ਕਿਸਾਨ ਅੰਦੋਲਨ: ਕਿਸਾਨ ਏਕਤਾ ਮੋਰਚਾ ਨੂੰ ਕੇਜਰੀਵਾਲ ਨੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਮਦਦ ਲਈ ਕੀ ਭਰੋਸੇ ਦਿੱਤੇ

ਸਿੰਘੂ ਬਾਰਡਰ

ਤਸਵੀਰ ਸਰੋਤ, REUTERS/Adnan Abidi

ਕਿਸਾਨਾਂ ਨੂੰ ਰੋਕਣ ਲਈ ਸਿੰਘੂ, ਗਾਜ਼ੀਪੁਰ, ਟਿਕਰੀ ਵਿੱਚ ਘੇਰਾਬੰਦੀ ਕੀਤੀ ਜਾ ਰਹੀ ਹੈ। ਇਸ ਪੰਨੇ ਰਾਹੀਂ ਕਿਸਾਨ ਅੰਦੋਲਨ ਸਬੰਧੀ ਅਪਡੇਟ ਦੇਵਾਂਗੇ।

ਕਿਸਾਨ ਸੰਯੁਕਤ ਮੋਰਚਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਦਿੱਲੀ ਦੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਸੰਯੁਕਤ ਮੋਰਚਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ 115 ਲੋਕਾਂ ਦੇ ਜੇਲ੍ਹ ਵਿੱਚ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:

ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਭਰੋਸਾ ਦਿਵਾਇਆ ਹੈ ਕਿ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੋਵੇਗਾ, ਉਹ ਕਰਨਗੇ ਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਕੰਮ ਕਰਨ ਲਈ ਕਹਿਣਗੇ।

ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਉਨ੍ਹਾਂ ਲਈ ਮੈਡੀਕਲ ਬੋਰਡ ਬਣਾਉਣ ਦੀ ਮੰਗ ਨੂੰ ਮੰਨ ਲਿਆ ਹੈ। ਮੋਰਚੇ ਅਨੁਸਾਰ ਜੇਲ੍ਹ ਵਿੱਚ ਬੰਦ ਹੋਏ ਲੋਕਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।

ਪੰਜਾਬ ਵਿਧਾਨ ਸਭਾ ’ਚ ਤਿੰਨ ਖੇਤੀ ਕਾਨੂੰਨਾਂ ਮੁੜ ਰੱਦ ਕਰਨ ਦਾ ਐਲਾਨ

ਚੰਡੀਗੜ੍ਹ ਵਿੱਚ ਕਿਸਾਨਾਂ ਦੇ ਮੁੱਦੇ 'ਤੇ ਸਰਬ ਪਾਰਟੀ ਬੈਠਕ ਹੋਈ। ਇਸ ਮੀਟਿੰਗ ਵਿੱਚ ਕੁਝ ਅਹਿਮ ਫ਼ੈਸਲੇ ਲਏ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਰਕਾਰ ਸੂਬਾ ਸੋਧ ਬਿੱਲ ਲੈ ਕੇ ਆਵੇਗੀ ਤਾਂ ਜੋ ਵਿਧਾਨ ਸਭਾ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਰੱਦ ਕੀਤਾ ਜਾ ਸਕੇ ਕਿਉਂਕਿ ਰਾਜਪਾਲ ਰਾਸ਼ਟਰਪਤੀ ਨੂੰ ਪਹਿਲਾਂ ਵਾਲੇ ਬਿੱਲ ਭੇਜਣ ਵਿੱਚ ਅਸਮਰਥ ਰਹੇ ਹਨ।

ਉਨ੍ਹਾਂ ਨੇ ਕਿਹਾ, "ਅਸੀਂ ਮੁੜ ਕਾਨੂੰਨ ਲੈ ਕੇ ਆਵਾਂਗੇ ਕਿਉਂਕਿ ਸੰਵਿਧਾਨ ਕਹਿੰਦਾ ਹੈ ਕਿ ਜੇਕਰ ਕਾਨੂੰਨ ਦੋ ਵਾਰ ਵਿਧਾਨ ਸਭਾ ਵੱਲੋਂ ਪਾਸ ਹੋ ਜਾਂਦਾ ਹੈ ਤਾਂ ਉਸ ਰਾਜਪਾਲ ਵੱਲੋਂ ਰਾਸ਼ਟਰਪਤੀ ਨੂੰ ਭੇਜਿਆ ਜਾਣਾ ਚਾਹੀਦਾ ਹੈ। ਰਾਜਪਾਲ ਰੋਕ ਨਹੀਂ ਸਕਦੇ।"

"ਪ੍ਰਧਾਨ ਮੰਤਰੀ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅਤੇ ਕਿਸਾਨ ਅੰਦੋਲਨ ਬਾਰੇ ਕੇਂਦਰੀ ਗ੍ਰਹਿ ਮੰਤਰੀ ਨਾਲ ਲਗਾਤਾਰ ਸੰਪਰਕ ਵਿੱਚ ਹਨ।"

ਤਸਵੀਰ ਸਰੋਤ, Punjab govt

ਸਰਬ ਪਾਰਟੀ ਦਾ ਇੱਕ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ

ਦਿੱਲੀ ਵਿੱਚ ਹਿੰਸਾ ਦੀ ਨਿੰਦਾ ਕਰਦਿਆਂ ਬੈਠਕ ਵਿੱਚ ਫ਼ੈਸਲਾ ਲਿਆ ਗਿਆ ਕਿ ਸਰਬ ਪਾਰਟੀ ਦਾ ਇੱਕ ਵਫ਼ਦ ਕਿਸਾਨੀ ਅੰਦੋਲਨ ਦੀਆਂ ਚਿੰਤਾਵਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਵੇਗਾ।

ਬੈਠਕ ਵਿੱਚ ਲਾਲ ਕਿਲ੍ਹੇ ਦੀ ਘਟਨਾ ਲਈ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਲਈ ਉਚਿਤ ਨਿਆਂਇਕ ਜਾਂਚ ਦੀ ਮੰਗ ਕੀਤੀ

ਹਾਲਾਂਕਿ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਬਾਰਡਰਾਂ 'ਤੇ ਪੰਜਾਬ ਪੁਲਿਸ ਦੀ ਤੈਨਾਤੀ ਦੀ ਮੰਗ ਨੂੰ ਲੈ ਕੇ ਵਿਚਾਲੇ ਹੀ ਇਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ।

ਇਸ ਦੇ ਜਵਾਬ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ, "ਅਸੀਂ ਸੂਬਿਆਂ ਲਈ ਸੰਘ ਸ਼ਕਤੀਆਂ ਲਈ ਗੱਲ ਕਰਦੇ ਹਾਂ, ਤਾਂ ਅਸੀਂ ਇੰਝ ਕਿਵੇਂ ਕਰ ਸਕਦੇ ਹਾਂ?"

ਜੇਕਰ ਤੁਹਾਡੇ ਸੂਬੇ ਵਿੱਚ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਪੁਲਿਸ ਆ ਜਾਵੇ ਤਾਂ ਤੁਸੀਂ ਕੀ ਕਰੋਗੇ?"

26 ਜਨਵਰੀ ਦੀ ਟਰੈਕਟਰ ਪਰੇਡ ਲਈ ਐੱਨਆਈਏ ਜਾਂਚ ਦੀ ਮੰਗ

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਜਨਵਰੀ ਨੂੰ ਕੱਢੀ ਗਈ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਨੂੰ ਲੈ ਕੇ ਸੁਪੀਰਮ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ, ਜਿਸ ਵਿੱਚ ਐੱਨਆਈਏ ਯਾਨਿ ਨੈਸ਼ਨਲ ਇੰਸਵੈਸਟੀਗੇਸ਼ਨ ਏਜੰਸੀ ਕੋਲੋਂ ਜਾਂਚ ਦੀ ਮੰਗ ਕੀਤੀ ਹੈ।

ਮੰਗ ਵਿੱਚ ਕਿਹਾ ਗਿਆ ਹੈ ਪਰੇਡ ਦੀ ਰਾਜਧਾਨੀ ਦਿੱਲੀ ਵਿੱਚ ਦਾਖ਼ਲ ਹੋਣ ਦੀ ਸੱਚਾਈ ਬਾਰੇ ਏਜੰਸੀ ਪਤਾ ਲਗਾਏ।

