ਕਿਸਾਨ ਅੰਦੋਲਨ: ਕੀ ਮਹਾਂਪੰਚਾਇਤਾਂ ਨੇ ਇਸ ਨੂੰ ਸਿਰਫ਼ ਜਾਟ ਭਾਈਚਾਰੇ ਦਾ ਅੰਦੋਲਨ ਬਣਾ ਦਿੱਤਾ ਹੈ

  • ਸਰੋਜ ਸਿੰਘ
  • ਬੀਬੀਸੀ ਪੱਤਰਕਾਰ
ਰਾਕੇਸ਼ ਟਿਕੈਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਆਉਣ ਵਾਲੇ ਦਿਨਾਂ ਵਿੱਚ ਰਾਕੇਸ਼ ਟਿਕੈਤ ਇੰਨੇ ਮਸਰੂਫ਼ ਹਨ ਕਿ ਉਨ੍ਹਾਂ ਨੇ ਹਰ ਦੂਜੇ ਦਿਨ ਕਿਸੇ ਨਾ ਕਿਸੇ ਜਗ੍ਹਾ ਸਮਾਗਮ ਵਿੱਚ ਸ਼ਿਰਕਤ ਕਰਨੀ ਹੈ

ਅੱਜ-ਕੱਲ੍ਹ ਕਿਸਾਨ ਅੰਦੋਲਨ ਦੀ ਲਗ਼ਾਮ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਬਹੁਤ ਮਜ਼ਬੂਤੀ ਨਾਲ ਸੰਭਾਲਦੇ ਨਜ਼ਰ ਆ ਰਹੇ ਹਨ।

ਰਾਕੇਸ਼ ਟਿਕੈਤ ਉਂਝ ਤਾਂ ਪੱਛਮੀ ਉੱਤਰ ਪ੍ਰਦੇਸ਼ ਤੋਂ ਹਨ, ਪਰ ਹੁਣ ਉਨ੍ਹਾਂ ਨੂੰ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਤੋਂ ਵੀ ਕਿਸਾਨ ਮਹਾਂਪੰਚਾਇਤਾਂ ਵਿੱਚ ਸ਼ਿਰਕਤ ਕਰਨ ਲਈ ਸੱਦਿਆ ਜਾ ਰਿਹਾ ਹੈ।

ਆਉਣ ਵਾਲੇ ਦਿਨਾਂ ਵਿੱਚ ਰਾਕੇਸ਼ ਟਿਕੈਤ ਇੰਨੇ ਮਸਰੂਫ਼ ਹਨ ਕਿ ਉਨ੍ਹਾਂ ਨੇ ਹਰ ਦੂਜੇ ਦਿਨ ਕਿਸੇ ਨਾ ਕਿਸੇ ਜਗ੍ਹਾ ਸਮਾਗਮ ਵਿੱਚ ਸ਼ਿਰਕਤ ਕਰਨੀ ਹੈ।

ਰਾਕੇਸ਼ ਟਿਕੈਤ ਦੇ ਸਾਥੀ ਧਰਮਿੰਦਰ ਮਲਿਕ ਕਹਿੰਦੇ ਹਨ, "26 ਜਨਵਰੀ ਤੋਂ ਬਾਅਦ ਰਾਕੇਸ਼ ਟਿਕੈਤ ਹਰਿਆਣਾ ਵਿੱਚ ਚਾਰ ਮਹਾਂਪੰਚਾਇਤਾਂ ਨੂੰ ਸੰਬੋਧਿਤ ਕਰ ਚੁੱਕੇ ਹਨ ਜਿਸ ਵਿੱਚ ਜੀਂਦ ਵਿੱਚ ਇੱਕ ਅਤੇ ਚਰਖੀ ਦਾਦਰੀ ਤੇ ਕੁਰੂਕਸ਼ੇਤਰ ਵਿੱਚ ਇੱਕ-ਇੱਕ ਮਹਾਂਪੰਚਾਇਤ ਸ਼ਾਮਲ ਹੈ।"

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਲਈ ਹਾਲੇ ਦੋ ਪ੍ਰੋਗਰਾਮ ਤੈਅ ਹਨ ਪਰ ਸੱਦਾ ਕਈ ਹੋਰ ਥਾਵਾਂ ਤੋਂ ਆਇਆ ਹੋਇਆ ਹੈ, ਜਿਸ ਵਿੱਚ ਗੜ੍ਹੀ ਸਾਂਪਲਾ, ਬਹਾਦੁਰਗੜ੍ਹ, ਅਕੋਲਾ, ਬੇਲਾਰੀ, ਜੈਪੁਰ, ਦੌਸਾ ਦੇ ਸੱਦੇ ਸ਼ਾਮਿਲ ਹਨ।"

ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ਤੋਂ ਬਾਹਰ ਵੀ ਕਿਸਾਨਾਂ ਦੇ ਆਗੂ ਬਣਦੇ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਮਹਾਂਪੰਚਾਇਤਾਂ ਦੀ ਕਮਾਨ ਉਨ੍ਹਾਂ ਦੇ ਵੱਡੇ ਭਰਾ ਨਰੇਸ਼ ਟਿਕੈਤ ਨੇ ਸੰਭਾਲ ਰੱਖੀ ਹੈ।

ਉਨ੍ਹਾਂ ਨੇ ਸਿਸੌਲੀ, ਬਿਜਨੌਰ, ਮੁਜ਼ੱਫ਼ਰਨਗਰ ਵਿੱਚ ਮਹਾਂਪੰਚਾਇਤਾਂ ਕੀਤੀਆਂ ਹਨ। ਇਸ ਤੋਂ ਇਲਾਵਾ ਬੜੌਤ, ਸਾਂਗਲੀ ਵਰਗੀਆਂ ਕੁਝ ਮਹਾਂਪੰਚਾਇਤਾਂ ਵਿੱਚ ਕੋਈ ਵੱਡਾ ਕਿਸਾਨ ਆਗੂ ਤਾਂ ਨਹੀਂ ਪਹੁੰਚਿਆ, ਪਰ ਕਿਸਾਨ ਮਹਾਂਪੰਚਾਇਤਾਂ ਉੱਥੇ ਵੀ ਹੋਈਆਂ।

ਇਸੇ ਘਟਨਾਕ੍ਰਮ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਲਈ ਇਹ ਮਹਾਂਪੰਚਾਇਤਾਂ ਸੰਜੀਵਨੀ ਦਾ ਕੰਮ ਕਰ ਰਹੀਆਂ ਹਨ।

ਕਿਹਾ ਜਾ ਰਿਹਾ ਹੈ ਕਿ ਹਰਿਆਣਾ, ਰਾਜਸਥਾਨ ਵਿੱਚ ਮਹਾਂਪੰਚਾਇਤਾਂ ਵਿੱਚ ਇਕੱਠਾ ਹੋ ਰਹੀ ਭੀੜ ਤੋਂ ਸਾਬਤ ਹੋ ਰਿਹਾ ਹੈ ਕਿ ਰਾਕੇਸ਼ ਟਿਕੈਤ ਪੂਰੇ ਉੱਤਰ ਭਾਰਤ ਦੇ ਕਿਸਾਨ ਆਗੂ ਬਣ ਚੁੱਕੇ ਹਨ।

ਪਰ ਇਸ ਗੱਲ ਵਿੱਚ ਕਿੰਨੀ ਸਚਾਈ ਹੈ। ਇਹ ਜਾਨਣ ਅਤੇ ਸਮਝਣ ਲਈ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤਿੰਨਾਂ ਸੂਬਿਆਂ ਵਿੱਚ ਹੋ ਰਹੀਆਂ ਮਹਾਂਪੰਚਾਇਤਾਂ ਬਾਰੇ ਸਮਝਣਾ ਪਵੇਗਾ।

ਮਹਾਂਪੰਚਾਇਤ ਕੀ ਹੁੰਦੀ ਹੈ?

