ਮੇਨੋਪਾਜ਼: ਬਾਂਬੇ ਬੇਗ਼ਮ ਦੇ ਬਹਾਨੇ ਹੀ ਸਹੀ, ਇਸ ਬਾਰੇ ਗੱਲ ਕਰਨ ਦੀ ਕਿਉਂ ਹੈ ਲੋੜ

  • ਗੀਤਾ ਪਾਂਡੇ
  • ਬੀਬੀਸੀ ਪੱਤਰਕਾਰ
ਪੂਜਾ ਭੱਟ

ਤਸਵੀਰ ਸਰੋਤ, Hitesh Mulani

ਤਸਵੀਰ ਕੈਪਸ਼ਨ,

ਬਾਂਬੇ ਬੇਗਮਜ਼ ਵਿੱਚ ਪੂਜਾ ਭੱਟ ਨੇ 49 ਸਾਲ ਦੀ ਔਰਤ ਦਾ ਕਿਰਦਾਰ ਨਿਭਾਇਆ ਹੈ ਜੋ ਮੇਨੋਪਾਜ਼ ਵਿੱਚੋਂ ਲੰਘ ਰਹੀ ਹੈ

ਅਕਸਰ ਫ਼ਿਲਮਾਂ ਅਤੇ ਵੈਬ ਸੀਰੀਜ਼ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਕੇ ਬਣਾਈਆਂ ਜਾਂਦੀਆਂ ਹਨ ਪਰ ਨੈੱਟਫ਼ਲਿਕਸ ਦੀ ਇੱਕ ਨਵੀਂ ਸੀਰੀਜ਼ ਇੱਕ 49 ਸਾਲਾਂ ਦੀ ਔਰਤ ਦੇ ਕਿਰਦਾਰ ਦੁਆਲੇ ਘੁੰਮਦੀ ਹੈ।

ਇਹ ਸੀਰੀਜ਼ ਆਪਣੇ ਸਰੀਰ ਨਾਲ ਜੂਝ ਰਹੀਆਂ ਔਰਤਾਂ ਦੀ ਜੱਦੋਜਹਿਜ ਨੂੰ ਦਿਖਾਉਂਦੀ ਹੈ ਇਸੇ ਲਈ ਇਸ ਦੀ ਤਾਰੀਫ਼ ਵੀ ਹੋ ਰਹੀ ਹੈ।

'ਬਾਂਬੇ ਬੇਗ਼ਮਜ਼' ਨਾਮ ਦੀ ਇਸ ਸੀਰੀਜ਼ ਦੇ ਇੱਕ ਸੀਨ ਵਿੱਚ ਰਾਣੀ ਨਾਮ ਦੀ ਔਰਤ ਇੱਕ ਬੋਰਡ ਮੀਟਿੰਗ ਵਿੱਚੋਂ ਅਚਾਨਕ ਉੱਠ ਕੇ ਬਾਹਰ ਚਲੀ ਜਾਂਦੀ ਹੈ।

ਰਾਣੀ ਦੀ ਭੂਮਿਕਾ ਅਦਾਕਾਰਾ ਪੂਜਾ ਭੱਟ ਨੇ ਨਿਭਾਈ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਸਹਿਕਰਮੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਪਰ ਇਸੇ ਦੌਰਾਨ ਕੈਮਰਾ ਉਨ੍ਹਾਂ ਨੂੰ ਵਾਸ਼ਰੂਮ ਵਿੱਚ ਆਪਣੇ ਚਿਹਰੇ 'ਤੇ ਠੰਡਾ ਪਾਣੀ ਪਾਉਂਦਿਆਂ ਤੇ ਹੈਂਡ ਡਰਾਇਰ (ਹੱਥ ਸੁਕਾਉਣ ਵਾਲਾ ਉਪਕਰਣ) ਨਾਲ ਆਪਣੀਆਂ ਕੱਛਾਂ ਸੁਕਾਉਂਦਿਆਂ ਦਿਖਾਉਂਦਾ ਹੈ।

ਨਿਊਜ਼ ਵੈੱਬਸਾਈਟ ਆਰਟੀਕਲ-14 ਦੇ ਜੈਂਡਰ ਸੰਪਾਦਕ ਨਮਿਤਾ ਭੰਡਾਰੇ ਕਹਿੰਦੇ ਹਨ, "ਬਹੁਤ ਸਾਰੇ ਲੋਕ ਇਹ ਕਹਿੰਦੇ ਹਨ ਕਿ ਅਜਿਹਾ ਲੱਗਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਪਰ ਮੈਂ ਸਮਝ ਗਈ ਸੀ ਕਿ ਅਸਲ ਵਿੱਚ ਹੋ ਕੀ ਰਿਹਾ ਸੀ।"

ਰਾਣੀ ਨੂੰ ਜੋ ਹੋ ਰਿਹਾ ਸੀ ਉਸ ਨੂੰ ਮੇਨੋਪਾਜ਼ (ਔਰਤਾਂ ਵਿੱਚ ਮਹਾਂਮਾਰੀ ਦਾ ਰੁੱਕ ਜਾਣਾ) ਕਿਹਾ ਜਾਂਦਾ ਹੈ।

ਰਾਣੀ ਸੂਝਵਾਨ, ਦਿਮਾਗ਼ੀ ਅਤੇ ਸਪੱਸ਼ਟ ਵਿਚਾਰਧਾਰਾ ਵਾਲੀ ਹੈ। ਉਹ ਇੱਕ ਵੱਡੇ ਬੈਂਕ ਦੀ ਸੀਈਓ ਹੈ। ਪਰ ਜਦੋਂ ਗੱਲ ਉਨ੍ਹਾਂ ਦੀਆਂ ਆਪਣੀਆਂ ਲੋੜਾਂ ਦੀ ਆਉਂਦੀ ਹੈ ਉਹ ਚੁੱਪ ਹੋ ਜਾਂਦੀ ਹੈ। ਇੱਕ ਨੌਜਵਾਨ ਸਹਿਕਰਮੀ ਜਦੋਂ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਦੀ ਹੈ ਤਾਂ ਉਹ ਉਸ ਨੂੰ ਮਨ੍ਹਾਂ ਹੀ ਕਰ ਦਿੰਦੀ ਹੈ।

ਬੈਨਰਜ਼ੀ ਕਹਿੰਦੇ ਹਨ ਕਿ ਰਾਣੀ ਦੇ ਆਪਣੇ ਮੇਨੋਪਾਜ਼ ਨੂੰ ਰਾਜ਼ ਰੱਖਣ ਪਿੱਛੇ ਕਈ ਕਾਰਨ ਹੋ ਸਕਦੇ ਹਨ।

"ਇਹ ਆਮ ਧਾਰਨਾ ਹੈ ਕਿ ਮੇਨੋਪਾਜ਼ ਵਿੱਚੋਂ ਲੰਘ ਰਹੀ ਮਹਿਲਾ ਬੌਸ ਤਰਕਹੀਣ ਅਤੇ ਚਿੜਚਿੜੀ ਹੋ ਜਾਂਦੀ ਹੈ। ਉਹ ਇੱਕ ਪੇਸ਼ੇਵਰ ਹਨ ਅਤੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਸਹਿਕਰਮੀਆਂ ਨੂੰ ਇਸ ਬਾਰੇ ਪਤਾ ਲੱਗੇ।"

"ਇੱਕ ਹੋਰ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਉਹ ਆਪਣੇ ਸਰੀਰ ਵਿੱਚ ਹੋ ਰਹੇ ਬਦਲਾਅ ਨੂੰ ਸਵਿਕਾਰ ਕਰਨ ਵਿੱਚ ਸਮਾਂ ਲੱਗਾ ਹੋਵੇ। ਆਮਤੌਰ 'ਤੇ ਔਰਤਾਂ ਨੂੰ ਇਸ ਨਾਲ ਇਕੱਲਿਆਂ ਹੀ ਨਜਿੱਠਣ ਲਈ ਛੱਡ ਦਿੱਤਾ ਜਾਂਦਾ ਹੈ।"

ਭਾਰਤ 'ਚ ਮੇਨੋਪਾਜ਼ ਨਾਲ ਕਿਵੇਂ ਨਜਿੱਠਿਆਂ ਹਨ ਔਰਤਾਂ

ਇੰਡੀਅਨ ਮੇਨੋਪਾਜ਼ ਸੁਸਾਇਟੀ (ਆਈਐੱਮਐੱਸ) ਮੁਤਾਬਕ ਭਾਰਤ ਵਿੱਚ ਇਸ ਸਮੇਂ 15 ਕਰੋੜ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦਾ ਮੇਨੋਪਾਜ਼ ਹੋ ਚੁੱਕਿਆ ਹੈ। ਦੁਨੀਆਂ ਭਰ ਵਿੱਚ ਮੇਨੋਪਾਜ਼ ਦੀ ਔਸਤ ਉਮਰ 51 ਸਾਲ ਹੈ। ਭਾਰਤ ਵਿੱਚ ਇਹ ਉਮਰ 46.2 ਸਾਲ ਹੈ।

ਇਸ ਦੇ ਸਭ ਤੋਂ ਸਧਾਰਨ ਲੱਛਣ ਹਨ- ਸੈਕਸ ਦਾ ਮਨ ਨਾ ਕਰਨਾ, ਮੂਡ ਦਾ ਅਚਾਨਕ ਬਦਲ ਜਾਣਾ, ਦਬਾਅ, ਰਾਤ ਨੂੰ ਅਚਾਨਕ ਜਾਗ ਜਾਣਾ, ਰਾਤ ਨੂੰ ਪਸੀਨਾ ਆਉਣਾ ਅਤੇ ਹਾਰਮੋਨਜ਼ ਵਿੱਚ ਹੋ ਰਹੇ ਬਦਲਾਵਾਂ ਕਾਰਨ ਅਚਾਨਕ ਗਰਮੀ ਲੱਗਣਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੀਰੀਅਡਜ਼ ਸਬੰਧੀ ਸੰਕੇਤਿਕ ਤਸਵੀਰ

ਆਈਐੱਮਐੱਸ ਦੇ ਸਕੱਤਰ ਅਤੇ ਇਸਤਰੀ ਰੋਗਾਂ ਦੇ ਮਾਹਰ ਡਾ. ਅਨੀਤਾ ਸ਼ਾਹ ਕਹਿੰਦੇ ਹਨ ਕਿ ਔਰਤਾਂ ਆਪਣੀ ਜ਼ਿੰਦਗੀ ਦਾ ਦੋ-ਤਿਹਾਈ ਹਿੱਸਾ ਮੇਨੋਪਾਜ਼ ਵਿੱਚ ਹੀ ਗੁਜ਼ਾਰਦੀਆਂ ਹਨ ਪਰ ਫ਼ਿਰ ਵੀ ਇਸ ਬਾਰੇ ਬਹੁਤੀ ਜਾਗਰੁਕਤਾ ਨਹੀਂ ਹੈ।

ਸੂਰਤ ਵਿੱਚ ਤਿੰਨ ਸਾਲਾਂ ਤੋਂ ਕਲੀਨਿਕ ਚਲਾ ਰਹੇ ਡਾ. ਸ਼ਾਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਆਉਣ ਵਾਲੀਆਂ 40 ਸਾਲ ਤੋਂ ਵੱਧ ਉਮਰ ਦੀਆਂ ਅੱਧ ਤੋਂ ਵਧੇਰੇ ਔਰਤਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਸਰੀਰ ਨਾਲ ਕੀ ਹੋ ਰਿਹਾ ਹੈ।

ਇਸਦਾ ਕਾਰਨ ਇਹ ਹੈ ਕਿ ਭਾਰਤ ਵਿੱਚ ਮੇਨੋਪਾਜ਼ ਵੀ ਮਾਸਿਕ ਧਰਮ ਦੀ ਤਰ੍ਹਾਂ ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਗੱਲ ਕਰਨ ਵਿੱਚ ਲੋਕ ਬਹੁਤੇ ਸਹਿਜ ਨਹੀਂ ਹੁੰਦੇ।

ਭੰਡਾਰੇ ਕਹਿੰਦੇ ਹਨ ਕਿ, "ਪਿਛਲੇ ਕੁਝ ਸਾਲਾਂ ਵਿੱਚ ਮਾਹਵਾਰੀ ਨੂੰ ਲੈ ਕਿ ਜਾਗਰੁਕਤਾ ਆਈ ਹੈ। ਪੈਡਮੈਨ ਵਰਗੀ ਫ਼ਿਲਮ ਵੀ ਬਣੀ ਹੈ। ਪਰ ਮੇਨੋਪਾਜ਼ 'ਤੇ ਹੁਣ ਵੀ ਖ਼ੁੱਲ੍ਹਕੇ ਗੱਲ ਨਹੀਂ ਹੋ ਰਹੀ।"

ਪੱਛਮੀ ਦੇਸਾਂ ਵਿੱਚ ਹੋਈਆਂ ਕੋਸ਼ਿਸ਼ਾਂ

ਇਹ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਦੀ ਅੱਧੀ ਆਬਾਦੀ ਦੇ ਨਾਲ ਹੋਣ ਵਾਲੀ ਇਸ ਚੀਜ਼ ਨੂੰ ਲੈ ਕਿ ਇੰਨੀ ਖ਼ਾਮੋਸ਼ੀ ਰਹਿੰਦੀ ਹੈ ਅਤੇ ਇਸ ਨੂੰ ਇੰਨੇ ਰਾਜ਼ ਵਿੱਚ ਰੱਖਿਆ ਜਾਂਦਾ ਹੈ।

ਵੀਡੀਓ ਕੈਪਸ਼ਨ,

ਖਿਡਾਰਣਾਂ ਲਈ ਪੀਰੀਅਡਜ਼ ਬਾਰੇ ਗੱਲ ਕਰਨਾ ਹਾਲੇ ਵੀ ਮੁਸ਼ਕਿਲ ਕਿਉਂ?

ਪੱਛਮੀ ਦੇਸਾਂ ਵਿੱਚ ਜ਼ਰੂਰ ਔਰਤਾਂ ਦੇ ਸਰੀਰ ਵਿੱਚ ਹੋਣ ਵਾਲੇ ਇਸ ਬਦਲਾਅ ਨੂੰ ਲੈ ਕੇ ਜਾਗਰੁਕਤਾ ਲਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਪਿਛਲੇ ਸਾਲ ਯੂਕੇ ਵਿੱਚ ਪਹਿਲੀ ਵਾਰ ਸਕੂਲੀ ਸਿੱਖਿਆ ਦੇ ਪਾਠਕ੍ਰਮ ਵਿੱਚ ਮੈਨੋਪਾਜ਼ ਨੂੰ ਇੱਕ ਵਿਸ਼ੇ ਵਜੋਂ ਸ਼ਾਮਿਲ ਕੀਤਾ ਗਿਆ ਹੈ। ਅਜਿਹੇ ਦਰਜਨਾਂ ਕਲੀਨਿਕ ਵੀ ਖੋਲ੍ਹੇ ਗਏ ਹਨ ਜਿੱਥੇ ਜਾ ਕੇ ਔਰਤਾਂ ਆਪਣੇ ਸਿਹਤ ਸਬੰਧੀ ਬਦਲਾਵਾਂ ਦੀ ਜਾਂਚ ਕਰਵਾ ਸਕਦੀਆਂ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮਿਸ਼ੇਲ ਓਬਾਮਾ ਨੇ ਜਦੋਂ ਹੱਢਬੀਤੀ ਦੱਸੀ

ਪਿਛਲੇ ਸਾਲ ਸਾਬਕਾ ਅਮਰੀਕੀ ਫ਼ਸਟ ਲੇਡੀ ਮਿਸ਼ੇਲ ਓਬਾਮਾ ਨੇ ਜਦੋਂ ਇੱਹ ਦੱਸਿਆ ਸੀ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਹੈਲੀਕਾਪਟਰ ਮਰੀਨ ਵਨ ਵਿੱਚ ਹਾਟ ਫ਼ਲੱਸ਼ੇਜ਼ (ਅਚਾਨਕ ਸਰੀਰ ਦੇ ਉੱਪਰੀ ਹਿੱਸੇ ਵਿੱਚ ਗ਼ਰਮੀ ਮਹਿਸੂਸ ਕਰਨਾ) ਆਏ ਸਨ ਤਾਂ ਦੁਨੀਆਂ ਭਰ 'ਚ ਇਹ ਗੱਲ ਸੁਰਖ਼ੀਆਂ ਵਿੱਚ ਆ ਗਈ ਸੀ।

ਇੱਕ ਪੌਡਕਾਸਟ ਵਿੱਚ ਮਿਸ਼ੇਲ ਓਬਾਮਾ ਨੇ ਦੱਸਿਆ ਸੀ, "ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਅੰਦਰ ਭੱਠੀ ਰੱਖ ਦਿੱਤੀ ਹੋਵੇ ਅਤੇ ਉਸ ਨੂੰ ਉੱਚ ਤਾਪਮਾਨ 'ਤੇ ਕਰ ਦਿੱਤਾ ਹੋਵੇ। ਫ਼ਿਰ ਸਭ ਕੁੱਝ ਪਿਗਲਣ ਲੱਗਿਆ। ਉਸ ਸਮੇਂ ਮੈਨੂੰ ਲੱਗ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ, ਮੈਂ ਆਪਣੇ ਨਾਲ ਅਜਿਹਾ ਨਹੀਂ ਕਰ ਸਕਦੀ ਹਾਂ, ਮੈਂ ਅਜਿਹਾ ਨਹੀਂ ਕਰ ਸਕਦੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਿਸ਼ੇਲ ਓਬਾਮਾ ਮੇਨੋਪਾਜ਼ ਬਾਰੇ ਗੱਲ ਕਰ ਚੁੱਕੇ ਹਨ

ਮਿਸ਼ੇਲ ਨੇ ਕਿਹਾ ਸੀ, "ਔਰਤ ਦਾ ਸਰੀਰ ਕਿਹੜੇ ਹਾਲਾਤ ਵਿੱਚੋਂ ਲੰਘ ਰਿਹਾ ਹੈ ਇਹ ਅਹਿਮ ਜਾਣਕਾਰੀ ਹੁੰਦੀ ਹੈ। ਸਮਾਜ ਦਾ ਇਸ ਬਾਰੇ ਗੱਲ ਕਰਨਾ ਅਹਿਮ ਹੈ ਕਿਉਂਕਿ ਅਸੀਂ ਔਰਤਾਂ, ਜੋ ਦੁਨੀਆਂ ਦੀ ਅੱਧੀ ਆਬਾਦੀ ਹਾਂ ਇਸ ਵਿੱਚੋਂ ਲੰਘ ਰਹੀਆਂ ਹਾਂ ਪਰ ਅਸੀਂ ਇਸ ਤਰ੍ਹਾਂ ਜਿਉਂਦੀਆਂ ਹਾਂ ਜਿਵੇਂ ਇਹ ਹੋ ਹੀ ਨਾ ਰਿਹਾ ਹੋਵੇ।"

ਭੰਡਾਰੇ ਕਹਿੰਦੇ ਹਨ ਕਿ ਅਸੀਂ ਭਾਰਤ ਦੀਆਂ ਔਰਤਾਂ ਇਸੇ ਤਰ੍ਹਾਂ ਦਰਸਾਉਂਦੀਆਂ ਹਾਂ ਜਿਵੇਂ ਇਹ ਹੋ ਹੀ ਨਾ ਰਿਹਾ ਹੋਵੇ।

"ਕਾਰਪੋਰੇਟ ਖੇਤਰ ਅਤੇ ਦੇਸ ਦੀ ਸਿਆਸਤ ਵਿੱਚ ਕਈ ਔਰਤਾਂ ਸਿਖ਼ਰ 'ਤੇ ਹਨ ਪਰ ਕੋਈ ਵੀ ਇਸ ਬਾਰੇ ਗੱਲ ਹੀ ਨਹੀਂ ਕਰਦਾ।"

"ਕਿਉਂਕਿ ਔਰਤਾਂ ਨੂੰ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਅਜਿਹੇ ਵਿੱਚ ਉਹ ਔਰਤਾਂ ਜੋ ਆਮ ਤੌਰ 'ਤੇ ਖ਼ੁੱਲ੍ਹਕੇ ਗੱਲ ਕਰਦੀਆਂ ਹਨ ਉਹ ਵੀ ਔਰਤਾਂ ਦੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਨੂੰ ਲੈ ਕੇ ਚੁੱਪ ਹੀ ਰਹਿੰਦੀਂਆਂ ਹਨ।"

ਭਾਰਤ ਵਿੱਚ ਜਾਗਰੂਕਤਾ ਦੀ ਕਮੀ

ਭਾਰਤ ਵਿੱਚ ਇਸ ਵਿਸ਼ੇ 'ਤੇ ਗੱਲ ਨਾ ਹੋਣਾ ਹੀ, ਸ਼ਾਇਦ ਇਸਦਾ ਕਾਰਨ ਰਿਹਾ ਹੋਵੇ ਕਿ ਇੱਕ ਸਰਵੇਖਣ ਵਿੱਚ 71 ਫ਼ੀਸਦ ਨੌਜਵਾਨ ਕੁੜੀਆਂ ਨੇ ਇਹ ਕਿਹਾ ਕਿ ਪਹਿਲੀ ਵਾਰ ਮਾਹਵਾਰੀ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ।

ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਕਾਰਕੁਨਾਂ ਦਾ ਕਹਿਣਾ ਹੈ ਕਿ ਪਰਿਵਾਰ ਵਾਲੇ ਧੀਆਂ ਨੂੰ ਇਸ ਬਾਰੇ ਦੱਸਦੇ ਹੀ ਨਹੀਂ ਹਨ। ਜੇ ਇਸ ਬਾਰੇ ਕੁੜੀਆਂ ਨੂੰ ਅਲ੍ਹੱੜ ਉਮਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਪੀਰੀਅਡਜ਼ ਬਾਰੇ ਪਤਾ ਹੋਵੇ ਤਾਂ ਇਸ ਨਾਲ ਪੈਦਾ ਹੋਣ ਵਾਲੇ ਡਰ ਅਤੇ ਸ਼ੰਕਿਆਂ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਅਤੇ ਜਦੋਂ ਔਰਤਾਂ ਮੇਨੋਪਾਜ਼ ਤੱਕ ਪਹੁੰਚਦੀਆਂ ਹਨ ਉਸ ਸਮੇਂ ਵੀ ਉਹ ਅਜਿਹੇ ਹੀ ਡਰ ਅਤੇ ਸ਼ੰਕਿਆਂ ਦਾ ਸਾਹਮਣਾ ਕਰਦੀਆਂ ਹਨ।

ਜਦੋਂ ਉਨ੍ਹਾਂ ਦਾ ਸਰੀਰ ਮੋਟਾ ਹੁੰਦਾ ਹੈ ਚਮੜੀ ਲਟਕਦੀ ਹੈ, ਮੂਡ ਅਚਾਨਕ ਬਦਲਦਾ ਹੈ ਤਾਂ ਕਈ ਔਰਤਾਂ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦਾ ਸਮਾਂ ਬੀਤ ਗਿਆ ਹੈ ਅਤੇ ਹੁਣ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਵੇਗਾ।

ਭੰਡਾਰੇ ਕਹਿੰਦੇ ਹਨ, "ਸਾਡਾ ਸਰੀਰ ਤਾਂ ਬਦਲਦਾ ਹੈ ਪਰ ਸਾਨੂੰ ਕੋਈ ਇਸ ਲਈ ਤਿਆਰ ਨਹੀਂ ਕਰਦਾ। ਸਾਡੀ ਮਾਂ ਵੀ ਸਾਨੂੰ ਇਸ ਬਾਰੇ ਨਹੀਂ ਦੱਸਦੀ। ਜੇ ਮੇਨੋਪਾਜ਼ ਨੂੰ ਇਸ ਤਰ੍ਹਾਂ ਰਾਜ਼ ਨਾ ਰੱਖਿਆ ਗਿਆ ਹੁੰਦਾ ਤਾਂ ਸ਼ਾਇਦ ਅਸੀਂ ਇਸ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਪਾਉਂਦੇ।"

ਡਾ. ਸ਼ਾਹ ਕਹਿੰਦੇ ਹਨ ਕਿ ਇੰਡੀਅਨ ਮੇਨੋਪਾਜ਼ ਸੁਸਾਇਟੀ ਹਾਲਾਤ ਬਦਲਣ ਲਈ ਕੰਮ ਕਰ ਰਹੀ ਹੈ।

"ਜਦੋਂ ਅੱਧਖੜ ਉਮਰ ਦੀਆਂ ਔਰਤਾਂ ਆਪਣੀਆਂ ਧੀਆਂ ਅਤੇ ਨੂੰਹਾਂ ਨੂੰ ਨਾਲ ਲੈ ਕੇ ਕਲੀਨਿਕ ਵਿੱਚ ਆਉਂਦੀਆਂ ਹਨ ਤਾਂ ਮੈਂ ਉਨ੍ਹਾਂ ਨੂੰ ਜਾਗਰੁਕ ਕਰਦੀ ਹਾਂ।"

"ਮੈਂ ਉਨ੍ਹਾਂ ਨੂੰ ਇਸ ਦੇ ਸਰੀਰਕ ਅਤੇ ਮਨੋਵਿਗਿਆਨਿਕ ਲੱਛਣਾਂ ਬਾਰੇ ਦੱਸਦੀ ਹਾਂ। ਮੈਂ ਉਨ੍ਹਾਂ ਨੂੰ ਸਮਝਾਉਂਦੀ ਹਾਂ ਕਿ ਅਜਿਹੀ ਸਥਿਤੀ ਵਿੱਚ ਮਦਦ ਅਤੇ ਇਲਾਜ ਉਪਲੱਬਧ ਹੈ। ਬਹੁਤੀਆਂ ਔਰਤਾਂ ਨੂੰ ਸਕ੍ਰੀਨਿੰਗ ਪ੍ਰੋਗਰਾਮ ਬਾਰੇ ਪਤਾ ਹੀ ਨਹੀਂ ਹੁੰਦਾ।"

ਜਾਣਕਾਰੀ ਵਿੱਚ ਕਮੀ ਅਤੇ ਇਸ ਨੂੰ ਇੱਕ ਕਲੰਕ ਵਜੋਂ ਦੇਖਣਾ ਹੀ ਕਾਰਨ ਹੈ ਕਿ ਲੱਖਾਂ ਔਰਤਾਂ ਇਸ ਹਾਲਾਤ ਵਿੱਚ ਚੁੱਪ ਰਹਿੰਦੀਆਂ ਹਨ ਅਤੇ ਇਕੱਲੇ ਹੀ ਦਰਦ ਝੱਲਦੀਆਂ ਹਨ।

ਮੇਨੋਪਾਜ਼ 'ਤੇ ਬਣ ਰਹੇ ਸ਼ੋਅ ਦੀ ਭੂਮਿਕਾ

ਇਸੇ ਵਿਸ਼ੇ 'ਤੇ ਬਣੀ ਲਘੂ ਫ਼ਿਲਮ ਪੇਨਫ਼ੁੱਲ ਪ੍ਰਾਈਡ ਸਾਲ 2019 ਵਿੱਚ ਆਈ ਸੀ। ਇਹ ਫ਼ਿਲਮ ਕਈ ਫ਼ਿਲਮ ਸਮਾਗਮਾਂ ਵਿੱਚ ਦਿਖਾਈ ਜਾ ਚੁੱਕੀ ਹੈ ਅਤੇ ਇਸ ਨੂੰ ਐਵਾਰਡ ਵੀ ਮਿਲੇ ਹਨ, ਪਰ ਵਪਾਰਕ ਤੌਰ 'ਤੇ ਹਾਲੇ ਵੀ ਇਸੇ ਨੂੰ ਰੀਲੀਜ਼ ਨਹੀਂ ਕੀਤਾ ਗਿਆ ਹੈ।

ਨਿਰਦੇਸ਼ਕ ਸੁਮਿਤਰਾ ਸਿੰਘ ਨੇ ਜਦੋਂ ਇਹ ਫ਼ਿਲਮ ਬਣਾਈ ਤਾਂ ਉਹ 28 ਸਾਲ ਦੀ ਸੀ।

ਉਹ ਕਹਿੰਦੇ ਹਨ, "ਮੈਨੂੰ ਇਸ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਮੈਨੂੰ ਇਸ ਵਿਸ਼ੇ 'ਤੇ ਫ਼ਿਲਮ ਦਾ ਨਿਰਦੇਸ਼ਨ ਕਰਨ ਲਈ ਕਿਹਾ ਗਿਆ।"

ਤਸਵੀਰ ਸਰੋਤ, Yantra Pictures

ਤਸਵੀਰ ਕੈਪਸ਼ਨ,

ਪੱਲਵੀ ਜੋਸ਼ੀ ਨੇ ਪੇਨਫੁੱਲ ਪ੍ਰਾਈਡ ਵਿੱਚ ਮੇਨੋਪਾਜ਼ ਵਿੱਚੋਂ ਲੰਘ ਰਹੀ ਔਰਤ ਦਾ ਕਿਰਦਾਰ ਨਿਭਾਇਆ ਸੀ

ਇਸ ਫ਼ਿਲਮ ਵਿੱਚ ਅਦਾਕਾਰਾ ਪਲਵੀ ਜੋਸ਼ੀ ਨੇ ਅਜਿਹੀ ਔਰਤ ਦੀ ਭੂਮਿਕਾ ਨਿਭਾਈ ਹੈ ਜੋ ਹੌਟ ਫ਼ਲੱਸ਼ੇਜ਼ ਵਿੱਚੋਂ ਲੰਘ ਰਹੀ ਹੈ।

ਸੁਮਿਤਰਾ ਸਿੰਘ ਕਹਿੰਦੇ ਹਨ ਕਿ ਉਸ ਕਿਰਦਾਰ ਦੀ ਵੀ ਸੈਕਸ ਵਿੱਚ ਦਿਲਚਸਪੀ ਘੱਟ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਕਈ ਵਾਰ ਇਹ ਲੱਗਦਾ ਹੈ ਕਿ ਕਿਤੇ ਉਨ੍ਹਾਂ ਦਾ ਪਤੀ ਇਸੇ ਕਾਰਨ ਉਨ੍ਹਾਂ ਨੂੰ ਛੱਡ ਨਾ ਦੇਵੇ ਜਾਂ ਕਿਸੇ ਹੋਰ ਨਾਲ ਅਫ਼ੇਅਰ ਨਾ ਚਲਾ ਲਵੇ।

ਉਹ ਕਹਿੰਦੇ ਹਨ, "ਇਹ ਕਹਾਣੀ ਦਿਖਾਉਂਦੀ ਹੈ ਕਿਸ ਤਰ੍ਹਾਂ ਮੇਨੋਪਾਜ਼ ਦੌਰਾਨ ਉਸਦਾ ਪਰਿਵਾਰ ਸਾਥ ਦਿੰਦਾ ਹੈ ਅਤੇ ਸਮਝਦਾ ਹੈ ਕਿ ਇਹ ਕੋਈ ਬੀਮਾਰੀ ਨਹੀਂ ਹੈ ਬਲਕਿ ਜ਼ਿੰਦਗੀ ਦਾ ਇੱਕ ਦੌਰ ਹੈ।"

ਭੰਡਾਰੇ ਕਹਿੰਦੇ ਹਨ ਕਿ ਇਸ ਵਿਸ਼ੇ 'ਤੇ ਹੋਰ ਵਧੇਰੇ ਗੱਲ ਕੀਤੇ ਜਾਣ ਦੀ ਲੋੜ ਹੈ ਅਤੇ ਬਾਂਬੇ ਬੇਗ਼ਮਜ਼ ਅਤੇ ਪੇਨਫ਼ੁੱਲ ਪ੍ਰਾਈਡ ਵਰਗੇ ਸ਼ੋਅ ਜਾਗਰੂਕਤਾ ਲਿਆਉਣ ਵਿੱਚ ਮਦਦਗਾਰ ਹੋ ਸਕਦੇ ਹਨ।

"ਅਸੀਂ ਮਾਹਮਾਰੀ ਬਾਰੇ ਤਾਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਮੈਨੋਪਾਜ਼ 'ਤੇ ਗੱਲ ਕਰਨ ਵਿੱਚ ਹੋ ਸਕਦਾ ਹੈ ਹਾਲੇ ਸਮਾਂ ਲੱਗੇ। ਇਹ ਅਜਿਹਾ ਹੈ ਜਿਵੇਂ ਮੰਨੋ 15 ਕਰੋੜ ਔਰਤਾਂ ਦੀਆਂ ਲੋੜਾਂ ਅਤੇ ਚਿੰਤਾਵਾਂ ਕੋਈ ਅਰਥ ਹੀ ਨਾ ਰੱਖਦੀਆਂ ਹੋਣ।"

"ਪਰ ਮੈਨੂੰ ਆਸ ਹੈ ਕਿ ਹਾਲਾਤ ਬਦਲਣਗੇ। ਪੰਜ ਸਾਲ ਪਹਿਲਾਂ ਅਸੀਂ ਮਾਹਮਾਰੀ ਦੇ ਦਾਗ਼ਾਂ ਜਾਂ ਸੈਨੇਟਰੀ ਨੈਪਕਿਨ ਬਾਰੇ ਗੱਲ ਨਹੀਂ ਸੀ ਕਰਦੇ। ਪਰ ਅੱਜ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ। ਅਸੀਂ ਅੱਗੇ ਵਧੇ ਹੀ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)