ਕਿਸਾਨ ਅੰਦੋਲਨ ਤਿੰਨ ਮਹੀਨਿਆਂ ਬਾਅਦ ਕਿੱਥੇ ਖੜ੍ਹਾ ਹੈ, ਸਿੰਘੂ ਅਤੇ ਟਿਕਰੀ 'ਤੇ ਹੁਣ ਕੀ ਹੈ ਮਾਹੌਲ

  • ਸਰਬਜੀਤ ਸਿੰਘ ਧਾਲੀਵਾਲ
  • ਬੀਬੀਸੀ ਪੱਤਰਕਾਰ
ਕਿਸਾਨ ਅੰਦੋਲਨ
ਤਸਵੀਰ ਕੈਪਸ਼ਨ,

ਜ਼ਿਲ੍ਹਾ ਫਤਹਿਗੜ੍ਹ ਨਾਲ ਸਬੰਧਤ 65 ਸਾਲਾਂ ਕਸ਼ਮੀਰਾ ਸਿੰਘ ਮੁਤਾਬਕ ਲੜਾਈ ਵਕਤ ਦੇਖ ਕੇ ਨਹੀਂ ਲੜੀ ਜਾਂਦੀ

'ਜੇਕਰ ਕਿਸੇ ਦੇਸ਼ ਨਾਲ ਜੰਗ ਲੱਗ ਜਾਏ ਤਾਂ ਕੀ ਅਸੀਂ ਆਖਾਂਗੇ ਕਿ ਗਰਮੀਆਂ ਤੋਂ ਬਾਅਦ ਲੜਾਂਗੇ ਅਜੇ ਮੌਸਮ ਠੀਕ ਨਹੀਂ, ਲੜਾਈ ਮੌਸਮ ਅਤੇ ਵਕਤ ਦੇਖ ਨਹੀਂ ਲੜੀ ਜਾਂਦੀ, ਇਹ ਸ਼ਬਦ ਹਨ ਬਜ਼ੁਰਗ ਕਸ਼ਮੀਰਾ ਸਿੰਘ ਦੇ।

ਅੱਖਾਂ ਉੱਤੇ ਨਜ਼ਰ ਦੀ ਐਨਕ, ਕੁੜਤਾ ਪਜਾਮਾ ਪਾਈ ਅਖ਼ਬਾਰ ਪੜ੍ਹ ਰਹੇ ਕਸ਼ਮੀਰਾ ਸਿੰਘ ਨੇ ਇਨ੍ਹਾਂ ਬੋਲਾਂ ਰਾਹੀਂ ਮੇਰਾ ਧਿਆਨ ਆਪਣੇ ਵੱਲ ਖਿੱਚਿਆ।

ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਨਾਲ ਸਬੰਧਤ 65 ਸਾਲਾਂ ਕਸ਼ਮੀਰਾ ਸਿੰਘ ਦਾ ਇਹ ਜਵਾਬ ਗਰਮੀ ਦੇ ਮੌਸਮ ਵਿੱਚ ਅੰਦੋਲਨ ਦੀਆਂ ਦਿੱਕਤਾਂ ਸਬੰਧੀ ਮੇਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸੀ।

ਇਹ ਵੀ ਪੜ੍ਹੋ-

ਸਿਤੰਬਰ 2020 ਵਿੱਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਸ਼ਮੀਰਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਪਹਿਲਾਂ ਪੰਜਾਬ ਅਤੇ ਹੁਣ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਅੰਦੋਲਨ ਕਰ ਰਹੇ ਹਾਂ।

ਅੰਦੋਲਨ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਜਾਣ ਮਗਰੋਂ ਸਿੰਘੂ ਅਤੇ ਟਿਕਰੀ ਬਾਰਡਰ ਦੀ ਸਥਿਤੀ ਕੀ ਹੈ, ਕਿਸਾਨ ਹੁਣ ਕੀ ਸੋਚ ਰਹੇ ਹਨ ਇਸ ਬਾਰੇ ਬੀਬੀਸੀ ਦੀ ਟੀਮ ਨੇ ਦੋਹਾਂ ਬਾਰਡਰਾਂ ਦਾ ਦੌਰਾ ਕੀਤਾ।

ਵਕਤ ਕਰੀਬ ਸਵੇਰੇ ਦੇ 9 ਵਜੇ ਅਤੇ ਸਥਾਨ ਸਿੰਘੂ ਬਾਰਡਰ

ਦਿੱਲੀ ਅੰਮ੍ਰਿਤਸਰ ਹਾਈਵੇ ਉੱਤੇ ਲੱਗੇ ਇੱਕ ਟੈਂਟ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਦਫ਼ਤਰ ਵਿੱਚ ਕਿਸਾਨ ਆਉਂਦੇ ਹਨ ਅਤੇ ਇੱਕ ਰਜਿਸਟਰ ਉੱਤੇ ਆਪਣੀ ਹਾਜ਼ਰੀ ਲਗਾਉਂਦੇ ਹਨ।

ਵੀਡੀਓ ਕੈਪਸ਼ਨ,

ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਮਨਾਂ 'ਚ ਕੀ ਚੱਲ ਰਿਹਾ ਹੈ

ਕੁਝ ਦੇਰ ਬੈਠਣ ਤੋਂ ਬਾਅਦ ਚਲੇ ਜਾਂਦੇ ਹਨ। ਹਾਜ਼ਰੀ ਵਾਲੇ ਰਜਿਸਟਰ ਵਿੱਚ ਕਿਸਾਨ ਆਪਣਾ ਨਾਮ, ਪਿੰਡ ਦਾ ਨਾਮ ਅਤੇ ਟੈਲੀਫ਼ੋਨ ਨੰਬਰ ਦਰਜ ਕਰਦੇ ਹਨ।

