'ਮਹਾਰਾਸ਼ਟਰ 'ਚ ਹਾਲਾਤ ਇਹੀ ਰਹੇ ਤਾਂ ਲੌਕਡਾਊਨ ਦੀ ਸੰਭਾਵਨਾ ਨੂੰ ਖਾਰਜ ਨਹੀਂ ਕਰ ਸਕਦੇ'- ਅਹਿਮ ਖ਼ਬਰਾਂ

ਉੱਧਵ ਠਾਕਰੇ

ਤਸਵੀਰ ਸਰੋਤ, ANI

ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਕੋਰੋਨਾਵਾਇਰਸ ਦੇ ਇਹੀ ਹਾਲਾਤ ਬਣੇ ਰਹੇ ਤਾਂ ਲੌਕਡਾਊਨ ਲਗਾਉਣ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ।

ਮਹਾਰਾਸ਼ਟਰ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਦੇਸ਼ 'ਚ ਪਹਿਲੇ ਨੰਬਰ 'ਤੇ ਹੈ। ਇੱਥੇ ਐਕਟਿਵ ਕੇਸ ਅਤੇ ਹਰ ਦਿਨ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਦੀ ਗਿਣਤੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ।

ਕੋਰੋਨਾਵਾਇਰਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰ ਰਹੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਮਹਾਮਾਰੀ ਦੀ ਮੌਜੂਦਾ ਸਥਿਤੀ ਲਈ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ,''ਲੋਕ ਲਾਪਰਵਾਹ ਹੋ ਗਏ ਹਨ।''

ਇਹ ਵੀ ਪੜ੍ਹੋ:

ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ ਕਿ ਕੁਝ ਲੋਕ ਟੀਕਾਕਰਣ ਤੋਂ ਬਾਅਦ ਵੀ ਪੀੜਤ ਹੋ ਰਹੇ ਹਨ ਕਿਉਂਕਿ ਉਹ 'ਮਾਸਕ ਪਾਉਣ ਬੰਦ ਕਰ ਦਿੰਦੇ ਹਨ'। ਉਨ੍ਹਾਂ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਹੁਣ ਤੱਕ 65 ਲੱਖ ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ।

'ਲੌਕਡਾਊਨ ਲਗਾਉਣਾ ਹੋਇਆ ਤਾਂ ਪਹਿਲਾਂ ਦਿੱਲੀ ਦੇ ਲੋਕਾਂ ਤੋਂ ਪੁੱਛਾਂਗੇ'

ਤਸਵੀਰ ਸਰੋਤ, Ani

ਰਾਜਧਾਨੀ ਦਿੱਲੀ ਵਿੱਚ ਵਧਦੇ ਕੋਰੋਨਾਵਾਇਰਸ ਦੇ ਮਾਮਲਿਆਂ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਲੌਕਡਾਊਨ ਲਗਾਉਣ 'ਤੇ ਵਿਚਾਰ ਨਹੀਂ ਕਰ ਰਹੇ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਕੋਰੋਨਾਵਾਇਰਸ ਦੀ ਚੌਥੀ ਲਹਿਰ ਦਾ ਸਾਹਮਣਾ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ, "ਬੀਤੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ। ਦਿੱਲੀ ਵਿੱਚ ਲੰਘੇ 24 ਘੰਟਿਆਂ ਦੌਰਾਨ 3583 ਨਵੇਂ ਮਾਮਲਿਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਕੇਸ ਵਧਣ ਦੇ ਲਿਹਾਜ ਨਾਲ ਇਹ ਚੌਥੀ ਲਹਿਰ ਹੈ।"

ਲੌਕਡਾਊਨ ਦੇ ਮੁੱਦੇ 'ਤੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, "ਲੌਕਡਾਊਨ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ। ਜੇਕਰ ਅਜਿਹੀ ਲੋੜ ਹੋਈ ਤਾਂ ਪਹਿਲਾਂ ਦਿੱਲੀ ਦੇ ਲੋਕਾਂ ਦੀ ਰਾਏ ਲਈ ਜਾਵੇਗੀ।"

ਮੁੱਖ ਮੰਤਰੀ ਕੇਜਰੀਵਾਲ ਨੇ ਕੋਰੋਨਾ ਲਾਗ 'ਤੇ ਐਕਸ਼ਨ ਪਲਾਨ ਬਣਾਉਣ ਲਈ ਸ਼ੁੱਕਰਵਾਰ ਨੂੰ ਹੋਈ ਬੈਠਕ ਤੋਂ ਬਾਅਦ ਕਿਹਾ ਕਿ ਲਾਗ 'ਤੇ ਕਾਬੂ ਪਾਉਣ ਲਈ ਉਹ ਹਰ ਸੰਭਵ ਕਦਮ ਚੁੱਕ ਰਹੇ ਹਨ ਅਤੇ ਲੋਕਾਂ ਨੂੰ ਚਿੰਤਾ ਕਰਨੀ ਚਾਹੀਦੀ ਹੈ।

ਕੇਜਰੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਜ਼ੋਰ ਟੀਕਾਕਰਣ 'ਤੇ ਹੈ ਅਤੇ ਕੱਲ੍ਹ (ਵੀਰਵਾਰ ਨੂੰ) 71 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ ਗਿਆ।

ਕੋਰੋਨਾਵਾਇਰਸ: ਪੁਣੇ 'ਚ ਕੱਲ੍ਹ ਤੋਂ 12 ਘੰਟੇ ਦਾ ਨਾਈਟ ਕਰਫਿਊ

ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਪੁਣੇ ਵਿੱਚ 12 ਘੰਟੇ ਦੇ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਹ ਸ਼ਾਮ ਦੇ 6 ਵਜੇ ਤੋਂ ਸਵੇਰ ਦੇ 6 ਵਜੇ ਤੱਕ ਲਗਾਇਆ ਜਾਵੇਗਾ।

ਤਸਵੀਰ ਸਰੋਤ, Reuters

ਕਰਫਿਊ ਸ਼ਨੀਵਾਰ 3 ਅਪ੍ਰੈਲ ਤੋਂ ਲਗਾਇਆ ਜਾਵੇਗਾ। ਸਮਾਚਾਰ ਏਜੰਸੀ ਏਐੱਨਆਈ ਨੇ ਪੁਣੇ ਦੇ ਡਿਵੀਜ਼ਨਲ ਕਮਿਸ਼ਨਰ ਸੌਰਭ ਰਾਓ ਦੇ ਹਵਾਲੇ ਨਾਲ ਦੱਸਿਆ ਹੈ ਕਿ ਕਰਫਿਊ ਨੂੰ ਲੈ ਕੇ ਸਮੀਖਿਆ ਅਗਲੇ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ।

ਅੰਤਿਮ ਸੰਸਕਾਰ ਵਿੱਚ ਵੱਧ ਤੋਂ ਵੱਧ 20 ਅਤੇ ਵਿਆਹ ਸਮਾਗਮ ਵਿੱਚ ਵੱਧ ਤੋਂ ਵੱਧ 50 ਲੋਕਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਅਗਲੇ 7 ਦਿਨਾਂ ਤੱਕ ਧਾਰਮਿਕ ਸਥਾਨ ਵੀ ਬੰਦ ਰਹਿਣਗੇ।

ਉੱਥੇ ਹੀ ਮੁੰਬਈ ਦੀ ਮੇਅਰ ਕਿਸ਼ੌਰੀ ਪੈਡਨੇਕਰ ਨੇ ਸੰਕੇਤ ਦਿੱਤਾ ਹੈ ਕਿ ਲਾਗ 'ਤੇ ਕਾਬੂ ਪਾਉਣ ਲਈ ਸ਼ਹਿਰ ਵਿੱਚ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ।

ਤਸਵੀਰ ਸਰੋਤ, EPA

ਉਨ੍ਹਾਂ ਨੇ ਦੱਸਿਆ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਰਾਤ 8 ਵਜੇ ਸੂਬੇ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ।

ਮੇਅਰ ਨੇ ਇਹ ਵੀ ਕਿਹਾ ਕਿ ਲੌਕਡਾਊਨ ਕੋਈ ਵੀ ਨਹੀਂ ਚਾਹੁੰਦਾ ਹੈ ਪਰ ਜਿਸ ਤਰ੍ਹਾਂ ਨਾਲ ਮਾਮਲੇ ਵੱਧ ਰਹੇ ਹਨ, ਉਸ ਨਾਲ ਸਿਹਤ ਢਾਂਚੇ 'ਤੇ ਦਬਾਅ ਵਧ ਰਿਹਾ ਹੈ। ਅਜਿਹੇ ਵਿੱਚ ਕੁਝ ਸਖ਼ਤ ਕਦਮ ਚੁੱਕਣੇ ਪੈਣਗੇ।

ਦੇਸ਼ ਵਿੱਚ ਲਾਗ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿੱਚ ਹਨ। ਬੀਤੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 43 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਹਨ।

ਕੋਵਿਡ-19: ਸਚਿਨ ਤੇਂਦੁਲਕਰ ਹਸਪਾਤਲ 'ਚ ਹੋਏ ਭਰਤੀ

ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਪਿਛਲੇ ਹਫ਼ਤੇ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ ਅਤੇ ਉਹ ਹਸਪਤਾਲ ਵਿੱਚ ਦਾਖ਼ਲ ਹਨ।

ਤਸਵੀਰ ਸਰੋਤ, Getty Images

ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ, "ਮੈਡੀਕਲ ਅਹਿਤੀਆਤ ਵਜੋਂ ਮੈਂ ਹਸਪਤਾਲ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ ਹੈ।"

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੇ ਆਸ ਜਤਾਈ ਹੈ ਉਹ ਜਲਦੀ ਹੀ ਕੁਝ ਦਿਨਾਂ ਵਿੱਚ ਘਰ ਚਲੇ ਜਾਣਗੇ।

ਮੁੰਬਈ ਸਣੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ-19 ਤੇਜ਼ੀ ਨਾਲ ਫੈਲਿਆ ਹੈ।

47 ਸਾਲਾ ਤੇਂਦੁਲਕਰ ਨੇ ਉਸ ਵੇਲੇ ਇਹ ਖ਼ਬਰ ਸਾਂਝੀ ਕੀਤੀ ਜਦੋਂ ਮਾਹਰਾਂ ਮੁਤਾਬਕ "ਭਾਰਤ ਵਿੱਚ ਕੋਵਿਡ-19 ਦੀ ਦੂਜੀ ਘਾਤਕ ਲਹਿਰ ਦੱਸੀ ਜਾ ਰਹੀ ਹੈ।"

ਮਿਆਂਮਾਰ ਵਿੱਚ ਲੋਕਤੰਤਰ ਦੀ ਬਹਾਲੀ ਦੇ ਪੱਖ ਵਿੱਚ ਭਾਰਤ

ਭਾਰਤ ਨੇ ਮਿਆਂਮਾਰ ਵਿੱਚ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਲੋਕਤੰਤਰ ਦੀ ਬਹਾਲੀ ਦੀ ਹਿਮਾਇਤ ਕੀਤੀ ਹੈ।

ਭਾਰਤ ਨੇ ਕਿਹਾ ਹੈ ਕਿ ਉਹ ਮੌਜੂਦਾ ਹਾਲਾਤਾਂ ਦਾ ਹੱਲ ਕੱਢਣ ਦੇ ਕਿਸੇ ਵੀ ਕਦਮ ਦਾ ਸਮਰਥਨ ਕਰੇਗਾ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰਾ ਅਰਿੰਦਮ ਬਾਗਚੀ ਨੇ ਕਿਹਾ ਹੈ, "ਅਸੀਂ ਮੰਨਦੇ ਹਾਂ ਕਿ ਕਾਨੂੰਨ ਦਾ ਰਾਜ ਕਾਇਮ ਰਹਿਣਾ ਚਾਹੀਦਾ ਹੈ। ਅਸੀਂ ਮਿਆਂਮਾਰ ਵਿੱਚ ਲੋਕਤੰਤਰ ਬਹਾਲੀ ਦੇ ਪੱਖ ਵਿੱਚ ਹਾਂ।"

ਤਸਵੀਰ ਸਰੋਤ, Getty Images

ਉਨ੍ਹਾਂ ਨੇ ਮਿਆਂਮਾਰ ਵਿੱਚ ਬੰਦੀ ਬਣਾਏ ਗਏ ਸਿਆਸੀ ਕੈਦੀਆਂ ਦੀ ਰਿਹਾਈ ਦਾ ਸਮਰਥਨ ਕੀਤਾ ਹੈ। ਬਾਗਚੀ ਨੇ ਕਿਹਾ, "ਅਸੀਂ ਸਿਆਸੀ ਕੈਦੀਆਂ ਦੀ ਰਿਹਾਈ ਲਈ ਬੇਨਤੀ ਕਰਦੇ ਹਾਂ।"

ਮਿਆਂਮਾਰ ਵਿੱਚ ਫਰਵਰੀ ਵਿੱਚ ਸੈਨਾ ਨੇ ਤਖ਼ਤਪਲਟ ਕੀਤਾ ਅਤੇ ਸੱਤਾ 'ਤੇ ਅਧਿਕਾਰ ਕਰ ਲਿਆ।

ਸੈਨਾ ਨੇ ਮਿਆਂਮਾਰ ਵਿੱਚ ਹੋਈਆਂ ਚੋਣਾਂ ਵਿੱਚ ਧੋਖਾਧੜੀ ਦਾ ਇਲਜ਼ਾਮ ਲਗਾਇਆ ਸੀ। ਚੋਣਾਂ ਵਿੱਚ ਔਂਗ ਸਾਨ ਸੂ ਚੀ ਦੀ ਪਾਰਟੀ ਨੇ ਇੱਕਪਾਸੜ ਜਿੱਤ ਹਾਸਿਲ ਕੀਤੀ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਮਿਆਂਮਾਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਮੁੱਦੇ 'ਤੇ ਕਿਹਾ, "ਅਸੀਂ ਆਪਣੇ ਕਾਨੂੰਨ ਅਤੇ ਮਨੁੱਖੀ ਅਧਿਕਾਰ ਦੇ ਆਧਾਰ 'ਤੇ ਇਸ ਮਾਮਲੇ ਨੂੰ ਦੇਖ ਰਹੇ ਹਾਂ।"

ਮਿਆਂਮਾਰ ਵਿੱਚ ਤਖ਼ਤਾ ਪਲਟ ਤੋਂ ਬਾਅਦ ਹੀ ਲੋਕ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਬੀਤੇ ਸ਼ਨੀਵਾਰ ਨੂੰ ਸੈਨਾ ਦੀ ਕਾਰਵਾਈ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)