ਟੋਕੀਓ ਓਲੰਪਿਕ ਵਿੱਚ ਭਾਰਤ ਦੀ ਆਸ ਪੀਵੀ ਸਿੰਧੂ ਅਤੇ ਮੈਰੀ ਕੌਮ - ਪੀਟੀ ਊਸ਼ਾ

ਊਸ਼ਾ

ਜਦੋਂ ਓਲੰਪਿਕ ਨਜ਼ਦੀਕ ਆ ਰਹੇ ਹਨ, ਭਾਰਤੀ ਖੇਡ ਹਸਤੀ ਪੀਟੀ ਊਸ਼ਾ ਮਹਿਸੂਸ ਕਰਦੇ ਹਨ ਕਿ ਭਾਰਤ ਨੂੰ ਪੀਵੀ ਸਿੰਧੂ ਅਤੇ ਐੱਮਸੀ ਮੈਰੀ ਕੌਮ ਤੋਂ ਤਗਮੇ ਜਿੱਤਣ ਦੀ ਆਸ ਹੈ।

ਪੀਟੀ ਊਸ਼ਾ ਨੇ ਬੀਬੀਸੀ ਨਾਲ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਗੱਲਾਬਤ ਕੀਤੀ।

ਬੀਬੀਸੀ ਦੁਆਰਾ ਕਰਵਾਈ ਗਈ ਇਸ ਪ੍ਰੈਸ ਕਾਨਫ਼ਰੰਸ ਵਿੱਚ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ 2020 ਐਵਾਰਡ ਦੀਆਂ ਨਾਮਜ਼ਦ ਖਿਡਾਰਨਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ।

ਜਦੋਂ ਪੀਟੀ ਊਸ਼ਾ ਨੂੰ ਆਉਣ ਵਾਲੀਆਂ ਟੋਕੀਓ ਓਲੰਪਿਕ ਵਿੱਚ ਭਾਰਤ ਦੀਆਂ ਸੰਭਾਵਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਪੀਵੀ ਸਿੰਧੂ ਅਤੇ ਮੈਰੀ ਕੌਮ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਮੈਡਲ ਜਿੱਤ ਸਕਦੀਆਂ ਹਨ।"

"ਸਿੰਧੂ ਨੇ ਪਹਿਲਾਂ ਹੀ ਤਗਮਾ ਜਿੱਤਿਆ ਹੈ ਇਸ ਲਈ ਮੈਂ ਆਸ ਕਰਦੀ ਹਾਂ ਕਿ ਉਹ ਇਸ ਵਾਰ ਸੋਨ ਤਗਮਾ ਜਿੱਤੇਗੀ। ਮੈਰੀ ਨੇ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ, ਇਸ ਲਈ ਉਨ੍ਹਾਂ ਵਲੋਂ ਵੀ ਚੰਗਾ ਕਰਨ ਦੀਆਂ ਸੰਭਾਵਨਾਵਾਂ ਹਨ।"

ਇਹ ਵੀ ਪੜ੍ਹੋ-

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਦੇ ਦੂਜੇ ਸੰਸਕਰਨ ਦੀਆਂ ਨਾਮਜ਼ਦ ਖਿਡਾਰਨਾਂ ਦੇ ਨਾਮ ਅੱਜ ਦਿੱਲੀ ਵਿੱਚ ਹੋਈ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਐਲਾਨੇ ਗਏ।

ਪੁਰਸਕਾਰ ਭਾਰਤੀ ਖਿਡਾਰਨਾਂ ਦੀ ਖੇਡਾਂ ਨੂੰ ਦੇਣ ਦਾ ਸਨਮਾਨ ਕਰਦਾ ਹੈ ਅਤੇ ਭਾਰਤ ਵਿੱਚ ਔਰਤਾਂ ਦੀਆਂ ਖੇਡ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ।

2021 ਵਿੱਚ ਨਾਮਜ਼ਦ ਹੋਈਆਂ ਪੰਜ ਖਿਡਾਰਨਾਂ ਨਿਸ਼ਾਨੇਬਾਜ਼ ਮੰਨੂ ਭਾਕਰ, ਤੇਜ਼ ਦੌੜਾਕ ਦੂਤੀ ਚੰਦ, ਸ਼ਤਰੰਜ਼ ਖਿਡਾਰਨ ਕੁਨੇਰੂ ਹੰਪੀ, ਪਹਿਲਵਾਨ ਵਿਨੇਸ਼ ਫ਼ੋਗਾਟ ਅਤੇ ਹਾਕੀ ਕਪਤਾਨ ਰਾਣੀ ਰਾਮਪਾਲ ਸ਼ਾਮਿਲ ਹਨ।

