ਕੋਰੋਨਾਵਾਇਰਸ : ਪੰਜਾਬ ਲਈ ਵਧੇਰੇ ਚਿੰਤਾ ਕਿਸ ਗੱਲ ਦੀ ਅਤੇ ਪੰਜਾਬੀਆਂ ਦੀ ਮੌਤ ਦਰ ਵੱਧ ਕਿਉਂ

  • ਨਵਦੀਪ ਕੌਰ ਗਰੇਵਾਲ
  • ਬੀਬੀਸੀ ਪੱਤਰਕਾਰ
ਵੀਡੀਓ ਕੈਪਸ਼ਨ,

ਕੋਰੋਨਾਾਵਇਰਸ: ਪੰਜਾਬ ਵਿੱਚ ਮੌਤ ਦਰ ਵੱਧ ਕਿਉਂ ਹੈ

ਪੰਜਾਬ ਵਿੱਚ ਕੋਵਿਡ-19 ਦੇ ਨਵੇਂ ਮਰੀਜ਼ਾਂ ਅਤੇ ਮੌਤਾਂ ਦਾ ਅੰਕੜਾ ਵਧ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ 16 ਮਾਰਚ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ ਕੋਵਿਡ ਕਾਰਨ ਹੋਈਆਂ ਕੁੱਲ ਮੌਤਾਂ ਵਿੱਚੋਂ 82.44 ਪ੍ਰਤੀਸ਼ਤ ਮੌਤਾਂ ਸੱਤ ਸੂਬਿਆਂ ਵਿੱਚ ਹੋਈਆਂ ਹਨ।

ਪੰਜਾਬ ਦੇ 16 ਮਾਰਚ ਦੀ ਸ਼ਾਮ ਜਾਰੀ ਹੋਏ ਅੰਕੜਿਆਂ ਮੁਤਾਬਕ, ਹੁਣ ਤੱਕ 2,01,036 ਕੋਵਿਡ ਮਰੀਜ਼ ਆਏ ਹਨ ਜਿਨ੍ਹਾਂ ਵਿੱਚੋਂ 1,82,283 ਰਿਕਵਰ ਹੋ ਚੁੱਕੇ ਹਨ ਅਤੇ 6,137 ਮੌਤਾਂ ਹੋਈਆਂ ਹਨ। 16 ਮਾਰਚ ਦੇ ਅੰਕੜਿਆਂ ਮੁਤਾਬਕ, ਇਸ ਦਿਨ ਕੁੱਲ 38 ਮੌਤਾਂ ਹੋਈਆਂ ਹਨ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 17 ਮਾਰਚ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਵਿਚ ਪਹਿਲਾਂ ਕੋਰੋਨਾਵਾਇਰਸ ਦੇ ਔਸਤਨ ਕੇਸਾਂ ਕਰੀਬ 531 ਅਉਂਦੇ ਸਨ ਪਰ ਪਿਛਲੇ ਪੰਦਰਵਾੜੇ ਦੌਰਾਨ ਇਹ ਗਿਣਤੀ ਵਧ ਕੇ 1338 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਮਲੇ ਵਿਚ ਸਭ ਤੋਂ ਵੱਧ ਚਿੰਤਾਜਨਕ ਗੱਲ ਇਹ ਕਿ ਸੂਬੇ ਵਿਚ ਪੌਜਟੀਵਿਟੀ ਵਧ ਕੇ ਡਬਲ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਪੌਜੀਟਿਵੀ 3 ਫ਼ੀਸਦ ਤੋਂ ਵਧ ਕੇ 6.8 ਫ਼ੀਸਦ ਹੋ ਗਈ ਹੈ। ਕੇਂਦਰੀ ਸਿਹਤ ਟੀਮ ਨੇ ਕਿਹਾ ਕਿ ਪੌਜੀਟਿਵੀ ਦਰ ਵਧਣ ਦਾ ਅਰਥ ਇਹ ਹੈ ਕਿ ਕੋਵਿਡ ਪ੍ਰੋਟੋਕਾਲ ਦਾ ਪਾਲਣ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ।

ਉਨ੍ਹਾਂ ਕਿਹਾ ਕਿ ਮਾਸਕ ਪਾਉਣ, ਸੋਸ਼ਲ ਡਿਸਟੈਂਸਿੰਗ ਅਤੇ ਟੇਰਸਿੰਗ ਵਰਗੇ ਕਦਮਾਂ ਨੂੰ ਗੰਭੀਰਤਾ ਨਾਲ ਲਾਗੂ ਕਰਨ ਪਵੇਗਾ

ਇਹ ਵੀ ਪੜ੍ਹੋ:

ਤਸਵੀਰ ਸਰੋਤ, MOHW

ਪੰਜਾਬ ਦੀ ਰਾਜਧਾਨੀ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਉਨ੍ਹਾਂ 16 ਸੂਬਿਆਂ ਵਿੱਚ ਰਿਹਾ ਜਿੱਥੇ ਪਿਛਲੇ 24 ਘੰਟੇ ਅੰਦਰ ਕੋਵਿਡ ਕਾਰਨ ਕੋਈ ਮੌਤ ਰਿਪੋਰਟ ਨਹੀਂ ਹੋਈ। ਨਵੇਂ ਰਿਪੋਰਟ ਹੋ ਰਹੇ ਕੋਵਿਡ ਪੌਜ਼ੀਟਿਵ ਕੇਸਾਂ ਵਿੱਚ ਵੀ ਪੰਜਾਬ ਉਨ੍ਹਾਂ ਸੂਬਿਆਂ ਵਿੱਚ ਆ ਗਿਆ ਹੈ ਜਿੱਥੇ ਸਭ ਤੋਂ ਵੱਧ ਮਾਮਲੇ ਆ ਰਹੇ ਹਨ।

"ਕੋ-ਮੌਰਬਿਟੀਜ਼ ਵਾਲੇ ਮਰੀਜ਼ਾਂ ਵਿੱਚ ਕੋਵਿਡ ਕਾਰਨ ਮੌਤ ਦੀ ਸੰਭਾਵਨਾ ਜ਼ਿਆਦਾ"

ਪੰਜਾਬ ਦੇ ਸਿਹਤ ਵਿਭਾਗ ਦੇ ਸਲਾਹਕਾਰ ਡਾ.ਕੇ.ਕੇ ਤਲਵਾਰ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ, "ਪੰਜਾਬ ਵਿੱਚ ਸਹਿ-ਰੋਗਾਂ ਯਾਨੀ ਕੋ-ਮੋਰਬਿਟੀਜ਼ ਵਾਲੇ ਮਰੀਜ਼ ਦੂਜੇ ਕਈ ਸੂਬਿਆਂ ਦੇ ਮੁਕਾਬਲੇ ਵਧੇਰੇ ਹਨ। ਇਸ ਲਈ ਜਦੋਂ ਅਜਿਹੇ ਰੋਗਾਂ ਜਿਵੇਂ ਕਿ ਡਾਇਬਟੀਜ਼, ਹਾਈਪਰ-ਟੈਨਸ਼ਨ, ਕਿਡਨੀ ਰੋਗ, ਦਿਲ ਦੇ ਮਰੀਜ਼, ਲੀਵਰ ਰੋਗਾਂ ਵਾਲੇ ਮਰੀਜ਼ ਕੋਵਿਡ-19 ਦਾ ਸ਼ਿਕਾਰ ਹੁੰਦੇ ਹਨ ਤਾਂ ਉਨ੍ਹਾਂ ਦੀ ਮੌਤ ਦਰ ਦੀ ਸੰਭਾਵਨਾ ਵਧ ਜਾਂਦੀ ਹੈ।''

''ਅਜਿਹੇ ਲੋਕਾਂ ਨੂੰ ਕੋਵਿਡ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਅਤੇ ਗੰਭੀਰ ਲੱਛਣਾਂ ਦੀ ਵੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਲੋਕ ਕੋਵਿਡ-19 ਦੇ ਲੱਛਣ ਆਉਣ 'ਤੇ ਸਹੀ ਸਿਹਤ ਸਹੂਲਤਾਂ ਲੈਣ ਦੀ ਬਜਾਏ, ਲਾਪਰਵਾਹੀ ਵਰਤ ਰਹੇ ਹਨ ਅਤੇ ਖੁਦ ਹੀ ਕੈਮਿਸਟ ਤੋਂ ਦਵਾਈ ਲੈ ਕੇ ਸਹੀ ਇਲਾਜ ਵਿੱਚ ਦੇਰੀ ਕਰਨਾ ਵੀ ਉੱਚ ਮੌਤ ਦਰ ਦਾ ਕਾਰਨ ਹੈ। "