ਇਸ ਬਾਰੇ ਦਫ਼ਤਰ ਦੇ ਇੰਚਾਰਜ ਹਰਦੀਪ ਸਿੰਘ ਦੱਸਦੇ ਹਨ, "ਅੰਦੋਲਨ ਵਿੱਚ ਕਿਸਾਨਾਂ ਦੀ ਗਿਣਤੀ ਦਾ ਰਿਕਾਰਡ ਇਸ ਰਾਹੀਂ ਰੱਖਿਆ ਜਾਂਦਾ ਹੈ ਅਤੇ ਦੂਜਾ ਅੰਦੋਲਨ ਵਿੱਚ ਕੀ ਕੁਝ ਹੋ ਰਿਹਾ ਇਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਸ ਨੂੰ ਦੂਰ ਕੀਤਾ ਜਾਂਦਾ ਹੈ।"

"ਹਾਜ਼ਰੀ ਦਾ ਸਿਲਸਿਲਾ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 8 ਵਜੇ ਤੱਕ ਚੱਲ ਦਾ ਹੈ।"

ਤਸਵੀਰ ਕੈਪਸ਼ਨ,

ਗਰਮੀ ਤੋਂ ਬਚਣ ਲਈ ਬਾਂਸ ਅਤੇ ਘਾਹ ਦੀ ਛੱਤ ਦੇ ਉੱਪਰ ਤਰਪਾਲ ਪਾਈ ਜਾ ਰਹੀ ਹੈ ਤਾਂ ਜੋ ਮੀਂਹ ਦਾ ਪਾਣੀ ਅੰਦਰ ਨਾ ਆਵੇ

ਅੰਦੋਲਨ ਵਿੱਚ ਘੱਟ ਰਹੀ ਭੀੜ ਬਾਰੇ ਹਰਦੀਪ ਸਿੰਘ ਦੱਸਦੇ ਹਨ ਕਿ ਹੁਣ ਸਿਰਫ਼ ਇੱਥੇ ਕਿਸਾਨ ਹਨ ਅਤੇ ਉਹ ਉਦੋਂ ਤੱਕ ਇੱਥੇ ਬੈਠਣਗੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।

ਉਹ ਅੱਗੇ ਦੱਸਦੇ ਹਨ, "ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਇਸ ਲਈ ਉਸ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਪਿੰਡਾਂ ਵੱਲ ਜਾ ਰਹੇ ਹਨ ਪਰ ਅੰਦੋਲਨ ਵਿੱਚ ਟਰੈਕਟਰ ਟਰਾਲੀਆਂ ਅਤੇ ਕਿਸਾਨ ਪਹਿਲਾਂ ਵਾਂਗ ਹੀ ਮੌਜੂਦ ਹਨ।"

ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਅੰਦੋਲਨ ਅਤੇ ਫ਼ਸਲ ਦੋਵੇਂ ਜ਼ਰੂਰੀ ਹਨ ਇਸ ਲਈ ਅਸੀਂ ਰੋਟੇਸ਼ਨ ਦੀ ਨੀਤੀ ਅਪਣਾਈ ਹੋਈ ਹੈ।

ਇੱਕ ਹਫ਼ਤਾ ਇੱਕ ਟੀਮ ਦਿੱਲੀ ਬਿਤਾਉਣ ਤੋਂ ਬਾਅਦ ਆਪਣੇ ਪਿੰਡ ਜਾਂਦੀ ਹੈ ਅਤੇ ਫਿਰ ਉਸੇ ਦਿਨ ਦੂਜੀ ਟੀਮ ਆ ਕੇ ਮੋਰਚਾ ਸੰਭਾਲ ਲੈਂਦੀ ਹੈ। ਇਸ ਕਰਕੇ ਅੰਦੋਲਨ ਪੂਰੇ ਉਤਸ਼ਾਹ ਵਿੱਚ ਹੈ।

ਪੁਲਿਸ ਦਾ ਪਹਿਰਾ

ਅੰਦੋਲਨ ਦੇ ਤਿੰਨ ਮਹੀਨੇ ਬਾਅਦ ਸਿੰਘੂ ਅਤੇ ਟਿਕਰੀ ਉੱਤੇ ਪਹੁੰਚਣਾ ਹੁਣ ਪਹਿਲਾਂ ਦੇ ਮੁਕਾਬਲੇ ਆਸਾਨ ਨਹੀਂ।

ਪੁਲਿਸ ਦਾ ਪਹਿਰਾ 26 ਜਨਵਰੀ ਤੋਂ ਬਾਅਦ ਬਹੁਤ ਵੱਧ ਗਿਆ ਹੈ। ਥਾਂ ਥਾਂ ਉੱਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਦਸਤੇ ਮੌਜੂਦ ਹਨ।

ਪੁਲਿਸ ਅਤੇ ਕਿਸਾਨਾਂ ਨੂੰ ਆਪਸ ਵਿੱਚ ਵੱਡੇ-ਵੱਡੇ ਪੱਥਰ ਅਤੇ ਕੰਡਿਆਲੀ ਤਾਰ ਵੱਖ ਕਰਦੀ ਹੈ। ਪੁਲਿਸ ਦੀ ਨਫ਼ਰੀ ਹਰ ਆਉਣ ਜਾਣ ਵਾਲੇ ਉੱਤੇ ਨਜ਼ਰ ਰੱਖਦੀ ਵੀ ਹੈ।

ਵੀਡੀਓ ਕੈਪਸ਼ਨ,

ਟਿਕਰੀ ਬਾਰਡਰ 'ਤੇ ਅਮਰੀਕਾ ਤੋਂ ਪਹੁੰਚੇ ਇਸ ਡਾਕਟਰ ਨੇ ਕਿਉਂ ਕਿਹਾ ਸਾਨੂੰ ਪੈਸਾ ਨਾ ਦੇਣਾ

ਸਿੰਘੂ ਜਾਣ ਲਈ ਗੱਡੀਆਂ ਹੁਣ ਗੁਰੂ ਤੇਗ਼ ਬਹਾਦਰ ਯਾਦਗਾਰ ਦੀ ਥਾਂ ਕਰੀਬ ਦੋ ਕਿੱਲੋਮੀਟਰ ਦੂਰ ਪੁਲਿਸ ਵੱਲੋਂ ਰੋਕ ਲਈਆਂ ਜਾਂਦੀਆਂ ਹਨ।

