ਗੱਲਾਂ ਨੂੰ ਕੱਟਣ ਦੀ ਜ਼ਰੂਰਤ ਹੈ, ਜਿਸ ਨੂੰ ਸਬਸਕਰਾਈਬਰ ਕੱਟ ਅਤੇ ਸੰਪਾਦਿਤ ਕਰ ਸਕਦੇ ਹਨ।

ਨਰਿੰਦਰ ਮੋਦੀ ਨੂੰ ਪੁੱਛਣਾ ਕਿ ਤੁਹਾਨੂੰ ਕੀ ਲੱਗਦਾ ਹੈ, ਇਹ ਇੱਕ ਅਸਹਿਜ ਸਵਾਲ ਹੈ, ਉਹ ਇਸਦਾ ਜਵਾਬ ਦੇਣਗੇ, ਪਰ ਉਹ ਇਸਦਾ ਜਵਾਬ ਉਸ ਤਰ੍ਹਾਂ ਦੇਣਗੇ, ਜਿਸ ਤਰ੍ਹਾਂ ਉਹ ਦੇਣਾ ਚਾਹੁੰਦੇ ਹਨ।

ਇੰਟਰਵਿਊ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਰਿੰਦਰ ਮੋਦੀ ਵਿੱਚ ਕੋਈ ਤਬਦੀਲੀ ਨਹੀਂ ਹੋਈ।

ਉਹ ਜੋ ਕਰਦੇ ਹਨ, ਉਹ ਹੈ ਪਾਣੀ ਪੀਣਾ। ਲੰਬੀ ਇੰਟਰਵਿਊ ਦੇ ਬਾਅਦ ਥਕਾਵਟ ਦਾ ਕੋਈ ਸੰਕੇਤ ਨਹੀਂ ਹੁੰਦਾ। ਉਹ ਇਹ ਨਹੀਂ ਕਹਿਣਗੇ-ਤੁਸੀਂ ਮੈਨੂੰ ਅਜਿਹਾ 2-3 ਵਾਰ ਕਿਉਂ ਪੁੱਛਿਆ। ਇੰਟਰਵਿਊ ਖ਼ਤਮ ਹੋਣ ਦੇ ਬਾਅਦ, ਉਹ ਬਸ ਬਾਹਰ ਚਲੇ ਜਾਂਦੇ ਹਨ।

2014 ਦੀ ਇੰਟਰਵਿਊ ਦੇ ਬਾਅਦ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇੰਟਰਵਿਊ ਸਾਰੇ ਚੈਨਲਾਂ 'ਤੇ ਇੱਕੋ ਸਮੇਂ ਪ੍ਰਸਾਰਿਤ ਹੋਵੇਗੀ।

ਵਿਜੇ ਤ੍ਰਿਵੇਦੀ

(ਨਰਿੰਦਰ ਮੋਦੀ ਦੀ ਐੱਨਡੀਟੀਵੀ ਇੰਡੀਆ ਲਈ ਇੰਟਰਵਿਊ ਕੀਤੀ, ਹੁਣ ਸੱਤਿਆ ਹਿੰਦੀ ਨਾਲ ਜੁੜੇ ਹਨ)

ਅਪ੍ਰੈਲ 2019 ਵਿੱਚ ਮੈਨੂੰ ਨਰਿੰਦਰ ਮੋਦੀ ਦਾ ਫੋਨ ਆਇਆ। ਉਨ੍ਹਾਂ ਨੇ ਮੈਨੂੰ ਅਹਿਮਦਾਬਾਦ ਬੁਲਾਇਆ। ਉਸ ਸਮੇਂ ਮੇਰੇ ਲਗਭਗ 20 ਸਾਲਾਂ ਤੋਂ ਨਰਿੰਦਰ ਮੋਦੀ ਨਾਲ ਬਹੁਤ ਚੰਗੇ ਸਬੰਧ ਸਨ।

