ਦਿੱਲੀ ਦੰਗੇ : ਕਪਿਲ ਮਿਸ਼ਰਾ ਖਿਲਾਫ਼ ਦੋ ਸ਼ਿਕਾਇਤਾਂ, ਪਰ ਕੋਈ FIR ਦਰਜ ਨਾ ਹੋਣ ’ਤੇ ਪੁਲਿਸ ਕੀ ਤਰਕ ਦਿੰਦੀ- BBC Special

  • ਕੀਰਤੀ ਦੂਬੇ
  • ਬੀਬੀਸੀ ਪੱਤਰਕਾਰ
ਕਪਿਲ ਮਿਸ਼ਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੁਲਿਸ ਨੇ ਚਾਰਜਸ਼ੀਟ ਵਿੱਚ ਕਿਹਾ ਹੈ ਕਿ 28 ਜੁਲਾਈ ਨੂੰ ਕਪਿਲ ਮਿਸ਼ਰਾ ਤੋਂ ਪੁੱਛਗਿੱਛ ਕੀਤੀ ਗਈ ਅਤੇ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਸਪੀਚ ਨਹੀਂ ਦਿੱਤੀ

23 ਫ਼ਰਵਰੀ, 2020 ਦੀ ਦੁਪਹਿਰ, ਜਾਫ਼ਰਾਬਾਦ-ਮੌਜਪੁਰ ਸਰਹੱਦ 'ਤੇ ਭਾਜਪਾ ਨੇਤਾ ਅਤੇ ਵਿਧਾਨ ਸਭਾ ਚੋਣ ਵਿੱਚ ਮਾਡਲ ਟਾਊਨ ਸੀਟ ਤੋਂ ਉਮੀਦਵਾਰ ਰਹੇ ਕਪਿਲ ਮਿਸ਼ਰਾ ਪਹੁੰਚਦੇ ਹਨ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਅਣਗਿਣਤ ਸਮਰਥਕ ਅਤੇ ਲੋਕਾਂ ਦੀ ਭੀੜ ਜਮਾਂ ਰਹਿੰਦੀ ਹੈ, 'ਜੈ ਸ਼੍ਰੀ ਰਾਮ ਦੇ ਨਾਅਰੇ' ਗੂੰਜਦੇ ਹਨ।

ਕਪਿਲ ਮਿਸ਼ਰਾ ਲੋਕਾਂ ਨੂੰ ਸੰਬੋਧਨ ਕਰਦੇ ਹਨ, ''ਡੀਸੀਪੀ ਸਾਹਬ ਸਾਡੇ ਸਾਹਮਣੇ ਖੜ੍ਹੇ ਹਨ। ਮੈਂ ਤੁਹਾਡੇ ਸਭ ਦੇ ਬਿਹਾਫ (ਤੁਹਾਡੇ ਸਾਰਿਆਂ ਵੱਲੋਂ) ਕਹਿ ਰਿਹਾ ਹਾਂ, ਟਰੰਪ ਦੇ ਜਾਣ ਤੱਕ ਤਾਂ ਅਸੀਂ ਸ਼ਾਂਤੀ ਨਾਲ ਜਾ ਰਹੇ ਹਾਂ, ਪਰ ਉਸਦੇ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ, ਜੇਕਰ ਰਸਤੇ ਖਾਲੀ ਨਹੀਂ ਹੋਏ ਤਾਂ ਟਰੰਪ ਦੇ ਜਾਣ ਤੱਕ ਤੁਸੀਂ (ਪੁਲਿਸ) ਜਾਫ਼ਰਾਬਾਦ ਅਦੇ ਚਾਂਦਬਾਗ ਖਾਲੀ ਕਰਵਾ ਲਓ, ਅਜਿਹੀ ਤੁਹਾਨੂੰ ਬੇਨਤੀ ਹੈ, ਨਹੀਂ ਤਾਂ ਉਸ ਦੇ ਬਾਅਦ ਸਾਨੂੰ ਰੋਡ 'ਤੇ ਆਉਣਾ ਪਵੇਗਾ।''

ਜਦੋਂ ਕਪਿਲ ਮਿਸ਼ਰਾ ਤਿੰਨ ਦਿਨ ਦਾ ਅਲਟੀਮੇਟਮ ਦਿੰਦੇ ਹਨ ਅਤੇ ਪੁਲਿਸ ਦੀ ਵੀ ਨਾ ਸੁਣਨ ਦੀ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਦੇ ਲਾਗੇ ਹੀ ਉੱਤਰ ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਵੇਦ ਪ੍ਰਕਾਸ਼ ਸ਼ੌਰਿਆ ਮੌਜੂਦ ਸਨ, ਪਰ ਕਪਿਲ ਮਿਸ਼ਰਾ ਨੇ ਇਸ ਸਪੀਚ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਮੈਂ ਕੋਈ ਸਪੀਚ ਨਹੀਂ ਦਿੱਤੀ-ਕਪਿਲ ਮਿਸ਼ਰਾ

ਪੁਲਿਸ ਦੀ ਐੱਫਆਈਆਰ 59 ਯਾਨੀ ਦਿੱਲੀ ਦੰਗਿਆਂ ਦੇ ਪਿੱਛੇ ਸਾਜ਼ਿਸ਼ ਦੇ ਮਾਮਲੇ ਵਿੱਚ ਦਾਇਰ ਚਾਰਟਸ਼ੀਟ ਮੁਤਾਬਿਕ 28 ਜੁਲਾਈ ਨੂੰ ਕਪਿਲ ਮਿਸ਼ਰਾ ਤੋਂ ਪੁੱਛਗਿੱਛ ਕੀਤੀ ਗਈ ਜਿਸ ਵਿੱਚ ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਸਪੀਚ ਨਹੀਂ ਦਿੱਤੀ।

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ,

ਜਦੋਂ ਕਪਿਲ ਮਿਸ਼ਰਾ ਤਿੰਨ ਦਿਨ ਦਾ ਅਲਟੀਮੇਟਮ ਦਿੰਦੇ ਹਨ ਅਤੇ ਪੁਲਿਸ ਦੀ ਵੀ ਨਾ ਸੁਣਨ ਦੀ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਦੇ ਲਾਗੇ ਹੀ ਉੱਤਰ ਪੂਰਬੀ ਦਿੱਲੀ ਦੇ ਡੀਸੀਪੀ ਵੇਦ ਪ੍ਰਕਾਸ਼ ਸ਼ੌਰਿਆ ਮੌਜੂਦ ਸਨ

ਕਪਿਲ ਮਿਸ਼ਰਾ ਨੇ ਕਿਹਾ ਹੈ-''ਮੈਂ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੁਲਿਸ ਤੱਕ ਪਹੁੰਚਾਉਣ ਅਤੇ ਪੁਲਿਸ ਦੀ ਮਦਦ ਨਾਲ ਬਲਾਕ ਰੋਡ ਨੂੰ ਖੁੱਲ੍ਹਵਾਉਣ ਦੀ ਪੇਸ਼ਕਸ਼ ਲਈ ਉੱਥੇ ਗਿਆ ਸੀ। ਮੈਂ ਕੋਈ ਸਪੀਚ ਨਹੀਂ ਦਿੱਤੀ। ਸਿਰਫ਼ ਪੁਲਿਸ ਨੂੰ ਤਿੰਨ ਦਿਨ ਵਿੱਚ ਰੋਡ ਖੁੱਲ੍ਹਵਾਉਣ ਲਈ ਕਿਹਾ ਸੀ ਤਾਂ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਮੇਰੇ ਬਿਆਨ ਦਾ ਅਰਥ ਸੀ ਕਿ ਰੋਡ ਖਾਲੀ ਨਾ ਕਰਾਉਣ ਦੀ ਸੂਰਤ ਵਿੱਚ ਅਸੀਂ ਵੀ ਧਰਨੇ 'ਤੇ ਬੈਠਾਂਗੇ।''

ਸ਼ਿਕਾਇਤਾਂ 'ਤੇ FIR ਕਿਉਂ ਨਹੀਂ?

