ਕੀ ਲਾਲ ਕਿਲ੍ਹੇ 'ਤੇ ਕਦੀ ਭਗਵਾ ਝੰਡਾ ਵੀ ਲਹਿਰਾਇਆ
- ਤੁਸ਼ਾਰ ਕੁਲਕਰਨੀ
- ਬੀਬੀਸੀ ਮਰਾਠੀ

ਤਸਵੀਰ ਸਰੋਤ, BBC Marathi
1788 ਵਿੱਚ ਲਾਲ ਕਿਲ੍ਹੇ 'ਤੇ ਮਰਾਠਿਆਂ ਨੇ ਭਗਵਾ ਝੰਡਾ ਲਹਿਰਾਇਆ ਸੀ
26 ਜਨਵਰੀ 2021 ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਕਈ ਲੋਕ ਲਾਲ ਕਿਲ੍ਹੇ 'ਤੇ ਇਕੱਠੇ ਹੋ ਗਏ। ਇਸ ਦੌਰਾਨ ਲਾਲ ਕਿਲ੍ਹੇ 'ਤੇ ਸਿੱਖਾਂ ਦਾ ਧਾਰਮਿਕ ਝੰਡਾ "ਨਿਸ਼ਾਨ ਸਾਹਿਬ" ਵੀ ਲਹਿਰਾਇਆ ਗਿਆ। ਦੇਸ ਭਰ 'ਚ ਇਸ ਦੀ ਅਲੋਚਨਾ ਹੋ ਰਹੀ ਹੈ।
ਲਾਲ ਕਿਲ੍ਹੇ 'ਤੇ ਹਰ ਸਾਲ ਸੁਤੰਤਰਤਾ ਦਿਵਸ ਮੌਕੇ ਦੇਸ ਦੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਹਨ ਅਤੇ ਦੇਸ ਦੇ ਨਾਮ ਆਪਣਾ ਸੰਬੋਧਨ ਦਿੰਦੇ ਹਨ। ਅਜਿਹੇ ਵਿੱਚ ਗਣਤੰਤਰ ਦਿਵਸ ਮੌਕੇ ਕਿਸੇ ਇੱਕ ਧਰਮ ਨਾਲ ਜੁੜੇ ਝੰਡੇ ਨੂੰ ਲਾਲ ਕਿਲ੍ਹੇ 'ਤੇ ਲਹਿਰਾਉਣ ਨਾਲ ਬਹਿਸ ਛਿੜ ਗਈ ਹੈ।
ਲੋਕ ਅਲੋਚਨਾ ਤਾਂ ਕਰ ਹੀ ਰਹੇ ਹਨ ਪਰ ਸੋਸ਼ਲ ਮੀਡੀਆ 'ਤੇ ਇੱਕ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਲਾਲ ਕਿਲ੍ਹੇ 'ਤੇ ਕਦੇ ਭਗਵਾ ਝੰਡਾ ਲਹਿਰਾਇਆ ਗਿਆ ਹੈ? ਕੀ ਮਰਾਠਿਆਂ ਨੇ ਲਾਲ ਕਿਲ੍ਹੇ 'ਤੇ ਆਪਣਾ ਭਗਵਾ ਝੰਡਾ ਲਹਿਰਾਇਆ?