ਤਸਵੀਰ ਸਰੋਤ, Youtube

ਤਸਵੀਰ ਕੈਪਸ਼ਨ,

ਵਿਜੇ ਤ੍ਰਿਵੇਦੀ ਵੱਲੋਂ ਮੋਦੀ ਦਾ ਇੰਟਰਵਿਊ ਲੈਣ ਦੌਰਾਨ ਉਨ੍ਹਾਂ ਨੇ ਕੈਮਰੇ 'ਤੇ ਹੱਥ ਰੱਖਿਆ

ਦਿੱਲੀ ਵਿੱਚ ਪਾਰਟੀ ਦੇ ਜਨਰਲ ਸਕੱਤਰ ਰਹਿੰਦੇ ਹੋਏ ਮੈਂ ਕਈ ਵਾਰ ਉਨ੍ਹਾਂ ਦੀ ਇੰਟਰਵਿਊ ਕੀਤੀ ਸੀ। ਉਹ ਹਰ ਦੀਵਾਲੀ 'ਤੇ ਮੈਨੂੰ ਮੁਬਾਰਕਵਾਦ ਦੇਣ ਲਈ ਬੁਲਾਉਂਦੇ ਸਨ। ਉਹ ਬਹੁਤ ਚੰਗੇ ਮੇਜ਼ਬਾਨ ਹਨ। ਉਹ ਤੁਹਾਡਾ ਬਹੁਤ ਖਿਆਲ ਰੱਖਣ ਵਾਲੇ ਹਨ।

ਸਵੇਰ ਦਾ ਸਮਾਂ ਸੀ। ਅਸੀਂ ਇੱਕ ਛੋਟੇ ਜਿਹੇ ਹੈਲੀਕਾਪਟਰ ਵਿੱਚ ਅਹਿਮਦਾਬਾਦ ਤੋਂ ਉਡਾਣ ਭਰੀ। ਇਸ ਵਿੱਚ ਚਾਰ ਵਿਅਕਤੀਆਂ ਲਈ ਜਗ੍ਹਾ ਸੀ, ਪਰ ਅਸੀਂ ਪੰਜ ਵਿਅਕਤੀ ਇਸ ਵਿੱਚ ਸਵਾਰ ਸੀ।

ਉਦੋਂ ਨਰਿੰਦਰ ਮੋਦੀ ਦੀ ਇੰਟਰਵਿਊ ਕਰਨੀ ਬਹੁਤ ਦਿਲਚਸਪ ਕਾਰਜ ਹੁੰਦਾ ਸੀ। ਉਹ ਆਪਣੇ ਵਿਚਾਰਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਗਟਾਉਂਦੇ ਸਨ। ਬਹੁਤ ਸਾਰੇ ਨੇਤਾ ਰਾਜਨੀਤਕ ਰੂਪ ਨਾਲ ਸਹੀ ਹੋਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਨੇ ਉਹੀ ਕਿਹਾ ਜੋ ਉਹ ਕਹਿਣਾ ਚਾਹੁੰਦੇ ਸਨ।

2008 ਦੀ ਤਰ੍ਹਾਂ, ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਅਡਵਾਨੀ ਨੂੰ ਪੀਐੱਮ ਉਮੀਦਵਾਰ ਹੋਣਾ ਚਾਹੀਦਾ ਹੈ, ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਕਈ ਲੋਕ ਇਸ ਪ੍ਰਤੀ ਸਟੈਂਡ ਲੈਣ ਲਈ ਤਿਆਰ ਨਹੀਂ ਸਨ।

ਇਹ ਵੀ ਪੜ੍ਹੋ-

ਅਸੀਂ ਅਮਰੇਲੀ ਲਈ ਉਡਾਣ ਭਰ ਰਹੇ ਸੀ। ਮੋਦੀ ਜੀ ਨੇ ਕਿਹਾ, "ਇਹ 45 ਮਿੰਟ ਦੀ ਯਾਤਰਾ ਹੈ ਅਤੇ ਫਿਰ ਬਾਅਦ ਵਿੱਚ 30 ਮਿੰਟ ਦੀ ਯਾਤਰਾ ਹੈ। ਤੁਸੀਂ ਜਦੋਂ ਚਾਹੋ ਇੰਟਰਵਿਊ ਕਰ ਸਕਦੇ ਹੋ।"

ਮੈਂ ਆਪਣੀ ਇੰਟਰਵਿਊ ਸ਼ੁਰੂ ਕੀਤੀ ਅਤੇ ਨਿਸ਼ਚਤ ਤੌਰ 'ਤੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ 2002 ਦੇ ਦੰਗਿਆਂ ਲਈ ਨੈਤਿਕ ਜ਼ਿੰਮੇਵਾਰੀ ਲਈ ਹੈ ਅਤੇ ਕੀ ਉਹ ਹਿੰਸਾ ਲਈ ਮੁਆਫ਼ੀ ਮੰਗਣਗੇ।

ਨਰਿੰਦਰ ਮੋਦੀ ਨੇ ਮੈਨੂੰ ਉਲਟਾ ਸਵਾਲ ਪੁੱਛਿਆ, ਕੀ ਤੁਹਾਡੇ ਵਿੱਚ ਸੋਨੀਆ ਗਾਂਧੀ ਨੂੰ ਇਹ ਪੁੱਛਣ ਦੀ ਹਿੰਮਤ ਹੈ ਕਿ ਕੀ ਉਹ 1984 ਦੇ ਦੰਗਿਆਂ ਲਈ ਮੁਆਫ਼ੀ ਨਹੀਂ ਮੰਗੇਗੀ?

ਤਸਵੀਰ ਸਰੋਤ, AFP

ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਮੈਂ ਸੋਨੀਆ ਦੀ ਇੰਟਰਵਿਊ ਕੀਤੀ ਸੀ ਤਾਂ ਇਹ ਸਵਾਲ ਕੀਤਾ ਸੀ।

ਮੈਂ ਫਿਰ ਉਹੀ ਸਵਾਲ ਨਰਿੰਦਰ ਮੋਦੀ ਨੂੰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਹ ਕਿਹਾ ਹੈ ਜੋ ਉਹ ਕਹਿਣਾ ਚਾਹੁੰਦੇ ਸਨ। ਮੈਂ ਫਿਰ ਉਹੀ ਸਵਾਲ ਪੁੱਛਿਆ। ਉਹ ਚੁੱਪ ਰਹੇ ਅਤੇ ਕੈਮਰੇ ਦੇ ਸਾਹਮਣੇ ਹੱਥ ਕਰ ਲਿਆ।

ਉਨ੍ਹਾਂ ਨੇ ਮੈਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੀ ਫਾਈਲ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਨ੍ਹਾਂ ਨੇ ਖਿੜਕੀ ਤੋਂ ਬਾਹਰ ਦੇਖਿਆ। ਸ਼ੋਰ-ਸ਼ਰਾਬੇ ਵਾਲੇ ਹੈਲੀਕਾਪਟਰ ਦੇ ਅੰਦਰ ਸੰਨਾਟਾ ਸੀ।

ਜਦੋਂ ਅਸੀਂ ਹੇਠਾਂ ਉਤਰੇ ਤਾਂ ਮੋਦੀ ਜੀ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਅਤੇ ਕਿਹਾ, "ਸ਼ਾਇਦ ਇਹ ਸਾਡੀ ਆਖਰੀ ਗੱਲਬਾਤ ਹੈ।" ਜਦੋਂ ਮੈਂ ਪਹਿਲੀ ਰੈਲੀ ਨੂੰ ਕਵਰ ਕਰਨ ਦੇ ਬਾਅਦ ਵਾਪਸ ਆਇਆ ਤਾਂ ਉਨ੍ਹਾਂ ਦਾ ਹੈਲੀਕਾਪਟਰ ਮੈਨੂੰ ਬਿਨਾਂ ਲਏ ਚਲਾ ਗਿਆ ਸੀ।

ਉਨ੍ਹਾਂ ਦੇ ਸਥਾਨਕ ਸਹਾਇਕ ਨੇ ਕਿਹਾ ਕਿ ਮੋਦੀ ਜੀ ਨੇ ਮੇਰੀ ਵਾਪਸੀ ਦੀ ਯਾਤਰਾ ਲਈ ਕਾਰ ਦੀ ਵਿਵਸਥਾ ਕੀਤੀ ਸੀ। ਮੈਂ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਸਦੀ ਬਜਾਏ ਮੈਂ ਇੱਕ ਟਰੈਕਟਰ 'ਤੇ ਆਇਆ।

ਨਰਿੰਦਰ ਮੋਦੀ ਨੇ ਕਦੇ ਵੀ ਇਸ ਇੰਟਰਵਿਊ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਇਸ ਨੂੰ ਪੂਰਾ ਚਲਾਇਆ। ਅਸਲ ਵਿੱਚ ਮੇਰੇ ਸੰਪਾਦਕ ਨੇ ਇਸ ਦਾ ਪ੍ਰੋਮੋ ਬਣਾਇਆ।

ਇਸਨੂੰ ਕਿਹਾ ਗਿਆ, "ਇੰਟਰਵਿਊ ਦਾ ਮਤਲਬ ਹੈ ਚੁੱਪ।" ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਇੰਟਰਵਿਊ ਇੰਨੀ ਵੱਡੀ ਹੋਵੇਗੀ।

ਉਸ ਇੰਟਰਵਿਊ ਦੇ ਬਾਅਦ ਅੱਜ ਤੱਕ ਨਰਿੰਦਰ ਮੋਦੀ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਮੈਂ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਕਵਰ ਕੀਤਾ, ਉਨ੍ਹਾਂ ਦੇ ਦੌਰੇ ਨਾਲ ਅਮਰੀਕਾ ਗਿਆ, ਪਰ ਸਿਰਫ਼ ਇੱਕ ਵਾਰ ਉਨ੍ਹਾਂ ਨੇ ਆਹਮਣੇ-ਸਾਹਮਣੇ ਹੋਣ 'ਤੇ ਸਮਾਜਿਕ ਤੌਰ 'ਤੇ ਮੈਨੂੰ ਵਧਾਈ ਦਿੱਤੀ।

ਅੱਜ ਮੇਰੇ ਕੋਲ ਨਰਿੰਦਰ ਮੋਦੀ ਖਿਲਾਫ਼ ਕੁਝ ਵੀ ਨਹੀਂ ਹੈ। ਮੇਰੇ ਕੋਲ ਕਦੇ ਹੈ ਵੀ ਨਹੀਂ ਸੀ। ਜੇਕਰ ਅੱਜ ਮੈਂ ਉਨ੍ਹਾਂ ਨੂੰ ਮਿਲਾਂ ਤਾਂ ਉਹੀ ਕੰਮ ਕਰਾਂਗਾ - ਉਨ੍ਹਾਂ ਤੋਂ ਸਵਾਲ ਪੁੱਛਾਂਗਾ।

ਰਾਜਦੀਪ ਸਰਦੇਸਾਈ

(ਨਰਿੰਦਰ ਮੋਦੀ ਦੀ ਐੱਨਡੀਟੀਵੀ ਅਤੇ ਸੀਐੱਨਐੱਨ-ਆਈਬੀਐੱਨ ਲਈ ਇੰਟਰਵਿਊ ਕੀਤੀ, ਹੁਣ ਇੰਡੀਆ ਟੁਡੇ ਵਿੱਚ ਸਲਾਹਕਾਰ ਸੰਪਾਦਕ)

ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਮੈਂ ਉਨ੍ਹਾਂ ਦੀ ਕਈ ਵਾਰ ਇੰਟਰਵਿਊ ਕੀਤੀ ਸੀ। ਪਰ ਸਭ ਤੋਂ ਯਾਦਗਾਰੀ ਸੀ, ਮੇਰੀ ਉਨ੍ਹਾਂ ਨਾਲ ਸਤੰਬਰ 2012 ਵਿੱਚ ਹੋਈ ਅੰਤਿਮ ਇੰਟਰਵਿਊ, ਜਦੋਂ ਉਨ੍ਹਾਂ ਨੇ ਮੈਨੂੰ ਆਪਣੀ ਬੱਸ ਵਿੱਚ ਹੇਠਾ ਬਿਠਾਇਆ ਸੀ।

ਤਸਵੀਰ ਸਰੋਤ, YOutube

ਤਸਵੀਰ ਕੈਪਸ਼ਨ,

ਰਾਜਦੀਪ ਸਰਦੇਸਾਈ ਮੁਤਾਬਕ ਪੀਆਰ ਦੇ ਦੌਰ ਤੋਂ ਪਹਿਲਾਂ ਵਾਲੇ ਦਿਨਾਂ ਵਿੱਚ ਮੋਦੀ ਦੀ ਇੰਟਰਵਿਊ ਕਰਨਾ ਖੁਸ਼ੀ ਦੀ ਗੱਲ ਹੁੰਦੀ ਸੀ

ਉਹ ਚਿੰਤਾ ਵਿੱਚ ਸਨ ਅਤੇ ਪੱਤਰਕਾਰਾਂ ਪ੍ਰਤੀ ਸੁਚੇਤ ਹੋਣ ਲੱਗੇ ਸਨ। ਆਕਰ ਪਟੇਲ ਇਸਨੂੰ ਪੱਤਰਕਾਰਤਾ ਦਾ ਸਭ ਤੋਂ ਵਧੀਆ ਹਿੱਸਾ ਕਹਿੰਦੇ ਸਨ।

ਉਨ੍ਹਾਂ ਨਾਲ ਮੇਰੀ ਪਹਿਲੀ ਇੰਟਰਵਿਊ 1990 ਵਿੱਚ ਰਥ ਯਾਤਰਾ ਦੌਰਾਨ ਹੋਈ ਸੀ। ਉਨ੍ਹਾਂ ਨੇ ਇੱਕ ਸਫ਼ੈਦ ਕੁੜਤਾ ਪਜ਼ਾਮਾ ਪਹਿਨਿਆ ਹੋਇਆ ਸੀ। ਉਹ ਟੀਵੀ ਤੋਂ ਪਹਿਲਾਂ ਵਾਲਾ ਦੌਰ ਸੀ। ਮੋਦੀ ਇੱਕ ਮਜ਼ਬੂਤ ਅਤੇ ਪ੍ਰਭਾਵੀ ਸੰਚਾਰਕ ਦੇ ਰੂਪ ਵਿੱਚ ਸਾਹਮਣੇ ਆਏ।

2001 ਵਿੱਚ 9/11 ਹਮਲੇ ਦੇ 3 ਜਾਂ 4 ਦਿਨ ਬਾਅਦ ਅਸੀਂ ਅੱਤਵਾਦ 'ਤੇ ਇੱਕ ਸ਼ੋਅ ਰਿਕਾਰਡ ਕਰ ਰਹੇ ਸੀ ਅਤੇ ਪ੍ਰਮੋਦ ਮਹਾਜਨ ਨੇ ਸਰਕਾਰ ਵਿੱਚ ਰਹਿੰਦੇ ਹੋਏ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਮੈਂ ਸ਼ਾਸਤਰੀ ਭਵਨ ਵਿੱਚ ਨਰਿੰਦਰ ਮੋਦੀ ਨੂੰ ਮਿਲਿਆ ਅਤੇ ਉਨ੍ਹਾਂ ਨੇ ਤੁਰੰਤ ਡਿਬੇਟ ਸ਼ੋਅ ਲਈ ਹਾਂ ਕਰ ਦਿੱਤੀ।

ਉਨ੍ਹਾਂ ਨੇ ਮੈਨੂੰ ਕਿਹਾ ਸੀ, 'ਇਹ ਚੰਗਾ ਹੈ ਕਿ ਤੁਸੀਂ ਇਸ ਵਿਸ਼ੇ ਨੂੰ ਲਿਆ ਹੈ।'

ਨਰਿੰਦਰ ਭਾਈ ਉਸ ਸਮੇਂ ਹਮੇਸ਼ਾ ਉਪਲੱਬਧ ਸਨ। ਉਨ੍ਹਾਂ ਕੋਲ ਹਮੇਸ਼ਾ ਕਿਸੇ ਵੀ ਸਵਾਲ ਦਾ ਜਵਾਬ ਹੁੰਦਾ ਸੀ। ਉਨ੍ਹਾਂ ਨੇ ਪਹਿਲਾਂ ਤੋਂ ਕਦੇ ਵੀ ਸਵਾਲ ਨਹੀਂ ਪੁੱਛੇ।

ਹੁਣ ਕਈ ਇੰਟਰਵਿਊਜ਼ ਪੀਆਰ ਅਭਿਆਸ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ। ਪੀਆਰ ਦੇ ਦੌਰ ਤੋਂ ਪਹਿਲਾਂ ਵਾਲੇ ਦਿਨਾਂ ਵਿੱਚ ਮੋਦੀ ਦੀ ਇੰਟਰਵਿਊ ਕਰਨਾ ਖੁਸ਼ੀ ਦੀ ਗੱਲ ਹੁੰਦੀ ਸੀ।

ਤਸਵੀਰ ਸਰੋਤ, Getty Images

2002 ਦੇ ਦੰਗਿਆਂ ਦੌਰਾਨ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਮੈਂ ਉਨ੍ਹਾਂ ਦੀ ਇੰਟਰਵਿਊ ਲਈ ਅਤੇ ਦਫ਼ਤਰ ਵਾਪਸ ਆ ਕੇ ਮਹਿਸੂਸ ਕੀਤਾ ਕਿ ਟੇਪ ਫਸ ਰਹੀ ਸੀ।

ਇਸ ਲਈ ਉਸੀ ਦਿਨ ਲਗਭਗ 11 ਵਜੇ ਫਿਰ ਤੋਂ ਇੰਟਰਵਿਊ ਰਿਕਾਰਡ ਕਰਨੀ ਪਈ। ਉਨ੍ਹਾਂ ਨੇ ਸਵਾਲਾਂ ਦੇ ਉਹੀ ਜਵਾਬ ਦਿੱਤੇ। ਕੀ ਤੁਸੀਂ ਅੱਜ ਵੀ ਕਿਸੇ ਨਾਲ ਫਿਰ ਤੋਂ ਉਹੀ ਇੰਟਰਵਿਊ ਕਰਨ ਦੀ ਕਲਪਨਾ ਕਰ ਸਕਦੇ ਹੋ?

ਨਵਦੀਪ ਧਾਰੀਵਾਲ

(ਉਨ੍ਹਾਂ ਨੇ ਬੀਬੀਸੀ ਨਿਊਜ਼ ਨਾਲ ਕੰਮ ਕਰਨ ਦੌਰਾਨ ਨਰਿੰਦਰ ਮੋਦੀ ਦੀ ਇੰਟਰਵਿਊ ਕੀਤੀ)

ਮੈਂ 'ਵਾਈਬਰੈਂਟ ਗੁਜਰਾਤ ਸਿਖਰ ਸੰਮੇਲਨ' ਦੌਰਾਨ ਬੀਬੀਸੀ ਲਈ ਨਰਿੰਦਰ ਮੋਦੀ ਦੀ ਇੰਟਰਵਿਊ ਕੀਤੀ ਸੀ। ਉਹ ਸਿਖਰ ਸੰਮੇਲਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ।

ਉਹ ਐੱਨਆਰਆਈ ਭਾਈਚਾਰੇ ਵਿੱਚ ਇਹ ਸੰਦੇਸ਼ ਫੈਲਾਉਣਾ ਚਾਹੁੰਦੇ ਸਨ ਕਿ ਗੁਜਰਾਤ ਨੂੰ ਕੀ ਪੇਸ਼ ਕਰਨਾ ਹੈ, ਇਹ ਨਿਵੇਸ਼ ਲਈ ਸੁਨਹਿਰਾ ਰਾਜ ਹੈ।

ਉਹ ਇੰਟਰਵਿਊ ਲਈ ਪਹੁੰਚੇ; ਅਸੀਂ ਹੱਥ ਮਿਲਾਇਆ, ਅਸੀਂ ਇੱਕ ਛੋਟੀ ਜਿਹੀ ਨਿਮਰ ਗੱਲਬਾਤ ਕੀਤੀ ਅਤੇ ਫਿਰ ਸਿੱਧੀ ਇੰਟਰਵਿਊ ਸ਼ੁਰੂ ਕਰ ਦਿੱਤੀ।

ਤਸਵੀਰ ਸਰੋਤ, YOutube

ਤਸਵੀਰ ਕੈਪਸ਼ਨ,

ਨਵਦੀਪ ਧਾਰੀਵਾਲ ਨਾਲ ਇੰਟਰਵਿਊ ਦੌਰਾਨ ਮੋਦੀ ਨੇ ਮਾਈਕਰੋਫੋਨ ਨੂੰ ਕੱਢ ਦਿੱਤਾ ਅਤੇ ਇੰਟਰਵਿਊ ਛੱਡ ਦਿੱਤੀ

ਮੈਂ ਉਨ੍ਹਾਂ ਨੂੰ ਸਿਖਰ ਸੰਮੇਲਨ ਦੇ ਨਾਲ-ਨਾਲ ਦੰਗਿਆਂ ਬਾਰੇ ਵੀ ਸਵਾਲ ਪੁੱਛਣਾ ਚਾਹੁੰਦੀ ਸੀ। ਪੱਤਰਕਾਰਤਾ ਅਤੇ ਸੰਪਾਦਕੀ ਦੇ ਰੂਪ ਵਿੱਚ ਇਹ ਬਣਦੀ ਵੀ ਸੀ।

ਮੈਨੂੰ ਲੱਗਿਆ ਕਿ ਦੁਨੀਆ ਭਰ ਦੇ ਦਰਸ਼ਕ ਇਸ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਇਸ ਸਵਾਲ ਨਾਲ ਉਨ੍ਹਾਂ ਦਾ ਸਾਹਮਣਾ ਕਰਨ ਦਾ ਇਹ ਪਹਿਲਾ ਮੌਕਾ ਸੀ।

ਮੇਰਾ ਸਵਾਲ ਇਸ ਤਰ੍ਹਾਂ ਦਾ ਸੀ, "ਤੁਸੀਂ ਲੋਕਾਂ ਨੂੰ ਆਪਣੇ ਸੂਬੇ ਵਿੱਚ ਨਿਵੇਸ਼ ਕਰਨ ਲਈ ਕਹਿ ਰਹੇ ਹੋ, ਜਦੋਂ ਸਾਡੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ...।"

ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ। ਮੈਂ ਮੁੱਦੇ 'ਤੇ ਦਬਾਅ ਪਾਇਆ। ਫਿਰ ਉਨ੍ਹਾਂ ਨੇ ਮਾਈਕਰੋਫੋਨ ਨੂੰ ਕੱਢ ਦਿੱਤਾ ਅਤੇ ਇੰਟਰਵਿਊ ਛੱਡ ਦਿੱਤੀ।

ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਸੀ, ਮੈਂ ਇੱਥੇ ਵਾਈਬਰੈਂਟ ਗੁਜਰਾਤ ਸਿਖ਼ਰ ਸੰਮੇਲਨ ਲਈ ਹਾਂ ਅਤੇ ਹੋਰ ਚੀਜ਼ਾਂ ਬਾਰੇ ਗੱਲ ਨਹੀਂ ਕਰਾਂਗਾ।

ਇਹ ਵੀ ਪੜ੍ਹੋ-

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)