ਸਮਲਿੰਗੀ ਵਿਆਹ : 'ਮੈਂ ਸਮਲਿੰਗੀ ਹਾਂ, ਪਤਾ ਲੱਗਣ ਉੱਤੇ ਮੈਨੂੰ ਘਰੋਂ ਕੱਢ ਦਿੱਤਾ'- 3 ਕਹਾਣੀਆਂ ਰਾਹੀ ਸਮਝੋ ਭਾਰਤੀ ਸਮਾਜ ਦੇ ਹਾਲਾਤ

  • ਨਿਲੇਸ਼ ਧੋਤਰੇ
  • ਬੀਬੀਸੀ ਮਰਾਠੀ
ਸਮਲਿੰਗਕ ਜੋੜੇ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਦਿੱਲੀ ਹਾਈਕੋਰਟ ਨੇ ਹਾਲ ਹੀ ਵਿੱਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਲਈ ਦਾਇਰ ਕੀਤੀਆਂ ਗਈਆਂ ਕੁਝ ਅਪੀਲਾਂ ਦੀ ਸੁਣਵਾਈ ਕੀਤੀ ਸੀ

"ਆਪਣਾ ਦੇਸ ਬਹੁਤ ਚੰਗਾ ਹੈ। ਇੱਥੇ ਮੌਕਿਆਂ ਦੀ ਵੀ ਭਰਮਾਰ ਹੈ। ਇਸ ਲਈ ਮੈਂ ਇਸ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ। ਹਾਲਾਂਕਿ ਸਾਡੇ ਮੌਜੂਦਾ ਕਾਨੂੰਨ ਸਮਲਿੰਗੀ ਵਿਆਹਾਂ ਦੀ ਆਗਿਆ ਨਹੀਂ ਦਿੰਦੇ।

ਸਰਕਾਰ ਵੀ ਕਾਨੂੰਨਾਂ ਵਿੱਚ ਸੋਧ ਕਰਨ ਨੂੰ ਤਿਆਰ ਨਹੀਂ ਹੈ, ਫ਼ਿਰ ਵੀ ਮੈਂ ਇਸ ਦੇਸ ਨੂੰ ਛੱਡ ਕੇ ਨਹੀਂ ਜਾਵਾਂਗਾ।" ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਰਾਘਵ ਨੇ ਆਪਣਾ ਇਰਾਦਾ ਦੱਸ ਦਿੱਤਾ।

ਦਿੱਲੀ ਹਾਈਕੋਰਟ ਨੇ ਹਾਲ ਹੀ ਵਿੱਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਲਈ ਦਾਇਰ ਕੀਤੀਆਂ ਗਈਆਂ ਕੁਝ ਅਪੀਲਾਂ ਦੀ ਸੁਣਵਾਈ ਕੀਤੀ ਸੀ। ਪਰ ਕੇਂਦਰ ਸਰਕਾਰ ਨੇ ਸੁਣਵਾਈ ਦੌਰਾਨ ਅਜਿਹੇ ਵਿਆਹਾਂ ਨੂੰ ਮਾਨਤਾ ਦੇਣ ਖ਼ਿਲਾਫ਼ ਦਲੀਲਾਂ ਦਿੱਤੀਆਂ ਸਨ।

ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਵਿੱਚ ਦਾਇਰ ਆਪਣੇ ਹਲਫ਼ਨਾਮੇ ਵਿੱਚ ਕਿਹਾ,"ਸਾਡੇ ਇੱਥੇ ਸੰਸਦ ਦੇ ਬਣਾਏ ਕਾਨੂੰਨ ਸਿਰਫ਼ ਔਰਤ ਅਤੇ ਮਰਦ ਦੇ ਵਿਆਹ ਨੂੰ ਮਾਨਤਾ ਦਿੰਦੇ ਹਨ। ਇਨ੍ਹਾਂ ਕਾਨੂੰਨਾਂ ਵਿੱਚ ਵੱਖ ਵੱਖ ਧਾਰਮਿਕ ਭਾਈਚਾਰਿਆਂ ਅਤੇ ਉਨ੍ਹਾਂ ਦੇ ਰਵਾਇਤੀ ਨਿਯਮਾਂ ਨੂੰ ਵੀ ਮਾਨਤਾ ਦਿੱਤੀ ਗਈ ਹੈ। ਇਸ ਵਿਵਸਥਾ ਵਿੱਚ ਕੋਈ ਵੀ ਦਖ਼ਲਅੰਦਾਜ਼ੀ ਇਨ੍ਹਾਂ ਕਾਨੂੰਨਾਂ ਦੇ ਮੌਜੂਦਾ ਸੰਤੁਲਨ ਨੂੰ ਵਿਗਾੜ ਦੇਵੇਗੀ ਅਤੇ ਇਸ ਨਾਲ ਅਰਾਜਕਤਾ ਫ਼ੈਲ ਜਾਵੇਗੀ।"

ਇਹ ਵੀ ਪੜ੍ਹੋ:

ਕੇਂਦਰ ਸਰਕਾਰ ਨੇ ਇੱਕ ਕਦਮ ਅੱਗੇ ਵੱਧਦਿਆਂ ਵਿਆਹ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਵਜੋਂ ਮਾਨਤਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ।

ਕਿਉਂਕਿ ਭਾਰਤ ਵਿੱਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਹੈ, ਇਸ ਲਈ ਕਈ ਗੇਅ ਅਤੇ ਲੈਸਬੀਅਨ ਜੋੜੇ ਦੂਜੇ ਦੇਸਾਂ ਵਿੱਚ ਜਾ ਕੇ ਆਪਣੇ ਵਿਆਹ ਦੀ ਰਜਿਸਟਰੇਸ਼ਨ ਕਰਵਾਉਂਦੇ ਹਨ। ਕਈ ਵਾਰ ਉਹ ਉਥੇ ਹੀ ਸਥਾਈ ਤੌਰ 'ਤੇ ਰਹਿਣ ਲੱਗ ਜਾਂਦੇ ਹਨ।

ਸਮਲਿੰਗੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਕੇਂਦਰ ਸਰਕਾਰ ਨੇ ਸੁਣਵਾਈ ਦੌਰਾਨ ਅਜਿਹੇ ਵਿਆਹਾਂ ਨੂੰ ਮਾਨਤਾ ਦੇਣ ਖ਼ਿਲਾਫ਼ ਦਲੀਲਾਂ ਦਿੱਤੀਆਂ ਸਨ

ਪਰ ਰਾਘਵ ਦਾ ਇਰਾਦਾ ਅਜਿਹਾ ਕਰਨ ਦਾ ਨਹੀਂ ਹੈ। ਉਹ ਭਾਰਤ ਵਿੱਚ ਹੀ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਸਾਥੀ ਨਾਲ ਭਾਰਤ ਵਿੱਚ ਹੀ ਵਿਆਹ ਕਰਵਾਇਆ ਸੀ।

ਉਹ ਵੀ ਬੇਲਗਾਮ (ਬੇਲਗਾਂਵ) ਵਰਗੇ ਸ਼ਹਿਰ ਵਿੱਚ। ਇੱਕ ਦੂਸਰੇ ਨੂੰ ਤਿੰਨ ਸਾਲ ਤੱਕ ਲਗਾਤਾਰ ਮਿਲਦੇ ਰਹਿਣ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਇਸ ਵਿਆਹ ਨੂੰ ਦੋਵਾਂ ਦੇ ਪਰਿਵਾਰਾਂ ਦਾ ਸਮਰਥਨ ਮਿਲਿਆ ਸੀ।

ਉਨ੍ਹਾਂ ਨੇ ਇੱਕ ਬੇਹੱਦ ਨਿੱਜੀ ਸਮਾਗਮ ਵਿੱਚ ਵਿਆਹ ਕਰਵਾਇਆ। ਵਿਆਹ ਹਿੰਦੂ ਵੈਦਿਕ ਰਸਮਾਂ ਅਤੇ ਇਸਾਈ ਰੀਤੀ ਰਿਵਾਜ਼ਾਂ ਨਾਲ ਹੋਇਆ। ਦੋਵਾਂ ਦੇ ਵਿਆਹ ਨੂੰ ਨੌਂ ਸਾਲ ਹੋ ਚੁੱਕੇ ਹਨ ਪਰ ਉਹ ਇਸ ਦੀ ਕਾਨੂੰਨੀ ਤੌਰ 'ਤੇ ਰਜ਼ਿਸਟ੍ਰੇਸ਼ਨ ਨਹੀਂ ਕਰਵਾ ਸਕੇ।