ਭਾਰਤੀ ਖੇਡ ਹਸਤੀ ਪੀਟੀ ਊਸ਼ਾ ਅਤੇ ਪੈਰਾ ਬੈਡਮਿੰਟਨ ਚੈਂਪੀਅਨ ਮਾਨਸੀ ਜੋਸ਼ੀ ਨੇ ਇਸ ਪ੍ਰੈਸ ਕਾਨਫ਼ਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ 2020 ਐਵਾਰਡ ਵਿਸ਼ੇਸ਼ ਪ੍ਰਾਪਤੀਆਂ ਵਾਲੀਆਂ ਭਾਰਤੀ ਮਹਿਲਾ ਅਥਲੀਟ ਅਤੇ ਖਿਡਾਰਨਾਂ ਨੂੰ ਸਮਾਨਿਤ ਕਰਦਾ ਹੈ ਅਤੇ ਭਾਰਤ ਵਿੱਚ ਹਰ ਇੱਕ ਖੇਡ ਕੈਟਾਗਰੀ ਪੈਰਾ-ਅਥਲੈਟਿਕ ਸਮੇਤ ਪ੍ਰੇਰਨਾਦਾਇਕ ਖਿਡਾਰਨਾਂ ਅਤੇ ਉੱਭਰ ਰਹੇ ਖੇਡ ਹੁਨਰ ਦੇ ਸਫ਼ਰ ਦੀਆਂ ਕਹਾਣੀਆਂ ਸਾਂਝੀਆਂ ਕਰਦਾ ਹੈ।

ਵਰਚੁਅਲ ਕਾਨਫ਼ਰੰਸ ਵਿੱਚ ਦੇਸ ਭਰ ਦੇ ਵੱਖ-ਵੱਖ ਭਾਸ਼ਾਵਾਂ ਦੇ ਖੇਡ ਪੱਤਰਕਾਰਾਂ ਨੇ ਸ਼ਿਰਕਤ ਕੀਤੀ।

ਜਦੋਂ ਮਾਨਸੀ ਜੋਸ਼ੀ ਨੂੰ ਭਾਰਤੀ ਖਿਡਾਰਨਾਂ ਦੀ ਡਿਜੀਟਲ ਸਪੇਸ ਵਿੱਚ ਮੌਜੂਦਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮਹਿਲਾ ਖਿਡਾਰਨਾਂ ਬਾਰੇ ਇੰਟਰਨੈੱਟ 'ਤੇ ਬਹੁਤ ਘੱਟ ਆਮ ਜਾਣਕਾਰੀ ਦਿੱਤੀ ਗਈ ਹੈ।"

"ਭਾਰਤੀ ਖਿਡਾਰਨਾਂ ਦੀ ਇਸ ਵਿੱਚ ਪ੍ਰਤੀਸ਼ਤ ਬਹੁਤ ਘੱਟ ਹੈ। ਸਾਨੂੰ ਲੋਕਾਂ ਨੂੰ ਮਹਿਲਾ ਅਥਲੀਟਾਂ, ਉਨ੍ਹਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵਧੇਰੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਇਸ ਖੱਪੇ ਨੂੰ ਭਰਿਆ ਜਾ ਸਕੇ।"

ਉਨ੍ਹਾਂ ਇਹ ਵੀ ਕਿਹਾ, "ਬੀਬੀਸੀ ਦਾ ਇਹ ਉਪਰਾਲਾ ਖੇਡਾਂ ਵਿੱਚ ਔਰਤਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾ ਰਿਹਾ ਹੈ। ਇਸ ਨੇ ਯਕੀਨਨ ਲੋਕਾਂ ਵਿੱਚ ਮੇਰੀ ਖੇਡ ਜੋ ਕਿ ਪੈਰਾ ਬੈਡਮਿੰਟਨ ਹੈ ਪ੍ਰਤੀ ਦਿਲਚਸਪੀ ਵਧਾਈ ਹੈ।"

