ਯੁਵਰਾਜ ਸਿੰਘ ਖ਼ਿਲਾਫ਼ ਕਿਹੜੇ ਇਲਜ਼ਾਮਾਂ ਤਹਿਤ FIR ਦਰਜ ਹੋਈ- ਪ੍ਰੈੱਸ ਰਿਵੀਊ

ਯੁਵਰਾਜ ਸਿੰਘ

ਤਸਵੀਰ ਸਰੋਤ, Ani

ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਖ਼ਿਲਾਫ਼ ਪਿਛਲੇ ਸਾਲ ਦਲਿਤ ਸਮਾਜ ਲਈ ਇੱਕ ਇੰਸਟਾਗ੍ਰਾਮ ਡਿਸਕਸ਼ਨ ਦੌਰਾਨ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ ਹਰਿਆਣਾ ਪੁਲਿਸ ਨੇ FIR ਦਰਜ ਕੀਤੀ ਹੈ।

ਇੰਡੀਆ ਟੂਡੇ ਮੁਤਾਬਕ, ਐਤਵਾਰ ਨੂੰ ਹਿਸਾਰ ਦੇ ਹਾਂਸੀ ਥਾਣਾ ਪੁਲਿਸ ਨੇ ਯੁਵਰਾਜ ਸਿੰਘ ਦੇ ਖ਼ਿਲਾਫ਼ ਐਸਸੀ-ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਯੁਵਰਾਜ ਦੇ ਖ਼ਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 153, 153ਏ, 295 ਅਤੇ 505 ਤੋਂ ਇਲਾਵਾ ਐਸਸੀ-ਐਸਟੀ ਐਕਟ ਦੀ ਧਾਰਾ 3(1)(ਆਰ) ਅਤੇ 3(1)(ਐੱਸ) ਦੇ ਤਹਿਤ ਕੇਸ ਦਰਜ ਕੀਤਾ ਹੈ।

ਵਕੀਲ ਅਤੇ ਦਲਿਤ ਹਿਊਮਨ ਰਾਈਟਸ ਦੇ ਸੰਯੋਜਕ ਰਜਤ ਕਲਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਰੀਬ 8 ਮਹੀਨਿਆਂ ਬਾਅਦ ਇਹ ਐਫਆਈਆਰ ਦਰਜ ਕੀਤੀ ਹੈ।

ਕਥਿਤ ਤੌਰ ’ਤੇ ਬੀਤੇ ਸਾਲ ਜੂਨ ਮਹੀਨੇ ’ਚ ਸੋਸ਼ਲ ਮੀਡੀਆ 'ਤੇ ਕ੍ਰਿਕੇਟਰ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਦੀ ਆਪਸੀ ਗੱਲਬਾਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਯੁਵਰਾਜ ਸਿੰਘ ਨੇ ਅਨੁਸੁਚਿਤ ਜਾਤੀਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਕਰਕੇ ਕਾਫ਼ੀ ਹੰਗਾਮਾ ਹੋਇਆ ਸੀ।

ਇਹ ਵੀ ਪੜ੍ਹੋ-

ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਸ ਬਾਬਤ ਮੁਆਫ਼ੀ ਵੀ ਮੰਗੀ ਸੀ।

ਵਕੀਲ ਰਜਤ ਕਲਸਨ ਨੇ ਯੁਵਰਾਜ ਸਿੰਘ ਦੇ ਖ਼ਿਲਾਫ਼ ਹਾਂਸੀ ਪੁਲਿਸ ਅੱਗੇ ਕੇਜ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਐਸਪੀ ਵਲੋਂ ਅਗਲੀ ਕਾਰਵਾਈ ਲਈ ਸ਼ਿਕਾਇਤ ਅੱਗੇ ਭੇਜ ਦਿੱਤੀ ਗਈ ਸੀ।

