ਇਸ ਸ਼ਹਿਰ ਵਿੱਚ ਮਸਜਿਦਾਂ ਨੂੰ ਤਿਰਪਾਲਾਂ ਨਾਲ ਢੱਕਿਆ ਕਿਉਂ ਜਾ ਰਿਹਾ ਹੈ

  • ਸਮੀਰਾਤਮਜ ਮਿਸ਼ਰ
  • ਬੀਬੀਸੀ ਲਈ
ਸ਼ਾਹਜਹਾਂਪੁਰ ਵਿੱਚ ਢਕੀਆ ਜਾ ਰਹੀਆਂ ਮਸਜਿਦਾਂ
ਤਸਵੀਰ ਕੈਪਸ਼ਨ,

ਸ਼ਾਹਜਹਾਂਪੁਰ ਵਿੱਚ ਢਕੀਆ ਜਾ ਰਹੀਆਂ ਮਸਜਿਦਾਂ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ 'ਜੁੱਤੀਮਾਰ ਹੋਲੀ' ਇੱਕ ਅਨੋਖੀ ਪਰੰਪਰਾ ਚੱਲੀ ਆ ਰਹੀ ਹੈ, ਜਿਸ ਵਿੱਚ 8 ਕਿਲੋਮੀਟਰ ਲੰਬਾ 'ਲਾਟ ਸਾਬ੍ਹ' ਦਾ ਜਲੂਸ ਨਿਕਲਦਾ ਹੈ।

ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਹੋ ਜਾਵੇ, ਇਸ ਲਈ ਪ੍ਰਸ਼ਾਸਨ ਨੇ ਜਲੂਸ ਦੇ ਰਸਤੇ ਵਿੱਚ ਪੈਣ ਵਾਲੀਆਂ ਦਰਜਨਾਂ ਮਸਜਿਦਾਂ ਅਤੇ ਮਜ਼ਾਰਾਂ ਨੂੰ ਤਿਰਪਾਲ ਨਾਲ ਢੱਕ ਦਿੱਤਾ ਹੈ। ਮਸਜਿਦਾਂ ਨੂੰ ਢੱਕਣ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ।

ਹੋਲੀ ਵਾਲੇ ਦਿਨ ਸ਼ਹਿਰ ਵਿੱਚ ਲਾਟ ਸਾਬ੍ਹ ਦੇ ਦੋ ਜਲੂਸ ਨਿਕਲਦੇ ਹਨ। ਮੁੱਖ ਲਾਟ ਸਾਬ੍ਹ ਦਾ ਜਲੂਸ ਕਰੀਬ 8 ਕਿਲੋਮੀਟਰ ਲੰਬਾ ਹੁੰਦਾ ਹੈ, ਜਿਸ ਨੂੰ ਤੈਅ ਕਰਨ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਲਗਦਾ ਹੈ।

ਇਹ ਵੀ ਪੜ੍ਹੋ-

ਜਲੂਸ ਵਿੱਚ ਇੱਕ ਵਿਅਕਤੀ ਨੂੰ ਲਾਟ ਸਬ੍ਹ ਵਜੋਂ ਬੈਲਗੱਡੀ 'ਤੇ ਬਿਠਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਜੁੱਤੀਆਂ ਅਤੇ ਝਾੜੂ ਮਾਰਦੇ ਹੋਏ ਪੂਰੇ ਸ਼ਹਿਰ ਵਿੱਚ ਘੁਮਾਇਆ ਜਾਂਦਾ ਹੈ।

ਇਸ ਦੌਰਾਨ ਸ਼ਹਿਰ ਦੇ ਆਮ ਲੋਕ ਵੀ ਲਾਟ ਸਾਬ੍ਹ ਨੂੰ ਜੁੱਤੀਆਂ ਮਾਰਦੇ ਹਨ, ਇਸੇ ਤਰ੍ਹਾਂ ਇੱਕ ਛੋਟਾ ਲਾਟ ਸਾਬ੍ਹ ਜਲੂਸ ਵਿੱਚ ਇਸੇ ਤਰ੍ਹਾਂ ਨਿਕਲਦਾ ਹੈ।

ਤਸਵੀਰ ਕੈਪਸ਼ਨ,

ਸ਼ਾਹਜਹਾਂਪੁਰ ਵਿੱਚ ਹੋਲੀ ਵਾਲੇ ਦਿਨ ਲਾਟ ਸਾਬ੍ਹ ਦਾ ਜਲੂਸ ਕੱਢਿਆ ਜਾਂਦਾ ਹੈ

ਇਸ ਦੌਰਾਨ ਫਿਰਕੂ ਸਦਭਵਾਨਾ ਵਿਗੜੇ ਨਾ, ਇਸ ਲਈ ਪੁਲਿਸ ਅਤੇ ਪ੍ਰਸ਼ਾਸਨ ਨੇ ਰਾਸਤੇ ਵਿੱਚ ਪੈਣ ਵਾਲੇ ਧਾਰਮਿਕ ਸਥਾਨਾਂ, ਖ਼ਾਸ ਕਰਕੇ ਮਸਜਿਦਾਂ ਅਤੇ ਮਜ਼ਾਰਾਂ ਨੂੰ ਪਲਾਸਟਿਕ ਅਤੇ ਤਿਰਪਾਲ ਨਾਲ ਢੱਕ ਦਿੱਤਾ ਹੈ ਅਤੇ ਰਸਤੇ ਵਿੱਚ ਪੁਲਿਸ ਬਲਾਂ ਦੀ ਤੈਨਾਤੀ ਕੀਤੀ ਹੋਈ ਹੈ।

ਸ਼ਾਹਜਹਾਂਪੁਰ ਦੇ ਐੱਸਪੀ ਸੰਜੇ ਕੁਮਾਰ ਕਹਿੰਦੇ ਹਨ, "ਜਲੂਸ ਦੇ ਰਸਤੇ ਵਿੱਚ ਕਰੀਬ 25 ਮਸਜਿਦਾਂ ਅਤੇ ਮਜ਼ਾਰਾਂ ਨੂੰ ਪ੍ਰਸ਼ਾਸਨ ਆਪਣੇ ਖਰਜ 'ਤੇ ਢੱਕ ਦਿੱਤਾ ਹੈ ਤਾਂ ਜੋ ਮਾਹੌਲ ਖ਼ਾਰਬ ਕਰਨ ਲਈ ਕੋਈ ਅਸਮਾਜਿਕ ਤੱਤ ਰੰਗ ਜਾਂ ਫਿਰ ਕੁਝ ਹੋਰ ਨਾ ਸੁੱਟਣ।"

ਉਹ ਕਹਿੰਦੇ ਹਨ, ਹਾਲਾਂਕਿ ਕਦੇ ਇੱਥੇ ਜਲੂਸ ਦੀ ਥਾਂ ਕੋਈ ਤਣਾਅ ਨਹੀਂ ਹੋਇਆ ਅਤੇ ਨਾ ਹੀ ਕੋਈ ਅਜਿਹੀ ਘਟਨਾ ਹੋਈ ਹੈ ਪਰ ਫਿਰ ਵੀ ਅਹਿਤਿਆਤ ਵਜੋਂ ਅਜਿਹਾ ਹਰ ਸਾਲ ਕੀਤਾ ਜਾਂਦਾ ਹੈ। ਇਹ ਕਰੀਬ 8-10 ਸਾਲਾਂ ਤੋਂ ਹੁੰਦਾ ਆ ਰਿਹਾ ਹੈ।"

ਜਲੂਸ ਦੇ ਰਸਤੇ ਵਿੱਚ 6 ਵੱਡੀਆਂ ਮਸਜਿਦਾਂ ਤੋਂ ਇਲਾਵਾ ਕਈ ਛੋਟੀਆਂ ਮਸਜਿਦਾਂ ਅਤੇ ਕੁਝ ਮਜ਼ਾਰਾਂ ਪੈਂਦੀਆਂ ਹਨ।

ਤਸਵੀਰ ਕੈਪਸ਼ਨ,

ਸ਼ਹਿਰ ਵਿੱਚ ਮਾਰਚ ਕਰਦੇ ਪੁਲਿਸ ਅਧਿਕਾਰੀ

ਦੋ ਦਿਨ ਪਹਿਲਾਂ ਜ਼ਿਲ੍ਹਾ ਦੇ ਆਲਾ ਅਧਿਕਾਰੀਆਂ ਦੀ ਸਥਾਨਕ ਲੋਕਾਂ ਦੇ ਨਾਲ ਬੈਠਕ ਹੋਈ ਜਿਸ ਵਿੱਚ ਸਦਭਾਵਨਾ ਕਾਇਮ ਰੱਖਣ ਲਈ ਚਰਚਾ ਹੋਈ।

ਬਰੇਲੀ ਦੇ ਆਈਜੀ ਰਾਜੇਸ਼ ਕੁਮਾਰ ਪਾਂਡੇ ਦਾ ਕਹਿਣਾ ਸੀ ਕਿ ਮਸਜਿਦ ਦੇ ਮੌਲਵੀ ਅਤੇ ਇਲਾਕੇ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਪ੍ਰਸ਼ਾਸਨ ਦੀ ਇਸ ਪਹਿਲ ਦਾ ਸੁਆਗਤ ਕਰਦੇ ਹਨ ਅਤੇ ਖ਼ੁਦ ਹੀ ਮਸਜਿਦਾ ਲਈ ਸੁਰੱਖਿਆ ਲਈ ਉਨ੍ਹਾਂ ਨੂੰ ਢਕਣ ਲਈ ਕਹਿੰਦੇ ਹਨ।

ਉਨ੍ਹਾਂ ਮੁਤਾਬਕ, "ਸ਼ਹਿਰ ਵਿੱਚ ਵਿਵਸਥਾ ਕਾਇਣ ਰੱਖਣ ਲਈ ਵੱਡੀ ਸੰਖਿਆ ਵਿੱਚ ਅਰਧ ਸੁਰੱਖਿਆ ਬਲ, ਪੀਏਸੀ ਅਤੇ ਕਈ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਵੀ ਬੁਲਾਈ ਗਈ ਹੈ ਜੋ ਮਸਜਿਦਾਂ ਅਤੇ ਪੂਰੇ ਸ਼ਹਿਰ ਦੀ ਸੁਰੱਖਿਆ ਕਰੇਗੀ। ਇਸ ਤੋਂ ਇਲਾਵਾ ਡਰੋਨ ਰਾਹੀਂ ਵੀ ਜਲੂਸ 'ਤੇ ਨਜ਼ਰ ਰੱਖੀ ਜਾਵੇਗੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਹੁੰਦਾ ਹੈ ਲਾਟ ਸਾਬ੍ਹ ਦੇ ਜਲੂਸ ਵਿੱਚ?

ਲਾਟ ਸਾਬ੍ਹ ਜਲੂਸ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਹਿਲੇ ਇਸ ਨੂੰ ਨਵਾਬ ਜਲੂਸ ਕਿਹਾ ਜਾਂਦੀ ਸੀ ਪਰ ਬਾਅਦ ਵਿੱਚ ਇਹ ਲਾਟ ਸਾਬ੍ਹ ਜਲੂਸ ਬਣ ਗਿਆ।

ਇਸ ਪ੍ਰੋਗਰਾਮ ਦੇ ਪ੍ਰਬੰਧਾਂ ਨਾਲ ਜੁੜੇ ਸੰਜੇ ਵਰਮਾ ਬੀਬੀਸੀ ਨਾਲ ਗੱਲਬਾਤ ਦੌਰਾਨ ਕਹਿੰਦੇ ਹਨ, "ਜਲੂਸ ਕੱਢਣ ਦੀ ਪਰੰਪਰ 100 ਸਾਲ ਪੁਰਾਣੀ ਪਰੰਪਰਾ ਹੈ। ਇਸ ਵਿੱਚ ਇੱਕ ਵਿਅਕਤੀ ਬੱਗੀ 'ਤੇ ਬੈਠਦਾ ਹੈ, ਜਿਸ ਨੂੰ ਲਾਟ ਸਾਬ੍ਹ ਕਹਿੰਦੇ ਹਨ। ਲਾਟ ਸਾਬ੍ਹ ਕਹਿੰਦੇ ਹਨ। ਲਾਟ ਸਾਬ੍ਹ ਪੂਰੀ ਸੁਰੱਖਿਆ ਦੇ ਨਾਲ ਰਹਿੰਦੇ ਹਨ ਅਤੇ ਕੁਝ ਲੋਕ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਕੀਤੇ ਜਾਂਦੇ ਹਨ।"

ਤਸਵੀਰ ਕੈਪਸ਼ਨ,

ਲਾਟ ਸਾਬ੍ਹ ਦੇ ਜਲੂਸ ਦੌਰਾਨ ਲੋਕ ਜੁੱਤੀਆਂ ਮਾਰਦੇ ਹਨ

ਜੁੱਤੀ ਮਾਰਨ ਦੀ ਪਰੰਪਰਾ ਸੀ ਹੁਣ ਲੋਕ ਅਜਿਹਾ ਘੱਟ ਹੀ ਕਰਦੇ ਹਨ। ਜਲੂਸ ਕੂਚਾ ਲਾਲਾ ਮੁਹੱਲੇ ਤੋਂ ਕੱਢ ਕੇ ਪਹਿਲਾ ਮੰਦਿਰ ਆਉਂਦਾ ਹੈ ਫਿਰ ਸਰਾਫ਼ਾ ਮਾਰਕਿਟ ਤੋਂ ਹੁੰਦਾ ਹੋਇਆ ਕੋਤਵਾਲੀ ਪਹੁੰਚਦਾ ਹੈ।

ਕੋਤਵਾਲੀ ਵਿੱਚ ਕੋਤਵਾਲ ਪਰੰਪਰਾ ਦੇ ਹਿਸਾਬ ਨਾਲ ਲਾਟ ਸਾਬ੍ਹ ਨੂੰ ਸੈਲਿਊਟ ਕਰਦਾ ਹੈ ਅਤੇ ਫਿਰ ਸਦਰ ਬਾਜ਼ਰ ਤੋਂ ਵਿਸ਼ਵਨਾਥ ਮੰਦਿਰ ਤੋਂ ਹੁੰਦਿਆਂ ਹੋਇਆਂ ਕੂਚਾ ਲਾਲਾ 'ਤੇ ਹੀ ਖ਼ਤਮ ਹੋ ਜਾਂਦਾ ਹੈ।

ਸੰਜੇ ਵਰਮਾ ਦੱਸਦੇ ਹਨ ਕਿ ਨਵਾਬ ਸਾਬ੍ਹ ਜਾਂ ਲਾਟ ਸਾਬ੍ਹ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਉਸ ਨੂੰ ਇਸ ਲਈ ਪੈਸੇ ਵੀ ਦਿੱਤੇ ਜਾਂਦੇ ਹਨ।

ਸੰਜੇ ਵਰਮਾ ਮੁਤਾਬਕ ਇਹ ਰਾਸ਼ੀ ਘੱਟੋ-ਘੱਟ 11 ਹਜ਼ਾਰ ਹੁੰਦੀ ਹੈ ਪਰ ਕਈ ਵਾਰ ਲੱਖ-ਦੋ ਲੱਖ ਤੱਕ ਪਹੁੰਚ ਜਾਂਦੀ ਹੈ।

ਤਸਵੀਰ ਕੈਪਸ਼ਨ,

ਸਥਾਨਕ ਲੋਕਾਂ ਮੁਤਾਬਕ ਇਸ ਜਲੂਸ ਕਰ ਕੇ ਕਈ ਵਿਵਾਦ ਦੇ ਹਾਲਾਤ ਵੀ ਪੈਦਾ ਹੋਏ ਹਨ

ਇੱਕ ਸਥਾਨਕ ਨਾਗਰਿਕ ਰਾਸ਼ਿਦ ਕਮਾਲ ਕਹਿੰਦੇ ਹਨ ਕਿ ਲਾਟ ਸਾਬ੍ਹ ਜਾਂ ਫਿਰ ਨਵਾਬ ਸਾਬ੍ਹ ਕਿਸੇ ਗਰੀਬ ਮੁਸਲਮਾਨ ਨੂੰ ਬਣਾਇਆ ਜਾਂਦਾ ਹੈ ਅਤੇ ਉਸ 'ਤੇ ਜੁੱਤੀਆਂ ਵਰਸਾਈਆਂ ਜਾਂਦੀਆਂ ਹਨ। ਪ੍ਰਬੰਧਕਾਂ ਵੱਲੋਂ ਉਸ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ।

ਸੰਜੇ ਵਰਮਾ ਕਹਿੰਦੇ ਹਨ, "ਇਹ ਜ਼ਰੂਰੀ ਨਹੀਂ ਹੈ ਕਿ ਕਿਸ ਨੂੰ ਬਣਾਇਆ ਜਾਵੇਗਾ ਪਰ ਜਿਸ ਨੂੰ ਲਾਟ ਸਾਬ੍ਹ ਵਜੋਂ ਬੱਗੀ ਵਿੱਚ ਬਿਠਾਇਆ ਜਾਂਦਾ ਹੈ, ਉਸ ਦੀ ਪਛਾਣ ਜਨਤਕ ਨਹੀਂ ਕੀਤੀ ਜਾਂਦੀ। ਇਹ ਵੀ ਜ਼ਰੂਰੀ ਨਹੀਂ ਹੈ ਕਿ ਲਾਟ ਸਾਬ੍ਹ ਇਥੋਂ ਦਾ ਹੀ ਹੋਵੇ ਬਲਕਿ ਬਾਹਰ ਦੇ ਕਿਸੇ ਵਿਅਕਤੀ ਨੂੰ ਅਕਸਰ ਬਣਾਇਆ ਜਾਂਦਾ ਹੈ।"

"ਹੋਲੀ ਦੇ ਦੋ-ਤਿੰਨ ਬਾਅਦ ਉਸ ਦੇ ਰਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਵੀ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਹੈ। ਪਛਾਣ ਗੁਪਤ ਰੱਖਣ ਦਾ ਮਕਸਦ ਰੱਖਣ ਦਾ ਮਕਸਦ ਸਿਰਫ਼ ਇਹੀ ਹੈ ਕਿ ਕੋਈ ਉਸ ਦਾ ਮਜ਼ਾਕ ਨਾ ਉਡਾ ਸਕੇ।"

'ਅਤੀਤ ਵਿੱਚ ਹੋ ਚੁੱਕਿਆ ਹੈ ਤਣਾਅ'

ਪੁਲਿਸ ਹੁਣ ਤੱਕ ਕਿਸੇ ਫ਼ਿਰਕੂ ਤਣਾਅ ਦੀ ਗੱਲ ਤੋਂ ਇਨਕਾਰ ਕਰਦੀ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਤਣਾਅ ਦੀਆਂ ਸਥਿਤੀਆਂ ਆ ਚੁੱਕੀ ਹੈ।

ਸਥਾਨਕ ਪੱਤਰਕਾਰ ਸੁਸ਼ੀਲ ਸ਼ਰਮਾ ਕਹਿੰਦੇ, "ਇਸ ਜਲੂਸ ਵਿੱਚ ਭਾਰੀ ਭੀੜ ਹੁੰਦੀ ਹੈ, ਹੁੜਦੰਗ ਹੁੰਦਾ ਹੈ। ਕਈ ਵਾਰ ਅਜਿਹਾ ਹੋਇਆ ਹੈ ਜਦੋਂ ਮਸਜਿਦ ਵਿੱਚ ਲੋਕਾਂ ਨੇ ਰੰਗ ਪਾ ਦਿੱਤਾ ਅਤੇ ਵਿਵਾਦ ਦਾ ਹਾਲਾਤ ਪੈਦਾ ਹੋ ਗਏ।"

"ਕਈ ਵਾਰ ਕੁਝ ਅਸਮਾਜਿਕ ਤੱਤਾਂ ਨੇ ਭੀੜ ਦਾ ਫਾਇਦਾ ਚੁੱਕਦਿਆਂ ਮਸਜਿਦ 'ਤੇ ਜੁੱਤੇ ਵੀ ਸੁੱਟੇ। ਅਜਿਹੀਆਂ ਘਟਨਾਵਾਂ ਤੋਂ ਬਾਅਦ ਹੀ ਜਲੂਸ ਦੇ ਰਸਤੇ ਵਿੱਚ ਪੈਣ ਵਾਲੀਆਂ ਕਰੀਬ 40 ਮਸਜਿਦਾਂ ਪੂਰੀ ਤਰ੍ਹਾਂ ਢੱਕ ਦਿੱਤੀਆਂ ਜਾਂਦੀਆਂ।"

ਸੁਸ਼ੀਲ ਸ਼ਰਮਾ ਕਹਿੰਦੇ ਹਨ ਕਿ ਹੋਲੀ ਮੌਕੇ ਨਿਕਲਣ ਵਾਲੇ ਇਸ ਜਲੂਸ ਵਿੱਚ ਲਾਟ ਸਾਬ੍ਹ ਨੂੰ ਬੈਲ ਗੱਡੀ ਤੋਂ ਕੁਰਸੀ 'ਤੇ ਬਿਠਾ ਦਿੱਤਾ ਜਾਂਦਾ ਹੈ ਅਤੇ ਹੈਲਮੇਟ ਪਹਿਨਾ ਦਿੱਤਾ ਜਾਂਦਾ ਹੈ।

ਸ਼ਰਮਾ ਦੱਸਦੇ ਹਨ ਕਿ ਲਾਟ ਸਾਬ੍ਹ 'ਤੇ ਸੁੱਟਣ ਲਈ ਲੋਕ ਆਪਣੇ ਘਰਾਂ ਤੋਂ ਸਾਲ ਤੋਂ ਪੁਰਾਣੀਆਂ-ਟੁੱਟੀਆਂ ਜੁੱਤੀਆਂ ਇਕੱਠੀਆਂ ਕਰ ਕੇ ਰੱਖਦੇ ਹਨ।

ਫਿਲਹਾਲ ਜਲੂਸ ਨੂੰ ਸ਼ਾਂਤਮਈ ਤਰੀਕੇ ਨਾਲ ਕੱਢਣ ਲਈ ਜ਼ਿਲ੍ਹਾ ਅਧਿਕਾਰੀ ਅਤੇ ਐੱਸਪੀ ਰੋਜ਼ਾਨਾ ਸਮੀਖਿਆ ਕਰ ਰਹੇ ਹਨ ਅਤੇ ਥਾਣਾ ਪੱਧਰ 'ਤੇ ਪੀਸ ਕਮੇਟੀ ਦੀਆਂ ਬੈਠਕਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)