ਲੰਘੇ ਸਾਲਾਂ ਦੌਰਾਨ ਖੇਡ ਵਿੱਚ ਆਈਆਂ ਤਬਦੀਲੀਆਂ ਬਾਰੇ ਪੁੱਛੇ ਜਾਣ 'ਤੇ ਪੀਟੀ ਊਸ਼ਾ ਨੇ ਉਨ੍ਹਾਂ ਵੱਲੋਂ ਭਾਰਤ ਲਈ ਤਗਮੇ ਜਿੱਤਣ ਸਮੇਂ ਅਤੇ ਅਤੇ ਹੁਣ ਦੇ ਭਾਰਤੀ ਅਥਲੀਟਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਤੁਲਨਾ ਕੀਤੀ।

ਵੀਡੀਓ ਕੈਪਸ਼ਨ,

ਪੀ ਟੀ ਊਸ਼ਾ :103 ਕੌਮਾਂਤਰੀ ਮੈਡਲ ਜਿੱਤਣ ਵਾਲੀ ਐਥਲੀਟ ਰਾਜ ਸਭਾ ਮੈਂਬਰ ਨਾਮਜਦ

ਪੀਟੀ ਊਸ਼ਾ ਨੇ ਕਿਹਾ,"ਜਦੋਂ ਮੈਂ ਖੇਡਦੀ ਸਾਂ ਤਾਂ ਉਸ ਸਮੇਂ ਬਹੁਤੀਆਂ ਸਹੂਲਤਾਂ ਨਹੀਂ ਸਨ ਅਤੇ ਮੈਨੂੰ ਵਿਦੇਸ਼ਾਂ 'ਚ ਘੱਟ ਮੌਕੇ ਮਿਲਨ ਕਾਰਨ ਮੈਂ ਇੱਕ ਤਗਮਾ ਗੁਆ ਬੈਠੀ। "

"ਹੁਣ ਇਸ ਵਿੱਚ ਸੁਧਾਰ ਹੋ ਰਿਹਾ ਹੈ, ਸਾਡੇ ਖਿਡਾਰੀਆਂ ਨੂੰ ਵਿਦੇਸ਼ੀ ਕੋਚ ਸਿਖਲਾਈ ਦੇ ਰਹੇ ਹਨ। ਉਨ੍ਹਾਂ ਨੂੰ ਹੁਣ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ ਪਰ ਸਾਨੂੰ ਹਾਲੇ ਵੀ ਇਸ ਪਾਸੇ ਕੰਮ ਕਰਨ ਦੀ ਲੋੜ ਹੈ। ਮੈਂ ਸੋਚਦੀ ਹਾਂ ਹਰ ਇੱਕ ਛੋਟੇ ਸਕੂਲ ਵਿੱਚ ਘੱਟੋ-ਘੱਟ ਇੱਕ ਰਨਿੰਗ ਟਰੈਕ ਜਾਂ ਬੱਚਿਆਂ ਦੇ ਖੇਡਣ ਲਈ ਇੱਕ ਛੋਟਾ ਮੈਦਾਨ ਜ਼ਰੂਰ ਹੋਵੇ।"

ਹਿੱਸਾ ਲੈਣ ਵਾਲਿਆਂ ਵਿੱਚੋਂ ਇੱਕ ਨੇ ਪੁੱਛਿਆ ਕਿ ਕੀ ਖੇਡਾਂ ਵਿੱਚ ਔਰਤਾਂ ਲਈ ਕੋਈ ਮਿਆਦੀ ਤਾਰੀਖ਼ ਹੈ।

ਉਨ੍ਹਾਂ ਪੁੱਛਿਆ ਕਿਉਂਕਿ ਵਿਆਹ ਤੋਂ ਬਾਅਦ ਲੜਕੀ ਦੀ ਜ਼ਿੰਦਗੀ ਵਿੱਚ ਬਹੁਤ ਚੀਜ਼ਾਂ ਬਦਲ ਜਾਂਦੀਆਂ ਹਨ। ਉਸ ਨੂੰ ਨਿੱਜੀ ਅਤੇ ਖੇਡ ਜ਼ਿੰਦਗੀ ਵਿੱਚ ਸੰਤੁਲਨ ਬਣਾਉਣਾ ਪੈਂਦਾ ਹੈ। ਇਸ ਬਾਰੇ ਪੀਟੀ ਊਸ਼ਾ ਨੇ ਆਪਣੇ ਨਿੱਜੀ ਤਜ਼ਰਬਿਆਂ ਦੇ ਹਵਾਲੇ ਨਾਲ ਜਵਾਬ ਦਿੱਤਾ।