ਇਸ ਤਰ੍ਹਾਂ ਇਹ ਜੋੜਾ ਉਨ੍ਹਾਂ ਸਾਰੇ ਹੱਕਾਂ ਤੋਂ ਵਾਝਾਂ ਹੈ, ਜੋ ਵਿਆਹ ਦਾ ਕਾਨੂੰਨੀ ਤੌਰ 'ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਔਰਤ-ਮਰਦ ਨੂੰ ਮਿਲਦੇ ਹਨ। ਵਿਆਹ ਦੇ ਨੌ ਸਾਲ ਬਾਅਦ ਵੀ ਦੋਵੇਂ ਆਪਣੇ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਹਨ। ਦੋਵਾਂ ਦੇ ਮਾਪੇ ਵੀ ਚਾਹੁੰਦੇ ਹਨ ਕਿ ਉਹ ਇੱਕਠੇ ਰਹਿਣ।

ਇਸ ਲਈ ਰਾਘਵ ਅਤੇ ਉਨ੍ਹਾਂ ਦੇ ਸਾਥੀ ਇੱਕ ਦੂਜੇ ਦੇ ਘਰ ਜਾ ਕੇ ਹੀ ਮਿਲ ਪਾਉਂਦੇ ਹਨ। ਹਾਲੇ ਤੱਕ ਉਨ੍ਹਾਂ ਨੇ ਆਪਣਾ ਵੱਖਰਾ ਘਰ ਨਹੀਂ ਲਿਆ ਹੈ।

ਰਾਘਵ ਕਹਿੰਦੇ ਹਨ, "ਸਾਡੇ ਸਮਾਜ ਵਿੱਚ ਤਾਂ ਅਕਸਰ ਪ੍ਰੇਮ-ਵਿਆਹ ਦਾ ਵੀ ਵਿਰੋਧ ਹੁੰਦਾ ਹੈ। ਇਸ ਲਈ ਸਮਲਿੰਗੀ ਵਿਆਹ ਨੂੰ ਮਾਨਤਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੇ ਸ਼ਹਿਰ ਦਾ ਮਾਹੌਲ ਦੋ ਧਰਮਾਂ ਵਿੱਚ ਵੰਡਿਆ ਹੋਇਆ ਹੈ। ਇਸ ਲਈ ਇੱਕ ਗੇਅ ਸਬੰਧ ਨੂੰ ਜਨਤਕ ਤੌਰ 'ਤੇ ਪ੍ਰਵਾਨ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ।"

ਚਾਹੇ ਰਾਘਵ ਅਤੇ ਉਨ੍ਹਾਂ ਦੇ ਸਾਥੀ ਨੇ ਵਿਆਹ ਕਰ ਲਿਆ ਹੋਵੇ ਪਰ ਉਨ੍ਹਾਂ ਨੂੰ ਇਸ ਗੱਲ ਨੂੰ ਲੁਕੋ ਕੇ ਰੱਖਣਾ ਪੈਂਦਾ ਹੈ। ਕਈ ਵਾਰ ਦੋਵੇਂ ਦੋਸਤਾਂ ਦੀ ਤਰ੍ਹਾਂ ਘੁੰਮਦੇ ਫ਼ਿਰਦੇ ਹਨ।

ਉਨ੍ਹਾਂ ਕੋਲ ਵਿਆਹ ਦਾ ਕੋਈ ਸਬੂਤ ਨਹੀਂ ਹੈ। ਇਸ ਕਾਰਨ ਹੋਣ ਵਾਲੀਆਂ ਦਿੱਕਤਾਂ ਬਾਰੇ ਗੱਲ ਕਰਦਿਆਂ ਰਾਘਵ ਨੇ ਕਿਹਾ, " ਸਾਡੇ ਵਿਆਹ ਦਾ ਕੋਈ ਪ੍ਰਮਾਣ ਪੱਤਰ ਨਹੀਂ ਹੈ। ਇਸ ਲਈ ਅਸੀਂ ਇਕੱਠੇ ਮਿਲਕੇ ਕੋਈ ਘਰ ਨਹੀਂ ਖ਼ਰੀਦ ਸਕਦੇ। ਸਾਨੂੰ ਸਰੋਗੇਸੀ ਦੀ ਵੀ ਆਗਿਆ ਨਹੀਂ ਹੈ ਅਤੇ ਨਾ ਹੀ ਅਸੀਂ ਬੱਚਾ ਗੋਦ ਲੈ ਸਕਦੇ ਹਾਂ।"

ਰਾਘਵ ਆਪਣੇ ਸਾਥੀ ਨਾਲ ਮਿਲਕੇ ਸਾਂਝੇ ਤੌਰ 'ਤੇ ਐੱਲਆਈਸੀ ਪਾਲਿਸੀ ਲੈਣਾ ਚਾਹੁੰਦੇ ਸਨ। ਪਰ ਐੱਲਆਈਸੀ ਵਾਲਿਆਂ ਦਾ ਕਹਿਣਾ ਸੀ ਕਿ ਸਾਂਝੇ ਤੌਰ 'ਤੇ ਪਾਲਿਸੀ ਤਾਂ ਹੀ ਮਿਲ ਸਕਦੀ ਹੈ ਜਦੋਂ ਇਸ 'ਤੇ ਦਸਤਖ਼ਤ ਕਰਨ ਵਾਲਿਆਂ ਦਾ ਆਪਸ ਵਿੱਚ ਵਿਆਹ ਹੋਇਆ ਹੋਵੇ ਜਾਂ ਫ਼ਿਰ ਕੋਈ ਖ਼ੂਨ ਦਾ ਰਿਸ਼ਤਾ ਹੋਵੇ।

ਐੱਲਆਈਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਉਹ ਦੋਵੇਂ ਮਹਿਜ਼ ਦੋਸਤ ਹਨ ਤਾਂ ਫ਼ਿਰ ਨਾਲ ਮਿਲਕੇ ਪਾਲਿਸੀ ਕਿਉਂ ਲੈਣਾ ਚਾਹੁੰਦੇ ਹਨ। ਆਖ਼ਿਰਕਾਰ ਦੋਵਾਂ ਨੂੰ ਵੱਖੋ ਵੱਖਰੀ ਪਾਲਿਸੀ ਖ਼ਰੀਦਣੀ ਪਈ। ਆਪਣੀ ਪਾਲਿਸੀ ਵਿੱਚ ਉਹ ਇੱਕ ਦੂਜੇ ਨੂੰ ਨਾਮਜ਼ਦ ਵੀ ਨਹੀਂ ਸਕਦੇ ਸਨ। ਇਸ ਲਈ ਦੋਵਾਂ ਨੂੰ ਆਪੋ-ਆਪਣੇ ਮਾਤਾ-ਪਿਤਾ ਨੂੰ ਨਾਮਿਨੀ ਬਣਾਉਣਾ ਪਿਆ।

ਰਾਘਵ ਕਹਿੰਦੇ ਹਨ, ਭੇਦਭਾਵ ਤਾਂ ਅਧਿਕਾਰਿਤ ਫ਼ਾਰਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਹਰ ਜਗ੍ਹਾ ਅਜਿਹਾ ਹੈ। ਇਸ ਸਧਾਰਨ ਪਤੀ-ਪਤਨੀ ਨੂੰ ਜੋ ਹੱਕ ਹਾਸਿਲ ਹਨ ਅਸੀਂ ਉਨ੍ਹਾਂ ਤੋਂ ਮਹਿਰੂਮ ਹਾਂ।

ਸਮਲਿੰਗੀ
ਤਸਵੀਰ ਕੈਪਸ਼ਨ,

ਰਾਘਵ ਨੇ ਲੋਕਾਂ ਨੂੰ ਇਸ ਬਾਰੇ ਜਾਕਰੂਕ ਕਰਨ ਲਈ ਇੱਕ ਬਲਾਗ ਲਿਖਣ ਦਾ ਫ਼ੈਸਲਾ ਕੀਤਾ

ਰਾਘਵ ਕਹਿੰਦੇ ਹਨ, "ਸਾਡੇ ਸ਼ਹਿਰ ਵਿੱਚ ਲੋਕਾਂ ਦੀ ਸੋਚ ਛੋਟੀ ਹੈ। ਇਥੇ ਜਿਸ ਤਰ੍ਹਾਂ ਧਰਮ ਦਾ ਪ੍ਰਭਾਵ ਵੱਧ ਰਿਹਾ ਹੈ, ਉਸ ਵਿੱਚ ਸਾਨੂੰ ਆਪਣੇ ਰਿਸ਼ਤੇ ਨੂੰ ਜਨਤਕ ਕਰਨ ਵਿੱਚ ਡਰ ਲਗਦਾ ਹੈ।

