ਕੋਰੋਨਾਵਾਇਰਸ : ਇਹ ਹੋਲੀ ਤੁਹਾਨੂੰ ਕੋਵਿਡ-19 ਦਾ ਸੁਪਰਪ੍ਰੈਡਰ ਕਿਵੇਂ ਬਣਾ ਸਕਦੀ ਹੈ

  • ਕਮਲੇਸ਼
  • ਬੀਬੀਸੀ ਪੱਤਰਕਾਰ
ਹੋਲੀ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਲਗਭਗ ਇੱਕ ਸਾਲ ਬਾਅਦ ਹੋਲੀ ਫਿਰ ਆ ਰਹੀ ਹੈ ਅਤੇ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ

ਸਾਲ 2020 ਵਿੱਚ ਮਾਰਚ ਦਾ ਮਹੀਨਾ ਸੀ, ਜਦੋਂ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ। ਹੋਲੀ ਤੋਂ ਤੁਰੰਤ ਬਾਅਦ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਕੌਮਾਂਤਰੀ ਉਡਾਣਾਂ 'ਤੇ ਵੀ ਪਾਬੰਦੀ ਲਗਾਈ ਗਈ ਸੀ।

ਲਗਭਗ ਇੱਕ ਸਾਲ ਬੀਤ ਜਾਣ ਤੋਂ ਬਾਅਦ ਹੋਲੀ ਇਸ ਵਾਰ ਫਿਰ ਆ ਰਹੀ ਹੈ ਅਤੇ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਵੱਧ ਗਿਆ ਹੈ।

ਪਿਛਲੇ ਇੱਕ ਸਾਲ ਵਿੱਚ ਕੋਰੋਨਾ ਦੇ ਮਾਮਲੇ ਨੌਂ ਹਜ਼ਾਰ ਤੱਕ ਵੀ ਪਹੁੰਚੇ ਅਤੇ ਇੰਝ ਜਾਪਦਾ ਸੀ ਜਿਵੇਂ ਕੋਰੋਨਾ ਖ਼ਤਮ ਹੋ ਗਿਆ ਹੈ।

ਪਰ ਪਿਛਲੇ ਇੱਕ ਮਹੀਨੇ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਫਿਰ ਤੇਜ਼ੀ ਆਈ ਹੈ, ਜਿਸ ਨੂੰ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਕਈ ਥਾਵਾਂ 'ਤੇ ਲੌਕਡਾਊਨ

26 ਮਾਰਚ ਨੂੰ ਦੇਸ ਭਰ ਵਿੱਚ ਕੋਰੋਨਾਵਾਇਰਸ ਦੇ 59,118 ਮਾਮਲੇ ਸਾਹਮਣੇ ਆਏ ਅਤੇ 257 ਲੋਕਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ।

ਹੁਣ ਤੱਕ ਕੋਰੋਨਾ ਦੇ ਇੱਕ ਕਰੋੜ 18 ਲੱਖ ਤੋਂ ਵੱਧ ਮਾਮਲੇ ਆ ਚੁੱਕੇ ਹਨ ਅਤੇ ਚਾਰ ਲੱਖ 21 ਹਜ਼ਾਰ ਤੋਂ ਵੱਧ ਐਕਟਿਵ ਮਾਮਲੇ ਹਨ।

ਕਈ ਥਾਵਾਂ 'ਤੇ ਲੌਕਡਾਊਨ ਲਗਾ ਦਿੱਤਾ ਗਿਆ ਹੈ। ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ ਦੀ ਪਾਲਣਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਨਵਰਾਤਰਿਆਂ ਅਤੇ ਦੀਵਾਲੀ ਦੌਰਾਨ ਮਾਮਲੇ ਵਧਣ ਲੱਗੇ ਸੀ

ਇਸ ਦੌਰਾਨ 29 ਮਾਰਚ ਨੂੰ ਹੋਲੀ ਹੈ ਅਤੇ ਸਰਕਾਰਾਂ ਅਲਰਟ 'ਤੇ ਆ ਗਈਆਂ ਹਨ। ਪਹਿਲਾਂ ਵੀ ਤਿਉਹਾਰ ਤੋਂ ਬਾਅਦ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਸੀ।

ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਨਵਰਾਤਰਿਆਂ ਅਤੇ ਦੀਵਾਲੀ ਦੌਰਾਨ ਮਾਮਲੇ ਵਧਣ ਲੱਗੇ ਸੀ।

