ਉਪ ਕੁਲਪਤੀ ਵੱਲੋਂ ਮਸਜਿਦ ਦੇ ਲਾਊਡਸਪੀਕਰ ਦੀ ਸ਼ਿਕਾਇਤ ਕਰਨ ਮਗਰੋਂ ਕੀ-ਕੀ ਹੋਇਆ

  • ਸਮੀਰਾਤਮਜ ਮਿਸ਼ਰ
  • ਇਲਾਹਾਬਾਦ ਤੋਂ ਬੀਬੀਸੀ ਲਈ
ਇਲਾਹਾਬਾਦ
ਤਸਵੀਰ ਕੈਪਸ਼ਨ,

ਇਲਾਹਾਬਾਦ ਯੂਨੀਵਰਸਿਟੀ ਦੀ ਕੁਲਪਤੀ ਡਾਕਟਰ ਸੰਗੀਤਾ ਸ਼੍ਰੀਵਾਸਤਵ ਨੇ ਮਸਜਿਦ ਦੇ ਸਪੀਕਰ ਦੀ ਸ਼ਿਕਾਇਤ ਕੀਤੀ ਸੀ

ਇਲਾਹਾਬਾਦ ਯੂਨੀਵਰਸਿਟੀ ਦੀ ਉਪ ਕੁਲਪਤੀ ਡਾ. ਸੰਗੀਤਾ ਸ਼੍ਰੀਵਾਸਤਵ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਨਜ਼ਦੀਕ ਪੈਂਦੀ ਮਸਜਿਦ ਦੇ ਗੁੰਬਦ 'ਤੇ ਲੱਗੇ ਲਾਊਡਸਪੀਕਰ ਦਾ ਮੂੰਹ ਦੂਜੇ ਪਾਸੇ ਨੂੰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਵਾਜ਼ ਦੀ ਤੀਬਰਤਾ ਨੂੰ ਵੀ ਘਟਾ ਦਿੱਤਾ ਗਿਆ ਹੈ।

ਡਾ. ਸੰਗੀਤਾ ਨੇ 3 ਮਾਰਚ ਨੂੰ ਪ੍ਰਯਾਗਰਾਜ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇੱਕ ਪੱਤਰ ਲਿਖਿਆ ਸੀ ਪਰ ਉਸ ਸਮੇਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਸੀ।

ਇਸ ਪੱਤਰ ਨੂੰ ਉਸ ਸਮੇਂ ਗੰਭੀਰਤਾ ਨਾਲ ਲਿਆ ਗਿਆ, ਜਦੋਂ ਇਹ ਸ਼ਿਕਾਇਤ ਪੱਤਰ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਆਇਆ ਅਤੇ ਸੋਸ਼ਲ ਮੀਡੀਆ 'ਚ ਇਸ ਦੀ ਚਰਚਾ ਹੋਣ ਲੱਗੀ।

ਇਹ ਵੀ ਪੜ੍ਹੋ-

ਡਾ. ਸੰਗੀਤਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਯਾਗਰਾਜ ਦੇ ਸਿਵਲ ਲਾਈਨ ਇਲਾਕੇ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਘਰ ਤੋਂ ਮਹਿਜ ਤਿੰਨ ਚਾਰ ਸੌ ਮੀਟਰ ਦੀ ਦੂਰੀ 'ਤੇ ਹੀ ਮਸਜਿਦ ਸੀ।

ਉਨ੍ਹਾਂ ਮੁਤਾਬਕ ਮਸਜਿਦ 'ਚ ਸਵੇਰੇ ਦੀ ਅਜਾਨ ਨਾਲ ਉਨ੍ਹਾਂ ਦੀ ਨੀਂਦ ਖ਼ਰਾਬ ਹੁੰਦੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ।

ਉਨ੍ਹਾਂ ਨੇ ਪ੍ਰਯਾਗਰਾਜ ਦੇ ਜ਼ਿਲ੍ਹਾ ਅਧਿਕਾਰੀ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਪੱਤਰ ਦਿੱਤਾ ਅਤੇ ਇਸ ਦੀ ਇੱਕ ਨਕਲ/ਕਾਪੀ ਪ੍ਰਯਾਗਰਾਜ ਦੇ ਮੰਡਲ ਕਮਿਸ਼ਨਰ, ਪ੍ਰਯਾਗਰਾਜ ਦੇ ਜ਼ੋਨਲ ਇੰਸਪੈਕਟਰ ਅਤੇ ਸੀਨੀਅਰ ਪੁਲਿਸ ਸੁਪਰੀਡੈਂਟ ਨੂੰ ਵੀ ਭੇਜੀ।

ਕੀ ਹੈ ਪੂਰਾ ਮਾਮਲਾ

ਇਲਾਹਾਬਾਦ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਅਧਿਕਾਰਤ ਲੈਟਰਹੈੱਡ ਤੋਂ ਲਿਖੇ ਗਏ ਇਸ ਪੱਤਰ 'ਚ ਡਾ. ਸੰਗੀਤਾ ਸ਼੍ਰੀਵਾਸਤਵ ਨੇ ਅਲਾਹਾਬਾਦ ਹਾਈ ਕੋਰਟ ਦੇ ਇੱਕ ਆਦੇਸ਼ ਦਾ ਹਵਾਲਾ ਦਿੰਦਿਆਂ ਪ੍ਰਯਾਗਰਾਜ ਦੇ ਜ਼ਿਲ੍ਹਾ ਮੈਜੀਸਟਰੇਟ ਨੂੰ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਸੀ।

ਅੰਗ੍ਰੇਜ਼ੀ 'ਚ ਲਿਖੇ ਗਏ ਇਸ ਪੱਤਰ ਦਾ ਵਿਸ਼ਾ ਸੀ- ' ਸਿਵਲ ਲਾਈਨਜ਼, ਪ੍ਰਯਾਗਰਾਜ 'ਚ ਆਵਾਜ਼ ਪ੍ਰਦੂਸ਼ਣ'।

ਇਸ ਸ਼ਿਕਾਇਤ ਪੱਤਰ 'ਚ ਲਿਖਿਆ ਗਿਆ ਸੀ ਕਿ ਹਰ ਰੋਜ਼ ਸਵੇਰ ਦੇ ਲਗਭਗ 5:30 ਵਜੇ ਉਨ੍ਹਾਂ ਦੇ ਘਰ ਦੇ ਨਜ਼ਦੀਕ ਪੈਂਦੀ ਮਸਜਿਦ 'ਚੋਂ ਅਜ਼ਾਨ ਦੀ ਤੇਜ਼ ਆਵਾਜ਼ ਆਉਣ ਦੇ ਨਾਲ ਉਨ੍ਹਾਂ ਦੀ ਨੀਂਦ ਖ਼ਰਾਬ ਹੁੰਦੀ ਹੈ।

ਉਨ੍ਹਾਂ ਨੇ ਪੱਤਰ 'ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਇਸ ਪ੍ਰੇਸ਼ਾਨੀ ਦਾ ਕਿਸੇ ਧਰਮ , ਜਾਤੀ ਜਾਂ ਭਾਈਚਾਰੇ ਦੇ ਖ਼ਿਲਾਫ਼ ਕਾਰਵਾਈ ਨਾਲ ਨਾ ਜੋੜਿਆ ਜਾਵੇ।

ਬੁੱਧਵਾਰ (17 ਮਾਰਚ) ਨੂੰ ਜਦੋਂ ਇਸ ਸਬੰਧ 'ਚ ਖ਼ਬਰ ਨਸ਼ਰ ਹੋਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਚਿਤ ਕਾਰਵਾਈ ਕਰਨ ਦਾ ਬਿਆਨ ਸਾਹਮਣੇ ਆਇਆ ਅਤੇ ਫਿਰ ਉਸੇ ਹੀ ਦਿਨ ਮਸਜਿਦ 'ਚ ਅਜ਼ਾਨ ਦੀ ਆਉਣ ਵਾਲੀ ਆਵਾਜ਼ ਨੂੰ ਘਟਾਉਣ ਲਈ ਕਦਮ ਚੁੱਕੇ ਗਏ।

ਪ੍ਰਯਾਗਰਾਜ ਖੇਤਰ ਦੇ ਡਾਇਰੈਕਟਰ ਜਨਰਲ ਪੁਲਿਸ ਕੇ ਪੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਨਾ ਸਿਰਫ ਸੰਬੰਧਤ ਮਜ਼ਜਿਦ ਨੂੰ ਬਲਕਿ ਖੇਤਰ 'ਚ ਆਉਣ ਵਾਲੇ ਸਾਰੇ ਹੀ ਜ਼ਿਲ੍ਹਿਆਂ ਦੇ ਧਰਮ ਅਸਥਾਨਾਂ ਦੇ ਲਈ ਇਸ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

ਆਈਜੀ ਕੇ ਪੀ ਸਿੰਘ ਅਨੁਸਾਰ, " ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤ ਗਿਆ ਸੀ ਕਿ ਰਾਤ ਦੇ 10 ਵਜੇ ਤੋਂ ਸਵੇਰ ਦੇ 6 ਵਜੇ ਤੱਕ ਕੋਈ ਵੀ ਤੇਜ਼ ਆਵਾਜ਼ ਵਾਲੇ ਮਾਈਕ ਜਾਂ ਲਾਊਡਸਪੀਕਰ ਨਹੀਂ ਲਗਾਏ ਜਾਣਗੇ। ਮਾਈਕ ਹਟਾਉਣ ਲਈ ਭਾਵੇਂ ਕਿ ਨਹੀਂ ਕਿਹਾ ਗਿਆ ਸੀ ਪਰ ਉਸ ਦੀ ਆਵਾਜ਼ ਨਿਸਚਿਤ ਸੀਮਾ ਅਮਦਰ ਹੀ ਰੱਖਣ ਦਾ ਹੁਕਮ ਜ਼ਰੂਰ ਦਿੱਤਾ ਗਿਆ ਸੀ।

ਇਸ ਸਬੰਧ 'ਚ ਜ਼ੋਨ ਦੇ ਸਾਰੇ ਹੀ ਚਾਰ ਜ਼ਿਲ੍ਹਿਆਂ ਪ੍ਰਯਾਗਰਾਜ, ਪ੍ਰਥਾਪਗੜ੍ਹ, ਕੌਸ਼ਾਂਬੀ ਅਤੇ ਫਤਿਹਪੁਰ 'ਚ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਕਿਸੇ ਬਹੁਤ ਜ਼ਰੂਰੀ ਸਥਿਤੀ 'ਚ ਰਾਤ ਦੇ 10 ਵਜੇ ਤੋਂ 12 ਵਜੇ ਤੱਕ ਵਿਸ਼ੇਸ ਮਨਜ਼ੂਰੀ ਤੋਂ ਬਾਅਦ ਹੀ ਲਾਊਡਸਪੀਕਰ ਵੱਜ ਸਕਦਾ ਹੈ।"

ਮਸਜਿਦ ਪ੍ਰਬੰਧਨ ਦਾ ਪੱਖ

ਪ੍ਰਯਾਗਰਾਜ ਦੇ ਪੌਸ਼ ਇਲਾਕੇ ਸਿਵਲ ਲਾਈਨਜ਼ ਦੇ ਕਲਾਈਵ ਰੋਡ 'ਤੇ ਸਥਿਤ ਇਸ ਮਸਜਿਦ ਦੇ ਪ੍ਰਬੰਧਕਾਂ ਨੇ ਮੀਡੀਆ 'ਚ ਉਪ ਕੁਲਪਤੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਹੀ ਖੁਦ ਹੀ ਲਾਊਡਸਪੀਕਰ ਦੀ ਆਵਾਜ਼ ਨੂੰ ਘਟਾ ਦਿੱਤਾ ਸੀ।

ਮਸਜਿਦ ਦੇ ਮੁਤਵੱਲੀ ਕਲੀਮੁਰਰਹਿਮਾਨ ਨੇ ਬੀਬੀਸੀ ਨੂੰ ਦੱਸਿਆ, " ਕੁਝ ਪੁਲਿਸ ਵਾਲੇ ਸਾਡੇ ਨਾਲ ਇਸ ਸਬੰਧ 'ਚ ਗੱਲਬਾਤ ਕਰਨ ਲਈ ਆਏ ਸਨ, ਪਰ ਅਸੀਂ ਇਸ ਤੋਂ ਪਹਿਲਾਂ ਹੀ ਲਾਊਡਸਪੀਕਰ ਦਾ ਮੂੰਹ ਦੂਜੇ ਪਾਸੇ ਵੱਲ ਮੋੜ ਦਿੱਤਾ ਸੀ ਅਤੇ ਉਸ ਦੀ ਆਵਾਜ਼ ਵੀ ਪਹਿਲਾਂ ਨਾਲੋਂ ਘਟਾ ਦਿੱਤੀ ਸੀ। ਸਾਡੇ ਵੱਲੋਂ ਚੁੱਕੇ ਇਸ ਕਦਮ ਤੋਂ ਸੰਤੁਸ਼ਟ ਹੋ ਕੇ ਪੁਲਿਸ ਵਾਲੇ ਚਲੇ ਗਏ ਸਨ।"

ਤਸਵੀਰ ਕੈਪਸ਼ਨ,

ਮਸਜਿਦ ਦੇ ਮੁਤਵੱਲੀ ਕਲੀਮੁਰਰਹਿਮਾਨ ਨੇ ਦੱਸਿਆ ਕਿ ਸਪੀਕਰ ਦਾ ਮੂੰਹ ਮੋੜ ਦਿੱਤਾ ਹੈ

"ਮਸਜਿਦ ਦੇ ਗੁੰਬਦ 'ਤੇ ਪਹਿਲਾਂ ਚਾਰ ਸਪੀਕਰ ਹੁੰਦੇ ਸਨ ਪਰ ਕੋਰੋਨਾਕਾਲ ਦੌਰਾਨ ਦੋ ਸਪੀਕਰ ਹਟਾ ਦਿੱਤੇ ਗਏ ਸਨ। ਇੰਨ੍ਹਾਂ ਸਪੀਕਰਾਂ ਦੀ ਆਵਾਜ਼ ਪਹਿਲਾਂ ਵੀ ਜ਼ਿਆਦਾ ਤੇਜ਼ ਨਹੀਂ ਸੀ, ਪਰ ਹੋ ਸਕਦਾ ਹੈ ਕਿ ਸਵੇਰ ਦੇ ਸਮੇਂ ਇਹ ਤੇਜ਼ ਲੱਗਦੀ ਹੋਵੇ। ਵੀਸੀ ਮੈਡਮ ਜੇਕਰ ਨਿੱਜੀ ਤੌਰ 'ਤੇ ਵੀ ਸਾਨੂੰ ਇਸ ਸਬੰਧੀ ਕਹਿ ਦਿੰਦੇ ਤਾਂ ਅਸੀਂ ਜ਼ਰੂਰ ਉਸ 'ਤੇ ਕਾਰਵਾਈ ਕਰਦੇ।"

“ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵੱਲੋਂ ਸਾਡੇ 'ਤੇ ਕੋਈ ਦਬਾਅ ਨਹੀਂ ਪਾਇਆ ਗਿਆ ਬਲਕਿ ਅਸੀਂ ਆਪਣੇ ਆਪ ਹੀ ਬਣਦੇ ਕਦਮ ਚੁੱਕੇ ਅਤੇ ਮਸਜਿਦ 'ਚ ਲੱਗੇ ਇੱਕ ਸਪੀਕਰ ਦਾ ਮੂੰਹ ਸੜਕ ਵੱਲ ਸੀ ਉਸ ਨੂੰ ਵੀ ਅਸੀਂ ਆਪਣੇ ਘਰਾਂ ਵੱਲ ਕਰ ਲਿਆ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।”

ਡਾ. ਸੰਗੀਤਾ 30 ਸਾਲਾਂ ਤੋਂ ਉਸੇ ਹੀ ਘਰ 'ਚ ਰਹਿ ਰਹੀ ਸੀ

ਡਾ. ਸੰਗੀਤਾ ਸ੍ਰੀਵਾਸਤਵ ਲਗਭਗ ਚਾਰ ਮਹੀਨੇ ਪਹਿਲਾਂ ਹੀ ਇਲਾਹਾਬਾਦ ਯੂਨੀਵਰਸਿਟੀ ਦੀ ਉਪ ਕੁਲਪਤੀ ਨਿਯੁਕਤ ਹੋਈ ਹੈ ਅਤੇ ਇਸ ਤੋਂ ਪਹਿਲਾਂ ਉਹ ਪ੍ਰਯਾਗਰਾਜ 'ਚ ਹੀ ਰੱਜੂ ਭਈਆ ਰਾਜ ਯੂਨੀਵਰਸਿਟੀ ਦੀ ਉਪ ਕੁਲਪਤੀ ਸੀ।

ਪ੍ਰੋ. ਸੰਗੀਤਾ ਮੂਲ ਰੂਪ ਤੋਂ ਪ੍ਰਯਾਗਰਾਜ ਦੀ ਹੀ ਨਿਵਾਸੀ ਹਨ। ਯੂਨੀਵਰਸਿਟੀ ਦੀ ਕੁਲਪਤੀ ਬਣਨ ਤੋਂ ਪਹਿਲਾਂ ਉਹ ਯੂਨੀਵਰਸਿਟੀ 'ਚ ਹੀ ਗ੍ਰਹਿ ਵਿਗਿਆਨ ਵਿਭਾਗ 'ਚ ਪ੍ਰੋਫੈਸਰ ਸੀ।

ਤਸਵੀਰ ਕੈਪਸ਼ਨ,

ਡਾ. ਸੰਗੀਤਾ 30 ਸਾਲਾਂ ਤੋਂ ਉਸੇ ਹੀ ਘਰ 'ਚ ਰਹਿ ਰਹੀ ਸੀ

ਉਨ੍ਹਾਂ ਦੇ ਪਤੀ ਜਸਟਿਸ ਵਿਕਰਮਨਾਥ ਇਸ ਸਮੇਂ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਹਨ ਅਤੇ ਸਿਵਲ ਲਾਈਨਜ਼ ਸਥਿਤ ਇਹ ਘਰ ਉਨ੍ਹਾਂ ਦਾ ਜੱਦੀ ਘਰ ਹੈ।

ਉਪ-ਕੁਲਪਤੀ ਦੇ ਅਹੁਦੇ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੋਤੀਲਾਲ ਨਹਿਰੂ ਰਾਸ਼ਟਰੀ ਤਕਨਾਲੋਜੀ ਕੈਂਪਸ 'ਚ ਇੱਕ ਸਰਕਾਰੀ ਰਿਹਾਇਸ਼ ਮਿਲੀ ਹੋਈ ਹੈ।

ਉਪ-ਕੁਲਪਤੀ ਦੇ ਵਿਸ਼ੇਸ਼ ਅਧਿਕਾਰੀ ਨਿਖਿਲ ਆਨਮਦ ਇਸ ਸਬੰਧ 'ਚ ਵਧੇਰੇ ਜਾਣਕਾਰੀ ਤਾਂ ਨਹੀਂ ਦਿੰਦੇ ਪਰ ਰਿਹਾਇਸ਼ ਦੇ ਸਬੰਧ 'ਚ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਰਕਾਰੀ ਰਿਹਾਇਸ਼ ਤੋਂ ਇਲਾਵਾ ਡਾ. ਸੰਗੀਤਾ ਸਿਵਲ ਲਾਈਨ ਸਥਿਤ ਆਪਣੀ ਨਿੱਜੀ ਰਿਹਾਇਸ਼ 'ਚ ਵੀ ਰਹਿੰਦੇ ਹਨ।ਉੱਥੇ ਹੀ ਉਨ੍ਹਾਂ ਦਾ ਕੈਂਪ ਦਫ਼ਤਰ ਵੀ ਹੈ।

ਤਸਵੀਰ ਕੈਪਸ਼ਨ,

ਕਈ ਵਿਦਿਆਰਥੀ ਸੰਗਠਨਾਂ ਨੇ ਇਸ ਉੱਤੇ ਜਤਾਈ ਹੈ

ਇਸ ਮਾਮਲੇ 'ਚ ਇਹ ਵੀ ਸਵਾਲ ਉੱਠ ਰਹੇ ਹਨ ਕਿ ਜਿਸ ਘਰ 'ਚ ਪਿਛਲੇ ਤਿੰਨ ਦਹਾਕਿਆਂ ਤੋਂ ਰਹਿੰਦਿਆਂ ਉਨ੍ਹਾਂ ਨੂੰ ਅਜ਼ਾਨ ਦੀ ਆਵਾਜ਼ ਤੋਂ ਕੋਈ ਦਿੱਕਤ ਨਹੀਂ ਹੋਈ ਸੀ, ਹੁਣ ਅਚਾਨਕ ਅਜਿਹਾ ਕੀ ਹੋਇਆ ਕਿ ਇਹ ਆਵਾਜ਼ ਉਨ੍ਹਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਗਈ ਹੈ?

ਇਸ ਬਾਰੇ ਜਦੋਂ ਉਪ ਕੁਲਪਤੀ ਪ੍ਰੋ. ਸੰਗੀਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ।

ਉਪ ਕੁਲਪਤੀ ਇਸ ਸਮੇਂ ਕਿਸੇ ਨਿੱਜੀ ਸਮਾਗਮ 'ਚ ਸ਼ਾਮਲ ਹੋਣ ਲਈ ਵਿਦੇਸ਼ ਗਏ ਹੋਏ ਹਨ ਅਤੇ ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਹ ਸ਼ਿਕਾਇਤ ਪੱਤਰ ਵਿਦੇਸ਼ ਜਾਣ ਤੋਂ ਪਹਿਲਾਂ ਲਿਖਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪ੍ਰੋ. ਸੰਗੀਤਾ ਸ਼੍ਰੀਵਾਸਤਵ ਦੇ ਇਸ ਪੱਤਰ ਦੀ ਚਰਚਾ ਤੋਂ ਇਲਾਵਾ ਇਲਾਹਾਬਾਦ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਸੰਗਠਨਾਂ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਹੈ।

ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਭਵਨ ਵਿਖੇ ਯੂਨੀਵਰਸਿਟੀ ਦੇ ਸਾਬਕਾ ਉਪ ਪ੍ਰਧਾਨ ਆਦਿਲ ਹਮਜ਼ਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਹਿੰਦੂ ਅਤੇ ਮੁਸਲਿਮ ਵਿਦਿਆਰਥੀਆਂ ਨੇ ਮੱਥੇ 'ਤੇ ਤਿਲਕ ਲਗਾ ਕੇ ਅਤੇ ਸਿਰ 'ਤੇ ਟੋਪੀਆਂ ਪਾ ਕੇ ਉਪ ਕੁਲਪਤੀ ਸੰਗੀਤਾ ਸ਼੍ਰੀਵਾਸਤਵ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)