ਜਦੋਂ ਖਾਪ ਵੱਲੋਂ ਕਿਸੇ ਮੁੱਦੇ 'ਤੇ ਵੱਡੀ ਮੀਟਿੰਗ ਸੱਦੀ ਜਾਂਦੀ ਹੈ ਤਾਂ ਉਸ ਨੂੰ ਪੰਚਾਇਤ ਜਾਂ ਮਹਾਂਪੰਚਾਇਤ ਕਿਹਾ ਜਾਂਦਾ ਹੈ।

ਖਾਪ ਦੇ ਆਗੂ ਆਪਸ ਵਿੱਚ ਬੈਠ ਕੇ ਤੈਅ ਕਰਦੇ ਹਨ ਕਿ ਕਿਸ ਮੁੱਦੇ 'ਤੇ ਕਦੋਂ ਪੰਚਾਇਤ ਬੁਲਾਉਣੀ ਹੈ ਅਤੇ ਉਸੇ ਹਿਸਾਬ ਨਾਲ ਸੱਦਾ ਭੇਜਿਆ ਜਾਂਦਾ ਹੈ।

ਖਾਪ ਦੀ ਅਗਵਾਈ ਪਰਿਵਾਰ ਵਿੱਚ ਹੀ ਰਹਿੰਦੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਆਰਐੱਲਡੀ ਆਗੂ ਜਯੰਤ ਚੌਧਰੀ ਸ਼ਾਮਲੀ ਦੀ ਕਿਸਾਨ ਮਹਾਂਪੰਚਾਇਤ ਵਿੱਚ

ਖਾਪ ਪੰਚਾਇਤਾਂ ਦਾ ਆਧਾਰ ਗੋਤ ਜਾਂ ਜਾਤੀ ਹੁੰਦਾ ਹੈ। ਕਈ ਵਾਰ ਜਨਤਕ ਖਾਪ ਪੰਚਾਇਤਾਂ ਵੀ ਬੁਲਾਈਆਂ ਜਾਂਦੀਆਂ ਹਨ, ਜਿਸ ਵਿੱਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਲ ਹੁੰਦੇ ਹਨ।

ਆਮਤੌਰ 'ਤੇ ਖਾਪ ਅਜਿਹੀ ਪੰਚਾਇਤ ਦਾ ਪ੍ਰਬੰਧ ਸਮਾਜਿਕ ਮੁੱਦਿਆਂ ਅਤੇ ਆਪਣੇ ਅੰਦਰੂਨੀ ਮਾਮਲਿਆਂ ਦੇ ਹੱਲ ਲਈ ਕਰਦੀ ਹੈ।

ਪਰ ਕਈ ਵਾਰ ਆਰਥਿਕ ਅਤੇ ਕਿਸਾਨੀ ਨਾਲ ਸਬੰਧਤ ਮੁੱਦਿਆਂ 'ਤੇ ਵੀ ਬੁਲਾਈ ਜਾਂਦੀ ਹੈ, ਜਿਵੇਂ ਕਿ ਅੱਜ ਕੱਲ੍ਹ ਹੋ ਰਿਹਾ ਹੈ।

ਹਰਿਆਣਾ ਵਿੱਚ ਟਿਕੈਤ ਕਿੰਨੇ ਕੁ ਵੱਡੇ ਕਿਸਾਨ ਆਗੂ ਹਨ?

ਹਰਿਆਣਾ ਦੀ ਸਿਆਸਤ ਵਿੱਚ ਕਿਸ ਦਾ ਕਿੰਨਾ ਦਖ਼ਲ ਹੈ ਉਸ ਬਾਰੇ ਇੱਕ ਕਿਤਾਬ ਹੈ 'ਪੌਲੀਟਿਕਸ ਆਫ਼ ਚੌਧਰ'।

ਇਸ ਕਿਤਾਬ ਦੇ ਲੇਖਕ ਸਤੀਸ਼ ਤਿਆਗੀ ਕਹਿੰਦੇ ਹਨ, "ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਜਿਹੜੀਆਂ ਮਹਾਂਪੰਚਾਇਤਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਜ਼ਿਆਦਤਰ ਜਾਟ ਹਨ। ਦੋਵਾਂ ਇਲਾਕਿਆਂ ਵਿੱਚ ਜਾਟ ਗੋਤ ਦੀ ਨਿਗ੍ਹਾ ਤੋਂ ਇੱਕ ਹੀ ਹਨ।''

''ਇਸ ਲਈ ਸਮਾਜਿਕ ਸਬੰਧ ਹੈ, ਰਿਸ਼ਤੇਦਾਰੀਆਂ ਹਨ। ਕਿਉਂਕਿ ਅੰਦੋਲਨ ਹੁਣ ਜਾਟ ਆਗੂਆਂ ਦੇ ਹੱਥਾਂ ਵਿੱਚ ਚਲਾ ਗਿਆ ਹੈ ਇਸ ਲਈ ਪੰਚਾਇਤਾਂ ਵਿੱਚ ਭੀੜ ਵੀ ਆਪਣੇ ਆਪ ਹੀ ਤੁਰੀ ਆਉਂਦੀ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਕੇਸ਼ ਟਿਕੈਤ

ਸਤੀਸ਼ ਤਿਆਗੀ ਕਹਿੰਦੇ ਹਨ ਕਿ ਕਿਸਾਨ ਅੰਦੋਲਨ ਦੀ ਪਕੜ ਦੱਖਣੀ ਹਰਿਆਣਾ ਵਿੱਚ ਘੱਟ ਅਤੇ ਕੇਂਦਰੀ ਹਰਿਆਣਾ ਵਿੱਚ ਜ਼ਿਆਦਾ ਹੈ।

ਹਰਿਆਣਾ ਦੇ ਗੁਰਨਾਮ ਸਿੰਘ ਚਢੂਨੀ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਆਗੂ ਮੰਨਿਆਂ ਜਾਂਦਾ ਹੈ, ਜੋ ਭਾਰਤੀ ਕਿਸਾਨ ਯੂਨੀਅਨ ਦੇ ਹੀ ਆਗੂ ਹਨ ਅਤੇ ਜੱਟ ਸਿੱਖ ਹਨ।

ਹਰਿਆਣਾ ਵਿੱਚ ਕਿਸਾਨ ਮੁੱਦੇ 'ਤੇ ਜਿਹੜੀਆਂ ਮਹਾਂਪੰਚਾਇਤਾਂ ਹੋਈਆਂ, ਉਨ੍ਹਾਂ ਵਿੱਚੋਂ ਜੀਂਦ ਦੀ ਮਹਾਂਪੰਚਾਇਤ ਵਿੱਚ ਉਹ ਗਏ ਸਨ, ਪਰ ਕੈਥਲ ਅਤੇ ਭਿਵਾਨੀ ਉਹ ਨਹੀਂ ਗਏ। ਚਢੂਨੀ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਹੀ ਕਿਤੇ ਹੋਰ ਦਾ ਪ੍ਰੋਗਰਾਮ ਤੈਅ ਸੀ।

ਪਰ ਰਾਕੇਸ਼ ਟਿਕੈਤ ਦੇ ਨਾਲ ਉਨ੍ਹਾਂ ਦਾ ਨਾ ਜਾਣਾ ਸੁਰਖ਼ੀਆਂ ਬਣਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਗੁਰਨਾਮ ਸਿੰਘ ਚਢੂਨੀ

ਇਸ ਪਿੱਛੇ ਸਿਆਸਤ ਬਾਰੇ ਦੱਸਦਿਆਂ ਸਤੀਸ਼ ਤਿਆਗੀ ਕਹਿੰਦੇ ਹਨ, "ਗੁਰਨਾਮ ਸਿੰਘ ਚਢੂਨੀ ਹਰਿਆਣਾ ਦੀ ਜੀਟੀ ਰੋਡ ਬੈਲਟ (ਕਰਨਾਲ, ਕੈਥਲ) ਤੋਂ ਹਨ, ਜਿੱਥੇ ਜਾਟਾਂ ਦਾ ਦਬਦਬਾ ਜ਼ਿਆਦਾ ਨਹੀਂ ਹੈ। ਇਸ ਇਲਾਕੇ ਵਿੱਚ ਖਾਪਾਂ ਦਾ ਪ੍ਰਭਾਵ ਵੀ ਜ਼ਿਆਦਾ ਨਹੀਂ ਹੈ।''

''ਹਰਿਆਣਾ ਵਿੱਚ ਜਾਤੀਆਂ ਦੀ ਵਸੋਂ ਹਰ ਇਲਾਕੇ ਵਿੱਚ ਵੱਖਰੀ ਹੈ। ਜਿੱਥੇ ਇੱਕ ਇਲਾਕੇ ਵਿੱਚ ਜਾਟ ਰਹਿੰਦੇ ਹਨ, ਇੱਕ ਵਿੱਚ ਰਾਜਪੂਤ ਤੇ ਯਾਦਵ ਵੱਖਰੇ ਇਲਾਕੇ ਵਿੱਚ। ਰੋਹਤਕ, ਸੋਨੀਪਤ ਵਾਲੇ ਇਲਾਕੇ ਵਿੱਚ 50 ਫ਼ੀਸਦ ਤੋਂ ਵੀ ਜ਼ਿਆਦਾ ਜਾਟ ਮਿਲਣਗੇ।"

"ਹੁਣ ਅੰਦੋਲਨ ਦਾ ਰੂਪ ਬਦਲ ਗਿਆ ਹੈ। ਹੁਣ ਇਸ ਅੰਦੋਲਨ ਦਾ ਰੂਪ ਜਾਤੀ ਜ਼ਿਆਦਾ ਹੈ। ਚਢੂਨੀ ਉਸ ਵਿੱਚ ਫ਼ਿੱਟ ਨਹੀਂ ਬੈਠਦੇ। ਜਾਟਾਂ ਨੂੰ ਆਪਣੀ ਅਗਵਾਈ ਚਾਹੀਦੀ ਹੈ ਤਾਂ ਉਨ੍ਹਾਂ ਨੂੰ ਰਾਕੇਸ਼ ਟਿਕੈਤ ਚੰਗੇ ਲੱਗ ਰਹੇ ਹਨ।''

''ਚਢੂਨੀ ਜਾਟ ਆਗੂ ਤਾਂ ਹਨ ਪਰ ਉਹ ਸਿੱਖ ਜਾਟ ਹਨ। ਜਾਟਾਂ ਵਿੱਚ ਸਿੱਖ, ਹਿੰਦੂ, ਮੁਸਲਮਾਨ ਸਭ ਹੁੰਦੇ ਹਨ। ਚਢੂਨੀ ਜੇ ਰੋਂਦੇ ਤਾਂ ਅੰਦੋਲਨ ਦਾ ਉਹ ਰੂਪ ਨਾ ਹੁੰਦਾ ਜੋ ਰਾਕੇਸ਼ ਟਿਕੈਤ ਦੇ ਰੋਣ ਤੋਂ ਬਾਅਦ ਬਣਿਆ।"

ਸਤੀਸ਼ ਤਿਆਗੀ 28 ਜਨਵਰੀ ਨੂੰ ਰਾਕੇਸ਼ ਟਿਕੈਤ ਦੇ ਉਨ੍ਹਾਂ ਭਾਵੁਕ ਪਲਾਂ ਵੱਲ ਇਸ਼ਾਰਾ ਕਰ ਰਹੇ ਹਨ, ਜਿਸ ਤੋਂ ਬਾਅਦ ਕਿਸਾਨ ਅੰਦੋਲਨ ਵਿੱਚ ਨਵੀਂ ਤਾਕਤ ਆ ਗਈ। ਗ਼ਾਜ਼ੀਪੁਰ ਬਾਰਡਰ ਜੋ ਖਾਲ੍ਹੀ ਹੋਣ ਲੱਗਿਆ ਸੀ, ਉੱਥੇ ਮੁੜ ਕਿਸਾਨਾਂ ਦੀ ਭੀੜ ਇਕੱਠਾ ਹੋਣਾ ਸ਼ੁਰੂ ਹੋ ਗਈ।

ਗੁਰਨਾਮ ਸਿੰਘ ਚਢੂਨੀ ਅਤੇ ਰਾਕੇਸ਼ ਟਿਕੈਤ ਦੇ ਇਕੱਠਿਆਂ ਨਾ ਆਉਣ ਨਾਲ ਅੰਦੋਲਨ ਨੂੰ ਕੋਈ ਨੁਕਸਾਨ ਹੋ ਰਿਹਾ ਹੈ?

ਇਸ ਬਾਰੇ ਸਤੀਸ਼ ਤਿਆਗੀ ਕਹਿੰਦੇ ਹਨ, ਅੰਦੋਲਨ ਨੂੰ ਫ਼ਿਲਹਾਲ ਕੋਈ ਨੁਕਸਾਨ ਨਹੀਂ ਹੋ ਰਿਹਾ। ਫ਼ਿਲਹਾਲ ਕਿਸਾਨ ਆਗੂਆਂ ਦੀ ਰਣਨੀਤੀ ਇਹ ਲੱਗ ਰਹੀ ਹੈ ਕਿ ਜਿਸ ਖੇਤਰ ਵਿੱਚ ਜਿਸ ਦਾ ਪ੍ਰਭਾਵ ਜ਼ਿਆਦਾ ਹੈ ਉਸ ਦਾ ਇਸਤੇਮਾਲ ਕਰੋ।

ਇਹ ਵੀ ਪੜ੍ਹੋ:

ਪਰ ਰੋਹਤਕ ਦੇ ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਰਹੇ ਐੱਸਐੱਸ ਚਹਿਰ ਕਹਿੰਦੇ ਹਨ, "ਇੰਨ੍ਹਾਂ ਮਹਾਂਪੰਚਾਇਤਾਂ ਦਾ ਕਿਸਾਨ ਅੰਦੋਲਨ ਵਿੱਚ ਜ਼ਿਆਦਾ ਰੋਲ ਨਹੀਂ ਹੈ। ਖਾਪ ਤਾਂ ਜਾਤ 'ਤੇ ਆਧਾਰਿਤ ਹੁੰਦੀ ਹੈ। ਪਰ ਇਸ ਅੰਦੋਲਨ ਨੂੰ ਜਾਤ ਦੇ ਆਧਾਰ 'ਤੇ ਸਮਰਥਨ ਨਹੀਂ ਮਿਲ ਰਿਹਾ, ਸਗੋਂ ਸਾਰੀਆਂ ਜਾਤਾਂ ਦੇ ਕਿਸਾਨਾਂ ਤੋਂ ਮਿਲ ਰਿਹਾ ਹੈ।''

''ਦੇਸ ਦੇ ਕਿਸੇ ਵੀ ਪਿੰਡ ਵਿੱਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ। ਇੱਕ ਕਿਸਾਨ ਅਤੇ ਦੂਜਾ ਮਜ਼ਦੂਰ ਜਾਂ ਕਹੋ ਕਿ ਕਿਸਾਨੀ ਨਾਲ ਜੁੜਿਆ ਮਜ਼ਦੂਰ। ਇਹ ਅੰਦੋਲਨ ਉਨ੍ਹਾਂ ਦਾ ਹੀ ਹੈ, ਇਸ ਲਈ ਹਰ ਮਹਾਂਪੰਚਾਇਤ ਵਿੱਚ ਇਕੱਠ ਦੇਖਣ ਨੂੰ ਮਿਲ ਰਿਹਾ ਹੈ।"

ਹਾਲਾਂਕਿ ਪ੍ਰੋਫ਼ੈਸਰ ਚਹਿਰ ਮੰਨਦੇ ਹਨ ਕਿ ਰਾਕੇਸ਼ ਟਿਕੈਤ ਕਿਸਾਨਾਂ ਦੇ ਵੱਡੇ ਆਗੂ ਬਣ ਗਏ ਹਨ, ਸਿੰਘੂ ਅਤੇ ਟਿਕਰੀ 'ਤੇ ਅੰਦੋਲਨ ਦਮ ਤੋੜ ਰਿਹਾ ਹੈ।

''ਜਾਟਾਂ ਤੋਂ ਇਲਾਵਾ ਹਰਿਆਣਾ ਦੇ ਦੂਜੀਆਂ ਜਾਤਾਂ ਦੇ ਲੋਕ ਖੁੱਲ੍ਹ ਕੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨਹੀਂ ਆ ਰਹੇ। ਇਸ ਦੇ ਪਿੱਛੇ ਉਹ ਉਨ੍ਹਾਂ ਦੀਆਂ ਅਲੱਗ ਮਜਬੂਰੀਆਂ ਗਿਣਾਉਂਦੇ ਹਨ।''

ਰਾਜਸਥਾਨ ਵਿੱਚ ਮਹਾਂਪੰਚਾਇਤ ਅਤੇ ਟਿਕੈਤ ਦੀ ਪਕੜ

ਰਾਜਸਥਾਨ ਦੇ ਅਲਵਰ ਵਿੱਚ ਵੀ ਰਾਕੇਸ਼ ਟਿਕੈਤ ਦੀ ਮਹਾਂਪੰਚਾਇਤ ਹੋ ਚੁੱਕੀ ਹੈ। ਉੱਥੇ ਕਾਂਗਰਸ ਆਗੂ ਸਚਿਨ ਪਾਇਲਟ ਨੇ ਦੌਸਾ ਵਿੱਚ ਇੱਕ ਮਹਾਂਪੰਚਾਇਤ ਕੀਤੀ ਸੀ।

ਉਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰਾਜਸਥਾਨ ਦੇ ਗੁੱਜਰ ਕਿਸਾਨ ਸ਼ਾਮਿਲ ਹੋਏ ਸਨ ਕਿਉਂਕਿ ਪਾਇਲਟ ਨੂੰ ਗੁੱਜਰ ਆਗੂ ਵਜੋਂ ਦੇਖਿਆ ਜਾਂਦਾ ਹੈ।

ਪ੍ਰੋਫ਼ੈਸਰ ਡਾ. ਪੇਮਾਰਾਮ ਨੇ ਰਾਜਸਥਾਨ ਦੇ ਜਾਟਾਂ ਦੇ ਵਿਕਾਸ ਅਤੇ ਕਿਸਾਨ ਅੰਦੋਲਨ 'ਤੇ ਕਿਤਾਬਾਂ ਲਿਖੀਆਂ ਹਨ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਸਚਿਨ ਪਾਇਲਟ

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਰਾਜਸਥਾਨ ਵਿੱਚ ਕਿਸਾਨ ਜ਼ਿਆਦਾਤਰ ਜਾਟ ਜਾਤੀ ਦੇ ਹਨ। ਰਾਜਸਥਾਨ ਵਿੱਚ ਹੁਣ ਤੱਕ ਜਿੰਨੇ ਵੀ ਕਿਸਾਨ ਅੰਦੋਲਨ ਹੋਏ ਹਨ ਉਹ ਜਾਟਾਂ ਨੇ ਹੀ ਕੀਤੇ ਹਨ ਅਤੇ ਉਨ੍ਹਾਂ ਦੀ ਹੀ ਅਗਵਾਈ ਵਿੱਚ ਹੋਏ ਹਨ।''

''ਇਸ ਲਈ ਇਸ ਵਾਰ ਦੇ ਕਿਸਾਨ ਅੰਦੋਲਨ ਦੀ ਅਗਵਾਈ ਵੀ ਜਾਟਾਂ ਦੇ ਹੱਥਾਂ ਵਿੱਚ ਹੀ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਦੂਜੀਆਂ ਜਾਤਾਂ ਦੇ ਕਿਸਾਨ ਇਸ ਵਿੱਚ ਸ਼ਾਮਲ ਨਹੀਂ ਹਨ।"

ਡਾ. ਪੇਮਾਰਾਮ ਮੰਨਦੇ ਹਨ ਕਿ ਰਾਜਸਥਾਨ ਵਿੱਚ ਕਿਸਾਨ ਅੰਦੋਲਨ ਉਸ ਤਰੀਕੇ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਪੰਜਾਬ ਜਾਂ ਹਰਿਆਣਾ ਵਿੱਚ ਹੈ। ਉਹ ਇਸ ਦੇ ਪਿੱਛੇ ਕਾਂਗਰਸ ਦੀ ਝਿਜਕ ਨੂੰ ਮੰਨਦੇ ਹਨ।

ਉਨ੍ਹਾਂ ਮੁਤਾਬਕ ਕਾਂਗਰਸ ਨੇ ਆਪਣੀ ਪੂਰੀ ਤਾਕਤ ਅੰਦੋਲਨ ਵਿੱਚ ਨਹੀਂ ਲਾਈ ਅਤੇ ਬੀਜੇਪੀ ਦੇ ਜਾਟ ਆਗੂ ਪਾਰਟੀ ਹੱਥੋਂ ਮਜਬੂਰ ਹਨ। ਜਿੱਥੋਂ ਤੱਕ ਰਾਜਸਥਾਨ ਵਿੱਚ ਜਾਟਾਂ ਦੇ ਦਬਦਬੇ ਦਾ ਸਵਾਲ ਹੈ, 100 ਵਿਧਾਨ ਸਭਾ ਸੀਟਾਂ 'ਤੇ ਉਨ੍ਹਾਂ ਦਾ ਇੱਕ ਪਾਸੇ ਝੁਕਾਅ ਜਿੱਤ ਹਾਰ ਤੈਅ ਕਰ ਸਕਦਾ ਹੈ।

ਹਰ ਸਾਲ ਤਕਰੀਬਨ 30-40 ਸੀਟਾਂ 'ਤੇ ਜਾਟ ਆਗੂ ਚੁਣ ਕੇ ਜਾਂਦੇ ਹਨ, ਜੋ ਬੀਜੇਪੀ ਅਤੇ ਕਾਂਗਰਸ ਦੋਵਾਂ ਪਾਰਟੀਆਂ ਤੋਂ ਹੁੰਦੇ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦੀ ਰਾਜਸਥਾਨ ਵਿੱਚ ਚਲਦੀ ਵੀ ਹੈ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਹਨੁਮਾਨ ਬੇਨਿਵਾਲ

ਇਹੀ ਵਜ੍ਹਾ ਹੈ ਕਿ ਰਾਜਸਥਾਨ ਅੰਦੋਲਨ ਵਿੱਚ ਕਿਸਾਨ ਅੰਦੋਲਨ ਦੇ ਆਗੂ ਹਨੁਮਾਨ ਬੇਨਿਵਾਲ ਬਣ ਗਏ ਹਨ, ਜੋ ਖ਼ੁਦ ਜਾਟ ਹਨ। ਦੂਜੇ ਨੇਤਾ ਅਮਰਾਮ ਰਾਮ ਹਨ ਜੋ ਸ਼ਾਹਜਹਾਂਪੁਰ ਬਾਰਡਰ 'ਤੇ ਹਨ। ਪਰ ਉਨ੍ਹਾਂ ਦਾ ਪ੍ਰਭਾਵ ਪੂਰੇ ਰਾਜਸਥਾਨ ਵਿੱਚ ਨਹੀਂ ਸਗੋਂ ਸੀਕਰ ਵਿੱਚ ਜ਼ਿਆਦਾ ਹੈ। ਉਹ ਖੱਬੇ ਪੱਖੀ ਪਾਰਟੀ ਦੇ ਹਿਮਾਇਤੀ ਹਨ।

ਪੇਮਾਰਾਮ ਕਹਿੰਦੇ ਹਨ ਕਿ ਰਾਕੇਸ਼ ਟਿਕੈਤ ਦੀ ਮਹਾਂਪੰਚਾਇਤ ਜੇ ਰਾਜਸਥਾਨ ਵਿੱਚ ਹੋਵੇਗੀ ਤਾਂ ਰਾਜਸਥਾਨ ਵਿੱਚ ਵੀ ਅੰਦੋਲਨ ਜ਼ੋਰ ਫ਼ੜ ਸਕਦਾ ਹੈ। ਉੱਥੋਂ ਦੇ ਜਾਟਾਂ ਵਿੱਚ ਵੀ ਟਿਕੈਤ ਨੂੰ ਲੈ ਕੇ ਉਤਸ਼ਾਹ ਤਾਂ ਹੈ। ਜ਼ਰੂਰਤ ਤਾਂ ਕਾਂਗਰਸ ਵਰਗੀ ਕਿਸੇ ਪਾਰਟੀ ਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਹੈ। ਪਰਦੇ ਪਿੱਛਿਓਂ ਦਿੱਤੀ ਹਮਾਇਤ ਨਾਲ ਵਜ਼ਨ ਨਹੀਂ ਆਉਂਦਾ।

ਉੱਤਰ ਪ੍ਰਦੇਸ਼ ਵਿੱਚ ਟਿਕੈਤ ਦਾ ਸਰਮਥਨ

ਹਰਵੀਰ ਸਿੰਘ, ਰੂਰਲ ਵਾਇਸ ਡੌਟ ਇਨ ਦੇ ਸੰਪਾਦਕ ਹਨ। ਉਨ੍ਹਾਂ ਨੇ ਪੱਛਮੀ ਉੱਤਰ ਪ੍ਰਦੇਸ਼ ਨੂੰ ਕਈ ਸਾਲਾਂ ਤੱਕ ਕਵਰ ਕੀਤਾ ਹੈ। ਹਰਵੀਰ ਸਿੰਘ ਪੂਰੇ ਮੁੱਦੇ ਨੂੰ ਵੱਖਰੇ ਨਜ਼ਰੀਏ ਨਾਲ ਸਮਝਾਉਂਦੇ ਹਨ।

ਉਨ੍ਹਾਂ ਮੁਤਾਬਿਕ, "ਕਿਸਾਨ ਅੰਦੋਲਨ ਦੀ ਅਗਵਾਈ ਹਮੇਸ਼ਾ ਜਾਟਾਂ ਦੇ ਹੱਥਾਂ ਵਿੱਚ ਹੀ ਰਹੀ ਹੈ, ਭਾਵੇਂ ਹਰਿਆਣਾ ਹੋਵੇ ਜਾਂ ਪੰਜਾਬ, ਰਾਜਸਥਾਨ ਜਾਂ ਫ਼ਿਰ ਉੱਤਰ ਪ੍ਰਦੇਸ਼।"

"ਹਰਿਆਣਾ ਵਿੱਚ ਗੁਰਨਾਮ ਸਿੰਘ ਚਢੂਨੀ ਹਨ, ਉਹ ਜਾਟ ਆਗੂ ਹਨ। ਉੱਤਰ ਪ੍ਰਦੇਸ਼ ਵਿੱਚ ਰਾਕੇਸ਼ ਟਿਕੈਤ ਵੀ ਜਾਟ ਹਨ। ਰਾਜਸਥਾਨ ਦੇ ਅਮਰਾਮ ਰਾਮ ਵੀ ਜਾਟ ਆਗੂ ਹਨ ਜੋ ਸ਼ਾਹਜਹਾਂਪੁਰ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਸ਼ੁਰੂ ਤੋਂ ਹੀ ਡਟੇ ਹੋਏ ਹਨ।"

