ਕਿਸਾਨ ਅੰਦੋਲਨ : ਖੇਤੀ ਕਾਨੂੰਨ ਰੱਦ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ - ਪੰਜਾਬ ਕੈਬਨਿਟ, ਸੁਪਰੀਮ ਕੋਰਟ ਕਮੇਟੀ ਤੋਂ ਵੱਖ ਹੋਏ ਮਾਨ

ਭੁਪਿੰਦਰ ਸਿੰਘ ਮਾਨ

ਤਸਵੀਰ ਸਰੋਤ, GURPREET CHAWLA/BBC

ਤਸਵੀਰ ਕੈਪਸ਼ਨ,

ਭੁਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ ਅਤੇ ਖੇਤੀ ਮਾਹਰ ਹੋਣ ਦੇ ਨਾਲ-ਨਾਲ ਕਿਸਾਨ ਕੋਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ

ਕੇਂਦਰ ਸਰਕਾਰ ਦੇ ਤਿੰਨ ਖ਼ੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰੋਕ ਲਗਾਉਣ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਸੀ। ਚਾਰ ਮੈਂਬਰ ਕਮੇਟੀ ਵਿੱਚੋਂ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕੀਤਾ ਹੈ।

ਬੀਬੀਸੀ ਪੰਜਾਬੀ ਨੇ ਭੁਪਿੰਦਰ ਸਿੰਘ ਮਾਨ ਨਾਲ ਫੋਨ ਉੱਤੇ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਬਾਈਲ ਬੰਦ ਆ ਰਿਹਾ ਹੈ।

ਖੇਤੀ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦੀ ਇਸ ਕਮੇਟੀ ਨੇ ਵੱਖ-ਵੱਖ ਪੱਖਾਂ ਨੂੰ ਸੁਣਨਾ ਸੀ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਾ ਸੀ।

ਇਸ ਕਮੇਟੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਮਾਨ ਸਣੇ ਸ਼ੇਤਕਾਰੀ ਸੰਗਠਨ ਦੇ ਅਨਿਲ ਘਨਵਤ, ਖੇਤੀ ਮਾਹਰ ਅਸ਼ੋਕ ਗੁਲਾਟੀ ਅਤੇ ਡਾ. ਪ੍ਰਮੋਦ ਜੋਸ਼ੀ ਦਾ ਨਾਂ ਸੀ।

ਹਾਲਾਂਕਿ ਕਿਸਾਨ ਸੰਗਠਨਾਂ ਨੇ ਇਸ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਖੇਤੀ ਮਾਹਿਰ ਭੁਪਿੰਦਰ ਸਿੰਘ ਮਾਨ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਦੀ ਮੈਂਬਰਸ਼ਿਪ ਤੋਂ ਪਾਸੇ ਹੋ ਕੇ ਕਿਸਾਨ ਜਥੇਬੰਦੀਆਂ ਦਾ ਕੇਸ ਕਮਜ਼ੋਰ ਕਰਨ ਦੀ ਥਾਂ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿਚ ਸਟੈਂਡ ਲੈਣਾ ਚਾਹੀਦਾ ਸੀ।

ਇਹ ਵੀ ਪੜ੍ਹੋ

ਇਸ ਕਮੇਟੀ ਦਾ ਹਿੱਸਾ ਨਾ ਬਣਨ ਦਾ ਐਲਾਨ ਕਰਨ ਵਾਲੇ ਭੁਪਿੰਦਰ ਸਿੰਘ ਮਾਨ ਨੇ ਬਿਆਨ ਜਾਰੀ ਕਰਕੇ ਕਿਹਾ-

"ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਭਾਰਤੀ ਸੁਪਰੀਮ ਕੋਰਟ ਦਾ 4 ਮੈਂਬਰੀ ਕਮੇਟੀ ਦਾ ਹਿੱਸਾ ਬਣਾਏ ਜਾਣ 'ਤੇ ਮੈਂ ਧੰਨਵਾਦੀ ਹਾਂ।