ਇਹ ਵੀ ਪੜ੍ਹੋ:
ਵੈਸੇ ਤਾਂ ਲਾਲ ਕਿਲ੍ਹੇ 'ਤੇ 26 ਜਨਵਰੀ ਨੂੰ ਜਿਸ ਤਰੀਕੇ ਨਾਲ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਗਿਆ ਉਹ ਸੰਕੇਤਕ ਹੀ ਸੀ ਪਰ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਦਾ ਇਤਿਹਾਸਿਕ ਸੰਦਰਭ ਰਿਹਾ ਹੈ।
1783 ਵਿੱਚ ਦਿੱਲੀ ਵਿੱਚ ਸ਼ਾਹ ਆਲਮ ਦੂਜੇ ਦਾ ਸ਼ਾਸਨ ਸੀ। ਖਾਲਸਾ ਪੰਥ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੱਚ ਦਿੱਲੀ ਦੇ ਤਖ਼ਤ ਨੂੰ ਚੁਣੌਤੀ ਦਿੱਤੀ। ਇਸ ਲੜਾਈ ਵਿੱਚ ਖ਼ਾਲਸਿਆਂ ਦੀ ਜਿੱਤ ਹੋਈ ਸੀ। ਇਸ ਨੂੰ ਉਸ ਸਮੇਂ "ਦਿੱਲੀ ਫਤਹਿ" ਕਿਹਾ ਗਿਆ ਸੀ।
ਇਸ ਦੇ ਪੰਜ ਸਾਲ ਬਾਅਦ, 1788 ਵਿੱਚ ਲਾਲ ਕਿਲ੍ਹੇ 'ਤੇ ਮਰਾਠਿਆਂ ਨੇ ਭਗਵਾ ਝੰਡਾ ਲਹਿਰਾਇਆ ਸੀ।
ਟਰੈਕਟਰ ਪਰੇਡ ਕਰ ਰਹੇ ਕਿਸਾਨਾਂ ਨੇ ਲਾਲ ਕਿਲਾ ’ਤੇ ਕੇਸਰੀ ਨਿਸ਼ਾਨ ਝੁਲਾਇਆ
ਹਾਲਾਂਕਿ ਮਰਾਠਾ ਮਹਾਦਿਜੇ ਸ਼ਿੰਦੇ ਦਿੱਲੀ ਦੇ ਮੁਗ਼ਲ ਬਾਦਸ਼ਾਹ ਨੂੰ ਸੁਰੱਖਿਆ ਦਿੱਤੀ ਸੀ। ਉਸ ਸਮੇਂ ਮੁਗ਼ਲ ਅਤੇ ਮਰਾਠਿਆਂ ਦੋਵਾਂ ਦੇ ਝੰਡੇ ਕੁਝ ਸਮੇਂ ਲਈ ਲਾਲ ਕਿਲ੍ਹੇ 'ਤੇ ਲਹਿਰਾਏ ਗਏ ਸਨ।
ਅਸਲ ਸੰਘਰਸ਼ ਦੇ ਸਮੇਂ ਕਿਸੇ ਸਥਾਨ 'ਤੇ ਝੰਡਾ ਲਹਿਰਾਉਣ ਦੀ ਸਿਆਸੀ ਅਹਿਮੀਅਤ ਹੁੰਦੀ ਹੈ, ਜਿਥੇ ਜਿਸਦਾ ਝੰਡਾ ਲਹਿਰਾਇਆ ਜਾਂਦਾ ਹੈ ਉਸ ਜਗ੍ਹਾ 'ਤੇ ਉਨ੍ਹਾਂ ਲੋਕਾਂ ਦਾ ਦਬਦਬਾ ਹੁੰਦਾ ਹੈ।
ਪਰ ਇਤਿਹਾਸਕਾਰ ਇੰਦਰਜੀਤ ਸਾਵੰਤ ਮੁਤਾਬਕ ਲਾਲ ਕਿਲ੍ਹੇ 'ਤੇ ਜਦੋਂ ਮਰਾਠਿਆਂ ਨੇ ਭਗਵਾ ਝੰਡਾ ਲਹਿਰਾਇਆ ਉਸ ਸਮੇਂ ਦਿੱਲੀ 'ਤੇ ਦਬਦਬੇ ਲਈ ਨਹੀਂ ਸੀ ਲਹਿਰਾਇਆ ਗਿਆ, ਬਲਕਿ ਦੋਸਤੀ ਲਈ ਅਜਿਹਾ ਕੀਤਾ ਗਿਆ ਸੀ।
ਅਜਿਹੇ ਹਾਲਾਤ ਵਿੱਚ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ 18ਵੀਂ ਸਦੀ ਵਿੱਚ ਮਰਾਠੇ ਕਾਫ਼ੀ ਪ੍ਰਭਾਵਸ਼ਾਲੀ ਸਨ, ਤਾਂ ਵੀ ਉਨ੍ਹਾਂ ਨੇ ਦਿੱਲੀ 'ਤੇ ਆਪਣਾ ਦਾਅਵਾ ਕਿਉਂ ਨਹੀਂ ਜਤਾਇਆ?
