ਸਿੱਖਸ ਫ਼ਾਰ ਜਸਟਿਸ ਵੱਲੋਂ ਯੂਐੱਨ 'ਚ ਮੋਦੀ ਅਤੇ ਸ਼ਾਹ ਖ਼ਿਲਾਫ਼ ਕੀਤੀ ਸ਼ਿਕਾਇਤ ਦਾ ਭਾਰਤ ਦੇਵੇਗਾ ਜਵਾਬ - ਪ੍ਰੈੱਸ ਰੀਵੀਊ

ਗੁਰਪਤਵੰਤ ਸਿੰਘ ਪੰਨੂ

ਤਸਵੀਰ ਸਰੋਤ, AFP/getty

ਤਸਵੀਰ ਕੈਪਸ਼ਨ,

ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ

ਭਾਰਤ ਵਿੱਚ ਬੈਨ ਹੋਈ ਸੰਸਥਾ ਸਿੱਖਸ ਫ਼ਾਰ ਜਸਟਿਸ ਨੇ UN-OHCHR (ਯੂਨਾਈਟਿਡ ਨੇਸ਼ਨਜ਼ - ਆਫ਼ਿਸ ਆਫ਼ ਹਾਈ ਕਮਿਸ਼ਨਰ ਫ਼ਾਰ ਹਿਊਮਨ ਰਾਈਟਸ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਭਾਰਤ ਇਸ ਸ਼ਿਕਾਇਤ ਦਾ ਜਵਾਬ ਦੇਣ ਦੀ ਕੋਸ਼ਿਸ਼ ਵਿੱਚ ਹੈ। ਸੰਯੁਕਤ ਰਾਸ਼ਟਰ ਦੇ ਦਫ਼ਤਰ ਵੱਲੋਂ ਇਹ ਸ਼ਿਕਾਇਤ ਵਧੇਰੇ ਚਰਚਾ ਲਈ ਮਨਜ਼ੂਰ ਕਰ ਲਈ ਗਈ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤ ਵੱਲੋਂ ਸੰਸਥਾ ਦੀ ਗਤੀਵਿਧੀਆਂ ਬਾਰੇ ਰਿਪੋਰਟ ਦਾਇਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ

ਸਿੱਖਸ ਫ਼ਾਰ ਜਸਟਿਸ ਨੇ ਭਾਰਤ 'ਚ ਗਣਤੰਤਰ ਦਿਹਾੜੇ ਮੌਕੇ ਹੋਈ ਕਿਸਾਨਾਂ ਦੀ ਰੈਲੀ ਦੌਰਾਨ ਸਰਕਾਰ ਵੱਲੋਂ ਸਿੱਖ ਪ੍ਰਦਰਸ਼ਨਕਾਰੀਆਂ ਨੂੰ 'ਮਾਰਨ, ਕੁੱਟਣ, ਹਿਰਾਸਤ 'ਚ ਲੈਣ ਅਤੇ ਅਮਨੁੱਖੀ ਵਤੀਰੇֹ' ਦੇ ਇਲਜ਼ਾਮ ਲਗਾਏ ਹਨ।

ਇਹ ਸ਼ਿਕਾਇਤ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੁਆਰਾ ਦਾਇਰ ਕੀਤੀ ਗਈ ਹੈ।

ਕੋਰੋਨਾ ਦੀ ਦੂਜੀ ਲਹਿਰ ਜ਼ਿਆਦਾ ਖ਼ਤਰਨਾਕ, ਪੰਜਾਬ 'ਚ ਹਾਲਾਤ ਚਿੰਤਾਜਨਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

11 ਸੂਬਿਆਂ ਵਿੱਚ ਕੋਰੋਨਾ ਦੇ 90 ਫ਼ੀਸਦ ਕੇਸ ਹਨ ਅਤੇ 90.5 ਫ਼ੀਸਦ ਮੌਤਾਂ ਵੀ ਇੱਥੇ ਹੀ ਦਰਜ ਕੀਤੀਆਂ ਗਈਆਂ ਹਨ

ਭਾਰਤ ਵਿੱਚ ਇੱਕ ਦਿਨ 'ਚ 81000 ਤੋਂ ਵੱਧ ਕੋਰੋਨਾ ਦੀ ਲਾਗ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਕਰੀਬ 5 ਫ਼ੀਸਦ ਲੋਕ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ।

ਕੇਂਦਰ ਸਰਕਾਰ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਹੋਰ ਵੀ ਮਾਰੂ ਹੈ ਅਤੇ ਦੇਸ਼ ਦੇ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਾਲਾਤ ਕਾਫ਼ੀ ਚਿੰਤਾਜਨਕ ਹਨ। ਇੰਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਸ਼ਾਮਲ ਹਨ।

ਦਿ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਮੁਤਾਬਕ, ਕੇਂਦਰ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਨਾਂ 11 ਸੂਬਿਆਂ ਵਿੱਚ 90 ਫ਼ੀਸਦ ਕੇਸ ਹਨ ਅਤੇ 90.5 ਫ਼ੀਸਦ ਮੌਤਾਂ ਵੀ ਇੱਥੇ ਹੀ ਦਰਜ ਕੀਤੀਆਂ ਗਈਆਂ ਹਨ।

"ਇੰਨਾਂ ਸੂਬਿਆਂ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਆਪਣੇ ਪਿਛਲੇ ਸਿਖਰ ਨੂੰ ਛੂਹ ਚੁੱਕੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਹ ਵੀ ਪੜ੍ਹੋ

ਮੁਖ਼ਤਾਰ ਅੰਸਾਰੀ ਨੂੰ ਪੰਜਾਬ ਲੈ ਜਾਣ ਵਾਲੀ ਐਂਬੂਲੈਂਸ ਦੇ ਨਕਲੀ ਕਾਗਜ਼ਾਤ ਸਨ - ਯੂਪੀ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਹੁਜਨ ਸਮਾਜ ਪਾਰਟੀ ਦੇ ਉੱਤਰ ਪ੍ਰਦੇਸ਼ ਤੋਂ ਵਿਧਾਇਕ ਮੁਖ਼ਤਾਰ ਅੰਸਾਰੀ ਇਸ ਵੇਲੇ ਰੋਪੜ ਦੀ ਜੇਲ੍ਹ ਵਿੱਚ ਬੰਦ ਹਨ

ਮੁਖ਼ਤਾਰ ਅੰਸਾਰੀ ਨੂੰ ਇੱਕ ਲਗਜ਼ਰੀ ਕਾਰ 'ਚ ਮੋਹਾਲੀ ਦੀ ਕੋਰਟ ਵਿੱਚ ਲੈ ਕੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿਖੇਦੀ ਕੀਤੀ ਜਾ ਰਹੀ ਹੈ।

ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਅਨੁਸਾਰ, ਹੁਣ ਇਸ ਮਾਮਲੇ ਵਿੱਚ ਯੂਪੀ ਦੇ ਬਾਰਾਬਾਂਕੀ ਜ਼ਿਲ੍ਹੇ ਦੇ ਇੱਕ ਡਾਕਟਰ 'ਤੇ ਯੂਪੀ ਪੁਲਿਸ ਨੇ ਧੋਖਾਧੜੀ ਦੇ ਇਲਜ਼ਾਮ 'ਚ ਮਾਮਲਾ ਦਰਜ ਕੀਤਾ ਹੈ।

ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਪੰਜਾਬ ਬੀਐਸਪੀ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁਲਿਸ ਨੂੰ ਸੌਂਪੇ।

ਬਾਰਾਬਾਂਕੀ ਜ਼ਿਲ੍ਹੇ ਦੇ ਐੱਸਪੀ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਜਦੋਂ ਮੁਖ਼ਤਾਰ ਅੰਸਾਰੀ ਨੂੰ ਇੱਕ ਲਗਜ਼ਰੀ ਐਂਬੂਲੈਂਸ, 'ਚ ਮੋਹਾਲੀ ਦੀ ਅਦਾਲਤ 'ਚ ਲਿਜਾਇਆ ਜਾ ਰਿਹਾ ਸੀ ਤਾਂ ਗੱਡੀ ਦੀ ਨੰਬਰ ਪਲੇਟ ਬਾਰਾਬਾਂਕੀ ਦੀ ਸੀ।

ਉਨ੍ਹਾਂ ਕਿਹਾ, "ਅਸੀਂ ਜਦੋਂ ਐਂਬੂਲੈਂਸ ਦੇ ਕਾਗਜ਼ਾਤ ਚੈੱਕ ਕੀਤੇ ਤਾਂ ਵੇਖਿਆ ਕਿ ਵਾਹਨ ਨੂੰ ਰਜਿਸਟਰ ਕਰਨ ਲਈ ਨਕਲੀ ਕਾਗਜ਼ਾਤ ਜਮਾ ਕਰਵਾਏ ਗਏ ਸਨ। ਇੱਕ ਨਕਲੀ ਪੈਨ ਕਾਰਡ ਅਤੇ ਵੋਟਰ ਕਾਰਡ ਦਿੱਤਾ ਗਿਆ ਸੀ।"

ਉਨ੍ਹਾਂ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)