ਇੱਕ ਕਿਸਾਨ ਅਤੇ ਕਿਸਾਨ ਆਗੂ ਹੋਣ ਦੇ ਨਾਤੇ ਮੈਂ ਆਮ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਖ਼ਦਸ਼ਿਆਂ ਨੂੰ ਦੇਖਦਿਆਂ ਮੈਂ ਦਿੱਤੇ ਗਏ ਅਹੁਦੇ ਦਾ ਤਿਆਗ ਕਰਦਾ ਹਾਂ ਤਾਂ ਜੋ ਪੰਜਾਬ ਅਤੇ ਮੁਲਕ ਦੇ ਕਿਸਾਨਾਂ ਦੇ ਹਿਤਾਂ ਨਾਲ ਸਮਝੌਤਾ ਨਾ ਹੋਵੇ। ਮੈਂ ਇਸ ਕਮੇਟੀ ਦਾ ਹਿੱਸਾ ਬਣਨ ਤੋਂ ਇਨਕਾਰ ਕਰਦਾ ਹਾਂ ਅਤੇ ਹਮੇਸ਼ਾ ਆਪਣੇ ਕਿਸਾਨਾਂ ਅਤੇ ਪੰਜਾਬ ਲਈ ਖੜ੍ਹਾ ਰਹਾਂਗਾ।"

ਵੀਡੀਓ ਕੈਪਸ਼ਨ,

ਸੁਪਰੀਮ ਕੋਰਟ ਵੱਲੋਂ ਬਣਾਈ ਭੁਪਿੰਦਰ ਸਿੰਘ ਮਾਨ ਸਣੇ 4 ਮੈਂਬਰੀ ਕਮੇਟੀ ਨੂੰ ਜਾਣੋ

ਬੀਕੇਯੂ ਪੰਜਾਬ ਨੇ ਮਾਨ ਨਾਲੋਂ ਨਾਤਾ ਤੋੜਿਆ

ਭਾਰਤੀ ਕਿਸਾਨ ਯੂਨੀਅਨ ਪੰਜਾਬ, ਜੋ ਕਿ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਕਿਸਾਨ ਕੁਆਡੀਨੇਸ਼ਨ ਦਾ ਹਿੱਸਾ ਹੈ, ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਉਨ੍ਹਾਂ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।

ਬੀਬੀਸੀ ਪੰਜਾਬੀ ਦੇ ਗੁਰਦਾਸਪੁਰ ਤੋਂ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨਾਲ ਟੈਲੀਫੋਨ ਉੱਤੇ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਇਸ ਦੀ ਪਸ਼ਟੀ ਕੀਤੀ ਹੈ।

ਬਲਦੇਵ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੀ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ 40 ਜਥੇਬੰਦੀਆਂ ਵਿਚ ਸ਼ਾਮਲ ਹੈ।

ਤਸਵੀਰ ਸਰੋਤ, BKU< Punjab

ਤਸਵੀਰ ਕੈਪਸ਼ਨ,

ਭੁਪਿੰਦਰ ਸਿੰਘ ਮਾਨ ਨਾਲ ਫੋਨ ਉੱਤੇ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਬਾਈਲ ਬੰਦ ਆ ਰਿਹਾ ਹੈ।

ਉਨ੍ਹਾਂ ਕਿਹਾ, ''ਅਸੀਂ ਭੁਪਿੰਦਰ ਸਿੰਘ ਮਾਨ ਨਾਲੋਂ ਨਾਤਾ ਤੋੜ ਲਿਆ ਹੈ ਅਤੇ ਸਾਡਾ ਕਿਸਾਨ ਕੋਆਰਡੀਨੇਸ਼ਨ ਨਾਲ ਵੀ ਕੋਈ ਰਿਸ਼ਤਾ ਨਹੀਂ ਰਿਹਾ ਹੈ।''

ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਦੀ ਕਮੇਟੀ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ, ਤਾਂ ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਨਾਲ ਨਾਤਾ ਤੋੜਨ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਤਾਂ ਉਹ ਇਸ ਲਈ ਤਿਆਰ ਨਹੀਂ ਸਨ। ਉਹ ਤਾਂ ਸਗੋਂ ਕਮੇਟੀ ਵਿਚ ਨਾਮਜ਼ਦ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਨ।

ਰਾਕੇਸ਼ ਟਿਕੈਤ ਦੀ ਪ੍ਰਤੀਕਿਰਿਆ

ਭੁਪਿੰਦਰ ਸਿੰਘ ਮਾਨ ਦੇ ਸੁਪਰੀਮ ਕੋਰਟ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਵਿੱਚੋਂ ਬਾਹਰ ਆ ਜਾਣ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ,"ਡੁਬਦੇ ਜਹਾਜ਼ ਵਿੱਚ ਕੌਣ ਰਹਿਣਾ ਚਾਹੁੰਦਾ ਹੈ। "

ਉਨ੍ਹਾਂ ਨੇ ਇੱਕ ਨਿੱਜੀ ਖ਼ਬਰ ਚੈਨਲ ਨੂੰ ਕਿਹਾ "ਮਾਨ ਨੇ ਠੀਕ ਕੀਤਾ ਹੈ ਅਤੇ ਕਾਨੂੰਨਾਂ ਬਾਰੇ ਉਨ੍ਹਾਂ ਦੀ ਕੀ ਵਿਚਾਰਧਾਰਾ ਹੈ ਉਹ ਵੀ ਇੱਕ ਵਾਰ ਸਪਸ਼ਟ ਕਰ ਦੇਣ।'

ਮਾਨ ਦੇ ਬਿਆਨ ਕਿ ਉਹ ਪੰਜਾਬ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹਨ ਬਾਰੇ ਟਿਕੈਤ ਨੇ ਚੁਟਕੀ ਲੈਂਦਿਆਂ ਕਿਹਾ,"ਠੀਕ ਹੈ ਜੇ ਪੰਜਾਬ ਤੋਂ ਵੱਖ ਨਹੀਂ ਜਾਣਾਂ ਤਾਂ ਅੰਦੋਲਨ ਵਿੱਚ ਆਪਣਾ ਟੈਂਟ ਗੱਡ ਲੈਣ।"

ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਆ ਕੇ ਖੜ੍ਹੇ ਹੋ ਜਾਣ ਤਾਂ ਟਿਕੈਤ ਨੇ ਕਿਹਾ ਕਿ ਖੜ੍ਹੇ ਕੀ ਹੋਣਾ ਹੈ ਟੈਂਟ ਵਿੱਚ ਰਹਿਣਾ ਪਵੇਗਾ।"

ਕਮੇਟੀ ਦੇ ਦੂਜੇ ਮੈਂਬਰਾਂ ਬਾਰੇ ਵੀ ਟਿਕੈਤ ਨੇ ਕਿਹਾ,"ਉਹ ਵੀ ਆ ਜਾਣਗੇ।"

ਪੰਜਾਬ ਕੈਬਨਿਟ ਦੀ ਬੈਠਕ ਵਿਚ ਕੀ ਹੋਇਆ

ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਾਰੇ ਕਦਮ ਚੁੱਕਣ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇਹ ਸਾਫ ਕਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ, ਜੋ ਕਿ ਕਿਸਾਨ ਵਿਰੋਧੀ, ਦੇਸ਼ ਵਿਰੋਧੀ ਅਤੇ ਖੁਰਾਕ ਸੁਰੱਖਿਆ ਵਿਰੋਧੀ ਹਨ, ਨੂੰ ਰੱਦ ਕਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ।

ਤਸਵੀਰ ਸਰੋਤ, GoP

ਤਸਵੀਰ ਕੈਪਸ਼ਨ,

ਪੰਜਾਬ ਮੰਤਰੀ ਮੰਡਲ ਨੇ 12 ਜਨਵਰੀ, 2021 ਨੂੰ ਤਿੰਨ ਕਾਨੂਨਾਂ ਉੱਤੇ ਰੋਕ ਲਾਉਣ ਦੇ ਹੁਕਮ ਨੂੰ ਧਿਆਨ ਹਿੱਤ ਵਿਚਾਰ ਕੀਤੀ

ਕੈਬਨਿਟ ਨੇ ਇਹ ਵੀ ਸਾਫ ਕੀਤਾ ਕਿ ਇਹੋ ਕਦਮ ਚੁੱਕਣ ਨਾਲ ਮੌਜੂਦਾ ਸਮੱਸਿਆ ਦਾ ਨਿਪਟਾਰਾ ਹੋ ਸਕਦਾ ਹੈ, ਮੰਤਰੀ ਮੰਡਲ ਵਲੋਂ ਪਾਸ ਕੀਤੇ ਮਤੇ ਦੇ ਮੁੱਖ ਅੰਸ਼।