ਤਸਵੀਰ ਸਰੋਤ, ANI

"ਪਰ ਕਿਸਾਨਾਂ ਦੀਆਂ ਜੋ ਮਹਾਂਪੰਚਾਇਤਾਂ ਹੋ ਰਹੀਆਂ ਹਨ ਉਨਾਂ ਵਿੱਚ ਸਿਰਫ਼ ਖਾਪ ਵਾਲੇ ਹੀ ਨਹੀਂ, ਹੋਰ ਲੋਕ ਵੀ ਸ਼ਾਮਿਲ ਹੋ ਰਹੇ ਹਨ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕੀ ਕਿਸਾਨ ਅੰਦੋਲਨ ਜਾਟ ਦਾ ਅੰਦੋਲਨ ਹੋ ਕੇ ਰਹਿ ਗਿਆ ਹੈ। ਇਹ ਕਹਿ ਸਕਦੇ ਹਾਂ ਕਿ ਅਗਵਾਈ ਜਾਟਾਂ ਦੇ ਹੱਥਾਂ ਵਿੱਚ ਹੈ ਪਰ ਅੰਦੋਲਨ ਹਾਲੇ ਵੀ ਕਿਸਾਨਾਂ ਦਾ ਹੈ।"

ਹਰਵੀਰ ਸਿੰਘ ਉੱਤਰ ਪ੍ਰਦੇਸ਼ ਦੀਆਂ ਕਿਸਾਨ ਮਹਾਂਪੰਚਾਇਤਾਂ ਦਾ ਉਦਾਹਰਣ ਦਿੰਦਿਆਂ ਕਹਿੰਦੇ ਹਨ,"ਮੁਜ਼ੱਫ਼ਰਨਗਰ ਵਿੱਚ ਪਹਿਲੀ ਮਹਾਂਪੰਚਾਇਤ ਬਾਲਿਆਨ ਖਾਪ ਨੇ ਬੁਲਾਈ ਸੀ, ਜਿਸ ਦੇ ਆਗੂ ਰਾਕੇਸ਼ ਟਿਕੈਤ ਦੇ ਵੱਡੇ ਭਰਾ ਨਰੇਸ਼ ਟਿਕੈਤ ਹਨ। ਦੂਜੀ ਮਹਾਂਪੰਚਾਇਤ ਬੜੌਤ ਵਿੱਚ ਹੋਈ ਸੀ ਜੋ ਖਾਪ ਦੇ ਲੋਕਾਂ ਨੇ ਬੁਲਾਈ ਸੀ ਅਤੇ ਤੀਜੀ ਰਾਸ਼ਟਰੀ ਲੋਕ ਦਲ ਅਤੇ ਸਮਾਜਵਾਦੀ ਪਾਰਟੀ ਦੀ ਮਿਲੀ ਜੁਲੀ ਪੰਚਾਇਤ ਸੀ, ਜਿਸ ਵਿੱਚ ਖਾਪ ਵੀ ਸ਼ਾਮਿਲ ਸੀ।"

"ਇਹ ਪੰਚਾਇਤਾਂ ਕਿਸਾਨਾਂ ਦੇ ਨਾਮ 'ਤੇ ਬੁਲਾਈਆਂ ਜਾ ਰਹੀਆਂ ਹਨ ਜਿਸ ਵਿੱਚ ਬਾਅਦ ਵਿੱਚ ਬਰਾਦਰੀ, ਖਾਪ, ਆਗੂ ਅਤੇ ਸਿਆਸੀ ਦਲ ਸਭ ਸ਼ਾਮਲ ਹੋ ਰਹੇ ਹਨ। ਖਾਪ ਦੇ ਆਗੂ ਆਪਸ ਵਿੱਚ ਬੈਠ ਕੇ ਤੈਅ ਕਰਦੇ ਹਨ ਕਿ ਕਿਸ ਮੁੱਦੇ 'ਤੇ ਕਦੋਂ ਕਿੱਥੇ ਪੰਚਾਇਤ ਬੁਲਾਉਣੀ ਹੈ ਅਤੇ ਉਸੇ ਹਿਸਾਬ ਨਾਲ ਸੱਦਾ ਭੇਜਿਆ ਜਾਂਦਾ ਹੈ।"

ਕੋਈ ਵੀ ਕਿਸਾਨ ਅੰਦੋਲਨ ਸਿਰਫ਼ ਇੱਕ ਜਾਤੀ ਦੇ ਸਿਰ 'ਤੇ ਨਹੀਂ ਚਲ ਸਕਿਆ। ਮੁਜ਼ੱਫਰਨਗਰ ਵਿੱਚ ਮੁਸਲਮਾਨ ਵੀ ਵੱਡੀ ਗਿਣਤੀ ਵਿੱਚ ਆ ਰਹੇ ਹਨ।

ਹਰਿਆਣਾ ਦੀ ਖਾਪ ਪੰਚਾਇਤਾਂ ਵਿੱਚ ਗੁਰਨਾਮ ਸਿੰਘ ਚਢੂਨੀ ਦੇ ਨਾ ਜਾਣ ਨੂੰ ਹਰਵੀਰ ਸਿੰਘ ਦੂਸਰੀ ਰਾਜਨੀਤੀ ਦੱਸਦੇ ਹਨ।

ਵੀਡੀਓ ਕੈਪਸ਼ਨ,

Farmers Protest: ਇੱਕ ਮੰਚ ਉੱਤੇ ਦਰਜਨਾਂ ਝੰਡੇ ਇਕੱਠੇ ਨਜ਼ਰ ਆ ਰਹੇ ਹਨ

ਉਨ੍ਹਾਂ ਮੁਤਾਬਕ " ਗੁਰਨਾਮ ਸਿੰਘ ਚਢੂਨੀ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਹੁੰਦੇ ਸਨ। ਫਿਰ ਰਾਕੇਸ਼ ਟਿਕੈਤ ਦੇ ਨਾਲ ਉਨ੍ਹਾਂ ਦੀ ਨਾ ਬਣੀ ਅਤੇ ਉਨ੍ਹਾਂ ਨੇ ਦੂਸਰਾ ਧੜਾ ਬਣਾ ਲਿਆ। ਇਸ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਨੇ ਹਰਿਆਣਾ ਵਿੱਚ ਕਿਸਾਨਾਂ ਦੀ ਅਗਵਾਈ ਕੀਤੀ ਅਤੇ ਉਹ ਇੱਕ ਵੱਡੇ ਆਗੂ ਬਣਕੇ ਉੱਭਰੇ।"

