ਬਲਾਤਕਾਰ ਮਾਮਲੇ ਦੀ ਰਿਪੋਰਟਿੰਗ ਕਰਨ 'ਤੇ ਪੱਤਰਕਾਰ ਉੱਤੇ ਪੁਲਿਸ ਹਿਰਾਸਤ ਦੌਰਾਨ ਅੰਨ੍ਹਾ ਤਸ਼ੱਦਦ

  • ਗੀਤਾ ਪਾਂਡੇ,
  • ਬੀਬੀਸੀ ਨਿਊਜ਼ ਦਿੱਲੀ
ਸਿੱਧਿਕੀ ਕਪੱਨ

ਤਸਵੀਰ ਸਰੋਤ, SHAHEEN ABDULLA

ਪਿਛਲੇ ਸਾਲ 5 ਅਕਤੂਬਰ ਨੂੰ ਮੈਂ ਉੱਤਰ ਪ੍ਰਦੇਸ਼ ਦੇ ਇੱਕ ਪਿੰਡ 'ਚ ਇੱਕ ਮਾਮਲੇ ਦੀ ਰਿਪੋਰਟਿੰਗ ਕਰਨ ਲਈ ਗਈ ਸੀ, ਜੋ ਕਿ ਮਾਮਲਾ ਬਾਅਦ 'ਚ 'ਹਾਥਰਸ ਮਾਮਲੇ' ਵੱਜੋਂ ਸੁਰਖੀਆਂ 'ਚ ਆਇਆ।

ਕੁਝ ਦਿਨ ਪਹਿਲਾਂ ਹੀ ਇੱਕ 19 ਸਾਲਾ ਦਲਿਤ ਕੁੜੀ ਦੀ ਸਮੂਹਿਕ ਬਲਾਤਕਾਰ ਤੋਂ ਬਾਅਦ ਮੌਤ ਹੋ ਗਈ ਸੀ। ਹਾਥਰਸ ਦੇ ਬੁਲਗਾੜੀ ਪਿੰਡ ਦੇ ਉੱਚ ਜਾਤੀ ਦੇ ਹੀ ਚਾਰ ਆਦਮੀਆਂ ਨੇ ਉਸ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ।

ਇਸ ਪੂਰੇ ਮਾਮਲੇ 'ਚ ਹੈਵਾਨਾਂ ਦੀ ਤਰ੍ਹਾਂ ਉਸ ਕੁੜੀ ਨਾਲ ਕੀਤਾ ਗਿਆ ਜ਼ਬਰ ਜਿਨਾਹ, ਪੀੜ੍ਹਤ ਕੁੜੀ ਦੀ ਮੌਤ, ਪੁਲਿਸ ਵੱਲੋਂ ਪੀੜ੍ਹਤ ਪਰਿਵਾਰ ਦੀ ਸਹਿਮਤੀ ਤੋਂ ਬਿਨ੍ਹਾ ਹੀ ਅੱਧੀ ਰਾਤ ਨੂੰ ਜ਼ਬਰਦਸਤੀ ਹੀ ਮ੍ਰਿਤਕ ਦਾ ਸਸਕਾਰ ਕਰਨਾ, ਦੁਨੀਆ ਭਰ 'ਚ ਸੁਰਖੀਆਂ ਬਣ ਗਿਆ ਸੀ।

ਇਹ ਵੀ ਪੜ੍ਹੋ

ਪਰਿਵਾਰ ਨਾਲ ਮੁਲਾਕਾਤ

ਉਸ ਦਿਨ ਲਗਭਗ ਸਵੇਰ ਦੇ 10 ਵਜੇ ਮੈਂ ਪੀੜਤ ਪਰਿਵਾਰ ਦੇ ਘਰ ਪਹੁੰਚੀ ਅਤੇ ਦੁੱਖੀ ਪਰਿਵਾਰ ਨਾਲ ਗੱਲਬਾਤ ਕੀਤੀ। ਉੱਥੇ ਮੌਜੂਦ ਉਸ ਮਾਸੂਮ ਕੁੜੀ ਦੇ ਰਿਸ਼ਤੇਦਾਰਾਂ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਹੀ ਖੂਬਸੂਰਤ, ਜਵਾਨ ਅਤੇ ਕੁਝ ਸ਼ਰਮੀਲੀ ਕੁੜੀ ਸੀ। ਉਸ ਦੇ ਲੰਬੇ ਵਾਲ ਸਨ।

ਉਨ੍ਹਾਂ ਨੇ ਮੈਨੂੰ ਉਸ ਦੇ ਸਰੀਰ 'ਤੇ ਲੱਗੇ ਜ਼ਖਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਪੁਲਿਸ ਦੇ ਗਲਤ ਰਵੱਈਏ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਸ ਦੀ ਜ਼ਿੰਦਗੀ ਅਤੇ ਮੌਤ ਦੋਵਾਂ ਨਾਲ ਹੀ ਖਿਲਵਾੜ ਕੀਤਾ ਹੈ।

ਤਸਵੀਰ ਕੈਪਸ਼ਨ,

ਕੁਝ ਦਿਨ ਪਹਿਲਾਂ ਹੀ ਇੱਕ 19 ਸਾਲਾ ਦਲਿਤ ਕੁੜੀ ਦੀ ਸਮੂਹਿਕ ਬਲਾਤਕਾਰ ਤੋਂ ਬਾਅਦ ਮੌਤ ਹੋ ਗਈ ਸੀ

ਪੱਤਰਕਾਰ ਸਿੱਦੀਕੀ ਦੀ ਗ੍ਰਿਫ਼ਤਾਰੀ

ਉਸੇ ਦਿਨ ਹੀ ਮਲਿਆਲਮ ਭਾਸ਼ਾ ਦੇ ਨਿਊਜ਼ ਪੋਰਟਲ ਅਜ਼ੀਮੁਖਮ ਦੇ 41 ਸਾਲਾ ਪੱਤਰਕਾਰ ਸਿੱਦੀਕੀ ਕੰਪਨ ਵੀ ਦਿੱਲੀ ਤੋਂ ਬੁਲਗਾੜੀ ਲਈ ਰਵਾਨਾ ਹੋਏ ਸਨ। ਉਹ ਪਿਛਲੇ 9 ਸਾਲਾਂ ਤੋਂ ਇੱਥੇ ਹੀ ਰਹਿ ਰਹੇ ਸਨ। ਪਰ ਉਨ੍ਹਾਂ ਦਾ ਸਫ਼ਰ ਮੇਰੇ ਸਫ਼ਰ ਨਾਲੋਂ ਬਿਲਕੁੱਲ ਹੀ ਵੱਖਰਾ ਸੀ।

ਹਾਥਰਸ ਤੋਂ ਤਕਰੀਬਨ 42 ਕਿਲੋਮੀਟਰ ਪਹਿਲਾਂ ਹੀ ਉਨ੍ਹਾਂ ਨੂੰ ਤਿੰਨ ਹੋਰਨਾਂ ਵਿਅਤਕੀਆਂ ਦੇ ਨਾਲ ਕਾਰ 'ਚੋਂ ਹਿਰਾਸਤ 'ਚ ਲਿਆ ਗਿਆ ਸੀ। ਪਿਛਲੇ ਹਫ਼ਤੇ ਉਨ੍ਹਾਂ ਨੇ ਜੇਲ੍ਹ 'ਚ ਆਪਣੇ 150 ਦਿਨ ਪੂਰੇ ਕੀਤੇ ਹਨ।

ਸਿੱਦੀਕੀ ਕੰਪਨ ਵੱਲੋਂ ਆਪਣੇ ਪਰਿਵਾਰ ਵਾਲਿਆਂ ਅਤੇ ਵਕੀਲ ਨੂੰ ਦਿੱਤੀ ਜਾਣਕਾਰੀ ਮੁਤਾਬਕ ਉਸ ਰਾਤ ਨੂੰ ਪੁਲਿਸ ਹਿਰਾਸਤ ਦੌਰਾਨ ਸਿੱਦੀਕੀ ਨੂੰ ਲੱਤਾਂ ਤੋਂ ਖਿੱਚ ਕੇ ਧੂਇਆ ਗਿਆ ਸੀ ਅਤੇ ਉਨ੍ਹਾਂ ਦੇ ਪੱਟਾਂ 'ਤੇ ਸੋਟੀਆਂ ਨਾਲ ਮਾਰ ਕੁਟਾਈ ਕੀਤੀ ਗਈ ਸੀ।

ਸਿੱਦੀਕੀ ਦੇ ਦੱਸਣ ਅਨੁਸਾਰ ਪੁਲਿਸ ਮੁਲਾਜ਼ਮਾਂ ਨੇ ਸ਼ਾਮ ਦੇ 6 ਵਜੇ ਤੋਂ ਸਵੇਰ ਦੇ 6 ਵਜੇ ਤੱਕ ਉਸ ਨੂੰ ਜਾਗਦਾ ਰੱਖਣ ਲਈ ਉਨ੍ਹਾਂ ਦੇ ਮੂੰਹ 'ਤੇ ਥੱਪੜ ਵੀ ਮਾਰੇ ਸਨ ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ। ਸਿੱਦੀਕੀ ਨੇ ਦੱਸਿਆ ਕਿ ਉਹ ਮਾਨਸਿਕ ਤਸੀਹਿਆਂ ਦਾ ਸ਼ਿਕਾਰ ਹੋਏ ਹਨ।

ਉਨ੍ਹਾਂ ਕਿਹਾ ਕਿ ਉਹ ਸ਼ੂਗਰ ਦੇ ਮਰੀਜ਼ ਹਨ, ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਦਵਾਈ ਨਹੀਂ ਲੈਣ ਦਿੱਤੀ ਗਈ ਸੀ। ਪਰ ਦੂਜੇ ਪਾਸੇ ਪੁਲਿਸ ਨੇ ਸਿੱਦੀਕੀ ਵੱਲੋਂ ਲਗਾਏ ਸਾਰੇ ਹੀ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਹੈ।

ਪੁਲਿਸ ਨੇ ਕੀ ਕਿਹਾ?

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿੱਦੀਕੀ ਨੂੰ ਇਸ ਲਈ ਗ੍ਰਿਫਤਾਰ ਕੀਤਾ ਸੀ, ਕਿਉਂਕਿ ਉਹ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਅਤੇ ਜਾਤੀ ਦੰਗਿਆਂ ਨੂੰ ਉਤਸ਼ਾਹਤ ਕਰਨ ਸਬੰਧੀ ਸਾਜਿਸ਼ ਦੇ ਹਿੱਸੇ ਵੱਜੋਂ ਹਾਥਰਸ ਜਾ ਰਿਹਾ ਸੀ। ਉਸ ਕਾਰ 'ਚ ਮੌਜੂਦ ਹੋਰ ਤਿੰਨ ਵਿਅਕਤੀਆਂ 'ਤੇ ਵੀ ਇਹੀ ਇਲਜ਼ਾਮ ਲਗਾਏ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਸ ਕਾਰ 'ਚ ਸਵਾਰ ਸਿੱਦੀਕੀ ਦੇ ਸਾਥੀ ਪੀਐਫਆਈ ਦੇ ਮੈਂਬਰ ਹਨ। ਪੌਪਲਰ ਫਰੰਟ ਆਫ਼ ਇੰਡੀਆ ਕੇਰਲਾ ਅਧਾਰਤ ਇੱਕ ਕੱਟੜਪੰਥੀ ਮੁਸਲਿਮ ਸੰਗਠਨ ਹੈ ਅਤੇ ਇਸ ਸੰਗਠਨ ਦੇ ਕੱਟੜਪੰਥੀ ਸਮੂਹਾਂ ਨਾਲ ਸਬੰਧ ਹੋਣ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਸਰਕਾਰ ਇਸ ਸੰਗਠਨ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਸਿੱਦੀਕੀ ਨੇ ਆਪਣੇ ਆਪ ਨੂੰ ਇੱਕ ਬੰਦ ਹੋ ਚੁੱਕੀ ਅਖ਼ਬਾਰ ਦਾ ਪੱਤਰਕਾਰ ਦੱਸਿਆ ਸੀ, ਜਦਕਿ ਸੱਚਾਈ ਤਾਂ ਇਹ ਹੈ ਕਿ ਉਹ ਵੀ ਪੀਐਫਆਈ ਦਾ ਹੀ ਸਰਗਰਮ ਮੈਂਬਰ ਹੈ। ਪਰ ਕੇਰਲਾ ਦੀ ਕਾਰਜਕਾਰੀ ਪੱਤਰਕਾਰਾਂ ਦੀ ਯੂਨੀਅਨ , ਸਿੱਦੀਕੀ ਦੇ ਵਕੀਲ ਅਤੇ ਪੀਐਫਆਈ ਨੇ ਪੁਲਿਸ ਦੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ।

ਤਸਵੀਰ ਸਰੋਤ, SHAHEEN ABDULLA

ਤਸਵੀਰ ਕੈਪਸ਼ਨ,

ਫਰਵਰੀ ’ਚ ਸਿੱਧਿਕੀ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ 5 ਦਿਨਾਂ ਲਈ ਜ਼ਮਾਨਤ ’ਤੇ ਬਾਹਰ ਆਇਆ ਸੀ

ਪੱਤਰਕਾਰਾਂ ਦੀ ਯੂਨੀਅਨ ਆਈ ਹੱਕ ’ਚ

ਪੱਤਰਕਾਰਾਂ ਦੀ ਯੂਨੀਅਨ, ਜਿਸ 'ਚ ਕਿ ਸਿੱਦੀਕੀ ਅਹੁਦੇਦਾਰ ਵੀ ਹਨ, ਨੇ ਯੂਪੀ ਦੀ ਪੁਲਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਬਿਲਕੁਲ ਗਲਤ ਅਤੇ ਬੇਤੁਕਾ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਦੀਕੀ ਦੀ ਗ੍ਰਿਫਤਾਰੀ ਨੂੰ "ਗ਼ੈਰਕਾਨੂੰਨੀ" ਕਰਾਰ ਦਿੱਤਾ ਹੈ।