  • ਮੌਜੂਦਾ ਮੁਸ਼ਕਲ ਹਾਲਾਤ ਨਾਲ ਨਿਪਟਣ ਲਈ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਇਕੋ-ਇਕ ਹੱਲ ਹੈ।
  • ਕੇਂਦਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਨੂੰ ਕਿਸਾਨਾਂ ਦਾ ਕਾਨੂੰਨੀ ਅਧਿਕਾਰ ਬਣਾਇਆ ਜਾਣਾ ਚਾਹੀਦਾ ਹੈ।
  • ਮੰਤਰੀ ਮੰਡਲ ਨੇ ਕਿਸਾਨੀ ਅੰਦੋਲਨ ਦੌਰਾਨ ਫੌਤ ਹੋ ਚੁੱਕੇ 78 ਕਿਸਾਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ।
  • ਭਾਰਤ ਸਰਕਾਰ ਨੂੰ ਇਸ ਮਸਲੇ ਨੂੰ ਵੱਕਾਰ ਤੇ ਹਊਮੇ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਕਿਉਂ ਜੋ ਜੇਕਰ ਇਹ ਮੁੱਦਾ ਅਣਸੁਲਝਿਆ ਰਿਹਾ ਤਾਂ ਇਸ ਨਾਲ ਕਈ ਦਹਾਕਿਆਂ ਤੱਕ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
  • ਮੰਤਰੀ ਮੰਡਲ ਨੇ ਮਤੇ ਰਾਹੀ ਸਪੱਸ਼ਟ ਸ਼ਬਦਾਂ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ 28 ਅਗਸਤ, 2020 ਅਤੇ 20 ਅਕਤੂਬਰ, 2020 ਨੂੰ ਪਾਸ ਕੀਤੇ ਗਏ ਮਤਿਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ।
  • ਮੰਤਰੀ ਮੰਡਲ ਨੇ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ 'ਤੇ ਰੋਕ ਲਾਉਣ ਦੇ ਹੁਕਮਾਂ ਦਾ ਸਵਾਗਤ ਕੀਤਾ ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਮੰਨਿਆ ।
  • ਮਤੇ ਮੁਤਾਬਕ,''ਸਾਰੀਆਂ ਸਬੰਧਤ ਧਿਰਾਂ ਨਾਲ ਵਿਸਥਾਰਤ ਤੌਰ 'ਤੇ ਸੰਵਾਦ ਰਚਾਉਣ ਅਤੇ ਵਿਚਾਰ-ਚਰਚਾ ਕੀਤੇ ਜਾਣ ਦੀ ਲੋੜ ਹੈ ਕਿਉਂ ਜੋ ਇਨ੍ਹਾਂ ਕਾਨੂੰਨਾਂ ਨਾਲ ਦੇਸ਼ ਭਰ ਵਿਚ ਲੱਖਾਂ ਹੀ ਕਿਸਾਨਾਂ ਦੇ ਭਵਿੱਖ ਉਤੇ ਅਸਰ ਪਿਆ ਹੈ ਅਤੇ ਕਿਸਾਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ।''
  • ਮੰਤਰੀ ਮੰਡਲ ਨੇ ਕਿਸਾਨਾਂ ਦੁਆਰਾ ਜਮਹੂਰੀ ਪ੍ਰੰਪਰਾਵਾਂ ਮੁਤਾਬਕ ਸ਼ਾਂਤਮਈ ਢੰਗ ਨਾਲ ਸੰਘਰਸ਼ ਕੀਤੇ ਜਾਣ ਦੀ ਵੀ ਸ਼ਲਾਘਾ ਕੀਤੀ ਜਿਸ ਦਾ ਭਾਰਤ ਦੀ ਸਰਵ-ਉੱਚ ਅਦਾਲਤ ਨੇ ਵੀ ਨੋਟਿਸ ਲਿਆ ਹੈ।

ਅਕਾਲੀ ਦਲ ਨੇ ਮਾਨ ਤੇ ਗੁਲਾਟੀ ਦੇ ਹਵਾਲੇ ਨਾਲ ਕੈਪਟਨ ਘੇਰਿਆ

ਅਕਾਲੀ ਦਲ ਵਲੋਂ ਬਿਆਨ ਵਿਚ ਕਿਹਾ ਗਿਆ ਕਿ ਖੇਤੀ ਮਾਹਿਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਅਸ਼ੋਕ ਗੁਲਾਟੀ ਨੇ ਚਾਰ ਮੈਂਬਰੀ ਕਮੇਟੀ ਦੀ ਮੈਂਬਰਸ਼ਿਪ ਪ੍ਰਵਾਨ ਕਰ ਕੇ ਭੇਡ ਦੇ ਭੇਸ ਵਿਚ ਲੋਮੜੀ ਵਾਲਾ ਕੰਮ ਕੀਤਾ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਤਿੰਨ ਨਫਰਤ ਭਰੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲ ਰਹੇ ਸਨ ਤੇ ਇਹਨਾਂ ਨੂੰ ਭਾਰਤੀ ਖੇਤੀਬਾੜੀ ਲਈ 1991 ਦਾ ਦੌਰ ਕਰਾਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਅਸ਼ੋਕ ਗੁਲਾਟੀ ਦੇ ਦੋਗਲੇਪਨ ਤੋਂ ਹੈਰਾਨ ਹਨ ਕਿ ਉਹ ਪਹਿਲਾਂ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬਣਾਏ ਮਾਹਿਰਾਂ ਦੇ ਮੈਂਬਰ ਦੇ ਮੈਂਬਰ ਰਹੇ ਹਨ।

ਉਹਨਾਂ ਕਿਹਾ ਕਿ ਇਕ ਹੋਰ ਵੱਡੀ ਮਾਯੁਸ ਕਰਨ ਵਾਲੀ ਗੱਲ ਇਹ ਹੈ ਕਿ ਭੁਪਿੰਦਰ ਸਿੰਘ ਮਾਨ ਨੇ ਕਿਸਾਨ ਪੁੱਤਰ ਹੋਣ 'ਤੇ ਵੀ ਕਿਸਾਨਾਂ ਨੂੰ ਧੋਖਾ ਦਿੱਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਕਮੇਟੀ ਲਈ ਨਾਮਜ਼ਦ ਹੋਣਾ ਪ੍ਰਵਾਨ ਕਰ ਲਿਆ।

ਉਹਨਾਂ ਕਿਹਾ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਸ੍ਰੀ ਮਾਨ ਨੇ ਨਾ ਸਿਰਫ ਮੁੱਖ ਮੰਤਰੀ ਦੇ ਹੱਥਾਂ ਵਿਚ ਕੁਠਪੁਤਲੀ ਵਜੋਂ ਕੰਮ ਕੀਤਾ ਬਲਕਿ ਦੋਹਾਂ ਦੀ ਵਰਤੋਂ ਸੂਬੇ ਅਤੇ ਦੇਸ਼ ਦੇ ਕਿਸਾਨਾਂ ਦੋਹਾਂ ਦੀ ਪਿੱਠ ਵਿਚ ਛੁਰਾ ਮਾਰਨ ਲਈ ਕੀਤੀ ਗਈ। ਵੇਰਵੇ ਸਾਂਝੇ ਕਰਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮਾਨ ਵੱਲੋਂ ਕਮੇਟੀ ਦੀ ਮੈਂਬਰਸ਼ਿਪ ਤੋਂ ਪਾਸੇ ਹੋਣ ਦਾ ਪੱਤਰ ਹੀ ਇਸ ਗੱਲ ਦਾ ਸਬੂਤ ਹੈ ਕਿ ਉਹ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਦੇ ਵੀ ਦਬਾਅ ਹੇਠ ਸਨ ਕਿ ਉਹ ਖੇਤੀ ਕਾਨੂੰਨਾਂ ਦੇ ਹੱਕ ਵਿਚ ਫੈਸਲਾ ਦੇਣ।

ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੁ ਨੇ ਕਿਹਾ ਕਿ ਉਹ ਆਪਣੇ ਆਪ ਨੁੰ ਕਮੇਟੀ ਦੀ ਮੈਂਬਰਸ਼ਿਪ ਤੋਂ ਪਾਸੇ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਾ ਕਰ ਸਕਣ।

ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮਾਨ ਦੀ ਅੰਤਰ ਆਤਮਾ ਉਹਨਾਂ ਨੂੰ ਝੰਜੋੜ ਰਹੀ ਸੀ ਤੇ ਉਹ ਕਿਸੇ ਵੀ ਤਰੀਕੇ ਆਪਣੇ ਪੰਜਾਬੀ ਭਰਾਵਾਂ ਨੁੰ ਧੋਖਾ ਨਹੀਂ ਦੇਣਾ ਚਾਹੁੰਦੇ ਸਨ।

ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਉਹਨਾਂ ਨੂੰ ਕੁਝ ਮਨਮਰਜ਼ੀ ਨਾਲ ਚੁਣੇ ਬੰਦੇ ਮਾਹਿਰਾਂ ਦੀ ਕਮੇਟੀ ਵਿਚ ਸ਼ਾਮਲ ਕਰ ਕੇ ਲੋਕ ਵਿਰੋਧੀ ਕਾਨੂੰਨ ਜਬਰੀ ਲਾਗਊ ਕਰਵਾਉਣ ਦੀ ਸਾਜ਼ਿਸ਼ ਖਿਲਾਫ ਲੜਨਾ ਚਾਹੀਦਾ ਸੀ।

ਕੌਣ ਹਨ ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ ਅਤੇ ਖੇਤੀ ਮਾਹਰ ਹੋਣ ਦੇ ਨਾਲ-ਨਾਲ ਕਿਸਾਨ ਕੋਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ।

ਮਾਨ ਦਾ ਜਨਮ 1939 ਵਿੱਚ ਗੁਜਰਾਂਵਾਲਾ (ਮੌਜੂਦਾ ਦੌਰ ਵਿੱਚ ਪਾਕਿਸਤਾਨ) ਵਿੱਚ ਹੋਇਆ ਹੈ। ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਲਈ 1990 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਨੇ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ।

1966 ਵਿੱਚ ਫਾਰਮਰ ਫਰੈਂਡਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜਿਸ ਦੇ ਉਹ ਸੰਸਥਾਪਕ ਮੈਂਬਰ ਬਣੇ ਸਨ, ਇਸ ਤੋਂ ਬਾਅਦ ਇਹ ਸੰਗਠਨ ਸੂਬਾ ਪੱਧਰ 'ਤੇ 'ਪੰਜਾਬ ਖੇਤੀਬਾੜੀ ਯੂਨੀਅਨ' ਦੇ ਨਾਮ ਨਾਲ ਜਾਣਿਆ ਗਿਆ।

ਕੌਮੀ ਪੱਧਰ 'ਤੇ ਇਹ ਸੰਗਠਨ ਭਾਰਤੀ ਕਿਸਾਨ ਯੂਨੀਅਨ ਬਣ ਗਿਆ ਅਤੇ ਇਸੇ ਸੰਗਠਨ ਨੇ ਬਾਕੀ ਖੇਤੀ ਸੰਗਠਨਾਂ ਦੇ ਨਾਲ ਮਿਲ ਕੇ ਕਿਸਾਨ ਕੌਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ।

ਭੁਪਿੰਦਰ ਸਿੰਘ ਮਾਨ ਨੇ ਪੰਜਾਬ ਵਿੱਚ ਫੂਡ ਕਾਰਪੋਰੇਸ਼ਨ ਇੰਡੀਆ ਵਿੱਚ ਭ੍ਰਿਸ਼ਟਾਚਾਰ ਤੋਂ ਲੈ ਕੇ ਚੀਨੀ ਮਿੱਲਾਂ ਵਿੱਚ ਗੰਨਾ ਸਪਲਾਈ ਅਤੇ ਬਿਜਲੀ ਦੇ ਟੈਰਿਫ ਵਧਣ ਵਰਗੇ ਮੁੱਦੇ ਨੂੰ ਚੁੱਕਿਆ ਹੈ।

14 ਦਸੰਬਰ ਨੂੰ ਆਲ ਇੰਡੀਆ ਕਿਸਾਨ ਕੌਰਡੀਨੇਸ਼ਨ ਕਮੇਟੀ ਦੇ ਤਹਿਤ ਆਉਣ ਵਾਲੇ ਖੇਤੀ ਸੰਗਠਨਾ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਮੋਦੀ ਤੋਮਰ ਨਾਲ ਮੁਲਾਕਾਤ ਕੀਤੀ ਸੀ। ਮਾਨ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ।

ਉਸ ਸਮੇਂ 'ਦਿ ਹਿੰਦੂ' ਅਖ਼ਬਾਰ ਨਾਲ ਗੱਲ ਕਰਦਿਆਂ ਹੋਇਆ ਉਨ੍ਹਾਂ ਨੇ ਕਿਹਾ ਸੀ ਖੇਤੀ ਖੇਤਰ ਵਿੱਚ ਮੁਕਾਬਲੇ ਲਈ ਸੁਧਾਰ ਜ਼ਰੂਰੀ ਹਨ ਪਰ ਕਿਸਾਨਾਂ ਦੀ ਸੁਰੱਖਿਆ ਦੇ ਉਪਾਅ ਕੀਤੇ ਜਾਣ ਚਾਹੀਦੇ ਹਨ ਅਤੇ ਖ਼ਾਮੀਆਂ ਨੂੰ ਦੁਰੱਸਤ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)