"ਪਰ ਕਿਸ ਮਹਾਂਪੰਚਾਇਤ ਵਿੱਚ ਕਿਹੜਾ ਨੇਤਾ ਜਾਵੇਗਾ ਇਹ ਉੱਥੋਂ ਦੀ ਖਾਪ ਤੈਅ ਕਰਦੀ ਹੈ ਨਾ ਕਿ ਕਿਸਾਨ ਆਗੂ। ਰਾਕੇਸ਼ ਟਿਕੈਤ ਨੂੰ ਸੱਦਾ ਆਵੇਗਾ ਤਾਂ ਉਹ ਜਾਣਗੇ। ਚਢੂਨੀ ਨੂੰ ਸੱਦਾ ਨਹੀਂ ਆਏਗਾ ਤਾਂ ਉਹ ਉੱਥੇ ਨਹੀਂ ਜਾਣਗੇ। ਮੇਵਾਤ ਵਿੱਚ ਮਹਾਂਪੰਚਾਇਤ ਹੋਈ, ਉੱਥੇ ਰਾਕੇਸ਼ ਟਿਕੈਤ ਨਹੀਂ ਗਏ, ਉਥੇ ਯੁੱਧਵੀਰ ਸਿੰਘ ਗਏ। ਇੱਕ ਮਹਾਂਪੰਚਾਇਤ ਵਿੱਚ ਰਾਜੇਵਾਲ ਅਤੇ ਦਰਸ਼ਨ ਪਾਲ ਗਏ।"

ਮਹਾਂਪੰਚਾਇਤ ਸਰਕਾਰ ਦੇ ਲਈ ਕਿੰਨੀ ਕੁ ਚਿੰਤਾ ਦਾ ਸਬੱਬ

ਪਰ ਇਨਾਂ ਮਹਾਂਪੰਚਾਇਤਾਂ ਨੂੰ ਲੈ ਕੇ ਇੱਕ ਦੂਜਾ ਨਜ਼ਰੀਆ ਵੀ ਸਾਹਮਣੇ ਆ ਰਿਹਾ ਹੈ। ਸਿੰਘੂ ਅਤੇ ਟਿਕਰੀ ਬਾਰਡਰ 'ਤੇ ਅੰਦੋਲਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਜ਼ਿਆਦਾ ਚਰਚਾ ਗ਼ਾਜ਼ੀਪੁਰ ਦੀ ਹੋ ਰਹੀ ਹੈ।

ਪਰ ਜਦੋਂ ਟਿਕੈਤ ਹੋਰਨਾਂ ਸੂਬਿਆਂ ਵਿੱਚ ਮਹਾਂਪੰਚਾਇਤਾਂ 'ਚ ਸ਼ਾਮਲ ਹੋਣ ਲੱਗਣਗੇ ਤਾਂ ਗ਼ਾਜ਼ੀਪੁਰ 'ਤੇ ਕਿਸਾਨਾਂ ਦੀ ਭੀੜ ਆਪਣੇ ਆਪ ਘੱਟ ਜਾਵੇਗੀ। ਅਜਿਹੇ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਤੋਂ ਗ਼ਾਜ਼ੀਪੁਰ ਨੂੰ ਖਾਲੀ ਕਰਵਾਉਣਾ ਸਰਕਾਰ ਲਈ ਸੌਖਾ ਹੋਵੇਗਾ।

ਤਾਂ ਕੀ ਸਭ ਕੁਝ ਸਰਕਾਰ ਦੇ ਗੇਮ ਪਲਾਨ ਦਾ ਹਿੱਸਾ ਹੈ?

ਹਰਵੀਰ ਸਿੰਘ ਕਹਿੰਦੇ ਹਨ, "ਸ਼ੁਰੂ ਵਿੱਚ ਕਈ ਲੋਕ ਇਸ ਥਿਊਰੀ ਨੂੰ ਸਹੀ ਮੰਨ ਰਹੇ ਸਨ। ਪਰ ਹੁਣ ਰਾਕੇਸ਼ ਟਿਕੈਤ ਦੇ ਲਈ ਵੀ ਬਿਨਾਂ ਮੰਗਾਂ ਮਨਵਾਇਆਂ, ਧਰਨਾ ਖ਼ਤਮ ਕਰਨਾ ਸੌਖਾ ਨਹੀਂ ਹੋਵੇਗਾ।''

''ਪਹਿਲਾਂ ਕਿਸੇ ਪਿੰਡ ਤੋਂ 10 ਲੋਕ ਦਿੱਲੀ ਦੇ ਬਾਰਡਰ 'ਤੇ ਧਰਨਾ ਦੇਣ ਜਾ ਰਹੇ ਸਨ। ਪਰ ਹੁਣ 50 ਪਿੰਡਾਂ ਦੇ ਲੋਕ ਇੱਕ ਜਗ੍ਹਾ ਇਕੱਠੇ ਹੋ ਰਹੇ ਹਨ ਅਤੇ ਹਿਮਾਇਤ ਕਰ ਰਹੇ ਹਨ। ਹੁਣ ਹਰ ਇਲਾਕੇ ਵਿੱਚ ਖਾਪ ਆਪ ਮਹਾਂਪੰਚਾਇਤ ਦਾ ਪ੍ਰਬੰਧ ਕਰ ਰਹੀ ਹੈ। ਇਨ੍ਹਾਂ ਆਗੂਆਂ ਨੂੰ ਬੁਲਾ ਰਹੀ ਹੈ। ਹੁਣ ਸਭ ਕੁਝ 'ਆਟੋ ਮੋਡ' 'ਤੇ ਹੈ।"

ਰਾਕੇਸ਼ ਟਿਕੈਤ ਗ਼ਾਜ਼ੀਪੁਰ 'ਤੇ ਹਨ ਜਾਂ ਨਹੀਂ, ਹੁਣ ਲੋਕਾਂ ਲਈ ਇਹ ਮਾਅਨੇ ਨਹੀਂ ਰੱਖਦਾ। ਇਹ ਹੀ ਸਰਕਾਰ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹੈ।

ਪਰ ਅੰਕੜਿਆਂ ਦੀ ਗੱਲ ਕਰੀਏ ਤਾਂ ਲਗਦਾ ਨਹੀਂ ਕਿ ਸਰਕਾਰ ਨੂੰ ਇਸ ਤੋਂ ਚਿੰਤਤ ਹੋਣ ਦੀ ਲੋੜ ਹੈ। ਸੈਂਟਰ ਫਾਰ ਦਿ ਸਟਡੀ ਆਫ਼ ਡਿਵੈਲਪਮੈਂਟ ਸੋਸਾਈਟੀਜ਼ (ਸੀਐੱਸਡੀਐੱਸ) ਵਿੱਚ ਪ੍ਰੋਫ਼ੈਸਰ ਸੰਜੇ ਕੁਮਾਰ ਕਹਿੰਦੇ ਹਨ ਕਿ ਜਾਟਾਂ ਦਾ ਦਬਦਬਾ ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ।

ਹੁਣ ਕਈ ਇਲਾਕਿਆਂ ਵਿੱਚ ਕਿਸਾਨ ਅੰਦੋਲਨ ਨੂੰ ਜਾਟ ਅੰਦੋਲਨ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਅਗਵਾਈ ਉਨ੍ਹਾਂ ਦੇ ਹੱਥਾਂ ਵਿੱਚ ਚਲੀ ਗਿਆ ਹੈ।

ਤਿੰਨਾਂ ਸੂਬਿਆਂ ਵਿੱਚ ਜਾਟਾਂ ਦੇ ਸਮੀਕਰਣ ਸਮਝਦਿਆਂ ਸੰਜੇ ਕੁਮਾਰ ਕਹਿੰਦੇ ਹਨ, "ਹਰਿਆਣਾ ਵਿੱਚ ਦੋ ਤਿੰਨ ਪਾਰਟੀਆਂ ਹਨ (ਆਈਐੱਨਐੱਲਡੀ) ਜੋ ਜਾਟ ਵੋਟ ਬੈਂਕ ਦੀ ਵਜ੍ਹਾ ਤੋਂ ਹੀ ਹੋਂਦ ਵਿੱਚ ਹਨ। ਬੀਜੇਪੀ ਨੂੰ ਜਾਟ ਵੋਟਾਂ ਹਰਿਆਣਾ ਵਿੱਚ ਕਦੀ ਮਿਲੀਆਂ ਤਾਂ ਕਦੀ ਨਹੀਂ ਮਿਲੀਆਂ, ਮਹਿਜ਼ 20-25 ਫ਼ੀਸਦੀ ਹੀ ਉਨ੍ਹਾਂ ਦੇ ਖਾਤੇ ਵਿੱਚ ਰਿਹਾ।''

''ਇਸ ਲਈ ਉਨਾਂ ਨੇ ਗ਼ੈਰ ਜਾਟਾਂ ਨੂੰ ਇੱਕ ਜੁੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਿੱਤਣ 'ਤੇ ਮੁੱਖ ਮੰਤਰੀ ਵੀ ਗ਼ੈਰ ਜਾਟ ਬਣਾਇਆ। ਇਸ ਲਈ ਜਾਟਾਂ ਦੇ ਅੰਦੋਲਨ ਅਤੇ ਮਹਾਂਪੰਚਾਇਤਾਂ ਵਿੱਚ ਭੀੜ ਇਕੱਠੀ ਹੋਣ ਨਾਲ ਬੀਜੇਪੀ ਬਹੁਤ ਦਿੱਕਤ ਵਿੱਚ ਨਜ਼ਰ ਆ ਰਹੀ ਹੈ।"

ਵੀਡੀਓ ਕੈਪਸ਼ਨ,

ਕਿਸਾਨਾਂ ਦੇ ਮੁਜ਼ਾਹਰੇ

ਰਾਜਸਥਾਨ ਵਿੱਚ 2014 ਦੀਆਂ ਚੋਣਾਂ ਵਿੱਚ ਜਾਟਾਂ ਦੀਆਂ ਵੋਟਾਂ ਬੀਜੇਪੀ ਨੂੰ ਮਿਲੀਆਂ ਸਨ। 2018 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਦਾ ਵੱਡਾ ਹਿੱਸਾ 38-40 ਫ਼ੀਸਦ ਦੇ ਕਰੀਬ ਕਾਂਗਰਸ ਦੇ ਪੱਖ ਵਿੱਚ ਚਲਾ ਗਿਆ ਸੀ। ਪਰ ਫ਼ਿਰ 2019 ਵਿੱਚ ਉਹ ਬੀਜੇਪੀ ਦੇ ਖੇਮੇ ਵਿੱਚ ਆ ਗਏ। 2019 ਦੀਆਂ ਲੋਕਸਭਾ ਚੋਣਾਂ ਵਿੱਚ 55-60 ਫ਼ੀਸਦ ਜਾਟਾਂ ਨੇ ਬੀਜੇਪੀ ਦੇ ਹੱਕ ਵਿੱਚ ਵੋਟਾਂ ਪਾਈਆਂ।

ਪਰ ਹਾਲੇ ਕਿਸਾਨ ਅੰਦੋਲਨ ਨੇ ਹਿੰਸਕ ਰੂਪ ਧਾਰਨ ਨਹੀਂ ਕੀਤਾ ਹੈ। ਦੂਸਰੀ ਗੱਲ ਰਾਜਸਥਾਨ ਦੀ ਰਾਜਨੀਤੀ ਵਿੱਚ ਜਾਟਾਂ ਦਾ ਉਨ੍ਹਾਂ ਪ੍ਰਭਾਵ ਨਹੀਂ ਹੈ ਜਿੰਨਾਂ ਹਰਿਆਣਾ ਜਾਂ ਪੱਛਮੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਹੈ। ਇਸ ਲਈ ਬੀਜੇਪੀ ਨੂੰ ਨੁਕਸਾਨ ਹੋਣ ਦੀ ਚਿੰਤਾ ਕੁਝ ਘੱਟ ਹੈ।

ਰਹੀ ਗੱਲ ਉੱਤਰ ਪ੍ਰਦੇਸ਼ ਦੀ, ਤਾਂ ਪੱਛਮੀ ਉੱਤਰ ਪ੍ਰਦੇਸ਼ ਵਿੱਚ 44 ਸੀਟਾਂ 'ਤੇ ਜਾਟ ਬਹੁਗਿਣਤੀ ਹਨ। ਪਹਿਲਾਂ ਉਹ ਰਾਸ਼ਟਰੀ ਲੋਕ ਦਲ ਦੇ ਨਾਲ ਹੁੰਦੇ ਸਨ। ਪਰ 2014 ਅਤੇ ਉਸ ਤੋਂ ਬਾਅਦ ਦੀਆਂ ਚੋਣਾਂ ਤੋਂ ਬਾਅਦ ਬੀਜੇਪੀ ਦੇ ਨਾਲ ਨਜ਼ਰ ਆਉਣ ਲੱਗੇ ਹਨ।

ਉਥੇ ਨੁਕਸਾਨ ਹੋਣ ਦੀ ਸੰਭਾਵਨਾ ਹੈ, ਪਰ ਉੱਤਰ ਪ੍ਰਦੇਸ਼ ਵਿੱਚ 403 ਵਿਧਾਨਸਭਾ ਸੀਟਾਂ ਹਨ।

ਉਹ ਕਹਿੰਦੇ ਹਨ ਕਿ ਪੰਜਾਬ ਨੂੰ ਕਿਸਾਨ ਅੰਦੋਲਨ ਨੂੰ ਜਾਟ ਸਿਆਸਤ ਤੋਂ ਅਲੱਗ ਰੱਖਣ ਦੀ ਲੋੜ ਹੈ। ਉਥੇ ਸਿੱਖਾਂ ਦੀ ਜ਼ਿਆਦਾ ਚਲਦੀ ਹੈ। ਵੈਸੇ ਵੀ ਪੰਜਾਬ ਵਿੱਚ ਬੀਜੇਪੀ ਦਾ ਜ਼ਿਆਦਾ ਦਾਅ 'ਤੇ ਨਹੀਂ ਲੱਗਿਆ। ਉਹ ਕਦੀ ਉੱਥੇ ਵੱਡੀ ਪਾਰਟੀ ਨਹੀਂ ਰਹੀ ਹੈ। ਉਨ੍ਹਾਂ ਦਾ ਸਹਿਯੋਗੀ ਦਲ ਛੱਡ ਚੁੱਕਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)