ਇਹ ਪਟੀਸ਼ਨ ਸਮਾਜਕ ਕਾਰਕੁਨਕੇਕੇ ਰਮੇਸ਼ ਨੇ ਪਾਈ ਹੈ ਅਤੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਅੰਦੋਲਨ ਅਤੇ ਸਿਆਸੀ, ਧਾਰਮਿਕ ਜਾਂ ਗ਼ੈਰ-ਧਾਰਮਿਕ ਜਲੂਸਾਂ ਬਾਰੇ ਸਖ਼ਤ ਨਿਯਮ ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਇਸ ਵਿੱਚ ਅਦਾਲਤ ਕੋਲੋਂ ਇਹ ਵੀ ਮੰਗ ਕੀਤੀ ਗਈ ਹੈ ਇਨ੍ਹਾਂ ਤਿੰਨੇ ਕਾਨੂੰਨਆਂ 'ਤੇ ਫ਼ੈਸਲਾ ਆਉਣ ਤੱਕ ਇਨ੍ਹਾਂ ਦੇ ਹੱਕ ਜਾਂ ਵਿਰੋਧ ਵਿੱਚ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਈ ਜਾਵੇ।

ਇਸ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖ਼ਾਲਿਸਤਾਨੀ ਪੱਖੀ ਗਰੁੱਪ ਕੈਨੇਡਾ ਤੇ ਯੂਕੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸਤ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੱਤਰਕਾਰ ਮਨਦੀਪ ਪੂਨੀਆ ਨੂੰ ਮਿਲੀ ਜ਼ਮਾਨਤ

30 ਜਨਵਰੀ ਦੀ ਸ਼ਾਮ ਸਿੰਘੂ ਬਾਰਡਰ ਤੋਂ ਹਿਰਾਸਤ ਵਿੱਚ ਲਏ ਗਏ ਪੱਤਰਕਾਰ ਮਨਦੀਪ ਪੂਨੀਆ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

ਤਸਵੀਰ ਸਰੋਤ, SM Viral

ਤਸਵੀਰ ਕੈਪਸ਼ਨ,

ਸਿੰਘੂ ਬਾਰਡਰ 'ਤੇ ਮਨਦੀਪ ਪੂਨੀਆ ਨੂੰ ਫੜ ਕੇ ਲਿਜਾਂਦੀ ਪੁਲਿਸ

ਮਨਦੀਪ ਪੂਨੀਆ ਨੂੰ ਅਦਾਲਤ ਨੇ ਜ਼ਮਾਨਤ ਦੇਣ ਵੇਲੇ ਕੀ ਕਿਹਾ

ਅਦਾਲਤ ਨੇ ਪੂਨੀਆ ਨੂੰ ਛੱਡਣ ਵੇਲੇ ਕਿਹਾ ਕਿ ਕਥਿਤ ਹੱਥੋਪਾਈ ਦਾ ਮਾਮਲਾ ਸ਼ਾਮ ਕਰੀਬ 6.30 ਵਜੇ ਦਾ ਹੈ ਜਦ ਕਿ ਐੱਫਆਈਆਰ ਅਗਲੇ ਦਿਨ 1.21 ਵਜੇ ਦਰਜ ਕੀਤੀ ਗਈ ਹੈ।

ਇਸ ਤੋਂ ਇਲਾਵਾ, ਸ਼ਿਕਾਇਤਕਰਤਾ, ਪੀੜਤ ਅਤੇ ਗਵਾਹ ਸਿਰਫ਼ ਪੁਲਿਸ ਹੀ ਹੈ, ਇਸ ਕਰਕੇ ਅਜਿਹੀ ਕੋਈ ਸੰਭਾਵਨਾ ਨਹੀਂ ਹੈ ਕਿ ਮੁਲਜ਼ਮ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੋਵੇ।

ਮੁਲਜ਼ਮ ਇੱਕ ਫਰੀਲਾਂਸ ਪੱਤਰਕਾਰ ਹੈ ਅਤੇ ਉਨ੍ਹਾਂ ਕੋਲੋਂ ਅਜਿਹੀ ਕੋਈ ਵਸੂਲੀ ਨਹੀਂ ਹੋਈ, ਜਿਸ ਕਰਕੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਰੱਖਿਆ ਜਾ ਸਕੇ।

ਮਨਦੀਪ ਪੂਨੀਆ ਅਤੇ ਧਰਮਿੰਦਰ ਸਿੰਘ, ਸਿੰਘੂ ਬਾਰਡਰ ਉੱਤੇ ਦਿੱਲੀ ਪੁਲਿਸ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਸਖ਼ਤੀ ਕਰਨ ਦੇ ਵੀਡੀਓ ਬਣਾ ਰਹੇ ਸਨ।

ਦੋਵਾਂ ਨੂੰ ਪੁਲਿਸ ਨੇ ਸ਼ਨੀਵਾਰ 30 ਜਨਵਰੀ ਦੀ ਸ਼ਾਮ ਕਰੀਬ 7 ਵਜੇ ਫੜ ਲਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਪੁਲਿਸ ਵੱਲੋਂ ਮਨਦੀਪ ਪੂਨੀਆ ਨੂੰ ਜ਼ੋਰ ਜ਼ਬਰਦਸਤੀ ਨਾਲ ਫੜੇ ਹੋਏ ਦਾ ਵੀਡੀਓ ਵੀ ਸ਼ੂਟ ਕੀਤਾ।

ਕਿੱਲਾਂ ਦੀ ਬੈਰੀਕੇਡਿੰਗ ਬਾਰੇ ਦਿੱਲੀ ਪੁਲਿਸ ਨੇ ਕੀ ਕਿਹਾ?

ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸ ਐੱਨ ਸ਼੍ਰੀਵਾਸਤਵ ਨੇ ਟਿਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰ 'ਤੇ ਲਗਾਈ ਸਖ਼ਤ ਬੈਰੀਕੇਡਿੰਗ ਬਾਰੇ ਆਪਣਾ ਪ੍ਰਤੀਕਰਮ ਦਿੱਤਾ।

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਆਖਿਰ ਕਿਉਂ ਇੰਨੀ ਸਖ਼ਤ ਬੈਰੀਕੇਡਿੰਗ ਕਰਨੀ ਪਈ ਤਾਂ ਉਨ੍ਹਾਂ ਕਿਹਾ, "ਜਦੋਂ 26 ਜਨਵਰੀ ਨੂੰ ਕਿਸਾਨ ਟਰੈਕਟਰ ਲੈ ਕੇ ਦਿੱਲੀ ਪੁਲਿਸ ਦੇ ਜਵਾਨਾਂ 'ਤੇ ਚੜ੍ਹੇ ਅਤੇ ਬੈਰੀਕੇਡਿੰਗ ਤੋੜੀ ਤਾਂ ਤੁਸੀਂ ਇਹ ਸਵਾਲ ਕਿਉਂ ਨਹੀਂ ਕੀਤਾ।"

"ਅਸੀਂ ਉੱਥੇ ਬੈਰੀਕੇਡਿੰਗ ਨੂੰ ਮਜ਼ਬੂਤ ਕੀਤਾ ਹੈ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕੀਤਾ ਹੈ।"

ਅੰਦੋਲਨ ਦੀ ਤਾਕਤ ਵਧਾਉਣ ਵਾਸਤੇ ਯਤਨਸ਼ੀਲ ਰਹਾਂਗੇ: ਸਿਮਰਜੀਤ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਾਰਾ ਕੁਝ ਪ੍ਰਾਪਤ ਹੋਣ ਨਾਲੋਂ ਕੁਝ ਪ੍ਰਾਪਤ ਹੋਇਆ ਚੰਗਾ ਹੁੰਦਾ।

ਤਸਵੀਰ ਸਰੋਤ, ANI

"ਅਸੀਂ ਸਾਰੇ ਕਿਸਾਨ ਅੰਦੋਲਨ ਵਾਸਤੇ ਸਮਰਪਿਤ ਹਾਂ, ਅਸੀਂ ਕਿਸਾਨ ਅੰਦੋਲਨ ਦੀ ਤਾਕਤ ਵਧਾਉਣ ਵਾਸਤੇ ਕੁਝ ਕਰ ਸਕਦੇ ਹੋਏ ਤਾਂ ਕਰਾਂਗੇ। ਪ੍ਰਧਾਨ ਮੰਤਰੀ ਕੋਲੋਂ ਸਮਾਂ ਲੈ ਕੇ ਪੰਜਾਬ ਦੀ ਸਾਰੀ ਰਾਜਸੀ ਜਮਾਤ ਉਨ੍ਹਾਂ ਮਿਲਣ ਜਾਊਗੀ। ਅਸੀਂ ਆਪੋ-ਆਪਣੀ ਸਮਰਥਾ ਮੁਤਾਬਕ ਇਸ ਅੰਦੋਲਨ ਦੀ ਤਾਕਤ ਵਧਾਉਣ ਵਾਸਤੇ ਯਤਨਸ਼ੀਲ ਰਹਾਂਗੇ।"