ਉਨ੍ਹਾਂ ਕਿਹਾ, "ਮੈਂ ਨਹੀਂ ਸੋਚਦੀ ਕਿ ਔਰਤਾਂ ਲਈ ਕੋਈ ਮਿਆਦੀ ਤਾਰੀਖ਼ ਹੁੰਦੀ ਹੈ। ਮੈਂ ਆਪਣਾ ਕਰੀਅਰ 1976-77 ਵਿੱਚ ਸ਼ੁਰੂ ਕੀਤਾ ਸੀ। ਮੈਂ 1990 ਤੱਕ ਖੇਡਾਂ ਵਿੱਚ ਸਰਗਰਮ ਸੀ, ਮੈਂ 102 ਕੌਮਾਂਤਰੀ ਤਗਮੇ ਜਿੱਤੇ।"

"ਇਸ ਤੋਂ ਬਾਅਦ ਮੈਂ ਆਪਣਾ ਸਪੋਰਟਸ ਸਕੂਲ ਸ਼ੁਰੂ ਕੀਤਾ ਅਤੇ ਸੱਤ ਕੌਮਾਂਤਰੀ ਅਥਲੀਟ ਤਿਆਰ ਕੀਤੇ ਜਿਨ੍ਹਾਂ ਨੇ 76 ਤੋਂ ਵੱਧ ਕੌਮਾਂਤਰੀ ਤਗਮੇ ਜਿੱਤੇ। ਮੇਰੇ ਦੋ ਵਿਦਿਆਰਥੀ ਓਲੰਪੀਅਨ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਸਾਲ 1980 ਵਿੱਚ ਮੇਰਾ ਵਿਆਹ ਹੋਇਆ। ਮੇਰੇ ਨਾਲ ਮੇਰਾ ਬੇਟਾ, ਪਤੀ ਅਤੇ ਮਾਂ ਰਹਿੰਦੇ ਹਨ ਅਤੇ ਮੈਂ ਪਰਿਵਾਰ ਅਤੇ ਕਰੀਅਰ ਦੋਵਾਂ ਨੂੰ ਚਲਾਉਣ ਦੇ ਯੋਗ ਹਾਂ। ਮੈਂ ਸੱਚੀਂ ਸੋਚਦੀ ਹਾਂ ਕਿ ਵਿਆਹ ਤੋਂ ਬਾਅਦ ਜੇ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਪਰਿਵਾਰ ਦਾ ਸਹਿਯੋਗ ਬਹੁਤ ਲੋੜੀਂਦਾ ਹੈ।"

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਲਈ ਜੇਤੂ ਖਿਡਾਰਨ ਦੀ ਚੋਣ ਦੁਨੀਆਂ ਭਰ ਦੇ ਦਰਸ਼ਕਾਂ ਵੱਲੋਂ ਬੀਬੀਸੀ ਭਾਰਤੀ ਭਾਸ਼ਾਵਾਂ ਦੇ ਪਲੇਟਫ਼ਾਰਮਾਂ 'ਤੇ ਆਨਲਾਈਨ ਵੋਟਿੰਗ ਜ਼ਰੀਏ ਕੀਤੀ ਜਾਵੇਗੀ।

ਬੀਬੀਸੀ ਵਲੋਂ ਉੱਭਰ ਰਹੀ ਪ੍ਰਤਿਭਾ ਈਅਰ ਐਵਾਰਡ ਨਾਲ ਨੌਜਵਾਨ ਹੁਨਰ ਦਾ ਸਨਮਾਨ ਕੀਤਾ ਜਾਵੇਗਾ ਅਤੇ ਇੱਕ ਖੇਡ ਹਸਤੀ ਨੂੰ ਭਾਰਤੀ ਖੇਡਾਂ ਵਿੱਚ ਉਸ ਦੇ ਯੋਗਦਾਨ ਬਦਲੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਵੋਟਿੰਗ ਬੁੱਧਵਾਰ 24 ਫ਼ਰਵਰੀ, 2021 ਭਾਰਤੀ ਸਮੇਂ ਮੁਤਾਬਕ 11:30 ਤੱਕ ਅਤੇ ਜੀਐੱਮਟੀ ਮੁਤਾਬਕ 18:00 ਵਜੇ ਤੱਕ ਖੁੱਲ੍ਹੀ ਰਹੇਗੀ। ਜੇਤੂ ਦਾ ਐਲਾਨ ਸੋਮਵਾਰ, 8 ਮਾਰਚ, 2021 ਨੂੰ ਦਿੱਲੀ ਵਿਖੇ ਇੱਕ ਵਰਚੁਅਲ ਸਮਾਗਮ ਦੌਰਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)