ਯੂਨੀਅਨ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਦੀਕੀ 'ਸਿਰਫ ਇੱਕ ਪੱਤਰਕਾਰ' ਹਨ ਅਤੇ ਉਹ ਹਾਥਰਸ 'ਚ ਸਿਰਫ਼ ਆਪਣੀ ਪੱਤਰਕਾਰੀ ਦੀ ਡਿਊਟੀ ਨਿਭਾਉਣ ਹੀ ਗਏ ਸਨ।

ਯੂਨੀਅਨ ਨੇ ਸਿੱਦੀਕੀ ਦੀ ਰਿਹਾਈ ਲਈ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਉਸ ਦੇ ਮਾਲਕ ਅਜ਼ੀਮੁਖਮ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਉਨ੍ਹਾਂ ਦੇ ਹੇਠਾਂ ਨੌਕਰੀ ਕਰਦਾ ਹੈ ਅਤੇ ਹਾਥਰਸ 'ਚ ਉਹ ਇਕ ਮਾਮਲੇ ਨੂੰ ਕਵਰ ਕਰਨ ਹੀ ਜਾ ਰਿਹਾ ਸੀ।

ਸਿੱਦੀਕੀ ਅਤੇ ਪੱਤਰਕਾਰਾਂ ਦੀ ਯੂਨੀਅਨ, ਦੋਵਾਂ ਦੀ ਹੀ ਨੁਮਾਇੰਦਗੀ ਕਰ ਰਹੇ ਵਕੀਲ ਵਿਲਜ਼ ਮੈਥਿਓ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁਰੂ ਦੀ ਕਾਰਵਾਈ ਦੌਰਾਨ ਉਨ੍ਹਾਂ ਦੇ ਮੁਵੱਕਲ 'ਤੇ ਮਾਮੂਲੀ ਜ਼ਮਾਨਤੀ ਅਪਰਾਧ ਦਾ ਇਲਜ਼ਾਮ ਹੀ ਲਗਾਇਆ ਗਿਆ ਸੀ, ਪਰ ਦੋ ਦਿਨਾਂ ਬਾਅਦ, ਪੁਲਿਸ ਨੇ ਉਨ੍ਹਾਂ 'ਤੇ ਦੇਸ਼ ਧ੍ਰੋਹ ਅਤੇ ਯੂਏਪੀਏ ਤਹਿਤ ਇਲਜ਼ਾਮ ਆਇਦ ਕੀਤੇ।

ਯੂਏਪੀਏ ਇੱਕ ਅਜਿਹਾ ਅੱਤਵਾਦ ਵਿਰੋਧੀ ਕਾਨੂੰਨ ਹੈ, ਜਿਸ ਦੇ ਤਹਿਤ ਜ਼ਮਾਨਤ ਮਿਲਣਾ ਲਗਭਗ ਅਸੰਭਵ ਹੀ ਹੁੰਦਾ ਹੈ। ਮੈਥਿਓ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਸੋ ਫੀਸਦੀ ਨਿਰਪੱਖ, ਸੁਤੰਤਰ ਅਤੇ ਪੱਤਰਕਾਰ ਹੈ।

" ਕੁਝ ਲੋਕਾਂ ਨਾਲ ਟੈਕਸੀ ਸਾਂਝੀ ਕਰਨਾ ਇਹ ਸਾਬਤ ਨਹੀਂ ਕਰਦਾ ਹੈ ਕਿ ਉਹ ਦੋਸ਼ੀ ਹੈ।"

ਮੈਥਿਓ ਨੇ ਅੱਗੇ ਕਿਹਾ, "ਇੱਕ ਪੱਤਰਕਾਰ ਨੂੰ ਆਪਣੇ ਪੇਸ਼ੇ ਨੂੰ ਧਿਆਨ 'ਚ ਰੱਖਦਿਆਂ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਣਾ ਪੈਂਦਾ ਹੈ, ਜਿਸ 'ਚ ਅਪਰਾਧ ਦੀ ਦੁਨੀਆ ਦੇ ਲੋਕ ਵੀ ਸ਼ਾਮਲ ਹੁੰਦੇ ਹਨ। ਇਸ ਲਈ ਹੋਰ ਮੁਲਜ਼ਮਾਂ ਦੀ ਸੰਗਤ 'ਚ ਕੁਝ ਸਮਾਂ ਬਤੀਤ ਕਰਨਾ ਹੀ ਗ੍ਰਿਫਤਾਰੀ ਦਾ ਕਾਰਨ ਨਹੀਂ ਹੋ ਸਕਦਾ ਹੈ।"

ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸਿੱਦੀਕੀ ਦੀ ਗ੍ਰਿਫਤਾਰੀ ਦੇ ਬਾਅਦ ਦੇ ਕਈ ਹਫ਼ਤਿਆਂ ਤੱਕ ਸਿੱਦੀਕੀ ਨੂੰ ਬਾਹਰੀ ਦੁਨੀਆ ਨਾਲ ਸੰਪਰਕ ਕਾਇਮ ਕਰਨ ਦੀ ਮਨਜ਼ੂਰੀ ਨਹੀਂ ਸੀ।

ਸਿੱਦੀਕੀ ਨੂੰ ਆਪਣੀ ਗ੍ਰਿਫਤਾਰੀ ਤੋਂ 29 ਦਿਨ ਬਾਅਦ ਜਾਨੀ ਕਿ 2 ਨਵੰਬਰ ਨੂੰ ਪਹਿਲੀ ਵਾਰ ਆਪਣੇ ਘਰ ਫੋਨ ਕਰਨ ਦੀ ਇਜ਼ਾਜਤ ਦਿੱਤੀ ਗਈ ਸੀ ਅਤੇ ਇਸ ਤੋਂ ਅੱਠ ਦਿਨ ਬਾਅਦ ਉਨ੍ਹਾਂ ਨੂੰ ਆਪਣੀ ਪਤਨੀ ਨਾਲ ਗੱਲਬਾਤ ਕਰਨ ਦਿੱਤੀ ਗਈ ਸੀ।

ਉਨ੍ਹਾਂ ਦੀ ਗ੍ਰਿਫਤਾਰੀ ਤੋਂ 47 ਦਿਨ ਬਾਅਦ ਮੈਥਿਓ ਨੂੰ ਉਨ੍ਹਾਂ ਨਾਲ ਮਿਲਣ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।

ਤਸਵੀਰ ਸਰੋਤ, SHAHEEN ABDULLA

ਤਸਵੀਰ ਕੈਪਸ਼ਨ,

ਸਿੱਧਿਕੀ ਦੀ ਪਤਨੀ ਰਾਏਹਾਨਾਥ ਆਪਣੇ ਬੱਚਿਆ ਦੇ ਨਾਲ

ਕੀ ਕਹਿ ਰਿਹਾ ਹੈ ਪਰਿਵਾਰ

ਸਿੱਦੀਕੀ ਦੀ ਪਤਨੀ ਰਾਏਹਾਨਾਥ, ਜੋ ਕਿ ਕੇਰਲਾ ਦੇ ਮਲਾਪੁਰਮ ਜ਼ਿਲ੍ਹੇ 'ਚ ਪੈਂਦੇ ਪਿੰਡ 'ਚ ਮੌਜੂਦ ਆਪਣੇ ਘਰ 'ਚ ਰਹਿੰਦੀ ਹੈ, ਨੇ ਫੋਨ 'ਤੇ ਮੈਨੂੰ ਦੱਸਿਆ ਕਿ 2 ਨਵੰਬਰ ਨੂੰ ਸਿੱਦੀਕੀ ਦਾ ਫੋਨ ਆਉਣ ਤੱਕ ਮੈਨੂੰ ਇਹ ਵੀ ਯਕੀਨ ਨਹੀਂ ਸੀ ਕਿ ਉਹ ਮਰ ਗਿਆ ਹੈ ਜਾਂ ਫਿਰ ਜ਼ਿੰਦਾ ਹੈ।

ਫਿਰ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਸਿੱਦੀਕੀ ਨੂੰ ਪੰਜ ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ ਸੀ ਤਾਂ ਜੋ ਉਹ ਆਪਣੀ 90 ਸਾਲਾ ਬਿਮਾਰ ਮਾਂ ਨੂੰ ਮਿਲ ਸਕਣ। ਚਾਰ ਦਿਨ ਤੱਕ ਉਹ ਇੱਥੇ ਹੀ ਰਹੇ ਸਨ। ਯੂਪੀ ਪੁਲਿਸ ਦੇ 6 ਮੁਲਾਜ਼ਮ ਅਤੇ ਸੂਬੇ ਦੇ ਦੋ ਦਰਜਨ ਤੋਂ ਵੀ ਵੱਧ ਰੱਖਿਅਕ ਉਸ ਦੇ ਘਰ ਦੇ ਬਾਹਰ ਮੌਜੂਦ ਸਨ।

ਸਿੱਦੀਕੀ ਦੀ ਪਤਨੀ ਨੇ ਕਿਹਾ ਕਿ ਇਹ ਇੱਕ ਸੰਵੇਦਨਸ਼ੀਲ ਅਤੇ ਕਾਨੂੰਨੀ ਦਾਇਰੇ ਦੇ ਅੰਦਰ ਰਹਿ ਕੇ ਕੀਤਾ ਗਿਆ ਦੌਰਾ ਸੀ।

ਇਹ ਵੀ ਪੜ੍ਹੋ

" ਉਹ ਆਪਣੀ ਬਿਮਾਰ ਮਾਂ ਲਈ ਚਿੰਤਤ ਸੀ। ਉਹ ਸਾਡੀ ਵਿੱਤੀ ਸਥਿਤੀ ਅਤੇ ਸਾਡੇ ਤਿੰਨ ਬੱਚਿਆਂ ਦੇ ਭਵਿੱਖ ਲਈ ਵੀ ਬਹੁਤ ਚਿੰਤਤ ਸੀ।"

ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੇ ਪਤੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਅਤੇ ਉਸ ਨੂੰ ਇਸ ਲਈ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਕਿਉਂਕਿ ਉਹ ਮੁਸਲਮਾਨ ਹੈ।

ਰਾਏਨਾਥ ਦੇ ਅਨੁਸਾਰ, ਪੁਲਿਸ ਨੇ ਸਿੱਦੀਕੀ ਨੂੰ ਵਾਰ-ਵਾਰ ਪੁੱਛਿਆ ਹੈ ਕਿ ਕੀ ਉਸ ਨੇ ਕਦੇ ਵੀ ਬੀਫ ਖਾਧਾ ਹੈ। (ਬਹੁਤ ਸਾਰੇ ਹਿੰਦੂ ਗਾਂ ਦੀ ਪੂਜਾ ਕਰਦੇ ਹਨ ਅਤੇ ਹਾਲ ਦੇ ਕੁਝ ਸਾਲਾਂ 'ਚ ਮੁਸਲਮਾਨਾਂ ਨੂੰ ਗਾਂ ਦਾ ਮਾਸ ਖਾਣ ਜਾਂ ਫਿਰ ਪਸ਼ੂਆਂ ਦੀ ਢੁਆ ਢੂਆਈ ਲਈ ਨਿਸ਼ਾਨੇ 'ਤੇ ਲਿਆ ਗਿਆ ਹੈ।)

ਉਹ ਅੱਗੇ ਦੱਸਦੀ ਹੈ ਕਿ ਉਸ ਦੇ ਪਤੀ ਨੂੰ ਸਵਾਲ ਕੀਤਾ ਗਿਆ ਕਿ ਉਹ ਡਾ. ਜ਼ਾਕਿਰ ਨਾਇਕ ਨੂੰ ਕਿੰਨ੍ਹੀ ਵਾਰ ਮਿਲੇ ਹਨ। ਡਾ. ਨਾਇਕ ਇੱਕ ਵਿਵਾਦਗ੍ਰਸਤ ਇਸਲਾਮੀ ਪ੍ਰਚਾਰਕ ਹਨ, ਜਿੰਨ੍ਹਾਂ ਦੇ ਸਿਰ 'ਤੇ ਨਫ਼ਰਤ ਭਰਪੂਰ ਭਾਸ਼ਣ ਅਤੇ ਮਨੀ ਲਾਂਡਰਿੰਗ ਤੇ ਭਗੌੜਾ ਹੋ ਕੇ ਮਲੇਸ਼ੀਆ 'ਚ ਰਹਿਣ ਦਾ ਇਲਜ਼ਾਮ ਹੈ।(ਡਾ. ਨਾਇਕ ਨੇ ਇੰਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ) ਪੁਲਿਸ ਨੇ ਇਹ ਵੀ ਪੁੱਛਿਆ ਕਿ ਮੁਸਲਮਾਨਾਂ ਦਾ ਦਲਿਤਾਂ ਨਾਲ ਮੇਲ ਮਿਲਾਪ ਕਿਉਂ ਹੈ।

ਸੁਪਰੀਮ ਕੋਰਟ ਦੇ ਇਕ ਸੀਨੀਅਰ ਵਕੀਲ ਅਭੀਲਾਸ਼ ਐਮਆਰ ਨੇ ਮੈਨੂੰ ਦੱਸਿਆ ਕਿ " ਜੇਕਰ ਕੋਈ ਕਹੇ ਕਿ ਸਿੱਦੀਕੀ ਦੀ ਗ੍ਰਿਫਤਾਰੀ ਇਸਲਾਮੋਫੋਬਿਕ ਹੈ ਤਾਂ ਮੈਂ ਇਸ ਵਿਚਾਰ ਦਾ ਸਮਰਥਨ ਕਰਾਂਗਾ।"

" ਮੈਂ ਇਸ ਮਾਮਲੇ ਨੂੰ ਨਜ਼ਦੀਕੀ ਤੋਂ ਵੇਖ ਰਿਹਾ ਹਾਂ। ਮੇਰੇ ਹਿਸਾਬ ਨਾਲ ਇਹ 'ਸਿਆਸੀ ਮਾਇਆ ਜਾਲ' ਅਤੇ 'ਸਿਆਸੀ ਦਮਨ' ਦਾ ਮਾਮਲਾ ਹੈ।"

