ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ; ਵਿਧਾਇਕ ਨੇ ਬਦਸਲੂਕੀ ਲਈ ਪੰਜਾਬ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ - ਅਹਿਮ ਖ਼ਬਰਾਂ

ਅਰੁਣ ਨਾਰੰਗ

ਤਸਵੀਰ ਸਰੋਤ, Surinder Mann/BBC

ਇਸ ਪੰਨੇ ਰਾਹੀਂ ਅਸੀਂ ਅੱਜ ਦੀਆਂ ਅਹਿਮ ਖ਼ਬਰਾਂ ਦੀ ਅਪਡੇਟ ਦੇਵਾਂਗੇ। ਕਿਸਾਨਾਂ ਵੱਲੋਂ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ। ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕਿਸਾਨਾਂ ਵੱਲੋਂ ਕੁੱਟਮਾਰ ਕੀਤੀ ਗਈ।

ਅੱਜ ਬਰਨਾਲਾ ਵਿੱਚ ਵੀ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਿਰਾਓ ਕੀਤਾ। ਉੱਥੇ ਹੀ ਮਲੋਟ ਵਿੱਚ ਵੀ ਅਬੋਹਰ ਤੋਂ ਭਾਜਪਾ ਵਿਧਾਇਕ ਨਾਲ ਕਿਸਾਨਾਂ ਨੇ ਕੁੱਟਮਾਰ ਕੀਤੀ।

ਉੱਥੇ ਹੀ ਕੋਰੋਨਾ ਵੈਕਸੀਨ ਅਤੇ ਲੌਕਡਾਊਨ ਸਬੰਧੀ ਅਪਡੇਟ ਇਸ ਪੰਨੇ ਰਾਹੀਂ ਜਾਣੋ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮਲੇ ਦੀ ਕੀਤੀ ਨਿੰਦਾ

ਪੰਜਾਬ ਦੇ ਮੁੱਖ ਮੰਤਰੀ ਕੈਪਚਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਅਰੁਨ ਨਾਰੰਗ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੋਈ ਵੀ ਕਾਨੂੰਨ ਆਪਣੇ ਹੱਥ ਲੈ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਸਾਨਾਂ ਨੂੰ ਅਜਿਹੀਆਂ ਹਿੰਸਕ ਕਾਰਵਾਈਆਂ ਨਾ ਕਰਨ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਤੁਰੰਤ ਖੇਤੀ ਕਾਨੂੰਨਾਂ ਦੇ ਮਾਮਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਹਾਲਾਤ ਹੋਰ ਖਰਾਬ ਨਾ ਹੋਣ।

ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਨੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨਾਲ ਵੀ ਝੜਪ ਕੀਤੀ।

ਅਰੁਨ ਨਾਰੰਗ ਨਾਲ ਕੁੱਟਮਾਰ ਬਾਰੇ ਕਾਂਗਰਸ ਨੇ ਕੀ ਕਿਹਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਆਗੂ ਅਰੁਨ ਨਾਰੰਗ ਨਾਲ ਹੋਈ ਕੁੱਟਮਾਰ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਟਵੀਟ ਕਰਕੇ ਕਿਹਾ, "ਭਾਜਪਾ ਵਿਧਾਇਕ ਅਰੁਨ ਨਾਰੰਗ ਤੇ ਹਮਲਾ ਬਹੁਤ ਹੀ ਨਿੰਦਣਯੋਗ ਹੈ। ਇਹ ਲੋਕਤੰਤਰੀ ਸਿਧਾਂਤਾਂ ਦੇ ਵਿਰੁੱਧ ਹੈ। ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ। ਕਿਸੇ ਦੇ ਖਿਲਾਫ਼ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਕਾਰਵਾਈਆਂ ਕਾਰਨ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਬਦਨਾਮ ਹੋਵੇਗਾ।"

ਅਰੁਨ ਨਾਰੰਗ ਨੇ ਹਮਲੇ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਦੱਸਿਆ

ਰਿਪੋਰਟ- ਸੁਰਿੰਦਰ ਮਾਨ: ਅਬੋਹਰ ਤੋਂ ਭਾਜਪਾ ਵਿਧਾਇਕ ਅਰੁਨ ਨਾਰੰਗ ਨੇ ਕਿਹਾ ਹੈ ਕਿ ਉਨ੍ਹਾਂ ਉੱਪਰ ਹੋਏ ਹਮਲੇ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ, "ਲੋਕਤੰਤਰ ਵਿੱਚ ਅਜਿਹਾ ਕੋਈ ਰਾਹ ਨਹੀਂ ਹੈ ਕਿ ਕਿਸੇ ਢੰਗ ਨਾਲ ਕਿਸੇ ਵੀ ਵਿਅਕਤੀ ਉੱਪਰ ਅਜਿਹਾ ਹਮਲਾ ਕੀਤਾ ਜਾਵੇ ਅਤੇ ਅਜਿਹੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ।"

ਉਨ੍ਹਾਂ ਕਿਹਾ ਕਿ ਜਿਸ ਵੇਲੇ ਉਹ ਪ੍ਰੈੱਸ ਕਾਨਫਰੰਸ ਕਰਨ ਲਈ ਜਾ ਰਹੇ ਸਨ ਤਾਂ ਉੱਥੇ ਸੁਰੱਖਿਆ ਦਾ ਇੰਤਜ਼ਾਮ ਨਹੀਂ ਸੀ ਅਤੇ ਸਿਰਫ਼ ਤਿੰਨ ਚਾਰ ਪੁਲੀਸ ਮੁਲਾਜ਼ਮ ਹੀ ਹਾਜ਼ਰ ਸਨ ਜਦੋਂ ਕਿ ਉਨ੍ਹਾਂ ਦੇ ਵਿਰੋਧ ਵਿੱਚ ਉੱਤਰੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ।

ਵੀਡੀਓ ਕੈਪਸ਼ਨ,

ਕਿਸਾਨ ਅੰਦੋਲਨ: ਅਬੋਹਰ ਤੋਂ ਭਾਜਪਾ ਵਿਧਾਇਕ ਅਰੁਨ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ

ਅਰੁਨ ਨਾਰੰਗ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਸਬੰਧੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜੋ ਵੀ ਫ਼ੈਸਲਾ ਹਾਈ ਕਮਾਂਡ ਲਵੇਗੀ ਉਸੇ ਹਿਸਾਬ ਨਾਲ ਉਹ ਅਗਲੀ ਕਾਨੂੰਨੀ ਪ੍ਰਕਿਰਿਆ ਦਾ ਰਾਹ ਫੜਨਗੇ।

ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ 'ਤੇ ਕਿਸਾਨ ਆਗੂ ਦਾ ਪ੍ਰਤੀਕਰਮ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾਈ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਸੰਪਰਕ ਕਰਨ 'ਤੇ ਸਪਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦਾ ਮੰਤਵ ਲੋਕਤੰਤਰਿਕ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕਰਨਾ ਹੈ ਨਾ ਕਿ ਕਿਸੇ ਸਖਸ਼ੀਅਤ ਦੀ ਖਿੱਚ-ਧੂਹ ਕਰਨ ਜਾਂ ਕੱਪੜੇ ਪਾੜਣ ਦਾ।ਉਨਾਂ ਕਿਹਾ, ''ਸਾਡੀਆਂ ਜਥੇਬੰਦੀਆਂ ਨੇ ਤਾਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਖਿੱਚ-ਧੂਹ ਕਰਨ ਵਾਲਿਆਂ ਦੇ ਚੁੰਗਲ ਵਿੱਚੋਂ ਛੁਡਵਾਇਆ ਹੈ ਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਜਿਹੜੇ ਲੋਕ ਸਨ, ਉਨਾਂ ਦਾ ਕੰਮ ਸਰਾਸਰ ਗਲਤ ਹੈ।''

ਕੀ ਹੈ ਮਾਮਲਾ?

ਅਬੋਹਰ ਤੋਂ ਭਾਜਪਾ ਵਿਧਾਇਕ ਅਰੁਨ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ ਹੋਈ ਹੈ। ਉਨ੍ਹਾਂ ਨੇ ਮਲੋਟ ਵਿੱਚ ਪ੍ਰੈਸ ਕਾਨਫਰੰਸ ਰੱਖ ਸੀ। ਪਰ ਉੱਥੇ ਕੁਝ ਕਿਸਾਨ ਪਹੁੰਚ ਗਏ ਅਤੇ ਉਨ੍ਹਾਂ ਦਾ ਘਿਰਾਓ ਕਰ ਲਿਆ ਅਤੇ ਉਨ੍ਹਾਂ ਦੇ ਕੱਪੜੇ ਵੀ ਫਾੜ ਦਿੱਤੇ।

ਤਸਵੀਰ ਸਰੋਤ, Surinder Mann/BBC

ਪੁਲਿਸ ਮੁਲਾਜ਼ਮ ਜਦੋਂ ਅਰੁਣ ਨਾਰੰਗ ਨੂੰ ਬਾਹਰ ਕੱਢਣ ਲੱਗੀ ਤਾਂ ਕਿਸਾਨਾਂ ਦੀ ਭੀੜ ਨੇ ਉਨ੍ਹਾਂ ਉੱਤੇ ਕਾਲਖ਼ ਸੁੱਟੀ ਗਈ। ਉਸ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਕਰ ਦਿੱਤਾ ਪਰ ਫਿਰ ਜਦੋਂ ਪੁਲਿਸ ਬਾਹਰ ਲਿਜਾਉਣ ਲੱਗੀ ਤਾਂ ਕਿਸਾਨਾਂ ਦੀ ਭੀੜ ਨੇ ਮੁੜ ਹਮਲਾ ਕਰ ਦਿੱਤਾ।

ਪੁਲਿਸ ਨੇ ਅਰੁਣ ਨਾਰੰਗ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਭੀੜ ਵੱਲੋਂ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਤਸਵੀਰ ਸਰੋਤ, Surinder Mann/BBC

ਇਸ ਤੋਂ ਬਾਅਦ ਇੱਕ ਕਿਸਾਨ ਨੇ ਕਿਹਾ, "ਸਾਨੂੰ ਸਾਢੇ 12 ਵਜੇ ਪਤਾ ਲੱਗਿਆ ਕਿ ਭਾਜਪਾ ਵਿਧਾਇਕ ਤੇ ਮੁਕਤਸਰ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਕਾਨਫਰੰਸ ਕਰ ਰਹੇ ਹਨ। ਸਾਡਾ ਐਲਾਨ ਹੈ ਕਿ ਪੰਜਾਬ ਸਣੇ ਪੂਰੇ ਭਾਰਤ ਵਿੱਚ ਕਿਤੇ ਵੀ ਭਾਜਪਾ ਆਗੂਆਂ ਦੀ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਵਾਂਗੇ, ਇਸ ਲਈ ਅਸੀਂ ਇਕੱਠ ਕੀਤਾ। ਫਿਰ ਵੀ ਭਾਜਪਾ ਆਗੂ ਆ ਗਏ। ਜਦੋਂ ਤੱਕ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਭਾਜਪਾ ਦਾ ਵਿਰੋਧ ਜਾਰੀ ਰਹੇਗਾ।"

ਹਾਲਾਂਕਿ ਉੱਥੇ ਮੌਜੂਦ ਪੱਤਰਕਾਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਉਨ੍ਹਾਂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

ਤਸਵੀਰ ਸਰੋਤ, Surinder Mann/BBC

ਪੰਜਾਬ 'ਚ ਇੱਕ ਘੰਟੇ ਦੀ ਚੁੱਪੀ ਕਿਹੋ ਜਿਹੀ ਰਹੀ

ਪੰਜਾਬ ਸਰਕਾਰ ਨੇ ਬੀਤੇ ਦਿਨੀਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਕ ਘੰਟੇ ਤੱਕ ਚੁੱਪੀ ਧਾਰ ਕੇ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ।

ਇਸ ਇੱਕ ਘੰਟੇ ਦੌਰਾਨ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ ਹਾਲਾਂਕਿ ਨੈਸ਼ਨਲ ਹਾਈਵੇਅ ਤੇ ਸਭ ਗੱਡੀਆਂ ਚੱਲ ਸਕਦੀਆਂ ਹਨ। ਐਮਰਜੈਂਸੀ ਸੇਵਾਵਾਂ ਤੇ ਲੋੜੀਂਦੀਆਂ ਸੇਵਾਵਾਂ ਨੂੰ ਇਸ ਤੋਂ ਛੋਟ ਹੈ।

ਪਰ ਇਸ ਦੌਰਾਨ ਪੰਜਾਬ ਵਿੱਚ ਭੰਬਲਭੂਸਾ ਰਿਹਾ। ਸਾਈਲੈਂਸ ਦੀ ਸ਼ੁਰੂਆਤ ਵੇਲੇ ਸਾਈਰਨ ਵਜਾਇਆ ਗਿਆ।

ਸ਼ਹਿਰਾਂ ਵਿੱਚ ਦਾਖਲੇ ਵੇਲੇ ਲੰਮੀਆਂ ਲਾਈਨਾਂ ਲੱਗ ਗਈਆਂ। ਕਈ ਲੋਕਾਂ ਨੇ ਕਿਹਾ ਕਿ ਉਹ ਇਸ ਚੁੱਪੀ ਧਾਰਨ ਕਰਨ ਬਾਰੇ ਕੁਝ ਨਹੀਂ ਜਾਣਦੇ ਸਨ। ਆਲੋਚਕਾਂ ਨੇ ਕਿਹਾ ਕਿ ਉਹ ਮਹਾਂਮਾਰੀ ਨੂੰ ਕਾਬੂ ਨਾ ਕਰਨ ਪਾਉਣ ਵਿੱਚ ਆਪਣੀ ਨਾਕਾਮਯਾਬੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ

ਬਰਨਾਲਾ ਦੇ ਜ਼ਿਲ੍ਹਾ ਆਗੂਆਂ ਨਾਲ ਬੈਠਕ ਕਰਨ ਬਰਨਾਲਾ ਪਹੁੰਚੇ ਭਾਜਪਾ ਆਗੂ ਪਰਵੀਨ ਬਾਂਸਲ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ ਅਨੁਸਾਰ ਪਰਵੀਨ ਬਾਂਸਲ ਨੇ ਬਰਨਾਲਾ ਦੇ ਰੈਸਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਕਰਨੀ ਸੀ ਜਿੱਥੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਆਗੂ ਵੀ ਮੌਜੂਦ ਸਨ।

ਭਾਜਪਾ ਆਗੂਆਂ ਦੇ ਰੈਸਟ ਹਾਊਸ ਵਿੱਚ ਆਉਣ ਦਾ ਪਤਾ ਲੱਗਣ ਉੱਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੈਸਟ ਹਾਊਸ ਦਾ ਘਿਰਾਓ ਕੀਤਾ ਅਤੇ ਬਰਨਾਲਾ ਮਾਨਸਾ ਰੋਡ ਵੀ ਜਾਮ ਕਰ ਦਿੱਤਾ।

ਤਸਵੀਰ ਸਰੋਤ, Sukhcharan Preet/BBC

ਪਰਵੀਨ ਬਾਂਸਲ ਨੇ ਕਿਹਾ, "ਅਸੀਂ ਪੰਜਾਬ ਸਰਕਾਰ ਦੀ ਮਾੜੀ ਕਾਰਗੁਜਾਰੀ ਸਬੰਧੀ ਗੱਲਬਾਤ ਕਰਨ ਆਏ ਸੀ ਪਰ ਕਿਸਾਨਾਂ ਨੇ ਘਿਰਾਓ ਕਰ ਲਿਆ। ਖ਼ੇਤੀ ਕਾਨੂੰਨ ਕਿਸਾਨ ਪੱਖੀ ਹਨ ਅਤੇ ਕਿਸਾਨ ਇਸ ਤੱਥ ਤੋਂ ਜਾਣੂ ਨਾ ਹੋਣ ਕਰਕੇ ਹੀ ਵਿਰੋਧ ਕਰ ਰਹੇ ਹਨ।"

ਉੱਧਰ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਖੇਤੀ ਕਾਨੂੰਨ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਭਾਜਪਾ ਆਗੂਆਂ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਭਾਰਤ ਵਿੱਚ ‘ਕੋਵੋਵੈਕਸ’ ਦਾ ਟਰਾਇਲ ਸ਼ੁਰੂ

ਸੀਰਮ ਇੰਸਟੀਚਿਊਟ ਦੇ ਮੁਖੀ ਆਦਰ ਪੂਨਾਵਾਲਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਭਾਰਤ ਵਿੱਚ ਕੋਵੋਵੈਕਸ ਦਾ ਟਰਾਇਲ ਸ਼ੁਰੂ ਹੋ ਗਿਆ ਹੈ।

"ਕੋਵੋਵੈਕਸ ਦਾ ਟਰਾਇਲ ਆਖਰਕਾਰ ਭਾਰਤ ਵਿੱਚ ਸ਼ੁਰੂ ਹੋ ਗਿਆ ਹੈ। ਇਹ ਟੀਕਾ ਨੋਵਾਵੈਕਸ ਅਤੇ ਸੀਰਮ ਇੰਡੀਆ ਦੀ ਭਾਈਵਾਲੀ ਰਾਹੀਂ ਬਣਾਇਆ ਗਿਆ ਹੈ। ਇਹ ਕੋਵਿਡ-19 ਦੇ ਅਫ਼ਰੀਕੀ ਅਤੇ ਯੂਕੇ ਰੂਪਾਂ ਦੇ ਵਿਰੁੱਧ ਟੈਸਟ ਕੀਤਾ ਗਿਆ ਹੈ ਅਤੇ ਇਸ ਦੀ ਕਾਮਯਾਬੀ ਦੀ ਦਰ 89% ਹੈ। ਇਸ ਦੇ ਸਤੰਬਰ 2021 ਤੱਕ ਲਾਂਚ ਹੋਣ ਦੀ ਉਮੀਦ ਹੈ!"

ਕੋਵੋਵੈਕਸ ਸੀਰਮ ਇੰਸਟੀਚਿਊਟ ਦਾ ਦੂਜਾ ਕੋਰੋਨਾ ਵੈਕਸੀਨ ਹੈ ਜੋ ਕਿ ਅਮਰੀਕੀ ਕੰਪਨੀ ਨੋਵਾਵੈਕਸ ਨਾਲ ਮਿਲ ਕੇ ਤਿਆਰ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਓਕਸਫੋਰਡ ਯੂਨੀਵਰਸਿਟੀ ਅਤੇ ਐਸਟਰੈਜ਼ੈਨੇਕਾ ਨਾਲ ਮਿਲ ਕੇ ਕੋਵੀਸ਼ੀਲਡ ਵੈਕਸੀਨ ਤਿਆਰ ਕੀਤਾ ਗਿਆ ਸੀ।

ਕੋਰੋਨਾ ਨਾਲ ਸਬੰਧਤ ਅਹਿਮ ਖ਼ਬਰਾਂ

  • ਖ਼ਬਰ ਏਜੰਸੀ ਪੀਟੀਆਈ ਅਨੁਸਾਰ ਫੌਜ ਦੇ ਰਿਸਰਚ ਐਂਡ ਰੈਫ਼ਰਲ ਹਸਪਤਾਲ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਏਮਜ਼ ਵਿਖੇ ਭੇਜਿਆ ਜਾ ਰਿਹਾ ਹੈ।
  • ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਲੀ ਵਿੱਚ ਇੱਕ ਵਾਰ ਫਿਰ ਲੌਕਡਾਊਨ ਲਗਾਉਣ ਦੀ ਕਿਸੇ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ।
  • ਉੱਥੇ ਦੀ ਦਿੱਲੀ ਵਿੱਚ ਚਿੜੀਆਘਰ ਇੱਕ ਅਪ੍ਰੈਲ ਤੋਂ ਦੁਬਾਰਾ ਖੁੱਲ੍ਹੇਗਾ। ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਦਿੱਲੀ ਜ਼ੂ ਦੇ ਡਾਇਰੈਕਟਰ ਰਮੇਸ਼ ਪਾਂਡੇ ਨੇ ਕਿਹਾ, "ਟਿਕਟ ਆਨਲਾਈਨ ਬੁੱਕ ਕੀਤੇ ਜਾ ਸਕਦੇ ਹਨ। ਟਿਕਟਾਂ ਦੀ ਕੀਮਤ 40 ਰੁਪਏ ਤੋਂ ਵਧ ਕੇ 80 ਰੁਪਏ ਹੋਵੇਗੀ।
  • ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਹੋਲੀ ਮੌਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਦਿੱਲੀ ਟ੍ਰੈਫਿਕ ਪੁਲਿਸ ਦੀਆਂ ਵਿਸ਼ੇਸ਼ ਚੈਕਿੰਗ ਟੀਮਾਂ ਵੱਡੇ ਚੌਰਾਹਿਆਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)