ਕਿਸਾਨ ਅੰਦੋਲਨ: ਕਿਸਾਨੀ ਅੰਦੋਲਨ ਗੈਰ- ਸਿਆਸੀ ਪਰ ਮੁਹੰਮਦ ਸਦੀਕ ਕਿਵੇਂ ਧਰਨਿਆਂ ਵਿਚ ਪਹੁੰਚੇ

  • ਸਰਬਜੀਤ ਸਿੰਘ
  • ਬੀਬੀਸੀ ਪੱਤਰਕਾਰ
ਕਲਾਕਾਰ

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਗਾਇਕ ਮੁਹੰਮਦ ਸਦੀਕ ਕਾਂਗਰਸ, ਭਗਵੰਤ ਮਾਨ ਆਮ ਆਦਮੀ ਪਾਰਟੀ ਅਤੇ ਹੰਸ ਰਾਜ ਹੰਸ ਬੀਜੇਪੀ ਦੀ ਨੁਮਾਇੰਦਗੀ ਲੋਕ ਸਭਾ ਵਿੱਚ ਕਰ ਰਹੇ ਹਨ

ਪੰਜਾਬ ਨਾਲ ਸਬੰਧਤ ਤਿੰਨ ਕਲਾਕਾਰ ਇਸ ਸਮੇਂ ਲੋਕ ਸਭਾ ਮੈਂਬਰ ਹਨ। ਤਿੰਨਾਂ ਦਾ ਸਬੰਧ ਵੱਖ ਵੱਖ ਪਾਰਟੀਆਂ ਨਾਲ ਹੈ।

ਗਾਇਕ ਮੁਹੰਮਦ ਸਦੀਕ ਕਾਂਗਰਸ, ਭਗਵੰਤ ਮਾਨ ਆਮ ਆਦਮੀ ਪਾਰਟੀ ਅਤੇ ਹੰਸ ਰਾਜ ਹੰਸ ਬੀਜੇਪੀ ਦੀ ਨੁਮਾਇੰਦਗੀ ਲੋਕ ਸਭਾ ਵਿੱਚ ਕਰ ਰਹੇ ਹਨ।

ਇਨ੍ਹਾਂ ਗਾਇਕ ਸਿਆਸਤਦਾਨਾਂ ਵਿੱਚੋਂ ਇੱਕ ਮੁਹੰਮਦ ਸਦੀਕ ਨੇ ਹਾਲ ਹੀ ਵਿੱਚ ਇੱਕ ਗੀਤ ਕਿਸਾਨੀ ਨਾਲ ਜੁੜਿਆ ਰਿਲੀਜ਼ ਕੀਤਾ ਹੈ। ਇਸ ਦੌਰਾਨ ਬੀਬੀਸੀ ਪੰਜਾਬੀ ਨੇ ਮੁਹੰਮਦ ਸਦੀਕ ਨਾਲ ਗੱਲ ਕੀਤੀ ਅਤੇ ਜਾਣਿਆ ਇਸ ਗੀਤ ਨੂੰ ਗਾਉਣ ਦਾ ਮਕਸਦ ਕੀ ਹੈ।

ਇਹ ਵੀ ਪੜ੍ਹੋ

ਤਸਵੀਰ ਕੈਪਸ਼ਨ,

ਮੁਹੰਮਦ ਸਦੀਕ ਨੇ ਕਿਸਾਨ ਸੰਘਰਸ਼ ਲਈ "ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ" ਗਾ ਕੇ ਲੋਕਾਂ ਦੇ ਮਨਾਂ ਵਿੱਚ ਮੁੜ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ

ਮੁਹੰਮਦ ਸਦੀਕ (ਕਾਂਗਰਸ)

ਗਾਇਕ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਲੰਬੀ ਚੁੱਪ ਮਗਰੋਂ ਕਿਸਾਨ ਸੰਘਰਸ਼ ਲਈ ਆਪਣੇ ਪੁਰਾਣੇ ਅੰਦਾਜ਼ ਵਿੱਚ ਗੀਤ "ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ" ਗਾ ਕੇ ਲੋਕਾਂ ਦੇ ਮਨਾਂ ਵਿੱਚ ਮੁੜ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਕਿਸਾਨ ਜਥੇਬੰਦੀਆਂ ਨੇ ਆਪਣੀ ਸਟੇਜ ਤੋਂ ਸਿਆਸੀ ਆਗੂਆਂ ਦੇ ਬੋਲਣ ਉਤੇ ਪਾਬੰਦੀ ਲਗਾਈ ਹੈ ਪਰ ਸਦੀਕ ਨੇ ਇਸ ਗੀਤ ਰਾਹੀਂ ਕਿਸਾਨਾਂ ਦੇ ਸੰਘਰਸ਼ ਨਾਲ ਜੁੜਨ ਦੀ ਕੋਸ਼ਿਸ ਕੀਤੀ ਹੈ।

ਉਹ ਭਾਵੇਂ ਸਿਆਸੀ ਆਗੂ ਦੇ ਤੌਰ ਉੱਤੇ ਕਿਸਾਨਾਂ ਦੇ ਮੰਚ ਉੱਤੇ ਨਹੀਂ ਜਾ ਸਕੇ ਪਰ ਇੱਕ ਗਾਇਕ ਵਜੋਂ ਅੰਦੋਲਨਕਾਰੀਆਂ ਵਿਚ ਜਰੂਰ ਪਹੁੰਚ ਗਏ ਹਨ।

ਗੀਤ ਨਾਮਵਾਰ ਗੀਤਕਾਰ ਬਾਬੂ ਸਿੰਘ ਮਾਨ ਵੱਲੋਂ ਲਿਖਿਆ ਗਿਆ ਹੈ। ਇਹ ਗੀਤ ਕੁਲ ਹਿੰਦ ਕਾਂਗਰਸ ਕਮੇਟੀ ਦੇ ਅਧਿਕਾਰਤ ਫੇਸਬੁੱਕ ਪੇਜ ਤੋਂ ਜਾਰੀ ਕੀਤਾ ਗਿਆ ਹੈ।

ਕਿਸਾਨ ਆਗੂਆਂ ਦੇ ਨਾਲ ਸਦੀਕ ਨੇ ਗੀਤ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੇ ਵੀ ਸੋਹਲੇ ਗਾਏ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਆਖਿਆ ਕਿ ਉਨ੍ਹਾਂ ਇਹ ਗਾਣਾ ਕਿਸਾਨੀ ਨੂੰ ਸਮਰਪਿਤ ਕੀਤਾ ਹੈ। ਗਾਣੇ ਵਿਚ ਸਦੀਕ ਨੇ ਜਿੱਥੇ ਕਿਸਾਨ ਜਥੇਬੰਦੀਆਂ ਦੀ ਤਾਰੀਫ਼ ਕੀਤੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਕਾਨੂੰਨਾਂ ਨੂੰ ਰੱਦ ਕਰਨ ਦਾ ਜ਼ਿਕਰ ਵੀ ਕੀਤਾ ਹੈ।

ਸਦੀਕ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਕਲਾਕਾਰ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਉਹ ਉੱਥੇ ਜਾਣ ਪਰ ਰਾਜਨੀਤਿਕ ਅਹੁਦਾ ਹੋਣ ਕਾਰਨ ਉਹ ਆਪਣੀ ਇੱਛਾ ਨੂੰ ਅੰਦੋਲਨ ਵਿੱਚ ਸ਼ਾਮਲ ਹੋ ਕੇ ਪੂਰਾ ਨਹੀਂ ਕਰ ਸਕਦੇ ਇਸ ਕਰ ਕੇ ਉਨ੍ਹਾਂ ਗਾਣੇ ਰਾਹੀਂ ਅੰਦੋਲਨ ਦੀ ਹਿਮਾਇਤ ਕੀਤੀ ਹੈ।

ਉਨ੍ਹਾਂ ਆਖਿਆ ਕਿ ਜੇਕਰ ਉਹ ਸਿਰਫ਼ ਕਲਾਕਾਰ ਹੁੰਦਾ ਤਾਂ ਹੁਣ ਨੂੰ ਉਹ ਕਿਸਾਨਾਂ ਦੇ ਨਾਲ ਦਿੱਲੀ ਵਿੱਚ ਹੁੰਦਾ। ਪਰ ਰਾਜਨੀਤਿਕ ਆਗੂਆਂ ਨੂੰ ਲੋਕ ਉੱਥੇ ਨਹੀਂ ਦੇਖਣਾ ਚਾਹੁੰਦੇ ਇਸ ਕਰ ਕੇ ਉਹ ਉੱਥੇ ਜਾ ਨਹੀਂ ਪਾ ਰਹੇ।

ਗਾਣੇ ਦੇ ਲੇਟ ਰਿਲੀਜ਼ ਹੋਣ ਬਾਰੇ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਬਿਮਾਰ ਸਨ, ਇਸ ਕਰ ਕੇ ਹੁਣ ਤਬੀਅਤ ਠੀਕ ਹੋਈ ਹੈ ਅਤੇ ਉਨ੍ਹਾਂ ਗਾਣੇ ਦੇ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ।

ਉਨ੍ਹਾਂ ਆਖਿਆ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਲੜ ਰਹੇ ਹਨ ਪਰ ਸਰਕਾਰ ਨੇ ਪਤਾ ਨਹੀਂ ਕਿਉਂ ਕਿਸ ਦੇ ਦਬਾਅ ਵਿੱਚ ਆ ਕੇ ਇਹ ਕਾਨੂੰਨ ਪਾਸ ਕਰ ਦਿੱਤੇ ਹਨ।

ਉਨ੍ਹਾਂ ਆਖਿਆ ਕਿ ਸੰਸਦ ਵਿੱਚ ਵੀ ਇਨ੍ਹਾਂ ਕਾਨੂੰਨ ਦਾ ਬਹੁਤ ਵਿਰੋਧ ਹੋਇਆ ਪਰ ਸਰਕਾਰ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਇਹਨਾਂ ਨੂੰ ਪਾਸ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਇਹ ਅੰਦੋਲਨ ਕਈ ਤਰੀਕਿਆਂ ਨਾਲ ਵੱਖਰਾ ਹੈ। ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੋਇਆ ਹੈ, ਪੰਜਾਬ ਅਤੇ ਹਰਿਆਣਾ ਨੂੰ ਇੱਕ ਦੂਜੇ ਦੇ ਨੇੜੇ ਹੋਣ ਦਾ ਮੌਕਾ ਮਿਲਿਆ ਅਤੇ ਅੰਦੋਲਨ ਦੇ ਕਾਰਨ ਪੂਰੇ ਹਿੰਦੁਸਤਾਨ ਦੇ ਕਿਸਾਨ ਇਕੱਠੇ ਹੋ ਗਏ ਹਨ ਇਸ ਕਰ ਕੇ ਇਹ ਅੰਦੋਲਨ ਇਤਿਹਾਸਕ ਬਣ ਗਿਆ ਹੈ।

ਤਸਵੀਰ ਸਰੋਤ, facebook/hans

ਤਸਵੀਰ ਕੈਪਸ਼ਨ,

ਕਿਸਾਨੀ ਬਿੱਲਾਂ ਨੂੰ ਲੈ ਕੇ ਬੀਜੇਪੀ ਦੇ ਪ੍ਰਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਗ਼ੁੱਸਾ ਹੈ

ਹੰਸਰਾਜ ਹੰਸ (ਬੀਜੇਪੀ)

ਹੰਸ ਰਾਜ ਹੰਸ ਪੰਜਾਬ ਦੀ ਥਾਂ ਉੱਤਰ -ਪੱਛਮ ਦਿੱਲੀ ਤੋਂ ਲੋਕ ਸਭਾ ਵਿੱਚ ਬੇਜੀਪੀ ਦੀ ਪਹਿਲੀ ਨੁਮਾਇੰਦਗੀ ਕਰ ਰਹੇ ਹਨ। ਕਿਸਾਨੀ ਬਿੱਲਾਂ ਨੂੰ ਲੈ ਕੇ ਬੀਜੇਪੀ ਦੇ ਪ੍ਰਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਗ਼ੁੱਸਾ ਹੈ ਅਤੇ ਇਸੀ ਗ਼ੁੱਸੇ ਦਾ ਸ਼ਿਕਾਰ ਹੰਸ ਰਾਜ ਹੰਸ ਨੂੰ ਵੀ ਪੰਜਾਬ ਫੇਰੀ ਦੌਰਾਨ ਵੀ ਹੋਣਾ ਪਿਆ ਹੈ।

ਸਮੇਂ ਸਮੇਂ ਉੱਤੇ ਹੰਸ ਦੇ ਬਿਆਨ ਮੀਡੀਆ ਦੇ ਵਿੱਚ ਆਏ ਜਿਸ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨੀ ਦਾ ਮਸਲਾ ਛੇਤੀ ਹੱਲ ਜਾਵੇਗਾ। ਹੰਸ ਨੇ ਇੱਕ ਬਿਆਨ ਵਿੱਚ ਆਖਿਆ ਸੀ ਉਹ ਅੰਦੋਲਨ ਵਿੱਚ ਜਾਣਾ ਚਾਹੁੰਦੇ ਹਨ ਅਤੇ ਉੱਥੇ ਲੋਕਾਂ ਨੂੰ ਸੰਬੋਧਨ ਵੀ ਕਰਨਾ ਚਾਹੁੰਦੇ ਹਨ ਕਿਉਂਕਿ ਜਿਸ ਹਲਕੇ ਦੀ ਉਹ ਨੁਮਾਇੰਦਗੀ ਕਰ ਰਹੇ ਹਨ ਉਸੀ ਹਲਕੇ ਵਿੱਚ ਹੀ ਕਿਸਾਨ ਅੰਦੋਲਨ ਕਰ ਰਹੇ ਹਨ ਇਸ ਤੋਂ ਵੱਡੀ ਬਦਕਿਸਮਤੀ ਨਹੀਂ ਹੋ ਸਕਦੀ।

ਹੰਸ ਨੇ ਇੱਕ ਹੋਰ ਬਿਆਨ ਵਿੱਚ ਸਪਸ਼ਟ ਕੀਤਾ ਸੀ ਕਿ ਉਹ ਕਿਸਾਨ ਦਾ ਦਰਦ ਸਮਝਦੇ ਇਸ ਕਰ ਕੇ ਉਹ ਪੰਜਾਬ ਆ ਕੇ ਕਿਸਾਨਾਂ ਦੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਵਾਉਣ ਦੀ ਪਹਿਲਾਂ ਹੀ ਪੇਸ਼ਕਸ਼ ਕਰ ਚੁੱਕੇ ਹਨ।

ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਕਿਸਾਨ ਅਤੇ ਕਿਸਾਨੀ ਅੰਦੋਲਨ ਦੇ ਖ਼ਿਲਾਫ਼ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਪਿਤਾ ਵੀ ਕਿਸਾਨ ਸਨ, ਇਸ ਕਰ ਕੇ ਉਹ ਕਿਸਾਨੀ ਦੀਆਂ ਦਿੱਕਤਾਂ ਸਮਝਦੇ ਹਨ।

ਇਹ ਵੀ ਪੜ੍ਹੋ

ਤਸਵੀਰ ਸਰੋਤ, facebook/bhagwant

ਤਸਵੀਰ ਕੈਪਸ਼ਨ,

ਭਗਵੰਤ ਮਾਨ ਸੰਸਦ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਨਾਅਰੇ ਲਗਾ ਵਿਰੋਧ ਪ੍ਰਗਟਾ ਚੁੱਕੇ ਹਨ

ਭਗਵੰਤ ਮਾਨ (ਆਮ ਆਦਮੀ ਪਾਰਟੀ )

ਭਗਵੰਤ ਮਾਨ ਦੂਜੀ ਵਾਰ ਪੰਜਾਬ ਦੇ ਸੰਗਰੂਰ ਦੀ ਨੁਮਾਇੰਦਗੀ ਲੋਕ ਸਭਾ ਵਿੱਚ ਕਰ ਰਹੇ ਹਨ।

ਆਮ ਆਦਮੀ ਪਾਰਟੀ ਸੰਸਦ ਦੇ ਅੰਦਰ ਅਤੇ ਬਾਹਰ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ। ਬਿੱਲ ਜਦੋਂ ਲੋਕ ਸਭਾ ਵਿੱਚ ਪਾਸ ਕੀਤੇ ਜਾ ਰਹੇ ਸਨ ਤਾਂ ਭਗਵੰਤ ਮਾਨ ਇਸ ਦਾ ਵਿਰੋਧ ਕਰ ਰਹੇ ਸਨ।

ਇੱਥੋਂ ਤੱਕ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀ ਸੰਜੇ ਸਿੰਘ ਸੰਸਦ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਨਾਅਰੇ ਲਗਾ ਵਿਰੋਧ ਪ੍ਰਗਟਾ ਚੁੱਕੇ ਹਨ।

ਕਲਾਕਾਰ ਦੇ ਤੌਰ ਉੱਤੇ ਅਜੇ ਤੱਕ ਭਗਵੰਤ ਮਾਨ ਕਿਸਾਨੀ ਨਾਲ ਜੁੜੀ ਕੋਈ ਵੱਖਰੀ ਪੇਸ਼ਕਸ਼ ਨਹੀਂ ਕੀਤੀ ਪਰ ਰੈਲੀਆਂ ਵਿੱਚ ਉਹ ਵਿਅੰਗ ਰਾਹੀਂ ਕਿਸਾਨੀ ਦੇ ਮਸਲੇ ਅਤੇ ਕੇਂਦਰ ਸਰਕਾਰ ਦੇ ਵਤੀਰੇ ਉੱਤੇ ਟਿੱਪਣੀਆਂ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)