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਅਤੇ ਕੋਵਿਡ -19 ਦੇ ਨਵੇਂ ਰੂਪਾਂ ਵਿਚਕਾਰ ਹੋਲੀ ਦੌਰਾਨ ਸਾਵਧਾਨੀ ਵਿੱਚ ਲਾਪਰਵਾਹੀ ਕੋਰੋਨਾ ਨਾਲ ਨਜਿੱਠਣ ਵਿੱਚ ਚੁਣੌਤੀ ਬਣ ਸਕਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਪੁਰਾਣੇ ਤਜ਼ਰਬਿਆਂ ਤੋਂ ਸਿਖਣਾ ਚਾਹੀਦਾ ਹੈ ਅਤੇ ਸਮਾਗਮਾਂ ਵਿੱਚ ਜਾ ਕੇ ਸੁਪਰਸਪ੍ਰੈਡਰਜ਼ ਬਣਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਹੋਲੀ 'ਤੇ ਸੁਪਰਸਪ੍ਰੈਡਰ ਬਣ ਸਕਦੇ ਹਨ ਲੋਕ

ਆਕਾਸ਼ ਹੈਲਥਕੇਅਰ ਦੇ ਇੰਟਰਨਲ ਮੈਡੀਸਿਨ ਵਿਭਾਗ ਦੇ ਮੁਖੀ ਡਾ. ਰਾਕੇਸ਼ ਪੰਡਿਤ ਦਾ ਕਹਿਣਾ ਹੈ, "ਅਕਸਰ ਦੇਖਿਆ ਗਿਆ ਹੈ ਕਿ ਜਿੰਨੇ ਵੀ ਵੱਡੇ ਸਮਾਗਮ, ਤਿਉਹਾਰ ਜਾਂ ਇਕੱਠ ਹੁੰਦੇ ਹਨ ਉਸ ਤੋਂ ਬਾਅਦ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ।

ਉਤਰਾਖੰਡ ਵਿੱਚ ਹੋ ਰਹੇ ਕੁੰਭ ਮੇਲੇ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵਿਆਹਾਂ ਤੋਂ ਬਾਅਦ ਮਹਿਮਾਨਾਂ ਅਤੇ ਲਾੜੇ-ਲਾੜੀ ਦੇ ਲਾਗ ਲੱਗਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਦੋਂ ਵੀ ਕੋਰੋਨਾਵਾਇਰਸ ਤੋਂ ਬਚਣ ਦੇ ਨਿਯਮ ਤੋੜੇ ਜਾਂਦੇ ਹਨ ਤਾਂ ਵਾਇਰਸ ਨੂੰ ਫੈਲਣ ਦਾ ਮੌਕਾ ਮਿਲਦਾ ਹੈ।"

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਕੋਵਿਡ -19 ਲਈ ਹਰਿਆਣਾ ਦੇ ਨੋਡਲ ਅਫ਼ਸਰ ਡਾ. ਧਰੁਵ ਚੌਧਰੀ ਮੁਤਾਬਕ ਸੁਪਰਪ੍ਰੈਡਰਜ਼ ਦੇ ਮਾਮਲੇ ਅਕਸਰ ਅਜਿਹੇ ਸਮਾਗਮਾਂ ਵਿੱਚ ਦੇਖੇ ਗਏ ਹਨ

"ਉੱਥੇ ਹੀ ਕੋਰੋਨਾਵਾਇਰਸ ਦੇ ਨਵੇਂ ਰੂਪ ਵੀ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਡਬਲ ਮਿਊਟੈਂਟ ਵਾਇਰਸ ਵੀ ਮਿਲਿਆ ਹੈ। ਇਹ ਨਵੇਂ ਵੈਰੀਐਂਟ ਹੋਰ ਛੂਤਕਾਰੀ ਹਨ। ਹੋਲੀ ਵਿੱਚ ਲੋਕ ਇਕੱਠੇ ਹੁੰਦੇ ਹਨ, ਮਿਲਦੇ-ਜੁਲਦੇ ਹਨ ਅਤੇ ਖਾਣਾ ਖਾਂਦੇ ਹਨ।

ਅਜਿਹੇ ਵਿੱਚ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣ ਵਰਗੇ ਨਿਯਮਾਂ ਦੀ ਪਾਲਣਾ ਨਹੀਂ ਹੋ ਪਾਉਂਦੀ। ਇਸ ਸਭ ਕਾਰਨ ਕੋਰੋਨਾਵਾਇਰਸ ਦੀ ਗਤੀ ਨੂੰ ਤੇਜ਼ ਕਰ ਦੇਣਗੇ।"

ਹੋਲੀ ਭਾਰਤ ਵਿੱਚ ਵੱਖੋ-ਵੱਖਰੇ ਢੰਗ ਨਾਲ ਮਨਾਈ ਜਾਂਦੀ ਹੈ। ਕਿਤੇ ਇਹ ਇੱਕ ਦਿਨ ਦਾ ਤਿਉਹਾਰ ਹੈ ਤਾਂ ਕਿਤੇ ਕਈ ਦਿਨਾਂ ਤੱਕ ਚਲਦੀ ਰਹਿੰਦੀ ਹੈ। ਕਈ ਥਾਵਾਂ 'ਤੇ ਹੋਲੀ ਮੇਲੇ ਵੀ ਲਗਾਏ ਜਾਂਦੇ ਹਨ ਜਿਨ੍ਹਾਂ ਵਿੱਚ ਕਾਫ਼ੀ ਭੀੜ ਹੁੰਦੀ ਹੈ।

ਕੋਵਿਡ -19 ਲਈ ਹਰਿਆਣਾ ਦੇ ਨੋਡਲ ਅਫ਼ਸਰ ਡਾ. ਧਰੁਵ ਚੌਧਰੀ ਦਾ ਕਹਿਣਾ ਹੈ ਕਿ ਸੁਪਰਪ੍ਰੈਡਰਜ਼ ਦੇ ਮਾਮਲੇ ਅਕਸਰ ਹੀ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਦੇਖੇ ਗਏ ਹਨ। ਇੱਥੇ ਭੀੜ ਵਿੱਚ ਮੌਜੂਦ ਇੱਕ ਸੰਕਰਮਿਤ ਵਿਅਕਤੀ ਹੋਰ ਕਈ ਲੋਕਾਂ ਨੂੰ ਲਾਗ ਲਾ ਸਕਦਾ ਹੈ।

ਉੱਥੇ ਹੀ ਜੇ ਤੁਸੀਂ ਮਾਸਕ ਵਾ ਪਾਇਆ ਹੈ ਤਾਂ ਉਹ ਪਾਣੀ ਨਾਲ ਗਿੱਲਾ ਹੋ ਜਾਵੇਗਾ ਅਤੇ ਫਿਰ ਇਹ ਸੁਰੱਖਿਅਤ ਨਹੀਂ ਰਹੇਗਾ।

ਇਸ ਦੌਰਾਨ ਸਾਵਧਾਨੀਆਂ ਸਬੰਧੀ ਡਾ. ਰਾਕੇਸ਼ ਦਾ ਕਹਿਣਾ ਹੈ, "ਤੁਸੀਂ ਹੋਲੀ ਮਨਾਓ ਪਰ ਭੀੜ ਵਾਲੀਆਂ ਥਾਵਾਂ 'ਤੇ ਨਾ ਜਾਓ। ਚੰਗਾ ਹੋਵੇਗਾ ਜੇ ਤੁਸੀਂ ਘਰ ਰਹਿ ਕੇ ਹੋਲੀ ਦਾ ਤਿਉਹਾਰ ਮਨਾਓ। ਨਾਲ ਹੀ ਉਨ੍ਹਾਂ ਸੂਬਿਆਂ ਵਿੱਚ ਜਾਣ ਤੋਂ ਬਚੋ ਜਿੱਥੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਸੰਬੰਧੀ ਲਾਪਰਵਾਹੀ ਆਉਣ ਵਾਲੀ ਦੀਵਾਲੀ ਨੂੰ ਖਰਾਬ ਕਰ ਸਕਦੀ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸੂਬਿਆਂ ਮੁਤਾਬਕ ਦਿਸ਼ਾ-ਨਿਰਦੇਸ਼

ਹੋਲੀ ਦੌਰਾਨ ਮਹਾਂਮਾਰੀ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਵਿਸ਼ੇਸ਼ ਤੌਰ 'ਤੇ ਸੁਚੇਤ ਹੋ ਗਈਆਂ ਹਨ ਅਤੇ ਹੋਲੀ ਮਨਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

  • ਚੰਡੀਗੜ੍ਹ ਪ੍ਰਸ਼ਾਸਨ ਨੇ ਹੋਲੀ ਨਾਲ ਸਬੰਧਤ ਸਾਰੇ ਸਮਾਗਮਾਂ 'ਤੇ ਰੋਕ ਦੇ ਨਿਰਦੇਸ਼ ਜਾਰੀ ਕੀਤੇ ਹਨ। ਕਲੱਬ, ਹੋਟਲ ਅਤੇ ਰੈਸਟੋਰੈਂਟ ਵਿੱਚ ਹੋਲੀ 'ਤੇ ਇਕੱਠ ਨਹੀਂ ਹੋ ਸਕਣਗੇ। ਉਨ੍ਹਾਂ ਨੂੰ ਆਪਣੀ ਬੈਠਣ ਦੀ ਸਮਰੱਥਾ ਨੂੰ 50 ਫੀਸਦ 'ਤੇ ਚਲਾਉਣਾ ਹੋਵੇਗਾ।
  • -ਮੁੰਬਈ ਵਿੱਚ ਸਾਰੇ ਨਿੱਜੀ (ਘਰੇਲੂ ਸੁਸਾਇਟੀਆਂ ਦੇ ਅੰਦਰ) ਅਤੇ ਜਨਤਕ ਥਾਵਾਂ 'ਤੇ ਹੋਲੀ ਮਨਾਉਣ' 'ਤੇ ਪਾਬੰਦੀ ਲਗਾਈ ਗਈ ਹੈ। ਹੋਲੀਕਾ ਦਹਿਨ ਅਤੇ ਰੰਗ ਪੰਚਮੀ ਘਰ ਦੇ ਅੰਦਰ ਹੀ ਖੇਡਣੀ ਪਏਗੀ।

ਤਸਵੀਰ ਸਰੋਤ, reuters

ਤਸਵੀਰ ਕੈਪਸ਼ਨ,

ਦਿੱਲੀ 'ਚ ਹੋਲੀ ਮੌਕੇ ਕੋਈ ਵੀ ਜਨਤਕ ਪ੍ਰੋਗਰਾਮ ਨਹੀਂ ਕੀਤਾ ਜਾ ਸਕਦਾ

  • ਹਰਿਆਣਾ ਸਰਕਾਰ ਵੱਲੋਂ ਜਨਤਕ ਥਾਵਾਂ 'ਤੇ ਤਿਉਹਾਰ ਮਨਾਉਣ ਅਤੇ ਪੂਜਾ ਲਈ ਭੀੜ ਇਕੱਠੀ ਕਰਨ' ਤੇ ਪਾਬੰਦੀ ਲਗਾਈ ਗਈ ਹੈ। ਇਸ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
  • ਦਿੱਲੀ 'ਚ ਹੋਲੀ ਮੌਕੇ ਕੋਈ ਵੀ ਜਨਤਕ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾ ਸਕਦਾ ਯਾਨਿ ਕਿ ਇਕੱਠੇ ਹੋ ਕੇ ਹੋਲੀ ਖੇਡਣ ਦੀ ਇਜਾਜ਼ਤ ਨਹੀਂ ਹੈ। ਕੋਰੋਨਾ ਦੇ ਵਧੇਰੇ ਮਾਮਲਿਆਂ ਵਾਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਕੋਵਿਡ ਟੈਸਟ ਹੋਵੇਗਾ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਦਿੱਲੀ ਵਿੱਚ ਦਾਖਲਾ ਮਿਲੇਗਾ।
  • ਯੂਪੀ ਸਰਕਾਰ ਨੇ ਸੀਨੀਅਰ ਨਾਗਰਿਕਾਂ ਅਤੇ ਖ਼ਤਰੇ ਵਾਲੇ ਸਮੂਹਾਂ ਨੂੰ ਹੋਲੀ ਮਨਾਉਣ ਤੋਂ ਬਚਨ ਲਈ ਕਿਹਾ ਹੈ। ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਦੇ ਕਿਸੇ ਜਲੂਸ ਜਾਂ ਸਮਾਗਮ ਦੀ ਇਜਾਜ਼ਤ ਨਹੀਂ ਹੋਵੇਗੀ। ਕੋਰੋਨਾ ਦੇ ਜ਼ਿਆਦਾ ਮਾਮਲਿਆਂ ਵਾਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਕੋਵਿਡ ਟੈਸਟ ਕੀਤਾ ਜਾਵੇਗਾ।
  • ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੋਕਾਂ ਨੂੰ ਘਰਾਂ ਅੰਦਰ ਹੋਲੀ ਮਨਾਉਣ ਦੀ ਅਪੀਲ ਕੀਤੀ ਹੈ। ਹੋਲੀ ਮੌਕੇ ਕੋਈ ਮੇਲਾ ਨਹੀਂ ਹੋਵੇਗਾ। 20 ਤੋਂ ਵੱਧ ਲੋਕ ਕਿਸੇ ਵੀ ਸਮਾਗਮ ਵਿੱਚ ਇਕੱਠੇ ਨਹੀਂ ਹੋ ਸਕਦੇ।
  • ਬਿਹਾਰ ਸਰਕਾਰ ਨੇ ਹੋਲੀ ਮਿਲਨ ਸਮਗਮਾਂ 'ਤੇ ਪਾਬੰਦੀ ਲਗਾਈ ਹੈ। ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਦੀ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਜਾਂਚ ਕੀਤੀ ਜਾਵੇਗੀ।
  • ਗੁਜਰਾਤ ਸਰਕਾਰ ਨੇ ਕਿਹਾ ਹੈ ਕਿ ਹੋਲੀ ਰਵਾਇਤੀ ਤੌਰ 'ਤੇ ਸੀਮਤ ਰਿਵਾਜਾਂ ਨਾਲ ਮਨਾਈ ਜਾ ਸਕਦੀ ਹੈ। ਹੋਲੀ ਵਾਲੇ ਦਿਨ ਜਨਤਕ ਸਮਾਗਮਾਂ ਅਤੇ ਭੀੜ ਵਾਲੇ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਹੋਵੇਗੀ।

ਦੂਜੀ ਲਹਿਰ ਤੇਜ਼ ਕਿਉਂ

ਕੋਰੋਨਾਵਾਇਰਸ ਦੀ ਪਹਿਲੀ ਲਹਿਰ ਵਿੱਚ 50 ਹਜ਼ਾਰ ਦੇ ਅੰਕੜੇ ਨੂੰ ਛੂਹਣ ਵਿੱਚ ਚਾਰ ਤੋਂ ਪੰਜ ਮਹੀਨੇ ਲੱਗ ਗਏ ਪਰ ਦੂਜੀ ਲਹਿਰ ਵਿੱਚ ਇੱਕ ਮਹੀਨੇ ਅੰਦਰ ਹੀ ਭਾਰਤ ਵਿੱਚ ਕੇਸ ਨੌਂ ਹਜ਼ਾਰ ਤੋਂ 50 ਹਜ਼ਾਰ ਹੋ ਗਏ ਹਨ।

ਡਾ. ਧਰੁਵ ਦੱਸਦੇ ਹਨ, "ਪਹਿਲੀ ਲਹਿਰ ਵਿੱਚ ਲੌਕਡਾਊਨ ਲੱਗਿਆ ਸੀ ਅਤੇ ਲਾਗ ਘੱਟ ਸੀ। ਹੁਣ ਕੋਈ ਲੌਕਡਾਊਨ ਨਹੀਂ ਹੈ। ਲੋਕ ਇੱਕ-ਦੂਜੇ ਨੂੰ ਮਿਲ ਰਹੇ ਹਨ। ਉੱਥੇ ਹੀ ਵਾਇਰਸ ਦੇ ਨਵੇਂ-ਨਵੇਂ ਰੂਪ ਵੀ ਸਾਹਮਣੇ ਆ ਰਹੇ ਹਨ। ਇਹ ਨਵਾਂ ਰੂਪ ਜੋ ਪੰਜਾਬ ਵਿੱਚ ਮਿਲਿਆ ਹੈ ਉਸ ਦੀ 50 ਤੋਂ 60 ਫੀਸਦ ਦੀ ਲਾਗ ਵਾਲੀ ਸਮਰੱਥਾ ਹੈ। ਇਸ ਕਾਰਨ ਨਵੀਂ ਲਹਿਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ।"

"ਅਪ੍ਰੈਲ ਅਤੇ ਮਈ ਦਾ ਸਮਾਂ ਸਾਡੇ ਲਈ ਮੁਸ਼ਕਲ ਹੋਣ ਵਾਲਾ ਹੈ। ਦੂਜੀ ਲਹਿਰ ਦੇ ਸ਼ਿਖਰ 'ਤੇ ਜਾਣ ਲਈ ਅਜੇ ਬਹੁਤ ਲੰਮਾ ਇੰਤਜ਼ਾਰ ਕਰਨਾ ਪਏਗਾ। ਇਹ ਵੱਖ-ਵੱਖ ਸੂਬਿਆਂ ਅਨੁਸਾਰ ਆਵੇਗਾ। ਕੁਝ ਸੂਬਿਆਂ ਵਿੱਚ ਬਹੁਤ ਜ਼ਿਆਦਾ ਮਾਮਲੇ ਹਨ ਤਾਂ ਕਿਸੇ ਵਿੱਚ ਬਹੁਤ ਘੱਟ। ਤਾਂ ਉਨ੍ਹਾਂ ਦਾ ਪੀਕ ਉਨ੍ਹਾਂ ਦੀਆਂ ਸ਼ਰਤਾਂ ਅਨੁਸਾਰ ਆਵੇਗਾ।"

ਟੀਕਾਕਰਨ ਜਾਂ ਲੌਕਡਾਊਨ

ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਨੇ ਪਿਛਲੇ ਹਫ਼ਤੇ ਕਿਹਾ ਸੀ, "ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਦੂਜੀ ਲਹਿਰ ਤੇਜ਼ੀ ਨਾਲ ਆ ਗਈ ਹੈ ਅਤੇ ਅਸੀਂ ਕੋਰੋਨਾਵਾਇਰਸ ਨਾਲ ਲੜਾਈ ਦਾ ਇੱਕ ਸਾਲ ਪੂਰਾ ਕਰ ਰਹੇ ਹਾਂ। ਸਾਡਾ ਧਿਆਨ ਟੈਸਟ ਕਰਨ, ਮਾਸਕ ਪਹਿਨਣ ਅਤੇ ਟੀਕਾਕਰਨ 'ਤੇ ਹੈ।"

ਟੀਕਾਕਰਨ ਦੇ ਬਾਵਜੂਦ ਕੋਰੋਨਾ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਕਈ ਸੂਬਿਆਂ ਵਿੱਚ ਲਾਕਡਾਊਨ ਜਾਂ ਕਰਫਿਊ ਲਗਾਇਆ ਜਾ ਰਿਹਾ ਹੈ। ਅਜਿਹੇ ਵਿੱਚ ਕੋਵਿਡ -19 ਵਾਇਰਸ ਨੂੰ ਰੋਕਣ ਲਈ ਕਿਹੜੇ ਤਰੀਕੇ ਪ੍ਰਭਾਵਸ਼ਾਲੀ ਹੋ ਸਕਦੇ ਹਨ।

ਤਸਵੀਰ ਸਰੋਤ, PUNIT PARANJPE/BBC

ਡਾਕਟਰ ਰਾਕੇਸ਼ ਨੇ ਦੱਸਿਆ ਕਿ ਲਾਕਡਾਉਨ ਇੱਕ ਅਸਥਾਈ ਬਦਲ ਹੈ। ਇਸ ਨੂੰ ਲੰਬੇ ਸਮੇਂ ਲਈ ਨਹੀਂ ਅਪਣਾਇਆ ਜਾ ਸਕਦਾ ਕਿਉਂਕਿ ਇਸ ਨਾਲ ਦੇਸ ਦੇ ਅਰਥਚਾਰੇ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਟੀਕਾਕਰਨ ਨੂੰ ਵਧਾਉਣਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਪਰ ਇਸਦੇ ਨਾਲ ਹੀ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦੀ ਆਦਤ ਵੀ ਬਣਾਈ ਰੱਖਣੀ ਪਏਗੀ।

ਫਿਲਹਾਲ ਸਰਕਾਰ ਦਾ ਜ਼ੋਰ ਉਨ੍ਹਾਂ ਸੂਬਿਆਂ ਵਿੱਚ ਕੋਰੋਨਾ ਨੂੰ ਰੋਕਣ 'ਤੇ ਹੈ ਜਿੱਥੇ ਸਭ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ਵਿੱਚ ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਛੱਤੀਸਗੜ ਅਤੇ ਗੁਜਰਾਤ ਸ਼ਾਮਲ ਹਨ। ਇਸ ਦੇ ਨਾਲ ਹੀ ਦਿੱਲੀ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਗ੍ਰਾਫ਼ ਵਧ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)