ਲੰਬੇ ਸਮੇਂ ਤੱਕ ਐਕਸ਼ਨ ਨਾ ਹੋਣ ਕਰਕੇ ਰਜਤ ਕਲਸਨ ਕੋਰਟ ਪਹੁੰਚ ਗਏ ਸੀ ਜਿੱਥੋਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਲੱਖਾ ਸਿਧਾਣਾ 'ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ

ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦਿੱਲੀ ਪੁਲਿਸ ਨੇ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਦੌਰਾਨ ਹੋਈ ਹਿੰਸਾ ਮਗਰੋਂ ਦੀਪ ਸਿੱਧੂ ਨਾਲ ਹੀ ਲੱਖਾ ਸਿਧਾਣਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ।

ਦੀਪ ਸਿੱਧੂ ਵਾਂਗ ਹੀ ਲੱਖਾ ਸਿਧਾਣਾ 'ਤੇ ਵੀ ਲੋਕਾਂ ਨੂੰ ਭੜਕਾਉਣ ਦੇ ਇਲਜ਼ਾਮਾਂ ਹੇਠ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਸੈੱਲ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਤੇ ਉਸ ਦੀਆਂ ਲੁਕਣ ਦੀਆਂ ਸੰਭਾਵੀ ਥਾਵਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੇ ਲੱਖਾ ਦੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਲੱਖਾ ਸਿਧਾਣਾ 25 ਜਨਵਰੀ ਨੂੰ ਸਿੰਘੂ ਬਾਰਡਰ ਦੇ ਮੋਰਚੇ ਦੀ ਸਟੇਜ 'ਤੇ ਰਾਤ ਸਮੇਂ ਦੇਖਿਆ ਗਿਆ ਸੀ ਤੇ ਉਹ ਨੌਜਵਾਨਾਂ ਨੂੰ 26 ਜਨਵਰੀ ਨੂੰ ਪਹਿਲਾਂ ਤੁਰਨ ਵਾਲਿਆਂ ਨਾਲ ਜਾਣ ਦਾ ਆਖ ਰਿਹਾ ਸੀ।

ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲੱਖਾ ਸਿਧਾਣਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।

ਫਾਸਟਟੈਗ ਨਹੀਂ ਲਗਾਇਆ ਤਾਂ 15 ਫਰਵਰੀ ਤੋਂ ਭਰਨਾ ਪਵੇਗਾ ਦੁੱਗਣ ਟੋਲ

15 ਫਰਵਰੀ ਦੀ ਅੱਧੀ ਰਾਤ ਤੋਂ ਫਾਸਟਟੈਗ ਲਗਾਉਣਾ ਜ਼ਰੂਰੀ ਹੋ ਜਾਵੇਗਾ ਨਹੀਂ ਤਾਂ ਟੋਲ ਪਲਾਜ਼ਾ 'ਤੇ ਦੁੱਗਣਾ ਟੋਲ ਭਰਨਾ ਪਵੇਗਾ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸਰਕਾਰ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ 15 ਫਰਵਰੀ ਦੀ ਰਾਤ ਤੋਂ ਟੋਲ ਪਲਾਜ਼ਾ ਦੀਆਂ ਸਾਰੀਆਂ ਲਾਈਨਾ ਨੂੰ 'ਫਾਸਟਟੈਗ ਲਾਈਨਾਂ' ਐਲਾਨ ਦਿੱਤਾ ਜਾਵੇਗਾ।

ਤਸਵੀਰ ਸਰੋਤ, NPCI

ਤਸਵੀਰ ਕੈਪਸ਼ਨ,

ਟ੍ਰਾਂਸਪੋਰਟ ਮੰਤਰਾਲੇ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਟੋਲ ਪਲਾਜ਼ਾ 'ਤੇ ਸਾਰੀ ਟ੍ਰਾਂਜ਼ੈਕਸ਼ਨ ਆਨਲਾਈਨ ਹੋ ਜਾਵੇ

ਟ੍ਰਾਂਸਪੋਰਟ ਮੰਤਰਾਲੇ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਟੋਲ ਪਲਾਜ਼ਾ 'ਤੇ ਸਾਰੀ ਟ੍ਰਾਂਜ਼ੈਕਸ਼ਨ ਆਨਲਾਈਨ ਹੋ ਜਾਵੇ।

ਇਸ ਨਾਲ ਸਮੇਂ ਦੀ ਬਚਤ ਵੀ ਹੋਵੇਗੀ ਅਤੇ ਪੈਟਰੋਲ ਦੀ ਵੀ। ਅਜਿਹਾ ਕਰਨ ਨਾਲ ਰਸਤਾ ਪੂਰਾ ਸਾਫ਼ ਰਹੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਉਤਰਾਖੰਡ ਗਲੇਸ਼ੀਅਰ ਹਾਦਸਾ - 12 ਹੋਰ ਲਾਸ਼ਾਂ ਬਰਾਮਦ, ਮਰਨ ਵਾਲਿਆਂ ਦਾ ਅੰਕੜਾ 50 ਹੋਇਆ

ਉਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਰ ਹਾਦਸੇ ਤੋਂ ਇੱਕ ਹਫ਼ਤੇ ਬਾਅਦ ਵੀ ਲਾਸ਼ਾਂ ਮਿਲੀਆਂ ਹਨ। ਐਤਵਾਰ ਨੂੰ ਚੱਲ ਰਹੇ ਬਚਾਅ ਕਾਰਜ ਵਿੱਚ 12 ਹੋਰ ਲਾਸ਼ਾਂ ਮਿਲੀਆਂ ਹਨ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ।

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ,

7 ਫਰਵਰੀ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਰਿਸ਼ੀ ਗੰਗਾ ਨਦੀ ਵਿੱਚ ਹੜ੍ਹ ਆ ਗਿਆ ਸੀ

ਬੀਬੀਸੀ ਨਿਊਜ਼ ਹਿੰਦੀ ਮੁਤਾਬਕ, ਤਪੋਵਨ ਸੁਰੰਗ ਦੀ ਚਿੱਕੜ ਵਿੱਚੋਂ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਛੇ ਲਾਸ਼ਾਂ ਰੈਨੀ ਪਿੰਡ ਤੋਂ ਅਤੇ ਇੱਕ ਰੁਦਰਪ੍ਰਯਾਗ ਤੋਂ ਬਰਾਮਦ ਕੀਤੀ ਗਈ ਹੈ।

7 ਫਰਵਰੀ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਰਿਸ਼ੀਗੰਗਾ ਨਦੀ ਵਿੱਚ ਹੜ੍ਹ ਆ ਗਿਆ ਸੀ ਜਿਸ ਕਾਰਨ ਰਿਸ਼ੀਗੰਗਾ ਹਾਈਡਲ ਪਾਵਰ ਪ੍ਰੋਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਸ ਹਾਦਸੇ ਤੋਂ ਬਾਅਦ, 150 ਤੋਂ ਵੱਧ ਲੋਕਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਹੈ।

ਲਾਸ਼ਾਂ ਨੂੰ ਤਪੋਵਨ ਵਿੱਚ ਬਣਾਏ ਗਏ ਇਕ ਅਸਥਾਈ ਮੁਰਦਾ ਘਰ 'ਚ ਰੱਖਿਆ ਗਿਆ ਹੈ।

ਪੀਟੀਆਈ ਦੇ ਅਨੁਸਾਰ, ਚਮੋਲੀ ਜ਼ਿਲ੍ਹਾ ਮੈਜਿਸਟਰੇਟ ਸਵਾਤੀ ਭਦੌਰੀਆ ਨੇ ਕਿਹਾ ਹੈ ਕਿ ਜੇ ਕੋਈ ਬਚਿਆ ਹੋਇਆ ਪਾਇਆ ਜਾਂਦਾ ਹੈ, ਤਾਂ ਹੈਲੀਕਾਪਟਰ ਉਸ ਨੂੰ ਸਿਹਤ ਸਹਾਇਤਾ ਮੁਹੱਈਆ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)