ਐੱਲਜੀਬੀਟੀ ਅਧਿਕਾਰ ਸਿਰਫ਼ ਵੱਡੇ ਸ਼ਹਿਰਾਂ ਦੀ ਗੱਲ ਹੈ। ਜਦੋਂ ਮੈਂ ਦਫ਼ਤਰ ਵਿੱਚ ਆਪਣੀ ਅਸਲ ਪਛਾਣ ਦੱਸੀ ਤਾਂ ਲੋਕਾਂ ਨੇ ਮੈਨੂੰ ਨਿਸ਼ਾਨਾ ਬਣਾਇਆ। ਮੇਰਾ ਮਜ਼ਾਕ ਉਡਾਇਆ ਗਿਆ। ਆਖ਼ਿਰਕਾਰ ਇਸ ਕਾਰਨ ਮੈਂ ਉਥੇ ਨੌਕਰੀ ਛੱਡ ਦਿੱਤੀ।"

ਰਾਘਵ ਦੇ ਸਾਥੀ ਕਾਫ਼ੀ ਉੱਚੇ ਆਹੁਦੇ 'ਤੇ ਕੰਮ ਕਰਦੇ ਹਨ। ਕਈ ਲੋਕ ਉਨ੍ਹਾਂ ਅਧੀਨ ਕੰਮ ਕਰਦੇ ਹਨ। ਇਸ ਲਈ ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਿਲਕੁਲ ਅਲੱਗ਼ ਕੀਤੀ ਹੋਈ ਹੈ।

ਲੋਕ ਤਾਂ ਟਰਾਂਸਜੈਂਡਰ ਅਤੇ ਗੇਅ ਸ਼ਖ਼ਸ ਦਰਮਿਆਨ ਬਹੁਤਾ ਫ਼ਰਕ ਵੀ ਨਹੀਂ ਕਰ ਪਾਉਂਦੇ। ਬਲਕਿ ਰਾਘਵ ਨੇ ਲੋਕਾਂ ਨੂੰ ਇਸ ਬਾਰੇ ਜਾਕਰੂਕ ਕਰਨ ਲਈ ਇੱਕ ਬਲਾਗ ਲਿਖਣ ਦਾ ਫ਼ੈਸਲਾ ਕੀਤਾ। ਪਰ ਉਨ੍ਹਾਂ ਨਾਲ ਇੱਕ ਅਜਿਹਾ ਵਾਕਿਆ ਵਾਪਰਿਆ ਕਿ ਉਹ ਫੌਰੀ ਤੌਰ 'ਤੇ ਪਿੱਛੇ ਹਟ ਗਏ।

ਅਖ਼ਬਾਰਾਂ ਦੀਆਂ ਫ਼ਰਜ਼ੀ ਖ਼ਬਰਾਂ

ਰਾਘਵ ਦੱਸਦੇ ਹਨ, "ਮੈਂ ਸਮਲਿੰਗਕਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਇੱਕ ਬਲਾਗ ਲਿਖਣਾ ਸ਼ੁਰੂ ਕੀਤਾ। ਪਰ ਸਾਲ 2017 ਅਤੇ 2018 ਵਿੱਚ ਕੁਝ ਸਥਾਨਕ ਅਖ਼ਬਰਾਂ ਨੇ ਫ਼ਰਜ਼ੀ ਖ਼ਬਰਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਲਿਖਿਆ ਕਿ ਸ਼ਹਿਰ ਵਿੱਚ ਸਮਲਿੰਗੀ ਲੋਕਾਂ ਨੇ ਧਾਵਾ ਬੋਲ ਦਿੱਤਾ ਹੈ ਅਤੇ ਉਹ ਆਮ ਲੋਕਾਂ ਨੂੰ ਆਪਣੇ ਜਾਲ ਵਿੱਚ ਫ਼ਸਾ ਰਹੇ ਹਨ। ਇਹ ਲੋਕ ਮਰਦਾਂ ਨੂੰ ਉਨ੍ਹਾਂ ਦੀਆਂ ਔਰਤਾਂ ਨਾਲ ਮਿਲਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਸਮਲਿੰਗੀ ਬਣਾ ਰਹੇ ਹਨ। ਸਮਲਿੰਗਤਾ ਦੀ ਇਹ ਬੀਮਾਰੀ ਹਰ ਪਾਸੇ ਫ਼ੈਲ ਰਹੀ ਹੈ। ਮੈਨੂੰ ਇਹ ਪੜ੍ਹਕੇ ਸਦਮਾ ਲੱਗਿਆ।"

ਰਾਘਵ ਕਹਿੰਦੇ ਹਨ, " ਅਸੀਂ ਉਸ ਸਮੇਂ ਬੇਹੱਦ ਡਰੇ ਹੋਏ ਸੀ। ਆਪਣੇ ਪਰਿਵਾਰ ਵਿੱਚ ਅਸੀਂ ਕਾਫ਼ੀ ਖੁੱਲ੍ਹੇ ਹੋਏ ਹਾਂ, ਪਰ ਲਗਾਤਾਰ ਦਬਾਅ ਬਣਿਆ ਹੋਇਆ ਸੀ। ਮੇਰਾ ਮੰਨਣਾ ਹੈ ਕਿ ਸਮਾਜ ਸਾਨੂੰ ਸਵਿਕਾਰ ਕਰੇ। ਨਾਲ ਹੀ ਸਾਡੇ ਲਈ ਜ਼ਰੂਰੀ ਕਾਨੂੰਨ ਵੀ ਬਣਨ। ਜੇ ਨਿਯਮ ਹੋਣਗੇ ਤਾਂ ਸਾਨੂੰ ਘੱਟੋ ਘੱਟ ਕੁਝ ਅਧਿਕਾਰ ਤਾਂ ਮਿਲਣਗੇ।"

ਇੰਦਰਜੀਤ ਘੋਰਪੜੇ

ਤਸਵੀਰ ਸਰੋਤ, INDERJEET GHORPADE

ਤਸਵੀਰ ਕੈਪਸ਼ਨ,

ਇੰਦਰਜੀਤ ਘੋਰਪੜੇ

...ਅਤੇ ਇਸ ਤਰ੍ਹਾਂ ਮੇਰੇ ਕਰੀਅਰ ਨੂੰ ਝਟਕਾ ਲੱਗਿਆ

ਇੰਦਰਜੀਤ ਘੋਰਪੜੇ ਆਈਟੀ ਇੰਜੀਨੀਅਰ ਹਨ। ਪੂਣੇ ਵਿੱਚ ਰਹਿੰਦੇ ਹਨ। ਉਹ ਪਿਛਲੇ ਤਿੰਨ ਸਾਲ ਤੋਂ ਇੱਕ ਸਬੰਧ ਵਿੱਚ ਹਨ।

ਪਰ ਉਹ ਕਹਿੰਦੇ ਹਨ ਕਿ ਸਮਲਿੰਗੀ ਵਿਆਹਾਂ ਨੂੰ ਭਾਰਤ ਵਿੱਚ ਕਾਨੂੰਨੀ ਮਾਨਤਾ ਨਹੀਂ ਹੈ। ਇਸ ਗੱਲ ਨੇ ਉਨ੍ਹਾਂ ਦੇ ਕਰੀਅਰ ਨੂੰ ਨੁਕਸਾਨ ਪਹੁੰਚਾਇਆ ਹੈ।

ਉਹ ਦੱਸਦੇ ਹਨ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਆਇਰਲੈਂਡ ਦੀ ਇੱਕ ਕੰਪਨੀ ਦਾ ਕਾਫ਼ੀ ਚੰਗਾ ਆਫ਼ਰ ਮਿਲਿਆ ਸੀ। ਕੰਪਨੀ ਦਾ ਕਹਿਣਾ ਸੀ ਕਿ ਉਹ ਆਪਣੇ ਪਾਰਟਰਨ ਦੇ ਨਾਲ ਆਇਰਲੈਂਡ ਵਿੱਚ ਵੱਸ ਸਕਦੇ ਹਨ। ਇੰਦਰਜੀਤ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਸੀ। ਪਰ ਇਹ ਵਿਆਹ ਕੁਝ ਪਲਾਂ ਲਈ ਹੀ ਸੀ।

ਇੰਦਰਜੀਤ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਆਪਣੇ ਪਾਰਟਰਨ ਨਾਲ ਆਪਣਾ ਰਿਸ਼ਤਾ ਕਾਨੂੰਨੀ ਤੌਰ 'ਤੇ ਸਾਬਤ ਕਰਨਾ ਹੋਵੇਗਾ, ਤਾਂ ਹੀ ਕੰਪਨੀ ਉਨ੍ਹਾਂ ਨੂੰ ਆਇਰਲੈਂਡ ਦਾ ਵੀਜ਼ਾ ਅਤੇ ਹੋਰ ਸਹੂਲਤਾਂ ਦਿਵਾ ਸਕੇਗੀ।

ਕੰਪਨੀ ਨੇ ਇੰਦਰਜੀਤ ਸਾਂਝਾ ਬੈਂਕ ਖਾਤਾ, ਪ੍ਰਾਪਰਟੀ ਕਾਰਡ ਜਾਂ ਫ਼ਿਰ ਕੋਈ ਅਜਿਹਾ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ, ਜਿਸ ਵਿੱਚ ਲਿਖਿਆ ਹੋਵੇ ਕਿ ਉਹ ਪਾਰਟਰਨ ਹਨ।

ਇੰਦਰਜੀਤ ਕਹਿੰਦੇ ਹਨ, " ਮੈਂ ਉਨ੍ਹਾਂ ਨੂੰ ਆਪਣੇ ਰਿਸ਼ਤੇ ਦਾ ਦਸਤਾਵੇਜ਼ੀ ਸਬੂਤ ਨਹੀਂ ਦੇ ਸਕਿਆ। ਮੈਂ ਇਹ ਸਾਬਤ ਨਹੀਂ ਕਰ ਸਕਿਆ ਕਿ ਉਹ ਮੇਰੇ ਪਾਰਟਰਨ ਹਨ। ਭਾਰਤ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਸ ਦੇ ਤਹਿਤ ਅਸੀਂ ਕੋਈ ਰਜਿਸਟ੍ਰੇਸ਼ਨ ਦਿਖਾ ਸਕੀਏ, ਜੋ ਇਹ ਦਿਖਾਏ ਕਿ ਅਸੀਂ ਦੋਵੇਂ ਪਾਰਟਨਰ ਹਾਂ। ਨਤੀਜੇ ਵਜੋਂ ਮੈਨੂੰ ਆਇਰਲੈਂਡ ਦੀ ਕੰਪਨੀ ਦੇ ਆਫ਼ਰ ਨੂੰ ਨਾਂਹ ਕਰਨੀ ਪਈ।"

ਇੰਦਰਜੀਤ ਕਹਿੰਦੇ ਹਨ, ਅਸੀਂ ਵਿਆਹ ਨਹੀਂ ਕਰ ਸਕਦੇ ਕਿਉਂਕਿ ਸਮਲਿੰਗੀ ਵਿਆਹ ਦਾ ਰਜਿਸਟ੍ਰੇਸ਼ਨ ਭਾਰਤ ਵਿੱਚ ਨਹੀਂ ਹੁੰਦਾ ਹੈ। ਜੇ ਅਸੀਂ ਵਿਆਹ ਵੀ ਕਰ ਲੈਂਦੇ ਤਾਂ ਇਸ ਨੂੰ ਮਾਨਤਾ ਦਿਵਾਉਣ ਲਈ ਰਜਿਸਟ੍ਰੇਸ਼ਨ ਦੀ ਸਾਲਾਂਬੱਧੀ ਉਡੀਕ ਕਰਨੀ ਪੈਂਦੀ।

ਇੰਦਰਜੀਤ ਹੁਣ ਵਿਦੇਸ਼ ਜਾ ਕੇ ਉਥੇ ਹੀ ਵਸਣ ਦੀ ਸੋਚ ਰਹੇ ਹਨ। ਉਹ ਕਹਿੰਦੇ ਹਨ ਨਾ ਸਿਰਫ਼ ਸਮਾਜਿਕ ਮਾਹੌਲ ਕਾਰਨ ਬਲਕਿ ਮਾਨਸਿਕ ਸ਼ਾਂਤੀ ਲਈ ਵੀ ਮੈਂ ਅਜਿਹਾ ਸੋਚ ਰਿਹਾ ਹਾਂ।

ਵੀਡੀਓ ਕੈਪਸ਼ਨ,

ਪਾਕਿਸਤਾਨ ਵਿੱਚ ਰਹਿੰਦੇ ਸਮਲਿੰਗੀਆਂ ਦੀ ਕਹਾਣੀ

ਇੰਦਰਜੀਤ ਕਹਿੰਦੇ ਹਨ,"ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਰਿਸ਼ਤੇ ਨੂੰ ਕਾਨੂੰਨ ਮਾਨਤਾ ਨਹੀਂ ਦਿੰਦਾ ਤਾਂ ਤੁਸੀਂ ਮਾਨਸਿਕ ਤੌਰ 'ਤੇ ਪਰੇਸ਼ਨ ਹੋ ਜਾਂਦੇ ਹੋ। ਕਈ ਵਾਰ ਸਮਾਜ ਵਿੱਚ ਲੋਕਾਂ ਜਾਂ ਫ਼ਿਰ ਰਿਸ਼ਤੇਦਾਰਾਂ ਨੂੰ ਮਿਲਣ ਸਮੇਂ ਮੈਂ ਆਪਣੇ ਪਾਰਟਰਨਰ ਦੀ ਵਾਕਫ਼ੀਅਤ ਆਪਣੇ ਬੁਆਏਫ਼੍ਰੈਂਡ ਵਜੋਂ ਕਰਵਾਉਂਦਾ ਹਾਂ।"

"ਪਰ ਸਾਡਾ ਰਿਸ਼ਤਾ ਇਸ ਤੋਂ ਅੱਗੇ ਵੱਧ ਚੁੱਕਾ ਹੈ। ਅਸੀਂ ਇੱਕ ਦੂਜੇ ਦੇ ਸਿਰਫ਼ ਬੁਆਏਫ਼੍ਰੈਂਡ ਨਹੀਂ ਹਾਂ। ਇਸ ਲਈ ਹਰ ਵਾਰ ਜਦੋਂ ਮੈਂ ਕਹਿੰਦਾ ਹੈ ਕਿ ਇਹ ਮੇਰਾ ਬੁਆਏਫ਼੍ਰੈਂਡ ਹੈ ਤਾਂ ਮੈਂ ਹਤਾਸ਼ ਮਹਿਸੂਸ ਕਰਦਾ ਹਾਂ। ਅਸੀਂ ਬੁਆਏਫ਼੍ਰੈਂਡ ਦੇ ਸੰਕਲਪ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਲਈ ਅਸੀਂ ਲੋਕਾਂ ਨੂੰ ਇੱਕ ਦੂਸਰੇ ਦੀ ਵਾਕਫ਼ੀਅਤ ਕਰਵਾਉਣ ਸਮੇਂ ਕਹਿੰਦੇ ਹਾਂ ਕਿ ਅਸੀਂ ਪਾਰਟਨਰ ਹਾਂ।"

ਇੰਦਰਜੀਤ ਦਾ ਗੁੱਸਾ ਸਾਫ਼ ਹੈ। ਉਹ ਕਹਿੰਦੇ ਹਨ, "ਹੈਟ੍ਰੋਸੈਕਸ਼ੂਅਲ ਯਾਨੀ ਵਿਪਰੀਤ ਲਿੰਗੀ ਮਾਮਲਿਆਂ ਵਿੱਚ ਪਤੀ ਪਤਨੀ ਨੂੰ ਅਰਾਮ ਨਾਲ ਵੀਜ਼ਾ ਮਿਲ ਜਾਂਦਾ ਹੈ। ਪਰ ਮੈਨੂੰ ਇਸ ਵਿੱਚ ਪਰੇਸ਼ਾਨੀ ਹੋਈ। ਕਿਸੇ ਵੀ ਰਿਲੇਸ਼ਨਸ਼ਿਪ ਵਿੱਚ ਮੈਡੀਕਲ ਐਮਰਜੈਂਸੀ, ਪ੍ਰਾਪਰਟੀ ਅਤੇ ਹੋਰ ਚੀਜ਼ਾਂ ਨਾਲ ਜੁੜੇ ਮਾਮਲੇ ਹੁੰਦੇ ਹਨ। ਸਾਡੇ ਰਿਲੇਸ਼ਨਸ਼ਿਪ ਵਿੱਚ ਵੀ ਇਹ ਸਭ ਹੈ।"

"ਪਰ ਮੇਰੇ ਕਰੀਅਰ ਵਿੱਚ ਇਹ ਇੱਕ ਵੱਡਾ ਰੋੜਾ ਬਣ ਗਿਆ ਹੈ। ਮੇਰੇ ਸਾਹਮਣੇ ਕਈ ਮੌਕੇ ਆਏ। ਪਰ ਮੈਨੂੰ ਇਨ੍ਹਾਂ ਨੂੰ ਛੱਡਣਾ ਪਿਆ। ਜੇ ਸਾਡੇ ਰਿਸ਼ਤੇ ਵਿੱਚ ਕਾਨੂੰਨੀ ਅੜਚਣ ਨਾ ਆਉਂਦੀ ਤਾਂ ਅਸੀਂ ਦੋ ਸਾਲ ਪਹਿਲਾਂ ਹੀ ਆਇਰਲੈਂਡ 'ਚ ਵਿੱਚ ਜਾ ਕੇ ਵੱਸ ਚੁੱਕੇ ਹੁੰਦੇ।"

ਸਮਲਿੰਗੀ
ਤਸਵੀਰ ਕੈਪਸ਼ਨ,

ਭਾਰਤ ਵਿੱਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਹੈ, ਇਸ ਲਈ ਕਈ ਗੇਅ ਅਤੇ ਲੈਸਬੀਅਨ ਜੋੜੇ ਦੂਜੇ ਦੇਸਾਂ ਵਿੱਚ ਜਾ ਕੇ ਆਪਣੇ ਵਿਆਹ ਦੀ ਰਜਿਸਟਰੇਸ਼ਨ ਕਰਵਾਉਂਦੇ ਹਨ

ਮੇਰੀਆਂ ਭੈਣਾਂ ਨੇ ਇਸ ਦਾ ਫ਼ਾਇਦਾ ਚੁੱਕਿਆ

ਦੀਪ 54 ਸਾਲ ਦੇ ਹਨ। ਮੁੰਬਈ ਵਿੱਚ ਰਹਿੰਦੇ ਹਨ। ਉਹ ਇੱਕ ਫ਼ਿਲਮਮੇਕਰ ਸਨ। ਉਨ੍ਹਾਂ ਨੇ ਯੂਨੀਸੈਫ਼ ਵਰਗੇ ਸੰਗਠਨਾਂ ਨਾਲ ਕੰਮ ਕੀਤਾ ਹੈ। ਪਰ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਹ ਵਿਆਹ ਨਹੀਂ ਕਰ ਸਕੇ। ਉਹ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਹਾਲਾਤ ਕਦੇ ਵੀ ਉਨ੍ਹਾਂ ਦੇ ਹੱਕ ਵਿੱਚ ਨਹੀਂ ਸਨ। ਦੀਪ ਗੇਅ ਹਨ ਅਤੇ ਸਿੰਗਲ ਵੀ। ਉਨ੍ਹਾਂ ਦੇ ਭੈਣ ਭਰਾ ਇਸ ਗੱਲ ਦਾ ਫ਼ਾਇਦਾ ਚੁੱਕਦੇ ਹਨ।

ਦੀਪ ਦੀ ਕਹਾਣੀ ਉਨ੍ਹਾਂ ਦੀ ਹੀ ਜ਼ੁਬਾਨੀ ਸੁਣੋ।

"ਸ਼ੁਰੂ ਵਿੱਚ ਮੈਂਨੂੰ ਆਪਣੇ ਆਪ ਤੇ ਸ਼ੱਕ ਹੁੰਦਾ ਸੀ। ਮੈਨੂੰ ਆਪਣੇ ਆਪ ਨੂੰ ਸਵਿਕਾਰ ਕਰਨ ਵਿੱਚ ਕਾਫ਼ੀ ਸਮਾਂ ਲੱਗਿਆ। ਜਦੋਂ ਮੈਂ ਆਪਣੇ ਆਪ ਨੂੰ ਜਿਸ ਤਰ੍ਹਾਂ ਦਾ ਸੀ, ਅਜਿਹਾ ਹੀ ਸਵਿਕਾਰ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਤਾਂ ਭਾਰਤ ਦੇ ਕਾਨੂੰਨ ਦੇ ਹਿਸਾਬ ਨਾਲ ਗ਼ਲਤ ਹੈ। ਗੇਅ ਹੋਣ ਦੀ ਮੈਂ ਭਾਰੀ ਕੀਮਤ ਅਦਾ ਕੀਤੀ ਹੈ।"

ਕੁਝ ਸਮਾਂ ਬਾਅਦ ਮੈਂ ਆਪਣੇ ਵਰਗੇ ਹੀ ਇੱਕ ਸ਼ਖ਼ਸ ਨੂੰ ਮਿਲਿਆ। ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ। ਪਰ ਭਾਰਤ ਵਿੱਚ ਇਹ ਮੁਮਕਿਨ ਨਹੀਂ ਸੀ। ਇਸ ਲਈ ਮੇਰੇ ਸਾਥੀ ਨੇ ਕਿਹਾ ਕਿ ਸਾਨੂੰ ਵਿਦੇਸ਼ ਜਾ ਕੇ ਵਿਆਹ ਕਰਵਾ ਲੈਣਾ ਚਾਹੀਦਾ ਹੈ।

ਪਰ ਮੇਰੇ ਮਾਤਾ-ਪਿਤਾ ਬੀਮਾਰ ਸਨ। ਮੇਰੇ ਲਈ ਇਹ ਸੰਭਵ ਨਹੀਂ ਸੀ ਕਿ ਮੈਂ ਵਿਦੇਸ਼ ਜਾ ਕੇ ਵਿਆਹ ਕਰਵਾਵਾਂ। ਮੈਂ ਆਪਣੇ ਬੀਮਾਰ ਮਾਂ-ਬਾਪ ਨੂੰ ਇਥੇ ਛੱਡ ਕੇ ਨਹੀਂ ਸੀ ਜਾ ਸਕਦਾ। ਇਸ ਲਈ ਮੈਨੂੰ ਉਸ ਰਿਸ਼ਤੇ ਵਿੱਚੋਂ ਨਿਕਲਣਾ ਪਿਆ। ਮੇਰੇ ਪਾਰਟਨਰ ਨੇ ਕਨੇਡਾ ਵਿੱਚ ਕਿਸੇ ਹੋਰ ਸ਼ਖ਼ਸ ਨਾਲ ਵਿਆਹ ਕਰਵਾ ਲਿਆ।

ਦਰਅਸਲ ਮੇਰਾ ਵਿਆਹ ਹੋ ਸਕਦਾ ਸੀ। ਜੇ ਮੇਰੀਆਂ ਦੋਵੇਂ ਭੈਣਾਂ ਸਾਡੇ ਮਾਤਾ-ਪਿਤਾ ਦੀ ਦੇਖਭਾਲ ਦੀ ਜ਼ਿੰਮੇਵਾਰੀ ਸਾਂਝੀ ਕਰ ਲੈਂਦੀਆਂ ਤਾਂ ਇਹ ਸੰਭਵ ਹੋ ਸਕਦਾ ਸੀ। ਪਰ ਦੋਵਾਂ ਭੈਣਾਂ ਨੇ ਮਾਂ-ਬਾਪ ਦੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨ੍ਹਾਂ ਨੇ ਹੁਣ ਆਪਣੇ ਬੱਚੇ ਪਾਲਣੇ ਹਨ।

ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਆਖ਼ਿਰ ਮੈਂ ਕਦੋਂ ਤੱਕ ਇਕੱਲਾ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਚੁੱਕਾਗਾਂ ਤਾਂ ਉਨ੍ਹਾਂ ਨੇ ਕਿਹਾ ਕਿ ਤੂੰ ਵਿਆਹ ਕਿਉਂ ਨਹੀਂ ਕਰ ਲੈਂਦਾ। ਜਦੋਂ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਗੇਅ ਹਾਂ। ਉਨ੍ਹਾਂ ਨੂੰ ਮੇਰੀ ਸਥਿਤੀ ਬਾਰੇ ਪੂਰੀ ਤਰ੍ਹਾਂ ਪਤਾ ਹੈ। ਉਹ ਜਾਣਦੀਆਂ ਹਨ ਕਿ ਮੈਂ ਕਿਸੇ ਔਰਤ ਨਾਲ ਵਿਆਹ ਨਹੀਂ ਕਰ ਸਕਦਾ। ਉਨ੍ਹਾਂ ਨੇ ਮੇਰੀ ਹਾਲਤ ਦਾ ਪੂਰਾ ਫ਼ਾਇਦਾ ਚੁੱਕਿਆ।

ਇੰਨ੍ਹਾਂ ਕਾਰਨਾਂ ਕਰਕੇ ਮੈਂ ਆਪਣੇ ਕਰੀਅਰ 'ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਨਹੀਂ ਕਰ ਸਕਿਆ। ਮੈਨੂੰ ਕੰਮ ਲਈ ਸ਼ਹਿਰ ਤੋਂ ਬਾਹਰ ਜਾਣਾ ਬੰਦ ਕਰਨਾ ਪਿਆ। ਮੇਰੇ ਉੱਪਰ ਮਾਤਾ-ਪਿਤਾ ਦੀ ਜ਼ਿੰਮੇਵਾਰੀ ਸੀ। ਮੈਨੂੰ ਚੰਗੇ ਆਫ਼ਰ ਛੱਡਣੇ ਪਏ।

ਜੇ ਮੈਂ ਭਾਰਤ ਵਿੱਚ ਆਪਣੇ ਸਾਥੀ ਨਾਲ ਵਿਆਹ ਕਰਵਾ ਪਾਉਂਦਾ ਤਾਂ ਮੇਰੇ ਲਈ ਮਾਂ-ਬਾਪ ਦੀ ਦੇਖਭਾਲ ਬੇਹੱਦ ਸੌਖੀ ਹੋ ਜਾਂਦੀ। ਫ਼ਿਰ ਮੈਂ ਆਪਣੀਆਂ ਭੈਣਾਂ ਨੂੰ ਸਹੀ ਜਵਾਬ ਦਿੰਦਾ।

ਪਰ ਹੁਣ ਉਹ ਕਹਿੰਦੀਆਂ ਹਨ, ਮੈਂ ਇਕੱਲਾ ਹਾਂ। ਮੇਰੇ ਉੱਪਰ ਕਿਸੇ ਹੋਰ ਕੰਮ ਦੀ ਵੀ ਜ਼ਿੰਮੇਵਾਰੀ ਨਹੀਂ ਹੈ। ਤਾਂ ਇਸ ਤਰ੍ਹਾਂ ਮੇਰੀਆਂ ਭੈਣਾਂ ਨੇ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ 'ਤੇ ਲੱਦ ਦਿੱਤੀ।

ਮੇਰੀ ਵੀ ਆਪਣੀ ਜ਼ਿੰਦਗੀ ਹੈ। ਮੈਂ ਵੀ ਆਪਣੀ ਜ਼ਿੰਦਗੀ ਜਿਊਣਾ ਚਾਹੁੰਦਾ ਹਾਂ। ਚਲੋ ਵਿਆਹ ਦੀ ਗੱਲ ਛੱਡ ਦਿਓ। ਮੈਨੂੰ ਤਾਂ ਸਿੰਗਲ ਰਹਿਣ ਦਾ ਵੀ ਅਧਿਕਾਰ ਨਹੀਂ। ਵਿਆਹੁਤਾ ਨਾ ਹੋਣ ਕਾਰਨ ਮੇਰੇ ਨਾਲ ਲਗਾਤਾਰ ਭੇਦਭਾਵ ਹੁੰਦਾ ਰਿਹਾ ਹੈ।

ਉਹ ਕਾਨੂੰਨੀ ਤੌਰ 'ਤੇ ਵਿਆਹੁਤਾ ਹਨ ਅਤੇ ਮੈਂ ਕਾਨੂੰਨੀ ਤੌਰ 'ਤੇ ਵਿਆਹ ਨਹੀਂ ਕਰ ਸਕਦਾ। ਅਤੇ ਇਸ ਨਾਲ ਇਹ ਹਾਲਾਤ ਪੈਦਾ ਹੋ ਗਏ। ਕਦੀ ਕਦੀ ਤਾਂ ਮੈਂ ਬੇਹੱਦ ਮਾਨਸਿਕ ਤਣਾਅ ਵਿੱਚ ਆ ਜਾਂਦਾ ਹਾਂ। ਇਸ ਨੇ ਮੇਰੀ ਸਰੀਰਕ ਤੰਦਰੁਸਤੀ 'ਤੇ ਵੀ ਅਸਰ ਪਾਇਆ ਹੈ।

ਸਮਲਿੰਗਕ ਜੋੜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

“ਕਦੀ ਕਦੀ ਤਾਂ ਮੈਂ ਬੇਹੱਦ ਮਾਨਸਿਕ ਤਣਾਅ ਵਿੱਚ ਆ ਜਾਂਦਾ ਹਾਂ। ਇਸ ਨੇ ਮੇਰੀ ਸਰੀਰਕ ਤੰਦਰੁਸਤੀ 'ਤੇ ਵੀ ਅਸਰ ਪਾਇਆ ਹੈ”

ਸਮਲਿੰਗੀ ਵਿਆਹ ਦਾ ਕਾਨੂੰਨ ਹੁੰਦਾ ਤਾਂ ਮੈਨੂੰ ਕੁਝ ਭਰੋਸਾ ਮਿਲਦਾ

ਭੁਵਨੇਸ਼ਵਰ ਦੀ ਰਹਿਣ ਵਾਲੀ ਰੂਚਾ ਕਹਿੰਦੇ ਹਨ, "ਅਜਿਹਾ ਨਹੀਂ ਕਿ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਪ੍ਰਵਾਨਗੀ ਮਿਲਦਿਆਂ ਹੀ ਸਮਾਜ ਤੁਰੰਤ ਬਦਲ ਜਾਵੇਗਾ ਪਰ ਘੱਟੋ ਘੱਟ ਸਾਨੂੰ ਬਾਰਬਰੀ ਨਾਲ ਰਹਿਣ ਦਾ ਹੱਕ ਤਾਂ ਮਿਲ ਜਾਵੇਗਾ।"

ਰੂਚਾ ਆਪਣੀ ਪਾਰਟਨਰ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਦੋਵੇਂ 14 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਪਿਛਲੇ ਤਿੰਨ ਸਾਲਾਂ ਤੋਂ ਦੋਵਾਂ ਨੇ ਇਕੱਠਿਆਂ ਰਹਿਣਾ ਸ਼ੁਰੂ ਕਰ ਦਿੱਤਾ ਹੈ।

ਪਰ ਰੂਚਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਘਰ ਛੱਡਣ ਲਈ ਕਹਿ ਦਿੱਤਾ। ਉਨ੍ਹਾਂ ਤੋਂ ਕਾਗ਼ਜ 'ਤੇ ਲਿਖਵਾ ਲਿਆ ਗਿਆ ਕਿ ਪਰਿਵਾਰ ਦੀ ਜ਼ਾਇਦਾਦ ਵਿੱਚ ਉਹ ਕੋਈ ਹੱਕ ਨਹੀਂ ਮੰਗਣਗੇ।

ਰੂਚਾ ਕਹਿੰਦੇ ਹਨ, "ਮੈਂ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਦੇ ਕਾਰੋਬਾਰ ਵਿੱਚ ਲੱਗੀ ਰਹੀ ਸੀ। ਮੈਂ ਆਪਣੇ ਪਾਰਟਨਰ ਨਾਲ ਮਲਿਕੇ ਜੌਬ ਕੰਨਸੈਲਟੈਂਸੀ ਦਾ ਕੰਮ ਸ਼ੁਰੂ ਕੀਤਾ ਸੀ। ਪਰਿਵਾਰ ਦੇ ਬਿਜ਼ਨੈਸ ਤੋਂ ਹੋਣ ਵਾਲੀ ਕਮਾਈ ਇਸਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੁੰਦੀ ਸੀ। ਮੈਂ ਆਪਣਾ ਹਿੱਸਾ ਕਦੀ ਨਹੀਂ ਰੱਖਿਆ। ਪਰ ਸਾਲ 2018 ਵਿੱਚ ਮੇਰੀ ਪਾਰਟਨਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।"

ਉਹ ਦੱਸਦੇ ਹਨ, " ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਉਸ ਸਮੇਂ ਮੇਰੇ ਪਰਿਵਾਰ ਨੂੰ ਪਤਾ ਲੱਗਿਆ ਕਿ ਮੈਂ ਲੈਸਬੀਅਨ ਹਾਂ। ਮੇਰੇ ਮਾਤਾ-ਪਿਤਾ ਨਹੀਂ ਹਨ। ਮੇਰੇ ਚਾਚਾ-ਚਾਚੀ ਨੇ ਮੈਨੂੰ ਘਰ ਛੱਡਣ ਲਈ ਕਹਿ ਦਿੱਤਾ। ਮੈਂਨੂੰ ਉਨ੍ਹਾਂ ਨੇ ਇਹ ਲਿਖ ਕੇ ਦੇਣ ਲਈ ਕਿਹਾ ਕਿ ਮੈਂ ਪਰਿਵਾਰ ਦੀ ਜਾਇਦਾਦ ਵਿੱਚੋਂ ਹਿੱਸਾ ਨਹੀਂ ਮੰਗਾਂਗੀ। ਆਪਣੇ ਹਿੱਸੇ ਦੀ ਜਾਇਦਾਦ ਸਰੈਂਡਰ ਕਰ ਰਹੀ ਹਾਂ। ਮੇਰੀ ਗੱਡੀ ਵੀ ਉਨ੍ਹਾਂ ਨੇ ਰੱਖ ਲਈ। ਜੇ ਕਾਨੂੰਨ ਮੇਰੇ ਪੱਖ ਵਿੱਚ ਹੁੰਦਾ ਤਾਂ ਮੈਂ ਉਨ੍ਹਾਂ ਖ਼ਿਲਾਫ਼ ਲੜ ਸਕਦੀ ਸੀ।"

ਸਮਲਿੰਗਕ ਜੋੜੇ
ਤਸਵੀਰ ਕੈਪਸ਼ਨ,

ਰੂਚਾ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਕੇਂਦਰ ਸਰਕਾਰ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੇ ਵਿਰੋਧ ਵਿੱਚ ਭਾਰਤੀ ਸਭਿਆਚਾਰ ਦੀ ਦੁਹਾਈ ਦੇ ਰਹੀ ਹੈ

"ਮੇਰੀ ਪਾਰਟਨਰ ਨਾਲ ਹੋਈ ਦੁਰਘਟਨਾ ਅਤੇ ਘਰੋਂ ਕੱਢੇ ਜਾਣ ਬਾਅਦ ਜੌਬ ਕੰਨਸਲਟੈਂਸੀ ਦਾ ਮੇਰਾ ਕੰਮ ਬੰਦ ਹੋ ਗਿਆ। ਮੈਨੂੰ ਨਵਾਂ ਕੰਮ ਲੱਭਣਾ ਪਿਆ, ਇਸ ਦੌਰਾਨ ਮੇਰੀ ਪਾਰਟਨਰ ਦੇ ਮਾਤਾ-ਪਿਤਾ ਦੀ ਪੂਰੀ ਹਮਦਰਦੀ ਮੇਰੇ ਨਾਲ ਰਹੀ। ਹੁਣ ਅਸੀਂ ਕਿਰਾਏ ਦੇ ਘਰ ਵਿੱਚ ਰਹਿ ਰਹੇ ਹਾਂ। ਮੈਂ ਨੌਕਰੀ ਲੱਭ ਰਹੀ ਹਾਂ।"

ਰੂਚਾ ਕਹਿੰਦੇ ਹਨ , "ਪਰ ਸਾਡੇ ਲਈ ਇਹ ਹੀ ਵੱਡੀ ਗੱਲ ਹੈ ਕਿ ਅਸੀਂ ਔਖੇ ਸਮੇਂ ਵਿੱਚ ਵੀ ਇੱਕ ਦੂਜੇ ਦੇ ਨਾਲ ਰਹਿ ਸਕਦੇ ਹਾਂ।"

ਕਿਉਂਕਿ ਰੂਚਾ ਅਤੇ ਉਨ੍ਹਾਂ ਦਾ ਪਾਰਟਨਰ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ,ਇਸ ਲਈ ਉਹ ਐੱਲਆਈਸੀ ਦੀ ਪਾਲਿਸੀ ਸਾਂਝੀ ਤੌਰ' ਤੇ ਨਹੀਂ ਲੈ ਸਕਦੀਆਂ। ਰੂਚਾ ਆਪਣੀ ਪਾਲਿਸੀ ਵਿੱਚ ਆਪਣੀ ਪਾਰਟਨਰ ਨੂੰ ਨਾਮਜ਼ਦ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਭ ਕੁਝ ਲਕੋ ਕੇ ਕਰਨਾ ਪਿਆ ਹੈ।

ਰੂਚਾ ਨੇ ਆਪਣੇ ਤਜ਼ਰਬੇ ਬਾਰੇ ਦੱਸਿਆ, " ਇੱਕ ਵਾਰ ਅਸੀਂ ਇੱਕ ਗਾਇਨੋਕੋਲੋਜਿਸਟ ਕੋਲ ਗਏ। ਮੇਰੀ ਪਾਰਟਨਰ ਨੂੰ ਸਰੀਰ ਵਿੱਚ ਅੰਦਰੂਨੀ ਜਲਣ ਦੀ ਸ਼ਿਕਾਇਤ ਸੀ। ਜਦੋਂ ਅਸੀਂ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੇ ਪੁੱਛਿਆ ਕਿ ਮੈਂ ਹਰ ਸਮੇਂ ਪਾਰਟਨਰ ਦੇ ਨਾਲ ਕਿਉਂ ਲੱਗ ਰਹੀ ਹਾਂ।"

"ਜੇ ਸਾਡੇ ਸਬੰਧ ਨੂੰ ਕਾਨੂੰਨੀ ਮਾਨਤਾ ਮਿਲੀ ਹੁੰਦੀ ਤਾਂ ਅਸੀਂ ਸਿੱਧੇ ਉਨ੍ਹਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸ ਸਕਦੇ ਸੀ। ਅੱਜ ਅਸੀਂ ਇਸ ਬਾਰੇ ਵਿੱਚ ਲੋਕਾਂ ਨੂੰ ਸਿੱਧੇ ਤੌਰ ਤੇ ਦੱਸਣ ਲੱਗੀਏ ਤਾਂ ਲੋਕਾਂ ਦਾ ਪਤਾ ਨਹੀਂ ਕੀ ਰੁਖ਼ ਹੋਵੇਗਾ। ਜੇ ਸਾਡੇ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਮਿਲੀ ਹੁੰਦੀ ਤਾਂ ਸਾਡੇ ਅੰਦਰ ਥੋੜ੍ਹਾ ਵਿਸ਼ਵਾਸ ਹੁੰਦਾ।"

ਪਰ ਰੂਚਾ ਦੀਆਂ ਮੁਸ਼ਕਿਲਾਂ ਇਥੇ ਹੀ ਖ਼ਤਮ ਨਹੀਂ ਹੁੰਦੀਆਂ। ਉਨ੍ਹਾਂ ਨੂੰ ਹਮੇਸ਼ਾ ਡਰ ਦੇ ਪਰਛਾਵੇਂ ਵਿੱਚ ਰਹਿਣਾ ਪੈਂਦਾ ਹੈ।

ਉਹ ਕਹਿੰਦੇ ਹਨ, "ਕਈ ਮਰਦ ਦੋਸਤ ਮੇਰੀ ਪਾਰਟਨਰ ਨੂੰ ਆ ਕੇ ਪੁੱਛਦੇ ਹਨ ਕਿ ਉਹ ਮੇਰੇ ਨਾਲ ਕਿਉਂ ਰਹਿ ਰਹੀ ਹੈ। ਉਹ ਕਹਿੰਦੇ ਹਨ ਸਾਡੇ ਨਾਲ ਵਿਆਹ ਕਰ ਲਓ। ਅਸੀਂ ਚੰਗਾ ਕਮਾਉਂਦੇ ਹਾਂ। ਮੇਰੀ ਪਾਰਟਨਰ ਨੂੰ ਇਹ ਸਭ ਝੱਲਣਾ ਪੈਂਦਾ ਹੈ।"

ਰੂਚਾ ਕਹਿੰਦੇ ਹਨ, " ਛੂਤਛਾਤ ਨੂੰ ਖ਼ਤਮ ਕਰਨ ਲਈ ਕਾਨੂੰਨ ਬਣੇ ਹੋਏ ਹਨ। ਪਰ ਇਸ ਨਾਲ ਇਹ ਪੂਰਾ ਖ਼ਤਮ ਨਹੀਂ ਹੋਇਆ ਹੈ। ਹਾਂ, ਇਸ ਨਾਲ ਹਾਲਾਤ ਥੋੜ੍ਹੇ ਸੁਧਰੇ ਹਨ। ਜੇ ਕਾਨੂੰਨ ਲਾਗੂ ਹੋਵੇ ਤਾਂ ਸਾਡੀ ਸਥਿਤੀ ਵਿੱਚ ਕੁਝ ਸੁਧਰ ਸਕਦੀ ਹੈ। ਘੱਟੋ ਘੱਟ ਅਸੀਂ ਲੋਕਾਂ ਦੇ ਸਵਾਲਾਂ ਦਾ ਸਿੱਧਾ ਜਵਾਬ ਤਾਂ ਦੇ ਸਕਦੇ ਹਾਂ।"

ਰੂਚਾ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਕੇਂਦਰ ਸਰਕਾਰ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੇ ਵਿਰੋਧ ਵਿੱਚ ਭਾਰਤੀ ਸੱਭਿਆਚਾਰ ਦੀ ਦੁਹਾਈ ਦੇ ਰਹੀ ਹੈ।

ਉਹ ਕਹਿੰਦੇ ਹਨ, " ਮਹਾਂ ਭਾਰਤ ਵਿੱਚ ਵੀ ਸਮਲਿੰਗੀ ਸਬੰਧਾਂ ਦੀਆਂ ਕਈ ਕਹਾਣੀਆਂ ਹਨ। ਫ਼ਿਰ ਇਹ ਭਾਰਤੀ ਸਭਿਆਚਾਰ ਤੋਂ ਕਿਵੇਂ ਅਲੱਗ ਹੈ। ਇਥੋਂ ਤੱਕ ਕੇ ਖਜੁਰਾਹੋ ਵਿੱਚ ਸਮਲਿੰਗੀ ਸਬੰਧਾ ਨਾਲ ਸਬੰਧਿਤ ਮੂਰਤੀਆਂ ਹਨ। ਆਖ਼ਿਰ ਉਹ ਕਿਥੋਂ ਆਈਆਂ ਹਨ।"

ਰੂਚਾ ਅੰਦਰ ਇਸ ਨੂੰ ਲੈ ਕੇ ਗੁੱਸਾ ਹੈ, " ਜੇ ਕੋਈ ਕਾਨੂੰਨ ਬਣੇ ਤਾਂ ਮੈਨੂੰ ਅਤੇ ਮੇਰੀ ਪਾਰਟਰਨ ਨੂੰ ਸੁਰੱਖਿਆ ਮਿਲ ਸਕਦਾ ਹੈ। ਇਸ ਨਾਲ ਸਾਨੂੰ ਬਰਾਬਰੀ ਦਾ ਹੱਕ ਮਿਲੇਗਾ। ਅੱਜ ਦੇ ਸਮਾਜ ਵਿੱਚ ਸਾਨੂੰ ਮਾੜੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ।

ਪੁਰਾਤਨ ਭਾਰਤੀ ਸਭਿਆਚਾਰ

ਕੀ ਪੁਰਾਤਨ ਭਾਰਤੀ ਸਭਿਆਚਾਰ ਵਿੱਚ ਸਮਲਿੰਗਕਤਾ ਮਨਜ਼ੂਰ ਸੀ

ਇਸ ਸਵਾਲ 'ਤੇ ਕਈ ਵਾਰ ਚਰਚਾ ਹੋ ਚੁੱਕੀ ਹੈ।

ਦੂਸਰੇ ਦੇਸਾਂ ਵਿੱਚ ਲੋਕਾਂ ਨੂੰ ਸਮਲਿੰਗਕਤਾ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲੜਨਾ ਪਿਆ ਪਰ ਪੁਰਾਤਨ ਭਾਰਤ ਵਿੱਚ ਇਸ ਨੂੰ ਸਮਾਜਿਕ ਮਾਨਤਾ ਹਾਸਿਲ ਸੀ।

ਅਮਰ ਦਾਸ ਵਿਲਹੇਮ ਨੇ ਆਪਣੀ ਕਿਤਾਬ 'Tritiya Prakriti: People of the Third Sex: Understanding Homosexuality, Transgender Identity through Hinduism' ਵਿੱਚ ਕਿਹਾ ਹੈ ਕਿ ਸਮਲਿੰਗਕਤਾ ਅਤੇ ਤੀਸਰਾ ਜੈਂਡਰ ਹਮੇਸ਼ਾਂ ਭਾਰਤੀ ਸਮਾਜ ਵਿੱਚ ਮੌਜੂਦ ਰਹੇ ਹਨ।

ਮੱਧ ਕਾਲ ਅਤੇ ਸਭਿਆਚਾਰ ਦੇ ਗ੍ਰੰਥਾਂ ਦਾ ਅਧਿਐਨ ਕਰਨ ਤੋਂ ਬਾਅਦ ਉਹ ਇਸ ਨਤੀਜੇ 'ਤੇ ਪਹੁੰਚੇ ਸਨ।

ਵਿਲਹੇਮ ਨੇ ਕਾਮਸੂਤਰ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਪ੍ਰਾਚੀਨ ਭਾਰਤ ਵਿੱਚ ਸਮਲਿੰਗੀ ਔਰਤਾਂ ਨੂੰ 'ਸਵਰਾਣੀ' ਕਿਹਾ ਜਾਂਦਾ ਸੀ। ਇਹ ਔਰਤਾਂ ਦੂਸਰੀਆਂ ਔਰਤਾਂ ਨਾਲ ਵਿਆਹ ਕਰਦੀਆਂ ਸਨ। ਥਰਡ ਜੈਂਡਰ ਦੀ ਬਰਾਦਰੀ ਅਤੇ ਆਮ ਸਮਾਜ ਵਿੱਚ ਇਨ੍ਹਾਂ ਨੂੰ ਸੌਖਿਆਂ ਹੀ ਪ੍ਰਵਾਨਗੀ ਦਿੱਤੀ ਜਾਂਦੀ ਸੀ।

ਇਸ ਕਿਤਾਬ ਵਿੱਚ ਸਮਲਿੰਗੀ ਪੁਰਸ਼ਾਂ ਨੂੰ 'ਕਲੀਵ' ਕਿਹਾ ਗਿਆ ਹੈ। ਉਨ੍ਹਾਂ ਨੂੰ ਨਪੁੰਸਕ ਪੁਰਸ਼ ਕਿਹਾ ਗਿਆ ਹੈ। ਸਮਲਿੰਗੀ ਪ੍ਰਵਿਰਤੀਆਂ ਦੇ ਕਾਰਨ ਇਨ੍ਹਾਂ ਵਿੱਚ ਔਰਤਾਂ ਪ੍ਰਤੀ ਲਗਾਵ ਨਹੀਂ ਹੁੰਦਾ।

ਕਾਮਸੂਤਰ ਦਾ ਸੰਦਰਭ

ਵਾਤਸਿਆਨ ਨੇ ਗੁਪਤ ਕਾਲ ਵਿੱਚ ਕਾਮਸੂਤਰ ਲਿਖਿਆ ਸੀ। ਇਸ ਵਿੱਚ ਸੁੰਦਰ ਮਰਦ ਸੇਵਕਾਂ ਅਤੇ ਮਾਲਿਸ਼ ਕਰਨ ਵਾਲਿਆਂ ਦੇ ਦੂਸਰੇ ਪੁਰਸ਼ਾਂ ਨਾਲ ਸਬੰਧਾਂ ਦਾ ਵਰਣਨ ਦਿੱਤਾ ਗਿਆ ਹੈ।

ਕਾਮਸੂਤਰ ਵਿੱਚ ਪੁਰਸ਼ਾਂ ਦੇ ਵਿੱਚ ਆਪਸੀ ਸੰਭੋਗ ਦਾ ਵੀ ਵਰਣਨ ਕੀਤਾ ਗਿਆ ਹੈ। ਉਸ ਸਮੇਂ ਔਰਤਾਂ ਵਰਗੇ ਹਾਵ-ਭਾਵ ਵਾਲਿਆਂ ਨੂੰ ਖ਼ਰਾਬ ਨਿਗ੍ਹਾ ਨਾਲ ਨਹੀਂ ਸੀ ਦੇਖਿਆ ਜਾਂਦਾ। ਉਨ੍ਹਾਂ ਨੂੰ ਦੁਸ਼ਟ ਜਾਂ ਅਪਰਾਧੀ ਨਹੀਂ ਸੀ ਸਮਝਿਆ ਜਾਂਦਾ। ਕਾਮਸੂਤਰ ਵਿੱਚ ਔਰਤਾਂ ਦਰਮਿਆਨ ਵੀ ਯੋਨ ਸਬੰਧਾਂ ਦਾ ਜ਼ਿਕਰ ਹੈ।

ਖਜੁਰਾਹੋ ਅਤੇ ਉਡੀਸਾ ਦੇ ਮੰਦਰਾਂ ਵਿੱਚ ਇਸ ਤਰ੍ਹਾਂ ਦੇ ਸਬੰਧਾਂ ਨੂੰ ਦਰਸਾਉਂਦੀਆਂ ਮੂਰਤੀਆਂ ਹਨ। ਮੱਧਕਾਲ ਵਿੱਚ ਬਹਿਨਾਪੇ ਦੀ ਜੋ ਰਵਾਇਤ ਸੀ, ਉਸ ਨੂੰ ਸਮਲਿੰਗਕਤਾ ਦੀ ਵਡਿਆਈ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)