ਸਿੱਦੀਕੀ ਦੇ ਬੁਨਿਆਦੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਾਥਰਸ ਮਾਮਲੇ ਨੂੰ ਲੈ ਕੇ ਉੱਤਰਪ੍ਰਦੇਸ਼ ਦੀ ਪੁਲਿਸ ਦੇ ਰਵੈਇਏ ’ਤੇ ਵੀ ਕਾਫ਼ੀ ਸਵਾਲ ਚੁੱਕੇ ਗਏ

ਯੋਗੀ ਸਰਕਾਰ ’ਤੇ ਸਵਾਲ

ਆਲੋਚਕਾਂ ਨੇ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਦੀ ਮੌਜੂਦਾ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਮੁਸਲਮਾਨਾਂ ਨੂੰ ਨਿਸ਼ਾਨੇ 'ਤੇ ਲੈਣ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਯੋਗੀ ਆਦਿੱਤਿਆਨਾਥ ਨੂੰ ਭਾਰਤ ਦਾ ਸਭ ਤੋਂ ਵਿਵਾਦਪੂਰਨ ਅਤੇ ਅਪਮਾਨਜਨਕ ਰਾਜਨੇਤਾ ਦੱਸਿਆ ਗਿਆ ਹੈ। ਉਸ 'ਤੇ ਇਲਜ਼ਾਮ ਵੀ ਲਗਾਇਆ ਗਿਆ ਹੈ ਕਿ ਚੋਣ ਰੈਲੀਆਂ ਦੌਰਾਨ ਉਨ੍ਹਾਂ ਨੇ ਮੁਸਲਮਾਨ ਵਿਰੋਧੀ ਮਾਹੌਲ ਨੂੰ ਉਤਸ਼ਾਹਤ ਕੀਤਾ ਸੀ।

ਯੋਗੀ ਸਰਕਾਰ ਅਤੇ ਸੂਬਾਈ ਪੁਲਿਸ ਫੋਰਸ ਦੀ ਇਸ ਮਾਮਲੇ 'ਚ ਵਿਸ਼ਵ ਪੱਧਰ 'ਤੇ ਅਲੋਚਨਾ ਹੋਈ ਹੈ।

ਜਵਾਨ ਦਲਿਤ ਕੁੜ੍ਹੀ ਦੀ ਮੌਤ ਤੋਂ ਬਾਅਦ ਹੀ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ। ਯੂਪੀ 'ਚ ਪ੍ਰਦਰਸ਼ਨਾਕਾਰੀਆਂ ਨੂੰ ਪੀੜਤ ਪਰਿਵਾਰ ਨਾਲ ਮਿਲਣ ਤੋਂ ਰੋਕਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਉਨ੍ਹਾਂ ਦੀ ਭਾਰੀ ਅਲੋਚਨਾ ਹੋਈ ਹੈ। ਵਿਰੋਧੀ ਧਿਰ ਦੇ ਜਿੰਨ੍ਹਾਂ ਆਗੂਆਂ ਨੇ ਇਸ ਰੋਸ ਪ੍ਰਦਰਸ਼ਨ 'ਚ ਸ਼ਿਰਕਤ ਕੀਤੀ ਸੀ ਉਹ ਵੀ ਮੌਕੇ 'ਤੇ ਵਿਖਾਈ ਨਾ ਦਿੱਤੇ।

ਜਦੋਂ ਮੈਂ ਅਤੇ ਸਿੱਦੀਕੀ ਵੱਖਰੇ ਤੌਰ 'ਤੇ ਹਾਥਰਸ ਲਈ ਰਵਾਨਾ ਹੋਏ ਸੀ, ਉਸ ਤੋਂ ਇੱਕ ਦਿਨ ਪਹਿਲਾਂ ਜਾਨੀ ਕਿ 4 ਅਕਤੂਬਰ ਨੂੰ ਯੋਗੀ ਅੱਦਿਤਿਆਨਾਥ ਨੇ ਦਾਅਵਾ ਕੀਤਾ ਸੀ ਕਿ ਇਹ 'ਸੂਬੇ ਦੇ ਅਕਸ ਨੂੰ ਢਾਹ' ਲਗਾਉਣ ਦੀ 'ਅੰਤਰਰਾਸ਼ਟਰੀ ਸਾਜਿਸ਼' ਹੈ। ਜੋ ਲੋਕ ਉਨ੍ਹਾਂ ਦੀ ਸਰਕਾਰ ਦੀ ਤਰੱਕੀ ਅਤੇ ਵਿਕਾਸ ਤੋਂ ਖੁਸ਼ ਨਹੀਂ ਹਨ, ਉਹ ਇਸ ਮਾਮਲੇ ਨੂੰ ਜਾਣਬੁੱਝ ਕੇ ਉਛਾਲ ਰਹੇ ਹਨ।