ਹਾਂ, ਸਿੰਘੂ ਅਤੇ ਟਿਕਰੀ ਦੇ ਦੂਜੇ ਰਸਤਿਆਂ ਰਾਹੀਂ ਅੰਦੋਲਨ ਵਿੱਚ ਪਹੁੰਚਿਆ ਜਾ ਸਕਦਾ ਹੈ।

ਗਰਮੀ ਦੇ ਮੌਸਮ ਲਈ ਕਿਸਾਨਾਂ ਦੀ ਤਿਆਰੀ

ਕਰੀਬ 11 ਵਜੇ ਤੋਂ ਬਾਅਦ ਜਿਵੇਂ-ਜਿਵੇਂ ਸੂਰਜ ਦੀ ਤਪਸ਼ ਵਧਣ ਲੱਗੀ। ਅਸੀਂ ਟੈਂਟ ਵਿੱਚ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸੀ, ਉਸ ਦੇ ਅੰਦਰ ਦਾ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਅਤੇ ਉੱਥੇ ਲੱਗੇ ਕੂਲਰ ਦੀ ਹਵਾ ਵੀ ਬੇਅਸਰ ਹੋਣ ਲੱਗੀ।

ਗਰਮੀ ਦੇ ਮੌਸਮ ਵਿੱਚ ਅੰਦੋਲਨ ਕਿਵੇਂ ਅੱਗੇ ਚੱਲੇਗਾ, ਇਸ ਬਾਰੇ ਕਿਸਾਨ ਦੱਸਦੇ ਹਨ ਕਿ ਅਸੀਂ ਬਾਂਸ ਅਤੇ ਘਾਹ ਦੇ ਛੋਟੇ-ਛੋਟੇ ਘਰ ਬਣਾ ਰਹੇ ਹਾਂ ਜਿਸ ਵਿੱਚ ਪੱਖੇ, ਕੂਲਰ ਅਤੇ ਸਮਰੱਥਾ ਮੁਤਾਬਕ ਏਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਹਰਦੀਪ ਸਿੰਘ ਦੱਸਦੇ ਹਨ, "ਕਣਕ ਦੀ ਵਾਢੀ ਵੀ ਗਰਮੀ ਵਿੱਚ ਹੁੰਦੀ ਹੈ ਇਸ ਕਰਕੇ ਗਰਮੀ ਦਾ ਇਸ ਅੰਦੋਲਨ ਉੱਤੇ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਅੰਦੋਲਨ ਸ਼ੁਰੂ ਵੀ ਗਰਮੀ ਵਿੱਚ ਹੀ ਹੋਇਆ ਸੀ।"

ਅੰਦੋਲਨ ਦੌਰਾਨ ਹੀ ਸਾਡੀ ਮੁਲਾਕਾਤ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਮਨਜੀਤ ਸਿੰਘ ਨਾਮਕ ਕਿਸਾਨ ਨਾਲ ਹੋਈ। ਮਨਜੀਤ ਸਿੰਘ ਮਜ਼ਦੂਰਾਂ ਤੋਂ ਬਾਂਸ ਅਤੇ ਘਾਹ ਦੀ ਛੱਤ ਤਿਆਰ ਕਰਵਾ ਰਹੇ ਸਨ।

ਮਨਜੀਤ ਦੱਸਦੇ ਹਨ, "ਪਹਿਲਾਂ ਸਰਦੀ ਦੇ ਮੌਸਮ ਦਾ ਸਾਹਮਣਾ ਕੀਤਾ ਹੁਣ ਗਰਮੀ ਦਾ ਟਾਕਰਾ ਕਰਾਂਗੇ। ਬਾਂਸ ਅਤੇ ਘਾਹ ਦੀ ਛੱਤ ਦੇ ਉੱਪਰ ਤਰਪਾਲ ਪਾਈ ਜਾਵੇਗੀ ਤਾਂ ਜੋ ਮੀਂਹ ਦਾ ਪਾਣੀ ਅੰਦਰ ਨਾ ਆਵੇ।"

ਉਨ੍ਹਾਂ ਨੇ ਦੱਸਿਆ ਕਿ ਰਹਿਣ ਲਈ ਨਵੀਂ ਵਿਵਸਥਾ ਕਰਨ ਦੇ ਲਈ 25 ਹਜ਼ਾਰ ਰੁਪਏ ਦੇ ਕਰੀਬ ਖਰਚਾ ਆਵੇਗਾ।

ਮਨਜੀਤ ਦੱਸਦੇ ਹਨ, "ਹੁਣ ਅਸੀਂ ਪੈਸੇ ਦੀ ਬਚਤ ਲਈ ਤਿੰਨ ਪਿੰਡਾਂ ਦਾ ਇੱਕ ਟੈਂਟ ਤਿਆਰ ਕੀਤਾ ਹੈ। ਉਨ੍ਹਾਂ ਨੇ ਫ਼ਰਿੱਜ, ਕੂਲਰ, ਪੱਖੇ ਦੀ ਵਿਵਸਥਾ ਕਰ ਲਈ ਹੈ ਅਤੇ ਜੇਕਰ ਫਿਰ ਵੀ ਗਰਮੀ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਤਾਂ ਉਹ ਪੈਸੇ ਇਕੱਠੇ ਕਰਕੇ ਏਸੀ ਲੈ ਕੇ ਆਉਣਗੇ।"