ਮੁਗ਼ਲਾਂ ਨੂੰ ਨਾਮ ਦੇ ਸ਼ਾਸਕ ਮੰਨਣ ਵਾਲੇ ਮਰਾਠੇ ਉਸ ਸਮੇਂ ਸੱਤਾ ਵਿੱਚ ਆਏ ਸਨ ਜਦੋਂ ਮੁਗ਼ਲਾਂ ਦਾ ਤਾਕਤ ਭਰਿਆ ਦੌਰ ਬੀਤ ਗਿਆ ਸੀ। ਔਰੰਗਜ਼ੇਬ ਦੇ ਜ਼ਮਾਨੇ ਵਿੱਚ ਮੁਗ਼ਲ ਸਲਤਨਤ ਉਸ ਸਿਖ਼ਰ 'ਤੇ ਸੀ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਤਸਵੀਰ ਸਰੋਤ, Getty Images
ਲਾਲ ਕਿਲੇ ਤੇ 26 ਜਨਵਰੀ ਨੂੰ ਧਾਰਮਿਕ ਝੰਡੇ ਨੂੰ ਲਗਾਉਣ ਦੀ ਆਲੋਚਨਾ ਹੋਈ ਹੈ
ਪਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸਲਤਨਤ ਢਹਿ ਢੇਰੀ ਹੋਣ ਲੱਗੀ ਅਤੇ ਬਾਅਦ ਵਿੱਚ ਇਹ ਸਿਰਫ਼ ਦਿੱਲੀ ਅਤੇ ਇਸ ਦੇ ਨੇੜੇ ਤੇੜੇ ਦੇ ਇਲਾਕਿਆਂ ਤੱਕ ਸਿਮਟ ਕੇ ਰਹਿ ਗਈ ਸੀ।
ਇਹ ਉਹ ਦੌਰ ਸੀ ਜਦੋਂ ਜਾਟ, ਰਾਜਪੂਤ, ਸਿੱਖ ਅਤੇ ਮਰਾਠੇ ਸਾਰੇ ਹੀ ਬਹੁਤ ਪ੍ਰਭਾਵਸ਼ਾਲੀ ਹੋ ਗਏ ਸਨ।
ਔਰੰਗਜ਼ੇਬ ਦੇ ਬਾਅਦ ਉਨ੍ਹਾਂ ਦੇ 65 ਸਾਲਾਂ ਦੇ ਬੇਟੇ ਬਹਾਦੁਰ ਸ਼ਾਹ (ਪਹਿਲੇ) ਦਿੱਲੀ ਦੇ ਤਖ਼ਤ 'ਤੇ ਬੈਠੇ।
ਉਨ੍ਹਾਂ ਨੇ ਨਾ ਤਾਂ ਸ਼ਾਹੂ ਮਹਾਰਾਜ ਅਤੇ ਨਾ ਹੀ ਤਾਰਾਬਾਈ ਦੇ ਸ਼ਾਸਨ ਨੂੰ ਸਵਿਕਾਰ ਕੀਤਾ। ਬਾਲਾਜੀ ਵਿਸ਼ਵਨਾਥ ਸ਼ਾਹੂ ਮਹਾਰਾਜ ਦੇ ਪੇਸ਼ਵਾ ਬਣੇ ਤਾਂ 1711 ਵਿੱਚ ਉਨ੍ਹਾਂ ਨੇ ਚੌਠਾਈ ਅਤੇ ਸਰਦੇਸ਼ਮੁਖ ਦੇ ਇਲਾਕੇ ਨੂੰ ਮੁਗ਼ਲਾਂ ਤੋਂ ਖੋਹ ਲਿਆ।
ਬਹਾਦੁਰ ਸ਼ਾਹ (ਪਹਿਲੇ) ਨੇ ਇੱਕ ਪਾਸੇ ਤਾਂ ਸ਼ਾਹੂ ਮਹਾਰਾਜ ਦੇ ਨਾਲ ਉਦਾਰਤਾ ਦਿਖਾਈ, ਇਸ ਦੇ ਬਦਲੇ ਵਿੱਚ ਸ਼ਾਹੂ ਮਹਾਰਾਜ ਆਪਣੀ ਸੈਨਾ ਦੇ ਜ਼ਰੀਏ ਦਿੱਲੀ ਦੀ ਸੁਰੱਖਿਆ ਲਈ ਤਿਆਰ ਹੋ ਗਏ।
ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਮੌਤ ਦੇ 39 ਸਾਲ ਬਾਅਦ ਮੁਗ਼ਲਾਂ ਅਤੇ ਮਰਾਠਿਆਂ ਦਾ ਸੰਘਰਸ਼ ਰੁਕ ਗਿਆ ਸੀ।
ਬਹਾਦੁਰ ਸ਼ਾਹ ਦੇ ਬਾਅਦ ਦਿੱਲੀ ਦੀ ਗੱਦੀ 'ਤੇ ਮਹੁੰਮਦ ਸ਼ਾਹ ਬੈਠੇ। ਉਹ ਕਈ ਸਾਲਾਂ ਤੱਕ ਦਿੱਲੀ ਦੇ ਸੁਲਤਾਨ ਰਹੇ ਪਰ ਇਰਾਨ ਤੋਂ ਆਏ ਨਾਦਰ ਸ਼ਾਹ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ।
1739 ਵਿੱਚ ਨਾਦਰ ਸ਼ਾਹ ਨੇ ਦਿੱਲੀ 'ਤੇ ਹਮਲਾ ਕੀਤਾ। ਕਰਨਾਲ ਵਿੱਚ ਨਾਦਰ ਸ਼ਾਹ ਅਤੇ ਮਹੁੰਮਦ ਸ਼ਾਹ ਦੀਆਂ ਸੈਨਾਵਾਂ ਵਿਚਾਲੇ ਟੱਕਰ ਹੋਈ।
ਤਸਵੀਰ ਸਰੋਤ, PENGUIN INDIA
ਔਰੰਗਜ਼ੇਬ ਦੇ ਜ਼ਮਾਨੇ ਵਿੱਚ ਮੁਗ਼ਲ ਸਲਤਨਤ ਸਿਖ਼ਰ 'ਤੇ ਸੀ
ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਹਰਾ ਦਿੱਤਾ। ਇਸ ਦੇ ਬਾਅਦ ਨਾਦਰ ਸ਼ਾਹ ਨੇ ਦਿੱਲੀ ਵਿੱਚ ਲੁੱਟ ਖੋਹ ਮਚਾਈ। ਇਸ ਦੌਰ ਵਿੱਚ ਕਰੀਬ 70 ਕਰੋੜ ਰੁਪਏ ਦੀ ਜਾਇਦਾਦ ਲੁੱਟ ਕੇ ਨਾਦਰ ਸ਼ਾਹ ਆਪਣੇ ਨਾਲ ਇਰਾਨ ਲੈ ਗਿਆ ਸੀ।
ਉਹ ਆਪਣੇ ਨਾਲ ਕੋਹੀਨੂਰ ਹੀਰਾ ਵੀ ਲੈ ਗਿਆ। ਹਾਲਾਂਕਿ ਉਸ ਨੇ ਮੁਹੰਮਦ ਸ਼ਾਹ ਨੂੰ ਸਿੰਧੂ ਦਰਿਆ ਦੀ ਸੀਮਾ ਤੱਕ ਰਾਜ ਕਰਨ ਲਈ ਛੱਡ ਦਿੱਤਾ ਸੀ।
ਇਸ ਘਟਨਾ ਦੇ ਬਾਅਦ ਹੀ ਮਰਾਠਾ ਸਰਦਾਰਾਂ ਅਤੇ ਈਸਟ ਇੰਡੀਆ ਕੰਪਨੀ ਨੂੰ ਲੱਗਿਆ ਸੀ ਕਿ ਦਿੱਲੀ ਦੀ ਸਲਤਨਤ ਕਮਜ਼ੋਰ ਹੋ ਚੁੱਕੀ ਹੈ।
ਮੁਹੰਮਦ ਸ਼ਾਹ ਦੀ ਮੌਤ 1748 ਵਿੱਚ ਹੋਈ। ਮੁਗ਼ਲ ਸਾਮਰਾਜ ਵਿੱਚ ਇਸ ਦੇ ਬਾਅਦ ਉਤਰਾਧਿਕਾਰ ਲਈ ਲੜਾਈ ਛਿੜ ਗਈ, ਇਸ ਦਾ ਵੀ ਵਿਰੋਧੀਆਂ ਨੂੰ ਫ਼ਾਇਦਾ ਹੋਇਆ ਸੀ।
ਤਸਵੀਰ ਸਰੋਤ, MUSEE GIMET PARIS
ਨਾਦਿਰ ਸ਼ਾਹ ਅਤੇ ਮੁੰਹਮਦ ਸ਼ਾਹ ਰੰਗੀਲਾ
ਇਸ ਤੋਂ ਬਾਅਦ ਦੇ ਸੇਨਾਪਤੀ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਦੀ ਸਲਤਨਤ ਨੂੰ ਕਈ ਵਾਰ ਲੁੱਟਿਆ।
ਪਾਣੀਪਤ ਨਾਲ ਬਦਲਿਆ ਭਾਰਤ ਦਾ ਇਤਿਹਾਸ
ਪਾਣੀਪਤ ਦੀ ਲੜਾਈ ਬਾਰੇ ਇੱਕ ਰੋਚਕ ਗੱਲ ਦੱਸੀ ਜਾਂਦੀ ਹੈ। ਇਹ ਲੜਾਈ ਇਸ ਗੱਲ ਲਈ ਨਹੀਂ ਸੀ ਕਿ ਭਾਰਤ 'ਤੇ ਕਿਸ ਦਾ ਸ਼ਾਸਨ ਹੋਵੇਗਾ ਬਲਕਿ ਇਸ ਗੱਲ ਲਈ ਸੀ ਕਿ ਕੌਣ ਸ਼ਾਸਨ ਨਹੀਂ ਕਰੇਗਾ। ਕਿਉਂਕਿ ਇਸ ਜੰਗ ਵਿੱਚ ਲੜਨ ਵਾਲੀਆਂ ਦੋਵਾਂ ਪਾਸਿਆਂ ਦੀਆਂ ਸੈਨਾਵਾਂ ਨੂੰ ਕੋਈ ਪ੍ਰਤੱਖ ਫ਼ਇਦਾ ਹੋਣ ਵਾਲਾ ਨਹੀਂ ਸੀ।
ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਾ ਦਿੱਲੀ 'ਤੇ ਸ਼ਾਸਨ ਨਹੀਂ ਕਰ ਸਕਦੇ ਸਨ ਪਰ ਦੋਵਾਂ ਸੈਨਾਵਾਂ ਨੂੰ ਇਸ ਜੰਗ ਵਿੱਚ ਨੁਕਸਾਨ ਹੋਇਆ ਅਤੇ ਦੋਵਾਂ ਦੀਆਂ ਸੀਮਾਵਾਂ ਘੱਟ ਹੋ ਗਈਆਂ ਸਨ।
ਇਹ ਹੀ ਕਾਰਨ ਸੀ ਕਿ ਦੋਵੇਂ ਫ਼ਿਰ ਤੋਂ ਜੰਗ ਦੀ ਤਿਆਰੀ ਵਿੱਚ ਜੁੱਟ ਗਏ ਸਨ।
1761 ਵਿੱਚ ਮਾਧਵਰਾਵ ਪੇਸ਼ਵਾ ਬਣੇ। ਆਪਣੀ 11 ਸਾਲਾਂ ਦੀ ਪੇਸ਼ੇਵਾਈ ਵਿੱਚ ਉਨ੍ਹਾਂ ਨੇ ਮਰਾਠਾ ਜੋਸ਼ ਦੇ ਸੁਨਿਹਰੀ ਦੌਰ ਨੂੰ ਮੁੜ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ।
ਮਾਧਵਰਾਵ ਨੇ ਨਿਜ਼ਾਮ ਨੂੰ ਹਰਾਇਆ। ਮੈਸੂਰ ਵਿੱਚ ਟੀਪੂ ਸੁਲਤਾਨ ਨੂੰ ਫ਼ਿਰੌਤੀ ਦੇਣ ਲਈ ਮਜ਼ਬੂਰ ਕੀਤਾ।
ਤਸਵੀਰ ਸਰੋਤ, Getty Images
ਅਹਿਮਦ ਸ਼ਾਹ ਅਬਦਾਲੀ
ਇਸ ਦੇ ਇਲਾਵਾ ਜਾਟ ਅਤੇ ਰਾਜਪੂਤ ਸ਼ਾਸਕਾਂ ਨਾਲ ਆਪਣੇ ਸਬੰਧ ਬਿਹਤਰ ਕੀਤੇ ਅਤੇ ਉੱਤਰ ਭਾਰਤ ਵਿੱਚ ਆਪਣੇ ਦਬਦਬੇ ਨੂੰ ਵਧਾਇਆ।
ਮਾਧਵਰਾਵ ਦੇ ਸ਼ਾਸਨ ਕਾਲ ਵਿੱਚ ਸਿਰਫ਼ ਸ਼ਾਹ ਆਲਮ ਦੂਜੇ ਨੂੰ ਪੇਸ਼ਵਾ ਪੈਨਸ਼ਨ ਦਿੰਦੇ ਸਨ। ਇਸ ਦੇ ਬਦਲੇ ਵਿੱਚ ਮਰਾਠਾ ਸ਼ਾਸਕਾਂ ਦਾ ਇੱਕ ਚੌਥਾਈ ਉੱਤਰ ਭਾਰਤ 'ਤੇ ਸ਼ਾਸਨ ਸੀ।
ਇੱਕ ਦੌਰ ਅਜਿਹਾ ਵੀ ਸੀ ਜਦੋਂ ਮਰਾਠਾ ਆਪਣੇ ਰਾਜ ਦੇ ਇੱਕ ਚੌਥਾਈ ਹਿੱਸੇ 'ਤੇ ਕਾਬਜ ਨਹੀਂ ਸਨ ਪਰ ਉਹ ਦੌਰ ਵੀ ਉਨ੍ਹਾਂ ਨੇ ਦੇਖਿਆ ਜਦੋਂ ਉੱਤਰ ਭਾਰਤ ਦੇ ਇੱਕ ਚੌਥਾਈ ਹਿੱਸੇ 'ਤੇ ਉਨ੍ਹਾਂ ਦਾ ਸ਼ਾਸਨ ਸੀ।
ਇਹ ਉਹ ਦੌਰ ਸੀ ਜਦੋਂ ਮਰਾਠਿਆਂ ਨੇ ਦਿੱਲੀ 'ਤੇ ਆਪਣਾ ਦਾਅਵਾ ਕੀਤਾ ਹੁੰਦਾ ਤਾਂ ਮੁਗ਼ਲ ਸ਼ਾਇਦ ਹੀ ਉਨ੍ਹਾਂ ਨੂੰ ਚੁਣੌਤੀ ਦੇਣ ਦੀ ਸਥਿਤੀ ਵਿੱਚ ਸਨ।
ਹਾਲਾਂਕਿ ਦਿੱਲੀ ਦੇ ਆਲੇ-ਦੁਆਲੇ ਦੇ ਸ਼ਾਸਕ ਜ਼ਰੂਰ ਮਰਾਠਿਆਂ ਦੇ ਖ਼ਿਲਾਫ਼ ਸੰਘਰਸ਼ ਕਰਦੇ।
ਸ਼ਾਇਦ ਇਹ ਹੀ ਵਜ੍ਹਾ ਹੋਵੇਗੀ ਕਿ ਮਰਠਿਆਂ ਨੇ ਦਿੱਲੀ 'ਤੇ ਦਾਅਵਾ ਨਾ ਕੀਤਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੰਗ ਛਿੜਨ 'ਤੇ ਆਲੇ-ਦੁਆਲੇ ਦੇ ਸ਼ਾਸਕ ਵਿਰੋਧ ਕਰਨਗੇ ਅਤੇ ਉਸ ਨਾਲ ਮਰਾਠਿਆਂ ਦੀ ਆਮਦਨ ਘੱਟ ਹੋਵੇਗੀ।
ਤਸਵੀਰ ਸਰੋਤ, Getty Images
ਮਾਧਵਰਾਵ ਦੀ ਮੌਤ 1772 ਵਿੱਚ ਹੋਈ। ਉਨ੍ਹਾਂ ਦੀ ਮੌਤ ਦੇ ਬਾਅਦ ਨਰਾਇਣਰਾਵ ਪੇਸ਼ਵਾ ਬਣੇ। 1773 ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਸਮੇਂ ਮਾਂ ਦੀ ਕੁੱਖ ਵਿੱਚ ਪਲ ਰਹੇ ਸਵਾਈ ਮਾਧਵਰਾਵ ਪੇਸ਼ਵਾ ਬਣੇ। ਉਹ ਇੱਕ ਦੁਰਘਟਨਾ ਵਿੱਚ ਮਾਰੇ ਜਾਣ ਤੋਂ ਪਹਿਲਾਂ ਸਾਲ 1795 ਤੱਕ ਪੇਸ਼ਵਾ ਰਹੇ।
ਮਹਾਦਜੀ ਸ਼ਿੰਦੇ ਦੀ ਰਣਨੀਤੀ
ਉੱਤਰ ਭਾਰਤ 'ਤੇ ਸ਼ਾਸਨ ਕਰਨ ਵਾਲੇ ਸਭ ਤੋਂ ਸ਼ਕਤੀਸ਼ਾਲੀ ਮਰਾਠਾ ਸ਼ਾਸਕ ਮਹਾਦਜੀ ਸ਼ਿੰਦੇ ਹੋਏ ਹਨ। 1788 ਵਿੱਚ ਰੋਹਿੱਲਾ ਸਰਦਾਰ ਗ਼ੁਲਾਮ ਕਾਦਿਰ ਨੇ ਮੁਗ਼ਲ ਸ਼ਾਸਕ ਸ਼ਾਹ ਆਲਮ ਨੂੰ ਬੰਧਕ ਬਣਾ ਲਿਆ।
ਸ਼ਾਹ ਆਲਮ ਨੇ ਭੱਜਕੇ ਮਹਾਦਜੀ ਸ਼ਿੰਦੇ ਦੀ ਮਦਦ ਮੰਗੀ। ਸ਼ਿੰਦੇ ਨੇ ਗੁ਼ਲਾਮ ਕਾਦਿਰ ਨੂੰ ਹਰਾਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ।
ਸ਼ਾਹ ਆਲਮ ਦੀ ਰੱਖਿਆ ਕਰਦੇ ਹੋਏ ਮਹਾਦਜੀ ਸ਼ਿੰਦੇ ਨੂੰ ਨੈਬ-ਏ-ਮੁਨੈਬ ਦੀ ਉਪਾਧੀ ਮਿਲੀ। ਮਹਾਦਜੀ ਸ਼ਿੰਦੇ ਕਾਫ਼ੀ ਤਾਕਤਵਰ ਸਨ ਪਰ ਉਨ੍ਹਾਂ ਦਾ ਜ਼ਿਆਦਾ ਸਮਾਂ ਨਾਨਾ ਫੜਨਵੀਸ ਦੇ ਮਤਭੇਦਾਂ ਵਿੱਚ ਗੁਜ਼ਰਿਆ।
ਉਨ੍ਹਾਂ ਦੀ ਇੰਦੌਰ ਦੇ ਹੋਲਕਰ ਸਿਆਸਤ ਨਾਲ ਵੀ ਨਹੀਂ ਸੀ ਬਣਦੀ। ਨਾਨਾ ਫੜਨਵੀਸ ਅਤੇ ਸ਼ਿੰਦੇ ਦੇ ਬਾਅਦ ਮਰਾਠਿਆਂ ਦੀ ਤਾਕਤ ਘੱਟ ਹੋਣ ਲੱਗੀ।
ਮਰਾਠਿਆਂ ਨੇ ਦਿੱਲੀ 'ਤੇ ਸ਼ਾਸਨ ਕਿਉਂ ਨਹੀਂ ਕੀਤਾ?
ਇਤਿਹਾਸਕਾਰ ਇੰਦਰਜੀਤ ਸਾਵੰਤ ਇਸ ਸਵਾਲ ਦੇ ਜਵਾਬ ਵਿੱਚ ਕਹਿੰਦੇ ਹਨ, "ਛੱਤਰਪਤੀ ਸ਼ਿਵਾਜੀ ਮਹਾਰਾਜ, ਛੱਤਰਪਤੀ ਸੰਭਾਵੀ ਮਹਾਰਾਜ ਅਤੇ ਮਹਾਰਾਣੀ ਤਾਰਾਬਾਈ ਦੇ ਬਾਅਦ ਕਿਸੇ ਵੀ ਮਰਾਠਾ ਸ਼ਾਸਕ ਦੀ ਦਿੱਲੀ ਵਿੱਚ ਰੁਚੀ ਨਹੀਂ ਸੀ।
ਉਹ ਸਿੱਧੇ ਤੌਰ 'ਤੇ ਦਿੱਲੀ 'ਤੇ ਰਾਜ ਕਰਨ ਦੇ ਚਾਹਵਾਨ ਨਹੀਂ ਸਨ। ਉਹ ਦਿੱਲੀ ਸਲਤਨਤ ਦਾ ਵਿਰੋਧ ਨਹੀਂ ਕਰ ਸਕੇ। ਸਦਾਸ਼ਿਵਰਾਵ ਭਾਓ ਪੇਸ਼ਵਾ ਅਤੇ ਮਹਾਦਜੀ ਸ਼ਿੰਦੇ ਕਾਫ਼ੀ ਤਾਕਤਵਰ ਸਨ, ਉਹ ਦਿੱਲੀ 'ਤੇ ਦਾਅਵਾ ਕਰ ਸਕਦੇ ਸਨ ਪਰ ਉਨ੍ਹਾਂ ਨੇ ਦਿੱਲੀ ਸਲਤਨਤ ਖ਼ਿਲਾਫ਼ ਵਿਰੋਧ ਨਹੀਂ ਕੀਤਾ।"