ਇਸ ਘਟਨਾ ਨੇ ਪ੍ਰੈਸ ਦੀ ਆਜ਼ਾਦੀ ਦੇ ਕਾਰਕੁੰਨਾ ਨੂੰ ਚਿੰਤਾ'ਚ ਪਾ ਦਿੱਤਾ ਹੈ। ਇੰਨ੍ਹਾਂ ਕਾਰਕੁੰਨਾ ਦਾ ਕਹਿਣਾ ਹੈ ਕਿ ਭਾਰਤ ਹੌਲੀ-ਹੌਲੀ ਪੱਤਰਕਾਰਾਂ ਲਈ ਅਸੁਰੱਖਿਅਤ ਬਣਦਾ ਜਾ ਰਿਹਾ ਹੈ।

ਪ੍ਰੈਸ ਦੀ ਸੁਤੰਤਰਤਾ

ਪਿਛਲੇ ਸਾਲ ਪ੍ਰੈਸ ਸੁਤੰਤਰਤਾ ਸੂਚੀ 'ਚ ਭਾਰਤ 180 ਦੇਸ਼ਾਂ 'ਚ 142ਵੇਂ ਸਥਾਨ 'ਤੇ ਸੀ। ਇਹ ਸੂਚੀ ਦੁਨੀਆ ਭਰ ਦੇ ਪੱਤਰਕਾਰਾਂ ਵੱਲੋਂ ਸਾਲਨਾ ਤਿਆਰ ਕੀਤੀ ਜਾਂਦੀ ਹੈ। ਭਾਰਤ ਪਿਛਲੇ ਸਾਲ ਦੇ ਮੁਕਾਬਲੇ ਦੋ ਸਥਾਨ ਹੇਠਾਂ ਆਇਆ ਹੈ।

ਫਰਵਰੀ ਮਹੀਨੇ ਪੁਲਿਸ ਨੇ ਅੱਠ ਪੱਤਰਕਾਰਾਂ ਖ਼ਿਲਾਫ਼ ਅਪਰਾਧਿਕ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਸਾਰੇ ਪੱਤਰਕਾਰ ਦਿੱਲੀ ਵਿਖੇ ਕਿਸਾਨੀ ਅੰਦੋਲਨ ਦੀ ਕਵਰੇਜ ਕਰ ਰਹੇ ਸਨ। ਮਹਿਲਾ ਪੱਤਰਕਾਰ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਖਾਸ ਕਰਕੇ ਸੋਸ਼ਲ ਮੀਡੀਆ 'ਤੇ ਟਰੋਲਲ ਕਰਨ ਲਈ ਚੁਣਿਆ ਜਾਂਦਾ ਹੈ।

ਸੁਪਰੀਮ ਕੋਰਟ ਦੇ ਵਕੀਲ ਅਭੀਲਾਸ਼ ਨੇ ਕਿਹਾ ਕਿ ਪੁਲਿਸ ਸਿੱਧਿਕੀ ਖ਼ਿਲਾਫ਼ ਕੋਈ ਵੀ ਠੋਸ ਸਬੂਤ ਪੇਸ਼ ਕਰਨ 'ਚ ਅਸਮਰਥ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਉਹ ਇਹ ਕਰਨ 'ਚ ਸਫਲ ਰਹੇ ਕਿ ਉਨ੍ਹਾਂ ਨੇ ਪੱਤਰਕਾਰਾਂ ਨੂੰ ਇਕ ਚੇਤਾਵਨੀ ਜ਼ਰੂਰ ਦੇ ਦਿੱਤੀ ਹੈ ਕਿ ਹਾਥਰਸ ਵੱਲ ਕੋਈ ਵੀ ਮੁੜ ਕੇ ਮੂੰਹ ਨਾ ਕਰੇ।

ਮੈਥਿਓ ਨੇ ਕਿਹਾ "ਸਿੱਦੀਕੀ ਦੀ ਗ੍ਰਿਫਤਾਰੀ ਕਿਸੇ ਆਮ ਵਿਅਕਤੀ ਨੂੰ ਗ੍ਰਿਫਤਾਰ ਕਰਨ ਨਾਲੋਂ ਵੱਖਰੀ ਸੀ। ਮੀਡੀਆ ਦੀ ਆਵਾਜ਼ ਨੂੰ ਚੁੱਪ ਕਰਾਉਣ ਦਾ ਮਤਲਬ ਲੋਕਤੰਤਰ ਦਾ ਅੰਤ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)