ਖੇਤੀਬਾੜੀ ਬਿੱਲ: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਤੇ ਬਾਦਲਾਂ ਦੀਆਂ ਟਿਪਣੀਆਂ - ਅਹਿਮ ਖ਼ਬਰਾਂ

ਖੇਤੀ ਬਿੱਲ

ਤਸਵੀਰ ਸਰੋਤ, Sukhbir Badal/FB

ਪੰਜਾਬ ਵਿੱਚ ਜਿੱਥੇ ਕਿਸਾਨਾਂ ਵੱਲੋਂ ਵੱਖ-ਵੱਖ ਥਾਂਵਾਂ ਉੱਤੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਸੂਬੇ ਦੇ ਖਜ਼ਾਨਾ ਮੰਤਰੀ ਪੂਰੇ ਸੂਬੇ ਵਿੱਚ ਏਪੀਐੱਮਸੀ ਐੇਕਟ ਲਾਗੂ ਕਰਨ ਦੀ ਗੱਲ ਕਹਿ ਰਹੇ ਹਨ।

1.ਸੁਖਬੀਰ ਤੇ ਹਰਸਿਮਰਤ ਬਾਦਲ ਤਲਵੰਡੀ ਸਾਬੋ ਪਹੁੰਚੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਦਮਦਮਾ ਸਾਹਿਬ, ਤਲਵੰਡੀ ਸਾਬੋ ਨਤਮਸਤਕ ਹੋਣ ਲਈ ਪਹੁੰਚੇ।

ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਨੇ ਕਿਹਾ, "ਅੱਜ ਪੰਜਾਬ ਦੇ ਕਿਸਾਨ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਇਸ ਦੀ ਨੀਂਹ ਕੈਪਟਨ ਅਮਰਿੰਦਰ ਵੱਲੋਂ ਰੱਖੀ ਗਈ ਸੀ।"

"ਸਵਾ ਸਾਲ ਤੱਕ ਉਨ੍ਹਾਂ ਨੇ ਇਸ ਗੱਲ ਦੀ ਭਾਫ਼ ਨਹੀਂ ਕੱਢੀ, ਵਿਰੋਧ ਨਹੀਂ ਕੀਤਾ... ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਕੈਪਟਨ ਖ਼ੁਦ ਆ ਕੇ ਇਹ ਤਿੰਨੇ ਚੀਜ਼ਾਂ ਪੰਜਾਬ ਵਿੱਚ ਲਾਗੂ ਕਰਨਗੇ।"

ਇਹ ਵੀ ਪੜ੍ਹੋ:

"ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਕੇਂਦਰ ਦੀ ਸਰਕਾਰ ਨੂੰ ਉਹ ਆਪਣੀ ਮਨਜ਼ੂਰੀ ਦੇ ਕੇ ਆਏ ਸਨ ਤੇ ਅੱਜ ਡਰਾਮੇ ਕੌਣ ਕਰ ਰਿਹਾ ਹੈ।"

ਉਨ੍ਹਾਂ ਨੇ ਕਿਹਾ, "ਅਸੀਂ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ, ਜਦੋਂ ਤੱਕ ਕਿਸਾਨ ਨੂੰ ਇਨਸਾਫ਼ ਨਹੀਂ ਮਿਲਦਾ। ਅਜੇ ਤੱਕ ਤਾਂ ਹੱਥ ਜੋੜ ਰਹੇ ਸੀ ਹੁਣ ਲੜ ਕੇ ਦਿਖਾਵਾਂਗੇ ਤੇ ਇਨਸਾਫ਼ ਲੈ ਕੇ ਦਿਖਾਵਾਂਗੇ।"

ਇਸ ਦੌਰਾਨ ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਹੈ ਇਹ ਸਾਰੇ ਘਬਰਾਏ ਹੋਏ ਫਿਰਦੇ ਹਨ। ਇਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਕਿ ਕੀ ਕਹਿ ਰਹੇ ਹਨ ਤੇ ਕੀ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਹੁਣ ਕਹਿੰਦੇ ਨੇ ਅਕਾਲੀਆਂ ਨੇ ਯੂ-ਟਰਨ ਲੈ ਲਿਆ, ਜਾਖੜ ਸਾਬ੍ਹ ਅਕਾਲੀਆਂ ਕੋਲ ਤਾਂ ਬੈਕ ਗੇਅਰ ਹੈ ਹੀ ਨਹੀਂ।"

"ਐਕਟ ਜਦੋਂ ਕੈਬਨਿਟ 'ਚ ਲਿਆਂਦਾ ਤਾਂ ਪਹਿਲਾਂ ਵੀ ਨਹੀਂ ਦੱਸਿਆ ਕਿ ਕੈਬਨਿਟ 'ਚ ਲੈ ਕੇ ਆ ਰਹੇ ਹਨ, ਜਦੋਂ ਲਿਆ ਕੇ ਮੇਜ 'ਤੇ ਰੱਖਿਆ ਤਾਂ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀਆਂ ਨੂੰ ਕਿਹਾ ਕਿ ਇਹ ਤੁਸੀਂ ਕੈਬਨਿਟ 'ਚ ਨਾ ਪਾਸ ਕਰੋ, ਕਿਉਂਕਿ ਇਸ 'ਚ ਕਈ ਚੀਜ਼ਾਂ ਨੇ ਜੋ ਕਿਸਾਨਾਂ ਦੇ ਹੱਕ 'ਚ ਨਹੀਂ ਹਨ।"

"ਜਦੋਂ ਬਿੱਲ ਪਹਿਲੀ ਵਾਰ ਪਾਰਲੀਮੈਂਟ ਵਿੱਚ ਆਇਆ ਤਾਂ ਮੈਂ ਹੀ ਸੀ ਜਿਸ ਨੇ ਵਿਰੋਧ 'ਚ ਵੋਟ ਪਾਈ, ਸਾਰੇ ਕਾਂਗਰਸੀ ਅਤੇ ਭਗਵੰਤ ਵਾਕਆਊਟ ਕਰ ਗਏ ਸੀ।"

2. ਪੂਰੇ ਪੰਜਾਬ ਨੂੰ ਏਪੀਐੱਮਸੀ ਐਕਟ ਤਹਿਤ ਲਿਆਵਾਂਗੇ - ਮਨਪ੍ਰੀਤ ਬਾਦਲ

ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪੂਰੇ ਖਿੱਤੇ ਨੂੰ ਹੀ ਏਪੀਐੱਮਸੀ ਐਕਟ ਦੇ ਤਹਿਤ ਲਿਆਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੇਵਲ ਮੰਡੀਆਂ ਤੱਕ ਹੀ ਏਪੀਐੱਮਸੀ ਐਕਟ ਲਾਗੂ ਹੈ ਪਰ ਜੇ ਸੂਬਾ ਸਰਕਾਰ ਚਾਹੇ ਤਾਂ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰ ਸਕਦੀ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਇੱਕ ਦਿਨ ਸੈਸ਼ਨ ਵਿੱਚ ਇਨ੍ਹਾਂ ਆਰਡੀਨੈਂਸਾਂ ਖਿਲਾਫ਼ ਮਤੇ ਪਾਸ ਕੀਤੇ ਸਨ ਪਰ ਹੁਣ ਕੇਵਲ ਮਤੇ ਪਾਸ ਹੋਣ ਨਾਲ ਨਹੀਂ ਕੰਮ ਚੱਲਣਾ ਹੈ।

ਉਨ੍ਹਾਂ ਕਿਹਾ ਜਾਂ ਤਾਂ ਹੁਣ ਸੁਪਰੀਮ ਕੋਰਟ ਜ਼ਰੀਏ ਦਬਾਅ ਬਣਾਇਆ ਜਾਵੇਗਾ ਜਾਂ ਪੂਰੇ ਪੰਜਾਬ ਵਿੱਚ ਹੀ ਏਪੀਐੱਮਸੀ ਨੂੰ ਐਲਾਨਿਆ ਜਾ ਸਕਦਾ ਹੈ।

ਮਨਪ੍ਰੀਤ ਬਾਦਲ ਨੇ ਸਰਕਾਰ ਵੱਲੋਂ ਐੱਮਐੱਸਪੀ ਵਿੱਚ ਕੀਤੇ ਵਾਧੇ ਨੂੰ ਵੀ ਨਾਕਾਫੀ ਦੱਸਿਆ। ਉਨ੍ਹਾਂ ਕਿਹਾ, "ਇਸ ਸਾਲ ਸਰਕਾਰ ਵੱਲੋਂ ਕਣਕ ਦੀ ਐੱਮਐੱਸਪੀ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ। ਇਹ ਵਾਧਾ ਬੀਤੇ 10 ਸਾਲਾਂ ਦਾ ਸਭ ਤੋਂ ਘੱਟ ਵਾਧਾ ਹੈ।"

"ਇਸ ਵਾਰ ਕਮਿਸ਼ਨ ਆਫ ਐਗਰੀਕਲਚਰਲ ਕੌਸਟ ਐਂਡ ਪ੍ਰਾਈਸ ਨੇ ਸਿੱਧੀ ਖਰੀਦ ਪ੍ਰਕਿਰਿਆ ਦਾ ਰਿਵਿਊ ਕਰਨ ਦੀ ਗੱਲ ਕਹੀ ਹੈ। ਇਸ ਨਾਲ ਮੈਨੂੰ ਲਗਦਾ ਹੈ ਕਿ ਉਹ ਐੱਮਐੱਸਪੀ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਹੇ ਹਨ।"

"ਸੀਏਪੀਸੀ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਖਾਦਾਂ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਿਆ ਜਾਵੇ, ਜੋ ਕਰੀਬ 5000 ਰੁਪਏ ਪੈਂਦਾ ਹੈ।"

"ਪੰਜਾਬ ਦੇ ਕਿਸਾਨ ਦੀ ਖਾਦ ਦੀ ਖਪਤ ਜ਼ਿਆਦਾ ਹੈ ਇਸ ਲਈ ਉਸ ਲਈ ਇਹ ਪੈਸਾ ਨਾਕਾਫੀ ਰਹਿਣਾ ਹੈ।"

3. ਪੰਜਾਬ ’ਚ ਅੱਜ ਤੋਂ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ

ਖੇਤੀ ਸੋਧ ਬਿਲਾਂ ਖ਼ਿਲਾਫ਼ ਪੰਜਾਬ ਵਿੱਚ ਸਿਆਸਤ ਅਤੇ ਸਰਗਰਮੀ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਇਨ੍ਹਾਂ ਬਿਲਾਂ ਦਾ ਵਿਰੋਧ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਨੇ 24 ਤੇ 26 ਸਤੰਬਰ ਵਿਚਕਾਰ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਹੈ।

ਜਦਕਿ 25 ਸਤੰਬਰ ਦੇ 'ਪੰਜਾਬ ਬੰਦ' ਤੋਂ ਬਾਅਦ ਪਹਿਲੀ ਅਕਤੂਬਰ ਤੋਂ 'ਰੇਲਾਂ ਦਾ ਚੱਕਾ' ਅਣਮਿਥੇ ਸਮੇਂ ਲਈ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images

ਪੰਜਾਬ ਵਿੱਚ ਕਿਸਾਨਾਂ ਵੱਲੋਂ ਭਲਕ ਤੋਂ 48 ਘੰਟਿਆਂ ਲਈ ਰੇਲਾਂ ਰੋਕਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਗੱਡੀਆਂ ਰੱਦ ਕਰ ਦਿੱਤੀਆਂ ਹਨ।

ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਆਪਣੇ ਵਰਕਰਾਂ ਅਤੇ ਹਮਾਇਤੀਆਂ ਨੂੰ ਅਪੀਲਾਂ ਕੀਤੀਆਂ ਹਨ ਅਤੇ ਬੰਦ ਨੂੰ ਆਪਣੀ ਹਮਾਇਤ ਦਿੱਤੀ ਹੈ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਉਪਰੋਕਤ ਸਥਿਤੀ ਨੂੰ ਦੇਖਦੇ ਹੋਏ ਰੇਲੇਵੇ ਵੱਲੋਂ ਜਿਹੜੀਆਂ 14 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸ਼ਾਮਲ ਹਨ-

  • ਗੋਲਡਨ ਟੈਂਪਲ ਮੇਲ ਕੋਵਿਡ-19 ਸਪੈਸ਼ਲ -ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ (02903 ਅਤੇ 02904)
  • ਅੰਮ੍ਰਿਤਸਰ- ਕੋਲਕਾਤਾ ਸੂਪਰਫਾਸਟ (02357 ਅਤੇ 02358),
  • ਕਰਮਭੂਮੀ ਕੋਵਿਡ-19 ਸਪੈਸ਼ਲ-ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ (02407 ਅਤੇ 02408)
  • ਪੱਸ਼ਚਿਮ ਡੀਲਕਸ ਐਕਸਪ੍ਰੈੱਸ- ਅੰਮ੍ਰਿਤਸਰ ਤੋਂ ਮੁੰਬਈ (02925 and 02926)
  • ਸੱਚਖੰਡ ਐਕਸਪ੍ਰੈੱਸ ਕੋਵਿਡ-19 ਸਪੈਸ਼ਲ - ਅੰਮ੍ਰਿਤਸਰ ਤੋਂ ਨਾਂਦੇੜ (02715 and 02716)
  • ਜਨ ਸ਼ਤਾਬਦੀ ਐਕਸਪ੍ਰੈੱਸ- ਅੰਮ੍ਰਿਤਸਰ ਤੋਂ ਹਰਿਦੁਆਰ (02053 and 02054)
  • ਸ਼ਹੀਦ ਐਕਸਪ੍ਰੈੱਸ- ਅੰਮ੍ਰਿਤਸਰ ਤੋਂ ਜਯਾਨਗਰ (04673 and 04674)

ਇਹ ਵੀ ਪੜ੍ਹੋ:

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

ਵੀਡੀਓ: ਜਦੋਂ ਖੇਤੀ ਬਿਲਾਂ 'ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)