ਡਾ.ਤਲਵਾਰ ਮੁਤਾਬਕ, ਕੋਵਿਡ-19 ਦੇ ਲੱਛਣ ਦਿਸਣ 'ਤੇ ਮਰੀਜ਼ ਨੂੰ ਬਿਨ੍ਹਾਂ ਦੇਰੀ ਕੀਤੀਆਂ ਰਿਪੋਰਟ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਪੱਧਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਵਿਡ ਦੇ ਦਾਖਲ ਮਰੀਜ਼ਾਂ ਵਾਲੇ ਹਸਪਤਾਲਾਂ ਵਿੱਚ ਵਿਭਾਗ ਦਾ ਐਕਸਪਰਟ ਗਰੁੱਪ ਮਰੀਜ਼ਾਂ ਦੀ ਸਥਿਤੀ ਜਾਣ ਕੇ ਹਾਲਤ ਸੁਧਾਰਨ ਲਈ ਹੋਰ ਕੀ ਕੀਤਾ ਜਾਵੇ।

ਉਨ੍ਹਾਂ ਮੁਤਾਬਕ ਪੰਜਾਬ ਵਿੱਚ ਸਿਹਤ ਸਹੂਲਤਾਂ ਨਾਕਾਫੀ ਨਹੀਂ ਹਨ, ਬਲਕਿ ਚਿੰਤਾ ਦਾ ਵਿਸ਼ਾ ਲੋਕਾਂ ਦੀ ਲਾਪਰਵਾਹੀ ਹੈ।

ਕੋਵਿਡ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਅਹਿਮ ਅੰਕੜੇ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਰੀ ਬਿਆਨ ਵਿੱਚ ਆਖਿਆ ਹੈ ਕਿ ਸੂਬੇ ਵਿੱਚ ਕੋਵਿਡ-19 ਦੇ 77.90 ਫੀਸਦੀ ਕੇਸ ਇਲਾਜ ਲਈ ਦੇਰੀ ਨਾਲ ਆਉਂਦੇ ਹਨ, ਜੋ ਕਿ ਉੱਚ ਮੌਤ ਦਰ ਦਾ ਕਾਰਨ ਹੈ।

ਸਿਹਤ ਵਿਭਾਗ ਦੀ ਡੈੱਥ ਰੀਵਿਊ ਟੀਮ ਦੇ ਹਵਾਲੇ ਤੋਂ ਸਿਹਤ ਮੰਤਰੀ ਨੇ ਇਹ ਕਾਰਨ ਦੱਸਿਆ। ਵੱਧ ਰਹੇ ਕੇਸਾਂ ਅਤੇ ਉੱਚ ਮੌਤ ਦਰ ਦੇ ਮੱਦੇਨਜ਼ਰ ਸਿਹਤ ਮੰਤਰੀ ਨੇ ਸਾਰੇ ਸਿਵਲ ਸਰਜਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਲਦੀ ਇਲਾਜ ਕਰਾਉਣ ਲਈ ਪ੍ਰੇਰਿਤ ਕਰਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਡਾ. ਪਿਆਰੇ ਲਾਲ ਗਰਗ ਮੁਤਾਬਕ ਪੰਜਾਬ ਦਾ ਸਿਹਤ ਵਿਭਾਗ ਲੋਕਾਂ ਅੰਦਰ ਵਿਸ਼ਵਾਸ ਪੈਦਾ ਨਹੀਂ ਕਰ ਸਕਿਆ

ਉਨ੍ਹਾਂ ਕਿਹਾ ਕਿ ਜਨਵਰੀ ਤੋਂ ਫਰਵਰੀ 2021 ਦੌਰਾਨ ਸ਼ਹਿਰੀ ਅਬਾਦੀ ਵਿੱਚੋਂ 71.40 ਫੀਸਦੀ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪੇਂਡੂ ਅਬਾਦੀ ਵਿੱਚੋਂ ਸਿਰਫ਼ 28.60 ਫੀਸਦੀ ਮਾਮਲਿਆਂ ਦੀ ਪੁਸ਼ਟੀ ਹੋਈ। ਪਰ ਸ਼ਹਿਰੀ ਆਬਾਦੀ ਵਿੱਚ 45.50 ਫੀਸਦੀ ਮੌਤਾਂ ਰਿਪੋਰਟ ਕੀਤੀਆਂ ਗਈਆਂ ਜੋ ਕਿ ਪੇਂਡੂ ਆਬਾਦੀ ਵਿੱਚੋਂ ਰਿਪੋਰਟ ਹੋਈਆਂ 54.50 ਫੀਸਦੀ ਮੌਤਾਂ ਨਾਲੋਂ ਘੱਟ ਹੈ।

ਸਿਹਤ ਮੰਤਰੀ ਮੁਤਾਬਕ 80 ਫੀਸਦੀ ਤੋਂ ਵੱਧ ਮੌਤਾਂ ਬਜ਼ੁਰਗਾਂ ਦੀਆਂ ਹਨ। 31.70 ਫੀਸਦੀ ਮੌਤਾਂ 61-70 ਸਾਲ ਦੇ ਮਰੀਜਾਂ ਦੀਆਂ, 31.50 ਫੀਸਦੀ ਮੌਤਾਂ 70 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਦੀਆਂ ਅਤੇ 20.30 ਫੀਸਦੀ ਮੌਤਾਂ 51-60 ਸਾਲ ਦੇ ਮਰੀਜ਼ਾਂ ਦੀਆਂ ਹਨ।

"ਸਿਹਤ ਸੇਵਾਵਾਂ ਵਿੱਚ ਵਿਸ਼ਵਾਸ ਨਾ ਬਣ ਸਕਣਾ, ਵੱਧ ਮੌਤ ਦਰ ਦਾ ਕਾਰਨ"

ਸਿਹਤ ਮਾਹਿਰ ਡਾ. ਪਿਆਰੇ ਲਾਲ ਗਰਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਅੰਦਰ ਜਨਸੰਖਿਆ ਦੀ ਤੁਲਨਾ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ ਬਾਕੀ ਕਈ ਸੂਬਿਆਂ ਤੋਂ ਬਹੁਤ ਘੱਟ ਹੈ ਪਰ ਮੌਤ ਦਰ ਵੱਧ ਹੈ।

ਉਨ੍ਹਾਂ ਕਿਹਾ, "ਅਜਿਹਾ ਕਈ ਕਾਰਨਾਂ ਕਰਕੇ ਹੈ। ਸਭ ਤੋਂ ਅਹਿਮ ਕਾਰਨ ਇਹ ਕਿ ਕੋਵਿਡ-19 ਦੀ ਦਸਤਕ ਵੇਲੇ ਬਾਕੀ ਦੇਸ਼ ਦੇ ਮੁਕਾਬਲੇ ਜਲਦੀ ਸਰਗਰਮ ਹੋਣ ਦੀ ਬਜਾਏ ਪੰਜਾਬ ਦਾ ਸਿਹਤ ਵਿਭਾਗ ਲੋਕਾਂ ਅੰਦਰ ਵਿਸ਼ਵਾਸ ਪੈਦਾ ਨਹੀਂ ਕਰ ਸਕਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਨ੍ਹਾਂ ਦਾ ਸਹੀ ਇਲਾਜ ਹੋ ਸਕਦਾ ਹੈ। ਇਸ ਲਈ ਲੋਕ ਦੇਰੀ ਨਾਲ ਕੋਵਿਡ ਦੇ ਲੱਛਣ ਰਿਪੋਰਟ ਕਰਦੇ ਹਨ, ਜੋ ਕਿ ਮੌਤ ਦੀ ਸੰਭਾਵਨਾ ਵਧਾ ਦਿੰਦਾ ਹੈ।''

''ਨਿੱਜੀ ਸਿਹਤ ਸਹੂਲਤਾਂ ਮਹਿੰਗੀਆਂ ਹੋਣ ਕਾਰਨ ਲੋਕ ਉੱਥੇ ਜਾਣ ਤੋਂ ਵੀ ਗੁਰੇਜ਼ ਕਰਦੇ ਹਨ। ਸੂਬੇ ਦੇ ਲੋਕਾਂ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਬਾਰੇ ਕਈ ਸਾਰੀਆਂ ਗਲਤ ਫਹਿਮੀਆਂ ਨੇ ਜਿਵੇਂ ਕਿ ਸਰਕਾਰੀ ਹਸਪਤਾਲਾਂ ਵਿੱਚ ਦੇਖਭਾਲ ਨਹੀਂ, ਜਾਂ ਜਾਣਬੁੱਝ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਵਗੈਰਾ-ਵਗੈਰਾ। ਇੱਕ ਸਾਲ ਤੋਂ ਵੱਧ ਦੇ ਸਮੇਂ ਵਿੱਚ ਵੀ ਇਨ੍ਹਾਂ ਗਲਤ-ਫਹਿਮੀਆਂ ਅਤੇ ਅਫਵਾਹਾਂ ਨੂੰ ਕਾਊਂਟਰ ਕਰਕੇ ਲੋਕਾਂ ਅੰਦਰ ਵਿਸ਼ਵਾਸ ਨਹੀਂ ਜਗਾਇਆ ਜਾ ਸਕਿਆ ਹੈ।"

ਉਨ੍ਹਾਂ ਅੱਗੇ ਕਿਹਾ, "ਇਸ ਤੋਂ ਇਲਾਵਾ ਪੰਜਾਬ ਵਿੱਚ 60 ਸਾਲ ਤੋਂ ਵੱਧ ਉਮਰ ਵਾਲੀ ਅਤੇ ਸਹਿ-ਰੋਗਾਂ ਯਾਨੀ ਕੋ-ਮੋਰਬਿਟੀਜ਼ ਵਾਲੀ ਜਨਸੰਖਿਆ ਜ਼ਿਆਦਾ ਹੈ, ਜਿਨ੍ਹਾਂ ਵਿੱਚ ਕੋਵਿਡ ਦੇ ਗੰਭੀਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਵੀ ਪੰਜਾਬ ਵਿੱਚ ਉੱਚ ਮੌਤ ਦਰ ਹੈ।"

ਡਾ.ਪਿਆਰੇ ਲਾਲ ਗਰਗ ਅੱਗੇ ਕਹਿੰਦੇ ਹਨ, "ਪੰਜਾਬ ਵਿੱਚ ਸਿਹਤ ਸਰੋਤਾਂ ਦੀ ਕਮੀ ਨਹੀਂ ਹੈ। ਪੰਜਾਬ ਵਿੱਚ ਚੰਗੇ ਮੈਡੀਕਲ ਕਾਲਜ ਹਨ ਅਤੇ ਮਨੁੱਖੀ ਸਰੋਤਾਂ ਦੀ ਵੀ ਕਮੀ ਨਹੀਂ। ਪੰਜਾਬ ਵਿੱਚ ਕਮੀ ਰਹੀ ਹੈ ਤਾਂ ਸਹੀ ਲੀਡਰਸ਼ਿਪ ਦੀ। ਕੋਵਿਡ, ਸਿਹਤ ਵਿਭਾਗ ਦੁਆਰਾ ਨਜਿੱਠਿਆ ਜਾਣ ਵਾਲਾ ਮਸਲਾ ਹੈ, ਪਰ ਇਸ ਨੂੰ ਪੁਲਿਸ ਦੇ ਸਹਾਰੇ ਛੱਡ ਦਿੱਤਾ ਗਿਆ।”

“ਹੁਣ ਵੀ ਕਈ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ, ਜਿਸ ਦੀ ਮੈਨੂੰ ਲਗਦਾ ਹੈ ਓਨੀ ਜ਼ਰੂਰਤ ਨਹੀਂ ਸੀ ਜਿੰਨੀ ਲੋੜ ਲੋਕਾਂ ਅੰਦਰ ਸਿਹਤ ਸੇਵਾਵਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਹੈ। ਕਰਫਿਊ ਲਗਾਉਣ ਦਾ ਮਤਲਬ ਹੈ ਕੋਵਿਡ ਦੇ ਕੇਸ ਘੱਟ ਕਰਨ ਦੀ ਕੋਸ਼ਿਸ਼, ਪਰ ਕੇਸ ਓਨੇ ਜ਼ਿਆਦਾ ਨਹੀਂ ਜਿੰਨੀ ਮੌਤ ਦਰ ਹੈ।"

ਤਸਵੀਰ ਸਰੋਤ, EPA/Raminder Pal Singh

ਤਸਵੀਰ ਕੈਪਸ਼ਨ,

ਡਾ. ਗਰਗ ਮੁਤਾਬਕ ਪੰਜਾਬ ਵਿੱਚ 60 ਸਾਲ ਤੋਂ ਵੱਧ ਉਮਰ ਵਾਲੀ ਅਤੇ ਸਹਿ-ਰੋਗਾਂ ਯਾਨੀ ਕੋ-ਮੋਰਬਿਟੀਜ਼ ਵਾਲੀ ਜਨਸੰਖਿਆ ਜ਼ਿਆਦਾ ਹੈ

ਡਾ.ਗਰਗ ਕਹਿੰਦੇ ਹਨ ਕਿ ਵੱਡੇ ਪੱਧਰ 'ਤੇ ਪ੍ਰਚਾਰ ਹੋਣਾ ਚਾਹੀਦਾ ਹੈ ਕਿ ਕੋਈ ਲੱਛਣ ਦਿਸਣ ਤਾਂ ਲੋਕ ਤੁਰੰਤ ਰਿਪੋਰਟ ਕਰਨ ਅਤੇ ਹਸਪਤਾਲਾਂ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਬਲਕਿ ਸਹੀ ਇਲਾਜ ਹੋਵੇਗਾ। ਜੇ ਲੋਕਾਂ ਅੰਦਰ ਵਿਸ਼ਵਾਸ ਪੈਦਾ ਹੋ ਜਾਵੇ ਤਾਂ ਲੋਕ ਜਲਦੀ ਰਿਪੋਰਟ ਕਰਨਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)