ਆਪ ਵੱਲੋਂ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ

ਸਰਬ ਪਾਰਟੀ ਬੈਠਕ ਦਾ ਬਾਈਕਾਟ ਕਰ ਕੇ ਬਾਹਰ ਨਿਕਲੇ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਨੇ ਕਿਹਾ, "ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਕਿਸਾਨ ਜਿੱਥੇ ਵੀ ਸਰਹੱਦਾਂ 'ਤੇ ਬੈਠੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਸੁਰੱਖਿਆ ਮੁਹੱਈਆ ਕਰਵਾਏ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਅੱਜ ਹੀ ਐਲਾਨ ਕਰਨ ਤੇ ਜੇਕਰ ਉਹ ਮਿਲਣਗੇ ਤਾਂ ਉਨ੍ਹਾਂ ਦੇ ਘਰ ਦੇ ਅੱਗੇ ਸਾਰੀਆਂ ਪਾਰਟੀਆਂ ਧਰਨਾ ਦੇਣਗੀਆਂ।"

"ਪਰ ਮੁੱਖ ਮੰਤਰੀ ਇਸ ਨੂੰ ਟਾਲ-ਮਟੋਲ ਕਰ ਰਹੇ ਸੀ ਜਿਸ ਕਰਕੇ ਅਸੀਂ ਬੈਠਕ ਦਾ ਬਾਈਕਾਟ ਕਰਕੇ ਬਾਹਰ ਆ ਗਏ।"

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, "ਮੈਂ ਮੰਗ ਕਰਦਾ ਹਾਂ ਕਿ ਇਸ ਵਿੱਚ ਪੈਰਾਮਿਲਟਰੀ ਫੋਰਸਾਂ ਲਗਾਈਆਂ ਜਾਣ।"

ਭਗਵੰਤ ਮਾਨ ਨੇ ਕੈਪਟਨ ਨੂੰ ਕਿਹਾ 'ਤੁਹਾਨੂੰ ਕਿਸਾਨਾਂ ਨਾਲ ਸਰਹੱਦਾਂ 'ਤੇ ਹੋਣਾ ਚਾਹੀਦਾ ਹੈ'

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਨਿਸ਼ਾਨਾ ਲਗਾਇਆ ਹੈ।

ਭਗਵੰਤ ਮਾਨ ਨੇ ਕਿਹਾ, "ਕੈਪਟਨ ਅਮਰਿੰਦ ਸਿੰਘ ਤੁਸੀਂ ਮੁੱਖ ਮੰਤਰੀ ਹੋ, ਤੁਹਾਨੂੰ ਕਿਸਾਨਾਂ ਦੇ ਨਾਲ ਦਿੱਲੀ ਦੀਆਂ ਸਰਹੱਦਾਂ 'ਤੇ ਹੋਣਾ ਚਾਹੀਦਾ ਸੀ। ਤੁਸੀਂ ਕਿਸਾਨਾਂ ਲਈ ਹੈਲਪ ਡੈਸਕ ਕਿਉਂ ਨਹੀਂ ਬਣਾਉਂਦੇ ਤੇ ਉਨ੍ਹਾਂ ਦੇ ਨਾਲ ਕੈਂਪਾਂ ਵਿੱਚ ਕਿਉਂ ਨਹੀਂ ਜਾਂਦੇ।"

ਮ੍ਰਿਤਕ ਕਿਸਾਨਾਂ ਲਈ ਦੋ ਮਿੰਟ ਦਾ ਮੌਨ

ਚੰਡੀਗੜ੍ਹ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਆਲ ਪਾਰਟੀ ਮੀਟਿੰਗ ਹੋ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਹੈਂਡਲ ਤੋਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ।

ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਅੰਦਲੋਨ ਦੌਰਾਨ ਮਾਰੇ ਗਏ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Capt. Amarinder Singh/tweet

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਸਾਡੇ ਕਿਸਾਨਾਂ ਦੀ ਇਸ ਤਰ੍ਹਾਂ ਮੌਤ ਹੋ ਰਹੀ ਹੈ, ਇਹ ਕਾਫ਼ੀ ਦੁੱਖ ਦੇਣ ਵਾਲਾ ਹੈ। ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੌਰਾਨ 88 ਕਿਸਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਮੌਤ ਹੋ ਗਈ। ਉਨ੍ਹਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਅਤੇ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ।"

ਰਾਜ ਸਭਾ ਵਿੱਚ ਕੱਲ੍ਹ ਹੋਵੇਗੀ ਕਿਸਾਨਾਂ ਦੇ ਮੁੱਦੇ 'ਤੇ ਚਰਚਾ

ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੁੱਦੇ 'ਤੇ ਚਰਚਾ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕਾਫ਼ੀ ਹੰਗਾਮਾ ਹੋਇਆ।

ਜਿਸ ਤੋਂ ਬਾਅਦ ਰਾਜਸਭਾ ਸਪੀਕਰ ਵੈਂਕਈਆ ਨਾਇਡੂ ਨੇ ਕਿਹਾ ਕਿ ਇਸ 'ਤੇ ਬੁੱਧਵਾਰ ਨੂੰ ਚਰਚਾ ਹੋਵੇਗੀ।

ਹਾਲਾਂਕਿ ਹੰਗਾਮੇ ਵਿਚਾਲੇ 10:30 ਵਜੇ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਰਾਜ ਸਭਾ ਦੀ ਕਾਰਵਾਈ ਫਿਰ ਤੋਂ ਸ਼ੁਰੂ ਹੋਈ ਪਰ ਫਿਰ 11:30 ਵਜੇ ਤੱਕ ਸਦਨ ਮੁਲਤਵੀ ਕਰ ਦਿੱਤਾ ਗਿਆ।

ਵੇਂਕਈਆ ਨਾਇਡੂ ਨੇ ਕਿਹਾ, "ਮੈਂ ਦੁਹਰਾਇਆ ਹੈ ਕਿ ਖੇਤੀ ਕਾਨੂੰਨਾਂ ਬਾਰੇ ਸਦਨ ਵਿੱਚ ਵਿਚਾਰ-ਵਟਾਂਦਰਾ ਹੋਇਆ ਸੀ। ਇਹ ਗਲਤ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਕਿ ਇਸ ਮੁੱਦੇ 'ਤੇ ਕੋਈ ਗੱਲਬਾਤ ਨਹੀਂ ਹੋਈ। ਵੋਟਿੰਗ ਦੇ ਸਬੰਧ ਵਿੱਚ ਸਭ ਦੀਆਂ ਆਪਣੀਆਂ ਦਲੀਲਾਂ ਹੋ ਸਕਦੀਆਂ ਹਨ ਪਰ ਹਰ ਪਾਰਟੀ ਨੇ ਆਪਣਾ ਹਿੱਸਾ ਪੂਰਾ ਕਰ ਲਿਆ ਸੀ ਅਤੇ ਸੁਝਾਅ ਦਿੱਤੇ ਸਨ।"

ਗਾਜ਼ੀਪੁਰ ਬਾਰਡਰ 'ਤੇ ਕਿਵੇਂ ਕੀਤੀ ਘੇਰਾਬੰਦੀ

ਗਾਜ਼ੀਪੁਰ ਬਾਰਡਰ ਤੇ ਇੱਕ ਪਾਸੇ ਕਿਸਾਨਾਂ ਦੀ ਭੀੜ ਵੱਧਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਪੁਲਿਸ ਨੇ ਕਈ ਪੱਧਰ ਦੀ ਘੇਰਾਬੰਦੀ ਕੀਤੀ ਹੋਈ ਹੈ।

ਬੈਰੀਕੇਡ ਲਾਉਣ ਤੋਂ ਇਲਾਵਾ ਲੋਹੇ ਦੀਆਂ ਕੀਲਾਂ ਵੀ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕੰਡਿਆਲੀ ਤਾਰਾਂ ਵੀ ਦੇਖੀਆਂ ਜਾ ਸਕਦੀਆਂ ਹਨ।

ਪਰ ਕਿਸਾਨਾਂ ਦਾ ਦਾਅਵਾ ਹੈ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਇੱਥੇ ਬਣੇ ਰਹਿਣਗੇ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਤਸਵੀਰ ਗਾਜ਼ੀਪੁਰ ਬਾਰਡਰ ਦੀ ਹੈ

ਤਸਵੀਰ ਸਰੋਤ, ANI

ਸਿੰਘੂ ਬਾਰਡਰ 'ਤੇ ਸੁਰੱਖਿਆ ਮੁਲਾਜ਼ਮ

ਹਰਿਆਣਾ ਦੇ ਨਾਲ ਲੱਗਦੇ ਸਿੰਘੂ ਬਾਰਡਰ 'ਤੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਹੈ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਸਿੰਘੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਹਨ

ਬਾਰਡਰਾਂ ਦੀ ਘੇਰਾਬੰਦੀ

ਦਿੱਲੀ ਦੇ ਨਾਲ ਲੱਗਦੇ ਤਿੰਨਾਂ ਬਾਰਡਰਾਂ-ਗਾਜ਼ੀਪੁਰ, ਸਿੰਧੂ ਤੇ ਟਿਕਰੀ 'ਤੇ ਸੋਮਵਾਰ ਦੀ ਸਵੇਰ ਤੋਂ ਪੁਲਿਸ ਨੇ ਰਾਹ ਬੰਦ ਰੱਖਿਆ ਹੋਇਆ ਹੈ ਜਿਸ ਦੇ ਤਹਿਤ ਇਨ੍ਹਾਂ ਤਿੰਨਾਂ ਰੂਟਾਂ 'ਤੇ ਟਰੈਫਿਕ ਜਾਮ ਦੇ ਹਾਲਾਤ ਵੇਖਣ ਨੂੰ ਮਿਲੇ।

ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਥਾਵਾਂ 'ਤੇ ਦਿੱਲੀ ਦੀ ਸਰਹੱਦ ਵੱਲ ਕਾਫੀ ਬੈਰੀਕੇਡਿੰਗ ਕੀਤੀ ਗਈ ਹੈ। ਦਿੱਲੀ ਵਲੋਂ ਸਿੰਘੂ ਬਾਰਡਰ ਵੱਲ ਜਾਂਦਿਆਂ ਦੋ ਕਿਲੋਮੀਟਰ ਪਹਿਲਾਂ ਤੋਂ ਹੀ ਬੈਰੀਕੇਡ ਲਗਾ ਦਿੱਤੇ ਗਏ ਹਨ।

ਇਸ ਵਿੱਚ ਚੋਣਵੀਆਂ ਗੱਡੀਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਪਰ ਮੀਡੀਆ ਦੀਆਂ ਗੱਡੀਆਂ ਨੂੰ ਨਹੀਂ ਜਾਣ ਦਿੱਤਾ ਜਾਂਦਾ। ਸਿੰਘੂ ਬਾਰਡਰ ਦੇ ਨੇੜੇ ਸੜਕ ਪੂਰੀ ਤਰ੍ਹਾਂ ਪੁੱਟ ਦਿੱਤੀ ਗਈ ਹੈ।

ਵੀਡੀਓ ਕੈਪਸ਼ਨ,

ਸਿੰਘੂ ਬਾਰਡਰ ਤੇਂ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ: ਸਰਕਾਰ ਨੂੰ ਅਪੀਲ ਹੈ, ਮੇਰੇ ਪੁੱਤ ਨੂੰ ਛੁਡਾ ਦਿਓ

ਗਾਜ਼ੀਪੁਰ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਐਤਵਾਰ ਸ਼ਾਮ ਤੋਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਯੂਪੀ ਵੱਲੋਂ ਦਿੱਲੀ ਜਾਣ ਵਾਲੇ ਸਾਰੇ ਰਸਤਿਆਂ 'ਤੇ ਕਈ ਤਰੀਕਿਆਂ ਦੇ ਬਾੜ ਲਗਾ ਦਿੱਤੇ ਗਏ ਹਨ। ਇੱਥੋਂ ਤੱਕ ਕਿ ਪੈਦਲ ਜਾਣ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਹਨ।

ਟਿਕਰੀ ਬਾਰਡਰ ਤੋਂ ਪੁਲਿਸ ਨੇ ਕੰਕਰੀਟ ਦੇ ਸਲੈਬ ਲਗਾਏ ਹਨ। ਇਸ ਦੇ ਨਾਲ ਹੀ ਸੜਕ 'ਤੇ ਨੁਕੀਲੇ ਸਰੀਏ ਵੀ ਗੱਡੇ ਹਨ ਤਾਂ ਜੋ ਵਾਹਨ ਪਾਰ ਨਾ ਕਰ ਸਕਣ। ਇਸ ਤੋਂ ਇਲਾਵਾ ਇੰਟਰਨੈੱਟ ਬੈਨ ਨੂੰ ਵੀ ਸਰਕਾਰ ਨੇ ਦੋ ਫਰਵਰੀ ਤੱਕ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)