ਤਸਵੀਰ ਸਰੋਤ, Getty Images
ਦਿੱਲੀ 'ਤੇ ਮਰਾਠਿਆਂ ਦੇ ਪ੍ਰਭੁਤੱਵ ਬਾਰੇ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫ਼ੈਸਰ ਡਾ. ਅਨਿਰੁੱਧ ਦੇਸ਼ਪਾਂਡੇ ਨੇ ਦੱਸਿਆ, "18 ਵੀਂ ਸਦੀ ਵਿੱਚ, ਦੇਸ ਦੇ ਬਹੁਤੇ ਚਰਣਾਂ ਵਿੱਚ ਮਰਾਠਿਆਂ ਦਾ ਸ਼ਾਸਨ ਸੀ। ਇਸ ਨੂੰ ਤੁਸੀਂ ਤਿੰਨ ਹਿੱਸਿਆਂ ਵਿੱਚ ਦੇਖ ਸਕਦੇ ਹੋ। ਪਹਿਲੇ ਚਰਣ ਵਿੱਚ ਬਾਜੀਰਾਵ ਪੇਸ਼ਵਾ ਦਾ ਦੌਰ ਸੀ। ਉਨ੍ਹਾਂ ਨੇ ਦਿੱਲੀ ਸਲਤਨਤ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਸੀ।"
"ਇਸਦੇ ਬਾਅਦ ਦੂਜੇ ਚਰਣ ਵਿੱਚ ਸਦਾਸ਼ਿਵਰਾਵ ਭਾਊ ਪੇਸ਼ਵਾ ਦਾ ਦੌਰ ਸੀ। 1760 ਦੇ ਪਾਣੀਪਤ ਦੀ ਜੰਗ ਵਿੱਚ ਮਰਾਠਿਆਂ ਨੇ ਆਪਣੀ ਹਮਲਾਵਰ ਤਾਕਤ ਦਿਖਾਈ ਸੀ। ਦਿੱਲੀ, ਆਗਰਾ ਅਤੇ ਅਲੀਗੜ੍ਹ ਵਿੱਚ ਮਰਾਠਿਆਂ ਦਾ ਦਬਦਬਾ 1818 ਵਿੱਚ ਖ਼ਤਮ ਹੋ ਗਿਆ ਜਦੋਂ ਗੋਰਿਆਂ ਨੇ ਮਰਾਠਿਆਂ ਨੂੰ ਹਰਾ ਦਿੱਤਾ ਸੀ।"
ਡਾ. ਅਨਿਰੁੱਧ ਦੇਸ਼ਪਾਂਡੇ ਨੇ ਦੱਸਿਆ, "ਮਰਾਠਾ ਸ਼ਾਸਕਾਂ ਨੇ ਦਿੱਲੀ ਦੀ ਸਲਨਤ 'ਤੇ ਕਾਬਜ ਹੋਣ ਜਾਂ ਮੁਗ਼ਲਾਂ ਨੂੰ ਹਟਾਉਣ ਬਾਰੇ ਸ਼ਾਇਦ ਕਦੀ ਨਹੀਂ ਸੋਚਿਆ, ਕਦੇ ਕੋਸ਼ਿਸ਼ ਵੀ ਨਹੀਂ ਕੀਤੀ। ਮਰਾਠਾ ਹਮੇਸ਼ਾਂ ਉਨ੍ਹਾਂ ਦੇ ਸਲਾਹਕਾਰ ਬਣੇ ਰਹੇ। ਲੋਕਾਂ ਦੀਆਂ ਨਜ਼ਰਾਂ ਵਿੱਚ ਮੁਗ਼ਲ ਸ਼ਾਸਕ ਸਨ ਤੇ ਮਰਾਠਾ ਉਨ੍ਹਾਂ ਦੇ ਨਾਮ 'ਤੇ ਆਪਣਾ ਕੰਮ ਕਰਵਾਉਂਦੇ ਰਹੇ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: