ਕੋਰੋਨਾਵਾਇਰਸ: ਪੰਜਾਬ 'ਚ ਕੀ ਹਨ ਮੌਜੂਦਾ ਹਾਲਾਤ ਤੇ ਕੋਵਿਡ ਦਾ ਨਵਾਂ ਰੂਪ ਕਿੰਨਾ ਖ਼ਤਰਨਾਕ

  • ਨਵਦੀਪ ਕੌਰ ਗਰੇਵਾਲ
  • ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੰਜਾਬ ਦੇ ਸੈਂਪਲਾਂ ਵਿੱਚ ਪਾਏ ਗਏ ਕੋਵਿਡ ਦੇ ਸਭ ਤੋਂ ਨਵੇਂ ਰੂਪ ਦਾ ਨਾਮ ਹੈ ਬੀ.1.1.7

ਪੰਜਾਬ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਅਤੇ ਪ੍ਰਤੀ ਦਿਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਸੂਬੇ ਅੰਦਰ ਕੋਰੋਨਾਵਾਇਰਸ ਦੇ ਨਵੇਂ ਰੂਪ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਸੂਬਾ ਸਰਕਾਰ ਅਤੇ ਸਿਹਤ ਮਹਿਕਮਾ ਚਿੰਤਤ ਹੈ।

ਪੰਜਾਬ ਅੰਦਰ ਕੋਵਿਡ ਦੇ ਨਵੇਂ ਵੇਰੀਅੰਟ (ਰੂਪ)

ਸਿਹਤ ਵਿਭਾਗ ਮੁਤਾਬਕ ਇਸ ਵੇਲੇ ਸੂਬੇ ਵਿੱਚ ਕੋਰੋਨਾਵਾਇਰਸ ਦੇ ਦੋ ਹੋਰ ਰੂਪ ਸਾਹਮਣੇ ਆਏ ਹਨ।

ਪੰਜਾਬ ਦੇ ਸੈਂਪਲਾਂ ਵਿੱਚ ਪਾਏ ਗਏ ਕੋਵਿਡ ਦੇ ਸਭ ਤੋਂ ਨਵੇਂ ਰੂਪ ਦਾ ਨਾਮ ਹੈ ਬੀ.1.1.7, ਜਿਸ ਨੂੰ ਯੂਕੇ ਦੇ ਕੋਵਿਡ ਦੀ ਕਿਸਮ ਵੀ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਪੰਜਾਬ ਵਿੱਚ ਕੋਵਿਡ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਇਸ ਵਾਇਰਸ ਵਿੱਚ ਲਾਗ ਲਾਉਣ ਦੀ ਸਮਰਥਾ 70-80 ਫੀਸਦ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਕਿਸਮ ਕਿਹੜੀ ਉਮਰ ਦੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ, ਇਸ ਬਾਰੇ ਫਿਲਹਾਲ ਕਿਹਾ ਨਹੀਂ ਜਾ ਸਕਦਾ।

ਪੰਜਾਬ ਦੇ ਸਿਹਤ ਵਿਭਾਗ ਦੇ ਸਲਹਾਕਾਰ ਡਾ. ਕੇਕੇ ਤਲਵਾਰ ਨੇ ਕਿਹਾ ਕਿ ਵਿਭਾਗ ਵੱਲੋਂ ਜਾਂਚ ਲਈ ਭੇਜੇ 401 ਵਿੱਚੋਂ 326 ਨਮੂਨਿਆਂ ਵਿੱਚ ਕੋਵਿਡ ਦੀ ਇਹ ਕਿਸਮ ਪਾਈ ਗਈ ਜੋ ਕਿ ਚਿੰਤਾਜਨਕ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਇਸ ਵਾਇਰਸ ਵਿੱਚ ਲਾਗ ਲਾਉਣ ਦੀ ਸਮਰਥਾ 70-80 ਫੀਸਦ ਜ਼ਿਆਦਾ ਹੁੰਦੀ ਹੈ

ਯੂਕੇ ਦੀ ਇਸ ਕਿਸਮ ਤੋਂ ਪਹਿਲਾਂ ਸੂਬੇ ਅੰਦਰ ਕੋਵਿਡ ਦੀ ਇੱਕ ਹੋਰ ਕਿਸਮ ਸਾਹਮਣੇ ਆਈ ਸੀ। ਇਸ ਦਾ ਨਾਮ N440K ਹੈ।

ਡਾ. ਰਾਜੇਸ਼ ਭਾਸਕਰ ਮੁਤਾਬਕ ਇਸ ਕਿਸਮ ਦੀ ਲਾਗ ਫੈਲਾਉਣ ਦੀ ਸਮਰਥਾ ਪਹਿਲਾਂ ਨਾਲੋਂ 30-40 ਫੀਸਦ ਵੱਧ ਹੁੰਦੀ ਹੈ।

ਇਹ ਪਹਿਲੇ ਦੀ ਤੁਲਨਾ ਵਿੱਚ ਘੱਟ ਉਮਰ ਵਾਲੇ ਲੋਕਾਂ ਵਿੱਚ ਜ਼ਿਆਦਾ ਫੈਲਦਾ ਹੈ।

ਉਨ੍ਹਾਂ ਦੱਸਿਆ ਕਿ ਕੋਵਿਡ ਦਾ ਇਹ ਰੂਪ ਪਹਿਲਾਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਮਿਲਿਆ।

ਪੰਜਾਬ ਵਿੱਚੋਂ ਭੇਜੇ ਸੈਂਪਲਾਂ ਵਿੱਚੋਂ ਜਿਨ੍ਹਾਂ 90 ਸੈਂਪਲਾਂ ਦੇ ਨਤੀਜੇ ਆਏ ਹਨ, ਉਨ੍ਹਾਂ ਵਿੱਚੋਂ 2 ਸੈਂਪਲਾਂ ਵਿੱਚ ਇਹ ਕਿਸਮ ਮਿਲੀ ਹੈ।

ਸੂਬੇ ਵਿੱਚ ਕੋਵਿਡ ਦੀ ਤਾਜ਼ਾ ਸਥਿਤੀ ਅਤੇ ਮੌਤਾਂ ਦਾ ਅੰਕੜਾ

ਪਿਛਲੇ ਕੁਝ ਹਫਤਿਆਂ ਤੋਂ ਪੰਜਾਬ ਵਿੱਚ ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ।

23 ਮਾਰਚ ਦੇਰ ਸ਼ਾਮ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਹੁਣ ਤੱਕ ਕੋਵਿਡ ਦੇ ਕੁੱਲ 2,17,663 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 1,91,825 ਰਿਕਵਰ ਹੋ ਚੁੱਕੇ ਹਨ ਅਤੇ 6,435 ਮੌਤਾਂ ਹੋ ਗਈਆਂ ਹਨ।

ਸੂਬੇ ਅੰਦਰ 19,403 ਮੌਜੂਦਾ ਐਕਟਿਵ ਕੇਸ ਹਨ।

ਵੀਡੀਓ ਕੈਪਸ਼ਨ,

ਪੰਜਾਬ ਵਿੱਚ ਕੋਰੋਨਾ ਵੈਕਸੀਨ ਦਾ ਪਹਿਲੇ ਦਿਨ ਦਾ ਟੀਚਾ ਪੂਰਾ ਕਿਉਂ ਨਹੀਂ ਹੋ ਸਕਿਆ

ਸੋਮਵਾਰ ਯਾਨੀ 22 ਮਾਰਚ ਨੂੰ ਕੁੱਲ 2,319 ਨਵੇਂ ਕੇਸ ਸਾਹਮਣੇ ਆਏ ਸੀ ਅਤੇ ਇੱਕ ਦਿਨ ਵਿੱਚ 58 ਮੌਤਾਂ ਦਰਜ ਹੋਈਆਂ ਸਨ। ਜਦਕਿ ਮੰਗਲਵਾਰ ਯਾਨਿ 23 ਮਾਰਚ ਨੂੰ 2,274 ਨਵੇਂ ਕੇਸ ਸਾਹਮਣੇ ਆਏ ਅਤੇ 53 ਮੌਤਾਂ ਸਾਹਮਣੇ ਆਈਆਂ।

ਕਿੰਨੇ ਲੋਕਾਂ ਨੂੰ ਲੱਗ ਚੁੱਕਿਆ ਹੈ ਕੋਵਿਡ-19 ਦਾ ਟੀਕਾ

ਪੰਜਾਬ ਦੇ ਸੈਂਪਲਾਂ ਵਿੱਚ ਯੂਕੇ ਦੇ ਕੋਵਿਡ ਦੀ ਕਿਸਮ ਮਿਲਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਟੀਕਾਕਰਨ ਦਾ ਦਾਇਰਾ ਵਧਾ ਕੇ 60 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ।

ਤਸਵੀਰ ਸਰੋਤ, capt.Amarindersingh/twitter

ਤਸਵੀਰ ਕੈਪਸ਼ਨ,

ਸੂਬੇ ਅੰਦਰ 19,403 ਮੌਜੂਦਾ ਐਕਟਿਵ ਕੇਸ ਹਨ

23 ਮਾਰਚ ਦੇਰ ਸ਼ਾਮ ਦੀ ਰਿਪੋਰਟ ਮੁਤਾਬਕ ਸੂਬੇ ਵਿੱਚ ਟੀਕਾਕਰਨ ਦੀ ਪਹਿਲੀ ਡੋਜ਼ 2,64,251 ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਾਰੀਅਰਜ਼ ਨੂੰ ਲੱਗ ਚੁੱਕੀ ਹੈ ਅਤੇ 90,650 ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਾਰੀਅਰਜ਼ ਨੂੰ ਦੂਜੀ ਡੋਜ਼ ਵੀ ਲਗਾਈ ਜਾ ਚੁੱਕੀ ਹੈ।

ਇਨ੍ਹਾਂ ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦੀ ਗਿਣਤੀ ਢਾਈ-ਤਿੰਨ ਲੱਖ ਦੱਸੀ ਗਈ ਸੀ।

60 ਸਾਲ ਤੋਂ ਵੱਧ ਉਮਰ ਦੇ ਅਤੇ 45 ਸਾਲ ਤੋਂ ਵੱਧ ਸਹਿ-ਰੋਗਾਂ ਵਾਲੇ 2,51,695 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਜਦਕਿ ਅਜਿਹੇ ਲੋਕਾਂ ਦੀ ਸੂਬੇ ਅੰਦਰ ਗਿਣਤੀ ਕਰੀਬ 65 ਲੱਖ ਦੱਸੀ ਗਈ ਸੀ।

ਦੇਸ਼ ਭਰ ਵਿੱਚ ਕੋਵਿਡ ਵੈਕਸੀਨ ਦੀਆਂ ਪੰਜ ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਇੱਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਲਈ ਟੀਕਾਕਰਨ ਸ਼ੁਰੂ ਕੀਤਾ ਜਾਏਗਾ।

ਇਹ ਵੀ ਪੜ੍ਹੋ-

ਨੌਜਵਾਨਾਂ ਦੇ ਵੱਧ ਰਹੇ ਕੇਸ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਿਆਨ ਮੁਤਾਬਕ ਸੂਬੇ ਵਿੱਚ ਸਾਹਮਣੇ ਆ ਰਹੇ ਨਵੇਂ ਪੌਜ਼ੀਟਿਵ ਕੇਸਾਂ ਵਿੱਚ 50 ਫੀਸਦੀ ਕੇਸ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਹਨ।

ਸੂਬੇ ਵਿੱਚ ਕੋਵਿਡ ਦੇ ਨੋਡਲ ਅਫਸਰ ਡਾ.ਰਾਜੇਸ਼ ਭਾਸਕਰ ਨੇ ਕਿਹਾ, "ਨੌਜਵਾਨਾਂ ਵਿੱਚ ਗਤੀਸ਼ੀਲਤਾ ਦਾ ਸੁਭਾਅ ਜ਼ਿਆਦਾ ਹੁੰਦਾ ਹੈ ਯਾਨਿ ਕਿ ਉਹ ਇੱਧਰ-ਉੱਧਰ ਜ਼ਿਆਦਾ ਘੁੰਮਦੇ ਹਨ। ਉਹ ਪਾਰਟੀਆਂ, ਪ੍ਰੋਗਰਾਮਾਂ ਵਿੱਚ ਵੀ ਜਾਂਦੇ ਹਨ ਅਤੇ ਸਕੂਲਾਂ-ਕਾਲਜਾਂ ਵਿੱਚ ਇਕੱਠੇ ਹੁੰਦੇ ਹਨ, ਹੋਰ ਕੰਮਾਂ-ਕਾਰਾਂ ਲਈ ਵੀ ਜਾਂਦੇ ਹਨ, ਇਸ ਲਈ ਨੌਜਵਾਨਾਂ ਵਿੱਚ ਇਸ ਦੀ ਲਾਗ ਵਧ ਰਹੀ ਹੈ।"

ਇਸ ਤੋਂ ਪਹਿਲਾਂ ਡਾ.ਰਾਜੇਸ਼ ਭਾਸਕਰ ਦੱਸ ਚੁੱਕੇ ਹਨ ਕਿ ਪੰਜਾਬ ਵਿੱਚ ਸਕੂਲ ਖੋਲ੍ਹਣ ਤੋਂ ਬਾਅਦ 1050 ਵਿਦਿਆਰਥੀਆਂ ਅਤੇ 625 ਅਧਿਆਪਕਾਂ ਨੂੰ ਕੋਰੋਨਾ ਹੋਇਆ।

ਤਸਵੀਰ ਸਰੋਤ, PAL SINGH NAULI/ BBC

ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਸਕੂਲ-ਕਾਲਜ ਖੋਲ੍ਹਣੇ ਵੀ ਜ਼ਰੂਰੀ ਸਨ ਕਿਉਂਕਿ ਬਹੁਤ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਦੇ ਸਾਧਨ ਨਹੀਂ ਸਨ।

ਕੋਰੋਨਾਵਾਇਰਸ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਕਦਮ

  • ਪੰਜਾਬ ਵਿੱਚ ਸਾਰੇ ਵਿੱਦਿਅਕ ਅਦਾਰੇ 31 ਮਾਰਚ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਦਿਨਾਂ ਵਿੱਚ ਰੱਖੇ ਗਏ ਇਮਤਿਹਾਨ ਵੀ ਟਾਲ ਦਿੱਤੇ ਗਏ ਹਨ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਮੁਤਾਬਕ ਪੇਪਰਾਂ ਦੀ ਨਵੀਂ ਡੇਟਸ਼ੀਟ ਜਾਰੀ ਕੀਤੀ ਜਾਏਗੀ।
  • ਸਿਨੇਮਾ ਹਾਲ ਵਿੱਚ ਸਮਰੱਥਾ 50 ਫ਼ੀਸਦੀ ਹੋਵੇਗੀ ਅਤੇ ਸ਼ੌਪਿੰਗ ਮਾਲਜ਼ ਵਿੱਚ ਇੱਕ ਵਾਰ ਵਿੱਚ 100 ਤੋਂ ਵੱਧ ਲੋਕ ਮੌਜੂਦ ਨਹੀਂ ਰਹਿ ਸਕਣਗੇ।
  • ਕੋਵਿਡ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਹੇ 11 ਜ਼ਿਲ੍ਹਿਆਂ ਵਿੱਚ ਵਿੱਚ ਨਾਈਟ ਕਰਫਿਊ ਤੋਂ ਇਲਾਵਾ, ਸਮਾਜਕ ਇਕੱਠ ਉੱਤੇ ਬੈਨ ਲਗਾਇਆ ਗਿਆ ਹੈ। ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਾਲਾਤ ਮੁਤਾਬਕ ਫ਼ੈਸਲੇ ਲੈਣ ਲਈ ਕਿਹਾ ਗਿਆ ਹੈ।

ਤਸਵੀਰ ਸਰੋਤ, Getty Images

  • ਇਸ ਦੇ ਨਾਲ ਹੀ ਕਿਸੇ ਦੀ ਮੌਤ ਅਤੇ ਸ਼ਮਸ਼ਾਨ ਘਾਟ ਸਣੇ ਵਿਆਹ ਸਮਾਗਮ ਲਈ ਸਿਰਫ਼ 20 ਲੋਕ ਹੀ ਮੌਜੂਦ ਰਹਿ ਸਕਣਗੇ।
  • ਚੰਗੀਆਂ ਸਹੂਲਤਾਂ ਨਾਲ ਲੈਸ ਹਸਪਤਾਲਾਂ ਨੂੰ ਕੋਵਿਡ ਲਈ ਬੈੱਡ ਰਾਖਵੇਂ ਰੱਖਣ ਲਈ ਕਿਹਾ ਗਿਆ ਹੈ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ 31 ਮਾਰਚ ਤੱਕ ਹਫ਼ਤੇ ਦੇ ਸੱਤੇ ਦਿਨ ਰੋਜ਼ਾਨਾ 8 ਘੰਟੇ ਲਈ ਵੈਕਸੀਨ ਦੀ ਸੁਵਿਧਾ ਦੇਣ ਲਈ ਕਿਹਾ ਹੈ।
  • ਇਸ ਤੋਂ ਇਲਾਵਾ ਪੰਜਾਬ ਕਾਂਗਰਸ ਨੇ 31 ਮਾਰਚ ਤੱਕ ਆਪਣੀਆਂ ਸਾਰੀਆਂ ਰੈਲੀਆਂ ਰੋਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਰੈਲੀਆਂ ਵਿੱਚ ਇਕੱਠ ਬਾਬਤ ਕਿਹਾ ਹੈ ਕਿ 50 ਫੀਸਦ ਸਮਰੱਥਾ ਨਾਲ ਇਨਡੋਰ ਵਿੱਚ ਵੱਧ ਤੋਂ ਵੱਧ 100 ਅਤੇ ਆਊਟਡੋਰ ਵਿੱਚ 200 ਵਿਅਕਤੀਆਂ ਦੀ ਨਿਰਧਾਰਤ ਕੀਤੀ ਗਿਣਤੀ ਬਣਾ ਕੇ ਰੱਖਣ।
  • ਮੁੱਖ ਮੰਤਰੀ ਨੇ ਡੀਜੀਪੀ ਅਤੇ ਸਿਹਤ ਮਹਿਕਮੇ ਨੂੰ ਕਿਹਾ ਹੈ ਬਿਨਾਂ ਮਾਸਕ ਵਾਲੇ ਲੋਕਾਂ ਦੇ ਨੇੜਲੇ RT-PCR ਸੈਂਟਰਾਂ 'ਚ ਟੈਸਟ ਕੀਤੇ ਜਾਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)