ਵੀਡੀਓ ਕੈਪਸ਼ਨ,

ਸਹੂਲਤਾਂ ਨਾਲ ਲੈਸ ਟਿਕਰੀ ਬਾਰਡਰ ਦੀ ਕਿਸਾਨ ਹਵੇਲੀ ਦੇਖੋ

ਕੁਝ ਕਿਸਾਨਾਂ ਨੇ ਬਾਂਸ ਬੱਲੀਆਂ ਦੀ ਥਾਂ ਲੋਹੇ ਦੇ ਢਾਂਚੇ ਖੜ੍ਹੇ ਕਰ ਦਿੱਤੇ ਹਨ ਅਤੇ ਕੁਝ ਨੇ ਆਪਣੀ ਟਰਾਲੀ ਨੂੰ ਚਾਰੇ ਪਾਸੇ ਤੋਂ ਪਲਾਈ ਬੋਰਡ ਨਾਲ ਬੰਦ ਕਰਕੇ ਉਸ ਵਿੱਚ ਏਸੀ ਅਤੇ ਟੀਵੀ ਫਿੱਟ ਕਰ ਲਏ ਹਨ।

ਇਹ ਵੀ ਪੜ੍ਹੋ-

ਕਿਹੋ ਜਿਹਾ ਦਿਸਦਾ ਹੈ ਹੁਣ ਅੰਦੋਲਨ

ਸਿੰਘੂ ਅਤੇ ਟਿਕਰੀ ਦੇ ਜਿਸ ਹਾਈਵੇ ਉੱਤੇ ਅੰਦੋਲਨ ਚੱਲ ਰਿਹਾ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਨਗਰ ਵਰਗੇ ਲੱਗਣ ਲੱਗ ਪਏ ਹਨ।

ਪਹਿਲਾਂ ਦੇ ਮੁਕਾਬਲੇ ਸ਼ੋਰ ਸ਼ਰਾਬਾ ਘੱਟ ਹੋਇਆ ਹੈ। ਕਿਸਾਨਾਂ ਨੇ ਟਰੈਕਟਰਾਂ ਨੂੰ ਤਰਪਾਲਾਂ ਰਾਹੀਂ ਪੱਕੇ ਤੌਰ ਉੱਤੇ ਕਵਰ ਕਰ ਦਿੱਤਾ ਹੈ।

ਦੋਹਾਂ ਥਾਵਾਂ ਉੱਤੇ ਉੱਥੋਂ ਦੇ ਸਥਾਨਕ ਦੁਕਾਨਦਾਰ ਜਾਂ ਫਿਰ ਲੋਕ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ ਹਨ।

ਗੰਨੇ ਦੇ ਰਸ ਅਤੇ ਜੂਸ ਦੀਆਂ ਰੇਹੜੀਆਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਹਨ ਜੋ ਆਉਣ ਵਾਲੀ ਗਰਮੀ ਦੇ ਮੌਸਮ ਦੀ ਗਵਾਹੀ ਭਰ ਰਹੀਆਂ ਸਨ।

ਤਸਵੀਰ ਕੈਪਸ਼ਨ,

ਕਿਸਾਨ ਅੰਦੋਲਨ ਦੌਰਾਨ ਲੰਗਰ ਵਾਸਤੇ ਹੁਣ ਸਥਾਨਕ ਲੋਕਾਂ ਨੂੰ ਰੱਖਿਆ ਜਾ ਰਿਹਾ ਹੈ

ਅੰਦੋਲਨ ਦੇ ਵਿੱਚ ਹੀ ਕਿਸੀ ਥਾਂ ਉੱਤੇ ਟੀ ਸ਼ਰਟ, ਬੂਟ ਅਤੇ ਚੱਪਲ, ਚਾਹ ਅਤੇ ਰੋਜ਼ਾਨਾ ਦੀਆਂ ਲੋੜਾਂ ਦੇ ਸਮਾਨ ਦੀਆਂ ਦੁਕਾਨਾਂ ਚੱਲ ਰਹੀਆਂ ਹਨ।

ਦਿਨ ਦੇ ਸਮੇਂ 10 ਵਜੇ ਤੋਂ ਬਾਅਦ ਦੋਵਾਂ ਥਾਵਾਂ ਉੱਤੇ ਜ਼ਿਆਦਾ ਚਹਿਲ ਪਹਿਲ ਦੇਖਣ ਨੂੰ ਨਹੀਂ ਮਿਲਦੀ ਪਰ ਜਿਵੇਂ ਹੀ ਸ਼ਾਮ ਹੁੰਦੀ ਹੈ ਤਾਂ ਕਿਸਾਨਾਂ ਦੀ ਭੀੜ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ।

ਕਿਸਾਨਾਂ ਮੁਤਾਬਕ ਇਸਦਾ ਕਾਰਨ ਗਰਮੀ ਹੈ, ਦਿਨ ਸਮੇਂ ਕਿਸਾਨ ਆਪਣੀ ਟਰਾਲੀਆਂ, ਟੈਂਟਾਂ ਵਿੱਚ ਆਰਾਮ ਕਰਦੇ ਹਨ ਅਤੇ ਫਿਰ ਸ਼ਾਮ ਨੂੰ ਆਪੋ-ਆਪਣੀਆਂ ਡਿਊਟੀਆਂ ਵਿੱਚ ਲੱਗ ਜਾਂਦੇ ਹਨ।

ਜਿਵੇਂ ਲੰਗਰ, ਸਫ਼ਾਈ ਦੇ ਕੰਮ ਲਈ ਕਿਸਾਨਾਂ ਨੇ ਡਿਊਟੀਆਂ ਲੱਗਾ ਦਿੱਤੀਆਂ ਹਨ।

ਗਰਮੀ ਦੇ ਮੌਸਮ ਵਿੱਚ ਪਾਣੀ ਦੀ ਵਿਵਸਥਾ ਲਈ ਕਿਸਾਨਾਂ ਨੇ ਦੋਵਾਂ ਥਾਵਾਂ ਉੱਤੇ ਬੋਰਵੈਲ ਸਥਾਪਤ ਕਰ ਲਏ ਹਨ। ਮੌਸਮ ਦੇ ਹਿਸਾਬ ਦੇ ਨਾਲ ਹੁਣ ਲੰਗਰ ਵਿੱਚ ਮਿਲਣ ਵਾਲੀ ਸਮਗਰੀ ਵੀ ਬਦਲ ਗਈ ਹੈ।

ਵੀਡੀਓ ਕੈਪਸ਼ਨ,

ਕਿਸਾਨ ਅੰਦੋਲਨ 'ਚ ਪਕੌੜਿਆਂ, ਭਟੂਰਿਆਂ ਤੋਂ ਬਾਅਦ ਝੰਡਿਆਂ ਦਾ ਲੰਗਰ

ਹੁਣ ਚਾਹ ਦੇ ਨਾਲ-ਨਾਲ ਮਿੱਠਾ ਪਾਣੀ, ਗੰਨੇ ਦਾ ਰਸ ਕਿਸਾਨਾਂ ਵੱਲੋਂ ਵਰਤਿਆਂ ਜਾਂਦਾ ਹੈ। ਕੁਝ ਥਾਵਾਂ ਉੱਤੇ ਜਲੇਬੀਆਂ ਦਾ ਲੰਗਰ ਵੀ ਚਲਦਾ ਦੇਖਿਆ ਗਿਆ।

ਕੁਝ ਕਿਸਾਨਾਂ ਨੇ ਲੰਗਰ ਤਿਆਰ ਕਰਨ ਲਈ ਸਥਾਨਕ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਕੰਮ ਉੱਤੇ ਰੱਖ ਲਿਆ ਹੈ।

ਇਸ ਬਾਰੇ ਗੁਰਸੇਵਕ ਸਿੰਘ ਦੱਸਦੇ ਹਨ ਕਿ ਹੁਣ ਇੱਥੇ ਹੋਰ ਬਹੁਤ ਕੰਮ ਹਨ ਇਸ ਲਈ ਅਸੀਂ ਲੰਗਰ ਤਿਆਰ ਕਰਨ ਲਈ ਦੋ ਸਥਾਨਕ ਬੰਦਿਆਂ ਨੂੰ ਰੱਖ ਲਿਆ।

ਤਿੰਨ ਮਹੀਨੇ ਬਾਅਦ ਕਿੰਨੀ ਬਦਲੀ ਕਿਸਾਨਾਂ ਦੀ ਜ਼ਿੰਦਗੀ

ਟਿਕਰੀ ਅਤੇ ਸਿੰਘੂ ਉੱਤੇ ਕਿਸਾਨ ਨੇ ਆਪੋ-ਆਪਣੇ ਟੈਂਟਾਂ ਦੇ ਅੱਗੇ ਫੁੱਲ ਅਤੇ ਹੋਰ ਛੋਟੇ ਬੂਟੇ ਲੱਗਾ ਦਿੱਤੇ ਹਨ ਅਤੇ ਕੁਝ ਨੇ ਖ਼ਾਲੀ ਜ਼ਮੀਨ ਵਿੱਚ ਸਬਜ਼ੀਆਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਜਲੰਧਰ ਦੇ ਸੇਵਾ ਸਿੰਘ ਪਿਛਲੇ ਤਿੰਨ ਮਹੀਨੇ ਤੋਂ ਸਿੰਘੂ ਬਾਰਡਰ ਉੱਤੇ ਡਟੇ ਹੋਏ ਹਨ। ਤੀਹ ਸਾਲ ਦੇ ਸੇਵਾ ਸਿੰਘ ਜੋ ਕਿ ਪੇਸ਼ੇ ਤੋਂ ਕਿਸਾਨ ਹਨ, ਆਖਦੇ ਹਨ, "ਹੁਣ ਪਿੰਡ ਖ਼ਾਲੀ ਹੱਥ ਵਾਪਸ ਨਹੀਂ ਜਾ ਸਕਦੇ ਕਿਉਂਕਿ ਸਵਾਲ ਇੱਜ਼ਤ ਦਾ ਹੈ, ਖ਼ਾਲੀ ਹੱਥ ਪਿੰਡ ਗਏ ਤਾਂ ਲੋਕ ਉਨ੍ਹਾਂ ਦਾ ਮਖੌਲ ਉਡਾਉਣਗੇ ਇਹ ਸਾਡੇ ਲਈ ਇੱਕ ਵੱਡੀ ਚਿੰਤਾ ਵੀ ਹੈ।"

ਸੇਵਾ ਸਿੰਘ ਮੁਤਾਬਕ ਪਿੰਡ ਵਿੱਚ ਸਾਨੂੰ ਹੁਣ ਲੋਕ ਦਿੱਲੀ ਵਾਲੇ ਆਖ ਕੇ ਬੁਲਾਉਂਦੇ ਹਨ ਇਸ ਦਾ ਕਾਰਨ ਲੋਕਾਂ ਦੀਆਂ ਇਸ ਅੰਦੋਲਨ ਤੋਂ ਉਮੀਦਾਂ।

ਸੇਵਾ ਸਿੰਘ ਨੇ ਸਾਨੂੰ ਦੱਸਿਆ, "ਜ਼ਰੂਰਤ ਦਾ ਸਾਰਾ ਸਮਾਨ ਉਨ੍ਹਾਂ ਨੇ ਇੱਥੇ ਰੱਖਿਆ ਹੋਇਆ ਹੈ। ਚਾਰ ਟਰਾਲੀਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੇ ਘਰ ਵਾਂਗ ਕਿਚਨ, ਗੈਸਟ ਰੂਮ, ਬੈੱਡ ਰੂਮ ਬਣਾ ਦਿੱਤੇ ਹਨ। ਘਰ ਦੀ ਜ਼ਰੂਰਤ ਦਾ ਹਰ ਸਮਾਨ ਜਿਵੇਂ ਫ਼ਰਿੱਜ, ਏਸੀ, ਵਾਸ਼ਿੰਗ ਮਸ਼ੀਨ, ਇੰਡਕਸ਼ਨ ਦੇ ਨਾਲ ਨਾਲ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਵੀ ਫਿੱਟ ਕਰ ਦਿੱਤੇ ਹਨ।"

ਟਿਕਰੀ ਬਾਰਡਰ ਉੱਤੇ ਮੋਗਾ ਜ਼ਿਲ੍ਹੇ ਦੇ ਘੋਲੀਆ ਪਿੰਡ ਦੇ ਕਿਸਾਨ ਗੁਰਸੇਵਕ ਸਿੰਘ ਨੇ ਖ਼ਾਲੀ ਥਾਂ ਨੂੰ ਕਿਸਾਨ ਹਵੇਲੀ ਦਾ ਰੂਪ ਦੇ ਦਿੱਤਾ।

ਜਿੱਥੇ ਉਨ੍ਹਾਂ ਨੇ ਪਾਰਕ, ਕਿਸਾਨਾਂ ਦੇ ਖੇਡਣ ਲਈ ਮੈਦਾਨ ਅਤੇ ਰਾਤ ਬਤੀਤ ਕਰਨ ਦੇ ਲਈ ਟੈਂਟ ਲੱਗਾ ਦਿੱਤੇ ਹਨ।

ਗੁਰਸੇਵਕ ਦੱਸਦੇ ਹਨ, "ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦੇ ਨਾਅਰੇ ਨੂੰ ਹੁਣ ਕਿਸਾਨਾਂ ਨੇ ਅਪਣਾ ਲਿਆ ਹੈ। ਗੁਰਸੇਵਕ ਦੱਸਦੇ ਹਨ ਕਿ ਅੰਦੋਲਨ ਲੰਮਾ ਚੱਲੇਗਾ, ਟਿਕਰੀ ਹੁਣ ਸਾਡਾ ਪਿੰਡ ਬਣ ਚੁੱਕਾ ਇਸ ਕਰਕੇ ਇੱਥੋਂ ਦੀ ਸਫ਼ਾਈ ਰੱਖਣਾ ਉਨ੍ਹਾਂ ਦਾ ਫ਼ਰਜ਼ ਹੈ।"

ਅੰਤ ਵਿੱਚ ਉਹ ਆਖਦੇ ਹਨ ਜਿਸ ਅੰਦੋਲਨ ਵਿੱਚ ਤਿੰਨ ਪੀੜੀਆਂ (ਬੱਚੇ, ਨੌਜਵਾਨ, ਬਜ਼ੁਰਗ ) ਸ਼ਾਮਲ ਹੋਣ ਉੱਥੇ ਜਿੱਤ ਪੱਕੀ ਹੈ ਅਤੇ ਸਾਨੂੰ ਸਮਾਜ ਦੇ ਵਰਗ ਦਾ ਸਮਰਥਨ ਪ੍ਰਾਪਤ ਹੈ।

ਤਸਵੀਰ ਕੈਪਸ਼ਨ,

ਕਿਸਾਨ ਇਸ ਅੰਦੋਲਨ ਨੂੰ ਲੈ ਕੇ ਅਜੇ ਵੀ ਪੂਰੇ ਉਤਸ਼ਾਹਤ ਨਜ਼ਰ ਆ ਰਹੇ ਹਨ

ਅੰਦੋਲਨ ਬਾਰੇ ਕੀ ਸੋਚਦੇ ਹਨ ਕਿਸਾਨ ਆਗੂ

ਕਿਸਾਨ ਅੰਦੋਲਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਕਰ ਰਿਹਾ ਹੈ ਜਿਸ ਵਿੱਚ ਵੱਖ-ਵੱਖ ਕਿਸਾਨ ਸੰਗਠਨ ਸ਼ਾਮਲ ਹਨ।

ਤਸਵੀਰ ਕੈਪਸ਼ਨ,

ਅੰਦੋਲਨ ਵਿੱਚ ਗਰਮੀਆਂ ਤੋਂ ਬਚਣ ਲਈ ਤਿਆਰੀਆਂ ਚੱਲ ਰਹੀਆਂ ਹਨ

ਕਿਸਾਨ ਆਗੂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦੇ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਆਖਦੇ ਹਨ ਕਿ ਬੀਜੇਪੀ ਨੂੰ ਵੋਟ ਨਾ ਦਿਓ, ਇਸ ਪਿੱਛੇ ਉਨ੍ਹਾਂ ਦੀ ਦਲੀਲ ਹੈ ਕਿ ਇਹ ਪਾਰਟੀ ਕਾਰਪੋਰੇਟ ਦੇ ਪੱਖ ਵਿੱਚ ਹੈ ਇਸ ਕਰਕੇ ਦੇਸ਼ ਨੂੰ ਬਚਾਉਣ ਦੇ ਲਈ ਇਸ ਨੂੰ ਸੱਤਾ ਤੋਂ ਬਾਹਰ ਕਰਨਾ ਜ਼ਰੂਰੀ ਹੈ।

ਕਿਸਾਨ ਆਗੂ ਡਾਕਟਰ ਦਰਸ਼ਨਪਾਲ ਆਖਦੇ ਹਨ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਅਸਰ ਅੰਦੋਲਨ ਉੱਤੇ ਪੈ ਸਕਦਾ ਹੈ ਪਰ ਉਨ੍ਹਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੈ।

ਉਂਝ ਡਾਕਟਰ ਦਰਸ਼ਨਪਾਲ ਸਾਰੇ ਕਿਸਾਨ ਆਗੂਆਂ ਦੇ ਪੱਛਮੀ ਬੰਗਾਲ ਜਾਣ ਦੇ ਪੱਖ ਵਿੱਚ ਵਿੱਚ ਵੀ ਨਜ਼ਰ ਨਹੀਂ ਆ ਰਹੇ ,ਇਸ ਪਿੱਛੇ ਉਨ੍ਹਾਂ ਦੀ ਦਲੀਲ ਹੈ ਕਿ ਜੇਕਰ ਸਾਰੇ ਬੰਗਾਲ ਚਲੇ ਗਏ ਤਾਂ ਅੰਦੋਲਨ ਕੌਣ ਸੰਭਾਲੇਗਾ।

ਸਰਕਾਰ ਨਾਲ ਗੱਲਬਾਤ ਦੇ ਮੁੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਆਖਦੇ ਹਨ ਕਿ 100 ਦਿਨਾਂ ਦੇ ਕਿਸਾਨ ਅੰਦੋਲਨ ਤੋਂ ਬਹੁਤ ਕੁਝ ਹਾਸਲ ਹੋਇਆ ਹੈ।

ਵੀਡੀਓ ਕੈਪਸ਼ਨ,

ਸਹੂਲਤਾਂ ਨਾਲ ਲੈਸ ਕਿਸਾਨਾਂ ਦੇ ‘ਪੱਕੇ ਘਰ’ ਤਾਂ ਦੇਖੋ ਜ਼ਰਾ

ਉਹ ਆਖਦੇ ਹਨ, "ਸਰਕਾਰ ਕਾਨੂੰਨ ਸਸਪੈਂਡ ਕਰਨ ਦੀ ਗੱਲ ਆਖਦੀ ਹੈ ਤਾਂ ਇਹ ਵੀ ਕਿਸਾਨ ਅੰਦੋਲਨ ਦੀ ਪ੍ਰਾਪਤੀ ਹੈ। ਸਰਕਾਰ ਨਾਲ ਰਸਮੀ ਤੌਰ ਉੱਤੇ ਗੱਲਬਾਤ ਫ਼ਿਲਹਾਲ ਬੰਦ ਹੈ ਪਰ ਗ਼ੈਰ-ਰਸਮੀ ਤੌਰ ਉੱਤੇ ਵਾਰਤਾ ਜਾਰੀ ਹੈ। ਪਰ ਅਸੀਂ ਸਪੱਸ਼ਟ ਹਾਂ ਕਿ ਤਿੰਨੇ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਜਾਵਾਂਗੇ।"

ਜੋਗਿੰਦਰ ਸਿੰਘ ਉਗਰਾਹਾਂ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਕਰਨ ਦੇ ਹੱਕ ਵਿੱਚ ਨਹੀਂ।

ਇਸ ਪਿੱਛੇ ਉਨ੍ਹਾਂ ਦੀ ਦਲੀਲ ਹੈ ਕਿ ਸਾਡਾ ਸੰਗਠਨ ਇਹ ਨਹੀਂ ਆਖ ਸਕਦਾ ਹੈ, "ਕਿਸ ਨੂੰ ਵੋਟ ਪਾਉਣੀ ਹੈ ਜਾਂ ਕਿਸ ਨੂੰ ਨਹੀਂ। ਅਸੀਂ ਵੋਟ ਰਾਜਨੀਤੀ ਤੋਂ ਗੁਰੇਜ਼ ਕਰਦੇ ਹਾਂ।"

ਉਗਰਾਹਾਂ ਦਾ ਕਹਿਣਾ ਹੈ ਕਿ ਸਰਕਾਰ ਸੱਤਾ 'ਚ ਹੈ ਅਤੇ ਉਹ ਆਪਣੀ ਪਾਵਰ ਦੀ ਵਰਤੋਂ ਕਰ ਕੇ ਸਾਨੂੰ ਜਬਰਨ ਉਠਾ ਵੀ ਸਕਦੀ ਹੈ ਪਰ ਭਵਿੱਖ 'ਚ ਉਸ ਨੂੰ ਇਸ ਦੇ ਮਾੜੇ ਨਤੀਜੇ ਵੀ ਝੱਲਣੇ ਪੈਣਗੇ। 2024 ਤੱਕ ਵੀ ਇਹ ਅੰਦੋਲਨ ਚੱਲ ਸਕਦਾ ਹੈ।

ਤਸਵੀਰ ਕੈਪਸ਼ਨ,

ਕਿਸਾਨ ਆਗੂਆਂ ਦੀ ਕੋਸ਼ਿਸ਼ਾਂ 26 ਮਾਰਚ ਦੇ ਭਾਰਤ ਬੰਦ ਨੂੰ ਸਫਲ ਕਰਨ ਉੱਤੇ ਲੱਗੀਆਂ ਹੋਈਆਂ ਹਨ ਜੋ ਕਿ 26 ਜਨਵਰੀ ਦੀ ਘਟਨਾ ਤੋ ਵੱਡਾ ਪ੍ਰੋਗਰਾਮ ਹੈ।

ਟਿਕੈਤ ਦੀਆਂ ਟਿੱਪਣੀਆਂ ਤੋਂ ਕਿਸਾਨ ਆਗੂ ਨਾਖ਼ੁਸ਼

ਕਿਸਾਨ ਆਗੂ ਰਕੇਸ਼ ਟਿਕੈਤ ਦੀਆਂ ਹਾਲ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨਾਖ਼ੁਸ਼ ਹਨ।

ਖ਼ਾਸ ਤੌਰ ਉੱਤੇ ਡਾਕਟਰ ਦਰਸ਼ਨਪਾਲ ਅਤੇ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਟਿਕੈਤ ਨੂੰ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਕਾਇਦਾ ਸਮਝਾਇਆ ਵੀ ਗਿਆ।

ਡਾਕਟਰ ਦਰਸ਼ਨਪਾਲ ਦਾ ਕਹਿਣਾ ਹੈ, "ਅੰਦੋਲਨ ਦਾ ਭਵਿੱਖ ਅਤੇ ਇਸ ਦੇ ਪ੍ਰੋਗਰਾਮ ਦਾ ਅੰਤਿਮ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੀ ਮੰਨਿਆ ਜਾਵੇਗਾ, ਕਿਸੇ ਇੱਕ ਵਿਅਕਤੀ ਦਾ ਨਹੀਂ।"

ਹੁਣ ਕਿਸਾਨ ਆਗੂਆਂ ਦੀ ਕੋਸ਼ਿਸ਼ਾਂ 26 ਮਾਰਚ ਦੇ ਭਾਰਤ ਬੰਦ ਨੂੰ ਸਫਲ ਕਰਨ ਉੱਤੇ ਲੱਗੀਆਂ ਹੋਈਆਂ ਹਨ ਜੋ ਕਿ 26 ਜਨਵਰੀ ਦੀ ਘਟਨਾ ਤੋ ਵੱਡਾ ਪ੍ਰੋਗਰਾਮ ਹੈ।

ਜਾਣਕਾਰਾਂ ਦੀ ਰਾਏ

ਅੰਦੋਲਨ ਦੇ ਮੌਜੂਦਾ ਅਤੇ ਭਵਿੱਖ ਦੇ ਮੁੱਦੇ ਉੱਤੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਖ਼ਾਲਿਦ ਮੁਹੰਮਦ ਨਾਲ ਗੱਲਬਾਤ ਕੀਤੀ।

ਉਨ੍ਹਾਂ ਦਾ ਕਹਿਣਾ ਹੈ, "ਸਰਕਾਰ ਸ਼ੁਰੂ ਤੋਂ ਇਹ ਚਾਹੁੰਦੀ ਹੈ ਕਿ ਕਿਸਾਨ ਆਪੇ ਤੰਗ ਹੋ ਕੇ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਜਾਣਗੇ। ਪਰ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਹਿਮਾਇਤ ਮਿਲ ਰਹੀ ਹੈ ਉਸ ਨੂੰ ਦੇਖ ਨਹੀਂ ਲੱਗਦਾ ਕਿ ਸਰਕਾਰ ਦੀ ਇਹ ਰਣਨੀਤੀ ਕਾਮਯਾਬ ਹੋਵੇਗੀ। ਦੂਜਾ ਕੌਮਾਂਤਰੀ ਪੱਧਰ ਉੱਤੇ ਸਰਕਾਰ ਦੀ ਲਗਾਤਾਰ ਹੋ ਰਹੀ ਬਦਨਾਮੀ।"

ਪ੍ਰੋਫੈਸਰ ਖ਼ਾਲਿਦ ਮੁਤਾਬਕ ਵੱਖ ਵੱਖ ਦੇਸਾਂ ਤੋਂ ਵੀ ਇਸ ਅੰਦੋਲਨ ਦੇ ਹੱਕ ਵਿੱਚ ਆਵਾਜ਼ਾਂ ਲਗਾਤਾਰ ਉੱਠੀ ਰਹੀਆਂ ਹਨ।

"ਬ੍ਰਿਟਿਸ਼ ਸੰਸਦ ਅਤੇ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਅੰਦੋਲਨ ਦੀ ਆਵਾਜ਼ ਪਹੁੰਚਣੀ ਦਰਸਾਉਂਦਾ ਹੈ ਕਿ ਸਰਕਾਰ ਸਰਕਾਰ ਦਬਾਅ ਵਿੱਚ ਹੈ। ਇਸ ਤੋਂ ਇਲਾਵਾ ਬੀਜੇਪੀ ਦੇ ਅੰਦਰ ਹੀ ਇਸ ਅੰਦੋਲਨ ਨੂੰ ਲੈ ਕੇ ਆਵਾਜ਼ ਉੱਠਣੀ ਦਰਸਾਉਂਦਾ ਹੈ ਕਿ ਸਰਕਾਰ ਨੂੰ ਛੇਤੀ ਹੀ ਇਸ ਉੱਤੇ ਕੋਈ ਨਾ ਕੋਈ ਫ਼ੈਸਲਾ ਲੈਣਾ ਪਵੇਗਾ।"

ਤਸਵੀਰ ਕੈਪਸ਼ਨ,

ਧਰਨੇ ਵਾਲੀ ਥਾਂ ’ਤੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ

ਪ੍ਰੋਫੈਸਰ ਹਰਜੇਸ਼ਵਰ ਆਖਦੇ ਹਨ, "ਵਿਧਾਨ ਸਭਾ ਚੋਣਾਂ ਖ਼ਾਸ ਤੌਰ ਉੱਤੇ ਪੱਛਮੀ ਬੰਗਾਲ ਦੇ ਚੋਣ ਨਤੀਜੇ ਇਸ ਅੰਦੋਲਨ ਦਾ ਭਵਿੱਖ ਤੈਅ ਕਰਨਗੇ ਕਿ ਇਹ ਕਦੋਂ ਤੱਕ ਚੱਲੋਗੇ।"

ਉਹ ਆਖਦੇ ਹਨ, "ਇੱਕ ਗੱਲ ਤੈਅ ਹੈ ਕਿਸਾਨ ਖ਼ਾਲੀ ਹੱਥ ਵਾਪਸ ਨਹੀਂ ਜਾਣਗੇ। ਇਹ ਹੁਣ ਸਰਕਾਰ ਨੇ ਦੇਖਣਾ ਹੈ ਕਿ ਤਿੰਨ ਕਾਨੂੰਨ ਅਤੇ ਐਮਐਸਪੀ ਉੱਤੇ ਕਾਨੂੰਨੀ ਗਾਰੰਟੀ ਕਿਸ ਤਰੀਕੇ ਨਾਲ ਦੇਣੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)