ਜਿਸ ਦਿਨ ਕਪਿਲ ਮਿਸ਼ਰਾ ਨੇ ਉਸ ਇਲਾਕੇ ਵਿੱਚ ਜਾ ਕੇ ਰੋਡ ਖਾਲੀ ਕਰਾਉਣ ਦਾ ਅਲਟੀਮੇਟਮ ਦਿੱਤਾ (ਜਿਸ ਨੂੰ ਹੁਣ ਉਹ ਭਾਸ਼ਣ ਮੰਨਣ ਤੋਂ ਇਨਕਾਰ ਕਰ ਰਹੇ ਹਨ।) ਉਸੀ ਦਿਨ ਯਾਨੀ 23 ਫਰਵਰੀ ਦੀ ਸ਼ਾਮ ਨੂੰ ਉੱਤਰ-ਪੂਰਬੀ ਦਿੱਲੀ ਜਲਣ ਲੱਗੀ।

ਪੂਰੇ ਇਲਾਕੇ ਵਿੱਚ ਇੱਕ ਤੋਂ ਬਾਅਦ ਇੱਕ ਹਿੰਸਾ ਦੀਆਂ ਖ਼ਬਰਾਂ, ਤਸਵੀਰਾਂ ਅਤੇ ਵੀਡਿਓ ਸਾਹਮਣੇ ਆਉਣ ਲੱਗੀਆਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਸ ਵਿਵਾਦਤ ਭਾਸ਼ਣ ਦੀ ਚਰਚਾ ਸ਼ੁਰੂ ਹੋ ਗਈ ਅਤੇ ਇੱਕ ਤਬਕੇ ਨੇ ਇਸ ਭਾਸ਼ਣ ਨੂੰ ਹੇਟ ਸਪੀਚ ਅਤੇ ਹਿੰਸਾ ਭੜਕਾਉਣ ਵਾਲਾ ਦੱਸਿਆ ਅਤੇ ਕਪਿਲ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਤੇਜ਼ ਹੋ ਗਈ।

ਦੰਗਿਆਂ ਦੇ ਲਗਭਗ ਸੱਤ ਮਹੀਨੇ ਬਾਅਦ ਵੀ ਕਮਿਲ ਮਿਸ਼ਰਾ ਨੂੰ ਲੈ ਕੇ ਹੋਈਆਂ ਤਮਾਮ ਸ਼ਿਕਾਇਤਾਂ ਦੇ ਬਾਵਜੂਦ ਕੁੱਲ 751 ਐੱਫਆਈਆਰ ਵਿੱਚੋਂ ਇੱਕ ਵੀ ਐੱਫਆਈਆਰ ਅਜਿਹੀ ਨਹੀਂ ਹੈ ਜੋ ਕਪਿਲ ਮਿਸ਼ਰਾ ਦੇ ਖਿਲਾਫ਼ ਦਿੱਲੀ ਪੁਲਿਸ ਨੇ ਦਰਜ ਕੀਤੀ ਹੋਵੇ।

ਬਲਕਿ ਹੁਣ ਪੁਲਿਸ ਨੇ ਦੰਗਿਆਂ ਨਾਲ ਜੁੜੀ FIR 59 ਦੀ ਚਾਰਜਸ਼ੀਟ ਵਿੱਚ ਲਏ ਗਏ ਕਪਿਲ ਮਿਸ਼ਰਾ ਦੇ ਬਚਾਅ ਜ਼ਰੀਏ ਇਹ ਦੱਸਿਆ ਹੈ ਕਿ ਉਨ੍ਹਾਂ ਨੇ ਸਪੀਚ ਦਿੱਤੀ ਹੀ ਨਹੀਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪਹਿਲੀ ਸ਼ਿਕਾਇਤ- ''ਸਬਕ ਸਿਖਾਉਣਾ ਹੈ ਤਾਂ ਕਿ ਪ੍ਰੋਟੈਸਟ ਭੁੱਲ ਜਾਣ-ਕਪਿਲ ਮਿਸ਼ਰਾ''

ਬੀਬੀਸੀ ਕੋਲ ਅਜਿਹੀਆਂ ਦੋ ਸ਼ਿਕਾਇਤਾਂ ਦੀ ਕਾਪੀ ਹੈ ਜਿਨ੍ਹਾਂ ਵਿੱਚ ਸ਼ਿਕਾਇਤ ਕਰਤਿਆਂ ਨੇ ਭਾਜਪਾ ਨੇਤਾ ਕਪਿਲ ਮਿਸ਼ਰਾ ਦਾ ਨਾਂ ਲਿਆ ਹੈ ਅਤੇ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਪਰ ਦੰਗਿਆਂ ਦੇ ਲਗਭਗ ਸੱਤ ਮਹੀਨੇ ਦੇ ਬਾਅਦ ਵੀ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ।

ਜਦਕਿ ਕਾਨੂੰਨ ਤਹਿਤ ਜੇਕਰ ਕੋਈ ਅਪਰਾਧ ਪਹਿਲੀ ਨਜ਼ਰ ਵਿੱਚ ਕੌਗਨੀਜ਼ੇਬਲ ਅਪਰਾਧ (ਗੰਭੀਰ ਅਤੇ ਜਿਸ ਵਿੱਚ ਗ੍ਰਿਫ਼ਤਾਰੀ ਲਈ ਪੁਲਿਸ ਨੂੰ ਵਾਰੰਟ ਦੀ ਜ਼ਰੂਰਤ ਨਹੀਂ ਹੁੰਦੀ) ਹੈ ਤਾਂ ਅਜਿਹੇ ਵਿੱਚ ਪੁਲਿਸ ਐੱਫਆਈਆਰ ਕਰਨ ਲਈ ਪਾਬੰਦ ਹੁੰਦੀ ਹੈ।

ਪਰ ਜਿਨ੍ਹਾਂ ਸ਼ਿਕਾਇਤ ਕਰਤਿਆਂ ਨੇ ਕਪਿਲ ਮਿਸ਼ਰਾ ਦੇ ਨਾਂ ਵਾਲੀ ਸ਼ਿਕਾਇਤ ਦਰਜ ਕਰਾਈ ਹੈ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪੁਲਿਸ ਨੇ ਪਹਿਲਾਂ ਤਾਂ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਵੀ ਮਨ੍ਹਾਂ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਇਹ ਸ਼ਿਕਾਇਤਾਂ ਤਾਂ ਦਰਜ ਹੋ ਗਈਆਂ, ਪਰ ਇਨ੍ਹਾਂ 'ਤੇ ਧਿਆਨ ਦੇ ਕੇ ਹੁਣ ਤੱਕ ਐੱਫਆਈਆਰ ਦਰਜ ਨਹੀਂ ਹੋਈ।

ਬੀਬੀਸੀ ਨੇ ਦਿੱਲੀ ਪੁਲਿਸ ਨੂੰ ਅਜਿਹੇ ਹੀ ਸੁਆਲਾਂ ਦੀ ਇੱਕ ਲਿਸਟ ਭੇਜੀ ਹੈ ਜਿਸਦਾ ਸਾਨੂੰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ, ਇਹ ਜਵਾਬ ਸਾਨੂੰ ਜਿਵੇਂ ਹੀ ਮਿਲਣਗੇ ਇਹ ਕਹਾਣੀ ਜਵਾਬਾਂ ਨਾਲ ਅਪਡੇਟ ਕੀਤੀ ਜਾਵੇਗੀ।

ਤਸਵੀਰ ਸਰੋਤ, KIRTI DUBEY/BBC

ਤਸਵੀਰ ਕੈਪਸ਼ਨ,

ਜ਼ਮੀ ਰਿਜ਼ਵੀ ਦੀ ਸ਼ਿਕਾਇਤ ਦਾ ਇੱਕ ਪੰਨਾ

ਕਮਿਸ਼ਨਰ ਅਤੇ ਗ੍ਰਹਿ ਮੰਤਰਾਲੇ ਨੂੰ ਹੈ ਸ਼ਿਕਾਇਤ ਦੀ ਜਾਣਕਾਰੀ

ਇਨ੍ਹਾਂ ਵਿੱਚੋਂ ਯਮੁਨਾ ਵਿਹਾਰ ਦੇ ਰਹਿਣ ਵਾਲੇ ਇੱਕ ਸ਼ਿਕਾਇਤਕਰਤਾ ਜ਼ਮੀ ਰਿਜ਼ਵੀ ਨੇ 24 ਫਰਵਰੀ ਨੂੰ ਇੱਕ ਸ਼ਿਕਾਇਤ ਲਿਖੀ ਅਤੇ ਇਸ ਨੂੰ ਦਿੱਲੀ ਪੁਲਿਸ ਕਮਿਸ਼ਨਰ, ਗ੍ਰਹਿ ਮੰਤਰਾਲਾ, ਪ੍ਰਧਾਨ ਮੰਤਰੀ ਆਫਿਸ ਅਤੇ ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ ਨੂੰ ਭੇਜਿਆ।

ਇਸ ਵਿੱਚ ਲਿਖਿਆ ਹੈ-23 ਫਰਵਰੀ, 2020 ਨੂੰ 20-25 ਲੋਕਾਂ ਦਾ ਇੱਕ ਹਜੂਮ ਨਾਅਰੇ ਲਗਾ ਰਿਹਾ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ, ਤ੍ਰਿਸ਼ੂਲ, ਡੰਡੇ ਸਨ।

ਕਪਿਲ ਮਿਸ਼ਰਾ ਤੁਮ ਲਠ ਬਜਾਓ, ਹਮ ਤੁਮਹਾਰੇ ਸਾਥ ਹੈਂ

ਲੰਬੇ-ਲੰਬੇ ਲਠ ਬਜਾਓ, ਹਮ ਤੁਮਹਾਰੇ ਸਾਥ ਹੈਂ

ਖੀਂਚ-ਖੀਂਚ ਕਰ ਲਠ ਬਜਾਓ, ਹਮ ਤੁਮਹਾਰੇ ਸਾਥ ਹੈਂ

ਮੁੱਲੋਂ ਪਰ ਵੀ ਲਠ ਬਜਾਓ, ਹਮ ਤੁਮਹਾਰੇ ਸਾਥ ਹੈਂ

ਰਿਜ਼ਵੀ ਦੀ ਇਸ ਸ਼ਿਕਾਇਤ ਵਿੱਚ ਅੱਗੇ ਲਿਖਿਆ ਹੈ, ''ਇਸਦੇ ਕੁਝ ਦੇਰ ਬਾਅਦ ਕਪਿਲ ਮਿਸ਼ਰਾ ਆਪਣੇ ਹੋਰ ਸਾਥੀਆਂ ਨਾਲ ਜਿਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ, ਤਲਵਾਰਾਂ, ਤ੍ਰਿਸ਼ੂਲ, ਡੰਡੇ, ਪੱਥਰ, ਬੋਤਲਾਂ ਆਦਿ ਨਾਲ ਆਏ, ਉੱਥੇ ਖੜ੍ਹੇ ਹੋ ਕੇ ਕਪਿਲ ਮਿਸ਼ਰਾ ਨੇ ਭੜਕਾਊ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ”

“ਇਸ ਵਿੱਚ ਉਸਨੇ ਕਿਹਾ-ਇਹ ਸਾਡੇ ਘਰ ਦੇ ਟੌਇਲਟ ਸਾਫ਼ ਕਰਨ ਵਾਲਿਆਂ ਨੂੰ ਕੀ ਹੁਣ ਅਸੀਂ ਆਪਣੇ ਸਿਰ 'ਤੇ ਬੈਠਾਵਾਂਗੇ, ਇਸਦੇ ਜਵਾਬ ਵਿੱਚ ਲੋਕਾਂ ਨੇ ਚੀਖ ਕੇ ਕਿਹਾ, 'ਬਿਲਕੁਲ ਨਹੀਂ।”

ਇਸਦੇ ਬਾਅਦ ਕਪਿਲ ਮਿਸ਼ਰਾ ਨੇ ਕਿਹਾ, “ਇਹ ਮੁੱਲੇ ਪਹਿਲਾਂ ਤਾਂ ਸੀਏਏ-ਐੱਨਆਰਸੀ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸਨ ਅਤੇ ਹੁਣ ਇਹ ਰਾਂਖਵੇਕਰਨ ਲਈ ਵੀ ਪ੍ਰੋਟੈਸਟ ਕਰਨ ਲੱਗੇ ਹਨ। ਹੁਣ ਤਾਂ ਇਨ੍ਹਾਂ ਨੂੰ ਸਬਕ ਸਿਖਾਉਣਾ ਹੀ ਪਵੇਗਾ।''

ਜ਼ਮੀ ਰਿਜ਼ਵੀ ਨੇ 18 ਮਾਰਚ ਨੂੰ ਕੜਕੜਡੂਮਾ ਦੇ ਮੈਟਰੋਪੌਲੀਟਨ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਅਤੇ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਸੀਆਰਪੀਸੀ 156 (3) ਤਹਿਤ ਕੋਰਟ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਵੇ, ਪਰ ਹੁਣ ਤੱਕ ਇਸ ਮਾਮਲੇ ਵਿੱਚ ਕੁਝ ਨਹੀਂ ਹੋ ਸਕਿਆ ਹੈ।

ਤਸਵੀਰ ਸਰੋਤ, GETTY IMAGES/ANADOLU AGENCY

ਤਸਵੀਰ ਕੈਪਸ਼ਨ,

ਇੱਕ ਤੋਂ ਬਾਅਦ ਇੱਕ ਹਿੰਸਾ ਦੀਆਂ ਖ਼ਬਰਾਂ, ਤਸਵੀਰਾਂ ਅਤੇ ਵੀਡਿਓ ਸਾਹਮਣੇ ਆਉਣ ਲੱਗੀਆਂ

ਰਿਜ਼ਵੀ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਹੈ ਕਿ 'ਮਿਸ਼ਰਾ ਦੇ ਭਾਸ਼ਣ ਨੂੰ ਸੁਣਦੇ ਹੀ ਉਨ੍ਹਾਂ ਦੇ ਸਾਥੀਆਂ ਨੇ ਪ੍ਰਦਰਸ਼ਨਕਾਰੀਆਂ 'ਤੇ ਪੱਥਰਾਂ ਨਾਲ ਕਰਦਮਪੁਰੀ ਵਿੱਚ ਹਮਲਾ ਕਰ ਦਿੱਤਾ।”

“ਪੁਲਿਸ ਦੀ ਮੌਜੂਦਗੀ ਵਿੱਚ ਮੁਸਲਮਾਨਾਂ ਅਤੇ ਦਲਿਤਾਂ ਨੂੰ ਦੇਸ਼ ਧ੍ਰੋਹੀ, ਮੁੱਲੇ ਅਤੇ ਜਾਤੀਸੂਚਕ ਸ਼ਬਦ ਕਹੇ ਗਏ। ਗੱਡੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਨ੍ਹਾਂ ਸਭ ਲੋਕਾਂ ਨੂੰ ਕਪਿਲ ਮਿਸ਼ਰਾ ਹੱਥ ਵਿੱਚ ਬੰਦੂਕ ਲਹਿਰਾ ਕੇ ਕਹਿ ਰਿਹਾ ਸੀ-ਛੱਡਣਾ ਨਹੀਂ ਹੈ ਇਨ੍ਹਾਂ ਸਾਲਿਆਂ ਨੂੰ ਅੱਜ, ਅਜਿਹਾ ਸਬਕ ਸਿਖਾਉਣਾ ਹੈ ਕਿ ਇਹ ਪ੍ਰੋਟੈਸਟ ਕਰਨਾ ਹੀ ਭੁੱਲ ਜਾਣ।''

ਇੱਕ ਖ਼ਾਸ ਗੱਲ ਇਹ ਵੀ ਹੈ ਕਿ ਇਸ ਐਪਲੀਕੇਸ਼ਨ 'ਤੇ ਦਿੱਲੀ ਪੁਲਿਸ ਕਮਿਸ਼ਨਰ ਦਾ 24 ਫਰਵਰੀ ਦੀ ਮਿਤੀ ਨਾਲ ਰਿਸੀਵਿੰਗ ਸਟੈਂਪ ਹੈ।

ਯਾਨੀ 24 ਫਰਵਰੀ ਨੂੰ ਦਿੱਲੀ ਪੁਲਿਸ ਨੂੰ ਇਹ ਐਪਲੀਕੇਸ਼ਨ ਮਿਲ ਗਈ ਸੀ ਅਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਇਸਦੀ ਜਾਣਕਾਰੀ ਹੈ। ਇੰਨਾ ਹੀ ਨਹੀਂ ਇਸ ਐਪਲੀਕੇਸ਼ਨ ਨੂੰ ਗ੍ਰਹਿ ਮੰਤਰਾਲੇ ਨੇ ਵੀ ਰਿਸੀਵ ਕੀਤਾ ਹੈ ਜਿਸਦਾ ਮਤਲਬ ਹੈ ਕਿ ਗ੍ਰਹਿ ਮੰਤਰਾਲੇ ਨੂੰ ਵੀ ਇਸਦੀ ਜਾਣਕਾਰੀ ਹੈ।

ਵੀਡੀਓ: ਹਿੰਸਾ ਦੌਰਾਨ ਕੁੜੀਆਂ ’ਤੇ ਕੀ ਬੀਤੀ?

ਰਿਜ਼ਵੀ ਦੀ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਹੈ ਕਿ-''ਹੱਦ ਤਾਂ ਉਦੋਂ ਹੋ ਗਈ ਜਦੋਂ ਕਪਿਲ ਮਿਸ਼ਰਾ ਨੇ ਡੀਸੀਪੀ ਦੇ ਸਾਹਮਣੇ ਪ੍ਰੋਟੈਸਟ ਖ਼ਤਮ ਕਰਨ ਦੀ ਧਮਕੀ ਦਿੱਤੀ। ਇਸਦੇ ਬਾਅਦ ਡੀਸੀਪੀ ਸਾਬ੍ਹ ਨੇ ਗਲੀਆਂ ਵਿੱਚ ਘੁੰਮ-ਘੁੰਮ ਕੇ ਲੋਕਾਂ ਨੂੰ ਧਮਕਾਇਆ ਕਿ ਸਾਨੂੰ ਉੱਪਰ ਦੇ ਆਦੇਸ਼ ਹਨ ਕਿ ਦੋ ਦਿਨ ਬਾਅਦ ਖੇਤਰ ਵਿੱਚ ਕੋਈ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਤੁਸੀਂ ਪ੍ਰੋਟੈਸਟ ਖਤਮ ਨਹੀਂ ਕੀਤੇ ਤਾਂ ਇੱਥੇ ਦੰਗੇ ਹੋਣਗੇ ਨਾ ਤੁਸੀਂ ਬਚੋਗੇ ਨਾ ਹੀ ਇਹ ਪ੍ਰੋਟੈਸਟ।''

“ਕਪਿਲ ਮਿਸ਼ਰਾ ਅਤੇ ਉਸਦੇ ਸਾਥੀਆਂ ਨੇ ਕਰਦਮਪੁਰੀ, ਜ਼ਾਫ਼ਰਾਬਾਦ, ਮੌਜਪੁਰ ਇਲਾਕੇ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਚਿੰਨ੍ਹਹਿੱਤ ਕਰਕੇ ਫੜ-ਫੜ ਕੇ ਮਾਰਿਆ ਹੈ। ਕਿਰਪਾ ਕਰਕੇ ਦੋਸ਼ੀਆਂ ਨਾਲ ਉਚਿਤ ਧਾਰਾਵਾਂ ਵਿੱਚ ਐੱਫਆਈਆਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।''

ਤਸਵੀਰ ਸਰੋਤ, GETTY IMAGES/HINDUSTAN TIMES

ਤਸਵੀਰ ਕੈਪਸ਼ਨ,

ਕੁੱਲ 751 ਐੱਫਆਈਆਰ ਵਿੱਚੋਂ ਇੱਕ ਵੀ ਐੱਫਆਈਆਰ ਅਜਿਹੀ ਨਹੀਂ ਹੈ ਜੋ ਕਪਿਲ ਮਿਸ਼ਰਾ ਦੇ ਖਿਲਾਫ਼ ਦਿੱਲੀ ਪੁਲਿਸ ਨੇ ਦਰਜ ਕੀਤੀ ਹੋਵੇ

ਕਪਿਲ ਮਿਸ਼ਰਾ ਨੇ ਬੀਬੀਸੀ ਨੂੰ ਕੀ ਜਵਾਬ ਦਿੱਤਾ?

ਅਸੀਂ ਇਨ੍ਹਾਂ ਦੋਸ਼ਾਂ ਦੇ ਜਵਾਬ ਜਾਣਨ ਲਈ ਭਾਜਪਾ ਨੇਤਾ ਕਪਿਲ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਬੀਬੀਸੀ ਨੂੰ ਜਵਾਬ ਦਿੰਦੇ ਹੋਏ ਕਿਹਾ-''ਕੁਝ ਲੋਕਾਂ ਨੇ ਮੇਰੇ ਖਿਲਾਫ਼ ਸ਼ਿਕਾਇਤ ਦਰਜ ਕਰਾਈ ਹੈ, ਪਰ ਮੈਂ ਸਾਫ਼ ਕਰ ਦਿਆਂ ਕਿ ਇਹ ਐੱਫਆਈਆਰ ਨਹੀਂ ਹੈ, ਬਸ ਕੰਪਲੇਂਟ ਹੈ। ਆਪਣੀ ਮੁੱਢਲੀ ਜਾਂਚ ਵਿੱਚ ਦਿੱਲੀ ਪੁਲਿਸ ਨੇ ਦੇਖਿਆ ਹੈ ਕਿ ਇਹ ਸ਼ਿਕਾਇਤਾਂ ਝੂਠੀਆਂ ਅਤੇ ਆਧਾਰਹੀਣ ਹਨ।”

“ਪੁਲਿਸ ਕੋਰਟ ਵਿੱਚ ਇੱਕ ਹਲਫ਼ਨਾਮੇ ਵਿੱਚ ਆਪਣਾ ਜਵਾਬ ਦੇ ਚੁੱਕੀ ਹੈ, ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦੰਗਿਆਂ ਨੂੰ ਕਰਾਇਆ ਹੈ, ਉਹ ਆਏ ਦਿਨ ਫੜੇ ਜਾ ਰਹੇ ਹਨ। ਤਾਹਿਰ ਹੁਸੈਨ ਅਤੇ ਹੋਰ ਉਨ੍ਹਾਂ ਦੇ ਸਾਥੀ ਉਮਰ ਖ਼ਾਲਿਦ ਅਤੇ ਖ਼ਾਲਿਦ ਸੈਫ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ, ਹੁਣ ਇੱਕ ਲੌਬੀ ਦੋਸ਼ੀਆਂ ਤੋਂ ਧਿਆਨ ਭਟਕਾਉਣ ਲਈ ਮੈਨੂੰ ਟਾਰਗੇਟ ਕਰ ਰਹੀ ਹੈ, ਇਹ ਸ਼ਿਕਾਇਤਾਂ ਉਨ੍ਹਾਂ ਦਾ ਹੀ ਹਿੱਸਾ ਹਨ?''

ਪਰ ਜਦੋਂ ਅਸੀਂ ਇਹ ਪੁੱਛਿਆ ਕਿ ਕੀ ਉਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਬੁਲਾਇਆ ਗਿਆ ਹੈ ਕਦੇ ਪੁੱਛਗਿੱਛ ਲਈ ਤਾਂ ਇਸਦੇ ਜਵਾਬ ਵਿੱਚ ਉਨ੍ਹਾਂ ਨੇ ਹਾਂ ਕਿਹਾ, ਪਰ ਜਦੋਂ ਅਸੀਂ ਹੋਰ ਜਾਣਕਾਰੀ ਮੰਗੀ ਤਾਂ ਸਾਨੂੰ ਕੋਈ ਜਵਾਬ ਨਹੀਂ ਮਿਲਿਆ।

ਦਿੱਲੀ ਹਿੰਸਾ ਬਾਰੇ ਹੋਰ ਪੜ੍ਹੋ:

ਦੂਜੀ ਸ਼ਿਕਾਇਤ-''ਅੱਜ ਜ਼ਿੰਦਗੀ ਤੋਂ ਹੀ ਆਜ਼ਾਦੀ ਦੇ ਦੇਵਾਂਗੇ''

ਰਿਜ਼ਵੀ ਦੀ ਇਹ ਸ਼ਿਕਾਇਤ ਇਕੱਲੀ ਨਹੀਂ ਹੈ, ਚਾਂਦ ਬਾਗ ਦੀ ਰਹਿਣ ਵਾਲੀ ਰੁਬੀਨਾ ਬਾਨੋ ਦਾ ਕਹਿਣਾ ਹੈ ਕਿ ਆਪਣੀ ਸ਼ਿਕਾਇਤ ਦਰਜ ਕਰਨ ਜਦੋਂ ਉਹ ਥਾਣੇ ਗਈ ਤਾਂ ਉਸਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ, ਇਸਦੇ ਬਾਅਦ 18 ਮਾਰਚ ਨੂੰ ਉਨ੍ਹਾਂ ਨੂੰ ਮੁਸਤਫ਼ਾਬਾਦ ਦੀ ਈਦਗਾਹ 'ਤੇ ਲਗਾਏ ਗਏ ਦਿੱਲੀ ਪੁਲਿਸ ਦੇ ਸ਼ਿਕਾਇਤ ਕੇਂਦਰ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਾਈ। ਮੁਸਤਫ਼ਾਬਾਦ ਵਿੱਚ ਈਦਗਾਹ ਨੂੰ ਦੰਗਾ ਪੀੜਤਾਂ ਲਈ ਇੱਕ ਕੈਂਪ ਵਿੱਚ ਤਬਦੀਲ ਕੀਤਾ ਗਿਆ ਸੀ।

ਅੱਜ ਤੱਕ ਇਸ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਐੱਫਆਈਆਰ ਦਰਜ ਨਹੀਂ ਕੀਤੀ ਹੈ, ਇਸ ਕੰਪਲੇਂਟ ਨੂੰ 19 ਮਾਰਚ ਨੂੰ ਦਿਆਲਪੁਰ ਥਾਣੇ ਵਿੱਚ ਰਿਸੀਵ ਕੀਤਾ ਗਿਆ ਹੈ।

ਰੁਬੀਨਾ ਦਾ ਇਲਜ਼ਾਮ ਹੈ ਕਿ ਉਸ ਅਤੇ ਉਸਦੇ ਪਰਿਵਾਰ ਨੂੰ ਆਪਣੀ ਸ਼ਿਕਾਇਤ ਵਿੱਚ ਲਏ ਗਏ ਨਾਮਾਂ ਕਾਰਨ ਡਰਾਇਆ-ਧਮਕਾਇਆ ਜਾ ਰਿਹਾ ਹੈ, ਨਾਲ ਹੀ ਉਸਨੂੰ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ।

ਤਸਵੀਰ ਸਰੋਤ, KIRTI DUBEY/ BBC

ਤਸਵੀਰ ਕੈਪਸ਼ਨ,

ਰੁਬੀਨਾ ਬਾਨੋ ਦੀ ਸ਼ਿਕਾਇਅਤ ਦੇ ਅੰਸ਼

ਚਾਂਦ ਬਾਗ ਦੀ ਰਹਿਣ ਵਾਲੀ ਰੁਬੀਨਾ ਬਾਨੋ ਨੇ 18 ਮਾਰਚ ਨੂੰ ਲਿਖੀ ਗਈ ਸ਼ਿਕਾਇਤ ਵਿੱਚ ਕਿਹਾ ਹੈ, ''24 ਫਰਵਰੀ 2020, ਸੋਮਵਾਰ ਨੂੰ ਸਵੇਰੇ 11 ਵਜੇ ਮੈਂ ਧਰਨਾ ਸਥਾਨ 'ਤੇ ਪਹੁੰਚੀ ਤਾਂ ਉੱਥੇ ਸਾਰੇ ਪੁਲਿਸ ਵਾਲੇ ਅਤੇ ਮਿਲਟਰੀ ਦੇ ਕੱਪੜਿਆਂ ਵਿੱਚ ਕਾਫ਼ੀ ਸਾਰੇ ਪੁਲਿਸ ਵਾਲੇ ਮੌਜੂਦ ਸਨ।”

“ਏਸੀਪੀ ਅਨੁਜ ਸ਼ਰਮਾ,ਐੱਸਐੱਚਓ ਦਿਆਲਪੁਰ ਨਾਲ ਮਿਲ ਕੇ ਔਰਤਾਂ ਨਾਲ ਬਹਿਸ ਕਰ ਰਹੇ ਸਨ, ਅਪਸ਼ਬਦ ਕਹਿ ਰਹੇ ਸਨ ਅਤੇ ਇਹ ਵੀ ਕਹਿ ਰਹੇ ਸਨ ਕਿ ਅੱਜ ਤੁਹਾਨੂੰ ਜ਼ਿੰਦਗੀ ਤੋਂ ਹੀ ਆਜ਼ਾਦੀ ਦੇ ਦੇਵਾਂਗੇ।''

'ਮੈਂ ਐੱਸਪੀ ਅਨੁਜ ਕੁਮਾਰ ਤੋਂ ਪੁੱਛਿਆ ਕਿ ਅਸੀਂ ਤਾਂ ਚੁੱਪਚਾਪ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਤੁਸੀਂ ਸਾਨੂੰ ਕਿਉਂ ਉਲਟਾ ਸਿੱਧਾ ਬੋਲ ਰਹੇ ਹੋ ਤਾਂ ਉਹ ਬੋਲੇ ਕਪਿਲ ਮਿਸ਼ਰਾ ਅਤੇ ਉਸਦੇ ਲੋਕ ਅੱਜ ਤੁਹਾਨੂੰ ਇੱਥੇ ਹੀ ਤੁਹਾਡੀ ਜ਼ਿੰਦਗੀ ਤੋਂ ਆਜ਼ਾਦੀ ਦੇਣਗੇ”

“ਫਿਰ ਇੰਨੇ ਵਿੱਚ ਐੱਸਐੱਚਓ ਦਿਆਲਪੁਰ (ਤਲਕੇਸ਼ਵਰ) ਤੇਜ਼ੀ ਨਾਲ ਆਏ ਅਤੇ ਆ ਕੇ ਫੋਨ ਦਿੰਦੇ ਹੋਏ ਬੋਲੇ ਕਿ ਸਾਹਬ ਕਪਿਲ ਮਿਸ਼ਰਾ ਜੀ ਦਾ ਫੋਨ ਹੈ, ਉਨ੍ਹਾਂ ਨਾਲ ਗੱਲ ਕਰਦੇ ਹੋਏ ਏਸੀਪੀ ਜੀ-ਜੀ ਬੋਲ ਰਹੇ ਸਨ ਅਤੇ ਫਿਰ ਫੋਨ ਰੱਖਦੇ ਹੋਏ ਬੋਲੇ ਫਿਕਰ ਨਾ ਕਰੋ, ਲਾਸ਼ਾਂ ਵਿਛਾ ਦੇਵਾਂਗੇ, ਇਨ੍ਹਾਂ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ। ਇਸਦੇ ਬਾਅਦ ਪੁਲਿਸ ਵਾਲਿਆਂ ਨਾਲ ਹਮਲਾਵਰਾਂ ਨੇ ਔਰਤਾਂ 'ਤੇ ਹਮਲਾ ਸ਼ੁਰੂ ਕਰ ਦਿੱਤਾ।''

ਵੀਡੀਓ: ਮੁਸਲਮਾਨਾਂ ਨੇ ਮੰਦਰਾਂ ਦੀ ਰਾਖੀ ਕਿਵੇਂ ਕੀਤੀ?

ਸ਼ਿਕਾਇਤ ਮਿਲੀ ਪਰ FIR ਦਰਜ ਨਹੀਂ ਕੀਤੀ-ਪੁਲਿਸ ਮੁਲਾਜ਼ਮ

ਬੀਬੀਸੀ ਨੇ ਦਿਆਲਪੁਰ ਥਾਣੇ ਵਿੱਚ ਤਾਇਨਾਤ ਇੱਕ ਪੁਲਿਸ ਵਾਲੇ ਨਾਲ ਮੁਲਾਕਾਤ ਕੀਤੀ। ਨਾਂ ਨਾ ਛਾਪਣ ਦੀ ਸ਼ਰਤ 'ਤੇ ਉਸਨੇ ਕਿਹਾ, ''ਇਸ ਮਾਮਲੇ ਵਿੱਚ ਐੱਫਆਈਆਰ ਨਹੀਂ ਹੋਈ ਹੈ, ਜਦੋਂ 144 ਲੱਗੀ ਸੀ ਤਾਂ ਉਸ ਔਰਤ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਸੀ, ਜੇਕਰ ਉਸਨੂੰ ਸੱਟ ਲੱਗੀ ਤਾਂ ਉਸਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ, ਅਸੀਂ ਉਸ ਔਰਤ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਾਂ।''

ਬੀਬੀਸੀ ਨੇ ਇਹ ਪੁੱਛਿਆ ਕਿ ਜਿਵੇਂ ਕਿ ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਏ ਹਨ, ਉਹ ਕੌਗਨੀਜ਼ੇਬਲ ਅਪਰਾਧ ਹਨ, ਅਜਿਹੇ ਵਿੱਚ ਦੰਡ ਸੰਹਿਤਾ ਮੁਤਾਬਿਕ ਐੱਫਆਈਆਰ ਤਾਂ ਦਰਜ ਹੋਣੀ ਚਾਹੀਦੀ ਹੈ, ਇਸ 'ਤੇ ਪੁਲਿਸ ਮੁਲਾਜ਼ਮ ਨੇ ਕਿਹਾ, ''ਹਾਂ ਐੱਫਆਈਆਰ 60 ਇਸੀ ਘਟਨਾ ਦੀ ਹੈ।''

ਜਦੋਂ ਬੀਬੀਸੀ ਨੇ ਇਹ ਦੱਸਿਆ ਕਿ ਐੱਫਆਈਆਰ 60 ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਸ਼ਰਮਾ ਦੀ ਹੱਤਿਆ ਨਾਲ ਜੁੜੀ ਐੱਫਆਈਆਰ ਹੈ ਅਤੇ ਕੀ ਇਸ ਵਿੱਚ ਸ਼ਿਕਾਇਤਕਰਤਾ ਰੁਬੀਨਾ ਬਾਨੋ ਵੱਲੋਂ ਕਪਿਲ ਮਿਸ਼ਰਾ ਅਤੇ ਏਸੀਪੀ 'ਤੇ ਲਗਾਏ ਗਏ ਇਲਜ਼ਾਮਾਂ ਦੀ ਜਾਂਚ ਹੋਈ ਹੈ?

ਦਿੱਲੀ ਹਿੰਸਾ ਬਾਰੇ ਇਹ ਵੀ ਪੜ੍ਹੋ:

ਇਸ ਸਵਾਲ 'ਤੇ ਪੁਲਿਸ ਮੁਲਾਜ਼ਮ ਕੁਝ ਸਕਿੰਟ ਚੁੱਪ ਰਹੇ, ਫਿਰ ਬੋਲੇ ਤੁਸੀਂ ਦੇਖੀ ਉਹ ਵੀਡਿਓ ਜਿਸ ਵਿੱਚ ਰਤਨ ਲਾਲ ਸ਼ਰਮਾ 'ਤੇ ਹਮਲਾ ਹੋਇਆ? ਅਸੀਂ ਉਹ ਐੱਫਆਈਆਰ ਕੀਤੀ ਹੈ, ਚਾਰਟਸ਼ੀਟ ਵੀ ਫਾਈਲ ਕੀਤੀ ਗਈ ਹੈ।

ਬੀਬੀਸੀ ਨੇ ਐੱਫਆਈਆਰ 60 ਦੀ ਚਾਰਟਸ਼ੀਟ ਪੜ੍ਹੀ ਹੈ ਅਤੇ ਇਸ ਵਿੱਚ ਯੋਗੇਂਦਰ ਯਾਦਵ, ਸ਼ਾਹੀਨ ਬਾਗ ਵਿੱਚ ਲੰਗਰ ਲਗਾਉਣ ਵਾਲੇ ਡੀ. ਐੱਚ. ਬਿੰਦਰਾ ਸਮੇਤ ਕਈ ਜਾਣੇ-ਪਛਾਣੇ ਬੁੱਧੀਜੀਵੀਆਂ ਦਾ ਨਾਂ ਲਿਆ ਗਿਆ ਹੈ, ਪਰ ਕਿਧਰੇ ਵੀ ਸ਼ਿਕਾਇਤਕਰਤਾ ਰੁਬੀਨਾ ਬਾਨੋ ਦਾ ਨਾਂ ਜਾਂ ਕਪਿਲ ਮਿਸ਼ਰਾ ਦਾ ਨਾਂ ਜਾਂ ਫਿਰ ਏਸੀਪੀ ਅਨੁਜ ਕੁਮਾਰ ਦੇ ਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਹੈ।

ਬੀਬੀਸੀ ਨੇ ਪੁਲਿਸ ਵਾਲੇ ਤੋਂ ਇੱਕ ਵਾਰ ਫਿਰ ਪੁੱਛਿਆ ਕਿ ਕੀ ਰੁਬੀਨਾ ਬਾਨੋ ਦੀ ਸ਼ਿਕਾਇਤ 'ਤੇ ਕੋਈ ਐੱਫਆਈਆਰ ਹੋਈ ਹੈ ਤਾਂ ਇਸ ਵਾਰ ਪੁਲਿਸ ਵਾਲੇ ਨੇ ਦੱਸਿਆ, “ਸ਼ਿਕਾਇਤ ਸਾਨੂੰ ਮਿਲੀ ਹੈ, ਅਸੀਂ ਐੱਫਆਈਆਰ ਨਹੀਂ ਕੀਤੀ।”

ਤਸਵੀਰ ਸਰੋਤ, GETTY IMAGES/HINDUSTAN TIMES

ਤਸਵੀਰ ਕੈਪਸ਼ਨ,

ਐੱਫਆਈਆਰ 60 ਦੀ ਚਾਰਟਸ਼ੀਟ ਵਿੱਚ ਯੋਗੇਂਦਰ ਯਾਦਵ, ਡੀ. ਐੱਚ. ਬਿੰਦਰਾ ਸਮੇਤ ਕਈ ਜਾਣੇ-ਪਛਾਣੇ ਬੁੱਧੀਜੀਵੀਆਂ ਦਾ ਨਾਂਅ ਹੈ, ਪਰ ਕਿਧਰੇ ਵੀ ਕਪਿਲ ਮਿਸ਼ਰਾ ਦਾ ਨਾਂ ਜਾਂ ਫਿਰ ਏਸੀਪੀ ਅਨੁਜ ਕੁਮਾਰ ਦੇ ਨਾਂ ਦਾ ਜ਼ਿਕਰ ਨਹੀਂ ਹੈ

ਮੈਨੂੰ-ਮੇਰੇ ਪਰਿਵਾਰ ਨੂੰ ਡਰਾਇਆ-ਧਮਕਾਇਆ ਜਾ ਰਿਹਾ-ਰੁਬੀਨਾ

ਸਾਲ 2013 ਵਿੱਚ ਸੁਪਰੀਮ ਕੋਰਟ ਨੇ ਲਲਿਤਾ ਕੁਮਾਰੀ ਬਨਾਮ ਯੂਪੀ ਸਰਕਾਰ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਇਹ ਸਾਫ਼-ਸਾਫ਼ ਕਿਹਾ ਸੀ ਕਿ ਜੇਕਰ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਪਹਿਲੀ ਨਜ਼ਰ ਕੌਗਨੀਜ਼ੇਬਲ ਅਪਰਾਧ (ਗੰਭੀਰ ਅਜਿਹੇ ਅਪਰਾਧ ਜਿਸ ਵਿੱਚ ਪੁਲਿਸ ਬਿਨਾਂ ਵਾਰੰਟ ਗ੍ਰਿਫ਼ਤਾਰੀ ਕਰ ਸਕੇ) ਹਨ ਤਾਂ ਪੁਲਿਸ ਅਧਿਕਾਰੀ ਨੂੰ ਐੱਫਆਈਆਰ ਦਰਜ ਕਰਨੀ ਹੀ ਹੋਵੇਗੀ।

ਰੁਬੀਨਾ ਬਾਨੋ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਹੈ, “ਐੱਸਐੱਚਓ ਸਾਹਬ ਕਹਿ ਰਹੇ ਸਨ ਕਿ ਬਿਨਾਂ ਨਾਂ ਦੇ ਕੰਪਲੇਂਟ ਕਰੋ, ਇਹ ਅਸੀਂ ਨਹੀਂ ਲਵਾਂਗੇ ਅਤੇ ਉਲਟਾ ਮੈਨੂੰ ਕੇਸ ਵਿੱਚ ਫਸਾਉਣ ਦੀ ਧਮਕੀ ਦੇਣ ਲੱਗੇ।''

ਵੀਡੀਓ: ਇਨ੍ਹਾਂ ਸਿੱਖ ਪਿਓ-ਪੁੱਤਰਾਂ ਨੇ ਇੰਝ ਬਚਾਈਆਂ ਜਾਨਾਂ

ਇਸ ਮਾਮਲੇ ਵਿੱਚ ਰੁਬੀਨਾ ਬਾਨੋ ਨੇ ਦਿੱਲੀ ਹਾਈ ਕੋਰਟ ਵਿੱਚ ਮੈਂਡੇਮਸ ਰਿੱਟ ਯਾਨੀ ਪਰਮਾਦੇਸ਼ ਦੀ ਪਟੀਸ਼ਨ ਦਾਇਰ ਕੀਤੀ ਹੈ। ਪਰਮਾਦੇਸ਼ ਰਿੱਟ ਪਟੀਸ਼ਨ ਤਹਿਤ ਜੇਕਰ ਕੋਈ ਲੋਕ ਅਧਿਕਾਰੀ ਆਪਣੀ ਡਿਊਟੀ ਦੇ ਨਿਰਵਾਹ ਤੋਂ ਇਨਕਾਰ ਕਰੇ ਤਾਂ ਇਸ ਰਿੱਟ ਤਹਿਤ ਕਿਸੀ ਲੋਕ ਪਦ ਦੇ ਅਧਿਕਾਰੀ, ਅਧੀਨ ਅਦਾਲਤ ਜਾਂ ਨਿਗਮ ਦੇ ਅਧਿਕਾਰੀ ਨੂੰ ਹਾਈ ਕੋਰਟ ਇਹ ਆਦੇਸ਼ ਦੇ ਸਕਦਾ ਹੈ ਕਿ ਉਹ ਉਸ ਨੂੰ ਸੌਂਪੀ ਗਈ ਡਿਊਟੀ ਦਾ ਪਾਲਣ ਯਕੀਨੀ ਕਰਨ।

ਰੁਬੀਨਾ ਨੇ ਆਪਣੀ ਰਿੱਟ ਪਟੀਸ਼ਨ ਵਿੱਚ ਲਿਖਿਆ ਹੈ ਕਿ ਉਨ੍ਹਾਂ 'ਤੇ ਮਾਰਚ ਤੋਂ ਲੈ ਕੇ ਜੁਲਾਈ ਤੱਕ ਸਥਾਨਕ ਪੁਲਿਸ ਨੇ ਡਰਾ ਕੇ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੰਦੇ ਹੋਏ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ।

ਰੁਬੀਨਾ ਮੁਤਾਬਿਕ 25 ਜੁਲਾਈ ਨੂੰ ਉਸਦੇ ਪਤੀ ਨੂੰ ਇੱਕ ਸ਼ਖ਼ਸ ਨੇ ਬੰਧਕ ਬਣਾਇਆ ਅਤੇ ਉਨ੍ਹਾਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਰੁਬੀਨਾ ਨੇ ਸ਼ਿਕਾਇਤ ਵਾਪਸ ਨਹੀਂ ਲਈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਨਤੀਜਾ ਭੁਗਤਣਾ ਹੋਵੇਗਾ।

ਤਸਵੀਰ ਸਰੋਤ, GETTY IMAGES/HINDUSTAN TIMES

ਕਪਿਲ ਮਿਸ਼ਰਾ ਖਿਲਾਫ਼ ਕੋਈ ਸਬੂਤ ਨਹੀਂ-ਦਿੱਲੀ ਪੁਲਿਸ

13 ਜੁਲਾਈ ਨੂੰ ਦਿੱਲੀ ਪੁਲਿਸ ਨੇ ਨੇਤਾਵਾਂ ਖਿਲਾਫ਼ ਐੱਫਆਈਆਰ ਨਾਲ ਜੁੜੀਆਂ ਪਟੀਸ਼ਨਾਂ 'ਤੇ ਇੱਕ ਹਲਫ਼ਨਾਮਾ ਦਿੰਦੇ ਹੋਏ ਕਿਹਾ ਸੀ, ''ਹੁਣ ਤੱਕ ਉਨ੍ਹਾਂ ਨੂੰ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ ਜਿਨ੍ਹਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕੇ ਕਿ ਨੇਤਾਵਾਂ ਨੇ ਕਿਸੇ ਵੀ ਤਰ੍ਹਾਂ ਲੋਕਾਂ ਨੂੰ 'ਭੜਕਾਇਆ ਹੋਵੇ ਜਾਂ ਦਿੱਲੀ ਵਿੱਚ ਦੰਗੇ ਕਰਨ ਲਈ ਉਕਸਾਇਆ ਹੋਵੇ।''

''ਜੇਕਰ ਕੋਈ ਅਜਿਹਾ ਸਬੂਤ ਮਿਲਦਾ ਹੈ ਜਿਸ ਵਿੱਚ ਕਥਿਤ ਇਤਰਾਜ਼ਯੋਗ ਭਾਸ਼ਣ ਦਾ ਅਪਰਾਧ ਨਾਲ ਕੋਈ ਲਿੰਕ ਸਾਹਮਣੇ ਆਏ ਤਾਂ ਉਚਿਤ ਐੱਫਆਈਆਰ ਦਰਜ ਕੀਤੀ ਜਾਵੇਗੀ।''

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 23 ਫਰਵਰੀ ਅਤੇ 24 ਫਰਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਪਿਲ ਮਿਸ਼ਰਾ ਦੇ ਨਾਂ ਵਾਲੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਹੈ। ਇਹ ਤੱਥ ਹੈ ਕਿ 23 ਫਰਵਰੀ ਨੂੰ ਕਪਿਲ ਮਿਸ਼ਰਾ ਦੇ ਭਾਸ਼ਣ ਦੇਣ ਦੇ ਬਾਅਦ ਸ਼ਾਮ ਨੂੰ ਪਹਿਲੀ ਹਿੰਸਾ ਦੀ ਖ਼ਬਰ ਸਾਹਮਣੇ ਆਈ।

FIR 'ਤੇ ਤੁਸ਼ਾਰ ਮਹਿਤਾ ਦੇ ਤਰਕ ਅਤੇ ਜਸਟਿਸ ਮੁਰਲੀਧਰ ਦੀ ਫਟਕਾਰ

26 ਫਰਵਰੀ, ਹਰਸ਼ ਮੰਦਰ ਅਤੇ ਫਰਾਹ ਨਕਵੀ ਦੀ ਇੱਕ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਦੇ ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਤਲਵੰਤ ਸਿੰਘ ਨੇ ਸੁਣਵਾਈ ਸ਼ੁਰੂ ਕੀਤੀ।

ਇਹ ਪਟੀਸ਼ਨ ਇਤਰਾਜ਼ਯੋਗ ਬਿਆਨ ਦੇਣ ਵਾਲੇ ਭਾਜਪਾ ਦੇ ਤਿੰਨ ਨੇਤਾਵਾਂ-ਕਪਿਲ ਮਿਸ਼ਰਾ, ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਤੁਰੰਤ ਗ੍ਰਿਫ਼ਤਾਰ ਨੂੰ ਲੈ ਕੇ ਸੀ।

ਇਸਦੀ ਸੁਣਵਾਈ ਚੀਫ ਜਸਟਿਸ ਨੂੰ ਕਰਨੀ ਸੀ ਕਿਉਂਕਿ ਇਸ ਮਾਮਲੇ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ ਗਈ ਸੀ, ਅਜਿਹੇ ਵਿੱਚ ਇਹ ਮਾਮਲਾ ਜਸਟਿਸ ਮੁਰਲੀਧਰ ਕੋਲ ਆਇਆ।

ਸੌਲਿਸਿਟਰ ਜਨਰਲ ਨੇ ਕੋਰਟ ਨੂੰ ਦੱਸਿਆ ਕਿ ਦਿੱਲੀ ਦੇ ਉਪ ਰਾਜਪਾਲ ਨੇ ਦਿੱਲੀ ਪੁਲਿਸ ਦੇ ਵਕੀਲ ਦੇ ਤੌਰ 'ਤੇ ਉਨ੍ਹਾਂ ਨੂੰ ਚੁਣਿਆ ਹੈ। ਹਾਲਾਂਕਿ ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਸੀ ਕਿਉਂਕਿ ਨਿਯਮਾਂ ਮੁਤਾਬਿਕ ਇਹ ਫੈਸਲਾ ਮੰਤਰੀਆਂ ਦੀ ਕੌਂਸਲ ਮਿਲ ਕੇ ਕਰਦੀ ਹੈ।

ਨਾ ਹੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਕੋਈ ਪਾਰਟੀ ਨਹੀਂ ਸੀ, ਅਜਿਹੇ ਵਿੱਚ ਐੱਸਜੀ ਦੇ ਕੇਸ ਵਿੱਚ ਸ਼ਾਮਲ ਹੋਣ 'ਤੇ ਸਵਾਲ ਚੁੱਕੇ ਗਏ।

ਤਸਵੀਰ ਸਰੋਤ, GETTY IMAGES/HINDUSTAN TIMES

ਤਸਵੀਰ ਕੈਪਸ਼ਨ,

ਇਹ ਤੱਥ ਹੈ ਕਿ 23 ਫਰਵਰੀ ਨੂੰ ਕਪਿਲ ਮਿਸ਼ਰਾ ਦੇ ਭਾਸ਼ਣ ਦੇਣ ਦੇ ਬਾਅਦ ਸ਼ਾਮ ਨੂੰ ਪਹਿਲੀ ਹਿੰਸਾ ਦੀ ਖ਼ਬਰ ਸਾਹਮਣੇ ਆਈ।

ਤੁਸ਼ਾਰ ਮਹਿਤਾ ਨੇ ਕੋਰਟ ਨੂੰ ਕਿਹਾ, ''ਭਾਜਪਾ ਨੇਤਾਵਾਂ ਦੀ ਕÎਥਿਤ ਹੇਟ ਸਪੀਚ ਨੂੰ ਲੈ ਕੇ ਗ੍ਰਿਫ਼ਤਾਰੀ ਕਰਨਾ ਅਜੇ ਜ਼ਰੂਰੀ ਨਹੀਂ ਹੈ, ਇਸ ਲਈ ਕੱਲ੍ਹ ਚੀਫ ਜਸਟਿਸ ਦਾ ਇੰਤਜ਼ਾਰ ਕੀਤਾ ਜਾ ਸਕਦਾ ਸੀ।''

ਇਸਦੇ ਜਵਾਬ ਵਿੱਚ ਜਸਟਿਸ ਮੁਰਲੀਧਰ ਨੇ ਤੁਸ਼ਾਰ ਮਹਿਤਾ ਨੂੰ ਪੁੱਛਿਆ ਸੀ, ''ਕੀ ਤੁਹਾਨੂੰ ਦੋਸ਼ੀਆਂ ਖਿਲਾਫ਼ ਐੱਫਆਈਆਰ ਦਰਜ ਹੋਣੀ ਜ਼ਰੂਰੀ ਮੁੱਦਾ ਨਹੀਂ ਲੱਗਦਾ? ਦਿੱਲੀ ਦੀ ਹਾਲਤ ਬੇਹੱਦ ਖਰਾਬ ਹੈ, ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਕੀ ਅਤਿ ਲਾਜ਼ਮੀ ਹੈ।''

“ਸੈਂਕੜੇ ਲੋਕਾਂ ਨੇ ਉਹ ਵੀਡਿਓ ਦੇਖੀ ਹੈ, ਕੀ ਤੁਹਾਨੂੰ ਹੁਣ ਵੀ ਇਹ ਮੁੱਦਾ ਬੇਹੱਦ ਜ਼ਰੂਰੀ ਨਹੀਂ ਲਗਦਾ?''

ਇਸ ਸਵਾਲ 'ਤੇ ਕੋਰਟ ਵਿੱਚ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੇ ਵੀਡਿਓ ਨਹੀਂ ਦੇਖੀ ਹੈ। ਜਸਟਿਸ ਮੁਰਲੀਧਰ ਨੇ ਇਹ ਸਵਾਲ ਕੋਰਟ ਵਿੱਚ ਮੌਜੂਦ ਪੁਲਿਸ ਅਧਿਕਾਰੀ ਨੂੰ ਪੁੱਛਿਆ ਜਿਸ 'ਤੇ ਅਧਿਕਾਰੀ ਨੇ ਕਿਹਾ ਕਿ ਉਸਨੇ ਕਪਿਲ ਮਿਸ਼ਰਾ ਦੀ ਵੀਡਿਓ ਨਹੀਂ ਦੇਖੀ ਹੈ।

ਜਸਟਿਸ ਨੇ ਇਸ ਜਵਾਬ 'ਤੇ ਕਿਹਾ, ''ਇਹ ਚਿੰਤਾ ਦੀ ਗੱਲ ਹੈ ਕਿ ਤੁਹਾਡੇ ਦਫ਼ਤਰ ਵਿੱਚ ਇੰਨੇ ਟੀਵੀ ਹੋਣ ਦੇ ਬਾਵਜੂਦ ਪੁਲਿਸ ਇਹ ਕਹਿ ਰਹੀ ਹੈ ਕਿ ਉਸਨੇ ਵੀਡਿਓ ਨਹੀਂ ਦੇਖੀ, ਦਿੱਲੀ ਪੁਲਿਸ ਦਾ ਇਹ ਰਵੱਈਆ ਹੈਰਾਨ ਕਰਨ ਵਾਲਾ ਹੈ।''

ਇਸਦੇ ਬਾਅਦ ਜਸਟਿਸ ਦੇ ਨਿਰਦੇਸ਼ 'ਤੇ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਦੇ ਭਾਸ਼ਣਾਂ ਦੀ ਕਲਿੱਪ ਕੋਰਟ ਵਿੱਚ ਸੁਣਾਈ ਗਈ।

ਸੌਲਿਸਟਰ ਜਨਰਲ ਮਹਿਤਾ ਨੇ ਕਿਹਾ ਕਿ ਐੱਫਆਈਆਰ ਰਜਿਸਟਰ ਕਰਨ ਦਾ ਇਹ ਉਚਿਤ ਸਮਾਂ ਨਹੀਂ ਹੈ।

ਵੀਡੀਓ: ਜਦੋਂ ਬੀਬੀਸੀ ਦੀ ਟੀਮ ਹਿੰਸਾ ਵਿੱਚ ਘਿਰ ਗਈ

ਇਸ ਗੱਲ 'ਤੇ ਜਸਟਿਸ ਮੁਰਲੀਧਰ ਨੇ ਪੁੱਛਿਆ, ''ਉਚਿਤ ਸਮਾਂ ਕਿਹੜਾ ਹੋਵੇਗਾ, ਇਹ ਸ਼ਹਿਰ ਜਲ ਰਿਹਾ ਹੈ?''

ਇਸਦਾ ਜਵਾਬ ਦਿੰਦੇ ਹੋਏ ਸੌਲਿਸਟਰ ਜਨਰਲ ਨੇ ਕਿਹਾ, ''ਸਥਿਤੀ ਅਨੁਕੂਲ ਹੋਣ 'ਤੇ ਐੱਫਆਈਆਰ ਦਰਜ ਕੀਤੀ ਜਾਵੇਗੀ।”

ਇਸਦੇ ਬਾਅਦ ਜਸਟਿਸ ਮੁਰਲੀਧਰ ਦੀ ਕੋਰਟ ਨੇ ਕਿਹਾ, ''ਦਿੱਲੀ ਪੁਲਿਸ ਐੱਫਆਈਆਰ ਦਰਜ ਕਰਨ ਨੂੰ ਲੈ ਕੇ 'ਕਾਨਸ਼ੀਅਸ ਡਿਸੀਜ਼ਨ' ਲਵੇ।

ਇਸਦੇ ਬਾਅਦ ਦੇਰ ਰਾਤ ਕੇਂਦਰ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਅਤੇ ਜਸਟਿਸ ਮੁਰਲੀਧਰ ਦੀ ਟਰਾਂਸਫਰ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਕਰ ਦਿੱਤੀ ਗਈ।

ਅਗਲੇ ਦਿਨ ਇਸ ਪਟੀਸ਼ਨ ਦੀ ਸੁਣਵਾਈ ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਡੀ.ਐੱਨ. ਪਟੇਲ ਦੀ ਕੋਰਟ ਵਿੱਚ ਕੀਤੀ ਗਈ ਅਤੇ ਜਿਵੇਂ ਕਿ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਦਾ ਕਹਿਣਾ ਸੀ ਕਿ ਇਸ ਮਾਮਲੇ ਨੂੰ ਆਤਿ ਲਾਜ਼ਮੀ ਮੁੱਦੇ ਦੀ ਤਰ੍ਹਾਂ ਤਰਜੀਹ ਨਾ ਦਿੱਤੀ ਜਾਵੇ, ਕੋਰਟ ਨੇ ਇਸੀ ਪੱਖ ਵਿੱਚ ਗੱਲਾਂ ਕਹੀਆਂ।

ਤਸਵੀਰ ਸਰੋਤ, GETTY IMAGES/HINDUSTAN TIMES

ਤਸਵੀਰ ਕੈਪਸ਼ਨ,

ਦਿੱਲੀ ਪੁਲਿਸ ਕਮਿਸ਼ਨਰ ਐੱਸ.ਐੱਨ ਸ਼੍ਰੀਵਾਸਤਵ

ਦਿੱਲੀ ਪੁਲਿਸ ਦੇ ਅੰਕੜੇ ਅਤੇ ਨਿਰਪੱਖਤਾ ਦੇ ਦਾਅਵਿਆਂ ਵਿਚਕਾਰ ਵਿਰੋਧਾਭਾਸ

ਸਾਬਕਾ ਆਈਪੀਐੱਸ ਅਧਿਕਾਰੀ ਜੂਲਿਓ ਫਰਾਂਸਿਸ ਰਿਬੈਰੋ ਨੇ ਚਿੱਠੀ ਲਿਖ ਕੇ ਦਿੱਲੀ ਪੁਲਿਸ ਦੀ ਜਾਂਚ 'ਤੇ ਸਵਾਲ ਉਠਾਏ। ਉਨ੍ਹਾਂ ਨੇ ਕਿਹਾ, ''ਸਾਡੀ ਜਾਂਚ ਤੱਥਾਂ ਅਤੇ ਸਬੂਤਾਂ 'ਤੇ ਆਧਾਰਿਤ ਹੁੰਦੀ ਹੈ, ਇਹ ਇਸ ਨਾਲ ਪ੍ਰਭਾਵਿਤ ਨਹੀਂ ਹੁੰਦੀ ਕਿ ਜਾਂਚ ਦੇ ਦਾਇਰੇ ਵਿੱਚ ਆਇਆ ਸ਼ਖ਼ਸ ਕਿੰਨਾ ਨਾਮੀ ਹੈ ਜਾਂ ਕਿੰਨੀ ਵੱਡੀ ਸ਼ਖ਼ਸੀਅਤ ਵਾਲਾ ਹੈ।''

ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸ. ਐੱਨ. ਸ਼੍ਰੀਵਾਸਤਵ ਨੇ ਰਿਬੈਰੋ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਕੁਝ ਅੰਕੜੇ ਪੇਸ਼ ਕੀਤੇ ਜਿਸ ਮੁਤਾਬਿਕ ਦਿੱਲੀ ਦੰਗਿਆਂ ਵਿੱਚ 410 ਐੱਫਆਈਆਰ ਮੁਸਲਿਮਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਦਰਜ ਕੀਤੀਆਂ ਗਈਆਂ ਹਨ ਅਤੇ 190 ਹਿੰਦੂ ਸ਼ਿਕਾਇਤ ਕਰਤਿਆਂ ਦੇ ਕਹਿਣ 'ਤੇ ਦਰਜ ਕੀਤੀਆਂ ਗਈਆਂ ਹਨ।

ਇਸਤੋਂ ਪਹਿਲਾਂ 13 ਸਤੰਬਰ ਨੂੰ ਦਿੱਲੀ ਪੁਲਿਸ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਸੀ ਅਤੇ ਇੱਥੇ ਵੀ ਕੁਝ ਅੰਕੜੇ ਦੱਸੇ ਗਏ ਸਨ ਕਿ ਕੁੱਲ 751 ਐੱਫਆਈਆਰ ਵਿੱਚੋਂ 250 ਐੱਫਆਈਆਰ ਵਿੱਚ ਚਾਰਜਸ਼ੀਟ ਫਾਇਲ ਕੀਤੀ ਗਈ ਹੈ ਅਤੇ 1153 ਲੋਕ ਮੁਲਜ਼ਮ ਬਣਾਏ ਗਏ ਹਨ ਜਿਨ੍ਹਾਂ ਵਿੱਚ 571 ਹਿੰਦੂ ਅਤੇ 582 ਮੁਸਲਿਮ ਹਨ।

ਯਾਨੀ ਹਿੰਦੂਆਂ ਦੀ ਐੱਫਆਈਆਰ ਦੀ ਸੰਖਿਆ 190 ਹੈ ਜਿਵੇਂ ਕਿ ਇਹ ਇੱਕ ਫਿਰਕੂ ਹਿੰਸਾ ਦਾ ਮਾਮਲਾ ਸੀ ਤਾਂ ਅਜਿਹੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਹਿੰਦੂਆਂ ਨੇ ਆਪਣੀ ਐੱਫਆਈਆਰ ਵਿੱਚ ਮੁਸਲਮਾਨਾਂ 'ਤੇ ਇਲਜ਼ਾਮ ਲਗਾਇਆ ਹੋਵੇਗਾ।

ਯਾਨੀ 190 ਐੱਫਆਈਆਰ ਦੇ ਆਧਾਰ 'ਤੇ 582 ਮੁਸਲਮਾਨਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਅਤੇ ਮੁਸਲਿਮ ਸਮੁਦਾਏ ਦੀਆਂ 410 ਸ਼ਿਕਾਇਤਾਂ 'ਤੇ ਆਧਾਰਿਤ 410 ਐੱਫਆਈਆਰ 'ਤੇ 571 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

13 ਜੁਲਾਈ ਨੂੰ ਹਾਈਕੋਰਟ ਵਿੱਚ ਦਾਇਰ ਦਿੱਲੀ ਪੁਲਿਸ ਦੇ ਹਲਫ਼ਨਾਮੇ ਮੁਤਾਬਿਕ ਮਾਰੇ ਗਏ ਲੋਕਾਂ ਵਿੱਚੋਂ 40 ਮੁਸਲਮਾਨ ਅਤੇ 13 ਹਿੰਦੂ ਸਨ।

ਯਾਨੀ ਦਿੱਲੀ ਪੁਲਿਸ ਦੇ ਇਹ ਅੰਕੜੇ ਕਹਿ ਰਹੇ ਹਨ ਕਿ ਮਰਨ ਵਾਲਿਆਂ ਦੀ ਗਿਣਤੀ ਵੀ ਮੁਸਲਮਾਨਾਂ ਦੀ ਜ਼ਿਆਦਾ ਹੈ ਅਤੇ ਅਨੁਮਾਨਤ ਸੰਖਿਆ ਵਿੱਚ ਘੱਟ ਐੱਫਆਈਆਰ ਹੋਣ 'ਤੇ ਵੀ ਮੁਲਜ਼ਮ ਮੁਸਲਿਮ ਭਾਈਚਾਰੇ ਦੇ ਹੀ ਜ਼ਿਆਦਾ ਹਨ। ਯਾਨੀ ਜੇਕਰ ਇਹ ਸਾਰੇ ਅੰਕੜੇ ਅਤੇ ਤੱਥ ਮੰਨੇ ਜਾਣ ਤਾਂ ਦਿੱਲੀ ਹਿੰਸਾ ਵਿੱਚ ਮੁਸਲਮਾਨਾਂ ਨੇ ਆਪਣੇ ਧਰਮ ਦੇ ਲੋਕਾਂ ਨੂੰ ਹਿੰਸਾ ਵਿੱਚ ਮਾਰਿਆ ਹੈ?

ਇਹ ਸਵਾਲ ਜਦੋਂ ਮੈਂ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਤੋਂ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ, ''ਤੁਸੀਂ ਕੋਰਟ ਵਿੱਚ ਜਾਓ ਅਤੇ ਕਾਨੂੰਨ ਤਹਿਤ ਅਸੀਂ ਉੱਥੇ ਜਵਾਬ ਦੇਵਾਂਗੇ।''

ਇਹ ਵੀ ਪੜ੍ਹੋ:

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

ਵੀਡੀਓ: ਜਦੋਂ ਖੇਤੀ ਬਿਲਾਂ 'ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)