ਗਰੈਮੀ ਐਵਾਰਡ 'ਚ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਲਿਲੀ ਸਿੰਘ ਕੌਣ ਹੈ

ਤਸਵੀਰ ਸਰੋਤ, lilly singh/instagram
ਲਿਲੀ ਸਿੰਘ ਗਰੈਮੀ ਐਵਾਰਡ ਵਿੱਚ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਸੀ
ਭਾਰਤ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਕਈ ਮੌਕਿਆਂ 'ਤੇ ਕੌਮਾਂਤਰੀ ਸੁਰਖੀਆਂ ਬਟੋਰ ਚੁੱਕਿਆ ਹੈ। ਇੱਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਕਿਸਾਨੀ ਅੰਦੋਲਨ ਦੀ ਚਰਚਾ ਹੋਈ ਹੈ ਜਦੋਂ ਮਸ਼ਹੂਰ ਯੂਟਿਊਬਰ ਲਿਲੀ ਸਿੰਘ ਅੰਤਰਾਸ਼ਟਰੀ ਮਿਊਜ਼ਿਕ ਐਵਾਰਡਜ਼ ਗਰੈਮੀ ਦੇ ਸਮਾਗਮ ਵਿੱਚ 'I Stand With Farmers' ਲਿਖਿਆ ਮਾਸਕ ਪਹਿਨ ਕੇ ਪਹੁੰਚੀ।
ਇਹ ਵੀ ਪੜ੍ਹੋ-
ਲਿਲੀ ਸਿੰਘ ਨੇ ਸਮਾਗਮ ਵਾਲੀ ਥਾਂ ਦੀ ਆਪਣੀ ਇਹ ਮਾਸਕ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
ਲਿਲੀ ਨੇ ਟਵੀਟ ਕੀਤਾ, "ਮੈਨੂੰ ਪਤਾ ਹੈ ਕਿ ਰੈੱਡ ਕਾਰਪੇਟ ਅਤੇ ਐਵਾਰਡ ਸ਼ੋਅਜ਼ ਦੀਆਂ ਤਸਵੀਰਾਂ ਨੂੰ ਸਭ ਤੋਂ ਵੱਧ ਕਵਰੇਜ ਮਿਲਦੀ ਹੈ, ਸੋ ਇਹ ਚੁੱਕੋ, ਮੀਡੀਆ ਇਹ ਚਲਾਉਣ ਲਈ ਸੁਤੰਤਰ ਹੈ।"
ਲਿਲੀ ਸਿੰਘ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ ਅਤੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਕ ਇਸ ਦੀ ਸ਼ਲਾਘਾ ਕਰ ਰਹੇ ਹਨ।
ਕੌਣ ਹੈ ਲਿਲੀ ਸਿੰਘ?
ਲਿਲੀ ਸਿੰਘ ਕੈਨੇਡੀਅਨ ਕਾਮੇਡੀਅਨ, ਟਾਕ ਸ਼ੋਅ ਹੋਸਟ ਅਤੇ ਯੂਟਿਊਬਰ ਹੈ। ਲਿਲੀ ਸਿੰਘ ਦੇ ਮਾਪੇ ਪੰਜਾਬੀ ਮੂਲ ਦੇ ਹਨ।
ਟਵਿੱਟਰ 'ਤੇ ਲਿਲੀ ਦੇ 5.5 ਮਿਲੀਅਨ ਫੌਲੋਅਰ ਹਨ ਅਤੇ ਇੰਸਟਾਗ੍ਰਾਮ 'ਤੇ 9.6 ਮਿਲੀਅਨ ਲੋਕ ਲਿਲੀ ਨੂੰ ਫੌਲੋ ਕਰਦੇ ਹਨ।
ਲਿਲੀ ਦੇ ਯੂਟਿਊਬ ਚੈਨਲ ਨੂੰ 14.9 ਮਿਲੀਅਨ ਲੋਕਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ।
ਲਿਲੀ ਨੇ ਸਾਲ 2010 ਵਿੱਚ ਆਪਣਾ ਯੂਟਿਊਬ ਚੈਨਲ ਬਣਾਇਆ ਸੀ।
2013 ਵਿੱਚ ਲਿਲੀ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਮਿਲਣੀ ਸ਼ੁਰੂ ਹੋ ਗਈ ਸੀ ਅਤੇ ਉਹ ਅਮਰੀਕਾ, ਕੈਨੇਡਾ, ਯੂਕੇ ਤੇ ਆਸਟ੍ਰੇਲੀਆ ਵਿੱਚ ਰਹਿੰਦੀਆਂ ਸਾਊਥ ਏਸ਼ੀਅਨ ਟੀਨ-ਏਜ ਕੁੜੀਆਂ ਵਿੱਚ ਮਕਬੂਲ ਹੋਣ ਲੱਗੀ।
ਲਿਲੀ ਦਾ ਨਾਮ ਫੋਰਬਜ਼ ਮੈਗਜੀਨ ਵੱਲੋਂ ਜਾਰੀ ਮਸ਼ਹੂਰ ਤੇ ਕਾਮਯਾਬ ਯੂਟਿਊਬਰਜ਼ ਵਿੱਚ ਵੀ ਆ ਚੁੱਕਾ ਹੈ।
ਤਸਵੀਰ ਸਰੋਤ, Lilly Singh/Twitter
ਲਿਲੀ ਸਿੰਘ NBC ਚੈਨਲ 'ਤੇ ਲੇਟ ਨਾਈਟ ਸ਼ੋਅ 'ਏ ਲਿਟਲ ਲੇਟ ਵਿਦ ਲਿਲੀ ਸਿੰਘ' ਵੀ ਹੋਸਟ ਕਰ ਚੁੱਕੀ ਹੈ।
ਲਿਲੀ ਸਿੰਘ ਦੁਨੀਆਂ ਦੀਆਂ ਮਸ਼ਹੂਰ ਹਸਤੀਆਂ ਜਿਵੇਂ ਕਿ ਮਿਸ਼ੇਲ ਓਬਾਮਾ, ਬਿਲ ਗੇਟਸ , ਮਸ਼ਹੂਰ ਰੈਸਲਰ ਡਵੇਨ ਜੌਨਸਨ 'ਦਿ ਰੌਕ' ਅਤੇ ਸੇਲੀਨਾ ਗੋਮੇਜ਼ ਨੂੰ ਵੀ ਆਪਣੇ ਯੂਟਿਊਬ ਚੈਨਲ 'ਤੇ ਲਿਆ ਚੁੱਕੀ ਹੈ।
ਲਿਲੀ ਸਿੰਘ NBC ਚੈਨਲ 'ਤੇ ਲੇਟ ਨਾਈਟ ਸ਼ੋਅ 'ਏ ਲਿਟਲ ਲੇਟ ਵਿਦ ਲਿਲੀ ਸਿੰਘ' ਵੀ ਹੋਸਟ ਕਰ ਚੁੱਕੀ ਹੈ।
ਸਾਲ 2019 ਵਿੱਚ ਲਿਲੀ ਸਿੰਘ ਆਪਣੇ ਇਸ ਲੇਟ ਨਾਈਟ ਸ਼ੋਅ ਵਿੱਚ ਦਸਤਾਰ ਬਾਰੇ ਕੀਤੀ ਟਿੱਪਣੀ ਕਾਰਨ ਵਿਵਾਦਾਂ ਵਿੱਚ ਵੀ ਆ ਗਈ ਸੀ। ਇਸ ਮਜਾਕ 'ਤੇ ਬਾਅਦ ਵਿੱਚ ਲਿਲੀ ਸਿੰਘ ਨੇ ਮਾਫੀ ਮੰਗ ਲਈ ਸੀ।
ਲਿਲੀ ਸਿੰਘ ਨੇ ਆਪਣੇ ਸ਼ੋਅ ਦੌਰਾਨ ਪਗੜੀ ਦੀ ਬਾਥ ਟਾਵਲ (ਤੌਲੀਏ) ਨਾਲ ਤੁਲਨਾ ਕੀਤੀ ਸੀ।। ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਟਿੱਪਣੀ 'ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ। ਜਿਸ ਤੋਂ ਬਾਅਦ ਲਿਲੀ ਸਿੰਘ ਨੇ ਟਵੀਟ ਕਰਕੇ ਮਾਫੀ ਮੰਗੀ ਸੀ।
ਲਿਲੀ ਸਿੰਘ ਤੋਂ ਇਲਾਵਾ ਹੋਰ ਵੀ ਕਈ ਕੌਮਾਂਤਰੀ ਹਸਤੀਆਂ ਕਿਸਾਨ ਅੰਦੋਲਨ ਦਾ ਖੁੱਲ੍ਹ ਕੇ ਸਮਰਥਨ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚ ਮਸ਼ਹੂਰ ਸਿੰਗਰ ਰਿਹਾਨਾ ਅਤੇ ਵਾਤਾਵਰਨ ਕਾਰਕੁੰਨ ਗ੍ਰੇਟਾ ਥਰਨਬ੍ਰਗ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: